ਮਕਬੂਲ ਫਿਦਾ ਹੁਸੈਨ: ਕਲਾਕਾਰ, ਜਿਸਦੀ ਕਲਾ ਅਤੇ ਵਿਰਾਸਤ ਨੂੰ ਮੌਤ ਤੋਂ ਬਾਅਦ ਵੀ ਸ਼ਾਂਤੀ ਨਸੀਬ ਨਹੀਂ ਹੋਈ

ਬੂਟਾ ਸਿੰਘ ਮਹਿਮੂਦਪੁਰ
ਮਕਬੂਲ ਕਲਾਕਾਰ ਫ਼ਿਦਾ ਹੁਸੈਨ ਦੀਆਂ ਵਿਵਾਦਪੂਰਨ ਕਲਾਕ੍ਰਿਤੀਆਂ ਅਤੇ ਉਨ੍ਹਾਂ ਦੇ ਸਮਾਜਿਕ-ਰਾਜਨੀਤਿਕ ਪ੍ਰਭਾਵ ਗਹਿਰੇ ਹਨ। ਉਨ੍ਹਾਂ ਦੀ ਮੌਤ (2011) ਦੇ ਬਾਅਦ ਵੀ, ਉਨ੍ਹਾਂ ਦੀਆਂ ਪੇਂਟਿੰਗਾਂ ਨੂੰ ਲੈ ਕੇ ਵਿਵਾਦ ਜਾਰੀ ਹੈ। ਫ਼ਿਦਾ ਹੁਸੈਨ ਭਾਰਤ ਦਾ ਇਕ ਅਜਿਹਾ ਕਲਾਕਾਰ ਹੈ ਜਿਸਦੀ ਚਰਚਾ ਮਰਨ ਦੇ ਬਾਅਦ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ।

2024 ਦੇ ਦਸੰਬਰ ਦੇ ਅੱਧ ਵਿਚ ਉਹ ਉਸ ਸਮੇਂ ਚਰਚਾ ’ਚ ਆ ਗਏ ਜਦੋਂ ਦਿੱਲੀ ਆਰਟ ਗੈਲਰੀ ਵਿਚ ਲੱਗੀ ਉਨ੍ਹਾਂ ਦੀ ਪੇਂਟਿੰਗ ਨੂੰ ਲੈ ਕੇ ਪਾਰਲੀਮੈਂਟ ਸਟ੍ਰੀਟ ਸਥਿਤ ਪੁਲਿਸ ਥਾਣੇ ਵਿਚ ਉਨ੍ਹਾਂ ਵਿਰੁੱਧ ਇਕ ਸ਼ਿਕਾਇਤ ਦਰਜ ਕਰਵਾਈ ਗਈ। ਮਕਬੂਲ ਫਿਦਾ ਹੁਸੈਨ ਦੀ ਉਸ ਪੇਂਟਿੰਗ ਨੂੰ ਦੇਵਤਿਆਂ ਦਾ ਅਪਮਾਨ ਕਰਨ ਵਾਲੀ ਦੱਸਿਆ ਗਿਆ। ਜਦੋਂ ਪੁਲਿਸ ਆਰਟ ਗੈਲਰੀ ਵਿਚ ਛਾਣਬੀਣ ਕਰਨ ਲਈ ਲਈ ਗਈ, ਤਾਂ ਉਦੋਂ ਤੱਕ ਉੱਥੋਂ ‘ਇਤਰਾਜ਼ਯੋਗ’ ਪੇਂਟਿੰਗ ਹਟਾ ਦਿੱਤੀ ਗਈ ਸੀ। ਇਹ 10 ਦਸੰਬਰ ਦੀ ਗੱਲ ਸੀ। ਮੀਡੀਆ ਵਿਚ ਇਸ ਨੂੰ ਲੈ ਕੇ ਉਸ ਸਮੇਂ ਕਈ ਖ਼ਬਰਾਂ ਆਈਆਂ ਅਤੇ ਇਕ ਵਾਰ ਫਿਰ ਫਿਦਾ ਹੁਸੈਨ ਚਰਚਾ ਵਿਚ ਆ ਗਏ ਸਨ।
ਉਨ੍ਹਾਂ ਦੀ ਇਹ ਚਰਚਾ ਆਉਣ ਵਾਲੇ ਸਮੇਂ ਵਿਚ ਘੱਟ ਹੁੰਦੀ-ਹੁੰਦੀ ਉਸ ਸਮੇਂ ਇਕ ਵਾਰ ਫਿਰ ਮੀਡੀਆ ਦੀਆਂ ਮੁੱਖ ਖ਼ਬਰਾਂ ਵਿਚ ਬਦਲ ਗਈ ਜਦੋਂ ਉਨ੍ਹਾਂ ਦੀ ‘ਗ੍ਰਾਮ ਯਾਤਰਾ’ ਪੇਂਟਿੰਗ ਦਾ ਮੁੱਲ 118.7 ਕਰੋੜ ਰੁਪਏ ਅੰਗਿਆ ਗਿਆ। ਭਾਰਤੀ ਮਾਡਰਨ ਆਰਟ ਗੈਲਰੀ ਵੱਲੋਂ ਇਹ ਨੀਲਾਮੀ ਨਿਊਯਾਰਕ ਵਿਚ ਕੀਤੀ ਗਈ ਸੀ। ਇਸ ਨੇ ਅਮ੍ਰਿਤਾ ਸ਼ੇਰਗਿੱਲ ਦੀ ‘ਦ ਸਟੋਰੀ ਟੇਲਰ’ ਪੇਂਟਿੰਗ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਪੇਂਟਿੰਗ ਦੀ ਖਰੀਦਦਾਰ ਸੀ ਕਿਰਨ ਨਾਦਰ। ਉਹ ਸ਼ਿਵ ਨਾਦਰ ਫਾਊਂਡੇਸ਼ਨ ਦੀ ਟਰੱਸਟੀ ਹੈ।
‘ਗ੍ਰਾਮ ਯਾਤਰਾ’ ਇਕ ਵਰਕਸ਼ਾਪ ਦੇ ਦੌਰਾਨ ਬਣਾਈ ਗਈ ਸੀ। 14 ਫੁੱਟ ਲੰਬੀ-ਚੌੜੀ ਇਸ ਪੇਂਟਿੰਗ ਵਿਚ ਭਾਰਤੀ ਪੇਂਡੂ ਜੀਵਨ ਦੇ ਕੁਲ 13 ਵੱਖ-ਵੱਖ ਦ੍ਰਿਸ਼ ਚਿੱਤਰੇ ਗਏ ਹਨ। ਇਸ ਪੇਂਟਿੰਗ ਨੂੰ ਬਣਾਏ ਜਾਣ ਅਤੇ ਇਸਦੇ ਵਰਕਸ਼ਾਪ ਦੇ ਫਿਲਮਾਂਕਣ ਨੂੰ ਯੂਟਿਊਬ ਉੱਪਰ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਦੋ ਉਪਰੋਕਤ ਚਰਚਾਵਾਂ ਦੇ ਬਾਅਦ 5 ਅਪ੍ਰੈਲ, 2025 ਨੂੰ ਇਕ ਛੋਟੀ ਜਿਹੀ ਖ਼ਬਰ ਇੰਡੀਅਨ ਐਕਸਪ੍ਰੈਸ ਦੇ ਤੀਜੇ ਪੰਨੇ ’ਤੇ ਛਪੀ। ਦਿੱਲੀ ਆਰਟ ਗੈਲਰੀ ਵਿਚ ਪ੍ਰਦਰਸ਼ਨੀ ਦੇ ਦੌਰਾਨ ਲੱਗੀ ਮਕਬੂਲ ਫਿਦਾ ਹੁਸੈਨ ਦੀ ਪੇਂਟਿੰਗ ਨੂੰ ਲੈ ਕੇ ਦਰਜ ਕੀਤੀ ਗਈ ਸ਼ਿਕਾਇਤ ਨੂੰ ਐੱਫ.ਆਈ.ਆਰ. ਵਿਚ ਬਦਲਣ ਸੰਬੰਧੀ ਮੈਟ੍ਰੋਪੋਲੀਟਨ ਕੋਰਟ ਵਿਚ ਸੁਣਵਾਈ ਦੇ ਦੌਰਾਨ ਦਿੱਲੀ ਆਰਟ ਗੈਲਰੀ ਵੱਲੋਂ ਦਿੱਤਾ ਗਿਆ ਬਿਆਨ ਗੌਰਤਲਬ ਸੀ: “ਜੋ ਸਕੈਚ ਸਨ, ਉਹ ਉੱਥੇ ਪ੍ਰਦਰਸ਼ਨੀ ਲਈ 30 ਦਿਨਾਂ ਤੱਕ ਸਨ। ਹਜ਼ਾਰਾਂ ਲੋਕਾਂ ਨੇ ਪੇਂਟਿੰਗਾਂ ਨੂੰ ਦੇਖਿਆ। ਇਤਰਾਜ਼ ਕਰਤਾ (ਸਚਦੇਵਾ) ਨੂੰ ਛੱਡ ਕੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਉਨ੍ਹਾਂ ਦੇ ਇਸ ਇਤਰਾਜ਼ ਨੂੰ ਪੂਰੇ ਭਾਈਚਾਰੇ ਦੇ ਇਤਰਾਜ਼ ਵਾਂਗ ਨਹੀਂ ਦੇਖਿਆ ਜਾਣਾ ਚਾਹੀਦਾ।”

ਨਾਲ ਹੀ ਉਨ੍ਹਾਂ ਦੇ ਵਕੀਲ ਨੇ ਇਹ ਵੀ ਜੋੜਿਆ: “ਕਲਾ ਦੀ ਸਮਝਦਾਰੀ ਲਈ ਤੁਹਾਨੂੰ ਆਪਣਾ ਦਿਮਾਗ਼ ਵਧਾਉਣ ਦੀ ਲੋੜ ਹੈ।”
ਇਹ ਬਹਿਸ ਅਜੇ ਜਾਰੀ ਹੈ ਅਤੇ ਇਸ ਸੰਬੰਧ ਵਿਚ 21 ਅਪ੍ਰੈਲ ਨੂੰ ਸੁਣਵਾਈ ਤੈਅ ਹੋਈ ਹੈ। ਕੋਰਟ ਦਾ ਫ਼ੈਸਲਾ ਕੀ ਲੈ ਕੇ ਆਵੇਗਾ, ਇਹ ਅਜੇ ਦੇਖਣਾ ਬਾਕੀ ਹੈ। ਪਰ, ਕਲਾ ਦੀ ਮੰਡੀ ਵਿਚ ਮਕਬੂਲ ਫਿਦਾ ਹੁਸੈਨ ਦਾ ਨਾਮ ਸਭ ਤੋਂ ਉੱਪਰ ਪਹੁੰਚ ਗਿਆ ਹੈ। ਅਤੇ ਇਸਦੇ ਖ਼ਰੀਦਦਾਰ ਕਿਤੇ ਹੋਰ ਤੋਂ ਨਹੀਂ, ਬਲਕਿ ਇੱਥੇ ਹੀ ਦਿੱਲੀ ਤੋਂ ਹਨ।
ਕਲਾ ਇਕ ਅਜਿਹਾ ਸਿਰਜਣਾਤਮਕ ਪੱਖ ਹੈ ਜਿਸਦੀ ਚੋਣ ਜਿੰਨੀ ਆਤਮਗਤ ਹੈ, ਉਸਦਾ ਪ੍ਰਗਟਾਵਾ ਓਨਾ ਹੀ ਸਮਾਜਿਕ ਹੈ। ਇਹ ਆਪਣੇ ਅੰਦਰ ਇਤਿਹਾਸਕ ਵਿਕਾਸ ਯਾਤਰਾ ਨੂੰ ਸਮੇਟੇ ਹੋਏ ਆਉਂਦੀ ਹੈ ਅਤੇ ਵਰਤਮਾਨ ਨਾਲ ਅਕਸਰ ਉਲਝ ਜਾਂਦੀ ਹੈ। ਇਨ੍ਹਾਂ ਸਭ ਵਿਚ ਕਲਾਕਾਰ ਦੀ ਆਪਣੀ ਜ਼ਿੰਦਗੀ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪਰ, ਇਨ੍ਹਾਂ ਸਭ ਵਿਚ ਸਭ ਤੋਂ ਵੱਡੀ ਭੂਮਿਕਾ ਉਸ ਸਮੇਂ ਦੀ ਰਾਜਨੀਤੀ ਨਿਭਾਉਂਦੀ ਹੈ, ਜਿਸਦੇ ਕੇਂਦਰ ਵਿਚ ਰਾਜ ਅਤੇ ਵਿਚਾਰ ਦੋਵੇਂ ਹੀ ਹੁੰਦੇ ਹਨ। ਜੋ ਵਿਚਾਰ ਰਾਜ ਨੂੰ ਆਪਣੇ ਕੰਟਰੋਲ ਵਿਚ ਲੈਂਦਾ ਹੈ, ਰਾਜ ਉਸ ਵਿਚਾਰ ਦੇ ਵਾਹਕਾਂ, ਵਰਗਾਂ, ਭਾਈਚਾਰਿਆਂ ਦੇ ਹਿਤ-ਸਾਧਕ ਵਿਚ ਬਦਲਦਾ ਜਾਂਦਾ ਹੈ। ਇਸ ਵਿਚ ਕਲਾ ਅਤੇ ਕਲਾਕਾਰ ਦੀ ਹੋਂਦ ਇਨ੍ਹਾਂ ਨਾਲ ਹੀ ਜੁੜੀ ਹੁੰਦੀ ਹੈ।
ਕਲਾ ਅਤੇ ਕਲਾਕਾਰ ਵਿਚ ਮੁੱਖ ਪੱਖ ਨਿਸ਼ਚੇ ਹੀ ਕਲਾਕਾਰ ਹੁੰਦਾ ਹੈ। ਇਸੇ ਲਈ, ਸਭ ਤੋਂ ਵੱਧ ਮਾਰ ਕਲਾਕਾਰ ’ਤੇ ਹੀ ਪੈਂਦੀ ਹੈ। ਇਸ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਫਿਦਾ ਹੁਸੈਨ ਦੀ ਚਰਚਾ ਅਤੇ ਉਨ੍ਹਾਂ ਉੱਪਰ ਹਮਲਿਆਂ ਦੀ ਸ਼ੁਰੂਆਤ ਹੋ ਚੁੱਕੀ ਸੀ। ਅੰਤ ਵਿਚ ਉਨ੍ਹਾਂ ਨੇ 2006 ਵਿਚ ਮੁਲਕ ਛੱਡ ਦਿੱਤਾ। 2011 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਹ ਮੁਲਕ ਨਸੀਬ ਨਹੀਂ ਹੋਇਆ। ਪਰ, ਉਨ੍ਹਾਂ ਦੀ ਕਲਾ ਨੂੰ ਇਹ ਨਸੀਬ ਹਾਸਲ ਹੈ ਕਿ ਉਹ ਇਸ ਮੁਲਕ ਵਿਚ ਬਣੀ ਰਹੇ। ਹਾਲਾਂਕਿ ਅਜੇ ਵੀ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਲੈ ਕੇ ਵਿਵਾਦ ਜਾਰੀ ਹੈ।
ਅੱਜ ਵੀ ਮਕਬੂਲ ਫਿਦਾ ਹੁਸੈਨ ਦੀਆਂ ਕਲਾਕ੍ਰਿਤਾਂ ਨੂੰ ਦਿੱਲੀ ਦੀਆਂ ਕਈ ਸਰਕਾਰੀ ਇਮਾਰਤਾਂ ’ਤੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ 1970 ਦੇ ਦਹਾਕੇ ਵਿਚ ਬਣੀਆਂ ਸਨ। ਪੁਰਾਣੀਆਂ ਹੁੰਦੀਆਂ ਇਮਾਰਤਾਂ ਦੇ ਟੁੱਟਣ ਦਾ ਸਿਲਸਿਲਾ ਵੀ ਜਾਰੀ ਹੈ। ਉਨ੍ਹਾਂ ਨਾਲ ਹੀ ਉਹ ਕਲਾਕ੍ਰਿਤਾਂ ਵੀ ਖ਼ਤਮ ਹੋ ਜਾਣਗੀਆਂ। ਪਰ, ਉਨ੍ਹਾਂ ਦੀਆਂ ਚੰਦ ਭੜਕਾਊ ਰੇਖਾਵਾਂ ਦੀ ਕੋਮਲਤਾ ਤੋਂ ਜੋ ਆਕਾਰ ਉਭਰਦੇ ਹਨ, ਉਹ ਆਧੁਨਿਕ ਭਾਰਤੀ ਕਲਾ ਦਾ ਹਿੱਸਾ ਬਣ ਚੁੱਕੀਆਂ ਹਨ। ਉਹ ਭਾਰਤੀ ਕਲਾ ਤੋਂ ਬਾਹਰ ਹੋ ਜਾਣ ਵਾਲੀਆਂ ਨਹੀਂ ਹਨ।
ਜਿਸ ਮੰਡੀਵਾਦ ਨੇ ਫਿਦਾ ਹੁਸੈਨ ਨੂੰ ਭਾਰਤ ਤੋਂ ਜਲਾਵਤਨ ਕਰ ਦਿੱਤਾ, ਉਸੇ ਮੰਡੀ ਨੇ ਉਨ੍ਹਾਂ ਦੀ ਕਲਾ ਨੂੰ ਇਕ ਨਿੱਜੀ ਸੰਗ੍ਰਹਿਖ਼ਾਨੇ ਵਿਚ ਵਾਪਸ ਆਉਣ ਦਾ ਰਾਹ ਦੇ ਦਿੱਤਾ। ਇਨ੍ਹਾਂ ਵਾਕਾਂ ਨੂੰ ਪੜ੍ਹਦੇ ਸਮੇਂ ਇਹ ਜੋੜ ਕੇ ਜ਼ਰੂਰ ਪੜ੍ਹਨਾ ਚਾਹੀਦਾ ਹੈ: “ਕਲਾਕਾਰ ਦੀ ਵਾਪਸੀ ਬਿਲਕੁਲ ਨਹੀਂ ਹੋਈ ਹੈ। ਕਲਾਕਾਰ ਅਜੇ ਵੀ ਜਲਾਵਤਨ ਹੈ। ਮੰਡੀ ਹਮੇਸ਼ਾ ਹੀ ਸਿਰਜਣਹਾਰ ਨੂੰ ਹਾਸ਼ੀਏ ‘ਤੇ ਧੱਕਦੀ ਹੈ ਅਤੇ ਰਾਜ ਦੀ ਤਾਕਤ ਨਾਲ ਉਸਨੂੰ ਮੌਤ ਵੱਲ ਲੈ ਜਾਂਦੀ ਹੈ। ਮੰਡੀ ਕਦੇ ਵੀ ਕਲਾਕਾਰ ਦੀ ਵਾਪਸੀ ਨਹੀਂ ਕਰਦੀ, ਉਸਦੀ ਕਲਾ ਦਾ ਮੁੱਲ ਜ਼ਰੂਰ ਲਗਾਉਂਦੀ ਹੈ। ਮੰਡੀ ਵਿਚ ਸਭ ਤੋਂ ਉੱਚੇ ਮੁੱਲ ‘ਤੇ ਵਿਕਣ ਦੇ ਬਾਵਜੂਦ ਵੀ, ਮਕਬੂਲ ਫਿਦਾ ਹੁਸੈਨ ਇਸਦੇ ਅਪਵਾਦ ਨਹੀਂ ਹਨ।”