ਭਾਜਪਾ ਨੂੰ ‘ਅਤੀਤ’ ਤੇ ‘ਭਵਿੱਖ’ ਹੀ ਪਿਆਰੇ ਹਨ,‘ਵਰਤਮਾਨ’ ਕਿਉਂ ਨਹੀਂ?

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: 97816-46008
ਅਜੋਕੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ. ਭਾਵ ਕੌਮੀ ਜਨਤੰਤਰਿਕ ਗੱਠਜੋੜ ਵਿਚ ਸ਼ਾਮਿਲ ਉਸ ਦੇ ਸਾਥੀ ਦਲਾਂ ਦੀਆਂ ਸਰਕਾਰਾਂ ਭਾਰਤ ਦੇ ਵਧੇਰੇ ਰਾਜਾਂ ਵਿਚ ਮੌਜੂਦ ਹਨ ਤੇ ਬੀਤੇ ਦਸ ਵਰਿ੍ਹਆਂ ਤੋਂ ਕੇਂਦਰ ਦੀ ਸੱਤਾ ’ਤੇ ਵੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਕਾਬਜ਼ ਹੈ| ਕਈ ਰਾਜਾਂ ਵਿਚ ਤਾਂ ਭਾਜਪਾ ਨੇ ਆਪਣੀਆਂ ਸਰਕਾਰਾਂ ਦੁਹਰਾਈਆਂ ਹਨ

ਤੇ ਦਿੱਲੀ ਸਮੇਤ ਕੁਝ ਰਾਜਾਂ ਵਿਚ ਉਸਨੂੰ ਕਈ ਸਾਲਾਂ ਬਾਅਦ ਸੱਤਾ ਦੀ ਕੁਰਸੀ ਹਾਸਿਲ ਹੋਈ ਹੈ| ਕੇਂਦਰੀ ਅਤੇ ਸੂਬਾਈ ਪੱਧਰ ’ਤੇ ਐਨੀ ਭਾਰੀ ਮਾਤਰਾ ਵਿਚ ਸੱਤਾ ਉੱਤੇ ਬਿਰਾਜਮਾਨ ਹੋਣ ਦੇ ਬਾਵਜੂਦ ਜਿਹੜੀ ਗੱਲ ਪੱਤਰਕਾਰਾਂ, ਸਿਆਸੀ ਵਿਸ਼ਲੇਸ਼ਕਾਂ ਅਤੇ ਮੁਲਕ ਪ੍ਰਤੀ ਚਿੰਤਤ ਨਾਗਰਿਕਾਂ ਨੂੰ ਸਭ ਤੋਂ ਵੱਧ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਹੈ, ਉਹ ਇਹ ਹੈ ਕਿ ਭਾਜਪਾ ਨੂੰ ‘ਅਤੀਤ’ ਅਤੇ ‘ਭਵਿੱਖ’ ਹੀ ਕਿਉਂ ਪਿਆਰੇ ਹਨ ਤੇ ਇਹ ‘ਵਰਤਮਾਨ’ ਦੀ ਗੱਲ ਹਿੱਕ ਠੋਕ ਕੇ ਕਿਉਂ ਨਹੀਂ ਕਰਦੀ?
