ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੀ ਉਮਰ ਦੇ ਪਹਿਲੇ ਚੌਦਾਂ ਸਾਲ ਅਖੰਡ ਪੰਜਾਬ ਦਾ ਅਨੰਦ ਮਾਣਿਆ ਹੈ| ਇਹ ਗੱਲ ਵੱਖਰੀ ਹੈ ਕਿ ਸਨ ਸੰਤਾਲੀ ਤੱਕ ਮੈਂ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ ਤੇ ਰਾਵਲਪਿੰਡੀ ਨਹੀਂ ਸਨ ਤੱਕੇ| ਇਨ੍ਹਾਂ ਦਾ ਜ਼ਿਕਰ ਮੈਂ ਆਪਣੇ ਬਜ਼ੁਰਗਾਂ ਤੇ ਉਨ੍ਹਾਂ ਦੇ ਸਾਥੀਆਂ ਤੋਂ ਸੁਣਿਆ ਸੀ ਜਾਂ ਪਾਠ-ਪੁਸਤਕਾਂ ਵਿਚ ਹੀ ਪੜ੍ਹਿਆ ਸੀ।
ਇਹ ਤੇ ਇਹੋ ਜਿਹੇ ਹੋਰ ਅਨੇਕਾਂ ਸਥਾਨ ਮੈਂ ਪਿਛਲੇ 25-30 ਸਾਲਾਂ ਵਿਚ ਵੇਖੇ ਹਨ| ਇਨ੍ਹਾਂ ਵਰਿ੍ਹਆਂ ਦੀਆਂ ਪਾਕਿਸਤਾਨ ਯਾਤਰਾਵਾਂ ਨੇ ਮੈਨੂੰ ਓਧਰਲੇ ਵਸਨੀਕਾਂ ਦੀ ਮੁਹੱਬਤ ਤੇ ਮਹਿਮਾਨ-ਨਿਵਾਜੀ ਨੇ ਬੜਾ ਪ੍ਰਭਾਵਿਤ ਕੀਤਾ ਹੈ| ਉਨ੍ਹਾਂ ਦੀਆਂ ਸਲਾਮਾਂ ਦਾ ਕੋਈ ਜਵਾਬ ਨਹੀਂ| ਉਹ ਖੱਬਾ ਹੱਥ ਛਾਤੀ ਉੱਤੇ ਰਖ ਕੇ ਸੱਜੇ ਹੱਥ ਨਾਲ ਸਲਾਮ ਕਹਿੰਦੇ ਹਨ ਤੇ ਮਹਿਮਾਨਾਂ ਦਾ ਮਨ ਮੋਹ ਲੈਂਦੇ ਹਨ| ਇਸ ਮੁਹੱਬਤ ਦਾ ਵੱਡਾ ਕਾਰਨ 1947 ਵਿਚ ਇੱਕ ਦੂਜੇ ਨਾਲੋਂ ਟੁੱਟਣਾ ਵੀ ਹੈ|
ਭਾਵੇਂ ਸਨ ਸੰਤਾਲੀ ਦੀ ਵੰਡ ਨੂੰ ਪੌਣੀ ਸਦੀ ਬੀਤ ਚੁੱਕੀ ਹੈ, ਪਰ ਏਧਰ ਵਾਲੇ ਵੀ ਓਧਰਲੇ ਪੰਜਾਬ ਨੂੰ ਕਿਸੇ ਨਾ ਕਿਸੇ ਰੂਪ ਵਿਚ ਚੇਤੇ ਕਰਦੇ ਰਹਿੰਦੇ ਹਨ| ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਚੰਡੀਗੜ੍ਹ ਸਥਿਤ ਪੰਜਾਬ ਕਲਾ ਪ੍ਰੀਸ਼ਦ ਰਾਹੀਂ ਪੰਜਾਬ ਦੀ ਸੰਗੀਤ ਪਰੰਪਰਾ, ਵਿਰਸਾ, ਵਰਤਮਾਨ ਤੇ ਭਵਿੱਖ ਨੂੰ ਪ੍ਰਨਾਈ ਮਾਰਚ ਮਹੀਨੇ ਵਾਲੀ ਤਿੰਨ ਦਿਨਾ ਕਾਨਫਰੰਸ ਇਸਦਾ ਸੱਜਰਾ ਸਬੂਤ ਹੈ| ਇਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਸਮੇਤ ਡਾ. ਨੀਰਾ ਗਰੋਵਰ, ਨਿਵੇਦਿਤਾ ਸਿੰਘ, ਨਰਿੰਦਰ ਕੌਰ ਮੁਲਤਾਨੀ ਹੀ ਨਹੀਂ ਕੈਨੇਡਾ ਤੋਂ ਪਹੁੰਚੇ ਰੁਪਿੰਦਰ ਸਿੰਘ ਮਲ੍ਹੀ ਅਤੇ ਪਾਕਿਸਤਾਨ ਵਾਲੀ ਨਬੀਲਾ ਰਹਿਮਾਨ ਨੇ ਵੀ ਸ਼ਿਰਕਤ ਕੀਤੀ| ਏਥੇ ਪੰਜਾਬੀ ਸੰਗੀਤ ਦੀਆਂ ਵੱਖ ਵੱਖ ਸਿਨਫਾਂ ਦੇ ਹਵਾਲੇ ਨਾਲ ਪੰਜਾਬ ਦੀ ਸੰਗੀਤ ਪਰੰਪਰਾ ਦੀ ਉੱਤਮਤਾ ਉਜਾਗਰ ਕਰਦਿਆਂ ਅਜੋਕੀ ਪੀੜ੍ਹੀ ਨੂੰ ਇਸ ਤੋਂ ਭਲੀ-ਭਾਂਤ ਜਾਣੂ ਕਰਵਾਉਣ ਉੱਤੇ ਜ਼ੋਰ ਦਿੱਤਾ ਗਿਆ| ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਉੱਘੇ ਲੋਕ ਗਾਇਕ ਪੰਮੀ ਬਾਈ ਨੇ ਯੂਨੀਵਰਸਿਟੀ ਵੱਲੋਂ ਵਿਰਾਸਤੀ ਸੰਗੀਤ ਤੇ ਲੋਕ ਨਾਚ ਸਬੰਧੀ ਕੀਤੀ ਗਈ ਖੋਜ ਦਾ ਉਚੇਚਾ ਜ਼ਿਕਰ ਕੀਤਾ| ਨਬੀਲਾ ਰਹਿਮਾਨ ਨੇ ਕਿਹਾ ਆਵਾਜ਼ ਅਤੇ ਖੁਸ਼ਬੂ ਨੂੰ ਡੱਕਿਆ ਨਹੀਂ ਜਾ ਸਕਦਾ| ਉਨ੍ਹਾਂ ਸੰਗੀਤ ਅਤੇ ਇਸ ਨਾਲ ਜੁੜੇ ਅਕਾਦਮਿਕ ਕਾਰਜਾਂ ਦੀ ਬਿਹਤਰੀ ਲਈ ਦੋਵਾਂ ਸੂਬਿਆਂ ਦੇ ਵਿਦਿਅਕ ਅਤੇ ਖੋਜ ਅਦਾਰਿਆਂ ਨੂੰ ਸੰਸਥਾਪਕ ਪੱਧਰ ’ਤੇ ਸਾਂਝ ਕਾਇਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ|
ਇਸ ਮੌਕੇ ਜਿੱਥੇ ਪੰਜਾਬ ਦੀ ਸ਼ਾਸਤਰੀ ਸੰਗੀਤ ਪਰੰਪਰਾ ਉੱਤੇ ਚਰਚਾ ਹੋਈ, ਉਥੇ ਹੀ ਕੋਲਕਾਤਾ ਤੋਂ ਪੁੱਜੇ ਪਟਿਆਲਾ ਘਰਾਣੇ ਦੇ ਕਲਾਕਾਰ ਵਿਦੁਸ਼ੀ ਅੰਜਨਾ ਨਾਥ ਨੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵੀ ਦਿੱਤੀ| ਇਸ ਸੈਸ਼ਨ ਵਿਚ ਵਿਸ਼ੇਸ਼ ਵਿਖਿਆਨ ਦੇਣ ਲਈ ਡਾ. ਮੁਹੰਮਦ ਜ਼ਫ਼ਰ, ਪੰਜਾਬ ਯੂਨੀਵਰਸਿਟੀ, ਲਾਹੌਰ ਨੇ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਸ਼ਾਸਤਰੀ ਸੰਗੀਤ ਅਤੇ ਸੰਗੀਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸਾਰਥਕ ਚਰਚਾ ਕੀਤੀ|
ਕਾਨਫਰੰਸ ਦਾ ਇਹ ਸੈਸ਼ਨ ਪੰਜਾਬ ਦੀ ਵਾਦਨ ਸੰਗੀਤ ਪਰੰਪਰਾ ਨੂੰ ਸਮਰਪਿਤ ਸੀ ਜਿਸ ਵਿਚ ਤਬਲਾ ਵਾਦਨ ਤੋਂ ਜੋੜੀ ਵਾਦਨ ਦੇ ਪ੍ਰਯੋਗ ਨੂੰ ਸ੍ਰੀ ਗੁਰੂ ਅਰਜਨ ਦੇਵ ਦੇ ਸਮੇਂ ਨਾਲ ਜੋੜ ਕੇ ਤਰਕਪੂਰਨ ਵਿਚਾਰ ਸਾਹਮਣੇ ਆਏ| ਏਥੇ ਪਰੰਪਰਾਗਤ ਸ਼ਾਸਤਰੀ ਪੱਖ ਦੇ ਨਾਲ ਕਿਰਿਆਤਮਕ ਰੂਪ ਵਿਚ ਤਬਲੇ ਅਤੇ ਪਖਾਵਜ ਦੇ ਖੁੱਲ੍ਹੇ ਬੋਲਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ|
ਇਸ ਕਾਨਫਰੰਸ ਵਿਚ ਪੰਜਾਬ ਦੀ ਗੁਰਮਤਿ ਸੰਗੀਤ ਪਰੰਪਰਾ, ਲੋਕ ਸੰਗੀਤ ਪਰੰਪਰਾ ਅਤੇ ਸੂਫੀ ਸੰਗੀਤ ਪਰੰਪਰਾ ਦਾ ਗੁਣ-ਗਾਇਨ ਵੀ ਖੂਬ ਹੋਇਆ|
ਆਖਰੀ ਦਿਨ ਪੰਜਾਬੀ ਗਾਇਕੀ ਵਿਚ ਨਵੇਂ ਰੁਝਾਨਾਂ ਦੀ ਗੱਲ ਕਰਦਿਆਂ ਸਾਹਿਤਕ ਗਾਇਕੀ ਅਤੇ ਪ੍ਰਗਤੀਸ਼ੀਲ ਗਾਇਕੀ ਬਾਰੇ ਵੀ ਚਰਚਾ ਹੋਈ| ਖਾਸ ਕਰਕੇ ਚਲੰਤ ਤੇ ਬਜ਼ਾਰੂ ਗਾਇਕੀ ਦੇ ਮੁਕਾਬਲੇ ਸਾਹਿਤਕ ਗਾਇਕੀ ਨੂੰ ਪ੍ਰਚਾਰਿਤ ਕਰਨ ਦੀ ਲੋੜ ਜਤਾ ਕੇ ਅਤੇ ਅਤਿ ਆਧੁਨਿਕ ਤਕਨੀਕ ਦੇ ਚੱਲਦੇ ਗਾਇਕੀ ਦੇ ਹੋ ਰਹੇ ਨੁਕਸਾਨ ਦਾ ਹਵਾਲਾ ਦੇ ਕੇ ਪਾਕਿਸਤਾਨ ਤੋਂ ਜੁੜੇ ਜਨਾਬ ਮਸੂਦ ਮੱਲ੍ਹੀ ਨੇ ਰੇਡੀਓ ਲਾਹੌਰ ਦੇ ਹਵਾਲੇ ਨਾਲ ਸੂਫੀ ਗਾਇਕੀ ਦੇ ਪ੍ਰਸਾਰ ਬਾਰੇ ਵੇਰਵਾ ਦਿੱਤਾ ਅਤੇ ਖ਼ੁਸ਼ੀ ਪ੍ਰਗਟਾਈ ਕਿ ਦੋਵਾਂ ਪੰਜਾਬਾਂ ਦਰਮਿਆਨ ਸੰਗੀਤ ਦੇ ਹਵਾਲੇ ਨਾਲ ਅਜਿਹਾ ਸੰਵਾਦ ਹੋ ਰਿਹਾ ਹੈ|
ਕਾਨਫਰੰਸ ਦੇ ਵਿਦਾਇਗੀ ਸੈਸ਼ਨ ਵਿਚ ਪੰਜਾਬ ਦੇ ਵਿਰਾਸਤੀ ਸੰਗੀਤ ਨੂੰ ਸੰਭਾਲਣ ਵਿਚ ਆਕਾਸ਼ਵਾਣੀ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਉੱਘੀ ਗਾਇਕਾ ਡੌਲੀ ਗੁਲੇਰੀਆ ਨੇ ਨਵੇਂ ਆਕਾਸ਼ਵਾਣੀ ਦੀ ਸਾਰਥਕ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਕਾਸ਼ਵਾਣੀ ਕੇਂਦਰਾਂ ਵਿਚ ਕਾਰਜਸ਼ੀਲ ਕਾਮਿਆਂ ਦੀ ਘਟ ਰਹੀ ਗਿਣਤੀ ਬਾਰੇ ਚਿੰਤਾ ਪ੍ਰਗਟਾਈ| ਤੇਜ਼ ਤਰਾਰ ਨਿੰਦਰ ਘੁਗਿਆਣਵੀ ਨੇ ਪੰਜਾਬੀ ਗਾਇਕਾਂ ਨਾਲ ਜੁੜੇ ਰੋਚਕ ਕਿੱਸੇ ਸਾਂਝੇ ਕੀਤੇ|
ਸੰਗੀਤ ਵਿਭਾਗ ਤੋਂ ਡਾ. ਜਯੋਤੀ ਸ਼ਰਮਾ ਨੇ ਕਾਨਫਰੰਸ ਰਿਪੋਰਟ ਪੇਸ਼ ਕੀਤੀ ਅਤੇ ਡਾ. ਜਸਬੀਰ ਕੌਰ ਨੇ ਕਾਨਫਰੰਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਪ੍ਰਤੀਨਿਧਤਾ ਕਰਦਿਆਂ ਕਿਹਾ ਕਿ ਕਾਨਫਰੰਸ ਵਿਚ ਕੁਲ 150 ਤੋਂ ਵੱਧ ਪੇਪਰ ਪੜ੍ਹੇ ਗਏ ਤੇ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਆਏ ਅਧਿਆਪਕਾਂ ਤੇ ਬੁੱਧੀਜੀਵੀਆਂ ਨੇ ਇਸ ਕਾਨਫਰੰਸ ਵਿਚ ਹਿੱਸਾ ਲਿਆ| ਇਹ ਆਪਣੀ ਕਿਸਮ ਦੀ ਪਹਿਲੀ ਸੰਗੀਤਕ ਕਾਨਫਰੰਸ ਹੋ ਗੁਜ਼ਰੀ|
