ਵਰਿਆਮ ਸਿੰਘ ਸੰਧੂ
ਫੋਨ: 647-535-1539
ਚਾਰ ਕੁ ਸਾਲ ਪਹਿਲਾਂ ਜਦ ਪਿੰਡਾਂ ਵੱਲ ਫੇਰਾ ਲੱਗਾ ਤਾਂ ਆਪਣੇ ਦੋਸਤ ਅਮਰ ਸਿੰਘ ਮਾੜੀ-ਮੇਘਾ ਦੀ ਪਤਨੀ ਦੇ ਚਲਾਣੇ ਦਾ ਅਫ਼ਸੋਸ ਕਰਨ ਤੋਂ ਬਾਅਦ ਜਦ ਅਗਲੀ ਸਵੇਰ ਵਾਪਸ ਆ ਰਹੇ ਸਾਂ ਤਾਂ ਭਿੱਖੀਵਿੰਡ-ਖਾਲੜਾ ਰੋਡ ’ਤੇ ਚੜ੍ਹਦਿਆਂ ਹੀ ਮੈਂ ਘਰਵਾਲੀ ਨੂੰ ਕਿਹਾ, ‘ਆਪਾਂ ਸੂਏ-ਸੂਏ ਪੈ ਕੇ ਪੂਹਲਿਆਂ ਰਾਹੀਂ ਪਿੰਡ ਵੱਲ ਨਿਕਲ ਜਾਵਾਂਗੇ।’
ਪੂਹਲਿਆਂ ਨੂੰ ਜਾਣ ਬਾਰੇ ਮੈਂ ਜਲੰਧਰੋਂ ਹੀ ਸੋਚ ਕੇ ਤੁਰਿਆ ਸਾਂ, ਪਰ ਰਜਵੰਤ ਨਾਲ ਗੱਲ ਨਹੀਂ ਸੀ ਕੀਤੀ।
ਪੂਹਲਾ ਭਾਈ ਤਾਰੂ ਸਿੰਘ ਮੇਰਾ ਗਵਾਂਢੀ ਪਿੰਡ ਹੈ। ਦੋਵਾਂ ਪਿੰਡਾਂ ਦੀ ਜ਼ਮੀਨ ਨਾਲ ਜ਼ਮੀਨ ਲੱਗਦੀ ਹੈ। ਇਸ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਮੈਂ ਐਨ 19 ਸਾਲ ਦੀ ਉਮਰੇ, (10-09-1964) ਆਪਣੇ ਜਨਮ-ਦਿਹਾੜੇ ਅਧਿਆਪਨ ਦੀ ਸੇਵਾ ਸੰਭਾਲੀ ਸੀ। ਮਹੀਨੇ ਦੇ ਅਖ਼ੀਰ ’ਤੇ ਇੱਕ ਰੁਪੈ ਦਾ ਨੋਟ ਕੋਲੋਂ ਦੇ ਕੇ ਸੌ ਦਾ ਨੋਟ ਤਨਖ਼ਾਹ ਵਜੋਂ ਹਾਸਲ ਕੀਤਾ ਸੀ।
ਇਸ ਪਿੰਡ ਅਤੇ ਸਕੂਲ ਨਾਲ ਮੇਰੇ ਜੀਵਨ ਦੀਆਂ ਅਨੇਕਾਂ ਸੁਨਹਿਰੀ ਯਾਦਾਂ ਜੁੜੀਆਂ ਹੋਈਆਂ ਨੇ। ਏਥੇ ਪੜ੍ਹਾਉਂਦਿਆਂ ਹੀ ਮੇਰਾ ਲਿਖਣ-ਕਾਰਜ ਅੱਗੇ ਤੁਰਿਆ। ਪ੍ਰਾਈਵੇਟ ਪੜ੍ਹ ਕੇ ਅੱਗੇ ਵਧਣ ਦਾ ਮੌਕਾ ਵੀ ਏਸੇ ਸਕੂਲ ਵਿਚ ਬਣਿਆ। ਏਥੋਂ ਹੀ ਮੈਂ ਬਿਨ-ਤਨਖ਼ਾਹੋਂ ਛੁੱਟੀ ਲੈ ਕੇ ਖ਼ਾਲਸਾ ਕਾਲਜ ਦੇ ਟਰੇਨਿੰਗ ਕਾਲਜ ਵਿਚ ਬੀ ਐੱਡ ਕਰਨ ਲਈ ਦਾਖ਼ਲ ਹੋਇਆ ਤੇ ਬੀ ਐੱਡ ਕਰਨ ਦੇ ਨਾਲ-ਨਾਲ ਮੋਗਾ-ਐਜੀਟੇਸ਼ਨ ਵਿਚ ਗ੍ਰਿਫ਼ਤਾਰ ਹੋ ਕੇ ਨਵਾਂ ਅਨੁਭਵ ਲੈ ਕੇ ਪਰਤਿਆ। ਏਥੋਂ ਹੀ ਮੈਂ ਪੰਜਾਬ ਯੂਨੀਵਰਸਿਟੀ ਵਿਚ ਐੱਮ ਫ਼ਿਲ ਕਰ ਕੇ ਪੰਜਾਬ ਦੇ ਸਕੂਲਾਂ ਵਿਚੋਂ ਪਹਿਲਾ ਐਮ ਫ਼ਿਲ ਕਰਨ ਵਾਲਾ ‘ਵਿਦਿਆਰਥੀ’ ਬਣਿਆ। ਕਿਉਂਕਿ, ਸਾਡੇ ਸੈਸ਼ਨ ਨਾਲ ਹੀ ਪੰਜਾਬ ਵਿਚ ਐਮ ਫ਼ਿਲ ਦੀ ਸ਼ੁਰੂਆਤ ਹੋਈ ਸੀ।
ਇਸ ਸਕੂਲ ਵਿਚ ਹੀ ਮੇਜ਼ ’ਤੇ ਟਰਾਂਜ਼ਿਸਟਰ ਰੱਖ ਕੇ ਟੋਕੀਓ ਓਲੰਪਿਕ ਵਿਚ ਹੋਏ ਭਾਰਤ-ਪਾਕਿ ਫ਼ਾਈਨਲ ਹਾਕੀ ਮੈਚ ਦੀ ਕੁਮੈਂਟਰੀ ਸੁਣੀ। ਜਸਦੇਵ ਸਿੰਘ ਦੇ ਬੋਲਣ ਦੇ ਅੰਦਾਜ਼ ਨੇ ਅੱਖਾਂ ਅੱਗੇ ਮੈਚ ਹੁੰਦਾ ਵਿਖਾ ਦਿੱਤਾ।
ਏਥੇ ਹੀ ਸਾਂ ਜਦੋਂ 5 ਸਤੰਬਰ 1965 ਵਾਲੇ ਦਿਨ ਅਧਿਆਪਕ ਯੂਨੀਅਨ ਦੇ ਵੱਡੇ ਇਕੱਠ ਵਿਚ, 20 ਸਾਲ ਦੀ ਉਮਰੇ, ਮੈਂ ਅਧਿਆਪਕ ਅਤੇ ਅਧਿਆਪਨ ਦੇ ਮਹੱਤਵ ਬਾਰੇ ਯਾਦਗਾਰੀ ਭਾਸ਼ਨ ਦੇ ਕੇ ਪੂਰੇ ਭਿੱਖੀਵਿੰਡ ਬਲਾਕ ਵਿਚ ਆਪਣੀ ‘ਸਿਆਣਪ’ ਦੀ ਪੈਂਠ ਬਣਾ ਲਈ। ਅਧਿਆਪਕਾਂ ਦੇ ਮਨਾਂ ਵਿਚ ਇਸ ਸਿਆਣਪ ਦਾ ਰੰਗ ਹੋਰ ਵੀ ਗੂੜ੍ਹਾ ਹੋ ਗਿਆ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਓਸੇ ਦਿਨ ‘ਅਜੀਤ’ ਦੇ ਐਡੀਟੋਰੀਅਲ ਸਫ਼ੇ ’ਤੇ ਏਸੇ ਵਿਸ਼ੇ ’ਤੇ ਲੇਖ ਲਿਖਣ ਵਾਲਾ ਵੀ ਮੈਂ ਹੀ ਹਾਂ। ਇਸ ਸਮਾਗਮ ਤੋਂ ਅਗਲੇ ਦਿਨ ਹੀ ਭਾਰਤ-ਪਾਕਿ ਜੰਗ ਲੱਗ ਗਈ ਤੇ ਭਾਰਤ ਦੀਆਂ ਫੌਜਾਂ ਸਰਹੱਦ ਪਾਰ ਕਰ ਕੇ ਈਚੋਗਿੱਲ ਨਹਿਰ ਤੱਕ ਪਹੁੰਚ ਗਈਆਂ। ਸਾਡੇ ਸਕੂਲ ਦੇ ਮੈਦਾਨ ਵਿਚ ਫੌਜ ਨੇ ਮੋਰਚੇ ਪੁੱਟ ਕੇ ਤੰਬੂਆਂ ਵਿਚ ਡੇਰਾ ਲਾ ਲਿਆ ਸੀ। ਆਪਣੇ ਬਾਲ-ਬੱਚਿਆਂ ਤੋਂ ਵਿਛੜੇ ਫੌਜੀ ਬੱਚੇ-ਬੱਚੀਆਂ ਨੂੰ ਪਿਆਰ ਕਰਦੇ। ਛੋਟੂ ਰਾਮ ਬੱਚਿਆਂ ਨੂੰ ਗਾ ਕੇ ਦੇਸ਼ ਭਗਤੀ ਦੇ ਗੀਤ ਸੁਣਾਉਂਦਾ, ‘ਜੋਤ ਸੇ ਜੋਤ ਜਗਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ!’ ਦੂਜਾ ਫੌਜੀ ਤੋਮਰ ਉਹਨੂੰ ਕਮਲ਼ਾ ਤੇ ਸਿੱਧੜ ਆਖਦਾ ਤੇ ਉਹਦੀ ਦੇਸ਼-ਭਗਤੀ ਦਾ ਮਜ਼ਾਕ ਉਡਾਉਂਦਾ, ‘ਕੌਨ ਸਾ ਦੇਸ਼, ਔਰ ਕੌਨ ਸਾ ਦੇਸ਼ ਪ੍ਰੇਮ, ਗੁਰੂ ਜੀ। ਸਭ ਕੁਰਸੀ ਵਾਲੋਂ ਕੇ ਮਸਲੇ ਹੈਂ। ਹਮ ਤੋ ਖਾਜਾ ਹੈਂ ਉਨ ਕਾ!’
ਏਥੇ ਹੀ ਸਾਂ ਜਦੋਂ ਭਿੱਖਿਵਿੰਡ ਵਿਚ ਬਣਿਆ ਪੈਟਨ ਟੈਂਕਾਂ ਦਾ ਕਬਰਿਸਤਾਨ ਵੇਖਣ ਪ੍ਰਧਾਨ-ਮੰਤ੍ਰੀ, ਰਾਸ਼ਟਰਪਤੀ ਤੇ ਹੋਰ ਲੀਡਰ ਆਉਂਦੇ ਰਹੇ ਤੇ ਤਾਸ਼ਕੰਦ ਸਮਝੌਤੇ ਲਈ ਗਏ ਲਾਲ ਬਹਾਦਰ ਸ਼ਾਸ਼ਤਰੀ ਦੀ ਰਹੱਸਮਈ ਮੌਤ ਦੀ ਦੁਖਦਾਈ ਖ਼ਬਰ ਸੁਣੀ।
ਏਥੇ ਹੀ ਸਾਂ ਜਦੋਂ ਮੈਂ ਹਰਭਜਨ ਹਲਵਾਰਵੀ ਤੇ ਅਮਰਜੀਤ ਚੰਦਨ ਦੇ ਮਿਲਾਪ ਤੋਂ ਬਾਅਦ ਨਕਸਲੀ ਲਹਿਰ ਨਾਲ ਜੁੜਿਆ।
ਏਸੇ ਸਕੂਲ ਵਿਚ ਮੇਰੇ ਨਾਲ ਹਰਭਜਨ ਹਲਵਾਰਵੀ ਅਤੇ ਅਜਮੇਰ ਸਿੰਘ (ਗੋਬਿੰਦਰ ਸਿੰਘ), ਸਰਵਣ ਸੈਣੀ ਤੇ ਹੋਰ ਨਕਸਲੀ ਆਗੂ ਜਾਂਦੇ ਰਹੇ। ਇਹ ਤਾਂ ਕਈ-ਕਈ ਦਿਨ ਮੇਰੇ ਪਿੰਡ ਵੀ ਮੇਰੇ ਕੋਲ ਠਹਿਰਦੇ ਰਹੇ। ਅਸੀਂ ਸਕੂਲ ਵਿਚ ਜ਼ਿਦ-ਜ਼ਿਦ ਗੋਲਾ ਸੁੱਟਦੇ ਰਹੇ। ਹਲਵਾਰਵੀ ਤੋਂ ਤਾਂ ਗੱਲ ਨਾ ਬਣਦੀ ਪਰ ਮੈਂ ਤੇ ਅਜਮੇਰ ਅਕਸਰ ਬਰਾਬਰ ਤੁੱਲ ਜਾਂਦੇ। ਛੁੱਟੀ ਤੋਂ ਬਆਦ ਕਦੀ-ਕਦੀ ਘੁਲਣ ਵੀ ਲੱਗਦੇ। ਨੇੜੇ ਹੀ ਸਾਡੇ ਨਕਸਲੀ ਸਹਿਯੋਗੀ ਤੇ ਮੇਰੇ ਅਜ਼ੀਜ ਰਘਬੀਰ ਕੀ ਬੰਬੀ ਸੀ। ਓਥੇ ਨਹਾਉਂਦੇ। ਏਸੇ ਬੰਬੀ ਦੇ ਕੋਠੇ ਵਿਚ ਕਈ ਵਾਰ ਰਾਤ ਨੂੰ ਪਾਰਟੀ ‘ਸਕੂਲਿੰਗ’ ਵੀ ਹੁੰਦੀ ਰਹੀ। ਏਥੇ ਹੀ ਇੱਕ ਵਾਰ ਪਾਰਟੀ ਦੇ ਸੂਬਾ ਸਕੱਤਰ ਬਲਦੇਵ ਸਿੰਘ ਉੱਚਾ ਪਿੰਡ ਨੇ ‘ਸਕੂਲ’ ਲਾਇਆ।
ਇਸ ਸਕੂਲ ਵਿਚ ਹੀ ਸਵੇਰ ਦੀ ਬਾਲ-ਸਭਾ ਵਿਚ ਉਦਾਸੀ, ਪਾਸ਼, ਮੋਹਣ ਸਿੰਘ ਤੇ ਹੋਰ ਨਾਮਵਰ ਕਵੀਆਂ ਦੇ ਗੀਤ ਤੇ ਕਲਾਮ ਬੱਚੇ ਗਾ ਕੇ ਸੁਣਾਉਂਦੇ। ਮੈਂ ਕਈ ਵਿਦਿਆਰਥੀਆਂ ਦੇ ਨਾਂ ਉਨ੍ਹਾਂ ਦੀ ਸ਼ਕਲ ਮੁਤਾਬਕ ‘ਨਿਕਸਨ’, ‘ਮਾਉ’ ਤੇ ‘ਬ੍ਰਿਜ਼ਨੇਵ’ ਵਗੈਰਾ ਰੱਖੇ। ਉਨ੍ਹਾਂ ਦੇ ਘੋਲ ਕਰਵਾਉਂਦਾ ਤੇ ਵੇਖਦਾ ਕਿ ਕਿਹੜਾ ‘ਭਲਵਾਨ’ ਜਿੱਤਦਾ ਹੈ! ਏਥੇ ਹੀ ਇੱਕ ਦਿਨ ਪਹਿਲੀ ਦੇ ਬੱਚਿਆਂ ਦਾ ਘੋਲ ਸੀ। ਸੁਖਬੀਰ ਭੈਣ ਜੀ ਨੇ ਗੋਲ-ਮਟੋਲ ਦੀਨੇ ਨੂੰ ਮੇਰੇ ‘ਭਲਵਾਨ’ ਨਾਲ ਘੁਲਣ ਲਈ ਘੱਲਿਆ। ਮੇਰੇ ਭਲਵਾਨ ਨੇ ਪੱਟ ’ਤੇ ਥਾਪੀ ਮਾਰ ਕੇ, ‘ਯਾ ਮੇਰੇ ਮੌਲਾ!’ ਕਿਹਾ ਤੇ ਫੇਰ ਦੀਨੇ ਨੂੰ ਲਲਕਾਰਿਆ, ‘ਆ ਜਾ ਅੱਗੇ! ਮੈਂ ਸਾਨ੍ਹ ਜੱਟ ਉਏ!’ ਦੀਨੇ ਵੀ ਪੱਟ ’ਤੇ ਥਾਪੀ ਮਾਰੀ ਤੇ ਓਸੇ ਦੀ ਨਕਲ ਕਰਦਿਆਂ ਲਲਕਾਰਿਆ, ‘ਮੈਂ ਵੀ ਛਾਨ੍ਹ ਜੱਤ ਉਏ!’ ਪਰ ਏਸੇ ਵੇਲੇ ਉਹਨੂੰ ‘ਗਲਤੀ’ ਦਾ ਅਹਿਸਾਸ ਹੋਇਆ। ਢੈਲਾ ਜਿਹਾ ਪੈ ਕੇ ਕਹਿੰਦਾ, ‘ਪੜ ਮੈਂ ਤੇ ਖੱਤੜੀ ਆਂ!’ ਦੀਨੇ ਦੀ ਏਸੇ ਗੱਲ ਨੂੰ ਮੈਂ ਥੋੜੇ ਵੱਖਰੇ ਪ੍ਰਸੰਗ ਵਿਚ ਕਹਾਣੀ ‘ਮੈਂ ਰੋ ਨਾ ਲਵਾਂ ਇੱਕ ਵਾਰ!’ ਵਿਚ ਵਰਤਿਆ ਜਦੋਂ ਕਹਾਣੀ ਦਾ ਪਾਤਰ ਨਿੰਦਰ ਪੱਟ ’ਤੇ ਥਾਪੀ ਮਾਰ ਕੇ ਪਹਿਲਾਂ ਕਹਿੰਦਾ ਹੈ, ‘ਮੈਂ ਸਾਨ੍ਹ ਜੱਟ ਉਏ!’ ਪਰ ਤੁਰਤ ਭੁੱਲ ਨੂੰ ਸੋਧ ਕੇ ਕਹਿੰਦਾ ਹੈ, ‘ਪਰ ਮੈਂ ਤਾਂ ਮਜਬ੍ਹੀ ਆਂ!’