ਇਹ ਅਕਸਰ ਹੀ ਵੇਖਿਆ, ਸੁਣਿਆ ਤੇ ਪੜ੍ਹਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੀ ਪਹਿਲੀ ਅਤੇ ਦੂਜੀ ਕਤਾਰ ਦੇ ਸਮੂਹ ਨੇਤਾ ਅਕਸਰ ਹੀ ਪੰਡਿਤ ਜਵਾਹਰ ਲਾਲ ਨਹਿਰੂ, ਸ੍ਰੀਮਤੀ ਇੰਦਰਾ ਗਾਂਧੀ ਅਤੇ ਸ੍ਰੀ ਰਾਜੀਵ ਗਾਂਧੀ ਦੀਆਂ ਉਨ੍ਹਾਂ ਸਰਕਾਰਾਂ ਨੂੰ ਭੰਡਦੇ ਰਹਿੰਦੇ ਹਨ ਜੋ ਅੱਜ ਤੋਂ ਕ੍ਰਮਵਾਰ 75 ਜਾਂ 50 ਸਾਲ ਪਹਿਲਾਂ ਹੋਂਦ ਵਿਚ ਆਈਆਂ ਸਨ| ਭਾਜਪਾ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਸਾਰੇ ਦੇਸ਼ ਵਿਚ ਇਹ ਆਖ਼ਦੀ ਫਿਰਦੀ ਹੈ ਕਿ ਕਾਂਗਰਸ ਨੇ ਜਾਂ ਕਾਂਗਰਸ ਦੇ ਉਕਤ ਤਿੰਨਾਂ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਵਿਚ ਅਤੇ ਸ. ਮਨਮੋਹਨ ਸਿੰਘ ਦੇ ਦਸ ਸਾਲ ਦੇ ਕਾਰਜਕਾਲ ਵਿਚ ਦੇਸ਼ ਦਾ ‘ਕੱਖ’ ਵੀ ਵਿਕਾਸ ਨਹੀਂ ਹੋਇਆ ਤੇ ਭਾਜਪਾ ਪੱਖੀ ਹੋਣ ਦਾ ਇਲਜ਼ਾਮ ਹੰਢਾਅ ਰਿਹਾ ‘ਗੋਦੀ ਮੀਡੀਆ’ ਵੀ ਖ਼ਬਰਾਂ ਅਤੇ ਸੂਚਨਾਵਾਂ ਨੂੰ ਕੁਝ ਇਸ ਢੰਗ ਨਾਲ ਪ੍ਰਸਾਰਿਤ ਅਤੇ ਪ੍ਰਕਾਸ਼ਿਤ ਕਰਦਾ ਹੈ ਜਿਵੇਂ ਇਹ ਦੇਸ਼ ਕੇਵਲ ਦਸ ਸਾਲ ਪਹਿਲਾਂ ਹੀ ‘ਵਿਕਾਸ’ ਦੇ ਮਾਰਗ ’ਤੇ ਤੁਰਨਾ ਸ਼ੁਰੂ ਹੋਇਆ ਹੋਵੇ ਤੇ ਇਸ ਤੋਂ ਪਹਿਲਾਂ ਇਥੇ ਵਿਕਾਸ ਨਾਮ ਦੀ ਚਿੜੀ ਰਹਿੰਦੀ ਹੀ ਨਹੀਂ ਸੀ|
ਭਾਜਪਾ ‘ਵਰਤਮਾਨ’ ਵਿਚ ਨਾ ਤਾਂ ਖ਼ੁਦ ਜਿਊਣਾ ਚਾਹੁੰਦੀ ਹੈ ਤੇ ਨਾ ਹੀ ਦੇਸ਼ਵਾਸੀਆਂ ਨੂੰ ਵਰਤਮਾਨ ਦੀ ਹਕੀਕਤ ਦੇ ਰੂਬਰੂ ਹੋਣ ਦੇਣਾ ਚਾਹੁੰਦੀ ਹੈ ਜਿਸ ਕਰਕੇ ਉਹ ਵਾਰ-ਵਾਰ ਅਤੀਤ ਨਾਲ ਜੁੜੇ ਉਕਤ ਨਹਿਰੂ ਅਤੇ ਗਾਂਧੀ ਜਿਹੇ ਰਾਜਨੇਤਾਵਾਂ ਅਤੇ ‘ਔਰੰਗਜ਼ੇਬ’,‘ਬਾਬਰ’, ਅਤੇ ‘ਸ਼ਾਹਜਹਾਂ’ ਜਿਹੇ ਸ਼ਾਸ਼ਕਾਂ ਨਾਲ ਜੁੜੇ ਮੁੱਦੇ ਉਛਾਲਦੀ ਰਹਿੰਦੀ ਹੈ ਤੇ ਸਮੁੱਚੇ ਦੇਸ਼ ਵਿਚ ਉਨ੍ਹਾਂ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਨਹੀਂ ਹੋਣ ਦਿੰਦੀ ਜੋ ਦੇਸ਼ਵਾਸੀਆਂ ਦੇ ਵਰਤਮਾਨ, ਭਵਿੱਖ ਅਤੇ ਭਲੇ ਨਾਲ ਜੁੜੇ ਹੋਏ ਹਨ| ਭਾਰਤ ਦੇ ‘ਮਹਾਂਮਾਨਵ’ ਅਤੇ ‘ਯਸ਼ਸਵੀ’ ਪ੍ਰਧਾਨ ਮੰਤਰੀ ਵਜੋਂ ਮੀਡੀਆ ਵੱਲੋਂ ਪ੍ਰਚਾਰੇ ਗਏ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਵਿਸ਼ਵ ਦੇ ‘ਭੁੱਖਮਰੀ’, ‘ਬੇਰੁਜ਼ਗਾਰੀ’, ‘ਭ੍ਰਿਸ਼ਟਾਚਾਰ’ ਅਤੇ ‘ਮੀਡੀਆ ਦੀ ਭਰੋਸੇਯੋਗਤਾ’ ਦੇ ਇੰਡੈਕਸ ਵਿਚ ਭਾਰਤ ਕਿੰਨਾ ਹੇਠਾਂ ਡਿੱਗ ਪਿਆ ਹੈ, ਇਸ ਗੱਲ ਦੀ ਕੋਈ ਚਰਚਾ ਨਹੀਂ ਕਰਦਾ| ਭਵਿੱਖਮੁਖੀ ਸ੍ਰੀ ਮੋਦੀ ਨੇ ਸਾਲ 2019 ਵਿਚ ਇਹ ਵਾਅਦਾ ਕੀਤਾ ਸੀ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਪਰ ਇਹ ਵਾਅਦਾ ਅੱਜ ਤੱਕ ਵੀ ਪੂਰਾ ਨਹੀਂ ਹੋ ਸਕਿਆ ਹੈ| ਉਨ੍ਹਾਂ ਨੇ ਆਪਣੀ ਸਰਕਾਰ ਬਣਨ ਦੇ ਚੰਦ ਮਹੀਨਿਆਂ ਵਿਚ ਹੀ ਵਿਦੇਸ਼ਾਂ ਤੋਂ ਕਾਲਾ ਧਨ ਲਿਆ ਕੇ ਦੇਸ਼ਵਾਸੀਆਂ ਵਿਚ ਵੰਡਣ ਦੀ ਗੱਲ ਵੀ ਕੀਤੀ ਸੀ ਪਰ ਦਸ ਸਾਲ ਬੀਤ ਜਾਣ ’ਤੇ ਵੀ ਕਾਲੇ ਧਨ ਦਾ ਇਕ ਵੀ ਰੁਪਿਆ ਦੇਸ਼ ਅੰਦਰ ਨਹੀਂ ਆਇਆ, ਸਗੋਂ ਉਲਟਾ ਆਪਣਾ ਕਾਲਾ ਧਨ ਲੈ ਕੇ ਵਿਜੇ ਮਾਲਿਆ, ਮੇਹੁਲ ਚੌਕਸੀ ਅਤੇ ਨੀਰਵ ਮੋਦੀ ਜਿਹੇ ਠੱਗ ਦੇਸ਼ ਤੋਂ ਬਾਹਰ ਭੱਜਣ ਵਿਚ ਜ਼ਰੂਰ ਸਫ਼ਲ ਹੋ ਚੁੱਕੇ ਹਨ| ਸੱਤਾ ਪ੍ਰਾਪਤੀ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਭਵਿੱਖ ਵਿਚ ਪੈਟਰੋਲ 40 ਰੁਪਏ ਪ੍ਰਤੀ ਲੀਟਰ ਅਤੇ ਰਸੋਈ ਗੈਸ ਸਿਲੰਡਰ ਚਾਰ ਸੌ ਰੁਪਏ ਦੇ ਹਿਸਾਬ ਨਾਲ ਉਪਲਬਧ ਕਰਵਾਉਣ ਦੀ ਗੱਲ ਆਖੀ ਸੀ ਪਰ ਉਹ ‘ਭਵਿੱਖ’ ਅਜੇ ਤੱਕ ਕਿਸੇ ਨੂੰ ਨਜ਼ਰ ਨਹੀਂ ਆਇਆ ਹੈ| ਇਸੇ ਲੋਰ ਵਿਚ ਮਾਣਯੋਗ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹੁਣ ਸਾਲ 2026 ਤੱਕ ਦੇਸ਼ ਵਿਚੋਂ ‘ਨਕਸਲਵਾਦ’ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਵਾਅਦਾ ਵੀ ਕਰ ਦਿੱਤਾ ਹੈ|
ਦੇਸ਼ਵਾਸੀਆਂ ਨੂੰ ਕਦੇ ‘ਅਤੀਤ’ ਅਤੇ ਕਦੇ ‘ਵਰਤਮਾਨ’ ਦੀ ਪੀਂਘ ’ਤੇ ਝੂਟੇ ਦਿੰਦਿਆਂ-ਦਿੰਦਿਆਂ ਭਾਜਪਾ ਆਗੂਆਂ ਨੂੰ ਇਹ ਹਰਗ਼ਿਜ਼ ਵੀ ਵਿਖ਼ਾਈ ਨਹੀਂ ਦਿੰਦਾ ਹੈ ਕਿ ਵਰਤਮਾਨ ਸਮੇਂ ਵਿਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ, ਕਿਸਾਨਾਂ ਅਤੇ ਵਿਦਿਆਰਥੀਆਂ ਵਿਚ ਆਤਮਹੱਤਿਆ ਦੀ ਦਰ ਹਰ ਸਾਲ ਵਧ ਰਹੀ ਹੈ| ਇਥੇ ਹੀ ਬਸ ਨਹੀਂ ਬੁਲੰਦ ਹੌਂਸਲੇ ਵਾਲ ਅਪਰਾਧੀਆਂ ਵੱਲੋਂ ਬੱਚੀਆਂ ਅਤੇ ਔਰਤਾਂ ਕੋਲੋਂ ਲੁੱਟ-ਖੋਹ ਕਰਨ ਅਤੇ ਉਨ੍ਹਾਂ ਨਾਲ ਜਬਰ-ਜਨਾਹ ਕਰ ਕੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ| ਦੇਸ਼ ਵਿਚ ਭੂ-ਮਾਫ਼ੀਆ, ਰੇਤ ਮਾਫ਼ੀਆ ਅਤੇ ਡਰੱਗ ਮਾਫ਼ੀਆ ਦਾ ਕਾਰੋਬਾਰ ਸੈਂਕੜੇ ਗੁਣਾ ਵਧ ਗਿਆ ਹੈ| ਨਰਿੰਦਰ ਮੋਦੀ ਵੱਲੋਂ ਆਪਣੇ ਵੱਖ-ਵੱਖ ਸੰਬੋਧਨਾਂ ਦੌਰਾਨ ਦੇਸ਼ ਦੇ ‘ਮਹਾਂਭ੍ਰਿਸ਼ਟਾਚਾਰੀ’ ਆਖੇ ਜਾਂਦੇ ਨਰਾਇਣ ਰਾਣੇ, ਛਗਨ ਭੁਜਬਲ, ਅਜੀਤ ਪਵਾਰ, ਮੁਕਲ ਰਾਏ ਅਤੇ ਹੋਰ ਰਾਜਨੇਤਾਵਾਂ ਨਾਲ ਰਲ ਕੇ ਮਹਾਂਰਾਸ਼ਟਰ ਵਿਚ ਸਰਕਾਰ ਬਣਾਉਣ ਵਾਲੀ ਤੇ ਉੱਚ-ਅਦਾਲਤਾਂ ਨੂੰ ‘ਪੀ.ਐਮ.ਕੇਅਰ ਫ਼ੰਡ’ ਦਾ ਹਿਸਾਬ ਦੇਣ ਤੋਂ ਇਨਕਾਰ ਕਰਨ ਦੇ ਨਾਲ-ਨਾਲ ੳੁੱਤਰ ਪ੍ਰਦੇਸ਼ ਵਿਚ ਕਰਵਾਏ ਗਏ ‘ਮਹਾਂਕੁੰਭ’ ਦੌਰਾਨ ਹੋਈਆਂ ਮੌਤਾਂ ਦਾ ਹਿਸਾਬ ਦੇਣ ਤੋਂ ਟਾਲਾ ਵੱਟਣ ਵਾਲੀ ਭਾਜਪਾ ਜਦੋਂ ਵੀ ਕਿਸੇ ਕਾਰਨ ਵਿਵਾਦਾਂ ਵਿਚ ਘਿਰ ਜਾਂਦੀ ਹੈ ਤਾਂ ਉਹ ਦੇਸ਼ ਵਿਚ ਧਰਮ, ