ਹਰਨੇਕ ਸਿੰਘ ਘੜੂੰਆਂ
ਪਾਕਿਸਤਾਨ ਮੈਂ ਇੱਕ ਪੱਕੀ ਨੀਤੀ ਧਾਰ ਕੇ ਗਿਆ ਸੀ ਕਿ ਮਿਰਜ਼ੇ ਦੇ ਪਿੰਡ ਜ਼ਰੂਰ ਜਾ ਕੇ ਆਉਣਾ ਏ। ਕਈ ਦਿਨ ਤਾਂ ਇਹੀ ਪਤਾ ਨਹੀਂ ਲੱਗਿਆ ਕਿ ਮਿਰਜ਼ੇ ਦਾ ਪਿੰਡ ਕਿਹੜੇ ਪਾਸੇ ਹੈ। ਪਰ ਜਦੋਂ ਪਤਾ ਲੱਗਿਆ, ਹਰ ਕਿਸੇ ਨੇ ਇਹ ਕਹਿ ਕੇ ਰੋਕ ਦਿੱਤਾ, ‘ਛੱਡੋ ਜੀ, ਉਸ ਇਲਾਕੇ ਵਿਚ ਯੂਸਫ਼ ਸ਼ਾਹੀ ਡਾਕੂ ਰਹਿੰਦਾ ਹੈ, ਜਿਸ ਦਾ ਟੋਲਾ ਘੱਟੋ-ਘੱਟ ਤੀਹ ਬੰਦਿਆਂ ਦਾ ਹੈ ਅਤੇ ਤੀਹਾਂ ਕੋਲ ਘੋੜੀਆਂ ਤੇ ਮਣਾਂ-ਮੂੰਹੀਂ ਅਸਲਾ ਹੈ। ਪੁਲੀਸ ਵੀ ਉਨ੍ਹਾਂ ਕੋਲੋਂ ਕੰਨੀਂ ਕਤਰਾਉਂਦੀ ਹੈ।’ ਇਹ ਸਾਰਾ ਕੁਝ ਜਾਨਣ ਦੇ ਬਾਵਜੂਦ ਪਤਾ ਨਹੀਂ ਕਿਉਂ ਮੈਂ ਆਪਣੇ ਅੰਦਰਲੇ ਨੂੰ ਨਹੀਂ ਮਨਾ ਸਕਿਆ।
ਅਚਾਨਕ ਇੱਕ ਦਿਨ ਪ੍ਰਿੰਸੀਪਲ ਗੁਲਾਮ ਰਸੂਲ ਆਜ਼ਾਦ ਭੱਜਿਆ-ਭੱਜਿਆ ਆਇਆ, ‘ਸਰਦਾਰ ਸਾਹਬ, ਆਪਣਾ ਮਿਰਜ਼ੇ ਦੇ ਪਿੰਡ ਜਾਣ ਦਾ ਪ੍ਰਬੰਧ ਹੋ ਗਿਆ। ਮੇਰਾ ਪੁਰਾਣਾ ਵਿਦਿਆਰਥੀ ਰਾਏ ਮੁਰਾਤਬ ਅਲੀ ਸਾਨੂੰ ਓਥੇ ਲੈ ਜਾਏਗਾ। ਯੂਸਫ਼ ਸ਼ਾਹੀ ਉਸ ਦੇ ਅੱਗੇ ਨਹੀਂ ਆਉਂਦਾ।’
ਅਗਲੇ ਦਿਨ ਸਵੇਰੇ ਹੀ ਰਾਏ ਮੁਰਾਤਬ ਅਲੀ ਦੇ ਪਿੰਡ ਅੰਭਿਆਂ ਵਾਲੀ ਪਹੁੰਚ ਗਏ ਜੋ ਨਨਕਾਣਾ ਸਾਹਬ ‘ਤੋਂ ਮਾਂਗਟਾਂਵਾਲੀ ਸੜਕ ਦੇ ਨਾਲ ਚਾਰ ਕੁ ਕਿੱਲੋਮੀਟਰ ਉੱਤੇ ਹੈ। ਜਿਉਂ ਹੀ ਅਸੀਂ ਰਾਏ ਮੁਰਾਤਬ ਅਲੀ ਦੇ ਘਰ ਪਹੁੰਚੇ, ਬਾਹਰ ਖੜ੍ਹੇ ਪਹਿਰੇਦਾਰ ਨੇ ਸਾਨੂੰ ਡੱਕ ਦਿੱਤਾ ਅਤੇ ਸਾਡਾ ਸੁਨੇਹਾ ਲੈ ਕੇ ਅੰਦਰ ਚਲਾ ਗਿਆ। ਅੰਦਰੋਂ ਪ੍ਰਵਾਨਗੀ ਮਿਲਦੇ ਸਾਰ ਹੀ ਸਾਨੂੰ ਭੁੱਲ-ਭੁਲੱਈਆਂ ਦੇ ਵਿਚੋਂ ਲੰਘਾਉਂਦਾ ਹੋਇਆ ਉਹ ਉਸ ਕਮਰੇ ਵਿਚ ਲੈ ਗਿਆ ਜਿੱਥੇ ਮੁਰਾਤਬ ਅਲੀ ਸਾਡਾ ਇੰਤਜ਼ਾਰ ਕਰ ਰਿਹਾ ਸੀ।
ਮੁਰਾਤਬ ਅਲੀ ਦੀ ਆਪਣੀ ਦੁਨੀਆਂ ਹੈ। ਜਿੰਨੀਂ ਦੇਰ ਨਵਾਜ ਸ਼ਰੀਫ਼ ਦੀ ਪਾਰਟੀ ਦੀ ਸਰਕਾਰ ਰਹਿੰਦੀ ਰਹੀ, ਉਸ ਦੀਆਂ ਚੰਮ ਦੀਆਂ ਚੱਲਦੀਆਂ ਰਹੀਆਂ ਅਤੇ ਜਦੋਂ ਸਰਕਾਰ ਕਿਸੇ ਹੋਰ ਦੀ ਪਾਰਟੀ ਆ ਜਾਂਦੀ ਤਾਂ ਉਹ ਘਰ-ਬਾਰ ਛੱਡ ਕੇ ਅੰਡਰਗਰਾਊਂਡ ਹੋ ਜਾਂਦਾ ਹੈ। ਕਿਸੇ ਵੇਲੇ ਇਹ ਘਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸਰਗਰਮੀ ਦਾ ਅੱਡਾ ਵੀ ਰਿਹਾ ਹੈ। ਇਸ ਘਰ ਵਿਚ ਕਿਸੇ ਵੇਲੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਛੋਟੀ ਉਮਰੇ ਇੰਦਰਾ ਗਾਂਧੀ ਗਏ ਸਨ। ਮੁਰਾਤਬ ਅਲੀ ਦੇ ਤਾਇਆ ਜੀ, ਹਾਜ਼ੀ ਮੁਹੰਮਦ ਸਾਦਿਕ ਲੰਮਾਂ ਸਮਾਂ ਜਿæਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਉਹ ਆਜ਼ਾਦੀ ਤੋਂ ਥੋੜ੍ਹਾ ਸਮਾਂ ਪਹਿਲਾਂ ਮੁਸਲਮ ਲੀਗ ਵਿਚ ਸ਼ਾਮਲ ਹੋ ਗਏ ਸਨ।
ਲਾਹੌਰ ਤੋਂ ਲੈ ਕੇ ਕਮਾਲੀਏ ਤੀਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਵਿਚ ਹਨ। ਇਹ ਇਲਾਕਾ ਗੰਜੀਬਾਰ ਕਹਾਉਂਦਾ ਹੈ। ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦਾ ਗੋਤ ਹੈ। ਰਾਏਮੁਰਾਤਬ ਅਲੀ ਦਾ ਗੋਤ ਵੀ ਖਰਲ ਹੈ। ਖਰਲਾਂ ਨੂੰ ਸ਼ਾਹਜਹਾਨੀਆਂ ਫਕੀਰ ਨੇ ਪ੍ਰੇਰਨਾ ਰਾਹੀਂ ਮੁਸਲਮਾਨ ਬਣਾਇਆ ਸੀ। ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ ਹੈ ਤਾਂ ਸ਼ਾਹਜਹਾਨੀਆਂ ਦੇ ਚੇਲੇ ਇਨ੍ਹਾਂ ‘ਤੋਂ ਨਜ਼ਰਾਨਾ ਲੈਂਦੇ ਹਨ। ਖਰਲਾਂ ਦੇ ਅੱਗੇ ਇੱਕੀ ਉਪ ਗੋਤ ਹਨ, ਸ਼ਾਹੀ ਕੇ, ਨੂੰਹੇ ਕੇ, ਵੇਜ਼ੇ ਕੇ ਆਦਿ। ਮਿਰਜ਼ੇ ਜੱਟ ਦਾ ਸੰਬੰਧ ਖਰਲਾਂ ਵਿਚੋਂ ਸ਼ਾਹੀ ਗੋਤ ਨਾਲ ਹੈ। ਖਰਲਾਂ ਦੀ ਬੋਲੀ ਜਾਂਗਲੀ ਹੈ।
ਜਿਉਂ ਹੀ ਅਸੀਂ ਅੱਭਿਆਂਵਾਲੀ ਤੋਂ ਤੁਰ ਕੇ ਜੜ੍ਹਾਂਵਾਲਾ ਦੇ ਨੇੜੇ ਇੱਕ ਕਸਬੇ ‘ਚ ਰੁਕੇ, ਲੋਕੀਂ ਮੇਰੀ ਪਗੜੀ ਵੇਖ ਕੇ ਦੁਆਲੇ ਹੋ ਗਏ। ਲੋਕਾਂ ਨੇ ਚਾਹ-ਪਾਣੀ ਪੀਣ ਲਈ ਜਿæੱਦ ਕੀਤੀ। ਨਾਂਹ-ਨੁੱਕਰ ਕਰਨ ਦੇ ਬਾਵਜੂਦ ਉਨ੍ਹਾਂ ਨੇ ਦੁੱਧ-ਸੋਢੇ ਦੇ ਗਲਾਸ ਸਾਡੇ ਹੱਥਾਂ ਵਿਚ ਫੜਾ ਦਿੱਤੇ। ਜਦੋਂ ਉਨ੍ਹਾਂ ਨੂੰ ਸਾਡਾ ਮਿਰਜ਼ੇ ਦੇ ਪਿੰਡ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇੱਕਦਮ ਸਾਨੂੰ ਓਥੇ ਜਾਣ ਤੋਂ ਵਰਜਿਆ ਕਿ ਉਹ ਤਾਂ ਯੂਸਫ਼ ਸ਼ਾਹੀ ਡਾਕੂ ਦਾ ਇਲਾਕਾ ਹੈ। ਮੇਰੇ ਕੋਲ ਖੜ੍ਹਾ ਮਰਾਤਬ ਅਲੀ ਬੋਲ ਉੱਠਿਆ, ‘ਕੋਈ ਗੱਲ ਨਹੀਂ ਅੱਲਾ ਭਲੀ ਕਰਸੀ।’
ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਇਹ ਮੁਰਾਤਬ ਅਲੀ ਹੈ ਤਦ ਝੱਟ ਸਾਰਿਆਂ ਨੇ ਕਿਹਾ, ‘ਫਿਰ ਕੋਈ ਖ਼ਤਰਾ ਨਹੀਂ।’ਤੁਰਨ ਲੱਗਿਆਂ ਗੁਲਾਮ ਰਸੂਲ ਆਜ਼ਾਦ ਨੇ ਇੱਕ ਬੰਦੇ ਨੂੰ ਪੁੱਛਿਆ, ‘ਤੇਰੀ ਕਿਹੜੀ ਜਾਤ ਹੈ?’ ਉਸ ਨੇ ਝੱਟ ਕਿਹਾ, ‘ਬਲੋਚ।’ ਗੁਲਾਮ ਰਸੂਲ ਆਜ਼ਾਦ ਨੇ ਟਕੋਰ ਮਾਰੀ, ‘ਤੁਸੀਂ ਵੀ ਸੱਸੀ ਨਾਲ ਘੱਟ ਨਹੀਂ ਕੀਤੀ।’
ਉਹ ਵਿਅਕਤੀ ਬਲੋਚਾਂ ਦੀ ਪਿੱਠ ਨਹੀਂ ਸੀ ਲੱਗਣ ਦੇਣੀ ਚਾਹੁੰਦਾ। ਉਸ ਨੇ ਆਲਾ-ਦੁਆਲਾ ਵੇਖ ਕੇ ਜਵਾਬ ਦਿੱਤਾ, ‘ਗੱਲ ਤੋਂ ਹੀ ਵੇਖੋ, ਅਖ਼ੀਰ ਸਾਡੇ ਬਜ਼ੁਰਗ ਦੀ ਕਬਰ ਵੀ ਤਾਂ ਸੱਸੀ ਦੇ ਨਾਲ ਬਣੀ ਹੈ।’ ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ।
ਅਸੀਂ ਮਿਰਜ਼ੇ ਦੀ ਕਬਰ ਦਾ ਰਸਤਾ ਪੁੱਛ ਕੇ ਨਹਿਰ ਦੀ ਪਟੜੀ ਪੈ ਗਏ। ਇਹ ਨਹਿਰ ਲਾਇਲਪੁਰ ਤੋਂ ਕੱਢ ਕੇ ਰਾਵੀ ਵਿਚ ਸੁੱਟੀ ਗਈ ਹੈ। ਇਹ ਇਲਾਕੇ ਦੀ ਸੇਮ ਦਾ ਪਾਣੀ ਖਿੱਚ ਕੇ ਰਾਵੀ ਵਿਚ ਪਾਉਂਦੀ ਹੈ। ਕੁਝ ਕਿੱਲੋਮੀਟਰ ਜਾਣ ‘ਤੇ ਪਤਾ ਲੱਗਿਆ ਕਿ ਨਹਿਰ ਦੇ ਦੂਜੇ ਪਾਸੇ ਚਾਰ ਕੁ ਫਰਲਾਂਗ ਉੱਤੇ ਮਿਰਜ਼ੇ ਦੀ ਕਬਰ ਹੈ। ਦੂਰ ਤੱਕ ਨਹਿਰ ਉੱਤੇ ਕੋਈ ਪੁਲ ਨਜ਼ਰ ਨਹੀਂ ਸੀ ਆ ਰਿਹਾ ਅਤੇ ਨਾ ਹੀ ਉਸ ਕਬਰ ਨੂੰ ਕੋਈ ਰਸਤਾ ਮਿਲਾਉਂਦਾ ਸੀ। ਅਖ਼ੀਰ ਅਸੀਂ ਨਹਿਰ ਦੇ ਆਸ-ਪਾਸ ਪਈਆਂ ਲੋਹੇ ਦੀਆਂ ਨਾਲਾਂ ਉੱਤੋਂ ਦੀ ਹੌਲੀ-ਹੌਲੀ ਪੈਰ-ਘਸਰਾਉਂਦੇ ਹੋਏ ਦੂਜੇ ਪਾਸੇ ਪਹੁੰਚ ਗਏ।
ਮਿਰਜ਼ੇ ਦੀ ਕਬਰ ਜਿਲ੍ਹਾ ਲਾਇਲਪੁਰ, ਤਹਿਸੀਲ ਜੜ੍ਹਾਂਵਾਲਾ, ਚੱਕ ਨੰਬਰ 585, ਪਿੰਡ ਸੋਣੇ ਦੀ ਵਾਂ ਵਿਚ ਹੈ। ਮਿਰਜ਼ੇ ਦੀ ਕਬਰ ਦੇ ਨਾਲ ਦੋ ਕਬਰਾਂ ਹੋਰ ਹਨ। ਇੱਕ ਸਾਹਿਬਾਂ ਦੀ ਅਤੇ ਦੂਜੀ ਬੱਕੀ ਦੀ। ਮਿਰਜ਼ੇ ਦਾ ਜੱਦੀ ਪਿੰਡ ਕਬਰਾਂ ‘ਤੋਂ ਤਿੰਨ ਕੁ ਮੀਲ ਦੇ ਫ਼ਾਸਲੇ ਉੱਤੇ ਦਾਨਾਬਾਅਦ ਹੈ ਜਿਹੜਾ ਜਿæਲ੍ਹਾ ਸ਼ੇਖੂਪੁਰਾ, ਤਹਿਸੀਲ ਨਨਕਾਣਾ ਸਾਹਿਬ ਵਿਚ ਪੈਂਦਾ ਹੈ। ਦਾਨਾਬਾਅਦ ਦਾ ਨਾਮ ਦਾਨੇ ਖੱਤਰੀ ਤੋਂ ਪਿਆ ਹੈ। ਅੱਜਕੱਲ੍ਹ ਮਿਰਜ਼ੇ ਦੇ ਖ਼ਾਨਦਾਨ ਦੇ ਲੋਕ ਪਿੰਡ ਸ਼ਾਹੀਕੇ ਵਿਚ ਰਹਿੰਦੇ ਹਨ ਜੋ ਦਾਨਾਬਾਅਦ ਤੋਂ 2-3 ਕਿੱਲੋਮੀਟਰ ਹਟਵਾਂ ਰਾਵੀ ਦੇ ਕੰਢੇ ‘ਤੇ ਵਸਿਆ ਹੈ। ਮਿਰਜ਼ੇ ਦੀ ਕਬਰ ‘ਤੋਂ ਕੋਈ ਦਸ ਕੁ ਗਜ਼ ਦੇ ਫ਼ਾਸਲੇ ‘ਤੇ ਉਹ ਜੰਡ ਖੜ੍ਹਾ ਹੈ, ਜਿਸ ਹੇਠਾਂ ਮਿਰਜ਼ਾ ਸੁੱਤਾ ਹੋਇਆ ਕਤਲ ਕੀਤਾ ਗਿਆ ਸੀ। 40-50 ਗਜ਼ ਦੇ ਫਾਸਲੇ ਉੱਤੇ ਉਹ ਛੱਪੜ ਹੈ, ਜਿਸ ਵਿਚ ਮੀਰ-ਸ਼ਮੀਰ ਦੇ ਕੁੱਤਿਆਂ ਦੇ ਵੜਨ ਦਾ ਪੀਲੂ ਦੀ ਕਿਤਾਬ ਵਿਚ ਜਿæਕਰ ਕੀਤਾ ਗਿਆ ਹੈ। ਇਨ੍ਹਾਂ ਕਬਰਾਂ ਉੱਤੇ ਦਸ ਚੇਤ ਨੂੰ ਮੇਲਾ ਲਗਦਾ ਹੈ। ਸ਼ਾਇਦ ਇਹੀ ਦਿਨ ਮਿਰਜ਼ੇ ਦੇ ਕਤਲ ਦਾ ਹੋਵੇਗਾ।
ਮੈਂ ਕਿੰਨੀਂ ਦੇਰ ਓਸ ਖੋਖਲੇ ਹੋਏ ਜੰਡ ਵੱਲ ਵੇਖਦਾ ਰਿਹਾ ਕਿ ਕਿਸ ਤਰ੍ਹਾਂ ਇੱਥੇ ਮਿਰਜ਼ੇ ਨੇ ਆਪਣੇ ਤੀਰ-ਕਮਾਨ ਟੰਗੇ ਹੋਣਗੇ, ਕਿਸ ਤਰ੍ਹਾਂ ਸਾਹਿਬਾਂ ਨੇ ਮਿਰਜ਼ੇ ਦੀ ਬਹਾਦਰੀ ਤੋਂ ਡਰਦਿਆਂ ਆਪਣੇ ਭਰਾਵਾਂ ਦੇ ਮੋਹ ਵਿਚ ਆ ਕੇ ਤੀਰ-ਕਮਾਨ ਤੋੜੇ ਹੋਣਗੇ, ਕਿਸ ਜੋਸ਼ ਨਾਲ ਮਿਰਜ਼ਾ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਗੱਜਿਆ ਹੋਵੇਗਾ ਅਤੇ ਆਪਣੇ ਟੁੱਟੇ ਹੋਏ ਤੀਰਾਂ ਨੂੰ ਵੇਖ ਕੇ ਲਾਚਾਰ ਸਾਹਿਬਾਂ ਨੂੰ ਕੋਸਦਾ ਮਾਂ-ਜੰਮੇ ਭਰਾਵਾਂ ਨੂੰ ਯਾਦ ਕਰਦਾ ਹੋਵੇਗਾ। ਉਹ ਕਿਸ ਤਰ੍ਹਾਂ ਦੀ ਘੜੀ ਹੋਵੇਗੀ, ਜਦੋਂ ਸਾਹਿਬਾਂ ਮਿਰਜ਼ੇ ਦੀ ਜਾਨ ਬਚਾਉਣ ਲਈ ਮਿੰਨਤਾਂ-ਤਰਲੇ ਕਰਦੀ ਹੋਵੇਗੀ। ਜਿੰਨੀ ਦੇਰ ਮੈਂ ਉੱਥੇ ਰੁਕਿਆ ਰਿਹਾ, ਇਹ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿਚ ਘੁੰਮਦਾ ਰਿਹਾ। ਮੈਨੂੰ ਇਹ ਵੇਖ ਕੇ ਬੜਾ ਅਫਸੋਸ ਹੋਇਆ, ਖੋਖਲੇ ਹੋਏ ਜੰਡ ਦੀ ਕੋਈ ਸੰਭਾਲ ਨਹੀਂ ਸੀ ਅਤੇ ਉਹ ਹਵਾ ਦੇ ਤੇਜ਼ ਬੁੱਲੇ ਨਾਲ ਢਹਿ ਢੇਰੀ ਹੋ ਸਕਦਾ ਹੈ। ਜਿਸ ਮਿਰਜ਼ੇ ਦੀ ਗਾਥਾ ਗਾ ਕੇ ਗਵੱਈਆਂ ਨੇ ਲੱਖਾਂ ਰੁਪਏ ਕਮਾ ਲਏ, ਉਹ ਮਿਰਜ਼ਾ ਪਿੱਲੀਆਂ ਇੱਟਾਂ ਦੇ ਚਾਰ ਕੁ ਟੋਕਰਿਆਂ ਹੇਠ ਸਿਮਟਿਆ ਪਿਆ ਸੀ। ਸਾਨੂੰ ਵੇਖ ਕੇ ਓਥੇ ਕੁਝ ਲੋਕ ਹੋਰ ਇਕੱਠੇ ਹੋ ਗਏ। ਮੈਂ ਪੁੱਛਿਆ, ‘ਤੁਹਾਡੇ ਵਿਚੋਂ ਖਰਲ ਕਿਹੜਾ-ਕਿਹੜਾ ਹੈ?’
‘ਅਸੀਂ ਸਾਰੇ ਹੀ ਖਰਲ ਹਾਂ।’
ਮੈਂ ਉਨ੍ਹਾਂ ਨੂੰ ਪੁੱਛਿਆ, ‘ਓਏ ਖਰਲੋ, ਇਸ ਜੰਡ, ਛੱਪੜ ਅਤੇ ਕਬਰਾਂ ਦਾ ਪੰਜਾਬ ਦੇ ਹਰ ਅਖਾੜੇ ਵਿਚ ਜਿæਕਰ ਹੁੰਦਾ ਹੈ, ਤੁਸੀਂ ਇਸ ਦਾ ਮੂੰਹ ਮੱਥਾ ਨਹੀਂ ਬਣਾ ਸਕਦੇ?’ ਉਨ੍ਹਾਂ ਨੇ ਝੱਟ ਦੋਸ਼ੀਆਂ ਵਾਂਗ ਜਵਾਬ ਦਿੱਤਾ, ‘ਗੱਲ ਤਾਂ ਸਰਦਾਰ ਸਾਹਬ ਤੁਹਾਡੀ ਬਿਲਕੁਲ ਠੀਕ ਹੈ। ਤੁਸੀਂ ਅਗਲੀ ਵੇਰ ਚੇਤਰ ਦੇ ਮੇਲੇ ਆਇਓ, ਕਬਰਾਂ ਅੱਛੀ ਹਾਲਤ ਵਿਚ ਹੋਣਗੀਆਂ।’
ਮੈਂ ਉਨ੍ਹਾਂ ਲੋਕਾਂ ਕੋਲ ਮਿਰਜ਼ੇ ਦੇ ਖ਼ਾਨਦਾਨ ਦੇ ਬੰਦਿਆਂ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ, ‘ਉਨ੍ਹਾਂ ਨੂੰ ਮਿਲਣਾ ਬੜਾ ਮੁਸ਼ਕਲ ਏ। ਉਨ੍ਹਾਂ ਦੀ ਆਪਸੀ ਦੁਸ਼ਮਣੀ ਵਿਚ ਦਰਜਨਾਂ ਕਤਲ ਹੋ ਗਏ ਨੇ। ਜਿæਆਦਾਤਰ ਲੋਕੀਂ ਛੁਪ ਕੇ ਰਹਿੰਦੇ ਨੇ।’ ਇਨ੍ਹਾਂ ਲੋਕਾਂ ਨੂੰ ਮੈਂ ਯੂਸਫ ਸ਼ਾਹੀ ਡਾਕੂ ਬਾਰੇ ਪੁੱਛਿਆ, ‘ਤੁਹਾਨੂੰ ਉਸ ਤੋਂ ਡਰ ਨਹੀਂ ਆਉਂਦਾ?’ ਮੈਂ ਕਿਹਾ, ‘ਡਰ ਕਿਸ ਗੱਲ ਦਾ, ਉਹ ਤਾਂ ਅਮੀਰਾਂ ਨੂੰ ਲੁੱਟਦਾ ਏ, ਸਾਡੀ ਕਈ ਵਾਰ ਮਾਲੀ ਮਦਦ ਵੀ ਕਰ ਦਿੰਦਾ ਏ।’
ਦਿਨ ਛਿਪਣ ‘ਤੇ ਆਇਆ ਸੀ। ਅਸੀਂ ਲੋਕਾਂ ਨੂੰ ਸਲਾਮ ਕਹਿ ਕੇ ਗੱਡੀਆਂ ਵਾਲੇ ਪਾਸੇ ਤੁਰ ਪਏ। ਜਿਉਂ ਹੀ ਗੱਡੀਆਂ ਤੁਰੀਆਂ, ਮੈਨੂੰ ਕਿੱਕਰਾਂ ਦੇ ਝੁੰਡ ਪਿੱਛੋਂ ਧੂੜ ਉੱਡਦੀ ਨਜ਼ਰ ਆਈ। ਝੱਟ ਖਿæਆਲ ਆਇਆ, ਇਹ ਜ਼ਰੂਰ ਯੂਸਫ਼ ਸ਼ਾਹੀ ਡਾਕੂ ਦੇ ਘੋੜਿਆਂ ਦੀ ਧੂੜ ਹੋਵੇਗੀ। ਡਰ ਵਾਲੀ ਗੱਲ ਇਹ ਸੀ ਕਿ ਗੱਡੀਆਂ ਵੀ ਉਸੇ ਪਾਸੇ ਵੱਲ ਜਾ ਰਹੀਆਂ ਸਨ। ਮੇਰੇ ਜਿæਹਨ ਵਿਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਸਨ। ਜੇ ਯੂਸਫ਼ ਸ਼ਾਹੀ ਸਾਡੇ ਗਲ ਆ ਪਿਆ ਤਾਂ ਅਸੀਂ ਕੀ ਕਰਾਂਗੇ। ਪਰ ਸੋਚਿਆ ਕਿ ਰਾਏ ਮੁਰਾਤਬ ਅਲੀ ਸਾਡੇ ਨਾਲ ਹੈ। ਪਰ ਜੇ ਇਨ੍ਹਾਂ ਦਾ ਮੁਕਾਬਲਾ ਹੋ ਗਿਆ ਤਾਂ ਮੁਸ਼ਕਲ ਬਣ ਜਾਵੇਗੀ। ਫਿਰ ਸੋਚਿਆ, ਕਹਿ ਦਿਆਂਗੇ, ‘ਅਸੀਂ ਤਾਂ ਤੇਰੇ ਬਜ਼ੁਰਗ ਦੀ ਕਬਰ ਉੱਤੇ ਹੀ ਜਾ ਕੇ ਆਏ ਹਾਂ।’ ਇਸ ਤਰ੍ਹਾਂ ਦੀਆਂ ਸੋਚਾਂ ਵਿਚ ਮੈਂ ਘੜੀ-ਮੁੜੀ ਗਰਦਨ ਬਾਹਰ ਕੱਢ ਕੇ ਉਸ ਧੂੜ ਵੱਲ ਝਾਕ ਰਿਹਾ ਸੀ।
ਅਚਾਨਕ ਕਿੱਕਰਾਂ ਦੇ ਝੁੰਡ ਵਿਚੋਂ ਇੱਕ ਸੋਟੀ ਵਰਗਾ ਹਥਿਆਰ ਨਿਕਲਿਆ। ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕੀ ਹਥਿਆਰ ਹੋ ਸਕਦਾ ਹੈ। ਝੱਟ ਧੂੜ ਉਡਾਉਂਦੀਆਂ ਬੱਕਰੀਆਂ ਕਿੱਕਰਾਂ ਦੇ ਝੁੰਡ ਤੋਂ ਬਾਹਰ ਆ ਗਈਆਂ। ਮੇਰੇ ਸਾਹ ਵਿਚ ਸਾਹ ਆਇਆ। ਬਾਅਦ ਵਿਚ ਯੂਸਫ਼ ਸ਼ਾਹੀ ਕਿਸੇ ਸ਼ਾਦੀ ਵਿਚ ਇਨ੍ਹਾਂ ਸੱਜਣਾਂ ਨੂੰ ਮਿਲਿਆ ਸੀ। ਉਨ੍ਹਾਂ ਨੂੰ ਦੱਸਿਆ, ‘ਮੈਨੂੰ ਬਾਬਾ ਜੀ ਦੀ ਕਬਰ ਉੱਤੇ ਤੁਹਾਡੇ ਆਉਣ ਦੀ ਖ਼ਬਰ ਮਿਲ ਗਈ ਸੀ। ਮੇਰਾ ਤੁਹਾਨੂੰ ਮਿਲਣ ਨੂੰ ਵੀ ਬੜਾ ਦਿਲ ਕੀਤਾ। ਸਿਰਫ ਇਸ ਕਰਕੇ ਉਸ ਪਾਸੇ ਨਹੀਂ ਆਇਆ ਕਿ ਕੋਈ ਗ਼ਲਤਫਹਿਮੀ ਨਾ ਪੈਦਾ ਨਾ ਹੋ ਜਾਵੇ।’
