ਪੰਜਾਬ ਸਰਕਾਰ ਵਲੋਂ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਗਿਆ “ਯੁੱਧ ਨਸ਼ਿਆਂ ਵਿਰੁੱਧ” ਕਈ ਦਿਸ਼ਾਵਾਂ ਵਿੱਚ ਫੈਲਦਾ ਹੋਇਆ ਦਿਨੋ-ਦਿਨ ਕਈ ਤਰ੍ਹਾਂ ਦੇ ਸਵਾਲਾਂ ਵਿਚ ਵੀ ਘਿਰਦਾ ਜਾ ਰਿਹਾ ਹੈ।ਇਨ੍ਹਾਂ ਸਵਾਲਾਂ ਵਿਚ ਬੁਲਡੋਜ਼ਰ ਵੀ ਹੈ, ਕਾਲੀ ਥਾਰ ਵਾਲੀ ਬੀਬੀ ਵਲੋਂ ਕੀਤੇ ਜਾ ਰਹੇ ਖੁਲਾਸੇ ਵੀ ਹਨ, ਨੇਤਾਵਾਂ,ਮੰਤਰੀਆਂ ਅਤੇ ਪੁਲਸ ਪ੍ਰਸ਼ਾਸਨ ਵਲ ਉਠ ਰਹੀਆਂ ਉਂਗਲਾਂ ਵੀ ਹਨ।
ਇਸ ਯੁੱਧ ਦਾ ਇਕ ਹੋਰ ਪਾਸਾਰ “ਕ੍ਰੈਡਿਟ ਵਾਰ” ਵਲ ਖੁਲ੍ਹਦਾ ਵੀ ਨਜ਼ਰ ਆ ਰਿਹਾ ਹੈ। ਪੰਜਾਬ ਦੀ ਇਸ ਅਤਿ ਨਾਜ਼ੁਕ ਅਤੇ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸਾਰੀਆਂ ਧਿਰਾਂ ਨੂੰ ਕ੍ਰੈਡਿਟ ਵਾਰ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਹੁਣ ਤੱਕ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਇਹ ਯੁੱਧ ਸਾਰੇ ਪੰਜਾਬ ਦਾ ਸਾਂਝਾ ਯੁੱਧ ਹੈ ਅਤੇ ਇਸ ਨੂੰ ਸਾਂਝੇ ਤੌਰ ਤੇ ਹੀ ਲੜਿਆ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਯੁੱਧ ਵਿੱਚ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪ੍ਰਵੇਸ਼ ਇਸ ਯੁੱਧ ਨੂੰ ਹੋਰ ਵਸੀਹ ਕਰ ਰਿਹਾ ਹੈ।
ਰਾਜਪਾਲ ਕਟਾਰੀਆ ਨੇ ਨਸ਼ਿਆਂ ਵਿਰੁੱਧ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ 6 ਦਿਨਾਂ ਦੀ ਪੈਦਲ ਯਾਤਰਾ ਕੀਤੀ ਹੈ। ਇਸੇ ਸੰਬੰਧ ਵਿਚ ਉਨ੍ਹਾਂ ਫ਼ਤਹਿਗੜ੍ਹ ਚੂੜੀਆਂ ਤੋਂ ਇਸ ਪੈਦਲ ਯਾਤਰਾ ਦੇ ਅਗਲੇ ਪੜਾਅ ਦੀ ਅਗਵਾਈ ਕਰਦਿਆਂ, ਜਿੱਥੇ ਇਸ ਮੁਹਿੰਮ ਦੇ ਸਮਰਥਨ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੁੜਨ ਦਾ ਸੱਦਾ ਦਿੱਤਾ, ਉੱਥੇ ਵਿਸ਼ੇਸ਼ ਤੌਰ ‘ਤੇ ਪੇਂਡੂ ਲੋਕਾਂ ਨੂੰ ਨਸ਼ਾ-ਵਿਰੋਧੀ ਮੁਹਿੰਮ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਰਾਜਪਾਲ ਦੀ ਇਸ ਨਸ਼ਾ-ਵਿਰੋਧੀ ਪੈਦਲ ਯਾਤਰਾ ਨੂੰ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਮਰਥਨ ਮਿਲਿਆ, ਉਸ ਤੋਂ ਉਨ੍ਹਾਂ ਦੀ ਇਸ ਮੁਹਿੰਮ ਨੂੰ ਭਵਿੱਖ ਵਿਚ ਬੂਰ ਪੈਣ ਦੀ ਵੱਡੀ ਸੰਭਾਵਨਾ ਹੈ। ਰਾਜਪਾਲ ਕਿਉਂਕਿ ਭਾਰਤੀ ਰੈੱਡ ਕਰਾਸ ਸੁਸਾਇਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵੀ ਹਨ, ਇਸ ਲਈ ਉਨ੍ਹਾਂ ਦੀ ਇਸ ਮੁਹਿੰਮ ਨੂੰ ਸਰਕਾਰ ਤੇ ਸਮਾਜ ਦੇ ਸਭ ਵਰਗਾਂ ਵਲੋਂ ਭਰਵਾਂ ਸਮਰਥਨ ਮਿਲਣ ਕਰਕੇ ਇਸ ਦੇ ਕਾਮਯਾਬ ਹੋਣ ਦੀਆਂ ਸੰਭਾਵਨਾਵਾਂ ਹੋਰ ਵੀ ਵਧੇਰੇ ਜਾਪ ਰਹੀਆਂ ਹਨ। ਭਾਵੇਂ ਰਾਜਪਾਲ ਦਾ ਅਹੁਦਾ ਪੂਰੀ ਤਰ੍ਹਾਂ ਸੰਵਿਧਾਨਕ ਹੁੰਦਾ ਹੈ, ਪਰ ਸੂਬੇ ਦੀ ਇਸ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਨਸ਼ੇ ਦੇ ਪ੍ਰਸਾਰ ਤੇ ਪ੍ਰਭਾਵ ਦੇ ਵਿਰੁੱਧ ਰਾਜਪਾਲ ਦੀ ਆਪਣੀ ਸਰਗਰਮੀ ਤੇ ਉਨ੍ਹਾਂ ਦੀ ਪੈਦਲ ਯਾਤਰਾ ਨੂੰ ਮਿਲੇ ਵਿਆਪਕ ਸਮਰਥਨ ਨੂੰ ਵੇਖਦਿਆਂ ਉਮੀਦ ਬੱਝ ਰਹੀ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਵਿਰੁੱਧ ਜੇਕਰ ਕੋਈ ਲੋਕ ਅੰਦੋਲਨ ਚਲਾਇਆ ਜਾਂਦਾ ਹੈ ਤਾਂ ਲੰਬੇ ਸਮੇਂ ਲਈ ਉਸ ਨੂੰ ਵਿਆਪਕ ਸਮਰਥਨ ਮਿਲ ਸਕਦਾ ਹੈ। ਇਹ ਗੁਰੂਆਂ, ਪੀਰਾਂ, ਫ਼ਕੀਰਾਂ, ਦੇਸ਼ ਭਗਤ ਯੋਧਿਆਂ ਦੀ ਧਰਤੀ ਹੈ। ਪੰਜਾਬ ਨੂੰ ਦੇਸ਼ ਦਾ ‘ਅੰਨ ਭੰਡਾਰ’ ਭਰਨ ਵਾਲਾ ਸੂਬਾ ਮੰਨਿਆ ਜਾਂਦਾ ਹੈ, ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹ ਸੂਬਾ ਨਸ਼ਿਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ। ਸੂਬੇ ‘ਚ ਬਣੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੇ ਵੀ ਨਸ਼ੇ ਦੀ ਇਸ ਗੰਭੀਰ ਸਮੱਸਿਆ ਦੇ ਵਿਰੁੱਧ ਵਿਆਪਕ ਪੱਧਰ ‘ਤੇ ਕਦਮ ਚੁੱਕੇ ਹਨ, ਪਰ ਇਸ ਸਮੱਸਿਆ ਦੇ ਦੈਂਤ ‘ਤੇ ਕਦੇ ਵੀ ਪੱਕੀ ਰੋਕ ਨਹੀਂ ਲਗਾਈ ਜਾ ਸਕੀ। ਹੁਣ ਰਾਜਪਾਲ ਕਟਾਰੀਆ ਵਲੋਂ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਮੁਹਿੰਮ ਦਾ ਮਕਸਦ ਵੀ ਜਿਵੇਂ-ਕਿਵੇਂ ਨਸ਼ਿਆਂ ਵਿਰੁੱਧ ਕਾਮਯਾਬੀ ਹਾਸਲ ਕਰਨਾ ਹੀ ਹੈ, ਇਸੇ ਕਰਕੇ ਇਸ ਪੈਦਲ ਯਾਤਰਾ ਨੂੰ ਵਧੇਰੇ ਸਮਰਥਨ ਮਿਲਣਾ ਸੁਭਾਵਿਕ ਹੈ। ਰਾਜਪਾਲ ਨੇ ਆਪਣੇ ਭਾਸ਼ਨ ਵਿਚ ਪੰਜਾਬ ਦੇ ਗੌਰਵਮਈ ਅਤੀਤ ਤੇ ਪੰਜਾਬੀਆਂ ਦੇ ਸਖ਼ਤ ਮਿਹਨਤੀ ਸੁਭਾਅ ਦਾ ਜ਼ਿਕਰ ਕਰਦਿਆਂ ਸੂਬੇ ਨੂੰ ਮੁੜ ਖੁਸ਼ਹਾਲ ਸੂਬਾ ਬਣਾਉਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਲੋਕਾਂ ਵਿਚ ਕਿਉਂਕਿ ਦੇਸ਼ ਭਗਤੀ ਤੇ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਸੇ ਲਈ ਪੰਜਾਬ ਦੇ ਲੋਕ ਖਾਸ ਕਰਕੇ ਪੇਂਡੂ ਲੋਕ, ਇਸ ਪੈਦਲ ਯਾਤਰਾ ਦਾ ਇਕਜੁੱਟ ਹੋ ਕੇ ਹਿੱਸਾ ਬਣੇ ਹਨ। ਅਜਿਹਾ ਇਸ ਲਈ ਵੀ ਹੋ ਸਕਦਾ ਹੈ ਕਿ ਨਸ਼ਿਆਂ ਦੀ ਸਮੱਸਿਆ ਦਾ ਬੁਰਾ ਪ੍ਰਭਾਵ ਭਾਵੇਂ ਸ਼ਹਿਰਾਂ ਤੇ ਪਿੰਡਾਂ ਦੋਹਾਂ ਥਾਵਾਂ ‘ਤੇ ਇਕੋ ਜਿਹਾ ਹੈ, ਪਰ ਖੇਤੀ ਪ੍ਰਧਾਨ ਸੂਬੇ ਦੇ ਪਿੰਡਾਂ ਵਿਚ ਇਸ ਸਮੱਸਿਆ ਨੇ ਕੁਝ ਜ਼ਿਆਦਾ ਹੀ ਕਹਿਰ ਵਰਸਾਇਆ ਹੈ। ਸੂਬੇ ਦੇ ਪਿੰਡਾਂ ‘ਚੋਂ ਇਸ ਸਮੱਸਿਆ ਦੀ ਜੜ੍ਹ ਪੁੱਟਣੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਕਾਰਨ ਖੇਤੀ ਧੰਦਾ ਵੀ ਪ੍ਰਭਾਵਿਤ ਹੋਇਆ ਹੈ।ਪੰਜਾਬ ਨੂੰ ਖੁਸ਼ਹਾਲ ਤੇ ਪਹਿਲਾਂ ਜਿਹਾ ਸ਼ਾਨਾਂਮੱਤਾ ਸੂਬਾ ਬਣਾਉਣ ਲਈ ਜ਼ਰੂਰੀ ਹੈ ਕਿ ਨਸ਼ਿਆਂ ਵਿਰੁੱਧ ਕੋਈ ਵੀ ਮੁਹਿੰਮ ਚਾਹੇ ਉਹ ਸਰਕਾਰੀ ਧਿਰ ਵਲੋਂ ਹੋਵੇ ਜਾਂ ਰਾਜਪਾਲ ਵਲੋਂ ਹੋਵੇ,ਜਾਂ ਕਿਸੇ ਹੋਰ ਧਿਰ ਵਲੋਂ ਹੋਵੇ, ਉਸ ਨੂੰ ਹਰੇਕ ਪੰਜਾਬੀ ਦਾ ਪੂਰਨ ਸਮਰਥਨ ਤੇ ਸਹਿਯੋਗ ਮਿਲਣਾ ਚਾਹੀਦਾ ਹੈ ਤਾਂ ਕਿ ਸੂਬੇ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਮਾਰ ਤੋਂ ਜਲਦੀ ਮੁਕਤ ਕਰਵਾਇਆ ਜਾ ਸਕੇ। ਇਸ ਮੁਹਿੰਮ ਵਿਚ ਨਸ਼ਿਆਂ ਦੇ ਵਿਰੁੱਧ ਸਮੂਹਿਕ ਯਤਨਾਂ ਵਿਚ ਜੇਕਰ ਥੋੜ੍ਹੀ ਜਿਹੀ ਵੀ ਸਫਲਤਾ ਹਾਸਿਲ ਹੁੰਦੀ ਹੈ ਤਾਂ ਇਹ ਇਕ ਵੱਡੀ ਪ੍ਰਾਪਤੀ ਹੋਵੇਗੀ।