ਤਕੀਆ-ਕਲਾਮ

ਬਲਜੀਤ ਬਾਸੀ
ਫੋਨ: 734-259-9353
ਉਮਰ ਭਰ ਵੋ ਕਹਿਤੇ ਰਹੇ ਹਮ ਤੁਮਹਾਰੇ ਹਂੈ,
ਆਜ ਮਾਲੂਮ ਹੂਆ ਯੇ ਤੋ ਉਨਕਾ ਤਕੀਆ ਕਲਾਮ ਹੈ।
ਰੋਜ਼ਾਨਾ ਗੱਲਬਾਤ ਵਿਚ ਅਸੀਂ ਕਈ ਐਸੇ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਵਰਤੋਂ ਕਰਦੇ ਹਾਂ ਜੋ ਆਦਤਨ ਬਾਰ-ਬਾਰ ਦੁਹਰਾਏ ਜਾਂਦੇ ਹਨ ਜਦ ਕਿ ਅਜਿਹੇ ਬੋਲ ਬੋਲਣ ਦੀ ਕੋਈ ਜਰੂਰਤ ਨਹੀਂ ਹੁੰਦੀ। ਕੁਝ ਬਹੁਤ ਵਰਤੇ ਜਾਣ ਵਾਲੇ ਪੰਜਾਬੀ ਭਾਸ਼ਾ ਦੇ ਅਜਿਹੇ ਬੋਲਾਂ ਦੀਆਂ ਵੰਨਗੀਆਂ ਪੇਸ਼ ਕਰਦੇ ਹਾਂ,

‘ਮਖ, ਗੁਰੂ, ਕੀ ਦੱਸਾਂ, ਯਾਰ, ਸਮਝੇ?, ਨਹੀਂ ਸਮਝੇ?, ਜਮ੍ਹਾਂ ਹੀ, ਅਸਲ ਗੱਲ ਇਹ ਹੈ, ਮਤਲਬ ਕਿ, ਹੱਦ ਹੋ ਗਈ।’ ਕਈ ਤਾਂ ਗੱਲ-ਗੱਲ ‘ਤੇ ਗਾਲ਼ ਹੀ ਕੱਢੀ ਜਾਣਗੇ। ਅਜਿਹੇ ਉਚਾਰਾਂ ਨੂੰ ‘ਤਕੀਆ-ਕਲਾਮ’ ਕਿਹਾ ਜਾਂਦਾ ਹੈ। ਵੱਧ-ਘੱਟ ਹਰ ਵਿਅਕਤੀ ਇਸ ਭਾਸ਼ਾਈ ਆਦਤ ਦਾ ਸ਼ਿਕਾਰ ਹੈ। ਇਹ ਬੋਲ ਗੱਲ-ਬਾਤ ਵਿਚ ਇੱਕ ਤਰ੍ਹਾਂ ਨਾਲ ਨਿਰਰਥਕ ਭਰਤੀ ਹੁੰਦੇ ਹਨ ਤੇ ਇਸ ਭਰਤੀ ਦੀ ਪ੍ਰਵਿਰਤੀ ਹਰ ਭਾਸ਼ਾ ਦੇ ਬੋਲਣਹਾਰਾਂ ਵਿਚ ਦੇਖੀ ਗਈ ਹੈ। ਜਿਵੇਂ ਅੰਗਰੇਜ਼ੀ ਵਿਚ, ੈੋੁYou see, I mean , the thing is ਵਗੈਰਾ ਵਗੈਰਾ। ਕਈ ਲੋਕ ਤਾਂ ਆਪਣੇ ਤਕੀਆ-ਕਲਾਮ ਵਿਚ ਇਸ ਹੱਦ ਤੱਕ ਕੈਦ ਹੋ ਜਾਂਦੇ ਹਨ ਕਿ ਉਹ ਇਕੋ ਫਿਕਰੇ ਵਿਚ ਇੱਕ ਤੋਂ ਵੱਧ ਵਾਰ ਇਸ ਨੂੰ ਦੁਹਰਾ ਦਿੰਦੇ ਹਨ। ਅਜਿਹਾ ਤਕੀਅ-ਕਲਾਮ ਅਕਸਰ ਸਰੋਤਿਆਂ ਨੂੰ ਚੁੱਭਣ ਵੀ ਲਗਦਾ ਹੈ। ਕੁਝ ਲੋਕ ਰਾਜਸੀ, ਧਾਰਮਕ ਜਾਂ ਕਲਾ ਖੇਤਰ ਦੇ ਆਪਣੇ ਨਾਇਕਾਂ ‘ਤੇ ਏਨੇ ਫਿਦਾ ਹੁੰਦੇ ਹਨ ਕਿ ਉਹ ਉਨ੍ਹਾਂ ਦੇ ਤਕੀਆ ਕਲਾਮਾਂ ਦੀ ਨਕਲ ਕਰਕੇ ਖੁਦ ਅਪਣਾ ਲੈਂਦੇ ਹਨ। ਮਰਹੂਮ ਕਮਿਉਨਿਸਟ ਲੀਡਰ ਹਰਕਿਸ਼ਨ ਸਿੰਘ ਸੁਰਜੀਤ ਆਪਣੇ ਲੈਕਚਰਾਂ ਜਾਂ ਗੱਲਬਾਤ ਵਿਚ ਅਕਸਰ ‘ਦੂਜੇ ਤੀਜੇ’ ਸ਼ਬਦ ਦੀ ਦੁਹਰਾਈ ਕਰਦੇ ਸਨ। ਦਹਾਕਿਆਂ ਤੱਕ ਰਹੇ ਉਨ੍ਹਾਂ ਦੇ ਸਾਥੀ ਤੇ ਅਨੁਆਈ ਨੇਤਾ ਮੰਗਤ ਰਾਮ ਪਾਸਲਾ ਨੇ ਵੀ ਰੀਸੋ-ਰੀਸੀ ਜਾਂ ਅਚੇਤ ਹੀ ਇਹੋ ਤਕੀਆ-ਕਲਾਮ ਆਪਣਾ ਲਿਆ। ਬਾਅਦ ਵਿਚ ਪਾਸਲਾ ਸੁਰਜੀਤ ਦੇ ਨਾ ਸਿਰਫ਼ ਵਿਰੁਧ ਹੀ ਹੋ ਗਿਆ ਬਲਕਿ ਉਸ ਨੇ ਬਰਾਬਰ ਨਵੀਂ ਪਾਰਟੀ ਵੀ ਬਣਾ ਲਈ ਪਰ ਉਸ ਦਾ ਤਕੀਆ ਕਲਾਮ ਅੱਜ ਤੱਕ ਉਹੋ ਹੈ।
ਦੇਖਿਆ ਗਿਆ ਹੈ ਕਿ ਕਈ ਵਾਰ ਤਕੀਆ ਕਲਾਮ ਬੰਦੇ ਦੀ ਅੱਲ ਜਾਂ ਛੇੜ ਵੀ ਬਣ ਜਾਂਦਾ ਹੈ। ਸਾਡੇ ਇੱਕ ਅਧਿਆਪਕ ਦਾ ਤਕੀਆ-ਕਲਾਮ ‘ਸਮਝੇ’ ਸੀ ਤੇ ਅਸੀਂ ਉਸ ਦਾ ਕੁਨਾਂ ਪਾ ਦਿੱਤਾ ‘ਸਮਝਦਾਰ’। ਫਿਲਮਾਂ, ਟੀਵੀ ਦੇ ਲੜੀਵਾਰ ਨਾਟਕਾਂ, ਸਕਿੱਟਾਂ ਇਥੋਂ ਤੱਕ ਕਿ ਗਲਪ ਸਾਹਿਤ ਵਿਚ ਕਿਸੇ ਕਿਰਦਾਰ, ਖਾਸ ਤੌਰ ‘ਤੇ ਖਲਨਾਇਕ ਜਾਂ ਕਾਮੇਡੀਅਨ ਨੂੰ ਨਿਵੇਕਲਾ ਦਿਖਾਉਣ ਲਈ ਉਸ ਦੇ ਸੰਵਾਦਾਂ ਵਿਚ ਤਕੀਆ ਕਲਾਮ ਫਿੱਟ ਕੀਤੇ ਜਾਂਦੇ ਹਨ। ਇਹ ਇਕ ਪੁਰਾਣੀ ਸਾਹਿਤਕ ਜੁਗਤ ਵੀ ਹੈ। ਜਸਵਿੰਦਰ ਭੱਲਾ ਆਪਣੀਆਂ ਫਿਲਮਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਇਸ ਦੀ ਬਹੁਤ ਵਰਤੋਂ ਕਰਦੇ ਹਨ ਜੋ ਕਈ ਵਾਰੀ ਕੰਨਾਂ ਨੂੰ ਖਟਕਦਾ ਵੀ ਹੈ। ਇਕ ਫਿਲਮ ਵਿਚ ਉਹ ਹਰ ਦੂਜੇ-ਚੌਥੇ ਫਿਕਰੇ ਵਿਚ ‘ਮੈਂ ਤਾਂ ਭੰਨ ਦਊਂ ਬੁਲਾਂ ਨਾਲ ਖਰੋਟ’ ਦੀ ਰੱਟ ਲਾਈ ਰੱਖਦਾ ਹੈ। ਹਿੰਦੀ ਫਿਲਮਾਂ ਵਿਚ ਵੀ ਇਸ ਦੀ ਖੂਬ ਵਰਤੋਂ ਹੋਈ ਹੈ। ਇੱਕ ਲੜੀਵਾਰ ਨਾਟਕ ਦੇ ਪਹਿਲੇ ਇੱਕ-ਦੋ ਸ਼ੋਆਂ ਵਿਚ ਤਾਂ ਪਟਕਥਾ ਲੇਖਕ ਨੇ ਆਪਣੇ ਪਾਤਰਾਂ ‘ਤੋਂ ਕੋਈ ਤਕੀਆ ਕਲਾਮ ਨਹੀਂ ਬੁਲਵਾਇਆ ਪਰ ਬਾਅਦ ਦੀਆਂ ਕਿਸ਼ਤਾਂ ਵਿਚ ਇਸ ਦੀ ਵਰਤੋਂ ਵਧਦੀ ਹੀ ਗਈ ਜੋ ਪੰਜ ਹਜ਼ਾਰ ਤੱਕ ਪੁੱਜ ਗਈ। ਨਿਸਚੇ ਹੀ ਸ੍ਰੋਤੇ ਇਸ ਨੂੰ ਪਸੰਦ ਕਰਦੇ ਹੋਣਗੇ, ਜੋ ਲੇਖਕ ਨੇ ਇਹ ਜੁਗਤ ਅਪਣਾਈ। ‘ਮਿਸਟਰ ਇੰਡੀਆ’ ਵਿਚ ਅਮਰੀਸ਼ ਪੁਰੀ ਦਾ ‘ਮਗੈਂਬੋ ਖੁਸ਼ ਹੂਆ’ ਤਾਂ ਹਰ ਇਕ ਦੇ ਮੂੰਹ ਚੜ੍ਹ ਗਿਆ। ਸ਼ਤਰੂਘਨ ਸਿਨਹਾ ਲਗ-ਭਗ ਹਰ ਫਿਲਮ ਵਿਚ ‘ਖਾਮੋਸ਼’ ਬਹੁਤ ਵਾਰੀ ਬੋਲਦਾ ਹੈ। ਜੇ ਇੱਕ ਪਾਸੇ ਤਕੀਆ-ਕਲਾਮ ਬੋਲਣਹਾਰੇ ਦੇ ਆਲਸ ਵੱਲ ਸੰਕੇਤ ਕਰਦਾ ਹੈ ਤਾਂ ਦੂਜੇ ਪਾਸੇ ਉਸ ਨੂੰ ਸੋਚਣ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਸ੍ਰੋਤਿਆਂ ਪ੍ਰਤੀ ਸੰਚਾਰ ਨੂੰ ਸੁਗਮ, ਪ੍ਰਭਾਵਸ਼ਾਲੀ ਤੇ ਪ੍ਰਵਾਹਮਈ ਬਣਾਉਂਦਾ ਹੈ। ਤਕੀਆ ਕਲਾਮ ਨੂੰ ਨਿਰਾ ਤਕੀਆ ਵੀ ਕਿਹਾ ਜਾਂਦਾ ਹੈ ਤੇ ਸੁਖਨ-ਤਕੀਆ ਵੀ। ਪੰਜਾਬੀ ਵਿਚ ਇਸ ਨੂੰ ‘ਮੂੰਹ ਚੜ੍ਹਿਆ ਸ਼ਬਦ’ ਵੀ ਕਹਿ ਸਕਦੇ ਹਾਂ।
