-ਜਤਿੰਦਰ ਪਨੂੰ
ਬਚਪਨ ਵਿਚ ਇੱਕ ਕਹਾਣੀ ਸੁਣਦੇ ਹੁੰਦੇ ਸਾਂ ਕਿ ਇੱਕ ਬਹੁਤ ਵੱਡਾ ਪਹਿਲਵਾਨ ਇੱਕ ਜਵਾਕ ਤੋਂ ਡਰਦਾ ਅਖਾੜਾ ਛੱਡ ਕੇ ਦੌੜ ਗਿਆ ਸੀ। ਕਾਰਨ ਇਹ ਸੀ ਕਿ ਜਵਾਕ ਨੂੰ ਪਤਾ ਲੱਗ ਗਿਆ ਸੀ ਕਿ ਇਸ ਪਹਿਲਵਾਨ ਨੂੰ ਕੁਤਕੁਤਾਰੀਆਂ ਤੋਂ ਬਹੁਤ ਡਰ ਲੱਗਦਾ ਹੈ। ਉਸ ਨੇ ਅਖਾੜੇ ਵਿਚ ਜਾ ਕੇ ਇਹੋ ਦਾਅ ਵਰਤਿਆ ਸੀ। ਹੁਣ ਭਾਰਤ ਦੀ ਰਾਜਨੀਤੀ ਦਾ ਇੱਕ ਦਬੰਗ ਤੇ ਅੜਬੰਗ ਸੁਭਾਅ ਦਾ ਲੀਡਰ ਇੱਕ ਸਾਧ ਦੀ ਚਿੱਠੀ ਨੇ ਪੈਰਾਂ ਤੋਂ ਕੱਢ ਦਿੱਤਾ ਹੈ। ਉਸ ਸਿਆਸੀ ਆਗੂ ਦਾ ਨਾਂ ਨਰਿੰਦਰ ਮੋਦੀ ਹੈ ਤੇ ਜਿਸ ਨੇ ਉਸ ਨੂੰ ਪੈਰਾਂ ਤੋਂ ਕੱਢਣ ਵਾਲੀ ਚਿੱਠੀ ਭੇਜੀ ਹੈ, ਉਹ ਉਹੋ ਸਾਧ ਹੈ, ਜਿਸ ਨੂੰ ਕਿਸੇ ਥਾਂ ਇੱਕ ਹਜ਼ਾਰ ਟਨ ਸੋਨਾ ਦੱਬੇ ਹੋਣ ਦਾ ਸੁਫਨਾ ਆਇਆ ਸੀ।
ਕਹਿੰਦੇ ਹਨ ਕਿ ਉਤਰ ਪ੍ਰਦੇਸ਼ ਵਿਚ ਸ਼ੋਭਨ ਸਰਕਾਰ ਨਾਂ ਦੇ ਸਾਧ ਨੂੰ ਸੁਫਨਾ ਆਇਆ ਸੀ ਕਿ ਉਨਾਵ ਜ਼ਿਲ੍ਹੇ ਦੇ ਡੌਂਡੀਆ ਖੇੜਾ ਦੇ ਕਿਲ੍ਹੇ ਵਿਚ ਇੱਕ ਰਾਜੇ ਦਾ ਖਜ਼ਾਨਾ ਦੱਬਿਆ ਪਿਆ ਹੈ। ਜਿਸ ਰਾਜੇ ਦਾ ਨਾਂ ਲਿਆ ਗਿਆ, ਉਹ ਅੰਗਰੇਜ਼ ਦੇ ਖਿਲਾਫ ਅਣਖ ਦੀ ਲੜਾਈ ਲੜਦਾ ਜਾਨ ਦੇ ਗਿਆ ਸੀ। ਇਹੋ ਜਿਹੇ ਕਈ ਰਾਜੇ ਮਰਨ ਤੋਂ ਪਹਿਲਾਂ ਆਪਣੇ ਦੱਬੇ ਹੋਏ ਖਜ਼ਾਨੇ ਬਾਰੇ ਕਿਸੇ ਬਹੁਤ ਵਫਾਦਾਰ ਸੇਵਕ ਜਾਂ ਕਿਸੇ ਨੇੜਤਾ ਰੱਖਦੇ ਸਾਧ ਨੂੰ ਦੱਸ ਵੀ ਦੇਂਦੇ ਹੁੰਦੇ ਸਨ। ਹੁਣ ਵੀ ਏਦਾਂ ਦਾ ਕੁਝ ਨਾ ਕੁਝ ਹੋ ਸਕਦਾ ਹੈ, ਪਰ ਜਿੰਨਾ ਇੱਕ ਹਜ਼ਾਰ ਟਨ ਸੋਨਾ ਦੱਬੇ ਹੋਣ ਦੀ ਗੱਲ ਕਹੀ ਗਈ ਹੈ, ਇਸ ਨਾਲ ਉਹ ਸਾਧ ਗੱਪ ਮਾਰਨ ਦਾ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਦਾ ਜਾਪਦਾ ਹੈ।
