ਗਦਰੀ ਬਾਬੇ ਕੌਣ ਸਨ?-2
ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਘੋਲ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। 20ਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਗਦਰੀਆਂ ਨੇ ਬਰਤਾਨਵੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਵੀ ਲੱਗੇ ਰਹੇ ਹਨ। ਹੁਣ ਸ਼ਤਾਬਦੀ ਮੌਕੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਗਏ ਯੋਗਦਾਨ ਬਾਰੇ ਚਰਚਾ ਇਕ ਵਾਰ ਫਿਰ ਭਰਪੂਰ ਰੂਪ ਵਿਚ ਛਿੜੀ ਹੈ ਪਰ ਕੁਝ ਵਿਦਵਾਨ ਗਦਰ ਲਹਿਰ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਇਸ ਨੁਕਤਾ-ਨਿਗ੍ਹਾ ਤੋਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਲੰਮਾ ਲੇਖ ਪਹਿਲਾਂ ਪਾਠਕਾਂ ਦੀ ਨਜ਼ਰ ਕੀਤਾ ਜਾ ਚੁੱਕਾ ਹੈ। ਹੁਣ ਅਸੀਂ ਡਾæ ਸਰਬਜੀਤ ਸਿੰਘ ਦੀ ਲੇਖ ਲੜੀ ਛਾਪ ਰਹੇ ਹਾਂ। ਪਿਛਲੇ ਅੰਕ ਵਿਚ ਉਸ ਨੇ ਗ਼ਦਰੀਆਂ ਦੇ ਸਿਰੜ ਤੇ ਸਿਦਕ ਦੀਆਂ ਜੜ੍ਹਾਂ ਬਾਰੇ ਗੱਲਾਂ ਕੀਤੀਆਂ ਸਨ। ਐਤਕੀਂ ਧਰਮ ਬਾਰੇ ਪੱਖ ਛੋਹੇ ਹਨ। ਇਸ ਬਾਰੇ ਆਏ ਹੋਰ ਵਿਚਾਰਾਂ ਨੂੰ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ।-ਸੰਪਾਦਕ
ਡਾæ ਸਰਬਜੀਤ ਸਿੰਘ
ਫੋਨ: 91-98155-74144
ਗ਼ਦਰ ਲਹਿਰ ਨੂੰ ਸਿੱਖ ਲਹਿਰ ਕਹਿਣ ਵਾਲੇ ਦੋਸਤਾਂ ਦੇ ਇੱਕਾ-ਦੁੱਕਾ ਲੇਖ ਹਨ ਪਰ ਅਜਮੇਰ ਸਿੰਘ ਨੇ ਹੀ ਇਸ ਮਸਲੇ ਉਤੇ ਪੁਸਤਕ ਲਿਖੀ ਹੈ, ‘ਗ਼ਦਰੀ ਬਾਬੇ ਕੌਣ ਸਨ? ਅਨਮਤੀਆਂ ਦੇ ਕੂੜ ਦਾਅਵਿਆਂ ਦਾ ਖੰਡਨ।’ ਪੁਸਤਕ ਦਾ ਨਾਮਕਰਨ ਹੀ ਦੱਸ ਦਿੰਦਾ ਹੈ ਕਿ ਲੇਖਕ ਦਾ ਵਧੇਰੇ ਜ਼ੋਰ ਅਨਮਤੀਆਂ (ਰਾਸ਼ਟਰਵਾਦੀ, ਖੱਬੇਪੱਖੀ, ਮਾਰਕਸਵਾਦੀ, ਕਾਮਰੇਡਾਂ) ਦੀਆਂ ਸਥਾਪਨਾਵਾਂ ਦਾ ਖੰਡਨ ਕਰਨਾ ਹੈ। ਖੰਡਨ ਦੀ ਬਿਰਤੀ ਇਕ ਵਾਢਿਓਂ ਰੱਦ ਕਰਨ ਦੀ ਹੁੰਦੀ ਹੈ। ਇਸ ਵਿਚ ਸੰਵਾਦੀ ਤੱਤ ਨਹੀਂ ਹੁੰਦਾ ਪਰ ਬੌਧਿਕ ਸਦਾਚਾਰ ਅਤੇ ਚਿੰਤਨ ਦਾ ਧਰਮ ਸੰਵਾਦ ਵਾਲਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਵੀ ਇਹੋ ਸੁਝਾਉਂਦੇ ਹਨ:
ਜਬਿ ਲਗਿ ਦੁਨੀਆ ਰਹੀਐ ਨਾਨਕੁ,
ਕਿਛੁ ਸੁਣੀਏ ਕਿਛੁ ਕਹੀਐ।
ਲੇਖਕ ਆਪਣੀ ਭੂਮਿਕਾ ਵਿਚ ਵੀ ਇਸ ਤੱਥ ਅਤੇ ਤੱਤ ਨੂੰ ਸਵੀਕਾਰ ਕਰਦਾ ਲਿਖਦਾ ਹੈ, “ਕਿਤਾਬ ਦਾ ਜ਼ਾਹਰਾ ਪ੍ਰਸੰਗ ਭਲੇ ਹੀ ਖੱਬੇਪੱਖੀਆਂ ਨਾਲ ਵਾਦ-ਵਿਵਾਦ ਹੈ, ਪਰ ਹਕੀਕਤ ਵਿਚ ਇਹ ਕਿਤਾਬ ਕਿਸੇ ਵੀ ਕਿਸਮ ਦੇ ‘ਵਾਦ’ ਤੋਂ ਬੇਲਾਗ ਸਾਧਾਰਨ ਪਾਠਕਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਕਰ ਕੇ ਵਿਦਵਾਨਾਂ ਕੋਲੋਂ ਖਿਮਾ ਦੇ ਜਾਚਕ ਹਾਂ।” ਲੇਖਕ ਦਾ ਸਪਸ਼ਟੀਕਰਨ ਸ਼ੁਰੂ ਵਿਚ ਹੀ ਘਚੋਲੇ ਗ੍ਰਸਿਆ ਬਣ ਜਾਂਦਾ ਹੈ ਜਦੋਂ ਉਹ ਖੱਬੇਪੱਖੀਆਂ ਨਾਲ ਵਾਦ-ਵਿਵਾਦ ਕਹਿ ਕੇ ਪੁਸਤਕ ਨੂੰ ‘ਬੇਲਾਗਵਾਦ’ ਬਣਾ ਦਿੰਦਾ ਹੈ। ਸੁਆਲ ਖੜ੍ਹਾ ਹੋ ਜਾਂਦਾ ਹੈ ਕਿ ਜਦੋਂ ਇਹ ਵਾਦ ਮੁਕਤ ਹੈ ਤਾਂ ਕਿਤਾਬ ਨੂੰ ਤਿਆਰ ਕਰਨ ਦੀ ਕੀ ਲੋੜ ਹੈ? ਪਰ ਅਜਿਹਾ ਨਹੀਂ ਹੈ ਕਿਉਂਕਿ ਉਹ ਕਿਤਾਬ ਨੂੰ ਗ਼ਦਰ ਲਹਿਰ ‘ਤੇ ਕੇਂਦਰਿਤ ਕਰ ਕੇ ਇਹ ਸਿੱਧ ਕਰਨ ‘ਤੇ ਪੂਰਾ ਜ਼ੋਰ ਲਾ ਦਿੰਦਾ ਹੈ ਕਿ ਇਹ ਸਿੱਖ ਲਹਿਰ ਸੀ, ਇਹੋ ਇਸ ਦਾ ਵਾਦ ਹੈ। ਇਸ ਕਰ ਕੇ ਹੀ ਉਹ ਪੁਸਤਕ ਸਾਧਾਰਨ ਪਾਠਕ ਲਈ ਤਿਆਰ ਕਰਦਾ ਹੈ ਤੇ ਵਿਦਵਾਨਾਂ ਤੋਂ ਖਿਮਾ ਦਾ ਜਾਚਕ ਹੈ, ਪਰ ਉਸ ਦੀ ਸਾਧਾਰਨ ਪਾਠਕ ਵਾਲੀ ਕੋਟੀ ਵੀ ਹਾਸੋਹੀਣੀ ਹੈ ਕਿਉਂਕਿ ਪਾਠਕਾਂ ਦੀਆਂ ਅਜਿਹੀਆਂ ਕਿਸਮਾਂ ਨਹੀਂ ਹੁੰਦੀਆਂ, ਉਨ੍ਹਾਂ ਦੀਆਂ ਕਿਸਮਾਂ ਵਿਸ਼ਾ-ਖੇਤਰਾਂ ਦੀਆਂ ਹੁੰਦੀਆਂ ਹਨ।
ਲੇਖਕ ਦਾ ਨਜ਼ਰੀਆ ਕੀ ਹੈ? ਇਸ ਪ੍ਰਤੀ ਲੇਖਕ ਦੀ ਹੀ ਸਿਧਾਂਤਕ ਉਕਤੀ ਦਾ ਜ਼ਿਕਰ ਕਰਦੇ ਹਾਂ। ਲੇਖਕ ਪ੍ਰਸਿੱਧ ਇਤਿਹਾਸਕਾਰ ਈæਐਚæ ਕਾਰ ਦੇ ਹਵਾਲੇ ਨਾਲ ਗੱਲ ਕਰਦਾ ਹੈ, “ਇਤਿਹਾਸ ਪੜ੍ਹਨ ਵੇਲੇ ਤੱਥਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਇਤਿਹਾਸਕਾਰ ਦਾ ਅਧਿਐਨ ਕਰੋ। ਜਦੋਂ ਅਸੀਂ ਇਤਿਹਾਸ ਦੀ ਕੋਈ ਲਿਖਤ ਪੜ੍ਹਦੇ ਹਾਂ ਤਾਂ ਸਾਨੂੰ ਇਹ ਦੇਖਣ ਤੋਂ ਪਹਿਲਾਂ ਕਿ ਇਸ ਵਿਚ ਦਰਜ ਤੱਥ ਕਿਹੜੇ ਹਨ, ਇਹ ਦੇਖਣਾ ਚਾਹੀਦਾ ਹੈ ਕਿ ਇਸ ਦਾ ਲੇਖਕ ਕੌਣ ਹੈ; ਭਾਵ ਤੱਥਾਂ ਤੋਂ ਪਹਿਲਾਂ ਇਤਿਹਾਸਕਾਰ ਦੀ ਜ਼ਾਤ (ਜਾਤ ਨਹੀਂ) ਵੱਲ ਦੇਖੋ, ਉਹ ਕੌਣ ਹੈ; ਉਸ ਦੇ ਸਿਧਾਂਤਕ ਅਕੀਦੇ ਤੇ ਮਾਨਸਿਕ ਝੁਕਾਅ ਕਿਹੋ ਜਿਹੇ ਹਨ ਅਤੇ ਉਸ ਨੇ ਆਪਣੀ ਰਚਨਾ ਇਤਿਹਾਸ ਦੇ ਕਿਸ ਦੌਰ ਅੰਦਰ ਲਿਖੀ। ਫਿਰ ਹੀ ਤੁਸੀਂ ਉਸ ਦੁਆਰਾ ਲਿਖੇ ਇਤਿਹਾਸ ਦੀ ਰਮਜ਼ ਪਛਾਣ ਸਕੋਗੇ।” (ਸਫਾ 87) ਇਸ ਦ੍ਰਿਸ਼ਟੀਕੋਣ ਤੋਂ ਲੇਖਕ ਦਾ ਅਧਿਐਨ ਇਹ ਦੱਸਦਾ ਹੈ ਕਿ ਉਸ ਨੇ ਪਿਛਲੇ ਸਮੇਂ ਵਿਚ ਸਿੱਖ ਰਾਜਨੀਤੀ ਬਾਰੇ (ਸਿੱਖੀ ਸਿਧਾਂਤਾਂ ਬਾਰੇ ਨਹੀਂ) ਤਿੰਨ ਪੁਸਤਕਾਂ ਲਿਖੀਆਂ ਜਿਹੜੀਆਂ ਧਰਮ ਨੂੰ ਕੇਂਦਰ ਵਿਚ ਟਿਕਾ ਕੇ ਕੌਮ ਦੀ ਪਰਿਭਾਸ਼ਾ ਕਰਦੀਆਂ ਹਨ ਅਤੇ ਸਮੁੱਚੇ ਪੰਜਾਬ ਨੂੰ ‘ਸਿੱਖ ਪੰਜਾਬ’ ਵਜੋਂ ਦੇਖਣ-ਦਿਖਾਉਣ ਉਪਰ ਜ਼ੋਰ ਦਿੰਦੀਆਂ ਹਨ ਅਤੇ ਇਸੇ ਦ੍ਰਿਸ਼ਟੀ ਵਿਚੋਂ ਹੀ ‘ਗ਼ਦਰੀ ਬਾਬੇ ਕੌਣ ਸਨ?’ ਪੁਸਤਕ ਆਪਣਾ ਸਰੂਪ ਧਾਰਦੀ ਹੈ। ਲੇਖਕ ਦੇ ਕੌਮ ਦੇ ਮਸਲੇ ਉਪਰ ਹੀ ਮੱਤਭੇਦ ਹਨ ਕਿਉਂਕਿ ਕੌਮਾਂ ਦੇ ਸੰਕਲਪ ਧਰਮ ਕੇਂਦਰਿਤ ਨਹੀਂ ਹੁੰਦੇ। ਦੁਨੀਆਂ ਦਾ ਸਮਾਜ-ਸ਼ਾਸਤਰੀ ਚਿੰਤਨ ਅਤੇ ਰਾਜਨੀਤੀ ਸ਼ਾਸਤਰ ਇਹ ਕਿਧਰੇ ਵੀ ਦੱਸ ਨਹੀਂ ਪਾਉਂਦਾ ਕਿ ਕੌਮਾਂ ਦਾ ਮਸਲਾ ਧਰਮ ਕੇਂਦਰਿਤ ਹੁੰਦਾ ਹੈ। ਕੌਮਾਂ ਜਾਂ ਕੌਮੀਅਤ ਦਾ ਮਸਲਾ ਭਾਸ਼ਾ ਕੇਂਦਰਿਤ ਹੁੰਦਾ ਹੈ ਕਿਉਂਕਿ ਇਹ ਆਧੁਨਿਕ ਚਿੰਤਨ ਦੀ ਦੇਣ ਹੈ। ਇਸ ਪਿੱਛੇ ਯੂਰਪ ਦਾ ਲੰਮਾ-ਚੌੜਾ ਚਿੰਤਨ ਵੀ ਪਿਆ ਹੈ। ਲੇਖਕ ਆਪਣੀ ਇਹ ਪਛਾਣ ਕਰਵਾ ਕੇ ਹੀ ਗ਼ਦਰ ਲਹਿਰ ਵਿਚ ਉਤਰਦਾ ਹੈ ਪਰ ਲੇਖਕ ਦੇ ਵਿਸ਼ਲੇਸ਼ਣ ਵਿਚ ਸੰਕਟ ਇਹ ਵਾਪਰ ਜਾਂਦਾ ਹੈ ਕਿ ਉਹ ਗ਼ਦਰ ਲਹਿਰ ਵਿਚੋਂ ਕੁਝ ਵੇਰਵੇ ਚੁਣ ਲੈਂਦਾ ਹੈ। ਉਨ੍ਹਾਂ ਵੇਰਵਿਆਂ ਦੇ ਪ੍ਰਸੰਗ ਨੂੰ ਖ਼ਤਮ ਕਰ ਕੇ ਉਨ੍ਹਾਂ ਨੂੰ ਆਪਣੀ ਵਿਚਾਰਧਾਰਕ ਦ੍ਰਿਸ਼ਟੀ ਲਈ ਵਰਤਣ ਲੱਗ ਪੈਂਦਾ ਹੈ ਜਿਸ ਨਾਲ ਉਸ ਦੇ ਵਿਸ਼ਲੇਸ਼ਣ ਵਿਚ ਆਪਾ ਵਿਰੋਧ ਹੀ ਨਹੀਂ ਪੈਦਾ ਹੁੰਦਾ ਸਗੋਂ ਉਹ ਅਜਿਹੀ ਪੁਜੀਸ਼ਨ ਮੱਲ ਲੈਂਦਾ ਹੈ ਜਿਹੜੀ ਪਾਠਕ ਨੂੰ ਇਹੋ ਹੀ ਨਹੀਂ ਪਤਾ ਲੱਗਣ ਦਿੰਦੀ ਕਿ ਉਹ ਕਰੇ ਤਾਂ ਕੀ ਕਰੇ?
