ਬਲਜੀਤ ਬਾਸੀ
ਫੋਨ: 734-259-9353
ਸਾਡੇ ਪਿੰਡ ਦੇ ਘਰ ਲਾਗੇ ਹੀ ਇੱਕ ਪੀਣ ਵਾਲੇ ਸੋਡੇ, ਮਤਲਬ ਬੱਤੇ ਦੀ ਦੁਕਾਨ ਹੁੰਦੀ ਸੀ। ਇਸ ਵਿਚ ਬੱਤੇ ਭਰਨ ਵਾਲੀ ਮਸ਼ੀਨ ਵੀ ਸੀ ਇਸ ਲਈ ਇਸ ਨੂੰ ਬੱਤੇ ਦਾ ਕਰਖਾਨਾ ਵੀ ਕਿਹਾ ਜਾ ਸਕਦਾ ਹੈ। ਮਸ਼ੀਨ ਦੇ ਇੱਕ ਰਖਨੇ ਉੱਤੇ ਦੁਕਾਨਦਾਰ ਪਿਉ ਪੁੱਤਰ ਖਾਲੀ ਬੋਤਲ ਰੱਖ ਕੇ ਇਸ ਨੂੰ ਪੁੱਠਾ ਸਿੱਧਾ ਕਰਦੇ, ਮਸ਼ੀਨ ਛਿੱਕ ਛਿੱਕ ਕਰਦੀ ਬੋਤਲ ਵਿਚ ਸੋਡਾ ਭਰ ਦਿੰਦੀ ਤੇ ਨਾਲ ਹੀ ਡੱਟ ਵੀ ਲਾ ਦਿੰਦੀ।
ਉਦੋਂ ਗਰਮੀਆਂ ਦੌਰਾਨ ਇਹ ਬੱਤੇ ਪੀਣਾ ਵੱਡੀ ਅਯਾਸ਼ੀ ਹੁੰਦੀ ਸੀ। ਦੁਧ-ਸੋਡਾ ਯਾਦ ਕਰ ਕੇ ਤਾਂ ਅੱਜ ਵੀ ਮੂੰਹ ਵਿਚ ਦੁਧ-ਸੋਡਾ ਭਰ ਜਾਂਦਾ ਹੈ। ਭਰ ਗਰਮੀਆਂ ਦੇ ਦਿਨ ਸਨ, ਮੈਂ ਸਕੂਲੋਂ ਘਰ ਨੂੰ ਮੁੜਦਿਆਂ ਮੁੜਕੋ-ਮੁੜਕੀ ਹੋਇਆ ਪਿਆ ਸੀ। ਰਸਤੇ ਵਿਚ ਇਸ ‘ਛਿੱਕ ਛਿੱਕ’ ਦੀ ਆਵਾਜ਼ ਸੁਣੀ ਤਾਂ ਸੋਡਾ ਪੀਣ ਲਈ ਜੀਭ ਤੜਪ ਗਈ। ਬਸਤਾ ਸੁੱਟਦਿਆਂ ਆਪਣੀ ਮਾਂ ਤੋਂ ਸੋਡਾ ਲੈਣ ਲਈ ਤਿੰਨ ਅਨਿਆਂ ਦਾ ਤਰਲਾ ਕੀਤਾ। ਕਿਰਸ ਦੀ ਮੂਰਤੀ ਮੇਰੀ ਮਾਂ ਮੇਰੇ ਮੁੜਕੇ ਕਾਰਨ ਪਸੀਜ ਗਈ। ਮੈਂ ਸਰਪੱਟ ਦੁਕਾਨ `ਤੇ ਪੁੱਜ ਗਿਆ। ਦੁਕਾਨਦਾਰ ਪਿਉ ਪੁੱਤਰ ਬੋਤਲਾਂ ਭਰ ਰਹੇ ਸਨ। ਮੈਂ ਜਾ ਕੇ ਉਨ੍ਹਾਂ ਕੋਲ ਜਲਦੀ ਜਲਦੀ ਬੋਤਲ ਦੀ ਮੰਗ ਕੀਤੀ ਪਰ ਉਨ੍ਹਾਂ ਕੰਨ ਨਾ ਧਰਿਆ। ਉਹ ਸ਼ਾਇਦ ਹਥਲਾ ਕੰਮ ਨਿਬੇੜਨਾ ਚਾਹੁੰਦੇ ਸਨ। ਤਿੰਨ ਚਾਰ ਵਾਰੀ ਸੌਦੇ ਦੀ ਮੰਗ ਦੁਹਰਾਉਣ `ਤੇ ਪਿਉ ਨੇ ਤਮਕ ਕੇ ਆਖਿਆ, ‘ਕਿਉਂ ਡੌਅ ਬਲਦਾ’? ਮੈਂ ਕੁਝ ਪਰੇਸ਼ਾਨ ਹੋਇਆ। ‘ਡੌਅ ਬਲਨਾ’ ਮੁਹਾਵਰਾ ਮੈਂ ਪਹਿਲੀ ਵਾਰ ਸੁਣਿਆ ਸੀ ਪਰ ਬੋਲਣ ਦੇ ਅੰਦਾਜ਼ ਅਤੇ ਪ੍ਰਸੰਗ ਤੋਂ ਸਮਝ ਗਿਆ ਕਿ ਇਸ ਦਾ ਮਤਲਬ ਬਹੁਤ ਪਿਆਸ ਲੱਗੀ ਹੋਣਾ ਹੈ। ਦੁਕਾਨਦਾਰ ਨੇ ਬੋਤਲ ਤਾਂ ਦੇਣੀ ਹੀ ਸੀ। ਆਮ ਭਾਸ਼ਾ ਤੇ ਅਲੰਕਾਰਕ ਭਾਸ਼ਾ ਨਾਲੋ ਨਾਲ ਚਲਦੀਆਂ ਹਨ। ਅਸੀਂ ਜੋ ਵੀ ਸ਼ਬਦ, ਉਕਤੀਆਂ, ਮੁਹਾਵਰੇ ਪਹਿਲੀ ਵਾਰ ਸੁਣਦੇ ਹਾਂ ਉਨ੍ਹਾਂ ਦੇ ਮਾਅਨੇ ਗੱਲਬਾਤ ਦੇ ਪ੍ਰਸੰਗ ਤੋਂ ਹੀ ਸਿੱਖਦੇ ਹਾਂ। ਬਾਰ ਬਾਰ ਓਹੀ ਬੋਲ ਸੁਣਨ ਨਾਲ ਉਨ੍ਹਾਂ ਦੇ ਅਰਥ ਸਾਡੇ ਦਿਮਾਗ ਵਿਚ ਪੱਕੇ ਹੁੰਦੇ ਜਾਂਦੇ ਹਨ ਤੇ ਫਿਰ ਤਸੱਲੀ ਨਾਲ ਖੁਦ ਵੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਆਮ ਲੋਕਾਂ ਪਾਸ ਕਿਹੜਾ ਡਿਕਸ਼ਨਰੀਆਂ ਹੁੰਦੀਆਂ ਹਨ। ਅਨਪੜ੍ਹ ਤੋਂ ਅਨਪੜ੍ਹ ਬੰਦਿਆਂ ਕੋਲ ਵੀ ਹਜ਼ਾਰਾਂ ਸ਼ਬਦਾਂ ਮੁਹਾਵਰਿਆਂ ਦਾ ਭੰਡਾਰ ਹੁੰਦਾ ਹੈ। ਉਂਜ ਕਿਸੇ ਨੂੰ ਕਿਸੇ ਸ਼ਬਦ ਦੇ ਪਿਛੋਕੜ ਬਾਰੇ ਪੁੱਛ ਲਵੋ, ਸ਼ਾਇਦ ਹੀ ਕੋਈ ਇਸ ਦਾ ਉਤਰ ਦੇ ਸਕੇ। ਕਿਸੇ ਨੂੰ ਕਦੇ ਲੋੜ ਹੀ ਨਹੀਂ ਭਾਸੀ, ਸਭਨਾਂ ਨੂੰ ਇਹ ਸਵਾਲ ਫਜ਼ੂਲ ਲਗਦਾ ਹੈ। ਉਹ ਸਮਝਦੇ ਹਨ ਵਸਤੂ ਅਤੇ ਇਸ ਨੂੰ ਵਿਅਕਤ ਕਰਦੇ ਬੋਲ ਦਾ ਸਬੰਧ ਅਨਿੱਖੜਵਾਂ ਤੇ ਸਹਿਜ ਹੈ।
‘ਡੌਅ ਬਲਨਾ’ ਦੀ ਗੱਲ ਚੱਲ ਰਹੀ ਸੀ ਜਿਸ ਨੂੰ ਬੱਤੇ ਨਾਲ ਬੁਝਾਉਣਾ ਸੀ। ਪਹਿਲਾਂ ਇਸ ਬੱਤੇ ਦੀ ਹੀ ਸਾਰ ਲੈ ਲੈਂਦੇ ਹਾਂ। ਬਹੁਤਿਆਂ ਨੇ ਸੁਣਿਆ ਹੋਵੇਗਾ ਕਿ ‘ਬੱਤਾ’ ਸ਼ਬਦ ਬੋਤਲ ਦਾ ਸੰਕੁਚਤ ਰੂਪ ਹੈ। ਪਰ ਮਾਮਲਾ ਥੋੜਾ ਟੇਢਾ ਹੈ। ਬਹੁਤ ਸਾਰੇ ਕੋਸ਼ਾਂ ਅਨੁਸਾਰ ਬੋਤਲ ਸ਼ਬਦ ਅੰਗਰੇਜ਼ੀ ਬੌਟਲ (bottle) ਤੋਂ ਬਣਿਆ ਹੈ। ਪਰ ਗੱਲ ਏਨੀ ਸਿੱਧੀ ਨਹੀਂ। ਜੇ ਬੌਟਲ ਤੋਂ ਬਣਿਆ ਤਾਂ ਇਸ ਵਿਚਲੀ ਟ ਧੁਨੀ ਤ ਵਿਚ ਅਤੇ ਔ ਧੁਨੀ ਓ ਵਿਚ ਕਿਉਂ ਬਦਲ ਗਈ? ਕੀ ਅਸੀਂ ਟ ਨਹੀਂ ਬੋਲ ਸਕਦੇ? ਮੇਰੀ ਸ਼ੱਕ ਮੇਰੀ ਇਸ ਜਾਣਕਾਰੀ ਤੋਂ ਪੱਕੀ ਹੋਈ ਕਿ ਸਾਡਾ ਤੌਲੀਆ ਸ਼ਬਦ ਅੰਗਰੇਜ਼ੀ ਟੌਵਲ ਤੋਂ ਨਹੀਂ ਬਲਕਿ ਪੁਰਤਗੀਜ਼ ਤੁਆਲੀਆ ਤੋਂ ਬਣਿਆ ਹੈ। ਬੋਤਲ ਬਾਰੇ ਕੋਸ਼ਾਂ ਤੋਂ ਮੇਰੀ ਤਸੱਲੀ ਨਾ ਹੋਈ ਤਾਂ ਮੈਂ ਹੋਰ ਸ੍ਰੋਤ ਫਰੋਲੇ। ਪਤਾ ਲੱਗਾ ਕਿ ਇਹ ਸ਼ਬਦ ਵੀ ਆਖਰ ਪੁਰਤਗੀਜ਼ ਭਾਸ਼ਾ ਤੋਂ ਹੀ ਆਇਆ ਹੈ ਤੇ ਏਥੇ ਅੱਜ ਤੋਂ ਕਈ ਸਦੀਆਂ ਪਹਿਲਾਂ ਇਸ ਦਾ ਉਚਾਰਣ ਬੋਤਲ ਜਿਹਾ ਸੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਜੋਕੀ ਪੁਰਤਗੀਜ਼ ਭਾਸ਼ਾ ਵਿਚ ਇਸ ਪਾਤਰ ਲਈ ਬੋਤਲ ਨਹੀਂ ਬਲਕਿ ਗੇਰਾਫਾ garrafa ਸ਼ਬਦ ਹੈ ਜੋ ਅੱਗੇ ਅਰਬੀ ਦੇ ਗ਼ੁਰਫਾ ਤੋਂ ਲਿਆ ਗਿਆ ਹੈ। ਬੋਤਲ ਲਈ ਪੁਰਤਗੀਜ਼ ਸ਼ਬਦ botelha ਸੀ ਜਿਸ ਦਾ ਉਚਾਰਣ ਬੋਤੇਲੀਆ ਜਿਹਾ ਹੈ। ਭਾਰਤ ਦੇ ਦੱਖਣੀ ਹਿੱਸੇ ਵਿਚ ਪੁਰਤਗੀਜ਼ਾਂ ਦਾ ਰਾਜ ਸੋਲ੍ਹਵੀਂ ਸਦੀ ਤੋਂ ਸ਼ੁਰੂ ਹੋਇਆ। ਪੁਰਤਗੀਜ਼ ਰੁਮਾਂਸ ਭਾਸ਼ਾ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਿਸ ਵਿਚ ਸਪੇਨੀ, ਇਤਾਲਵੀ, ਫਾਰਾਂਸੀਸੀ, ਰੁਮਾਨੀਅਨ ਆਦਿ ਭਾਸ਼ਾਵਾਂ ਵੀ ਸ਼ਾਮਿਲ ਹਨ ਤੇ ਇਹ ਸਾਰੀਆਂ ਲਾਤੀਨੀ ਭਾਸ਼ਾ `ਚੋਂ ਨਿਕਲੀਆਂ ਹਨ। ਇਸੇ ਲਈ ਲਾਤੀਨ ਦੇ ਰੋਮ ਤੋਂ ਇਨ੍ਹਾਂ ਨੂੰ ਰੋਮਾਂਸ ਭਾਸ਼ਾਵਾਂ ਕਿਹਾ ਜਾਂਦਾ ਹੈ। ਪੁਰਤਗੀਜ਼ ਬੋਤੇਲੀਆ ਅੱਗੇ ਫਰਾਂਸੀਸੀ bouteille ਤੋਂ ਲਿਆ ਗਿਆ ਹੈ ਤੇ ਸ਼ਬਦ ਦਾ ਸਿਰਾ ਲਾਤੀਨੀ ਬੁਟਟਸਿ ਵਿਚ ਹੈ ਜਿਸ ਦਾ ਪਰਾਚੀਨ ਵਿਚ ਮਤਲਬ ਪੀਪਾ, ਢੋਲ, ਮੱਟ ਜਿਹਾ ਸੀ।