ਇਸ ਅਵਸਰ `ਤੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਅਤੇ ਮੈਂਬਰ ਅਮਰਜੀਤ ਗਰੇਵਾਲ ਨੇ ਕਾਨਫਰੰਸ ਦੇ ਸਫ਼ਲ ਆਯੋਜਨ ਲਈ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੂੰ ਵਧਾਈ ਦਿੱਤੀ ਅਤੇ ਇਸ ਸਮਾਗਮ ਨੂੰ ਪੰਜਾਬ ਦੀ ਨਵ-ਸਿਰਜਣਾ ਸਬੰਧੀ ਸਾਰਥਕ ਕਦਮ ਦੱਸਿਆ|
ਪੰਜਾਬ ਦੀ ਨਵ-ਸਿਰਜਣਾ ਦੇ ਮਹਾਂ ਉਤਸਵ ਅਧੀਨ ਕਰਵਾਈ ਗਈ ਇਸ ਕਾਨਫਰੰਸ ਦੇ ਸੱਤ ਅਕਾਦਮਿਕ ਸੈਸ਼ਨਾਂ ਵਿਚ ਪੰਜਾਬ ਦੇ ਵਿਸ਼ੇਸ਼ ਵਿਖਿਆਨਕਾਰਾਂ ਅਤੇ ਮਹਿਮਾਨਾਂ ਨੇ ਸ਼ਿਰਕਤ ਕੀਤੀ| ਪੰਜਾਬ ਦੇ ਸੰਗੀਤ ਦੇ ਵੱਖ-ਵੱਖ ਪਹਿਲੂਆਂ ਉੱਤੇ ਵੱਡੀ ਗਿਣਤੀ ਵਿਚ ਪੇਪਰ ਪੜ੍ਹੇ ਗਏ| ਕਾਨਫਰੰਸ ਰਾਹੀਂ ਇਹ ਮਤਾ ਸਰਬ-ਸੰਮਤੀ ਨਾਲ ਪਾਸ ਹੋਇਆ ਕਿ ਕਲਾ ਅਤੇ ਸਭਿਆਚਾਰ ਦੇ ਹਵਾਲੇ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਰਮਿਆਨ ਸੰਵਾਦ ਅਤੇ ਆਦਾਨ-ਪ੍ਰਦਾਨ ਦਾ ਬਿਹਤਰ ਤਰੀਕਾ ਹੋਣਾ ਬੇਹੱਦ ਜ਼ਰੂਰੀ ਹੈ| ਇਸ ਲਈ ਕਲਾਕਾਰਾਂ, ਸੰਗੀਤ ਦੇ ਵਿਦਵਾਨਾਂ ਅਤੇ ਖੋਜਕਾਰਾਂ ਦਾ ਦੋਵੇਂ ਪਾਸੇ ਆਉਣ-ਜਾਣ ਦਾ ਜ਼ਰੀਆ ਸੁਖਾਲਾ ਬਣਾਇਆ ਜਾਵੇ ਅਤੇ ਔਨਲਾਈਨ ਵਿਧੀ ਦੀ ਥਾਂ ਆਪਸੀ ਮੇਲ-ਜੋਲ ਨੂੰ ਤਰਜੀਹ ਦਿੱਤੀ ਜਾਵੇ| ਦੋਨਾਂ ਪੰਜਾਬਾਂ ਦੇ ਗੁਰਮਤਿ ਸੰਗੀਤ ਤੇ ਭਾਸ਼ਾ ਵਿਕਾਸ ਨਾਲ ਜੁੜੀ ਡਾ. ਜਸਬੀਰ ਕੌਰ ਇਕ ਤਰ੍ਹਾਂ ਨਾਲ ਇਸ ਕਾਨਫਰੰਸ ਦੀ ਰੂਹ-ਏ-ਰਵਾਂ ਵੀ ਹੋ ਗੁਜ਼ਰੀ|
ਅੰਤਿਕਾ
ਤਰਸੇਮ ਸਫਰੀ॥
ਗਮ ਬੜੇ, ਹੰਝੂ ਬੜੇ, ਸਦਮੇ ਬੜੇ,
ਦਿਲ ਮੇਰਾ ਧਨਵਾਨ ਬਣਦਾ ਜਾ ਰਿਹੈ|