ਲੇਖਕ ਗ਼ਦਰ ਲਹਿਰ ਨੂੰ ਸਮਝਣ ਲਈ ਜੋ ਦ੍ਰਿਸ਼ਟੀ ਦੇ ਰਿਹਾ ਹੈ, ਉਸ ‘ਚੋਂ ਗੁਜ਼ਰਨਾ ਜ਼ਰੂਰੀ ਹੈ, “ਇਤਿਹਾਸ ਸ਼ਾਸਤਰੀ ਇਹ ਗੱਲ ਮੰਨ ਕੇ ਚੱਲਦੇ ਹਨ ਕਿ ‘ਤੱਥ’ ਤੇ ‘ਸੱਚ’ ਇਕੋ ਗੱਲ ਨਹੀਂ। ਤੱਥ ਆਪਣੀ ਵਿਆਖਿਆ ਆਪ ਨਹੀਂ ਕਰਦੇ। ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ਤੱਥਾਂ ਤੋਂ ਸੱਚ ਲੱਭੋ। ਤੱਥਾਂ ਤੋਂ ਸੱਚ ਲੱਭਣ ਦਾ ਖਰਾ ਵਿਗਿਆਨਕ ਤਰੀਕਾ ਇਹ ਹੈ ਕਿ ਵਸਤੂ ਜਾਂ ਵਰਤਾਰੇ ਦਾ ਸਿਰਫ਼ ਬਾਹਰੀ ਰੂਪ ਨਾ ਵੇਖੋ, ਇਸ ਦਾ ਅੰਤਰੀਵ ਤੱਤ ਪਛਾਣੋ। ਗ਼ਦਰ ਲਹਿਰ ਦੀ ਗੱਲ ਕਰੀਏ ਤਾਂ ਇਕ ਪਾਸੇ ਇਸ ਦੀਆਂ ਲਿਖਤਾਂ/ਦਸਤਾਵੇਜ਼ ਹਨ, ਦੂਜੇ ਪਾਸੇ ਇਸ ਦਾ ਠੋਸ ਅਮਲ ਹੈ। ਇਸ ਦੇ ਇਨ੍ਹਾਂ ਦੋਵਾਂ ਪੱਖਾਂ ਨੂੰ ਮੇਲ ਕੇ ਹੀ ਇਸ ਬਾਰੇ ਠੀਕ ਫੈਸਲਾ ਕੀਤਾ ਜਾ ਸਕਦਾ ਹੈ।” (ਸਫਾ 193) ਇਸੇ ਦ੍ਰਿਸ਼ਟੀ ਤੋਂ ਹੀ ਲੇਖਕ ਆਪਣੀ ਸਿਧਾਂਤਕ ਧਾਰਨਾ ਉਪਰ ਜ਼ੋਰ ਦਿੰਦਾ ਹੈ, “ਕਿਸੇ ਵਸਤੂ ਜਾਂ ਵਰਤਾਰੇ ਦਾ ਭਾਰੂ ਖ਼ਾਸਾ ਸਮਝਣ ਵਾਸਤੇ ਇਸ ਦੇ ਦੋ ਅੰਗਾਂ, ਇਸ ਦਾ ਕੇਂਦਰੀ ਭਾਗ ਜਿਸ ਨੂੰ ਇਸ ਦੀ ‘ਗਿਰੀ’ ਜਾਂ ‘ਧੁਰਾ’ ਕਿਹਾ ਜਾ ਸਕਦਾ ਏ, ਅਤੇ ਇਸ ਦੀ ਬਾਹਰੀ ਕੰਨੀ ਵਿਚ ਨਿਖੇੜਾ ਕਰਨਾ ਬਹੁਤ ਅਹਿਮ ਹੁੰਦਾ ਹੈ। ਕਿਸੇ ਵਸਤੂ ਦਾ ਭਾਰੂ ਲੱਛਣ ਇਸ ਦੀ ਬਾਹਰਲੀ ਕੰਨੀ ਤੋਂ ਨਹੀਂ, ਇਸ ਦੇ ‘ਧੁਰੇ’ ਤੋਂ ਨਿਰਧਾਰਤ ਹੁੰਦਾ ਹੈ। ਬਾਦਾਮ ਦਾ ਤੱਤ ਖੋਲ ਤੋਂ ਨਹੀਂ, ਇਸ ਦੀ ਅੰਦਰਲੀ ‘ਗਿਰੀ’ ਤੋਂ ਪਛਾਣਿਆ ਜਾਂਦਾ ਏ। ਕਿਸੇ ਲਹਿਰ ਦਾ ਵਿਸ਼ਲੇਸ਼ਣ ਕਰਨ ਵੇਲੇ ਜੇ ਇਸ ਨੇਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਖ਼ਾਸਾ ਨਹੀਂ ਬੁਝਿਆ ਜਾ ਸਕਦਾ।” (ਸਫਾ 183)
ਲੇਖਕ ਦੀਆਂ ਇਹ ਅੰਤਰ-ਦਿਸ਼੍ਰਟੀਆਂ ਮਾਰਕਸਵਾਦੀ ਫ਼ਲਸਫ਼ੇ ‘ਚੋਂ ਕਸ਼ੀਦੀਆਂ ਗਈਆਂ ਹਨ ਪਰ ਇਹ ਵੀ ਖੰਡਿਤ ਹਨ ਕਿਉਂਕਿ ਮਾਰਕਸਵਾਦ ਦਵੰਦਾਤਮਕਤਾ ਦੀ ਮੂਲ ਦਾਰਸ਼ਨਿਕ ਯੁਕਤੀ ‘ਤੇ ਖੜ੍ਹਾ ਹੈ। ਸਿਧਾਂਤਕ ਤੌਰ ‘ਤੇ ਉਹ ਦਿੱਖ ਨਾਲੋਂ ਗਿਰੀ/ਧੁਰਾ ਉਪਰ ਜ਼ੋਰ ਦੇ ਰਿਹਾ ਹੈ। ਉਹ ਗ਼ਦਰੀਆਂ ਦੀਆਂ ਲਿਖਤਾਂ ਅਤੇ ਦਸਤਾਵੇਜ਼ਾਂ ਨਾਲ ਉਨ੍ਹਾਂ ਦੇ ਅਮਲ ਨੂੰ ਮਿਲਾ ਕੇ ਦੇਖਣ ਨੂੰ ਖਰਾ ਅਤੇ ਵਿਗਿਆਨਕ ਨਜ਼ਰੀਆ ਕਹਿ ਰਿਹਾ ਹੈ ਪਰ ਉਸ ਦੇ ਵਿਸ਼ਲੇਸ਼ਣ ‘ਚ ਦੁਖਾਂਤ ਇਹ ਵਾਪਰ ਜਾਂਦਾ ਹੈ ਕਿ ਉਹ ਸਾਰ ਨਾਲੋਂ ਦਿੱਖ ਉਪਰ ਅਤੇ ਗਿਰੀ ਦੀ ਬਜਾਏ ਖੋਲ ਉਪਰ ਕੇਂਦਰਿਤ ਹੋ ਜਾਂਦਾ ਹੈ। ਇਸ ਨਾਲ ਉਸ ਦਾ ਵਿਸ਼ਲੇਸ਼ਣ ਮਨਇੱਛਤ ਧਾਰਨਾਵਾਂ ਅਤੇ ਸਿੱਟੇ ਕੱਢਣ ਲੱਗ ਪੈਂਦਾ ਹੈ। ਇਹ ਬੌਧਿਕ ਕੰਗਾਲੀ ਨਹੀਂ, ਬੌਧਿਕ ਅਨਾਚਾਰ ਹੈ। ਉਹ ਸਿਧਾਂਤਕ ਦ੍ਰਿਸ਼ਟੀਆਂ ਕੋਈ ਹੋਰ ਸੁਝਾਉਂਦਾ ਹੈ ਪਰ ਵਿਹਾਰਕ ਵਿਸ਼ਲੇਸ਼ਣ ਵੇਲੇ ਉਹ ਇਸ ਉਪਰ ਕਾਟਾ ਫੇਰ ਦਿੰਦਾ ਹੈ ਕਿਉਂਕਿ ਸਿਧਾਂਤ ਅਤੇ ਵਿਹਾਰ ਦਾ ਮਸਲਾ ਗ਼ਦਰ ਲਹਿਰ ਨੂੰ ਸਿੱਖ ਲਹਿਰ ਸਿੱਧ ਕਰਨ ਵਿਚ ਹੀ ਸਭ ਨਾਲੋਂ ਵੱਡੀ ਰੁਕਾਵਟ ਹੈ। ਇਸੇ ਕਰ ਕੇ ਉਹ ਤੁਰੰਤ ਆਪਣੀ ਪੁਜੀਸ਼ਨ ਬਦਲ ਕੇ ਸਾਧਾਰਨ ਪਾਠਕ ਨੂੰ ਦਿਸ਼ਾ-ਨਿਰਦੇਸ਼ ਕਰਨ ਲੱਗ ਪੈਂਦਾ ਹੈ, “ਗ਼ਦਰ ਲਹਿਰ ਦਾ ਸਿਧਾਂਤਕ ਦ੍ਰਿਸ਼ਟੀ ਤੋਂ ਮੁਲੰਕਣ ਕਰਨ ਲੱਗਿਆ ਉਪਰੋਕਤ ਤੱਥਾਂ (ਗ਼ਦਰੀ ਰੈਸ਼ਨੇਲ ਵਿਚਾਰਧਾਰਾ ਦੀ ਥਾਵੇਂ ਆਪਣੇ ਸੰਸਕਾਰਾਂ ਅਤੇ ਜਜ਼ਬਿਆਂ ਦੇ ਆਸਰੇ ਲੜੇ ਜੋ ਗ਼ਦਰ ਲਹਿਰ ਦੇ ਬੁੱਧੀਮਾਨ ਆਗੂ ਸਨ, ਉਹ ਹਿੰਦੂ ਰਾਸ਼ਟਰਵਾਦੀ ਸਨ) ਨੂੰ ਧਿਆਨ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਪਾਰਟੀ ਦੇ ਉਦੇਸ਼ਾਂ, ਨੀਤੀਆਂ ਤੇ ਕਾਰਜਾਂ ਸਬੰਧੀ ਪਾਰਟੀ ਲਿਖਤਾਂ ਉਤੇ ਅੰਨ੍ਹੇਵਾਹ ਨਿਰਭਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਲਿਖਤਾਂ ਪ੍ਰਤੀ ਘੋਖਵੀਂ ਤੇ ਸੋਘਵੀਂ ਪਹੁੰਚ ਅਪਣਾਉਣੀ ਜ਼ਰੂਰੀ ਹੈ। ਇਹ ਪਛਾਣ ਕਰਨੀ ਜ਼ਰੂਰੀ ਹੈ ਕਿ ਕਿਹੜੀ ਲਿਖਤ, ਕਿਸ ਬੰਦੇ ਨੇ, ਕਿਸ ਮੌਕੇ ‘ਤੇ ਲਿਖੀ। ਜਿਵੇਂ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਵਿਚਾਰਧਾਰਾ ਪੱਖੋਂ ਗ਼ਦਰ ਪਾਰਟੀ ਇਕ ਜਿਨਸੀ ਨਹੀਂ ਸੀ। ਇਸ ਨੂੰ ਬੌਧਿਕ ਅਗਵਾਈ ਦੇਣ ਵਾਲੇ ਹਿੰਦੂ ਤੱਤ ਮੂਲ ਰੂਪ ਵਿਚ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਧਾਰਨੀ ਸਨ।” (ਸਫਾ 57) ਇਹ ਹੈ ਮੂਲ ਮੁੱਦਾ ਜਿਸ ਨੂੰ ਲੇਖਕ ਸਥਾਪਤ ਕਰਨਾ ਚਾਹੁੰਦਾ ਹੈ। ਗਦਰ ਲਹਿਰ ਨੂੰ ਦਿੱਖ ਦੇ ਆਧਾਰ ‘ਤੇ ਵੰਡ ਕੇ ਸਿੱਖਾਂ ਦੀ ਬਹੁ-ਗਿਣਤੀ ਕਰ ਕੇ ਇਸ ਨੂੰ ਸਿੱਖ ਲਹਿਰ ਬਣਾਉਣ ਦੀ ਬਚਗਾਨਾ ਜ਼ਿਦ ਕਰਦਾ ਹੈ। ਉਸ ਦੀ ਲਿਖਤ ਅਤੇ ਸ਼ੈਲੀ ਵਿਚੋਂ ਫਿਰਕਾਪ੍ਰਸਤੀ ਦੀ ਬਦਬੂ ਆਉਂਦੀ ਹੈ। ਹੋਰ ਤਾਂ ਹੋਰ ਡਾæ ਹਰੀਸ਼ ਕੇæ ਪੁਰੀ ਦੇ ਗ਼ਦਰ ਲਹਿਰ ਬਾਰੇ ਵਿਸ਼ਲੇਸ਼ਣ ਸਬੰਧੀ ਉਹ ਇਸ ਕਰ ਕੇ ਉਲਾਰ ਹੈ ਕਿ ਡਾæ ਪੁਰੀ ਹਿੰਦੂ ਹੈ।
ਲੇਖਕ ਗ਼ਦਰੀਆਂ ਦੇ ਉਦੇਸ਼ਾਂ, ਕਾਰਜਾਂ, ਨੀਤੀਆਂ ਅਤੇ ਲਿਖਤਾਂ ਪ੍ਰਤੀ ‘ਘੋਖਵੀਂ ਅਤੇ ਸੋਘਵੀਂ’ ਪਹੁੰਚ ਉਤੇ ਜ਼ੋਰ ਕਿਉਂ ਦਿੰਦਾ ਹੈ? ਕਿਉਂਕਿ ਇਨ੍ਹਾਂ ਦੇ ਆਧਾਰ ‘ਤੇ ਲਹਿਰ ਤਾਂ ਧਰਮ ਨਿਰਪੱਖ ਅਤੇ ਰਾਸ਼ਟਰਵਾਦੀ ਬਣਦੀ ਹੈ। ਗ਼ਦਰ ਲਹਿਰ ਦਾ ਕੌਮੀ ਮੁਕਤੀ ਦਾ ਪ੍ਰੋਗਰਾਮ ਸਾਰੀਆਂ ਕੌਮੀਅਤਾਂ ਦੀ ਸਾਂਝੀ ਏਕਤਾ ਦਾ ਅਟੁੱਟ ਹਿੱਸਾ ਸੀ। ਬਾਬਾ ਸੋਹਣ ਸਿੰਘ ਭਕਨਾ ਤਾਂ ਭਾਰਤੀਆਂ ਦੀ ਸਾਂਝੀ ਭਾਸ਼ਾ ਦੇ ਮੁੱਦੇ ਬਾਰੇ ਵੀ ਫਿਕਰਮੰਦ ਸੀ। ਲੇਖਕ ਗ਼ਦਰ ਲਹਿਰ ਨੂੰ ਫਿਰਕਿਆਂ ਵਿਚ ਵੰਡ ਦਿੰਦਾ ਹੈ ਅਤੇ ਬੁਨਿਆਦੀ ਤੱਥਾਂ ਨੂੰ ਤੋੜ-ਮਰੋੜ ਦਿੰਦਾ ਹੈ। ਹਿੰਦੂਆਂ ਨੂੰ ਹਿੰਦੂ ਰਾਸ਼ਟਰਵਾਦੀ ਮਿਥ ਕੇ ਤੁਰਦਾ ਹੈ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਹਿੱਤਾਂ ਦੀ ਖ਼ਾਤਰ ਕੁਰਬਾਨ ਹੋਣ ਲਈ ਤਿਆਰ ਕਰਦੇ ਹਨ ਅਤੇ ਸਿੱਖ ਆਪਣੇ ਸੰਸਕਾਰਾਂ ਤੇ ਧਾਰਮਿਕ ਰਵਾਇਤਾਂ ਸਦਕਾ ਬਰਤਾਨਵੀ ਬਸਤੀਵਾਦ ਵਿਰੁਧ ਜਜ਼ਬੇ ਗੁੱਧੀ ਲੜਾਈ ਲੜਦੇ ਹਨ। ਗ਼ਦਰ ਲਹਿਰ ਨੂੰ ਵਿਚਾਰ ਨਾਲੋਂ ਤੋੜ ਕੇ ਜਜ਼ਬੇ ਮੁਖ ਬਣਾ ਦੇਣਾ ਇਸ ਨਾਲ ਬੌਧਿਕ ਧ੍ਰੋਹ ਹੈ। ਹੈਰਾਨਕੁਨ ਤੱਥ ਇਹ ਹੈ ਕਿ ਲਾਲਾ ਹਰਦਿਆਲ ਨੂੰ ਕੁਝ ਮਹੀਨਿਆਂ ਬਾਅਦ ਰਾਜਸੀ ਕਾਰਨਾਂ ਕਰ ਕੇ ਅਮਰੀਕਾ ਛੱਡਣਾ ਪੈਂਦਾ ਹੈ। ਲਾਲਾ ਹਰਦਿਆਲ ਤੋਂ ਬਾਅਦ ਗ਼ਦਰ ਲਹਿਰ ਦਾ ਜਨਰਲ ਸਕੱਤਰ ਭਾਈ ਸੰਤੋਖ ਸਿੰਘ ਬਣਦਾ ਹੈ ਜੋ ਸਿੱਖ ਹੈ ਅਤੇ ਜਿਸ ਦੀ ਲਗਨ ਅਤੇ ਪ੍ਰਤੀਬੱਧਤਾ ਨਾਲ ਗ਼ਦਰ ਪਾਰਟੀ ਸ਼ਕਤੀਸ਼ਾਲੀ ਬਣਦੀ ਹੈ ਪਰ ਗ਼ਦਰ ਪਾਰਟੀ ਦੇ ਉਦੇਸ਼ਾਂ, ਕਾਰਜਾਂ ਅਤੇ ਨੀਤੀਆਂ ਵਿਚ ਕਿਧਰੇ ਤਬਦੀਲੀ ਨਹੀਂ ਵਾਪਰਦੀ। ਇਸ ਤੋਂ ਵੀ ਅਗਾਂਹ ਤੱਥ ਇਹੋ ਦੱਸ ਪਾਉਂਦੇ ਹਨ ਕਿ 22 ਨਵੰਬਰ 1917 ਤੋਂ 1 ਮਈ 1918 ਤੱਕ ਚੱਲੇ ਗ਼ਦਰ ਲਹਿਰ ਦੇ ਇਤਿਹਾਸਕ ਕੇਸ ‘ਇੰਡੋ-ਜਰਮਨ ਸਾਜਿਸ਼ ਕੇਸ’ ਬਾਅਦ ਭਾਈ ਸੰਤੋਖ ਸਿੰਘ ਅਮਰੀਕਾ ਵਿਚ ਕੈਦ ਭੁਗਤਣ ਪਿਛੋਂ ਰੂਸ ਵਿਚ ਪੜ੍ਹਨ ਉਪਰੰਤ ਦੇਸ਼ ਵਿਚ ਲਹਿਰ ਨੂੰ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਬਣਾਉਣ ਲਈ ਆਉਂਦੇ ਹਨ। ‘ਕਿਰਤੀ’ ਪਰਚੇ ਦਾ ਸੰਪਾਦਨ ਕਰਦੇ ਹਨ। ਲੇਖਕ ਇਨ੍ਹਾਂ ਤੱਥਾਂ ਨੂੰ ਇਸ ਕਰ ਕੇ ਨਹੀਂ ਛੇੜਦਾ ਕਿਉਂਕਿ ਇਹ ਤੱਥ ਉਸ ਦੇ ਧਾਰਮਿਕ ਏਜੰਡੇ ਦੇ ਬਖੀਏ ਉਧੇੜਨ ਵਾਲੇ ਹਨ। ਇਉਂ ਗ਼ਦਰ ਪਾਰਟੀ ਦੇ 1913-14 ਤੋਂ ਲੈ ਕੇ ਅਗਾਂਹ ਤੱਕ ਉਸ ਦੇ ਕੌਮਾਂਤਰੀਵਾਦ ਤੱਕ ਫੈਲਰਨ ਅਤੇ ਵਿਕਸਤ ਹੋਣ ਤੱਕ ਕਦੇ ਵੀ ਧਰਮ ਦਾ ਮੁੱਦਾ ਕੇਂਦਰੀ ਅਤੇ ਫੈਸਲਾਕੁਨ ਤੱਤ ਨਹੀਂ ਰਿਹਾ। ਇਸ ਕਰ ਕੇ ਜਿਹੜਾ ਮੁੱਦਾ ਲਹਿਰ ਦਾ ਏਜੰਡਾ ਹੀ ਨਹੀਂ ਰਿਹਾ, ਉਲਟਾ ਲਹਿਰ ਉਸ ਦੀ ਵਿਰੋਧੀ ਰਹੀ; ਉਸ ਅਨੁਸਾਰ ਲਹਿਰ ਦਾ ਵਿਸ਼ਲੇਸ਼ਣ ਕਰਨਾ ਕਿਸੇ ਗੁਪਤ ਏਜੰਡੇ ਦੀ ਸਾਜ਼ਿਸ਼ ਹੋ ਸਕਦੀ ਹੈ।
ਗ਼ਦਰ ਲਹਿਰ ਦੀ ਸ਼ਕਤੀ ਦੋ ਇਤਿਹਾਸਕ ਤੱਥਾਂ ਵਿਚ ਸੀ ਜਿਸ ਕਰ ਕੇ ਇਹ ਭਾਰਤ ਦੀ ਪਹਿਲੀ ਅਤੇ ਮੌਲਿਕ ਰਾਸ਼ਟਰਵਾਦੀ ਲਹਿਰ ਬਣਦੀ ਹੈ। ਇਹ ਵੱਖਰੀ ਗੱਲ ਹੈ ਕਿ ਬੁਰਜ਼ਵਾ ਇਤਿਹਾਸਕਾਰਾਂ ਨੇ ਇਸ ਲਹਿਰ ਦੀ ਵਿਚਾਰਧਾਰਾ ਅਤੇ ਮਕਸਦਾਂ ਨੂੰ ਇਤਿਹਾਸ ਵਿਚ ਪਲਰਨ ਨਹੀਂ ਦਿੱਤਾ। ਗ਼ਦਰ ਲਹਿਰ ਦਾ ਪਹਿਲਾ ਇਤਿਹਾਸਕ ਤੱਥ ਸਮੁੱਚੇ ਭਾਰਤ ਦੀ ਏਕਤਾ ਅਤੇ ਕੌਮੀਅਤਾਂ ਦੀ ਸਾਂਝ ਸੀ। ਇਸ ਸਾਂਝ ਬਾਰੇ ਗ਼ਦਰੀ ਬਾਬੇ ਇਤਨੇ ਸਪਸ਼ਟ ਅਤੇ ਸੁਚੇਤ ਸਨ ਕਿ ਉਨ੍ਹਾਂ ਨੇ ਲਗਤਾਰ ਇਸ ਏਕਤਾ ਉਪਰ ਪਹਿਰਾ ਦਿੱਤਾ। 16 ਨਵੰਬਰ 1915 ਨੂੰ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਲਾਈ ਗਈ ਤਾਂ ਉਸ ਨੇ ਫਾਂਸੀ ਨੂੰ ਚੁੰਮਦਿਆਂ ਇਹ ਗਾਇਆ ਸੀ:
ਯਹੀ ਪਾਓਗੇ ਮਹਿਸਰ ਮੇਂ
ਜ਼ੁਬਾਂ ਮੇਰੀ, ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ,
