ਡਾ. ਗੁਰਬਖ਼ਸ਼ ਸਿੰਘ ਭੰਡਾਲ
ਜਾਗਦੇ ਹੋਇਆਂ ਸੁਪਨਾ ਲੈਣ ਤੋਂ ਵੀ ਪਹਿਲਾਂ ਜ਼ਰੂਰੀ ਹੁੰਦਾ ਨੈਣਾਂ ਵਿਚ ਸੁਪਨਾ ਉਗਾਉਣ ਦੀ ਤਾਂਘ ਹੋਣਾ।
ਸਫ਼ਲਤਾ ਦਾ ਸਿਰਨਾਵਾਂ ਬਣਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਪਤਾ ਹੋਵੇ ਕਿ ਕਈ ਵਾਰ ਅਸਫਲਤਾ ਹੀ ਸਫ਼ਲਤਾ ਲਈ ਪਹਿਲਾ ਕਦਮ ਵੀ ਹੁੰਦੀ ਆ।
ਕੋਰੇ ਸਫ਼ਿਆਂ ‘ਤੇ ਕੁਝ ਵੀ ਲਿਖਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਤੁਹਾਡੇ ਅਵਚੇਤਨ ਵਿਚ ਮਚਲਦੇ ਵਲਵਲਿਆਂ ਅਤੇ ਭਾਵਾਂ ਨੂੰ ਸੂਤਰਬੱਧ ਕਰਨਾ।
ਉਨੀਂਦਰੀਆਂ ਅੱਖਾਂ ਖੋਲ੍ਹਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਮਨ ਵਿਚ ਅੱਖਾਂ ਖੋਲ੍ਹਣ ਦੀ ਲੋੜ ਪੈਦਾ ਹੋਵੇ।
ਰਾਹਾਂ ਵਿਚ ਉੱਗੀਆਂ ਖੱਡੇ ਤੇ ਖਾਈਆਂ ਤੋਂ ਬਚਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਸਫ਼ਰ ਤੇ ਤੁਰੀਏ।
ਮਿਲਣ ਨਾਲੋਂ ਵੀ ਜ਼ਰੂਰੀ ਹੁੰਦਾ ਏ ਮਨ ਵਿਚ ਆਪਣੇ ਪਿਆਰੇ ਨੂੰ ਮਿਲਣ ਦੀ ਤਲਬ ਪੈਦਾ ਹੋਣਾ।
ਸਫ਼ਰ ਨਾਲੋਂ ਵੀ ਅਹਿਮ ਹੁੰਦਾ ਹੈ ਪੈਰਾਂ ਵਿਚ ਸਫ਼ਰ ਪੈਦਾ ਕਰਨ ਦੀ ਤਲਬ ਪੈਦਾ ਕਰਨਾ।
ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਸਾਡੀ ਚੇਤਨਾ ਵਿਚ ਗਿਆਨ ਪ੍ਰਾਪਤੀ ਦੀ ਸਿੱਕ ਹੋਣੀ ਚਾਹੀਦੀ ਹੈ।
ਗਿਆਨ ਵੰਡਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਸਾਡਾ ਗਿਆਨ ਸਹੀ ਮਾਅਨਿਆਂ ਵਿਚ ਕਿਸੇ ਨੂੰ ਦੇਣ ਦੇ ਯੋਗ ਵੀ ਹੈ?
ਹਰਫ਼ਾਂ ਨਾਲ ਸੰਵਾਦ ਰਚਾਉਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਸੰਵਾਦ ਰਚਾਉਣ ਦੀ ਜਾਚ ਵੀ ਆਉਣੀ ਚਾਹੀਦੀ ਹੈ ਅਤੇ ਇਹ ਵੀ ਪਤਾ ਹੋਵੇ ਕਿ ਸੰਵਾਦ ਕਿਉਂ ਜ਼ਰੂਰੀ ਹੁੰਦਾ?
ਮੱਤਾਂ ਦੇਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਖ਼ੁਦ ਨੂੰ ਪਤਾ ਹੋਵੇ ਕਿ ਅਸੀਂ ਮੱਤਾਂ ਦੇਣ ਜੋਗੇ ਹੋਏ ਵੀ ਹਾਂ ਕਿ ਨਹੀਂ। ਨਿਆਣੀਆਂ ਮੱਤਾਂ ਕਈ ਵਾਰ ਖ਼ਤਰਨਾਕ ਹੁੰਦੀਆਂ।
ਜ਼ਮੀਨ ਵਿਚ ਬੀਜ ਕੇਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਪਰਖ ਲਿਆ ਜਾਵੇ ਕਿ ਜ਼ਮੀਨ ਵੱਤਰ ਵੀ ਹੈ ਕਿ ਨਹੀਂ।
ਕਦਰਾਂ ਕੀਮਤਾਂ ਦਾ ਪਾਠ ਪੜਾਉਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਬੰਦਾ ਖ਼ੁਦ ਕਦਰਾਂ-ਕੀਮਤਾਂ ਦਾ ਧਾਰਨੀ ਹੋਵੇ।
ਬਜ਼ੁਰਗ ਮਾਪਿਆਂ ਦਾ ਅਦਬ ਕਰਨ ਦੀ ਸਿੱਖਿਆ ਦੇਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਿੱਖਿਆ ਦੇਣ ਵਾਲੇ ਖ਼ੁਦ ਆਪਣੇ ਮਾਪਿਆਂ ਦਾ ਸਤਿਕਾਰ ਕਰਦਾ ਹੋਵੇ।
ਬਜ਼ੁਰਗਾਂ ਨੂੰ ਆਖ਼ਰੀ ਉਮਰੇ ਨਾ ਰੋਲਣ ਦੀਆਂ ਸਲਾਹਾਂ ਦੇਣ ਵਾਲੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਉਸ ਨੇ ਆਪਣੇ ਮਾਪਿਆਂ ਨੂੰ ਘਰ ਦੇ ਪਿਛਵਾੜੇ ਵਿਚ ਨਾ ਧਕੇਲਿਆ ਹੋਵੇ।
ਨੇਕ ਕਾਰਜ ਕਰਨ ਤੋਂ ਵੀ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਦਿਲ ਵਿਚ ਭਲੇ ਦਾ ਕਾਰਜ ਕਰਨ ਦਾ ਚਾਅ ਪੈਦਾ ਹੋਣਾ ਚਾਹੀਦਾ।
ਲੋੜਵੰਦਾਂ ਦੀ ਮਦਦ ਕਰਨ ਦਾ ਹੰਭਲਾ ਮਾਰਨ ਤੋਂ ਪਹਿਲਾਂ ਮਦਦ ਕਰਨ ਵਾਲਿਆਂ ਲਈ ਇਹ ਜ਼ਰੂਰੀ ਹੁੰਦਾ ਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਸਰਬੱਤ ਦੇ ਭਲੇ ਦੇ ਕੀ ਅਰਥ ਹਨ?
ਕਿਸੇ ਦੇ ਜ਼ਖ਼ਮਾਂ ਤੇ ਮਰਹਮ ਲਾਉਣ ਤੋਂ ਵੀ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਕਿਸੇ ਦੇ ਜਖਮ ਨੂੰ ਦੇਖ ਕੇ ਅੱਖ ਭਰ ਆਵੇ।
ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰਨ ਤੋਂ ਵੀ ਪਹਿਲਾਂ ਸਾਡੇ ਮਨ ਵਿਚ ਇਹ ਭਾਵਨਾ ਹੋਵੇ ਕਿ ਸਮੇਂ ਸਿਰ ਕੀਤੀ ਹੋਈ ਸਹਾਇਤਾ ਤੁਹਾਨੂੰ ਅਸੀਸਾਂ ਨਾਲ ਮਾਲਾ-ਮਾਲ ਕਰੇਗੀ
ਕਿਸੇ ਦੇ ਚਿਹਰੇ ‘ਤੇ ਉੱਗੀਆਂ ਘਰਾਲ਼ਾਂ ਨੂੰ ਪੂੰਝਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੁੰਦਾ ਦਰਦਵੰਤੇ ਦੇ ਦਰਦ ਵਿਚ ਸਾਡੇ ਦੀਦਿਆਂ ਨੂੰ ਛਲਕਣ ਦੀ ਜਾਚ ਹੋਵੇ।
ਕਿਸੇ ਦੀਆਂ ਪ੍ਰਾਪਤੀ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਾਡੀ ਰੂਹ ਵਿਚ ਉਸ ਦੀਆਂ ਪ੍ਰਾਪਤੀਆਂ ਦਾ ਨਾਦ ਗੂੰਜਦਾ ਹੋਵੇ।
ਕਿਸੇ ਨੂੰ ਚਾਹ ਦੇ ਕੱਪ ਤੇ ਮਿਲਣ ਦਾ ਸੱਦਾ ਦੇਣ ਤੋਂ ਪਹਿਲਾਂ ਜਰੂਰੀ ਹੁੰਦਾ ਕਿ ਸਾਡੇ ਮਨ ਵਿਚ ਪ੍ਰਾਹੁਣਚਾਰੀ ਦੀ ਰਹੁਰੀਤ ਮੌਲਦੀ ਹੋਵੇ।
ਸੱਜਣ ਪਿਆਰੇ ਨਾਲ ਕੁਝ ਪਲ ਸਾਂਝੇ ਕਰਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਸੱਜਣ ਨੂੰ ਮਿਲਣ ਦੀ ਤਲਬ ਹਿਚਕੀ ਬਣ ਕੇ ਸਾਨੂੰ ਯਾਦ ਕਰਵਾਉਂਦੀ ਰਹੇ।
ਮਿੱਤਰ ਪਿਆਰਿਆਂ ਨਾਲ ਗੁਫ਼ਤਗੂ ਕਰਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਸਾਨੂੰ ਗੁਫ਼ਤਗੂ ਕਰਨ ਦੀ ਜਾਚ ਹੋਵੇ।
ਗਿਆਨ-ਗੋਸ਼ਟਿ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਸ ਨਾਲ ਅਤੇ ਕਿਸ ਮਕਸਦ ਲਈ ਗਿਆਨ-ਗੋਸ਼ਟਿ ਕਰਨਾ ਚਾਹੁੰਦੇ ਹੋ।
ਸ਼ਬਦਕਾਰੀ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਾਡੇ ਖ਼ਿਆਲਾਂ ਵਿਚ ਸ਼ਬਦ ਸੰਵੇਦਨਾ ਦਾ ਖ਼ਾਕਾ ਤਿਆਰ ਹੋਵੇ।
ਕਵਿਤਾ ਲਿਖਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੁੰਦਾ ਕਿ ਬੰਦਾ ਖ਼ੁਦ ਕਵਿਤਾ ਕਵਿਤਾ ਹੋ ਕੇ ਕਵਿਤਾ ਵਿਚ ਉਲਥਾਇਆ ਹੋਵੇ।
ਮੁਹੱਬਤ ਦਾ ਸੂਹਾ ਰੰਗ ਮਾਣਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਪ੍ਰੇਮੀ ਦਾ ਅੰਤਰੀਵ ਮੁਹੱਬਤ ਵਿਚ ਪਿਘਲਿਆ ਹੋਵੇ।
ਸੰਗੀਤ ਦਾ ਅਨੰਦ ਮਾਣਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਾਨੂੰ ਸੰਗੀਤ ਅਤੇ ਸ਼ੋਰ ਵਿਚਲਾ ਫ਼ਰਕ ਪਤਾ ਹੋਵੇ ਅਤੇ ਜਾਚ ਹੋਵੇ ਕਿ ਮਨ ਨੂੰ ਕਿਵੇਂ ਸੁਰਬੱਧ ਕਰਨਾ ਹੈ?
ਚੁੱਪ ਦਾ ਸੰਗ ਮਾਣਨ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਕਿ ਚੁੱਪ ਅਤੇ ਰੌਲ਼ੇ ਵਿਚ ਕੀ ਅੰਤਰ ਹੁੰਦਾ। ਇਹ ਤੋਂ ਜ਼ਰੂਰੀ ਹੁੰਦਾ ਕਿ ਸਾਨੂੰ ਸਮਝ ਹੋਵੇ ਕਿ ਇਲਹਾਮੀ ਅਤੇ ਮਾਤਮੀ ਚੁੱਪ ਵਿਚ ਕੀ ਹੈ ਵਖਰੇਵਾਂ।
ਮਨ ਦੀਆਂ ਮੁਹਾਰਾਂ ਨੂੰ ਚਾਨਣ-ਰੱਤੀਆਂ ਰਾਹਾਂ ਦਾ ਹਾਣੀ ਬਣਾਉਣ ਲਈ ਜ਼ਰੂਰੀ ਹੁੰਦਾ ਕਿ ਸਮਝ ਹੋਵੇ ਕਿ ਮਨ ਦੀ ਭਟਕਣ ਦਾ ਕਾਰਨ ਕੀ ਹੈ ਅਤੇ ਇਸ ਦੀਆਂ ਅਮੋੜ ਭਾਵਨਾਵਾਂ ਨੂੰ ਕਿਵੇਂ ਸੇਧਤ ਕੀਤਾ ਜਾ ਸਕਦਾ?
ਰਿਸ਼ਤਿਆਂ ਨੂੰ ਨਿਭਾਉਣ ‘ਤੋਂ ਪਹਿਲਾਂ ਇਹ ਸਮਝ ਲੈਣਾ ਜ਼ਰੂਰੀ ਹੁੰਦਾ ਕਿ ਸਮਾਜਿਕ ਰਿਸ਼ਤਿਆਂ ਦੇ ਅਰਥ ਕੀ ਹਨ, ਭਾਵਨਾ ਕੀ ਹੈ ਅਤੇ ਇਸ ਨੂੰ ਨਿਭਾਉਣ ਵਿਚੋਂ ਬੰਦਾ ਕੀ ਹਾਸਲ ਕਰਦਾ?
ਰਿਸ਼ਤਿਆਂ ਨੂੰ ਪਰਖਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਸਾਨੂੰ ਇਹ ਤਾਂ ਪਤਾ ਹੋਵੇ ਕਿ ਪਾਕੀਜ਼ ਅਤੇ ਪਲੀਤ, ਅਪਣੱਤ ਅਤੇ ਨਿਰਮੋਹੇ, ਨਿੱਜਤਾ ਅਤੇ ਸਰਬੱਤੀ ਰਿਸ਼ਤਿਆਂ ਵਿਚ ਕੀ ਵਖਰੇਵਾਂ ਹੁੰਦਾ।
ਦਿਲ ਦੇ ਦਰਦ ਦਾ ਫ਼ਿਕਰ ਕਰਨ ਤੋਂ ਵੀ ਪਹਿਲਾਂ ਸਮਝਣਾ ਜ਼ਰੂਰੀ ਹੁੰਦਾ ਕਿ ਦਰਦ ਕਿਸ ਨੇ, ਕਿਵੇਂ, ਕਦੋਂ ਅਤੇ ਕਿਹੜੀ ਹਾਲਾਤ ਵਿਚ ਮੇਰੇ ਨਾਮ ਕੀਤਾ?
ਦਿਲ ਦੀਆਂ ਪਰਤਾਂ ਨੂੰ ਕਿਸੇ ਕੋਲ ਫਰੋਲਨ ਤੋਂ ਵੀ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਾਨੂੰ ਪਤਾ ਹੋਵੇ ਕਿ ਜਿਸ ਨਾਲ ਦਰਦ ਦੀਆਂ ਬਾਤਾਂ ਪਾਉਣੀਆਂ ਨੇ, ਕੀ ਉਹ ਦਿਲਦਾਰ ਹੈ ਜਾਂ ਯਾਰ ਮਾਰ ਹੈ?
ਰੂਹ ਦੀਆਂ ਰਮਜ਼ਾਂ ਅਤੇ ਰਾਜ਼ ਭਰੀ ਗੁਫ਼ਤਗੂ ਕਰਨ ਤੋਂ ਵੀ ਪਹਿਲਾਂ ਸਾਨੂੰ ਇਲਮ ਹੋਵੇ ਕਿ ਰੂਹ ਦੀ ਕਿਹੜੀ ਭਾਸ਼ਾ, ਬੋਲੀ ਅਤੇ ਅੰਦਾਜ਼ ਰਾਹੀਂ ਇਸ ਦੀਆਂ ਪਰਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ?
ਵਗਦੇ ਦਰਿਆ ਵਿਚੋਂ ਪਾਣੀ ਦਾ ਬੁੱਕ ਭਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੁੰਦਾ ਕਿ ਕੀ ਇਹ ਦਰਿਆ ਪਿਘਲੀ ਹੋਈ ਬਰਫ਼ ਦੇ ਸਰੋਤ ਵਿਚੋਂ ਪੈਦਾ ਹੋਇਆ ਜਾਂ ਗੰਧਲੇ ਪਾਣੀਆਂ ਦਾ ਵਹਾਅ ਹੈ? ਪਤਾ ਤਾਂ ਇਹ ਵੀ ਹੋਣਾ ਚਾਹੀਦਾ ਕਿ ਕਿਧਰੇ ਇਹ ਦਰਿਆ ਬਰੇਤਿਆਂ ਦੀ ਬਸਤੀ ਦਾ ਰਹਿਨੁਮਾ ਤਾਂ ਨਹੀਂ?
ਬੋਲਾਂ ਵਿਚੋਂ ਭਾਵਾਂ ਦੀ ਅਰਥਕਾਰੀ ਕਰਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਸਾਨੂੰ ਬੋਲਾਂ ਨੂੰ ਸੁਣਨ, ਪਹਿਚਾਨਣ, ਅਤੇ ਇਸ ਦੀ ਤਾਸੀਰ ਨੂੰ ਸਮਝਣ ਦਾ ਵੱਲ ਅਤੇ ਨਜ਼ਰੀਏ ਦਾ ਵੀ ਪਤਾ ਹੋਵੇ।
ਬੂਹੇ ਤੇ ਉੱਗੀ ਉਡੀਕ ਦੇ ਨੈਣਾਂ ਵਿਚ ਵਗਦੇ ਖਾਰੇ ਪਾਣੀ ਨੂੰ ਸੁਕਾਉਣ ਤੋਂ ਪਹਿਲਾਂ ਇਹ ਸਮਝ ਤਾਂ ਹੋਵੇ ਕਿ ਇਹ ਖਾਰਾ ਪਾਣੀ ਆਪਣਿਆਂ ਜਾਂ ਬਿਗਾਨਿਆਂ ਨੇ ਦਰਾਂ ਦੇ ਨਾਮ ਕੀਤਾ?
ਘਰ ਦੀ ਉਦਾਸੀ ਦਾ ਕੋਈ ਹੱਲ ਕਰਨ ਤੋਂ ਵੀ ਪਹਿਲਾਂ ਇਹ ਸਮਝਣਾ ਜ਼ਰੂਰੀ ਹੁੰਦਾ ਕਿ ਉਦਾਸੀ ਦੀਆਂ ਪਰਤਾਂ ਘਰਵਾਲਿਆਂ ਨੇ ਹੀ ਕਿਉਂ ਚਾੜ੍ਹੀਆਂ? ਕਿਉਂ ਨਾ ਘਰ ਵਾਲਿਆਂ ਨੂੰ ਘਰਾਂ ਨੂੰ ਪਰਤਣਾ ਯਾਦ ਰਿਹਾ।
ਪ੍ਰਦੇਸ ਤੁਰ ਗਿਆ ਨੂੰ ਯਾਦ ਕਰਕੇ ਹੰਝੂ ਵਹਾਉਣ ਤੋਂ ਵੀ ਪਹਿਲਾਂ ਸਾਨੂੰ ਇਹ ਵੀ ਸੋਚਣਾ ਹੋਵੇਗਾ ਕਿ ਦਿਲਜਾਨੀਆਂ ਨੂੰ ਪਰਦੇਸੀ ਹੋਣ ਲਈ ਮਜਬੂਰ ਕਿਉਂ ਹੋਣਾ ਪਿਆ?
ਬਨੇਰਿਆਂ ਦੀ ਮਾਯੂਸੀ ਨੂੰ ਹਰਨ ਤੋਂ ਪਹਿਲਾਂ ਇਹ ਤਾਂ ਪਤਾ ਹੋਵੇ ਕਿ ਹੁਣ ਕਿਉਂ ਨਹੀਂ ਕੋਈ ਕਾਂ ਬਨੇਰੇ ਤੇ ਬੋਲਦਾ?
ਚਾਨਣ ਦਾ ਵਿਗੋਚਾ ਹੰਢਾ ਰਹੇ ਵਿਹੜੇ ਨੂੰ ਚਾਨਣ ਦਾ ਵਰਦਾਨ ਦੇਣ ਤੋਂ ਵੀ ਪਹਿਲਾਂ ਇਹ ਸਮਝਣਾ ਦੀ ਲੋੜ ਹੈ ਕਿ ਹੁਣ ਕਿਉਂ ਨਹੀਂ ਸਰਘੀ ਦੀ ਲੋਅ ਪੌੜੀਆਂ ਉੱਤਰਦੀ?
ਰਾਤ ਦੇ ਘੁੱਪ ਹਨੇਰੇ ਵਿਚ ਡੁੱਬੇ ਹੋਏ ਘਰ ਨੂੰ ਚਾਨਣੀ ਨਾਲ ਨਹਾਉਣ ਤੋਂ ਪਹਿਲਾਂ ਇਹ ਤਾਂ ਪਤਾ ਹੋਵੇ ਕਿ ਚੰਨ-ਚਾਨਣੀ ਨੇ ਕਿਉਂ ਵੱਸਦੇ ਰਸਦੇ ਘਰ ਤੋਂ ਮੁੱਖ ਮੋੜ ਲਿਆ?
ਮਾਂ ਦੇ ਕਦਮਾਂ ਵਿਚ ਬੈਠਣ ਤੋਂ ਪਹਿਲਾਂ ਸਾਨੂੰ ਇਹ ਅਹਿਸਾਸ ਤਾਂ ਹੋਣਾ ਚਾਹੀਦਾ ਕਿ ਮਾਂ ਦੇ ਪੈਰਾਂ ਵਿਚ ਜੰਨਤ ਵੱਸਦੀ ਹੈ। ਰੱਬ ਦੀ ਜੰਨਤ ਤਾਂ ਸ਼ਾਇਦ ਕਿਸੇ ਨੇ ਨਾ ਦੇਖੀ ਹੋਵੇ ਪਰ ਮਾਂ ਦੀ ਜੰਨਤ ਦਾ ਜਲੌ ਤਾਂ ਬੱਚਾ ਹਰ ਦਮ ਮਾਣਦਾ ਹੈ।
ਧੁੱਪ ਵਿਚ ਬਾਪ ਦੇ ਪਰਨੇ ਦੀ ਛਾਵੇਂ ਤੁਰਨ ਤੋਂ ਵੀ ਪਹਿਲਾਂ ਇਹ ਤਾਂ ਪਤਾ ਹੋਵੇ ਕਿ ਬਾਪ ਦੀਆਂ ਛਾਂ ਵਿਚ ਧੁੱਪਾਂ ਨਾਲ ਝੁਲਸੀਆਂ ਰੀਝਾਂ ਵੀ ਪੁੰਗਰਨ ਲੱਗਦੀਆਂ ਨੇ।
ਵੀਰੇ ਦੀ ਹੂੰਗਰ ਵਿਚੋਂ ਦੁੱਖਾਂ ਅਤੇ ਪੀੜਾ ਨੂੰ ਦੂਰ ਕਰਨ ਤੋਂ ਪਹਿਲਾਂ ਸਾਡੇ ਚਿੱਤ ਵਿਚ ਇਹ ਭਾਵਨਾ ਹੋਣੀ ਜ਼ਰੂਰੀ ਕਿ ਖ਼ੂਨ ਦੇ ਰਿਸ਼ਤਿਆਂ ਨੂੰ ਪਾਕੀਜ਼ਗੀ ਅਤੇ ਪਕਿਆਈ ਸਿਰਫ਼ ਆਪਣੇ ਹੀ ਬਖ਼ਸ਼ਦੇ ਨੇ। ਵਰਦੀਆਂ ਗੋਲੀਆਂ ਅਤੇ ਛਵ੍ਹੀਆਂ ਦੀ ਰੁੱਤੇ ਆਪਣਿਆਂ ਦੀ ਢਾਲ ਵਿਚ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ।
