ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਬਜਟ ਇਜਲਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ‘ਜਵਾਨ ਤੇ ਕਿਸਾਨਾਂ ਦੇ ਮੁੱਦੇ ‘ਤੇ ਘੇਰ ਲਿਆ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਪਟਿਆਲਾ ‘ਚ ਕਰਨਲ ਪੀ.ਐੱਸ. ਬਾਠ ਨਾਲ ਕੁੱਟਮਾਰ ਤੇ ਸ਼ੰਭੂ ਤੇ ਖਨੋਰੀ ਤੋਂ ਕਿਸਾਨਾਂ ਦੇ ਮੋਰਚੇ ਹਟਾਉਣ ਦੇ ਮੁੱਦੇ ‘ਤੇ ਹੰਗਾਮਾ ਕੀਤਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਕਾਂਗਰਸੀ ਵਿਧਾਇਕਾਂ ਨੇ ਸਦਨ ਦੇ ਅੰਤਰ ਤੇ ਜਵਾਨ ਜੈ ਕਿਸਾਨ ਦੇ ਨਾਅਰੇ ਲਾਉਂਦਿਆਂ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕਰ ਦਿੱਤਾ। ਬਾਜਵਾ ਨੇ ਸਦਨ ਦੇ ਅੰਦਰ ਤੇ ਬਾਹਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ‘ਚ ਨਾ ਤਾਂ ਜਵਾਨ ਤੇ ਨਾ ਹੀ ਕਿਸਾਨ ਸੁਰੱਖਿਅਤ ਹਨ। ਉਨ੍ਹਾਂ ਕਰਨਲ ਨਾਲ ਕੁੱਟਮਾਰ ਦੇ ਮਾਮਲੇ ‘ਚ ਐਸ.ਐਸ.ਪੀ. ਪਟਿਆਲਾ ਨਾਨਕ ਸਿੰਘ ਦੇ ਤਬਾਦਲੇ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਮੌਜੂਦਾ ਜਾਂ ਸਾਬਕਾ ਜੱਜ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ।
ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਦੇ ਭਾਸ਼ਣ ਸਮੇਂ ਕਿਸਾਨਾਂ ਤੇ ਕਰਨਲ ਬਾਠ ਦਾ ਮੁੱਦਾ ਉਠਾਉਣ ਦਾ ਯਤਨ ਕੀਤਾ। ਪਰ ਉਨ੍ਹਾਂ ਦੀ ਗੱਲ ਨਾ ਬਣ ਸਕੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਪੀਕਰ ਦੇ ਆਸਨ ਸਾਹਮਣੇ ਆ ਕੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾਉਣ ਲੱਗੇ ਤੇ ਭਾਸ਼ਣ ਦਾ ਬਾਈਕਾਟ ਕਰਦਿਆਂ ਸਦਨ ਤੋਂ ਬਾਹਰ ਚਲੇ ਗਏ। ਮਗਰੋਂ ਵਿਧਾਨ ਸਭਾ ਦੀ ਦੁਪਹਿਰ ਬਾਅਦ ਵਾਲੀ ਬੈਠਕ ‘ਚ ਸਿਫ਼ਰ ਕਾਲ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾ ‘ਚ ਇਕ ਸਿੱਖ ਕਰਨਲ ਤੇ ਉਸਦੇ ਬੇਟੇ ਦੀ ਨਸ਼ੇ ‘ਚ ਧੁੱਤ ਪੁਲਿਸ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜੇਕਰ ਪੰਜਾਬ ‘ਚ ਹੀ ਦਸਤਾਰ ਉਤਰੇਗੀ ਤਾਂ ਹੋਰ ਕਿੱਥੇ ਸੁਰੱਖਿਅਤ ਰਹੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਸਾਲ 1992 ‘ਚ ਚੰਡੀਗੜ੍ਹ ਵਿਖੇ ਵਾਪਰੀ ਇਕ ਘਟਨਾ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਇਕ ਪੁਲਿਸ ਅਧਿਕਾਰੀ ਨੇ ਇਕ ਲੈਫਟੀਨੈਂਟ ਕਰਨਲ ਨਾਲ ਅਜਿਹਾ ਸਲੂਕ ਕੀਤਾ ਸੀ ਤਾਂ ਤੱਤਕਾਲੀ ਰਾਜਪਾਲ ਸੁਰੇਂਦਰਨਾਥ ਨੇ ਮਾਮਲੇ ਦੀ ਜਾਂਚ ਲਈ ਡੀ.