ਹੈ ਹਿੰਦੋਸਤਾਂ ਮੇਰਾ।
ਮੈਂ ਹਿੰਦੀ, ਠੇਠ ਹਿੰਦੀ,
ਖ਼ੂਨ ਹਿੰਦੀ, ਜਾਤ ਹਿੰਦੀ ਹੂੰ।
ਯਹੀ ਮਜ਼ਹਬ, ਯਹੀ ਫਿਰਕਾ,
ਯਹੀ ਹੈ ਖਾਨਦਾਨ ਮੇਰਾ।
ਮੈਂ ਇਸ ਉਜੜੇ ਹੂਏ ਭਾਰਤ ਕੇ
ਖੰਡਰ ਕਾ ਏਕ ਜ਼ੱਰਾ ਹੂੰ।
ਯਹੀ ਬਸ ਏਕ ਪਤਾ ਮੇਰਾ,
ਯਹੀ ਨਾਮੋ ਨਿਸ਼ਾਂ ਮੇਰਾ।
ਕੀ ਅਜਿਹੇ ਤੱਥਾਂ ਤੋਂ ਬਾਅਦ ਵੀ ਕੋਈ ਗੁੰਜਾਇਸ਼ ਰਹਿ ਜਾਂਦੀ ਹੈ ਕਿ ਗ਼ਦਰੀ ਬਾਬੇ ਪੰਜਾਬ ਬਾਰੇ ਨਹੀਂ, ਸਮੁੱਚੇ ਭਾਰਤ ਬਾਰੇ ਇਕ ਭਾਰਤੀ ਵਜੋਂ ਸੋਚ ਰਹੇ ਸਨ। ਉਨ੍ਹਾਂ ਦੀ ਇਹ ਸੋਚ ਸਬੱਬੀਂ ਨਹੀਂ ਬਣੀ ਸੀ, ਨਾ ਹੀ ਲੇਖਕ ਅਨੁਸਾਰ ਇਹ ਗ਼ਦਰੀਆਂ ਦੇ ਸਿੱਖ ਹੋਣ ਕਰ ਕੇ ‘ਦਿੱਬ ਦ੍ਰਿਸ਼ਟੀ’ ਸੀ। ਗ਼ਦਰੀ ਇਸ ਤੱਥ ਤੋਂ ਜਾਣੂ ਸਨ ਕਿ ਪੰਜਾਬ ਦੇ ਬਰਤਾਨਵੀ ਬਸਤੀਵਾਦ ਵਿਚ ਰਲੇਵੇਂ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਅੰਤ ਕਰ ਕੇ ਸਮੁੱਚੇ ਹਿੰਦੁਸਤਾਨ ਉਪਰ ਸਾਮਰਾਜ ਨੇ ਆਪਣਾ ਕਬਜ਼ਾ ਕਰ ਲਿਆ ਹੈ। ਭਾਰਤ ਵਰਗੇ ਉਪ ਮਹਾਂਦੀਪ ਅੰਦਰ ਸਾਮੰਤਸ਼ਾਹੀ ਦਾ ਖ਼ਾਤਮਾ ਕਰ ਕੇ ਪੂਰੇ ਹਿੰਦੁਸਤਾਨ ਨੂੰ ਇਕ ਇਕਾਈ ਬਣਾ ਦਿੱਤਾ ਜਿਸ ਵਿਚ ਰਿਆਸਤਾਂ ਤਾਂ ਸਨ, ਪਰ ਉਹ ਬਰਤਾਨਵੀ ਬਸਤੀਵਾਦ ਦੇ ਹੁਕਮ ਤੋਂ ਬਾਹਰ ਨਹੀਂ ਸਨ ਸਗੋਂ ਉਸ ਦੇ ਤਹਿਤ ਹੀ ਸਨ। ਇਸ ਕਰ ਕੇ ਹਿੰਦੁਸਤਾਨ ਦੇ ਕਿਸੇ ਇਕ ਇਲਾਕੇ ਵਿਚ ਗੜਬੜ ਜਾਂ ਵਿਦਰੋਹ ਦੇ ਸਫ਼ਲ ਹੋਣ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ ਸੀ। ਹੁਣ ਤਾਂ ਸਮੁੱਚੇ ਭਾਰਤ ਅੰਦਰ ਲੜਾਈ ਰਾਸ਼ਟਰਵਾਦੀ ਏਕਤਾ ਰਾਹੀਂ ਹੀ ਸੰਭਵ ਸੀ ਜਿਸ ਨੂੰ ਗ਼ਦਰੀ ਵਿਚਾਰਧਾਰਕ ਤੌਰ ‘ਤੇ ਜਾਣਦੇ ਸਨ। ਇਸ ਕਰ ਕੇ ਸਾਰੀਆਂ ਕੌਮੀਅਤਾਂ ਦੀ ਏਕਤਾ ਗ਼ਦਰ ਲਹਿਰ ਦਾ ਉਹ ਅਨਮੋਲ ਅਤੇ ਮੌਲਿਕ ਸਰੂਪ ਹੈ ਜਿਸ ਨੇ ਭਾਰਤੀ ਇਤਿਹਾਸ ਵਿਚ ਇਕ ਨਵੇਂ ਅਧਿਆਇ ਦਾ ਅਰੰਭ ਕੀਤਾ। ਇਸ ਤੋਂ ਪਹਿਲਾਂ ਭਾਰਤੀ ਰਾਜਨੀਤਕ ਇਤਿਹਾਸ ਵਿਚ ਰਾਸ਼ਟਰਵਾਦ ਦਾ ਅਜਿਹਾ ਰੂਪ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਇਸ ਕਰ ਕੇ ਹੀ ਗ਼ਦਰ ਅਖ਼ਬਾਰ ਪਹਿਲਾਂ ਭਾਵੇਂ ਉਰਦੂ ਵਿਚ ਸ਼ੁਰੂ ਕੀਤਾ ਗਿਆ ਸੀ ਪਰ ਫਿਰ ਪੰਜਾਬੀ, ਪਸ਼ਤੋ, ਹਿੰਦੀ, ਗੁਜਰਾਤੀ ਤੇ ਅੰਗਰੇਜ਼ੀ ਵਿਚ ਵੀ ਛਪਿਆ। ਕੀ ਗ਼ਦਰ ਅਖ਼ਬਾਰ ਦਾ ਪੰਜਾਬੀ ਤੋਂ ਬਿਨਾਂ ਛਪਣਾ ਕੋਈ ਸਬੱਬੀ ਵਰਤਾਰਾ ਹੈ? ਇਹ ਅਜਿਹਾ ਨਹੀਂ ਹੈ ਕਿਉਂਕਿ ਗ਼ਦਰੀਆਂ ਸਾਹਮਣੇ ਸਮੁੱਚੇ ਭਾਰਤ ਦਾ ਨਕਸ਼ਾ ਸੀ। ਸਮੁੱਚੇ ਭਾਰਤ ਵਿਚ ਪੰਜਾਬੀਆਂ ਤੋਂ ਬਿਨਾਂ ਹੋਰ ਕੌਮੀਅਤਾਂ ਵੀ ਵਸਦੀਆਂ ਸਨ ਜਿਨ੍ਹਾਂ ਨੂੰ ਗ਼ਦਰੀ ਸੰਬੋਧਿਤ ਹੋਣਾ ਚਾਹੁੰਦੇ ਸਨ ਅਤੇ ਇਸ ਯਤਨ ਰਾਹੀਂ ਆਪਣੀ ਸਮਰੱਥਾ ਅਨੁਸਾਰ ਕਿਰਿਆਸ਼ੀਲ ਵੀ ਹੋਏ। ਇਨ੍ਹਾਂ ਯਤਨਾਂ ਸਦਕਾ ਅਤੇ ਸਮੁੱਚੀਆਂ ਕੌਮੀਅਤਾਂ ਸਦਕਾ ਹੀ ਉਸ ਸਮੇਂ ਅਮਰੀਕਾ ਵਿਚ ਗਏ ਹੋਰ ਕੌਮੀਅਤਾਂ ਦੇ ਲੋਕ ਇਸ ਵਿਚ ਸ਼ਾਮਲ ਹੋਏ। ਵਿਸ਼ਨੂੰ ਗਣੇਸ਼ ਪਿੰਗਲੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਚੜ੍ਹਨ ਵਾਲਾ ਮਰਹੱਟਾ ਸੀ।
