ਪਟਿਆਲਾ: ਪਹਿਲੇ ਵਿਸ਼ਵ ਯੁੱਧ ਦੌਰਾਨ ਪਟਿਆਲਾ ਰਿਆਸਤ ਦੀ ਫੌਜ ਦੇ 37 ਹਜ਼ਾਰ ਜਵਾਨਾਂ ਨੇ ਬ੍ਰਿਟਿਸ਼ ਸਰਕਾਰ ਦੀ ਹਮਾਇਤ ਵਿਚ ਹਿੱਸਾ ਲਿਆ ਸੀ ਤੇ ਸਵਾ ਕਰੋੜ ਫੰਡ ਵੀ ਬ੍ਰਿਟਿਸ਼ ਸਰਕਾਰ ਲਈ ਮੁਹੱਈਆ ਕਰਵਾਏ ਸਨ। ਭਾਰਤੀਆਂ ਵਿਚੋਂ ਪਟਿਆਲਾ ਰਿਆਸਤ ਦੇ ਜਵਾਨਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਮੰਨੀ ਜਾਂਦੀ ਹੈ ਜਿਨ੍ਹਾਂ ਨੇ ਇਸ ਪਹਿਲੀ ਵਿਸ਼ਵ ਜੰਗ ਵਿਚ ਹਿੱਸਾ ਲਿਆ।
ਇਥੋਂ ਤੱਕ ਕਿ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਖੁਦ ਵੀ ਉਚੇਚੇ ਤੌਰ ‘ਤੇ ਬ੍ਰਿਟਿਸ਼ ਸਰਕਾਰ ਦੇ ਹੱਕ ਵਿਚ ਉਥੇ ਗਏ ਸਨ ਪਰ ਬਿਮਾਰ ਹੋ ਜਾਣ ਕਾਰਨ ਉਨ੍ਹਾਂ ਨੂੰ ਵਾਪਸ ਪਟਿਆਲਾ ਭੇਜ ਦਿੱਤਾ ਗਿਆ ਸੀ। ਇਹ ਵੀ ਇਕ ਇਤਿਹਾਸਕ ਪੱਖ ਹੈ ਕਿ ਉਹ ਸਮੂਹ ਭਾਰਤੀ ਰਾਜਿਆਂ ਵਿਚੋਂ ਇਕੱਲੇ ਅਜਿਹੇ ਸਨ, ਜੋ ਉਸ ਵਕਤ ਉਥੇ ਗਏ ਸਨ। ਇਸੇ ਦੌਰਾਨ 1914 ਵਿਚ ਹੋਈ ਇਸ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਬਾਰੇ ਸਿੱਖ ਸਿਪਾਹੀਆਂ ਦੇ ਵਿਸਥਾਰ ਵੇਰਵੇ ਇਕੱਤਰ ਕਰਨ ਲਈ ਯੂæਕੇ ਦੀ ਲੋਟਰੀ ਨਾਂ ਦੀ ਇਕ ਕੰਪਨੀ ਵੱਲੋਂ ਸਿੱਖ ਆਰਗੇਨਾਈਜ਼ੇਸ਼ਨ ਨੂੰ ਫੰਡ ਵੀ ਮੁਹੱਈਆ ਕਰਵਾਏ ਗਏ ਹਨ।
ਉਂਜ ਹੁਣ ਤੱਕ ਦੇ ਤੱਥਾਂ ਮੁਤਾਬਕ ਪਟਿਆਲਵੀ ਫੌਜ ਦੇ ਇਨ੍ਹਾਂ ਜਵਾਨਾਂ ਦੀ ਗਿਣਤੀ ਦੇ ਦੋ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਹਨ ਕਿਉਂਕਿ 1923 ਵਿਚ ਇੰਗਲੈਂਡ ਵਿਚ ਛਪੀ ਇਕ ਪੁਸਤਕ ਵਿਚ ਪਟਿਆਲਾ ਰਿਆਸਤ ਤੋਂ ਭੇਜੇ ਗਏ ਜਵਾਨਾਂ ਦੀ ਗਿਣਤੀ 28 ਹਜ਼ਾਰ ਤੋਂ ਵੱਧ ਦੱਸੀ ਗਈ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਦੇ ਮੁਖੀ ਡਾæ ਕੁਲਬੀਰ ਸਿੰਘ ਢਿੱਲੋਂ ਵੱਲੋਂ ਪਟਿਆਲਾ, ਨਾਭਾ ਤੇ ਜੀਂਦ ਰਿਆਸਤਾਂ ਦੀ ਕੀਤੀ ਖੋਜ ਮੁਤਾਬਕ ਇਨ੍ਹਾਂ ਜਵਾਨਾਂ ਦੀ ਤਕਰੀਬਨ ਗਿਣਤੀ 37 ਹਜ਼ਾਰ ਸੀ ਜਿਨ੍ਹਾਂ ਵਿਚੋਂ ਤਕਰੀਬਨ ਅੱਠ ਸੌ ਜਵਾਨਾਂ ਦੀ ਲੜਾਈ ਦੌਰਾਨ ਮੌਤ ਹੋ ਗਈ ਸੀ ਤੇ ਕੁਝ ਵਾਪਸ ਨਹੀਂ ਸਨ ਆਏ।
ਇਸ ਬਾਰੇ ਸ਼ ਢਿੱਲੋਂ ਨੇ ਦੱਸਿਆ ਕਿ ਅਸਲ ਵਿਚ ਇਨ੍ਹਾਂ ਭਾਰਤੀ ਜਵਾਨਾਂ ਨੇ ਰਿਆਸਤਾਂ ਤੇ ਅੰਗਰੇਜ਼ਾਂ ਦਰਮਿਆਨ 1809 ਵਿਚ ਹੋਏ ਸਮਝੌਤੇ ਤਹਿਤ ਹਿੱਸਾ ਲਿਆ ਸੀ ਕਿਉਂਕਿ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਹਮਲਿਆਂ ਤੋਂ ਬਚਾਉਣ ਦੀ ਮੰਗ ਨੂੰ ਲੈ ਕੇ ਰਿਆਸਤਾਂ ਦੇ ਮਾਹਾਰਾਜੇ ਖੁਦ ਚੱਲ ਕੇ ਅੰਗਰੇਜ਼ ਹਕੂਮਤ ਕੋਲ ਗਏ ਸਨ। ਇਸ ਦੌਰਾਨ ਹੋਏ ਸਮਝੌਤਿਆਂ ਤਹਿਤ ਇਥੋਂ ਦੀਆਂ ਸਮੂਹ ਰਿਆਸਤਾਂ ਨੂੰ ਅੰਗਰੇਜ਼ਾਂ ਵੱਲੋਂ ਪੂਰੀ ਸੁਰੱਖਿਆ ਦੇਣ ਦਾ ਵਾਅਦਾ ਕਰਦਿਆਂ, ਰਿਆਸਤਾਂ ਦੇ ਅੰਦਰੂਨੀ ਮਾਮਲਿਆਂ ਵਿਚ ਕੋਈ ਸਿੱਧੀ ਦਖ਼ਲ-ਅੰਦਾਜ਼ੀ ਨਾ ਕਰਨ ਦਾ ਵਾਅਦਾ ਵੀ ਕੀਤਾ ਸੀ ਪਰ ਇਸ ਮੌਕੇ ਕਈ ਹੋਰ ਮੱਦਾਂ ਸਮੇਤ ਲੋੜ ਪੈਣ ‘ਤੇ ਰਿਆਸਤਾਂ ਵੱਲੋਂ ਅੰਗਰੇਜ਼ਾਂ ਦੀ ਮਦਦ ਕੀਤੇ ਜਾਣ ਦੀ ਸ਼ਰਤ ਵੀ ਰੱਖੀ ਗਈ ਸੀ।