ਉਂਜ ਜਿਸ ਉਨਾਵ ਜ਼ਿਲ੍ਹੇ ਵਿਚ ਏਨਾ ਸੋਨਾ ਲੱਭਣ ਨੂੰ ਧਰਤੀ ਪੁੱਟੀ ਜਾ ਰਹੀ ਹੈ, ਉਥੋਂ ਦੀ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਬੀਬੀ ਅਨੂ ਟੰਡਨ ਬਿਨਾਂ ਧਰਤੀ ਪੁੱਟੇ ਤੋਂ ਵੀ ਸੋਨਾ ਲੱਭਣ ਦੇ ਤਰੀਕੇ ਜਾਣਦੀ ਹੈ। ਉਸ ਦਾ ਪਤੀ ਸੰਦੀਪ ਟੰਡਨ ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਦਾ ਵੱਡਾ ਅਫਸਰ ਹੁੰਦਾ ਸੀ। ਇੱਕ ਵਾਰੀ ਉਸ ਨੇ ਰਿਲਾਇੰਸ ਵਾਲੇ ਘਰਾਣੇ ਉਤੇ ਛਾਪੇ ਮਰਵਾ ਦਿੱਤੇ ਤੇ ਫਿਰ ਵੱਡਾ ਘਪਲਾ ਫੜਨ ਦੇ ਬਾਅਦ ਸਾਰੀ ਫਾਈਲ ਇਹ ਕਹਿ ਕੇ ਠੱਪ ਕਰ ਦਿੱਤੀ ਕਿ ਕੁਝ ਨਹੀਂ ਮਿਲਿਆ। ਕੁਝ ਦਿਨਾਂ ਬਾਅਦ ਉਸ ਦੇ ਦੋਵੇਂ ਪੁੱਤਰਾਂ ਨੂੰ ਰਿਲਾਇੰਸ ਵਾਲਿਆਂ ਨੇ ਵੱਡੇ ਅਫਸਰ ਲਾ ਲਿਆ ਤੇ ਫਿਰ ਉਸ ਦੀ ਪਤਨੀ ਅਨੂ ਟੰਡਨ ਨੂੰ ਰਾਹੁਲ ਗਾਂਧੀ ਦੀ ਟੀਮ ਵਿਚ ਪਾ ਕੇ ਅਗਲੀ ਵਾਰੀ ਚੋਣ ਵਿਚ ਉਸ ਉਨਾਵ ਹਲਕੇ ਤੋਂ ਪਾਰਲੀਮੈਂਟ ਦੀ ਮੈਂਬਰ ਬਣਵਾ ਲਿਆ, ਜਿੱਥੋਂ ਕਾਂਗਰਸ ਨੂੰ ਜਿੱਤਣ ਦੀ ਆਸ ਹੀ ਨਹੀਂ ਸੀ। ਉਹ ਚੋਣ ਰਿਲਾਇੰਸ ਵਾਲਿਆਂ ਦੇ ਪੈਸੇ ਨਾਲ ਜਿੱਤੀ ਗਈ ਸੀ। ਕਮਾਲ ਦੀ ਗੱਲ ਇਹ ਕਿ ਥੋੜ੍ਹੇ ਦਿਨਾਂ ਪਿੱਛੋਂ ਅਨੂ ਟੰਡਨ ਦੇ ਪਤੀ ਨੇ ਵੀ ਭਾਰਤ ਸਰਕਾਰ ਦੀ ਅਫਸਰੀ ਛੱਡੀ ਤੇ ਰਿਲਾਇੰਸ ਘਰਾਣੇ ਦੇ ਉਸੇ ਅਦਾਰੇ ਵਿਚ ਅਫਸਰ ਜਾ ਬਣਿਆ, ਜਿਸ ਅਦਾਰੇ ਦੇ ਖ਼ਿਲਾਫ਼ ਉਸ ਨੇ ਇਨਕਮ ਟੈਕਸ ਅਫਸਰ ਹੁੰਦਿਆਂ ਛਾਪੇ ਮਾਰੇ ਸਨ। ਜਿਹੜਾ ਉਨਾਵ ਦਾ ਇਲਾਕਾ ਉਥੋਂ ਕਾਂਗਰਸ ਦੀ ਪਾਰਲੀਮੈਂਟ ਮੈਂਬਰ ਅਨੂ ਟੰਡਨ ਲਈ ਸੋਨੇ ਦੀ ਖਾਣ ਸਾਬਤ ਹੋ ਚੁੱਕਾ ਹੈ, ਉਸ ਵਿਚ ਇੱਕ ਕਿਲ੍ਹੇ ਦੀ ਖੁਦਾਈ ਇੱਕ ਸਾਧ ਦੇ ਸੁਫਨੇ ਦਾ ਪ੍ਰਛਾਵਾਂ ਲੱਭਣ ਲਈ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਭਾਰਤੀ ਰਾਜਨੀਤੀ ਦਾ ਅੜਬੰਗ ਪਹਿਲਵਾਨ ਨਰਿੰਦਰ ਮੋਦੀ ਹੈ, ਜਿਹੜਾ ਉਮਰ ਦੇ ਆਖਰੀ ਪੜਾਅ ਵਿਚ ਪੁੱਜੇ ਹੋਏ ਇੱਕ ਸਾਧ ਦੇ ਸੁਫਨੇ ਦਾ ਮਜ਼ਾਕ ਉਡਾਉਣ ਦੇ ਬਾਅਦ ਸਫਾਈਆਂ ਦਿੰਦਾ ਫਿਰਦਾ ਹੈ। ਮੋਦੀ ਵੱਲੋਂ ਸਾਧ ਨਾਲ ਵਿਵਾਦ ਸਹੇੜਨ ਤੇ ਫਿਰ ਪਿੱਛੇ ਹਟਣ ਦੀ ਕਹਾਣੀ ਅਸੀਂ ਬਾਅਦ ਵਿਚ ਪਾਵਾਂਗੇ, ਪਹਿਲਾਂ ਇੱਕ ਹੋਰ ਦਿਲਚਸਪ ਗੱਲ ਸਾਂਝੀ ਕਰ ਲਈਏ।
ਭਾਰਤੀ ਜਨਤਾ ਪਾਰਟੀ ਅਗਲੀ ਪਾਰਲੀਮੈਂਟ ਚੋਣ ਵਿਚ ਮੁਲਕ ਦੀ ਕਮਾਨ ਸਾਂਭਣ ਲਈ ਸਾਰਾ ਤਾਣ ਲਾ ਰਹੀ ਹੈ। ਉਸ ਦੇ ਚੋਣ ਰੈਲੀਆਂ ਦੇ ਪ੍ਰਬੰਧਕਾਂ ਲਈ ਇੱਕ ਹਦਾਇਤਨਾਮਾ-ਰੈਲੀ ਬੀਤੇ ਦਿਨੀਂ ਉਚੇਚ ਨਾਲ ਸਭ ਥਾਂ ਭੇਜਿਆ ਗਿਆ ਹੈ। ਇਸ ਵਿਚ ਇੱਕ ਮੱਦ ਇਹ ਹੈ ਕਿ ਜਿੱਥੇ ਵੀ ਨਰਿੰਦਰ ਮੋਦੀ ਜਾਵੇ, ਉਥੇ ਮਸ਼ਾਲ ਬਾਲਣ ਵਾਸਤੇ ਜਿਹੜੀ ਮਾਚਿਸ ਵਰਤਣੀ ਹੈ, ਉਹ ਅਣ-ਵਰਤੀ ਨਵੀਂ ਰੱਖਣ ਦੀ ਲੋੜ ਨਹੀਂ, ਖੋਲ੍ਹ ਕੇ ਚੈਕ ਕਰ ਲਈ ਜਾਵੇ, ਕਿਉਂਕਿ ਇੱਕ ਥਾਂ ਮਾਚਿਸ ਸਲ੍ਹਾਬੀ ਹੋਈ ਹੋਣ ਕਾਰਨ ਨਰਿੰਦਰ ਮੋਦੀ ਨੂੰ ਮੁਸ਼ਕਲ ਆਈ ਸੀ। ਦੂਸਰੀ ਮੱਦ ਇਹ ਹੈ ਕਿ ਹਰ ਰੈਲੀ ਵਿਚ ਲੋੜ ਅਨੁਸਾਰ ਪੱਖੇ ਰੱਖੇ ਜਾਣ, ਕਿਉਂਕਿ ਇੱਕ ਥਾਂ ਮੋਦੀ ਦੇ ਭਾਸ਼ਣ ਵੇਲੇ ਗਰਮੀ ਕਾਰਨ ਕੁਝ ਲੋਕ ਅਖਬਾਰਾਂ ਨਾਲ ਝੱਲ ਮਾਰ ਰਹੇ ਸਨ ਤੇ ਧਿਆਨ ਪਾਸੇ ਪੈਂਦਾ ਸੀ। ਤੀਸਰੀ ਮੱਦ ਇਹ ਹੈ ਕਿ ਮੀਡੀਆ ਦੇ ਬੈਠਣ ਦਾ ਸਥਾਨ ਆਮ ਜਨਤਾ ਤੋਂ ਤਿੰਨ ਫੁੱਟ ਉਚਾ ਰੱਖਿਆ ਜਾਵੇ, ਕਿਉਂਕਿ ਇੱਕ ਥਾਂ ਉਸ ਨੂੰ ਲੋਕਾਂ ਦੇ ਪੱਧਰ ਉਤੇ ਬਿਠਾ ਦਿੱਤਾ ਗਿਆ ਤੇ ਰੈਲੀ ਦੀਆਂ ਫੋਟੋ ਸਾਫ ਨਹੀਂ ਸਨ ਆਈਆਂ। ਚੌਥੀ ਮੱਦ ਇਹ ਹੈ ਕਿ ਤੰਬੂ ਲਾਉਣ ਵੇਲੇ ਲੋਕਾਂ ਅਤੇ ਮੋਦੀ ਦੇ ਇੱਕ ਦੂਸਰੇ ਵੱਲ ਵੇਖ ਸਕਣ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਇੱਕ ਥਾਂ ਤੰਬੂ ਨੂੰ ਏਨਾ ਨੀਵਾਂ ਲਾਇਆ ਗਿਆ ਸੀ ਕਿ ਦੋਵੇਂ ਇੱਕ ਦੂਸਰੇ ਨੂੰ ਵੇਖ ਨਹੀਂ ਸਨ ਸਕਦੇ। ਪੰਜਵੀਂ ਇਹ ਹੈ ਕਿ ਖਾਸ ਲੋਕਾਂ ਨੂੰ ਕਾਰਡ ਵੰਡਣ ਦੇ ਹਿਸਾਬ ਨਾਲ ਕੁਰਸੀਆਂ ਵੀ ਲਾਈਆਂ ਜਾਣ, ਕਿਉਂਕਿ ਇੱਕ ਥਾਂ ਕਾਰਡ ਵੱਧ ਵੰਡੇ ਗਏ ਤੇ ਕੁਰਸੀਆਂ ਘੱਟ ਹੋਣ ਕਾਰਨ ਸੱਦੇ ਗਏ ਲੋਕ ਸਟੇਜ ਉਤੇ ਆ ਗਏ ਸਨ। ਇਹ ਸਾਰੀਆਂ ਅਤੇ ਕੁਝ ਹੋਰ ਹਦਾਇਤਾਂ ਖੁਦ ਨਰਿੰਦਰ ਮੋਦੀ ਨੇ ਰੈਲੀਆਂ ਦੇ ਪ੍ਰਬੰਧਕਾਂ ਲਈ ਭੇਜੀਆਂ ਹਨ। ਜਿਹੜਾ ਨਰਿੰਦਰ ਮੋਦੀ ਆਪਣੀਆਂ ਰੈਲੀਆਂ ਵਾਸਤੇ ਮਾਚਿਸ ਤੋਂ ਮੀਡੀਆ ਤੱਕ ਦੀ ਹਰ ਗੱਲ ਗਿਣ-ਮਿਥ ਕੇ ਚੱਲਦਾ ਹੈ, ਉਹ ਸੋਨੇ ਦੇ ਸੁਫਨੇ ਲੈਣ ਵਾਲੇ ਇੱਕ ਸਾਧ ਦੀ ਇੱਕੋ ਚਿੱਠੀ ਨਾਲ ਸਫਾਈਆਂ ਦੇਣ ਨੂੰ ਮਜਬੂਰ ਹੋ ਗਿਆ ਹੈ ਤਾਂ ਆਖਰ ਕਾਰਨ ਕੀ ਹੈ? ਕਾਰਨ ਇਸ ਚਿੱਠੀ ਦੇ ਨੁਕਤੇ ਹਨ।