ਗ਼ਦਰ ਲਹਿਰ ਦਾ ਦੂਜਾ ਇਤਿਹਾਸਕ ਤੱਥ ਧਰਮ ਨਿਰਪੇਖਤਾ ਦਾ ਹੈ। ਗ਼ਦਰ ਲਹਿਰ ਦਾ ਇਹ ਤੱਥ ਇੰਨਾ ਸੁਚੇਤ ਹੈ ਕਿ ਗ਼ਦਰ ਲਹਿਰ ਨੇ ਇਸ ਨੂੰ ਆਪਣੀ ਵਿਸ਼ੇਸ਼ ਰਣਨੀਤੀ ਵਜੋਂ ਅਪਨਾਇਆ। ਉਸ ਸਮੇਂ ਗ਼ਦਰ ਲਹਿਰ ਵਿਚ ਇਹ ਦੂਜਾ ਆਧੁਨਿਕ ਲੱਛਣ ਸੀ ਜੋ ਸਮੁੱਚੇ ਭਾਰਤੀਆਂ ਨੂੰ ਧਰਮ ਦੀ ਸੌੜੀ ਵਲਗਣ ਵਿਚੋਂ ਨਿਕਲਣ ਲਈ ਵੰਗਾਰ ਰਿਹਾ ਸੀ। ਫਿਰਕਾਪ੍ਰਸਤੀ ਅਤੇ ਇਲਾਕਾਵਾਦ ਤੋਂ ਉਪਰ ਉਠਣਾ ਉਨ੍ਹਾਂ ਨੂੰ ਅਮਰੀਕਾ ਦੇ ਆਜ਼ਾਦ ਸਮਾਜ ਤੋਂ ਪ੍ਰਾਪਤ ਹੋਇਆ ਸੂਝ ਦਾ ਮਾਡਲ ਸੀ ਜਿਸ ਕਰ ਕੇ ਉਹ ਭਾਰਤੀਆਂ ਦੀ ਤੀਹ ਕਰੋੜ ਦੀ ਵਸੋਂ ਨੂੰ ਆਪਣੀ ਮੰਨਦੇ ਸਨ। ਉਨ੍ਹਾਂ ਨੇ ਕਿਧਰੇ ਵੀ ਪੰਜਾਬੀ ਜਾਂ ਸਿੱਖ ਹੋਣ ਦੀ ਗੱਲ ਨਹੀਂ ਕੀਤੀ ਸਗੋਂ ਹਮੇਸ਼ਾ ਆਪਣੇ ਆਪ ਨੂੰ ਕੌਮੀ ਕਹਿੰਦੇ ਰਹੇ ਅਤੇ ਕੌਮੀ ਹੋਣ ਦਾ ਸੱਚਾ ਸੁਥਰਾ ਵਿਹਾਰ ਕਰਦੇ ਰਹੇ।
ਗ਼ਦਰੀਏ ਇੰਨੇ ਸਪਸ਼ਟ ਸਨ ਕਿ ਉਹ ਜਾਣਦੇ ਸਨ ਕਿ ਸ਼ਕਤੀਸ਼ਾਲੀ ਬਰਤਾਨਵੀ ਸਾਮਰਾਜ ਨਾਲ ਧਾਰਮਿਕ ਜਜ਼ਬਾਤ ਨਾਲ ਨਹੀਂ ਲੜਿਆ ਜਾ ਸਕਦਾ ਸਗੋਂ ਆਧੁਨਿਕ ਵਿਚਾਰ ਸ਼ਕਤੀ ਨਾਲ ਲੜਿਆ ਜਾ ਸਕਦਾ ਹੈ। ਇਹ ਵਿਚਾਰ ਸ਼ਕਤੀ ਧਰਮ ਨਿਰਪੇਖਤਾ ਤੋਂ ਬਿਨਾਂ ਸੰਭਵ ਨਹੀਂ ਸੀ। ਇਸੇ ਕਰ ਕੇ ਉਨ੍ਹਾਂ ਨੇ ਗ਼ਦਰ ਦੇ ਮੰਚ ਤੋਂ ਧਰਮ ਬਾਰੇ ਚਰਚਾ ਕਰਨੀ ਸਖ਼ਤੀ ਨਾਲ ਬੰਦ ਕੀਤੀ ਸੀ। ਗ਼ਦਰ ਲਹਿਰ ਦੀ ਸਮੁੱਚੀ ਵਾਰਤਕ ਵਿਚ ਸਿਰਫ਼ ਦੋ ਲੇਖ ਧਰਮ ਸਬੰਧੀ ਮਿਲਦੇ ਹਨ; ਇਹ ਲੇਖ ਵੀ ਗ਼ਦਰ ਲਹਿਰ ਦੀ ਸਮੁੱਚੀ ਵਿਚਾਰਧਾਰਾ ਦਾ ਸੰਚਾਰ ਕਰਨ ਵਾਲੇ ਹਨ। ਗ਼ਦਰ ਲਹਿਰ ਦੀ ਸਮੁੱਚੀ ਕਵਿਤਾ ਵਿਚ ਧਰਮ-ਨਿਰਲੇਪਤਾ ਦਾ ਸੰਦੇਸ਼ ਹੈ ਪਰ ਲੇਖਕ (ਅਜਮੇਰ ਸਿੰਘ) ਇਨ੍ਹਾਂ ਇਤਿਹਾਸਕ ਤੱਥਾਂ ‘ਤੇ ਵਿਸ਼ਵਾਸ ਨਹੀਂ ਕਰਦਾ ਸਗੋਂ ਆਪਣੇ ਕੋਲੋਂ ਅਜਿਹੇ ਤਰਕਾਂ ਦੀ ਸਿਰਜਣਾ ਕਰ ਲੈਂਦਾ ਹੈ ਜਿਹੜੇ ਅੰਤਰਮੁਖੀ ਅਤੇ ਮਨਇੱਛਤ ਤਾਂ ਹਨ ਹੀ, ਉਹ ਗ਼ਦਰ ਲਹਿਰ ਵਿਰੋਧੀ ਵੀ ਹਨ। ਉਹ ਗ਼ਦਰ ਲਹਿਰ ਦਾ ਅੰਤਰ ਇਸ ਧਾਰਨਾ ਤਹਿਤ ਕਰਦਾ ਹੈ, “ਗ਼ਦਰ ਲਹਿਰ ਉਤੇ ਟੀਕਾ ਟਿੱਪਣੀ ਕਰਨ ਵਾਲੇ ਵਿਦਵਾਨਾਂ ਦੀ ਸੀਮਾ ਇਹ ਹੈ ਕਿ ਉਹ ਗ਼ਦਰੀਆਂ ਦੀਆਂ ਸਰਗਰਮੀਆਂ ਨੂੰ ਹਥਿਆਰਬੰਦ ਬਗਾਵਤ ਬਾਰੇ ਆਮ ਤੇ ਮੁਰਦਾ ਵਿਚਾਰਾਂ ਜੋ ਉਨ੍ਹਾਂ ਨੇ ਕਿਤਾਬਾਂ ਵਿਚੋਂ ਪੜ੍ਹੇ ਹੁੰਦੇ ਨੇ, ਦੀ ਰੌਸ਼ਨੀ ਵਿਚ ਰੱਖ ਕੇ ਅੰਗਦੇ/ਪੜਚੋਲਦੇ ਹਨ ਜਦੋਂ ਕਿ ਗ਼ਦਰੀਆਂ ਨੇ ਅਜਿਹੇ ਸਰਬ ਵਿਆਪੀ ਸਿਧਾਂਤ ਨਹੀਂ ਪੜ੍ਹੇ ਸਨ ਅਤੇ ਉਨ੍ਹਾਂ ਨੂੰ ਰੌਸ਼ਨੀ ਕਿਸੇ ਹੋਰ ਮੰਡਲ ਤੋਂ ਪ੍ਰਾਪਤ ਹੋ ਰਹੀ ਸੀ। ਉਹ ਤਰਕਸ਼ੀਲ ਗਿਆਨ ਦੀ ਬਜਾਇ ਆਪਣੀ ਅੰਤਰ-ਪ੍ਰੇਰਨਾ ਦੇ ਬਲਬੂਤੇ ਲੜੇ ਜਿਹੜੇ ਲੇਖਕ ਨੂੰ ਗ਼ਦਰੀ ਬਾਬਿਆਂ ਦੀ ਇਸ ਅੰਤਰਮੁਖੀ ਵਿਸ਼ੇਸ਼ਤਾ ਦੀ ਸਮਝ ਨਹੀਂ, ਉਹ ਉਨ੍ਹਾਂ ਦੇ ਬਾਹਰੀ ਅਮਲਾਂ ਨੂੰ ਠੀਕ ਅਰਥਾਂ ਵਿਚ ਨਹੀਂ ਸਮਝ ਸਕਦਾ, ਉਹ ਗ਼ਦਰੀਆਂ ਦਾ ਪ੍ਰਸੰਸਕ ਹੋਵੇ ਜਾਂ ਨਿੰਦਕ।” (ਸਫਾ 192-93)