ਏਸੇ ਪਿੰਡ ਨੇ ਮੈਨੂੰ, ‘ਸੁਨਹਿਰੀ ਕਿਣਕਾ’ ਵਰਗੀ ਕਹਾਣੀ ਦਿੱਤੀ। ‘ਉੱਚੀ ਧੌਣ’ ਅਤੇ ‘ਲੋਹੇ ਦੇ ਹੱਥ’ ਦੀਆਂ ਕਹਾਣੀਆਂ ਵੀ ਏਸੇ ਦੌਰ ਵਿਚ ਲਿਖੀਆਂ ਗਈਆਂ। ਏਥੇ ਹੀ ਮੁਖ਼ਤਾਰ ਗਿੱਲ, ਗੁਰਸ਼ਰਨ ਭਾਅ ਜੀ ਵੱਲੋਂ ਛਾਪੇ ਮੇਰੇ ਪਹਿਲੇ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ ਦੀਆਂ ਸੌ ਕਾਪੀਆਂ ਰਾਇਲਟੀ ਵਜੋਂ ਦੇਣ ਆਇਆ ਸੀ। ਇਸ ਸ਼ੁਰੂਆਤ ਤੋਂ ਬਾਅਦ ‘ਲੋਹੇ ਦੇ ਹੱਥ’ ਵਾਂਙ ਹੀ ਮੇਰੀਆਂ ਸਾਰੀਆਂ ਕਿਤਾਬਾਂ ਬਿਨਾਂ ਪੈਸੇ ਦਿੱਤਿਆਂ ਛਪਦੀਆਂ ਰਹੀਆਂ ਤੇ ਰਾਇਲਟੀ ਵੀ ਲਗਾਤਾਰ ਮਿਲਦੀ ਰਹੀ। ਏਥੇ ਹੀ ਸਾਂ ਜਦੋਂ 1966-67 ਵਿਚ ਮੇਰੀ ਅਗਵਾਈ ਵਿਚ ‘ਸਾਹਿਤ ਕੇਂਦਰ ਭਿੱਖੀਵਿੰਡ’ ਨਾਂ ਦੀ ਸਾਹਿਤ-ਸਭਾ ਬਣਾਈ ਗਈ। ਕਈ ਦੋਸਤਾਂ ਨੂੰ ਲਿਖਣ ਲਾਇਆ। ਏਥੇ ਹੀ ਦੇਵਿੰਦਰ ਸਤਿਆਰਥੀ, ਕੁਲਬੀਰ ਸਿੰਘ ਕਾਂਗ, ਜੋਗਿੰਦਰ ਕੈਰੋਂ, ਨਿਰਮਲ ਅਰਪਨ ਵਰਗੇ ਲੇਖਕ ਸਾਡੀ ਸਭਾ ਵਿਚ ਹਾਜ਼ਰੀ ਭਰਦੇ ਰਹੇ। ਸਾਡੀਆਂ ਮਹੀਨਾਂ-ਵਾਰ ਮੀਟਿੰਗਾਂ ਦੀਆਂ ਚਿੱਠੀਆਂ ਬਾਅਦ ਵਿਚ ਬਣੇ ਵੱਡੇ ਆਲੋਚਕ ਤੇ ਪ੍ਰੋਫ਼ੈਸਰ ਸੁਖਦੇਵ ਖਾਹਰਾ ਤੇ ਬਲਦੇਵ ਗਿੱਲ ਵਰਗੇ ਭਿੱਖੀਵਿੰਡ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਲਿਖਦੇ। ਏਸੇ ਸਭਾ ਵੱਲੋਂ ਅਸੀਂ ‘ਜੁਝਾਰ’ ਨਾਂ ਦਾ ਨਿੱਕਾ ਮੈਗ਼ਜ਼ੀਨ ਕੱਢ ਕੇ 1971 ਵਿਚ ਅੰਬਰਸਰ ਹੋਈ ‘ਪ੍ਰੀਤ-ਮਿਲਣੀ’ ’ਤੇ ਤਕਸੀਮ ਕੀਤਾ ਜਿਸ ਦੇ ਪਹਿਲੇ ਸਫ਼ੇ ’ਤੇ ਮੇਰੀ ਨਜ਼ਮ ਛਪੀ ਸੀ, ਜਿਸਦੀਆਂ ਪਹਿਲੀਆਂ ਸਤਰਾਂ ਸਨ:
ਦੀਵਾਰ ’ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ
ਤੁਸੀਂ ਰੰਗਲੇ ਬੰਗਲਿਆਂ ਵਿਚ ਬਹਿ ਕੇ ਪ੍ਰੀਤਾਂ ਦਾ ਮਿਲਣ ਚਾਹੁੰਦੇ ਹੋ।
ਤੁਸੀਂ ਕਿਹੜੇ ਝਨਾਵਾਂ ਨੂੰ ਪਾਰ ਕੀਤਾ ਹੈ!