ਸ਼ੋਭਨ ਸਰਕਾਰ ਪੜ੍ਹਿਆ-ਲਿਖਿਆ ਸਾਧ ਹੈ। ਉਹ ਦਲੀਲ ਨਾਲ ਗੱਲ ਕਰਨੀ ਜਾਣਦਾ ਹੈ। ਜਿੱਥੇ ਉਹ ਰਹਿੰਦਾ ਹੈ, ਉਸ ਇਲਾਕੇ ਦੇ ਲੋਕ ਉਸ ਨੂੰ ਉਸ ਦੇ ਕ੍ਰਿਸ਼ਮਿਆਂ ਦੇ ਕਾਰਨ ਨਹੀਂ, ਉਸ ਦੀ ਕਾਰ-ਸੇਵਾ ਦੇ ਲਈ ਹੱਦੋਂ ਬਾਹਰਾ ਸਤਿਕਾਰ ਦੇਂਦੇ ਹਨ। ਜਿਹੜੇ ਲੋਕ ਉਸ ਦੇ ਸੁਫਨੇ ਨੂੰ ਇੱਕ ਬੇਥੱਵੀ ਗੱਲ ਕਹਿ ਕੇ ਹੱਸਣ ਨੂੰ ਮਜਬੂਰ ਹੋ ਜਾਂਦੇ ਹਨ, ਉਹ ਵੀ ਉਸ ਦਾ ਸਤਿਕਾਰ ਕਰਦੇ ਹਨ। ਕਾਰਨ ਇਹ ਹੈ ਕਿ ਉਸ ਇਲਾਕੇ ਵਿਚ ਪਾਣੀ ਦੀ ਦੋਹਰੀ ਸਮੱਸਿਆ ਸੀ। ਹੜ੍ਹਾਂ ਦੇ ਦਿਨਾਂ ਵਿਚ ਲੋਕ ਗੋਤੇ ਖਾਂਦੇ ਹੁੰਦੇ ਸਨ। ਜਦੋਂ ਬਰਸਾਤ ਦੇ ਦਿਨ ਲੰਘ ਜਾਂਦੇ ਤਾਂ ਪੀਣ ਲਈ ਪਾਣੀ ਦੀ ਬੂੰਦ ਨੂੰ ਤਰਸਦੇ ਹੁੰਦੇ ਸਨ। ਕਿਸੇ ਸਿਆਸੀ ਪਾਰਟੀ ਜਾਂ ਸਰਕਾਰ ਨੇ ਇਸ ਦਾ ਹੱਲ ਕੱਢਣ ਵੱਲ ਧਿਆਨ ਨਹੀਂ ਸੀ ਦਿੱਤਾ। ਲੋਕ ਦੱਸਦੇ ਹਨ ਕਿ ਇਸ ਸਾਧ ਨੇ ਕਾਰ-ਸੇਵਾ ਚਲਾਈ ਤੇ ਛੋਟੇ-ਛੋਟੇ ਡੈਮਾਂ ਦੇ ਨਾਲ ਬਰਸਾਤਾਂ ਦੇ ਪਾਣੀ ਨੂੰ ਬੰਨ੍ਹ ਮਾਰ ਕੇ ਛੋਟੇ-ਛੋਟੇ ਸੂਏ ਕੱਢ ਕੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਵੀ ਬਚਾ ਲਿਆ ਤੇ ਅੱਗੋਂ-ਪਿੱਛੋਂ ਖੇਤੀ ਅਤੇ ਘਰਾਂ ਦੀ ਲੋੜ ਲਈ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ। ਉਸ ਦੇ ਬੇਢੱਬੇ ਸੁਫਨੇ ਤੋਂ ਸਾਨੂੰ ਵੀ ਕੌੜ ਹੈ, ਪਰ ਕਾਰ-ਸੇਵਾ ਵਾਲਾ ਇਹ ਪੱਖ ਜੇ ਏਦਾਂ ਹੀ ਹੋਵੇ ਤਾਂ ਸਲਾਹੁਣਾ ਬਣਦਾ ਹੈ।
ਹੁਣ ਆਈਏ ਉਸ ਚਿੱਠੀ ਅਤੇ ਮੋਦੀ ਦੀ ਟਿਪਣੀ ਵਲ, ਜਿਸ ਨੇ ਮੋਦੀ ਨੂੰ ਏਨਾ ਡਰਾਇਆ ਕਿ ਜਵਾਕ ਦੀਆਂ ਕੁਤਕੁਤਾਰੀਆਂ ਕਾਰਨ ਅਖਾੜੇ ਤੋਂ ਭੱਜ ਗਏ ਪਹਿਲਵਾਨ ਵਾਂਗ ਉਹ ਵੀ ਨੱਸ ਤੁਰਿਆ ਹੈ।