ਅਜਮੇਰ ਸਿੰਘ ਦੇ ਇਸ ਕਥਨ ਨਾਲ ਮਾਮਲਾ ਹੀ ਖ਼ਤਮ ਹੋ ਜਾਂਦਾ ਹੈ ਕਿ ਤੁਸੀਂ ਜੇ ਗ਼ਦਰ ਲਹਿਰ ਨੂੰ ਸਮਝਣਾ ਹੈ ਤਾਂ ਤਰਕਸ਼ੀਲ ਗਿਆਨ ਦੀ ਬਜਾਇ ਅੰਤਰ-ਪ੍ਰੇਰਨਾ ਰਾਹੀਂ ਸਮਝੋ। ਸਮਾਜਕ ਅਤੇ ਰਾਜਸੀ ਮਸਲੇ ਅੰਤਰ-ਮੁਖਤਾ ਨਾਲ ਨਹੀਂ, ਬਾਹਰ-ਮੁਖਤਾ ਨਾਲ ਹੀ ਸਮਝੇ ਜਾ ਸਕਦੇ ਹਨ। ਦੂਜਾ ਗ਼ਦਰੀਆਂ ਨੂੰ ਇਹ ਕਹਿਣਾ ਕਿ ਉਹ ਆਪਣੀ ਅੰਤਰ-ਪ੍ਰੇਰਨਾ ਦੇ ਬਲਬੂਤੇ ‘ਤੇ ਲੜੇ, ਸਰਾਸਰ ਜ਼ਿਆਦਤੀ ਹੈ। ਅਰੰਭਕ ਦੌਰ ਦੇ ‘ਗ਼ਦਰ’ ਦੇ ਪਰਚੇ ਪੜ੍ਹ ਕੇ ਇਹ ਸਿੱਧ ਹੋ ਜਾਂਦਾ ਹੈ ਕਿ ਗ਼ਦਰ ਲਹਿਰ ਦੇ ਕਾਰਜਕਰਤਾ ਕਿੰਨੇ ਸੂਝਵਾਨ ਸਨ ਜਿਹੜੇ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਅੰਕੜਿਆਂ ਤਹਿਤ ਪੇਸ਼ ਕਰਦੇ ਸਨ। ਗ਼ਦਰੀ ਬਾਬਿਆਂ ਦੀ ਇਹ ਹੇਠੀ ਕਰਨਾ ਹੈ ਕਿ ਉਹ ਅੰਤਰ-ਪ੍ਰੇਰਨਾ ਦੇ ਬਲਬੂਤੇ ਲੜੇ ਜਿਹੜੇ ਉਸ ਸਮੇਂ ਦੇ ਵਿਕਸਤ ਵਿਚਾਰ ਰਾਸ਼ਟਰਵਾਦ ਅਤੇ ਧਰਮ ਨਿਰਪੱਖਤਾ ਨੂੰ ਪ੍ਰਣਾਏ ਹੋਏ ਸਨ। ਗ਼ਦਰ ਲਹਿਰ ਨੂੰ ਤਰਕਸ਼ੀਲ ਗਿਆਨ ਤੋਂ ਕੋਰੇ ਕਹਿਣਾ ਗ਼ਦਰੀ ਬਾਬਿਆਂ ਦੀ ਸਮੁੱਚੀ ਕੁਰਬਾਨੀ ਨੂੰ ਦਾਗ਼ਦਾਰ ਕਰਨਾ ਹੈ। ਗ਼ਦਰ ਲਹਿਰ ਦੇ ਆਰ-ਪਾਰ ਝਾਕਿਆਂ ਇਕ ਵੀ ਤੱਥ ਨਹੀਂ ਮਿਲਦਾ ਜਿੱਥੇ ਉਨ੍ਹਾਂ ਨੇ ਇਹ ਸੰਕੇਤ ਕੀਤਾ ਹੋਵੇ ਕਿ ਉਹ ਆਪਣੀ ਦਿੱਬ-ਦ੍ਰਿਸ਼ਟੀ ਜਾਂ ਕਿਸੇ ਅਗੰਮੀ ਸ਼ਕਤੀ ਦੀ ਪ੍ਰੇਰਨਾ ਨਾਲ ਲੜੇ ਹੋਣ। ਅਜਿਹਾ ਕਰਦਿਆਂ ਲੇਖਕ ਸਮੁੱਚੀ ਗ਼ਦਰ ਲਹਿਰ ਨੂੰ ਉਸ ਦੀ ਇਤਿਹਾਸਕਤਾ ਅਤੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਤੋੜ ਕੇ ਉਸ ਨੂੰ ਕਿਸੇ ਉਚੇ ਨਛੱਤਰੀਂ ਵਸਦੀ ਸ਼ਕਤੀ ਦੇ ਹੱਥਾਂ ਵਿਚ ਅਮੂਰਤ ਸ਼ੈਅ ਬਣਾ ਦਿੰਦਾ ਹੈ। ਹਾਲਾਂਕਿ ਇਤਿਹਾਸ ਵਿਚ ਮੰਨ ਕੇ ਨਹੀਂ ਚੱਲਿਆ ਜਾਂਦਾ ਪਰ ਜੇ ਲੇਖਕ ਦੀ ਇਸ ਇੱਛਾਮੂਲਕ ਧਾਰਨਾ ਨੂੰ ਇਕ ਪਲ ਲਈ ਮੰਨ ਵੀ ਲਈਏ ਤਾਂ ਗ਼ਦਰ ਲਹਿਰ ਦਾ ਭਾਈ ਮਹਾਰਾਜ ਸਿੰਘ ਅਤੇ ਨਾਮਧਾਰੀ ਲਹਿਰ ਨਾਲ ਅੰਤਰ ਨਿਖੇੜ ਕਰਨਾ ਮੁਸ਼ਕਿਲ ਹੈ। ਗ਼ਦਰ ਲਹਿਰ ਦੀ ਜੇ ਇਤਿਹਾਸਕ ਮਹੱਤਤਾ ਹੈ ਤਾਂ ਇਹੀ ਹੈ ਕਿ ਇਹ ਰਾਸ਼ਟਰਵਾਦੀ ਧਰਮ ਨਿਰਪੱਖ ਲਹਿਰ ਸੀ ਜਿਸ ਕੋਲ ਇਕ ਕੌਮੀ ਰਾਜ ਦਾ ਸੁਪਨਾ ਸੀ। ਗ਼ਦਰੀਆਂ ਦਾ ਇਹ ਕਹਿਣਾ ਸੀ:
ਨਵਾਂ ਰੂਪ ਰਚਣਾ ਹਿੰਦ ਦੇ ਸਮਾਜ ਦਾ
ਤੁਖ਼ਮ ਉਡਾਉਣਾ ਜ਼ਾਲਮਾਂ ਦੇ ਰਾਜ ਦਾ।
ਇਹ ਮਹਿਜ਼ ਕਵਿਤਾ ਦੀਆਂ ਸਤਰਾਂ ਨਹੀਂ, ਉਸ ਕੌਮੀ ਰਾਜ ਦਾ ਸੁਪਨਾ ਹੈ ਜਿਹੜਾ ਹਿੰਦ ਦਾ ਨਵਾਂ ਰੂਪ ਰਚਣ ਦੀ ਇੱਛਾ ਨਾਲ ਵਰੋਸਾਇਆ ਹੋਇਆ ਹੈ। ਇਹ ਨਵਾਂ ਰੂਪ ਧਰਮ ਨਿਰਪੱਖ ‘ਪੰਚਾਇਤ ਰਾਜ’ ਦਾ ਹੈ ਨਾ ਕਿ ਫਿਊਡਲ ਸੌਵਰਨਿਟੀ ਦਾ।
(ਚਲਦਾ)
Leave a Reply