ਏਸੇ ਪਰਚੇ ਵਿਚ ਲੋਕ ਨਾਥ ਦੀ , ‘ਜੰਗਲ ‘ਚੋਂ ਚਲਾ ਦਿਆਂਗੇ ਐਟਮ ਬੰਬ!’ ਨਜ਼ਮ ਛਪੀ ਸੀ।
ਇਹ ਮੈਗ਼ਜ਼ੀਨ ਸੀ ਆਈ ਡੀ ਦੇ ਹੱਥ ਆ ਗਿਆ ਤੇ ਮੇਰਾ ਨਾਂ ਖ਼ਤਰਨਾਕ ‘ਨਕਸਲੀਆਂ’ ਵਿਚ ਸ਼ਾਮਲ ਕਰ ਲਿਆ ਗਿਆ, ਜਿਸਦੀ ਬਦੌਲਤ ਕਈ ਵਾਰ ਜੇਲ੍ਹ ਯਾਤਰਾ ਕਰਨੀ ਪਈ। ਐਮਰਜੈਂਸੀ ਵਿਚ ਡੀ ਆਈ ਆਰ ਅਧੀਨ ਗ੍ਰਿਫ਼ਤਾਰੀ ਤੇ ਇੰਟੈਰੋਗੇਸ਼ਨ ਦਾ ਸਵਾਦ ਵੀ ਚੱਖਿਆ। ਏਥੇ ਹੀ ਮੈਂ ਹੋਰਨਾਂ ਸਕੂਲਾਂ ਦੇ ਯਾਰ ਅਧਿਆਪਕਾਂ ਦੇ ਸਾਥ-ਸਹਿਯੋਗ ਨਾਲ ਹਰੇਕ ਸਾਲ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਅਤੇ ਭਗਤ ਸਿੰਘ ਦੇ ਜਨਮ ਦਿਹਾੜੇ ਮਨਾਉਣ ਲਈ ਸਮਾਗਮ ਕਰਦਾ। ਆਪ ਵੀ ਭਾਸ਼ਨ ਕਰਨ ਦਾ ‘ਝੱਸ’ ਪੂਰਾ ਕਰਦਾ ਤੇ ਹੋਰਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਬੋਲਣ ਦਾ ਮੌਕਾ ਦਿੰਦਾ। ਸਪੀਕਰ ਰਾਹੀਂ ਸਾਰੇ ਪਿੰਡ ਵਿਚ ਆਵਾਜ਼ ਸੁਣਦੀ। ਲੋਕ ਮੇਰੀ ‘ਸਿਆਣਪ’ ਨੂੰ ਸਲਾਹੁੰਦੇ। ਏਸੇ ਦਿਨ ਸਕੂਲਾਂ ਦੇ ਵਿਦਿਆਰਥੀਆਂ ਦੇ ਖੇਡ-ਮੁਕਾਬਲੇ ਵੀ ਕਰਵਾਉਂਦਾ। ਪਿੰਡ ਦੇ ਲੋਕ ਹੁੰਮ-ਹੁੰਮਾ ਕੇ ਸ਼ਮੂਲੀਅਤ ਕਰਦੇ। ਪੂਰਾ ਮੇਲਾ ਬਣ ਜਾਂਦਾ।
ਮੇਰੀ ਪਿੰਡ ਅਤੇ ਇਲਾਕੇ ਵਿਚ ਬੜੀ ਭੱਲ ਬਣੀ ਹੋਈ ਸੀ। ਭਾਈ ਤਾਰੂ ਸਿੰਘ ਦੀ ਯਾਦ ਵਿਚ ਮਨਾਏ ਜਾਂਦੇ ਸਾਲਾਨਾ ਜੋੜ-ਮੇਲੇ ਦੀ ਸਟੇਜ ਦਾ ਪ੍ਰਬੰਧ ਵੀ ਮੇਰੇ ਕੋਲ ਹੁੰਦਾ। ਆਪਣੀ ਸਟੇਜ ਸਕੱਤਰੀ ਵਿਚ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਫ਼ਤਿਹ ਸਿੰਘ ਤੋਂ ਇਲਾਵਾ ਜੀਵਨ ਸਿੰਘ ਉਮਰਾ ਨੰਗਲ, ਜਗਮੀਤ ਬਰਾੜ ਦੇ ਪਿਤਾ ਗੁਰਮੀਤ ਸਿੰਘ, ਮੇਜਰ ਸਿੰਘ ਉੱਬੋਕੇ ਵਰਗੇ ਅਕਾਲੀ ਆਗੂਆਂ ਨੂੰ ਸਟੇਜ ’ਤੇ ਪੇਸ਼ ਕਰਦਾ ਰਿਹਾ। ਆਸਟ੍ਰੇਲੀਆ ਵਾਲਾ ਮੇਰਾ ਯਾਰ ਗਿਆਨੀ ਸੰਤੋਖ ਸਿੰਘ ਵੀ ਮੇਰੇ ਨਾਲ ਇੱਕ ਮੇਲੇ ਵਿਚ ਸ਼ਾਮਲ ਹੋਇਆ, ਯਾਦ ਹੈ। ਪਿੰਡ ਦੇ ਲੋਕਾਂ ਅਤੇ ਪੜ੍ਹਾਕੂਆਂ ਦਾ ਅਥਾਹ ਪਿਆਰ/ਸਤਿਕਾਰ ਮਿਲਦਾ ਰਿਹਾ। ਇਹ ਸਾਰੀਆਂ ਯਾਦਾਂ ਮੇਰੇ ਮਨ ਅੰਦਰ ਖ਼ੌਰੂ ਪਾ ਰਹੀਆਂ ਸਨ।
ਕਿੰਨੀਆਂ ਗੱਲਾਂ ਨੇ ਦੱਸਣ ਵਾਲੀਆਂ। ਨਹੀਂ ਦੱਸੀਆਂ ਜਾਣੀਆਂ। ਪੂਹਲਿਆਂ ਦਾ ਸਕੂਲ ਵੇਖ ਕੇ ਅੱਗੇ ਚਲੇ ਜਾਣ ਦੀ ਕਾਹਲੀ ਵਾਂਙ ਗੱਲ ਮੁਕਾਉਣ ਦੀ ਵੀ ਕਾਹਲੀ ਹੈ।
ਪਤਨੀ ਨੂੰ ਕਿਹਾ, ‘ਆਪਾਂ ਸਕੂਲ ਅੱਗੇ ਖਲੋ ਕੇ ਝਾਤੀ ਮਾਰਨੀ ਹੈ। ਯਾਦ ਤਾਜ਼ਾ ਕਰਨ ਲਈ ਇਕ ਤਸਵੀਰ ਖਿੱਚਾਂਗੇ। ਤੇ ਅੱਗੇ ਚਲੇ ਜਾਵਾਂਗੇ।’
ਉਹਨੂੰ ਵੀ ਏਸੇ ਸਕੂਲ ਵਿਚ ਪੜ੍ਹਾਉਣ ਸਮੇਂ ਵਿਆਹ ਕੇ ਲਿਆਇਆ ਸਾਂ। ਉਹ ਵੀ ਉਨ੍ਹਾਂ ਸਮਿਆਂ ਵਿਚ ਪਿੰਡ ਦੀਆਂ ਔਰਤਾਂ ਦੀ ਮੰਗ ’ਤੇ (ਆਪਣੇ ਵਰਿਆਮ ਸੁੰਹ’ ਦੀ ਵਹੁਟੀ ਨੂੰ ਵੇਖ ਸਕਣ ਦੀ ਰੀਝ ਪੂਰੀ ਕਰਨ ਲਈ) ਇਸ ਪਿੰਡ ਆਈ ਸੀ ਤੇ ਪਿੰਡ ਵਿਚਲੇ ਨੇੜਲੇ ਪਰਿਵਾਰਾਂ ਨੇ ਉਹਦਾ ਬੜਾ ਹੁੱਬ ਕੇ ਮਾਣ ਕੀਤਾ ਸੀ। ਉਹ ਮੇਰੀ ਭਾਵਕੁਤਾ ਸਮਝ ਕੇ ਮੰਨ ਤਾਂ ਗਈ, ਪਰ ਉਹਨੂੰ ਰਾਤ ਪੈਣ ਤੋਂ ਪਹਿਲਾਂ ਜਲੰਧਰ ਪਹੁੰਚਣ ਦਾ ਫ਼ਿਕਰ ਵੀ ਸੀ। ਉਸਤੋਂ ਪਹਿਲਾਂ ਸੁਰ ਸਿੰਘ ਆਪਣੇ ਧਰਮ-ਪੁੱਤਰ ਪ੍ਰਮਿੰਦਰ ਤੇ ਉਹਦੇ ਪਰਿਵਾਰ ਸਮੇਤ ਕੁਝ ਸਨੇਹੀਆਂ ਨੂੰ ਵੀ ਮਿਲਣਾ ਸੀ। ਪਿੰਡ ਦੇ ਦੋਵਾਂ ਸਕੂਲਾਂ ਵਿਚ ਅਧਿਆਪਕ/ਅਧਿਅਪਕਾਵਾਂ ਨੂੰ ਮਿਲਣਾ ਸੀ। ਰਜਵੰਤ ਦੀ ਭਤੀਜ-ਨੂੰਹ ਮਨਜੀਤ, ਜੋ ਕੁੜੀਆਂ ਦੇ ਸਕੂਲ ਵਿਚ ਲੈਕਚਰਾਰ ਹੈ, ਦੇ ਦੱਸਣ ਤੇ ਸਾਰਾ ਸਟਾਫ਼ ਸਾਨੂੰ ਉਡੀਕ ਰਿਹਾ ਸੀ। ਬਾਅਦ ਵਿਚ ਸਹੁਰੇ ਘਰ ਝਬਾਲ ਵੀ ਜਾਣਾ ਸੀ। ਸਮਾਂ ਬਹੁਤ ਸੰਕੋਚਵਾਂ ਸੀ। ਅਸੀਂ ਪੂਹਲਿਆਂ ਵਾਲੇ ਸਕੂਲ ਦੇ ਗੇਟ ਬਾਹਰ ਕਾਰ ਰੋਕੀ। ਇਹ ਸਕੂਲ ਹੁਣ ਸਮਾਰਟ ਮਿਡਲ ਸਕੂਲ ਬਣ ਚੁੱਕਾ ਹੈ। ਰਜਵੰਤ ਗੇਟ ਦੇ ਬਾਹਰ ਖਲੋਤੇ ਦੀ ਤਸਵੀਰ ਖਿੱਚਣ ਲੱਗੀ ਤਾਂ ਇੱਕ ‘ਬਜ਼ੁਰਗ’ ਨੇ ਆਪਣਾ ਮੋਟਰ-ਸਾਈਕਲ ਖੜਾ ਕੀਤਾ। ਪਿੱਛੇ ਉਹਦੀ ਮੁਟਿਆਰ ਧੀ ਬੈਠੀ ਸੀ। ਖਲੋਤੇ-ਖਲੋਤੇ ਨੇ ਸਵਾਲ ਕੀਤਾ, ‘ਤੁਸੀਂ ਭਾ ਜੀ ਵਰਿਆਮ ਸਿੰਘ ਜੇ?’
ਮੇਰਾ ‘ਹਾਂ’ ਵਿਚ ਜਵਾਬ ਸੁਣ ਕੇ ਉਹਦੀਆਂ ਖ਼ੁਸ਼ੀ ਵਿਚ ਵਰਾਛਾਂ ਖਿੜ ਗਈਆਂ। ਆਪ ਹੀ ਕਹਿੰਦਾ, ‘ਮੇਰਾ ਨਾਂ ਜੰਗਾ ਹੈ।’ ਉਹਨੇ ‘ਜੰਗਾ ਸਿੰਘ’ ਨਹੀਂ, ਸਿਰਫ਼ ‘ਜੰਗਾ’ ਆਖਣਾ ਬਿਹਤਰ ਜਾਤਾ ਤਾਕਿ ਮੈਂ ਉਸਨੂੰ ਪਛਾਣ ਲਵਾਂ!
ਪਰ ਮੈਂ ਉਹਦੇ ਚਿੱਟੇ ਦਾੜ੍ਹੇ ਵਿਚੋਂ ਸਕੂਲ ਪੜ੍ਹਦੇ ਜੰਗੇ ਦਾ ਨਿੱਕਾ ਜਿਹਾ ਮੂੰਹ ਪਛਾਣ ਨਾ ਸਕਿਆ। ਜੰਗੇ ਨੇ ਝੁਕ ਕੇ ਗੋਡਿਆਂ ਨੂੰ ਹੱਥ ਲਾਇਆ ਤੇ ਬੜਾ ਹੁੱਬ ਕੇ ਕਹਿਣ ਲੱਗਾ, ‘ਚਲੋ ਭਾ ਜੀ! ਘਰ ਨੂੰ ਚੱਲੀਏ। ਜਲ-ਪਾਣੀ ਛਕੇ ਤੋਂ ਬਿਨਾਂ ਮੈਂ ਨਹੀਂ ਜਾਣ ਦੇਣਾ।’ ਮੈਂ ਨਿਮਰਤਾ-ਸਹਿਤ ‘ਨਾਂਹ’ ਕੀਤੀ ਤਾਂ ਉਹ ਤਰਲਿਆਂ ’ਤੇ ਉੱਤਰ ਆਇਆ। ਮੈਂ ਬੜੇ ਪਿਆਰ ਨਾਲ ਸਮਝਾਇਆ ਕਿ ਅਸੀਂ ਤਾਂ ਸਿਰਫ਼ ਦੋ ਕੁ ਮਿੰਟ ਲਈ ਰੁਕੇ ਹਾਂ।
ਏਨੇ ਚਿਰ ਨੂੰ ਇੱਕ ਹੋਰ ‘ਬਜ਼ੁਰਗ’ ਵਿਦਿਆਰਥੀ ਨੇ ਆ ਫ਼ਤਿਹ ਬੁਲਾਈ। ਜੰਗੇ ਵਾਲੀ ਸੁਲਾਹ ਉਹ ਵੀ ਓਨੇ ਜ਼ੋਰ ਨਾਲ ਮਾਰਨ ਲੱਗਾ। ਉਸਨੂੰ ਵੀ ਆਪਣੀ ਬੇਬੱਸੀ ਦਾ ਵਾਸਤਾ ਪਾਇਆ।
ਮੈਂ ਰਜਵੰਤ ਨੂੰ ਕਿਹਾ ਕਿ ਉਹ ਇਨ੍ਹਾਂ ਦੋਵਾਂ ਵਿਦਿਆਰਥੀਆਂ ਨਾਲ ਮੇਰੀ ਯਾਦਗਾਰੀ ਤਸਵੀਰ ਖਿੱਚ ਦੇਵੇ। ਅਜੇ ਉਨ੍ਹਾਂ ਨਾਲ ਗੱਲਾਂ ਕਰ ਹੀ ਰਹੇ ਸਾਂ ਕਿ ਸਕੂਲ ਦਾ ‘ਮਿੱਡ ਡੇਅ ਮੀਲ’ ਬਨਾਉਣ ਵਾਲੀ ਬੀਬੀ ਕਾਹਲੇ ਕਦਮੀ ਆਈ। ਦੱਸਣ ਲੱਗੀ, ‘ਭਾ ਜੀ! ਮੇਰੀ ਸੱਸ ਤੁਹਾਡੇ ਹੁੰਦਿਆਂ ਸਕੂਲ ਦੀ ਸਫ਼ਾਈ ਸੇਵਕਾ ਹੁੰਦੀ ਸੀ। ਅਸੀਂ ਤੁਹਾਨੂੰ ਉਦੋਂ ‘ਤੋਂ ਜਾਣਦੇ ਹਾਂ। ਤੁਹਾਡੀ ਬੜੀ ਇੱਜ਼ਤ ਕਰਦੇ ਹਾਂ। ਸਾਰਾ ਪਿੰਡ ਹੀ ਤੁਹਾਡੇ ਸੋਹਿਲੇ ਗਾਉਂਦਾ ਹੈ। ਆਓ! ਸਕੂਲ ਅੰਦਰ ਆਓ। ਚਾਹ ਪੀਤੇ ਬਿਨਾਂ ਅਸੀਂ ਨਹੀਂ ਜਾਣ ਦੇਣਾ।’
ਮੈਂ ਜੰਗੇ ਤੇ ਦੂਜੇ ਸਾਥੀ ਨੂੰ ਹੱਥ ਮਿਲਾ ਕੇ, ਜੱਫੀ ਪਾ ਕੇ, ਵਿਦਾਈ ਲਈ ਤੇ ਬਾਹਰ ਤੁਰੀ ਆਉਂਦੀ ਸਕੂਲ ਦੀ ਇੰਚਾਰਜ ਦੀ ‘ਫ਼ਤਿਹ’ ਦਾ ਜਵਾਬ ਦੇਣ ਲੱਗਾ ਤਾਂ ਪਹਿਲੀ ਬੀਬੀ ਨੇ ‘ਸਾਡੇ ਭਾ ਜੀ! ਸਾਡੇ ਭਾ ਜੀ’ ਕਹਿ-ਕਹਿ ਕੇ ਮੇਰੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ।
‘ਮੈਡਮ ਆਹ ਬਿਲਿਡੰਗ ਤਾਂ ਬਾਅਦ ਵਿਚ ਬਣੀ ਹੈ। ਉਦੋਂ ਸਕੂਲ ਪਿੱਛੇ ਜਿਹੇ ਹੁੰਦਾ ਸੀ। ਭਾ ਜੀ ਨੇ ਸਾਰੇ ਸਕੂਲ ਵਿਚ ਸਫ਼ੈਦੇ ’ਤੇ ਟਾਹਲੀਆਂ ਲਾਈਆਂ ਸਨ। ਏਥੇ ਤਾਂ ਰੁੱਖਾਂ ਦਾ ਜੰਗਲ ਜਿਹਾ ਬਣ ਗਿਆ ਸੀ। ਲੋਕ ਵੇਖਦੇ ਤੇ ਇਨ੍ਹਾਂ ਦੀ ਬੱਲੇ! ਬੱਲੇ! ਕਰਦੇ। ਪਰ ਇਨ੍ਹਾਂ ਤੋਂ ਬਾਅਦ ਸਾਰੇ ਰੁੱਖ ਵਢਾ ਕੇ ਔਂਤਰੀ ਪੰਚਾਇਤ ਨੇ ਵੇਚ ਕੇ ਖਾ ਲਏ। ਮੇਰੀ ਸੱਸ ਤਾਂ ਇਨ੍ਹਾਂ ਨੂੰ ਭਰਾਵਾਂ ਵਾਂਙ ਪਿਆਰ ਕਰਦੀ ਸੀ। ਇਹ ਬੱਚਿਆਂ ਨੂੰ ਲੈਣ ਸਾਡੇ ਘਰਾਂ ਵਿਚ ਆਪ ਜਾਂਦੇ। ਬੜਾ ਪਿਆਰ ਕਰਦੇ ਸੀ ਬੱਚਿਆਂ ਨੂੰ। ਮੇਰੀ ਨਣਾਨ ਇਨ੍ਹਾਂ ਕੋਲੋਂ ਪੜ੍ਹਦੀ ਰਹੀ।’ ਉਹਦੀਆਂ ਗੱਲਾਂ ਮੁੱਕਣ ਵਿਚ ਨਹੀਂ ਸਨ ਆ ਰਹੀਆਂ। ਸਮਾਂ ਥੋੜਾ ਹੋਣ ਕਰ ਕੇ ਮੈਂ ਅਧਿਆਪਕਾ ਨੂੰ ਆਪਣੇ ਬਾਰੇ ਦੱਸਿਆ ਤਾਂ ਉਹਨੇ ਸਕੂਲ ਅੰਦਰ ਆਉਣ ਲਈ ਪਿਆਰ ਨਾਲ ਸੱਦਾ ਦਿੱਤਾ। ਮੈਂ ਖਲੋਤੇ-ਖਲੋਤੇ ਇਕੱਠੀਆਂ ਹੋ ਗਈਆਂ ਸਕੂਲ ਅਧਿਆਪਕਾਵਾਂ ਨੂੰ ਆਪਣੇ ਇਸ ਸਕੂਲ ਵਿਚ ਗੁਜ਼ਾਰੇ ਸਮੇਂ ਬਾਰੇ ਸੰਖੇਪ ਵਿਚ ਦੱਸਣ ਲੱਗਾ।