ਨਰਿੰਦਰ ਮੋਦੀ ਨੇ ਹਮਲਾ ਸਾਧ ਦੇ ਖਿਲਾਫ ਸਿੱਧਾ ਨਹੀਂ ਸੀ ਕੀਤਾ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਖਿਲਾਫ ਤੋੜਾ ਝਾੜਿਆ ਤੇ ਇਹ ਆਖਿਆ ਸੀ ਕਿ ਇੱਕ ਬੰਦੇ ਨੂੰ ਸੁਫਨਾ ਆ ਗਿਆ ਤੇ ਭਾਰਤ ਸਰਕਾਰ ਹੁਣ ਸੋਨੇ ਦੀ ਭਾਲ ਵਿਚ ਜ਼ਮੀਨ ਫੋਲਦੀ ਫਿਰਦੀ ਹੈ। ਨਾਲ ਇਹ ਕਹਿ ਦਿੱਤਾ ਸੀ ਕਿ ਸੋਨਾ ਲੱਭਣਾ ਨਹੀਂ, ਇਹੋ ਸਮਾਂ ਤੇ ਸ਼ਕਤੀ ਮਨਮੋਹਨ ਸਿੰਘ ਨੂੰ ਭਾਰਤ ਦਾ ਉਹ ਕਾਲਾ ਧਨ ਵਾਪਸ ਲਿਆਉਣ ਨੂੰ ਲਾਉਣੇ ਚਾਹੀਦੇ ਹਨ, ਜਿਹੜਾ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਪਿਆ ਹੈ। ਹਮਲਾ ਪ੍ਰਧਾਨ ਮੰਤਰੀ ਉਤੇ ਕੀਤਾ ਸੀ, ਗੁੱਸਾ ਉਸ ਸਾਧ ਨੂੰ ਚੜ੍ਹ ਗਿਆ। ਉਸ ਨੇ ਜਵਾਬ ਵਿਚ ਇੱਕ ਚਿੱਠੀ ਲਿਖ ਮਾਰੀ, ਜਿਸ ਦਾ ਹਰ ਨੁਕਤਾ ਕੁਝ ਕਹਿੰਦਾ ਹੈ।
ਪਹਿਲੀ ਗੱਲ ਇਸ ਚਿੱਠੀ ਵਿਚ ਇਹ ਪੁੱਛੀ ਗਈ ਹੈ ਕਿ ਜਿਹੜਾ ਕਾਲਾ ਧਨ ਸਵਿਟਜ਼ਰਲੈਂਡ ਵਾਲੇ ਬੈਂਕਾਂ ਵਿਚ ਪਿਆ ਹੈ, ਕੀ ਉਹ ਉਦੋਂ ਨਹੀਂ ਸੀ, ਜਦੋਂ ਭਾਜਪਾ ਦੀ ਅਗਵਾਈ ਵਾਲੀ ਵਾਜਪਾਈ ਸਰਕਾਰ ਹੁੰਦੀ ਸੀ? ਇਸ ਦੀ ਜਾਣਕਾਰੀ ਦੇ ਦਿਉ ਕਿ ਵਾਜਪਾਈ ਸਰਕਾਰ ਨੇ ਕਿੰਨਾ ਕਾਲਾ ਧਨ ਵਾਪਸ ਮੰਗਵਾਇਆ ਸੀ ਤੇ ਜੇ ਮੰਗਵਾਇਆ ਨਹੀਂ ਸੀ ਤਾਂ ਉਦੋਂ ਇਸ ਦਾ ਚੇਤਾ ਕਿਉਂ ਨਹੀਂ ਸੀ ਆਇਆ ਤੇ ਭਾਜਪਾ ਨੂੰ ਹੁਣ ਚੇਤਾ ਕਿਉਂ ਆਇਆ ਹੈ? ਦੂਸਰਾ ਇਹ ਕਿ ਭਾਜਪਾ ਜਿਹੜਾ ਕਰੋੜਾਂ ਰੁਪਏ ਦਾ ਬੱਜਟ ਨਰਿੰਦਰ ਮੋਦੀ ਨੂੰ ਉਭਾਰਨ ਉਤੇ ਖਰਚ ਕਰ ਰਹੀ ਹੈ, ਉਸ ਦੇ ਵਿਚ ਕਾਲਾ ਧਨ ਕਿੰਨਾ ਹੈ ਤੇ ਚਿੱਟਾ ਕਿੰਨਾ ਅਤੇ ਇਸ ਦੇ ਸਰੋਤ ਕੀ ਹਨ?