ਕਿਸੇ ਨੂੰ ਨਾਂਹ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਸਾਨੂੰ ਇਹ ਤਾਂ ਸਮਝ ਹੋਵੇ ਕਿ ਨਾਂਹ ਕਿਉਂ ਜ਼ਰੂਰੀ ਅਤੇ ਇਸ ਨਾਂਹ ਦੇ ਕਿਸੇ ਦੇ ਜ਼ਿੰਦਗੀ ਲਈ ਕੀ ਅਰਥ ਹਨ?
ਕਿਸੇ ਨੂੰ ਹਾਂ ਕਰਨ ਤੋਂ ਪਹਿਲਾਂ ਇਹ ਅਤਿਅੰਤ ਜ਼ਰੂਰੀ ਹੁੰਦਾ ਕਿ ਸਾਨੂੰ ਅਹਿਸਾਸ ਹੋਵੇ ਸਾਡੀ ਹਾਂ ਵਿਚੋਂ ਕੋਈ ਸਖਸ਼ ਹਾਂ ਪੱਖੀ ਜਾਂ ਨਾਂ ਪੱਖੀ ਉਮੀਦ ਉਪਜਾਵੇਗਾ ਅਤੇ ਇਸ ਦਾ ਕੀ ਪ੍ਰਤੀਕਰਮ ਹੋਵੇਗਾ?
ਚਮਨ ਵਿਚ ਖਿੜੀ ਗੁਲਜ਼ਾਰ ਨਾਲ ਗੁਫ਼ਤਗੂ ਕਰਨ ਤੋਂ ਪਹਿਲਾਂ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਇਸ ਵੇਲੇ ਚਮਨ ਵਿਚ ਪਤਝੜ ਦਾ ਬਸੇਰਾ ਹੈ ਜਾਂ ਬਹਾਰ ਨੇ ਸਿਰ ਤੇ ਸਤਰੰਗੀ ਫੁਲਕਾਰੀ ਲਈ ਹੋਈ ਹੈ।
ਝੀਲ ਵਿਚ ਉੱਤਰੇ ਚੰਨ ਨੂੰ ਤੱਕਣ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਨੂੰ ਅਸਮਾਨ ਵੱਲ ਤੱਕਣਾ ਜ਼ਰੂਰੀ ਹੁੰਦਾ ਮਤਾਂ ਚੰਨ ਨੂੰ ਮੱਸਿਆ ਨੇ ਜਾਂ ਬੱਦਲਾਂ ਨੇ ਨਾ ਲਕੋਇਆ ਹੋਵੇ?
ਸਰਕਦੀ ਹਵਾ ਨਾਲ ਪੱਤਿਆਂ ਵਿਚ ਪੈਦਾ ਹੋਈ ਸੰਗੀਤਕ ਫ਼ਿਜ਼ਾ ਨੂੰ ਮਾਣਨ ਦਾ ਮਨ ਵਿਚ ਚਾਅ ਪੈਦਾ ਕਰਨ ਤੋਂ ਪਹਿਲਾਂ ਇਹ ਦੇਖਣਾ ਪਵੇਗਾ ਕਿ ਕਿਧਰੇ ਹਵਾ ਹੁੱਸੜੀ ਹੋਈ ਤਾਂ ਨਹੀਂ?