ਆਈ.ਜੀ. ਤੇ ਇਕ ਬ੍ਰਿਗੇਡੀਅਰ ਦੀ ਸਾਂਝੀ ਕਮੇਟੀ ਦਾ ਗਠਨ ਕੀਤਾ ਸੀ। ਜਾਂਚ ‘ਚ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀ ਨੂੰ ਤੁਰੰਤ ਚੰਡੀਗੜ੍ਹ ਤੋਂ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀ। ਬਾਜਵਾ ਨੇ ਸਪੀਕਰ ਨੂੰ ਇਸ ਮਾਮਲੇ ‘ਚ ਇਕ ਸਾਂਝੀ ਜਾਂਚ ਕਮੇਟੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਟਿਆਲਾ ਦੇ ਐੱਸ.ਐੱਸ.ਪੀ. ਨਾਨਕ ਸਿੰਘ ਨੂੰ ਫ਼ੌਰੀ ਤਬਦੀਲ,ਤੇ ਕੁੱਟ ਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ‘ਚ ਹਿੰਮਤ ਹੈ ਤਾਂ ਉਹ ਤੁਰੰਤ ਇਸ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖਣ ਤੇ ਇਕ ਹਫ਼ਤੇ ਦੇ ਅੰਦਰ ਕਿਸੇ ਸਿਟਿੰਗ ਜੱਜ ਜਾਂ ਸੇਵਾਮੁਕਤ ਜੱਜ ਤੋਂ ਮਾਮਲੇ ਦੀ ਜਾਂਚ ਕਰਵਾਉਣ। ਇਸੇ ਤਰ੍ਹਾਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕੋਈ ਰਾਹ ਬੰਦ ਨਹੀਂ ਕੀਤਾ ਬਲਕਿ ਹਰਿਆਣਾ ਸਰਕਾਰ ਨੇ ਰੋਕਾਂ ਲਾਈਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਪੱਤਰ ਲਿਖਣਾ ਚਾਹੀਦਾ ਸੀ।
ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਰਾਜਪਾਲ ਨੂੰ ਝੂਠਾ ਭਾਸ਼ਣ ਦੇਣ ਲਈ ਮਜਬੂਰ ਕਰ ਰਹੀ ਹੈ। ਅਸਲੀਅਤ ਇਹ ਹੈ ਕਿ ਅੱਜ ਪੰਜਾਬ ‘ਚ ਨਾ ਤਾਂ ਫ਼ੌਜੀ ਸੁਰੱਖਿਅਤ ਹਨ ਤੇ ਨਾ ਹੀ ਕਿਸਾਨ। ਅਸੀਂ ਇਨ੍ਹਾਂ ਦੋ ਮੁੱਦਿਆਂ ‘ਤੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕੀਤਾ ਹੈ। ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ 13 ਮਾਰਚ ਨੂੰ ਪੁਲਿਸ ਮੁਲਾਜ਼ਮਾਂ ਨੇ ਸ਼ਰਾਬੀ ਹਾਲਤ ‘ਚ ਪਟਿਆਲਾ ‘ਚ ਕਰਨਲ ਪੁਸ਼ਪਿੰਦਰ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਨਾਲ ਮਾਰਕੁੱਟ ਕੀਤੀ ਹੈ। ਇਸ ਘਟਨਾ ਨਾਲ ਪੰਜਾਬ ਦਾ ਅਕਸ ਦੇਸ਼ ‘ਚ ਹੀ ਨਹੀਂ, ਵਿਦੇਸ਼ਾਂ ‘ਚ ਵੀ ਖ਼ਰਾਬ ਹੋਇਆ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਘਟਨਾ ਦੀ ਜਾਂਚ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਹੈ। ਕਿਸਾਨਾਂ ਨੂੰ ਘਰ ਬੁਲਾਇਆ ਗਿਆ ਤੇ ਪਿੱਠ ‘ਚ ਛੁਰਾ ਮਾਰਿਆ ਗਿਆ।