ਇਸ ਤੋਂ ਬਾਅਦ ਉਸ ਨੇ ਇਹ ਗਿਣਾਉਣ ਉਤੇ ਤਵਾ ਲਾ ਦਿੱਤਾ ਕਿ ਭਾਜਪਾ ਲੀਡਰਾਂ ਦਾ ਕਿਰਦਾਰ ਝੂਠ ਬੋਲ ਕੇ ਲੋਕਾਂ ਨੂੰ ਵਰਗਲਾਉਣ ਦੇ ਪੱਖੋਂ ਕਿਸ ਪੱਧਰ ਦਾ ਅਤੇ ਕਿੰਨਾ ਪੁਰਾਣਾ ਹੈ? ਸ਼ੁਰੂਆਤ ਉਸ ਨੇ ਭਗਵਾਨ ਰਾਮ ਦੇ ਸ੍ਰੀਲੰਕਾ ਲਈ ਬਣਾਏ ਉਸ ਪੁਲ ਤੋਂ ਕੀਤੀ ਹੈ, ਜਿਸ ਨੂੰ ਤੋੜੇ ਜਾਣ ਦਾ ਵਿਰੋਧ ਹੁਣ ਭਾਜਪਾ ਕਰਦੀ ਹੈ। ਇਹ ਤੱਥ ਉਸ ਨੇ ਪੇਸ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਭਾਜਪਾ ਰਾਮ-ਸੇਤੂ ਬਾਰੇ ਵੀ ਭੁਲੇਖਾ ਖੜਾ ਕਰ ਰਹੀ ਹੈ, ਉਹ ਪੁਲ ਤਾਂ ਸ੍ਰੀਲੰਕਾ ਤੋਂ ਮੁੜਨ ਲੱਗਿਆਂ ਪੁਸ਼ਪਕ ਵਿਮਾਨ ਵਿਚ ਚੜ੍ਹਨ ਵੇਲੇ ਰਾਮ ਜੀ ਨੇ ਖੁਦ ਵਿਭੀਸ਼ਣ ਨੂੰ ਕਹਿ ਕੇ ਤੁੜਵਾ ਦਿੱਤਾ ਸੀ। ਇਹ ਗੱਲ ਪਦਮ ਪੁਰਾਣ ਵਿਚ ਦਰਜ ਹੈ, ਜਿਸ ਨੂੰ ਭਾਜਪਾ ਨੇਤਾ ਪੜ੍ਹਦੇ ਨਹੀਂ, ਮੱਥਾ ਟੇਕ ਛੱਡਦੇ ਹਨ। ਦੂਸਰੀ ਗੱਲ ਉਸ ਨੇ ਇਹ ਚੁੱਕੀ ਕਿ ਜਦੋਂ ਟੀਹਰੀ ਗੜ੍ਹਵਾਲ ਦਾ ਡੈਮ ਬਣਨਾ ਸੀ, ਭਾਜਪਾ ਦੇ ਆਗੂਆਂ ਨੇ ਸਾਧੂ-ਸੰਤਾਂ ਨੂੰ ਨਾਲ ਲੈ ਕੇ ਉਸ ਦਾ ਵਿਰੋਧ ਕੀਤਾ ਸੀ, ਪਰ ਪਿੱਛੇ ਜਿਹੇ ਜਦੋਂ ਕੇਦਾਰ ਨਾਥ ਦੇ ਹੜ੍ਹ ਆਏ ਤਾਂ ਇਹੋ ਪੁਲ ਸੀ, ਜਿਸ ਦੇ ਕਾਰਨ ਉਸ ਇਲਾਕੇ ਦੇ ਲੋਕ ਰੁੜ੍ਹਨ ਤੋਂ ਬਚ ਗਏ ਸਨ। ਅੱਜ ਉਸ ਖੇਤਰ ਦੇ ਸਾਧੂ ਤਾਂ ਇਹ ਕਹਿੰਦੇ ਹਨ ਕਿ ਅਸੀਂ ਵਿਰੋਧ ਕਰ ਕੇ ਗਲਤੀ ਕਰਦੇ ਰਹੇ ਸੀ, ਕੀ ਭਾਜਪਾ ਦੇ ਆਗੂ ਵੀ ਇਸ ਮਾਮਲੇ ਵਿਚ ਕੀਤੀ ਹੋਈ ਗਲਤੀ ਨੂੰ ਮੰਨਣਗੇ?
ਤੀਸਰਾ ਸਵਾਲ ਇਹ ਹੈ ਕਿ ਜਦੋਂ ਰਾਜੀਵ ਗਾਂਧੀ ਅਤੇ ਸੈਮ ਪੈਤਰੋਦਾ ਨੇ ਦੇਸ਼ ਵਿਚ ਕੰਪਿਊਟਰ ਦੀ ਗੱਲ ਚਲਾਈ ਸੀ ਤਾਂ ਭਾਜਪਾ ਦੇ ਲੀਡਰ ਇਸ ਦਾ ਵੀ ਵਿਰੋਧ ਕਰਦੇ ਸਨ, ਕੀ ਅੱਜ ਨਰਿੰਦਰ ਮੋਦੀ ਉਸੇ ਕੰਪਿਊਟਰ ਉਤੇ ਫੇਸਬੁੱਕ ਦੀ ਵਰਤੋਂ ਕਰਦਾ ਹੋਇਆ ਉਸ ਦੇ ਖਾਤੇ ਵਿਚ ਇਹ ਲਿਖੇਗਾ ਕਿ ਸਾਡੀ ਪਾਰਟੀ ਨੇ ਅਜਿਹਾ ਕਰ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਗੁਨਾਹ ਵੀ ਕੀਤਾ ਸੀ?