‘ਡੌਅ ਬਲਨਾ’ `ਤੇ ਲਿਖਣ ਲਈ ਮੇਰੀ ਪਰੇਰਨਾ ਪਿਛਲੇ ਮਹੀਨਿਆਂ ਵਿਚ ਕੈਲੀਫੋਰਨੀਆ ਦੇ ਸ਼ਹਿਰ ਲੌਸ ਐਂਜਲਸ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਤੋਂ ਮਿਲੀ ਜਿਸ ਵਿਚ 27 ਬੰਦੇ ਮਾਰੇ ਗਏ ਤੇ ਲੱਗਭਗ 15000 ਇਮਾਰਤਾਂ ਜਲ ਗਈਆਂ। ਅੱਗ ਦਾ ਕਾਰਨ ਤੇਜ਼ ਹਵਾਵਾਂ, ਸੋਕਾ ਤੇ ਬਹੁਤ ਸਾਰੀ ਬਨਸਪਤੀ ਦਾ ਇਕੱਠੇ ਹੋਣਾ ਸੀ। ਇਸ ਮੁਹਾਵਰੇ ਵਿਚ ਬਲਨਾ ਸ਼ਬਦ ਤੋਂ ਪਤਾ ਲਗਦਾ ਹੈ ਕਿ ਕਿਸੇ ਚੀਜ਼ ਦੇ ਬਲਣ, ਜਲਣ ਦੀ ਗੱਲ ਹੈ ਤੇ ਉਹ ਚੀਜ਼ ਹੈ ਡੌਅ। ਇਹ ਸ਼ਬਦ ਅਸਲ ਵਿਚ ਜੰਗਲ ਦੀ ਅੱਗ ਲਈ ਹੀ ਵਰਤਿਆ ਜਾਂਦਾ ਹੈ। ਜੰਗਲ ਦੀ ਭਿਆਨਕ, ਫੈਲਵੀਂ ਅੱਗ ਤੋਂ ਹੀ ਇਸ ਵਿਚ ਲਾਖਣਿਕ ਰੂਪ ਵਿਚ ਤੀਬਰ ਪਿਆਸ ਦੇ ਭਾਵ ਉਜਾਗਰ ਹੋਏ। ਅੰਗਰੇਜ਼ੀ ਵਿਚ ਅਜੇਹੀ ਵਿਆਪਕ ਫੈਲਵੀਂ ਅੱਗ ਨੂੰwildfire ਕਿਹਾ ਜਾਂਦਾ ਹੈ। ਇਸ ਸ਼ਬਦ ਦੇ ਹੋਰ ਭੇਦ/ ਸ਼ਬਦ ਜੋੜ ਹਨ: ਡੌਂਅ, ਡੌ, ਡਉ, ਡੌਂ, ਡੌਂਹ ਆਦਿ। ਕੁਝ ਉਦਾਹਰਣ ਲੈਂਦੇ ਹਾਂ, ’ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ’- ਫਰੀਦ। ‘ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ’- ਗੁਰੂ ਨਾਨਕ। ਜੰਗਲ ਦੀ ਅੱਗ ਤੋਂ ਤੀਬਰ ਪਿਆਸ, ਹੋਰ ਅੱਗੇ ਸ਼ਰਾਬ ਦੀ ਤੜਫ, ਫਿਰ ਤੀਬਰ ਭੁੱਖ ਅਤੇ ਤੀਬਰ ਇਛਾ ਤੱਕ ਅਰਥ ਪਹੁੰਚ ਜਾਂਦੇ ਹਨ। ਚਲੋ ਦੇਖਦੇ ਹਾਂ,
‘ਕੁੱਤੇ ਬੰਦਿਆ, ਤੇਰੇ ਡੌਂਅ ਫੁੱਟਿਆ ਹੋਇਆ ਏ? ਲੱਗ ਪਿਆ ਆਉਂਦਾ ਹੀ ਡੱਫਣ’?
‘ਸਬੇਰੇ ਈ ਡੌਂਅ ਲੱਗ ਗਿਆ ਲੰਬੜਾ?’ ਭਾਈਏ ਨੇ ਪੁੱਛਿਆ’।
‘ਆਹ ਮੈਂ ਪਹਿਲਾਂ ਮੱਝ ਨੂੰ ਤੂੜੀ ’ਚ ਵੰਡ ਤਾਂ ਰਲ਼ਾ ਲਵਾਂ। ਰਾਤ ਨੂੰ ਚਾਹ ਵੀ ਡੌਂਅ ਲੈਣੀ ਐ’ਂ।
ਇਨ੍ਹਾਂ ਮਿਸਾਲਾਂ ਤੋਂ ਪਤਾ ਲਗਦਾ ਹੈ ਕਿ ਡੌਅ ਦੇ ਨਾਲ ਸਿਰਫ਼ ਬਲਣਾ ਹੀ ਨਹੀਂ ਸਗੋਂ ਹੋਰ ਕਿਰਿਆਵਾਂ ਵੀ ਲੱਗ ਗਈਆਂ ਹਨ ਜਿਵੇਂ ਫੁੱਟਣਾ, ਲੱਗਣਾ, ਲੈਣਾ ਆਦਿ। ਇਸ ਸ਼ਬਦ ਦਾ ਸੰਸਕ੍ਰਿਤ ਰੂਪ ‘ਦਵ’ ਜਾਂ ‘ਦਾਵ’ ਹੈ ਤੇ ਪ੍ਰਾਕ੍ਰਿਤ ਤੇ ਪਾਲੀ ਵਿਚ ਵੀ ਅਜਿਹੇ ਰੂਪ ਹਨ। ਗੁਰੂ ਅਰਜਨ ਦੇਵ ਨੇ ਦਾਵਾ ਸ਼ਬਦ ਜੰਗਲ ਦੀ ਅੱਗ ਦੇ ਅਰਥ ਵਜੋਂ ਵਰਤਿਆ ਹੈ, “ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ” ਭਾਵ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ। ਭਾਵੇਂ ਇਸ ਦੇ ਅਧਿਆਤਮਕ ਅਰਥ ਹੋਰ ਹਨ। ਇਸ ਦਾ ਇੱਕ ਰੂਪ ਡਵਿ ਵੀ ਹੈ,’ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ’- ਗੁਰੂ ਨਾਨਕ।
ਕੋਸ਼ਾਂ ਵਿਚ ਦਵ/ਦਾਵ ਸ਼ਬਦ ਦੇ ਮੂਲ ਅਰਥਾਂ ਵਿਚ ਭੰਬਲਭੂਸਾ ਦਿਸਦਾ ਹੈ। ਕਿਧਰੇ ਇਸ ਦਾ ਅਰਥ ਜੰਗਲ ਦਿੱਤਾ ਹੈ, ਕਿਧਰੇ ਜੰਗਲ ਦੀ ਅੱਗ ਤੇ ਕਿਧਰੇ ਸਿਰਫ ਅੱਗ। ਪਰ ਵਰਤੋਂ ਵਿਚ ਇਸ ਦਾ ਮੁਢਲਾ ਅਰਥ ਜੰਗਲ ਦੀ ਅੱਗ ਹੀ ਨਿਕਲਦਾ ਹੈ। ਟਰਨਰ ਨੇ ਇਸ ਦਾ ਧਾਤੂ *ਦੁ ਦੱਸਿਆ ਹੈ ਜਿਸ ਵਿਚ ਬਲਣ, ਜਲਣ ਦੇ ਭਾਵ ਹਨ। ਖੋਵਾਰ ਨਾਮੀਂ ਦਾਰਦਿਕ ਵਿਚ ‘ਦੌਅ’ ਦਾ ਅਰਥ ਮਸ਼ਾਲ ਅਤੇ ਇਕ ਪ੍ਰਕਾਰ ਦਾ ਦਰਖਤ ਵੀ ਹੈ। ਸਿੰਧੀ ਵਿਚ ‘ਡੌ’ ਦਾ ਅਰਥ ਜਲਣ, ਸਾੜਾ, ਈਰਖਾ ਵੀ ਹੈ। ਹੋਰ ਭਾਸ਼ਾਵਾਂ ਵਿਚ ਇਹ ਬਾਲਣ ਦਾ ਅਰਥਾਵਾਂ ਵੀ ਹੈ। ਇਉਂ ਲਗਦਾ ਹੈ ਕਿ ਦਵ/ਦਾਵ ਜਿਹੇ ਸ਼ਬਦ ਦਾ ਮੁਢਲਾ ਭਾਵ ਤਾਂ ਬਲਣਾ, ਜਲਣਾ ਹੋਵੇਗਾ ਪਰ ਇਸ ਦਾ ਇਹ ਅਰਥ ਜੰਗਲ ਦੀ ਅੱਗ ਦੇ ਅਰਥਾਂ ਵਿਚ ਹੀ ਰੂੜ੍ਹ ਹੋ ਜਾਣ ਕਾਰਨ ਇਸ ਦਾ ਇੱਕ ਅਰਥ ਜੰਗਲ ਤੇ ਫਿਰ ਲਕੜੀ ਜਾਂ ਦਰਖਤ ਵੀ ਹੋ ਗਿਆ।
‘ਦਾਵ’ ਸ਼ਬਦ ਦੇ ਨਾਲ ‘ਅਨਲ’ ਲੱਗ ਕੇ ਇੱਕ ਸੰਯੁਕਤ ਸ਼ਬਦ ਬਣਦਾ ਹੈ ‘ਦਾਵਾਨਲ’ ਜਿਸ ਦਾ ਅਰਥ ਵੀ ਜੰਗਲ ਦੀ ਅੱਗ ਹੀ ਹੈ ਤੇ ਇਸ ਵਿਚ ਕੋਈ ਅਸਪਸ਼ਟਤਾ ਨਹੀਂ। ਏਥੇ ਇਹ ਦੱਸਣਾ ਬਣਦਾ ਹੈ ਕਿ ‘ਸੰਸਕ੍ਰਿਤ ਅਨਲ ਦਾ ਅਰਥ ਵੀ ਅਸਲ ਵਿਚ ਅੱਗ ਹੀ ਹੈ। ਜੋ ਸ੍ਰੋਤ ਦਾਵ/ਦਵ ਦਾ ਅਰਥ ਜੰਗਲ ਕਰਦੇ ਹਨ ਉਨ੍ਹਾਂ ਲਈ ਦਾਵਾਨਲ ਦਾ ਅਰਥ ਜੰਗਲ ਦੀ ਅੱਗ ਦਰਸਾਉਣਾ ਸੌਖਾ ਹੀ ਹੈ ਪਰ ਜੇ ਅਸੀਂ ਦਵ/ਦਾਵ ਦਾ ਅਰਥ ਅੱਗ ਕਰਦੇ ਹਾਂ ਤਾਂ ਫਿਰ ਦਾਵਾਨਲ ਦਾ ਅਰਥ ‘ਅੱਗ-ਅੱਗ’ ਹੀ ਨਿਕਲੇਗਾ ਜੋ ਅਟਪਟਾ ਲਗਦਾ ਹੈ। ਪਰ ਸਾਡੀਆਂ ਭਾਸ਼ਾਵਾਂ ਵਿਚ ਦੋ ਸਮਾਨਅਰਥਕ ਸ਼ਬਦ ਮਿਲਾ ਕੇ ਬਣਾਈਆਂ ਦੁਰੁਕਤੀਆਂ ਦਾ ਆਮ ਹੀ ਪਰਚਲਨ ਹੈ। ਮਿਸਾਲ ਵਜੋਂ ਜਲ-ਪਾਣੀ, ਉਚਾ-ਲੰਮਾ, ਕੰਮ-ਕਾਰ ਆਦਿ। ‘24 ਅਵਤਾਰਕ੍ਰਿਸ਼ਨ’ ਦਾ ਸਵੱਈਆ ‘ਅਥ ਦਾਵਾਨਲ ਕਥੰ’ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਮਤਲਬ ਹੈ ਹੁਣ ਜੰਗਲ ਦੀ ਅੱਗ ਦੀ ਕਥਾ ਸ਼ੁਰੂ ਹੁੰਦੀ ਹੈ। ਸੰਖੇਪ ਵਿਚ ਕਥਾ ਇਸ ਤਰ੍ਹਾਂ ਹੈ: ਬ੍ਰਿਜ ਦੇ ਲੋਕ ਖੁਸ਼ੀ ਖੁਸ਼ੀ ਆਪਣੇ ਘਰ ਸੁੱਤੇ ਹੋਏ ਹਨ। ਰਾਤ ਨੂੰ ਚਾਰੇ ਪਾਸੇ ਅੱਗ ਲੱਗ ਗਈ ਤੇ ਸਾਰੇ ਡਰ ਗਏ। ਸਭ ਨੇ ਸੋਚਿਆ ਕਿ ਕ੍ਰਿਸ਼ਨ ਸਾਡੀ ਰੱਖਿਆ ਕਰਨਗੇ। ਜਿਉਂ ਸਭ ਨੇ ਅੱਖਾਂ ਮੀਟੀਆਂ ਕ੍ਰਿਸ਼ਨ ਨੇ ਸਾਰੀ ਅੱਗ ਪੀ ਲਈ ਤੇ ਸਾਰਿਆਂ ਦੇ ਦੁਖੜੇ ਤੇ ਡਰ ਦੂਰ ਕਰ ਦਿੱਤੇ। ਜਿਨ੍ਹਾਂ ਦੀ ਚਿੰਤਾ ਕ੍ਰਿਸ਼ਨ ਦੂਰ ਕਰਦੇ ਹਨ ਉਹ ਦੁਖੀ ਕਿਵੇਂ ਰਹਿ ਸਕਦੇ ਹਨ? ਉਨ੍ਹਾਂ ਦੀ ਅਗਨੀ ਇਸ ਤਰ੍ਹਾਂ ਠੰਡੀ ਪੈ ਜਾਂਦੀ ਹੈ ਜਿਵੇਂ ਉਨ੍ਹਾਂ `ਤੇ ਸਮੁੰਦਰ ਦੀ ਛੱਲ ਪੈ ਗਈ ਹੋਵੇ। ਭਾਈ ਗੁਰਦਾਸ ਦੇ ਇੱਕ ਕਬਿੱਤ ਵਿਚ ਇਹ ਸ਼ਬਦ ਹੈ,
ਜੈਸੇ ਦੀਪ ਦਿਪਤ ਨ ਜਾਨੀਐ ਭਵਨ ਬਿਖੈ
ਦਾਵਾਨਲ ਭਏ ਨ ਦੁਰਾਏ ਦੁਰੈ ਨਾਥ ਜੀ ।
ਅਰਥਾਤ ਜਿਵੇਂ ਘਰ ਵਿਚ ਜਗਦੇ ਦੀਵੇ ਦਾ ਪਤਾ ਨਹੀਂ ਲਗਦਾ ਪਰ ਜਿਉਂ ਹੀ ਇਹ ਜੰਗਲ ਵਿਚ ਅੱਗ ਲਾ ਦਿੰਦਾ ਹੈ ਤਾਂ ਇਹ ਦਾਵਾਨਲ ਛੁਪਾਏ ਵੀ ਛਿਪ ਨਹੀਂ ਸਕਦੀ। ਮੈਂ ਦਾਵਾਨਲ ਸ਼ਬਦ ਪਹਿਲੀ ਵਾਰ ਅੰਮ੍ਰਿਤਾ ਪ੍ਰੀਤਮ ਦੇ ਇੱਕ ਬਾਰਾਂਮਾਹ ਵਿਚ ਪੜ੍ਹਿਆ ਸੀ,
ਕਿੱਕਰਾ ਵੇ ਕੰਡਿਆਲਿਆ! ਉਤੋਂ ਚੜ੍ਹਿਆ ਹਾੜ,
ਕਿੰਨਾ ਕੁ ਚਿਰ ਹੰਢਦੀ, ਕੱਖ ਕਾਣ ਦੀ ਆੜ।
ਕਿੱਕਰਾ ਵੇ ਕੰਡਿਆਲਿਆ, ਅੱਗੋਂ ਚੜ੍ਹਿਆ ਸੌਣ,