ਓਧਰ ਜੰਗੇ ਨੇ ਪਿੰਡ ਵਿਚ ਜਾਂਦਿਆਂ ਰਾਹ ਵਿਚ ਜੋ-ਜੋ ਮਿਲਿਆ, ਉਹਨੂੰ ਮੇਰੇ ਆਉਣ ਦੀ ਖ਼ਬਰ ਕਰ ਦਿੱਤੀ ਤਾਂ ਉਹ ਕੋਈ ਪੈਦਲ, ਕੋਈ ਸਾਈਕਲ ਚੁੱਕ ਕੇ ਸਕੂਲ ਨੂੰ ਭੱਜਾ ਆਵੇ। ਮੇਰੇ ਗੋਡਿਆਂ ਨੂੰ ਹੱਥ ਲਾਵੇ। ਨਾਂ ਦੱਸ ਕੇ ਆਪਣੀ ਪਛਾਣ ਕਰਵਾਏ। ਅਧਿਆਪਕਾਵਾਂ ਨੂੰ ਮੇਰੇ ਬਾਰੇ ਦੱਸੇ। ਮੈਂ ਕਿਵੇਂ ਬੱਚਿਆਂ ਨੂੰ ਪਿਆਰ ਕਰਦਾ ਸਾਂ। ਕਿਵੇਂ ਬੱਚੇ ਤੇ ਬੱਚਿਆਂ ਦੇ ਮਾਪੇ ਮੈਨੂੰ ਪਿਆਰ ਕਰਦੇ ਸਨ! ਕਿਵੇਂ ਪੜ੍ਹਾਉਂਦਾ ਸਾਂ। ਕਿਵੇਂ ਇਲਾਕਾ ਮੇਰੀ ਇੱਜ਼ਤ ਕਰਦਾ ਸੀ।
ਉਨ੍ਹਾਂ ਸਭਨਾਂ ਦਾ ਚਾਅ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ। ਉਨ੍ਹਾਂ ਦੇ ਬੋਲ ਅਤੇ ਚਿਹਰੇ ਜਗ-ਮਘ ਰਹੇ ਸਨ। ਜਿਵੇਂ ਕੋਈ ਗਵਾਚੀ ਹੋਈ ਕੀਮਤੀ ਚੀਜ਼ ਲੱਭ ਗਈ ਹੋਵੇ! ਇਨ੍ਹਾਂ ਵਿਚੋਂ ਕਈ ਦਾਦੇ ਬਣ ਚੁੱਕੇ ਸਨ। ਆਪਣੇ ਘਰ ਦੇ ਜੀਆਂ ਬਾਰੇ ਹੁਲਾਸ ਨਾਲ ਦੱਸਣ ਲੱਗੇ। ਆਪੋ-ਆਪਣੇ ਘਰਾਂ ਵਿਚ ਜਾ ਕੇ ਜਲ-ਪਾਣੀ ਛਕਣ ‘ਤੇ ਪਰਿਵਾਰ ਦੇ ਜੀਆਂ ਨਾਲ ਮਿਲ ਕੇ ਜਾਣ ਦੀ ਪਿਆਰੀ ਜ਼ਿਦ ਕਰਨ ਲੱਗੇ। ਨਾਲ-ਨਾਲ ਕੋਈ ਆਖੇ, ‘ਜਦੋਂ ਭਾ ਜੀ ਸਾਡੇ ਸਕੂਲੇ ਆਏ, ਮੈਂ ਦੂਜੀ ਵਿਚ ਪੜ੍ਹਦਾ ਸਾਂ। ਪਹਿਲੇ ਮਾਸਟਰਾਂ ਨੇ ਮੁੰਡਿਆਂ ਦੇ ਘਰਾਂ ਵਿਚੋਂ ਦੁੱਧ/ਚਾਹ ਲੈ ਕੇ ਆਉਣ ਦੀਆਂ ਵਾਰੀਆਂ ਬੱਧੀਆਂ ਹੋਈਆਂ ਸਨ। ਜਦੋਂ ਭਾ ਜੀ ਆਏ ਤਾਂ ਸਾਰੇ ਪਿੰਡ ਵਿਚ ਪਤਾ ਲੱਗ ਗਿਆ ਕਿ ਨਵੇਂ ਭਾ ਜੀ ਕਹਿੰਦੇ ਨੇ ਕਿ ਮੈਂ ਘਰਾਂ ’ਚੋਂ ਇੰਝ ਦੁੱਧ/ਚਾਹ ਨਹੀਂ ਮੰਗਵਾਉਣੇ/ਪੀਣੇ। ਭਾ ਜੀ ਹੁਰਾਂ ਸਰਮੱਖ ਦੋਧੀ ਤੋਂ ਮੁੱਲ ਦਾ ਦੁੱਧ ਲਵਾ ਲਿਆ ਤੇ ਸਕੂਲੇ ਸਟੋਵ ਮੰਗਵਾ ਕੇ ਚਾਹ ਬਨਵਾਉਣੀ ਸੁਰੂ ਕਰ ਦਿੱਤੀ। ਸਾਰੇ ਪਿੰਡ ਵਿਚ ਬੜੀ ਸੋਭਾ ਹੋਈ।’
ਸਾਈਕਲ ਦੂਹੋ-ਦੂਹ ਚਲਾ ਕੇ, ਮਿਲਣ ਲਈ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਇੱਕ ਜਣੇ ਨੇ ਕਿਹਾ, ‘ਮੈਂ ਸਕੂਲ ਆਉਣੋਂ ਡਰਦਾ ਸਾਂ। ਭਾ ਜੀ ਮੈਨੂੰ ਘਰ ਲੈਣ ਜਾਂਦੇ ਤੇ ਪਿਆਰ-ਪੁਚਕਾਰ ਕੇ ਸਕੂਲ ਲੈ ਜਾਂਦੇ। ਇਨ੍ਹਾਂ ਕਰ ਕੇ ਮੈਂ ਪੜ੍ਹ ਗਿਆ। ਫੌਜ ਵਿਚੋਂ ਸੂਬੇਦਾਰ ਰਿਟਾਇਰ ਹੋਇਆਂ।’
ਮੈਨੂੰ ਲੋਕਾਂ ਦੇ ਘਰਾਂ ਵਿਚੋਂ ਅਜਿਹੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਦੇ ਦ੍ਰਿਸ਼ ਚੇਤੇ ਆਉਣ ਲੱਗੇ। ਨਾਲ ਹੀ ਯਾਦ ਆਉਣ ਲੱਗੀਆਂ ਉਹ ਮਾਈਆਂ/ਬੀਬੀਆਂ ਜੋ ਮਾਣ ਵਿਚ ਭਰ ਕੇ ਕਹਿੰਦੀਆਂ, ‘ਭਾ ਜੀ! ਅਸੀਂ ਨਹੀਂ ਸੁੱਚੇ ਮੂੰਹ ਜਾਣ ਦੇਣਾ। ਬੈਠੋ ਤੇ ਕੁਝ ਖਾ ਪੀ ਕੇ ਜਾਇਓ!’ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਛੇਤੀ ਸਕੂਲੇ ਪਹੁੰਚਣ ਦਾ ਵਾਸਤਾ ਪਾਉਂਦਾ।
ਮੈਨੂੰ ਪਤਾ ਨਹੀਂ ਸੀ ਲੱਗ ਰਿਹਾ, ਕੌਣ ਕੀ ਕਹਿ ਰਿਹਾ ਹੈ। ਉਨ੍ਹਾਂ ਸਭਨਾਂ ਕੋਲ ਕਹਿਣ ਲਈ ਬਹੁਤ ਗੱਲਾਂ ਸਨ। ਪਰ ਸੁਣਨ ਵਾਲੇ ਘੱਟ ਸਨ। ਮੈਂ ਤਾਂ ਇੱਕ ਵੇਲੇ ਇੱਕ ਜਣੇ ਨੂੰ ਹੀ ਸੁਣ ਸਕਦਾ ਸਾਂ। ਪਰ ਡੁੱਲ੍ਹ-ਡੁੱਲ੍ਹ ਪੈਂਦੇ ਮਨ ਨੂੰ ਸਾਂਝਾ ਕਰਨ ਲਈ ਜੇ ਇੱਕ ਜਣਾ ਇੱਕ ਅਧਿਆਪਕਾ ਨਾਲ ਗੱਲ ਕਰ ਰਿਹਾ ਹੁੰਦਾ ਤਾਂ ਦੂਜਾ ਕਿਸੇ ਦੂਜੀ ਅਧਿਆਪਕਾ ਨੂੰ ਸਰੋਤਾ ਬਣਾ ਲੈਂਦਾ, ‘ਹਰ ਮਹੀਨੇ ਸਾਡੇ ਸੈਂਟਰ ਸਕੂਲ ਵਿਚ ਪੜ੍ਹਾਈ ਦਾ ਮੁਕਾਬਲਾ ਹੁੰਦਾ। ਹਿਸਾਬ ਦੇ ਪੰਦਰਾਂ ਸਵਾਲ ਹੁੰਦੇ। ਦਸ ਕਰਨੇ ਹੁੰਦੇ। ਜਿਹਦੇ ਦਸ ਠੀਕ ਹੋ ਜਾਂਦੇ ਉਹਨੂੰ ਸੌ ਬਟਾ ਸੌ ਮਿਲਦੇ। ਪਰ ਭਾ ਜੀ ਕਹਿੰਦੇ, ‘ਨੰਬਰ ਭਾਵੇਂ ਦਸਾਂ ਸਵਾਲਾਂ ਦੇ ਹੀ ਮਿਲਣੇ ਨੇ ਪਰ ਤੁਸੀਂ ਪੰਦਰਾਂ ਦੇ ਪੰਦਰਾਂ ਸਵਾਲ ਹੀ ਹੱਲ ਕਰਨੇ ਨੇ। ਤੇ ਪੰਦਰਾਂ ਹੀ ਠੀਕ ਹੋਣੇ ਚਾਹੀਦੇ ਨੇ। ਤੇ ਅਸੀਂ ਇੰਞ ਹੀ ਕਰਦੇ। ਮਿਲਦੇ ਤਾਂ ਸੌ ਨੰਬਰ ਹੀ ਪਰ ਸਾਡਾ ਸਾਰੇ ਸੈਂਟਰ ਵਿਚ ਇਸ ਗੱਲੋਂ ਵੱਜ ਬਣਦਾ ਕਿ ਪੂਹਲਿਆਂ ਦੇ ਮੁੰਡੇ ਇਕ ਵੀ ਸਵਾਲ ਗ਼ਲਤ ਨਹੀਂ ਕਰਦੇ।’
‘ਜਦੋਂ ਭਾ ਜੀ ਸਕੂਲ ਵਿਚ ਸਫ਼ੈਦੇ ਤੇ ਟਾਹਲੀਆਂ ਲਵਾਏ ਤਾਂ ਸਫ਼ੈਦੇ ਦਾ ਬੂਟਾ ਟੋਏ ਵਿਚ ਲਾਉਂਦਿਆਂ ਦਰਸ਼ੂ ਕਹਿੰਦਾ, ‘ਭਾ ਜੀ! ਜਦੋਂ ਇਹ ਸਫ਼ੈਦੇ ਰੱਬ ਜਿੱਡੇ ਉੱਚੇ ਹੋ ਗਏ ਤਾਂ ਪਹਿਲੇ ਤੋੜ ਦੀ ਬੋਤਲ ਜਿੰਨਾਂ ਨਸ਼ਾ ਹੋ ਜੂ…। ਫਿਰ ਸੱਚਮੁੱਚ ਸਫੈਦੇ ਤੇ ਟਾਹਲੀਆਂ ਰੱਬ ਨੂੰ ਲੱਗਣ ਲੱਗੇ। ਉਦੋਂ ਤੱਕ ਦਰਸ਼ੂ ਫੌਜ ਵਿਚ ਹੌਲਦਾਰ ਬਣ ਚੁੱਕਾ ਸੀ।’
ਸਕੂਲ ਦੀਆਂ ਅਧਿਆਪਕਾਵਾਂ ਕਦੀ ਇੱਕ ਦੇ ਮੂੰਹ ਵੱਲ ਵੇਖਦੀਆਂ, ਕਦੀ ਦੂਜੇ ਦੇ। ਉਨ੍ਹਾਂ ਸਭਨਾਂ ਕੋਲ ਮੇਰੇ ਬਾਰੇ ਦੱਸਣ ਲਈ ਪਤਾ ਨਹੀਂ ਕਿੰਨਾ ਕੁਝ ਸੀ। ਉਨ੍ਹਾਂ ਦੀ ਰੂਹ ਨੂੰ ਰੱਜ ਹੀ ਨਹੀਂ ਸੀ ਆ ਰਿਹਾ। ਉਨ੍ਹਾਂ ਦੀ ਖੁਸ਼ੀ ਤੇ ਚਾਅ ਵੇਖ ਕੇ ਚਾਹੁੰਦਾ ਤਾਂ ਮੈਂ ਵੀ ਸਾਂ ਕਿ ਮੈਂ ਰੁਕ ਜਾਵਾਂ। ਇੱਕ ਥਾਂ ’ਤੇ ਕੁਰਸੀ ’ਤੇ ਬਹਿ ਕੇ ਉਨ੍ਹਾਂ ਨੂੰ ਆਪਣੀ ਜਮਾਤ ਵਾਂਙ ਅੱਗੇ ਬਿਠਾ ਲਵਾਂ। ਇੱਕ-ਇੱਕ ਦਾ ਨਾਂ, ਮਾਂ-ਬਾਪ ਦਾ ਨਾਂ ਪੁੱਛਾਂ। ਪਿੰਡ ਦੇ ਹੋਰ ਬੰਦਿਆਂ ਬਾਰੇ, ਉਨ੍ਹਾਂ ਦੇ ਜਮਾਤੀਆਂ ਬਾਰੇ ਪੁੱਛਾਂ। ਮੈਨੂੰ ਪਹਿਲਾਂ ਹੀ ਕਾਫ਼ੀ ਸਮਾਂ ਰੱਖ ਕੇ ਏਥੇ ਆਉਣਾ ਚਾਹੀਦਾ ਸੀ। ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਮੈਨੂੰ ਭਰਿਆ ਮੇਲਾ ਛੱਡ ਕੇ ਜਾਣਾ ਪੈਣਾ ਸੀ।
ਜਾਣ ਦੀ ਮੇਰੀ ਕਾਹਲੀ ਵੇਖ ਕੇ ਮੁੱਖ-ਅਧਿਆਪਕਾ ਕਹਿੰਦੀ, ‘ਸਰ! ਸਾਨੂੰ ਦੁਆਵਾਂ ਦਿਉ, ਤਾਕਿ ਅਸੀਂ ਵੀ ਇਸ ਸਕੂਲ ਵਿਚੋਂ ਤੁਹਾਡੇ ਵਾਂਙ ਤਰੱਕੀ ਕਰ ਕੇ ਅੱਗੇ ਵਧ ਸਕੀਏ।’
ਜੰਗਾ ਮੁੜ ਆਪਣੀ ਧੀ ਨਾਲ ਵਾਪਸ ਆਇਆ ਤੇ ਕਹਿੰਦਾ, ‘ਮੇਰੀ ਧੀ ਕਹਿੰਦੀ ਸੀ ਕਿ ਤੁਹਾਡੇ ਸਰ ਨਾਲ ਤੁਹਾਡੀ ਫੋਟੋ ਖਿੱਚਣੀ ਹੈ। ਨਾਲੇ ਘਰ ਨੂੰ ਲੈ ਕੇ ਤਾਂ ਜਾਣਾ ਹੀ ਜਾਣਾ ਹੈ। ਮੈਂ ਘਰ ਦੀ ਰੋਟੀ ਬਨਾਉਣ ਲਈ ਆਖ ਆਇਆਂ।’
ਜਿਹੜੇ ਹੋਰ ਵਿਦਿਆਰਥੀ ਆਏ ਸਨ, ਉਹ ਵੀ ਮੁੜ ਤੋਂ ਜੰਗੇ ਵਾਂਙ ਹੀ ਘਰ ਖੜਨ ਦੀ ਜ਼ਿਦ ਕਰਨ ਲੱਗੇ। ਆਪਣੇ-ਆਪਣੇ ਮੋਬਾਈਲ ਦੂਜਿਆਂ ਨੂੰ ਫੜਾ ਕੇ ਮੇਰੇ ਨਾਲ ਤਸਵੀਰਾਂ ਖਿਚਾਉਣ ਲੱਗੇ। ਉਨ੍ਹਾਂ ਦੇ ਡੁੱਲ੍ਹ-ਡੁੱਲ੍ਹ ਪੈਂਦੇ ਉਤਸ਼ਾਹ ਤੇ ਮੋਹ ਵੱਲ ਵੇਖ ਕੇ ਮੈਨੂੰ ਲੱਗਦਾ ਸੀ ਕਿ ਜੇ ਕਿਧਰੇ ਜੰਗਾ ਪਿੰਡ ਵਿਚ ਮੋਟਰ ਸਾਈਕਲ ਦਾ ਇੱਕ ਗੇੜਾ ਕੱਢ ਦਿੰਦਾ, ਗੁਰਦਵਾਰੇ ਦੇ ਸਪੀਕਰ ’ਤੇ ਮੇਰੇ ਆਉਣ ਬਾਰੇ ਦੱਸ ਦਿੰਦਾ ਜਾਂ ਘੱਟੋ-ਘੱਟ ਤਖ਼ਤ-ਪੋਸ਼ ’ਤੇ ਬੈਠੈ ਬੰਦਿਆਂ ਨੂੰ ਹੀ ਸੂਚਨਾ ਦੇ ਦਿੰਦਾ ਤਾਂ ਪੂਰਾ ਨਹੀਂ ਤਾਂ ਘੱਟੋ-ਘੱਟ ਅੱਧਾ ਪਿੰਡ ਤਾਂ ਸਕੂਲ ਵਿਚ ਇਕੱਠਾ ਹੋ ਜਾਣਾ ਸੀ। ਮੈਂ ਸਭ ਨੂੰ ਪਿਆਰ ਨਾਲ ਜੱਫ਼ੀਆਂ ਪਾਈਆਂ। ਸਮੇਂ ਦੀ ਘਾਟ ਦਾ ਪਛਤਾਵਾ ਕੀਤਾ।
ਉਨ੍ਹਾਂ ਦੇ ਉਮਲਦੇ ਉੱਛਲਦੇ ਚਾਅ ਨੇ ਮੇਰਾ ਮਨ ਵੀ ਖ਼ੁਸ਼ੀ ਤੇ ਚਾਅ ਨਾਲ ਭਰ ਦਿੱਤਾ। ਇਹ ਆਪਣੇ-ਆਪ ਵਿਚ ਬੜਾ ਹੀ ਅਲੌਕਿਕ ਅਨੁਭਵ ਸੀ। ਇਹ ਹਸਰਤ ਮਨ ਵਿਚ ਰਹਿ ਗਈ ਕਿ ਕਾਸ਼! ਮੇਰੇ ਕੋਲ ਸਮਾਂ ਹੁੰਦਾ ਤੇ ਮੈਂ ਪਿੰਡ ਦੇ ਘਰ-ਘਰ ਵਿਚ ਗੇੜਾ ਮਾਰਦਾ, ਉਂਞ ਹੀ, ਜਿਵੇਂ ਮੈਂ ਗ਼ੈਰ-ਹਾਜ਼ਰ ਰਹਿਣ ਵਾਲੇ ਬੱਚਿਆਂ ਨੂੰ ਘਰਾਂ ’ਚੋਂ ਲੈਣ ਜਾਂਦਾ ਸਾਂ ਤੇ ਘਰ ਦੇ ਲੋਕ ਦੁੱਧ-ਚਾਹ ਤੋਂ ਬਿਨਾਂ ਅੱਗੇ ਤੁਰਨ ਨਹੀਂ ਸਨ ਦਿੰਦੇ। ਮੇਰੀਆਂ ਤਾਰੀਫਾਂ ਦੇ ਪੁਲ਼ ਬੰਨ੍ਹੀ ਜਾਂਦੇ ਕਿ ਕਿਵੇਂ ਮੈਂ ਸਕੂਲ ਦੀ ਕਾਇਆ-ਕਲਪ ਕਰ ਦਿੱਤੀ ਸੀ। ਕਿਵੇਂ ਬੱਚੇ-ਬੱਚੀਆਂ ਮੇਰੇ ’ਤੇ ਜਾਨ ਛਿੜਕਦੇ ਸਨ! ਇਲਾਕੇ ਵਿਚ ਸਾਡੇ ਸਕੂਲੋਂ ਪੜ੍ਹ ਕੇ ਗਏ ਬੱਚਿਆਂ ਦਾ ‘ਨਾਂ’ ਹੁੰਦਾ ਸੀ। ਸਮਾਂ ਹੁੰਦਾ ਤਾਂ ਜਾ ਕੇ ਪਤਾ ਕਰਦਾ ਕਿ ਉਨ੍ਹਾਂ ‘ਬੱਚਿਆਂ’ ਦੇ ਮਾਂ-ਬਾਪ ਹੁਣ ਜਿਊਂਦੇ ਵੀ ਹਨ! ਜੇ ਜਿਊਂਦੇ ਹਨ ਤਾਂ ਉਨ੍ਹਾਂ ਦੇ ਜਵਾਨੀ ਵਾਲੇ ਮੂੰਹ ਹੁਣ ਬੁਢਾਪੇ ਵਿਚ ਕਿਵੇਂ ਦੇ ਲੱਗਦੇ ਨੇ। ਕੀ ਉਨ੍ਹਾਂ ਦੇ ਚਿਹਰਿਆਂ ’ਤੇ ਮੈਨੂੰ ਵੇਖ ਕੇ ਉਸ ਤਰ੍ਹਾਂ ਦਾ ਹੀ ਖੇੜਾ ਆਉਂਦਾ ਹੈ, ਜਿਵੇਂ ਕਦੇ ਉਦੋਂ ਆਇਆ ਕਰਦਾ ਸੀ।
ਮੈਨੂੰ ਜਾਂਦਾ ਵੇਖ ਕੇ ਸਭ ਦੇ ਮਨ ਮਸੋਸੇ ਗਏ। ਜੰਗੇ ਨੇ ਢੱਠੇ ਦਿਲ ਨਾਲ ਆਖਿਆ, ‘ਭਾ ਜੀ, ਧਾਡੀ ਮਰਜੀ। ਮੈਂ ਤਾਂ ਆਂਹਦਾ ਸਾਂ…।’ ਮੈਂ ਉਨ੍ਹਾਂ ਵੱਲ ਹੱਥ ਜੋੜੇ। ਸਕੂਲ ਦੇ ਗੇਟ ਨੂੰ ਹੱਥ ਲਾ ਕੇ ਮੱਥੇ ਨੂੰ ਛੁਹਾਇਆ ਤੇ ਖਿੜੇ ਹੋਏ ਮਨ ਨਾਲ, ਸੁਨਹਿਰੀ ਯਾਦਾਂ ਸਮੇਤ ਸਰਸ਼ਾਰੀ ਰੂਹ ਲੈ ਕੇ ਤੁਰ ਆਇਆ!