ਅਸਮਾਨ ਦੀ ਚਾਦਰ ਤੇ ਤਾਰਿਆਂ ਦੀਆਂ ਬੂਟੀਆਂ ਨੂੰ ਗਿਣਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਪਤਾ ਹੋਵੇ ਕਿ ਅਸਮਾਨ ਸਾਫ਼ ਵੀ ਹੈ ਜਾਂ ਗਹਿਰ ਨੇ ਤਾਰਿਆਂ ਨੂੰ ਲਕੋਇਆ ਹੋਇਆ ਹੈ?
ਮਨ ਦੇ ਭਾਵਾਂ ਦੀ ਸਰਗਮ ਵਿਚ ਰੂਹ ਨੂੰ ਸਰਸ਼ਾਰ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਮਨ ਅਤੇ ਰੂਹ ਦੀ ਪਾਕੀਜ਼ਗੀ ਤੁਹਾਡੀ ਸਭ ਤੋਂ ਵੱਡੀ ਅਮਾਨਤ ਹੋਵੇ।
ਮਸਤਕ ‘ਤੇ ਸੋਚਾਂ ਤੇ ਸੁਪਨਿਆਂ ਨੂੰ ਉੱਕਰਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਸਾਨੂੰ ਸਮਝ ਹੋਵੇ ਕਿ ਸਾਡੇ ਸੁਪਨਿਆਂ ਅਤੇ ਸੋਚਾਂ ਦੀ ਤਾਸੀਰ ਅਤੇ ਤਕਦੀਰ ਕੀ ਹੈ?
ਪੋਟਿਆਂ ਵਿਚ ਕਲਮ ਫੜਨ ਤੋਂ ਪਹਿਲਾਂ ਇਸ ਅਹਿਸਾਸ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਕਿ ਸਾਨੂੰ ਇਹ ਸੋਝੀ ਹੋਵੇ ਕਿ ਕਲਮ ਦਾ ਧਰਮ ਅਤੇ ਕਰਮ ਕੀ ਹੁੰਦਾ ਹੈ?
ਭਾਵਨਾਵਾਂ ਨੂੰ ਪ੍ਰਗਟ ਕਰਨ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਕਿ ਸਾਡੀਆਂ ਭਾਵਨਾਵਾਂ ਦੇ ਦੂਸਰੇ ਲਈ ਕੀ ਮਾਅਨੇ ਹਨ ਜਾਂ ਭਾਵਨਾਵਾਂ ਦੇ ਪ੍ਰਗਟਾਅ ਨਾਲ ਸਾਡਾ ਸ਼ੋਸ਼ਣ ਤਾਂ ਨਹੀਂ ਹੋਵੇਗਾ?
ਕਿਸੇ ਦੇ ਅੰਦਰ ਪਿਘਲਣ ਤੋਂ ਪਹਿਲਾਂ ਇਹ ਪਤਾ ਕਰ ਲੈਣਾ ਵੀ ਜ਼ਰੂਰੀ ਹੁੰਦਾ ਕਿ ਕਿਧਰੇ ਅੰਦਰਲੀ ਤਪਸ਼ ਵਿਚ ਬੰਦੇ ਦਾ ਤਰਲ ਹੋ ਜਾਣਾ ਮੁਮਕਿਨ ਵੀ ਹੈ ਜਾਂ ਨਹੀਂ?
ਆਪਣੇ ਆਪ ਨੂੰ ਮਿਲਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਅਸੀਂ ਜਾਣੀਏ ਕਿ ਆਪਣੇ ਆਪ ਨੂੰ ਕਿਸ ਰੂਪ ਵਿਚ ਮਿਲਣਾ ਹੈ।