ਦਾਵਾਨਲ ਹੈ ਸਮੇਂ ਦੀ, ਰੋਕ ਸਕੇ ਅੱਜ ਕੌਣ।
ਇਸ ਅਸ਼ਾਵਾਦੀ ਕਵਿਤਾ ਵਿਚ ਦਾਵਾਨਲ ਸਮੇਂ ਦੀ ਉਥਲ-ਪੁੱਥਲ ਦੀ ਰੂਪਕ ਬਣਦੀ ਹੈ।
‘ਦਾਵਾਨਲ’ ਵਿਚਲੇ ਅੱਗ ਦੇ ਅਰਥਾਂ ਵਾਲੇ ‘ਅਨਲ’ ਦਾ ਜ਼ਿਕਰ ਵੀ ਲੁੜੀਂਦਾ ਹੈ। ਗੁਰੂ ਅਮਰਦਾਸ ਨੇ ਇਹ ਸ਼ਬਦ ਵਰਤਿਆ ਹੈ, ‘ਅਨਲ ਵਾਉ ਭਰਮਿ ਭੁਲਾਈ’ ਜਗਤ ਵਿਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਤੇ ਤ੍ਰਿਸ਼ਨਾ ਦਾ ਝੱਖੜ ਝੁੱਲ ਰਿਹਾ ਹੈ। ਗ। ਸ। ਰਿਆਲ ਨੇ ਆਪਣੇ ਪੰਜਾਬੀ ਨਿਰੁਕਤ ਕੋਸ਼ ਵਿਚ ਅਨਲ ਸ਼ਬਦ ਬਾਰੇ ਦਿਲਚਸਪ ਵਿਆਖਿਆ ਕੀਤੀ ਹੈ। ਅਨਲ (ਅਨਿਲ) ਦਾ ਇੱਕ ਅਰਥ ਹਵਾ ਵੀ ਹੈ। ਦੋਨਾਂ ਸ਼ਬਦਾਂ ਦਾ ਧਾਤੂ *ਅਨ ਹੈ ਜਿਸ ਵਿਚ ਸਾਹ ਲੈਣ ਦਾ ਭਾਵ ਹੈ। ਕਿਹਾ ਜਾ ਸਕਦਾ ਹੈ ਕਿ ’ਅਗਨੀ’ ਅਤੇ ‘ਹਵਾ’ ਦੀ ਤਹਿ ਵਿਚ ਜੀਵਿਤ ਹੋਣ ਦਾ ਭਾਵ ਹੈ। ਅਗਨੀ ਭੜ ਭੜ ਕਰਦੀ ਭੜਕਦੀ ਹੈ ਤੇ ਹਵਾ ਸ਼ੂੰ-ਸ਼ੂੰ ਕਰਦੀ ਸ਼ੂਕਰਦੀ ਹੈ। ਇਸ ਦਾ ਭਾਰੋਪੀ ਮੂਲ*an ਹੈ ਜਿਸ ਵਿਚ ਸਾਹ ਲੈਣ ਦਾ ਭਾਵ ਹੈ ਤੇ ਜਾਨਵਰ, ਪ੍ਰਾਣੀ ਦੇ ਅਰਥ ਵਾਲਾ animal ਇਸੇ ਨਾਲ ਸਬੰਧਤ ਹੈ। ‘ਮਹਾਨ ਕੋਸ਼’ ਨੇ ਅਨਲ ਨੂੰ ‘ਨਹੀਂ ਹੈ ਅਲੰ (ਬੱਸ) ਜਿਸ ਦੇ, ਭਾਵ ਜੋ ਰੱਜਣ ਵਿਚ ਨਾ ਆਵੇ’ ਵਜੋਂ ਪੇਸ਼ ਕੀਤਾ ਹੈ। ਇਹ ਨਿਰੀ ਪਰੰਪਰਾਗਤ ਨਿਰੁਕਤੀ ਹੈ। ਦਾਵਾਨਲ ਲਈ ਦਾਵਭਾਰਿਕਾ, ਵਨਦਾਵ, ਦਵਦਗਧ, ਦਵਅਗਨੀ ਸ਼ਬਦ ਵੀ ਮਿਲਦੇ ਹਨ।