ਸ਼ ਢਿੱਲੋਂ ਨੇ ਦੱਸਿਆ ਕਿ ਇਸੇ ਕੜੀ ਵਜੋਂ ਹੀ ‘ਐਂਗਲੋ ਸਿੱਖ ਵਾਰ’ ਤੇ ਫਿਰ 1857 ਵਿਚ ਗਦਰ ਦੌਰਾਨ ਵੀ ਰਿਆਸਤਾਂ ਵੱਲੋਂ ਅੰਗਰੇਜ਼ਾਂ ਦੀ ਮਦਦ ਕੀਤੀ ਗਈ ਤੇ ਇਨ੍ਹਾਂ ਤਿੰਨਾਂ ਮੌਕਿਆਂ ‘ਤੇ ਪਟਿਆਲਾ ਰਿਆਸਤ ਦੀ ਸਭ ਤੋਂ ਵਧੇਰੇ ਭੁਮਿਕਾ ਰਹੀ। ਇਸ ਜੰਗ ਵਿਚ ਹਿੱਸਾ ਲੈਣ ਵਾਲੇ ਜਵਾਨਾਂ ਦੇ ਟਰੁੱਪ ਤਿੰਨ ਭਾਗਾਂ ਵਿਚ ਵੰਡੇ ਹੋਏ ਸਨ ਜਿਨ੍ਹਾਂ ਵਿਚੋਂ ‘ਇੰਪੀਰੀਅਲ ਸਰਵਿਸ ਟਰੁੱਪ’ ਦੀ ਸਾਰੀ ਕਮਾਂਡ ਅੰਗਰੇਜ਼ਾਂ ਕੋਲ ਸੀ ਤੇ ਇਸ ਟਰੁੱਪ ਵਿਚਲੇ ਫੌਜੀ ਜਵਾਨਾਂ ਨੂੰ ਪਹਿਲਾਂ ਹੀ ਇਸ ਲੜਾਈ ਲਈ ਭੇਜ ਦਿੱਤਾ ਗਿਆ ਸੀ।
ਜਦਕਿ ‘ਸਟੇਟ ਸਰਵਿਸ ਟਰੁੱਪ’ ਜੋ ਰਿਆਸਤਾਂ ਦੇ ਅਧੀਨ ਸਨ, ਵਿਚਲੇ ਜਵਾਨਾਂ ਨੂੰ ਬਾਅਦ ਵਿਚ ਬ੍ਰਿਟਿਸ਼ ਸਰਕਾਰ ਵੱਲੋਂ ਮੰਗਵਾਏ ਜਾਣ ‘ਤੇ ਲੜਾਈ ਵਿਚ ਭੇਜਿਆ ਗਿਆ। ਇਸੇ ਤਰ੍ਹਾਂ ਹੋਰ ਜਵਾਨਾਂ ਦੀ ਮੰਗ ਕਰਨ ‘ਤੇ ਤੀਸਰੇ ਟਰੁੱਪ ਵਜੋਂ ਸੈਂਕੜੇ ਹੀ ਹੋਰ ਜਵਾਨਾਂ ਨੂੰ ਰਿਆਸਤ ਦੇ ਹਾਕਮਾਂ ਵੱਲੋਂ ਮੌਕੇ ‘ਤੇ ਹੀ ਭਰਤੀ ਕਰਕੇ ਇਸ ਲੜਾਈ ਵਿਚ ਬਰਤਾਨਵੀ ਸਰਕਾਰ ਦੀ ਮਦਦ ਲਈ ਭੇਜਿਆ ਗਿਆ ਸੀ।
ਇਸੇ ਦੌਰਾਨ ਪਟਿਆਲਾ ਰਿਆਸਤ ਦੀ ਫੌਜ ਦੀ ਕਾਰਗੁਜ਼ਾਰੀ ਤੋਂ ਅੰਗਰੇਜ ਹਾਕਮ ਇਸ ਕਦਰ ਪ੍ਰਭਾਵਤ ਸਨ ਕਿ ਇਸ ਬਾਰੇ ਸਰਕਾਰੀ ਪੱਧਰ ‘ਤੇ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਸੀ। ਇਸ ਲੜਾਈ ਵਿਚ ਹਿੱਸਾ ਲੈਣ ‘ਤੇ ਪਟਿਆਲਾ ਸਮੇਤ ਹੋਰਾਂ ਰਿਆਸਤਾਂ ਦੇ ਰਾਜਿਆਂ ਨੂੰ ਕਈ ਤਰ੍ਹਾਂ ਦਾ ਮਾਣ ਸਨਮਾਨ ਦਿੱਤਾ ਗਿਆ ਸੀ। ਫਰਵਰੀ 1922 ਪ੍ਰਿਸ ਆਫ਼ ਵੇਲਜ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਪਟਿਆਲਾ ਰਿਆਸਤ ਦੀ ਫੌਜ ਦੀ ਸ਼ਲਾਘਾ ਕੀਤੀ ਸੀ।
Leave a Reply