ਇੱਕ ਥਾਣੇਦਾਰ ਦਾ ਤਕੀਆ ਕਲਾਮ ਸੀ ‘ਸ਼ੁਕਰੀਆ ਜੀ’। ਫਰਿਆਦੀ ਚਾਹੇ ਕਿਸੇ ਵੀ ਗੰਭੀਰ ਤੋਂ ਗੰਭੀਰ ਸ਼ਿਕਾਇਤ ਯਾਨੀ ਚੋਰੀ ਡਕੈਤੀ, ਕਤਲ ਤੱਕ ਦੀ ਰਿਪੋਰਟ ਲਿਖਾਉਣ ਆਇਆ ਹੋਵੇ, ਥਾਣੇਦਾਰ ਗੱਲ ਸੁਣ ਕੇ ਆਖ ਦਿੰਦਾ ਸੀ, ‘ਸ਼ੁਕਰੀਆ ਜੀ’। ਇੱਕ ਦਿਨ ਇਕ ਬੰਦਾ ਆਪਣੇ ਕੰਮ ਤੋਂ ਪਹਿਲਾਂ ਹੀ ਰੁਖਸਤ ਹੋ ਕੇ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਘਰ ਵਿਚ ਉਸ ਦੀ ਪਤਨੀ ਕਿਸੇ ਹੋਰ ਬੰਦੇ ਨਾਲ ਹਮ-ਬਿਸਤਰ ਹੋਈ ਪਈ ਹੈ। ਉਸ ਨੂੰ ਏਨਾ ਗੁੱਸਾ ਆਇਆ ਕਿ ਉਸ ਨੇ ਗੋਲੀ ਮਾਰ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ ਤੇ ਖੁਦ ਥਾਣੇ ਪੇਸ਼ ਹੋ ਗਿਆ। ਉਸ ਨੇ ਥਾਣੇਦਾਰ ਨੂੰ ਸਾਰਾ ਵਾਕਿਆ ਸੱਚੋ-ਸੱਚ ਬਿਆਨ ਦਿੱਤਾ ਤਾਂ ਥਾਣੇਦਾਰ ਨੇ ਬੜੇ ਠਰੰ੍ਹਮੇ ਨਾਲ ਜਵਾਬ ਦਿੱਤਾ, ‘ਸ਼ੁਕਰੀਆ ਜੀ’। ਹੈਰਾਨ ਹੋਏ ਮੁਲਜ਼ਿਮ ਨੇ ਪੁੱਛਿਆ ਕਿ ਮੈਂ ਏਨਾ ਗੰਭੀਰ ਜੁਰਮ ਕੀਤਾ ਹੈ, ਜਿਸ ‘ਤੇ ਮੈਨੂੰ ਫਾਂਸੀ ਹੋ ਸਕਦੀ ਹੈ, ਪਰ ਤੁਸੀਂ ਕਹਿ ਰਹੇ ਹੋ ‘ਸ਼ੁਕਰੀਆ ਜੀ’ ਇਹ ਕੀ ਮਾਜਰਾ ਹੋਇਆ? ਥਾਣੇਦਾਰ ਦਾ ਜਵਾਬ ਸੀ ਕਿ ਭਾਵੇਂ ‘ਸ਼ੁਕਰੀਆ ਜੀ’ ਮੇਰਾ ਤਕੀਆ ਕਲਾਮ ਹੈ ਪਰ ਇਸ ਵਾਰੀ ਮੈਂ ਸੱਚ-ਮੁੱਚ ਸ਼ੁਕਰੀਆ ਕਹਿ ਰਿਹਾ ਹਾਂ, ਮੇਰਾ ਮਤਲਬ ਹੈ ਕਿ ਸ਼ੁਕਰ ਹੈ ਮੈਂ ਅੱਜ ਤੁਹਾਡੇ ਘਰ ਵਿਚ ਨਹੀਂ ਸੀ।
‘ਤਕੀਆ-ਕਲਾਮ’ ਸ਼ਬਦ-ਜੁੱਟ ਅਰਬੀ ਦੇ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਮੇਰੇ ਗਿਆਨ ਅਨੁਸਾਰ ‘ਤਕੀਆ’ ਅਰਬੀ ਮੂਲ ਦਾ ਸ਼ਬਦ ਹੈ ਜਿਸ ਦਾ ਅਰਥ ਸਹਾਰਾ ਅਤੇ ਸਿਰਹਾਣਾ ਹੈ ਤੇ ‘ਕਲਾਮ’ ਵੀ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬੋਲ, ਵਚਨ, ਕਥਨ। ਇਸ ਤਰ੍ਹਾਂ, ‘ਤਕੀਆ-ਕਲਾਮ’ ਦਾ ਸ਼ਾਬਦਿਕ ਅਰਥ ਹੈ ਉਹ ਸ਼ਬਦ ਜਾਂ ਵਾਕ, ਜਿਸ ਦਾ ਵਿਅਕਤੀ ਬੋਲਦੇ ਸਮੇਂ ਸਹਾਰਾ ਲੈਂਦਾ ਹੈ। ਗੱਲ-ਬਾਤ ਜਾਂ ਭਾਸ਼ਨ ਦੌਰਾਨ ਆਮ ਤੌਰ ‘ਤੇ ਸਾਨੂੰ ਲਗਾਤਾਰ ਗੱਲ ਨਹੀਂ ਔੜਦੀ ਇਸ ਲਈ ਆਦਤ ਬਣ ਚੁੱਕੇ ਸ਼ਬਦ ਵਿਚ ਵਾੜ ਕੇ ਆਪਣੀ ਕਮਜ਼ੋਰੀ ਲਈ ਸਹਾਰਾ ਲੈ ਲੈਂਦੇ ਹਾਂ। ਐਨ ਉਸੇ ਤਰਾਂ ਜਿਵੇਂ ਅਸੀਂ ਬਿਸਤਰ ‘ਤੇ ਪਏ ਹੋਏ ਸਿਰ ਨੂੰ ਸਹਾਰਾ ਦੇਣ ਲਈ ਤਕੀਏ ਮਤਲਬ ਸਿਰਹਾਣੇ ਦਾ ਸਹਾਰਾ ਲੈਂਦੇ ਹਾਂ। ਅੱਜ ਕਲ੍ਹ ਆਮ ਤੌਰ ‘ਤੇ ਪੰਜਾਬੀ ਵਿਚ ਤਕੀਆ ਸ਼ਬਦ ਸਿਰਹਾਣੇ ਦੇ ਅਰਥਾਂ ਵਿਚ ਹੀ ਵਰਤਿਆ ਜਾਂਦਾ ਹੈ ਪਰ ਗੁਰੂ ਅਰਜਨ ਦੇਵ ਨੇ ਇਹ ਸ਼ਬਦ ਸਹਾਰਾ ਦੇ ਅਰਥਾਂ ਵਿਚ ਵਰਤਿਆ ਹੈ, ‘ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ’। ‘ਮਹਾਨ ਕੋਸ’L ਨੇ ਵੀ ਇਸ ਸ਼ਬਦ ਨੂੰ ਅਰਬੀ ਮੂਲ ਦਾ ਦੱਸਿਆ ਹੈ। ਹਾਂ ਇਹ ਗੱਲ ਜ਼ਰੂਰ ਹੈ ਕਿ ਇਹ ਸ਼ਬਦ ਫਾਰਸੀ ਰਾਹੀਂ ਹੀ ਸਾਡੀਆਂ ਭਾਸ਼ਾਵਾਂ ਵਿਚ ਆਇਆ। ਸ਼ਾਇਦ ਇਸ ਦਾ ਸਿਰਹਾਣਾ ਅਰਥ ਫਾਰਸੀ ਵਿਚ ਹੀ ਵਿਕਸਿਤ ਹੋਇਆ। ਸੂਫੀ ਫ਼ਕੀਰਾਂ ਦੇ ਆਸ਼ਰਮ ਜਾਂ ਡੇਰੇ ਨੂੰ ਵੀ ਤਕੀਆ ਕਹਿੰਦੇ ਹਨ ਤੇ ਕਬਰਿਸਤਾਨ ਨੂੰ ਵੀ। ਕਾਨੂੰਨੀ ਤੌਰ ਤੇ ਇਹ ਵਕਫ਼ ਬੋਰਡ ਦੀ ਜਾਇਦਾਦ ਹੁੰਦੇ ਹਨ। ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਤਕੀਏ ਮਿਲ ਜਾਂਦੇ ਹਨ। ਕਪੂਰਥਲਾ ਜ਼ਿਲੇ ਦੇ ਇੱਕ ਪਿੰਡ ਦਾ ਨਾਂ ਤਕੀਆ ਹੈ। ਤਕੀਆ ਸ਼ਬਦ ਦੇ ਮੂਲ ਵਿਚ ਅਰਬੀ ਧਾਤੂ ਵਾ-ਕਾਫ਼-ਯੇ ਹੈ ਜਿਸ ਵਿਚ ਝੁਕਣ, ਸਹਾਰਾ ਦੇਣ, ਢੋਅ ਲੈਣ, ਪੈਣ ਦੇ ਭਾਵ ਹਨ। ਇਸ ਦੇ ਅੱਗੇ ਤ ਅਗੇਤਰ ਲੱਗ ਕੇ ਤਕੀਆ ਸ਼ਬਦ ਬਣਦਾ ਹੈ ਅਤੇ ‘ਮ’ ਅਗੇਤਰ ਲੱਗ ਕੇ ਮੁਤੱਕਾ ਸ਼ਬਦ ਬਣਦਾ ਹੈ। ਅਰਬੀ ਵਿਚ ‘ਮੁਤੱਕਾ’ ਸ਼ਬਦ ਦੇ ਅਰਥ ਹਨ ਦੀਵਾਨ, ਓਟ, ਢੋਅ, ਸੋਫ਼ਾ, ਗੱਦੀ। ਕਿਧਰੇ ਕਿਧਰੇ ਸਿਰਹਾਣਾ ਵੀ ਮਿਲਦੇ ਹਨ। ਹਿੰਦੀ ਨਿਰੁਕਤਕਾਰ ਅਜਿਤ ਵਡਨੇਰਕਰ ਨੇ ਇਸ ਸ਼ਬਦ ਨੂੰ ਫਾਰਸੀ ਮੂਲ ਦਾ ਦੱਸ ਕੇ ਅੱਗੇ ਇਸ ਨੂੰ ਹਿੰਦ-ਇਰਾਨੀ ਤੇ ਹੋਰ ਅੱੱਗੇ ਭਾਰੋਪੀ ਮੂਲ ਦਾ ਸ਼ਬਦ ਦਰਸਾਇਆ ਹੈ। ਉਸ ਅਨੁਸਾਰ ਇਸ ਦਾ ਮੂਲ *ਤਕਸ਼ ਹੈ ਜਿਸ ਵਿਚ ਕੱਟਣ, ਤਰਾਸ਼ਣ ਦੇ ਭਾਵ ਹਨ। ਵਡਨੇਰਕਰ ਅਨੁਸਾਰ ਕੱਟ ਤਰਾਸ਼ ਕੇ ਬਣਾਈ ਜਾਂਦੀ ਡਾਟ, ਮਹਿਰਾਬ ਦੇ ਅਰਥਾਂ ਵਾਲਾ ਤਾਕ ਸ਼ਬਦ ਇਸੇ ਮੂਲ ‘ਤੋਂ ਬਣਦਾ ਹੈ। ਇਹ ਆਲਾ, ਖਿੜਕੀ ਆਦਿ ਦੇ ਅਰਥਾਂ ਵਾਲਾ ਪੰਜਾਬੀ ਸ਼ਬਦ ਤਾਕ/ਤਾਕੀ ਹੀ ਹੈ। ਪਰ ਅਰਬੀ ਸ੍ਰੋਤ ਇਸ ਨੂੰ ਅਰਬੀ ਪਿਛੋਕੜ ਦਾ ਸ਼ਬਦ ਬਿਆਨਦੇ ਹਨ। ਇਸ ਲਈ ਮੇਰੀ ਵੋਟ ਇਸ ਦੇ ਅਰਬੀ ਪਿਛੋਕੜ ਵਾਲਾ ਸ਼ਬਦ ਹੋਣ ਦੇ ਪੱਖ ਵਿਚ ਹੈ। ਨਾਲ ਲਗਦੇ ਪੰਜਾਬੀ ਸਿਰਹਾਣਾ ਸ਼ਬਦ ਬਾਰੇ ਵੀ ਥੋੜੀ ਗੱਲ ਕਰ ਲੈਂਦੇ ਹਾਂ। ਇਸ ਦਾ ਸੰਸਕ੍ਰਿਤ ਰੂਪ ਹੈ ‘ਸ਼ਿਰਆਧਾਨ’ ਜੋ ਸ਼ਿਰਸ+ਆਧਾਨ ਤੋਂ ਬਣਿਆ। ਸ਼ਿਰਸ ਤਾਂ ਸਿਰ ਹੀ ਹੈ ਤੇ ਆਧਾਨ ਦਾ ਅਰਥ ਹੈ ਰੱਖਣ ਵਾਲਾ। ਅਸੀਂ ਇਸ ਸ਼ਬਦ ਨੂੰ ਇਸ ਦੇ ਇਕ ਹੋਰ ਰੂਪ ‘ਦਾਨੀ/ਦਾਨ’ ਦੇ ਰੂਪ ਵਿਚ ਦੇਖ ਸਕਦੇ ਹਾਂ। ਕੁਝ ਸ਼ਬਦ ਗਿਣਾਉਂਦੇ ਹਾਂ, ਮਸਾਲੇਦਾਨੀ, ਮੱਛਰਦਾਨੀ, ਕਲਮਦਾਨ, ਦਧੂਨਾ। ਸੋ ਸਿਰਹਾਣਾ ਦਾ ਸਾLਬਦਿਕ ਅਰਥ ਹੋਇਆ ਜਿਸ ਤੇ ਸਿਰ ਰੱਖਿਆ ਜਾਵੇ।