ਅੰਤਲਾ ਗੋਲਾ ਉਸ ਨੇ ਨਰਿੰਦਰ ਮੋਦੀ ਦੀਆਂ ਰੈਲੀਆਂ ਲਈ ਆਧਾਰ ਤਿਆਰ ਕਰਦੇ ਬਾਬਾ ਰਾਮਦੇਵ ਦੇ ਵੱਲ ਦਾਗਿਆ ਹੈ। ਸੰਤ ਸ਼ੋਭਨ ਸਰਕਾਰ ਨੇ ਲਿਖਿਆ ਹੈ ਕਿ ਕੀ ਇਹ ਸੱਚ ਨਹੀਂ ਕਿ ਦਿੱਲੀ ਵਾਲੀ ਮੁਹਿੰਮ ਚੱਲ ਚੁੱਕਣ ਤੋਂ ਬਾਅਦ ਸਵਾਮੀ ਰਾਮਦੇਵ ਨੇ ਵੱਖ-ਵੱਖ ਥਾਂਈਂ ਅੱਸੀ ਏਕੜ ਜ਼ਮੀਨ ਦਾ ਕਬਜ਼ਾ ਇਹ ਮੰਨ ਕੇ ਛੱਡਿਆ ਹੈ ਕਿ ਇਥੇ ਉਸ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ? ਉਸ ਨੇ ਪੁੱਛਿਆ ਹੈ ਕਿ ਜਿਹੜਾ ਰਾਮਦੇਵ ਆਪ ਮੰਨ ਚੁੱਕਾ ਹੈ ਕਿ ਉਸ ਨੇ ਜ਼ਮੀਨਾਂ ਉਤੇ ਨਾਜਾਇਜ਼ ਕਬਜ਼ੇ ਕੀਤੇ ਸਨ, ਉਹ ਮੋਦੀ ਦੇ ਲਈ ਇਨਾ ਤਿੱਖਾ ਕਿਉਂ ਵਗ ਰਿਹਾ ਹੈ?
ਇਨ੍ਹਾਂ ਸਵਾਲਾਂ ਦਾ ਜਵਾਬ ਕਿਸੇ ਨੇ ਨਹੀਂ ਦਿੱਤਾ। ਹੈਰਾਨੀ ਇਸ ਵਾਸਤੇ ਨਹੀਂ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਨਰਿੰਦਰ ਮੋਦੀ ਨੇ ਨਹੀਂ ਦਿੱਤਾ, ਸਗੋਂ ਭਾਜਪਾ ਦੇ ਕਿਸੇ ਬੁਲਾਰੇ ਨੇ ਵੀ ਇਨ੍ਹਾਂ ਤੱਥਾਂ ਦੇ ਖੰਡਨ ਦੀ ਜੁਰਅੱਤ ਨਹੀਂ ਕੀਤੀ ਤੇ ਸਵਾਮੀ ਰਾਮਦੇਵ ਵੀ ਆਪਣੇ ਬਾਰੇ ਕਹੀ ਗੱਲ ਦੀ ਸਫਾਈ ਨਹੀਂ ਦੇ ਸਕਿਆ। ਸਾਰਿਆਂ ਦੀ ਚੁੱਪ ਦੱਸਦੀ ਹੈ ਕਿ ਸੁਫਨੇ ਦੀ ਗੱਲ ਜੇ ਵੱਖ ਰੱਖ ਲਈ ਜਾਵੇ ਤਾਂ ਮੋਦੀ ਤੋਂ ਭਾਜਪਾ ਅਤੇ ਰਾਮਦੇਵ ਤੱਕ ਸਾਰਿਆਂ ਨੂੰ ਉਸ ਸਾਧ ਨੇ ਏਦਾਂ ਅਖਾੜੇ ਤੋਂ ਬਾਹਰ ਕੱਢ ਦਿੱਤਾ ਹੈ, ਜਿਵੇਂ ਕੁਤਕੁਤਾਰੀਆਂ ਕੱਢਣ ਵਾਲੇ ਜਵਾਕ ਨੇ ਪਹਿਲਵਾਨ ਨੂੰ ਕੱਢਿਆ ਸੀ।
Leave a Reply