18 ਨਵੰਬਰ 1989 ਨੂੰ ਨਵੀਂ ਦਿੱਲੀ ਵਿਚ ਪੈਦਾ ਹੋਏ ਐਕਟਰ ਇਸ਼ਵਾਕ ਸਿੰਘ ਨੇ ਆਰਕੀਟੈਕਟ ਬਣਨ ਲਈ ਪੜ੍ਹਾਈ ਕੀਤੀ ਅਤੇ ਦਿੱਲੀ ਦੇ ਇਕ ਬੀਏਟਰ ਗਰੁੱਪ ਅਸਮਿਤਾ ਦੁਨੀਆ ਵਿਚ ਕਦਮ ਰੱਖਿਆ। ਇਸ਼ਵਾਕ ਸਿੰਘ ਆਪਣੇ ਕਰੀਅਰ ਵਿਚ ਹੁਣ ਤੱਕ ‘ਰਾਂਝਣਾ’, ‘ਅਲੀਗੜ੍ਹ’, ‘ਤਮਾਸ਼ਾ’, ‘ਤੁਮ ਬਿਨ-2’, ‘ਵੀਰੇ ਦੀ ਵੈਡਿੰਗ’, ‘ਮਲਾਲ’, ‘ਅਨਪੋਜ਼ਡ’, ‘ਤੁਮਸੇ ਨਾ ਹੋ ਪਾਏਗਾ’ ਅਤੇ ‘ਬਰਲਿਨ’ ਵਰਗੀਆਂ ਫ਼ਿਲਮਾਂ ਦੀਆਂ ਛੋਟੀਆਂ-ਮੋਟੀਆਂ ਭੂਮਿਕਾਵਾਂ ਵਿਚ ਨਜ਼ਰ ਆ ਚੁੱਕੇ ਹਨ।
ਵੈੱਬ ਸੀਰੀਜ਼ ‘ਪਾਤਾਲ ਲੋਕ’ ਜ਼ਰੀਏ ਇਸ਼ਵਾਕ ਸਿੰਘ ਨੇ ਓ.ਟੀ.ਟੀ. ਦੀ ਦੁਨੀਆ ਵਿਚ ਕਦਮ ਰੱਖਿਆ ਸੀ। ਉਸ ਤੋਂ ਬਾਅਦ ਉਹ ‘ਰਾਕੇਟ ਬੁਆਏਜ਼’, ‘ਅਧੂਰਾ’ ਅਤੇ ‘ਮੇਡ ਇਨ ਹੈਵਨ’ ਵਰਗੀਆਂ ਵੈੱਬ ਸੀਰੀਜ਼ ਵਿਚ ਨਜ਼ਰ ਆ ਚੁੱਕੇ ਹਨ। ਹਾਲ ਹੀ ਵਿਚ ਉਸ ਦੀ ਵੈੱਬ ਸੀਰੀਜ਼ ‘ਪਾਤਾਲ ਲੋਕ ਸੀਜ਼ਨ-2’ ਰਿਲੀਜ਼ ਹੋਈ ਹੈ। ਇਸ਼ਵਾਕ ਸਿੰਘ ਇਨ੍ਹੀਂ ਦਿਨੀਂ ਆਪਣੀ ਸਫ਼ਲਤਾ ਨੂੰ ਰੱਜ ਕੇ ਮਾਣ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਸਨਅਤ ਵਿਚ ਹਰ ਸਫ਼ਲਤਾ ਤੁਹਾਨੂੰ ਅਗਲੇ ਮੁਕਾਮ ਤੱਕ ਲੈ ਜਾਂਦੀ ਹੈ ਅਤੇ ਮੈਂ ਇਸ ਸਫ਼ਰ ਨੂੰ ਪੂਰੀ ਤਰ੍ਹਾਂ ਜੀਅ ਰਿਹਾ ਹਾਂ।
‘ਟਾਈਮਸ 50 ਮੋਸਟ ਡਿਜ਼ਾਇਰੇਬਲ ਮੈਨ 2020’ ਦੀ ਸੂਚੀ ਵਿਚ 18ਵਾਂ ਸਥਾਨ ਹਾਸਿਲ ਕਰ ਚੁੱਕੇ ਇਸ਼ਵਾਕ ਸਿੰਘ ਛੇਤੀ ਹੀ ‘ਤੁਮਕੋ ਮੇਰੀ ਕਸਮ’, ‘ਗਾਂਧਾਰੀ’ ਅਤੇ ‘ਸਰਵਗੁਣ ਸੰਪੰਨ’ ਫ਼ਿਲਮਾਂ ਵਿਚ ਨਜ਼ਰ ਆਉਣਗੇ। ਉਸ ਦੀਆਂ ਪਹਿਲੀਆਂ ਦੋ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਜਦ ਕਿ ਫ਼ਿਲਮ ‘ਸਰਵਗੁਣ ਸੰਪੰਨ’ ਦਾ ਪੋਸਟ-ਪ੍ਰੋਡਕਸ਼ਨ ਜਾਰੀ ਹੈ। ਉਸ ਦੀ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।