‘ਤਕੀਆ ਕਲਾਮ’ ਦਾ ਦੂਸਰਾ ਸ਼ਬਦ ‘ਕਲਾਮ’ ਨਿਸਚੇ ਹੀ ਅਰਬੀ ਮੂਲ ਦਾ ਹੈ ਜਿਸ ਦਾ ਅਰਥ ਹੈ ਕਥਨ, ਬੋਲ, ਵਚਨ ਆਦਿ। ਇਸ ਦਾ ਸੈਮਿਟਿਕ ਮੂਲ ਕ-ਲ-ਮ ਹੈ ਜਿਸ ਵਿਚ ਕਥਨ ਦਾ ਭਾਵ ਹੈ। ਪੰਜਾਬੀ ਵਿਚ ਇਹ ਸ਼ਬਦ ਖੂਬ ਚਲਦਾ ਹੈ ਖਾਸ ਤੌਰ ਤੇ ਸਾਹਿਤਕ ਸੰਦਰਭ ਵਿਚ। ਏਥੇ ਅਸੀਂ ਇਸ ਦਾ ਅਰਥ ਕਿਸੇ ਕਵੀ ਆਦਿ ਦੇ ਕਹੇ ਹੋਏ ਕਾਵਿ-ਬੋਲਾਂ ‘ਤੋਂ ਲੈਂਦੇ ਹਾਂ। ਕਿਸੇ ਦੀ ਪੂਰੀ ਲਿਖਤ ਨੂੰ ਵੀ ਕਲਾਮ ਕਹਿ ਦਿੱਤਾ ਜਾਂਦਾ ਹੈ ਜਿਵੇਂ ਸੁਲਤਾਨ ਬਾਹੂ ਦਾ ਕਲਾਮ, ਬੁਲੇ ਸ੍ਹਾਹ ਦਾ ਕਲਾਮ। ਕਿੱਸਿਆਂ ਵਿਚ ਕਿਸੇ ਪਾਤਰ ਦੀ ਗੁਫਤਗੂ ਨੂੰ ਕਲਾਮ ਕਿਹਾ ਜਾਂਦਾ ਹੈ ਜਿਵੇਂ ‘ਕਲਾਮ ਕਾਜ਼ੀ’, ‘ਕਲਾਮ ਹੀਰ’ ਆਦਿ। ਜਪੁਜੀ ਵਿਚ ਗੁਰੂ ਨਾਨਕ ਦੀ ਬਾਣੀ ‘ਸਭਨਾ ਲਿਖਿਆ ਵੁੜੀ ਕਲਾਮ’ ਵਿਚ ਰੱਬ ਵਲੋਂ ਲਿਖੇ ਕਥਨ ਦਾ ਹੀ ਭਾਵ ਹੈ। ਪਰ ਧਿਆਨ ਰਹੇ, ਇਸ ਸ਼ਬਦ ਦਾ ਕਾਨੀ, ਲੇਖਣੀ ਪੈਨ ਲਈ ਵਰਤੇ ਜਾਂਦੇ ਸ਼ਬਦ ‘ਕਲਮ’ ਨਾਲ ਕੋਈ ਸਬੰਧ ਨਹੀਂ ਜੋ ਕਿ ਪੈਰੀਂ ਬਿੰਦੀ ਵਾਲੇ ਕ (ਕL) ਨਾਲ ਸ਼ੁਰੂ ਹੁੰਦਾ ਹੈ। ਕਲਾਮ ਸ਼ਬਦ ਵਿਚ ਗੱਲ-ਬਾਤ ਦੇ ਭਾਵਾਂ ਤੋਂ ਬਹਿਸ, ਤਰਕ, ਦਲੀਲ, ਵਿਵਾਦ, ਬੋਲ-ਕੁਬੋਲ ਦੇ ਭਾਵ ਵੀ ਆ ਗਏ ਹਨ। ਕਲਾਮ ਤੋਂ ਬਦਕਲਾਮੀ ਸ਼ਬਦ ਬਣਦਾ ਹੈ ਜਿਸ ਦਾ ਅਰਥ ਗਾਲੀ-ਗਲੋਚ ਹੈ, ਮੰਦੇ ਬੋਲ, ਕੁਬੋਲ। ਕਈ ਮੁਸਲਮਾਨ ਨਾਵਾਂ ਵਿਚ ਵੀ ਕਲਾਮ ਸ਼ਬਦ ਆਉਂਦਾ ਹੈ ਜਿਵੇਂ ਭਾਰਤ ਦੇ ਪੁਰਾਣੇ ਸਿiੱਖਆ ਮੰਤਰੀ ਅਬੁਲ ਕਲਾਮ ਅਜ਼ਾਦ ਅਤੇ ਇੱਕ ਰਹਿ ਚੁੱਕੇ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ। ਅਸਲ ਵਿਚ ਕਲਾਮ ਅਰਬੀ ਕਲਮਾ ਦਾ ਬਹੁਵਚਨ ਹੈ ਜਿਸ ਵਿਚ ਕਥਨ, ਵਚਨ, ਸੁਖਨ ਦੇ ਭਾਵ ਹਨ। ਇਸਲਾਮ ਦੇ ਮੂਲ ਮੰਤਰ ‘ਲਾ ਇਲਾਹ ਇੱਲਲਾਹੁ ਮੁਹæੰਮਦੁੱਰਸੂਲੱਲਾਹ’ ਨੂੰ ਕਲਿਮਾ ਕਿਹਾ ਜਾਂਦਾ ਹੈ ਜਿਸ ਦਾ ਪੰਜਾਬੀ ਵਿਚ ਅਨੁਵਾਦ ਹੋਵੇਗਾ ‘ਰੱਬ ਬਿਨਾ ਕੋਈ ਪੂਜਣਯੋਗ ਨਹੀਂ, ਮੁਹੰਮਦ ਉਸ ਦਾ ਭੇਜਿਆ ਪੈਗੰਬਰ ਹੈ’। ਗੁਰੂ ਨਾਨਕ ਨੇ ਕਲਮਾ ਲਫ਼ਜ਼ ਵਰਤਿਆ ਹੈ, ‘ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ’। ਏਥੇ ਸੱਚੇ ਮੁਸਲਮਾਨ ਬਣਨ ਦੀ ਨਸੀਹਤ ਦਿੱਤੀ ਹੈ। ਪਦ ਦਾ ਭਾਵ ਹੈ ਆਚਰਣ ਕਾਬਾ ਹੋਵੇ, ਸਚਾਈ ਤੇ ਟਿਕੇ ਰਹਿਣਾ ਪੀਰ ਹੋਵੇ ਤੇ ਨੇਕ ਅਮਲ ਕਲਮਾ ਬਣੇ। ਅਸਲ ਵਿਚ ਤਾਂ ਕਲਮਾ ਲਫ਼ਜ਼ ਵਿਚ ਇਸਲਾਮ ਪ੍ਰਤੀ ਪੂਰਨ ਨਿਸਚਾ ਰੱਖਣ ਦਾ ਭਾਵ ਹੈ। ਇਹ ਇਸਲਾਮ ਦੇ ਪੰਜ ਅਕੀਦਿਆਂ ਵਿਚੋਂ ਪਹਿਲਾ ਹੈ। ਇਸੇ ਨਾਲ ਸਬੰਧਤ ਇਕ ਹੋਰ ਸ਼ਬਦ ਹੈ ਕਲੀਮ ਜਿਸ ਦਾ ਅਰਥ ਹੈ ਕਲਾਮ ਕਰਨ ਵਾਲਾ, ਬੋਲਣਹਾਰਾ, ਵਕਤਾ। ਜਾਪੁ ਸਾਹਿਬ ਵਿਚ ਇਹ ਸ਼ਬਦ ਆਇਆ ਹੈ, ‘ਕਿ ਸਰਬੰ ਕਲੀਮੈ’। ਕਈ ਮੁਸਲਮਾਨ ਨਾਵਾਂ ਵਿਚ ਕਲੀਮਾ ਸ਼ਬਦ ਆਉਂਦਾ ਹੈ ਜਿਵੇਂ ਪਾਕਿਸਤਾਨ ਦੇ ਇੱਕ ਮਸ਼ਹੂਰ ਸ਼ਾਇਰ ਤਜੱਮੁਲ ਕਲੀਮ, ਕਲੀਮੂਦੀਨ ਆਦਿ।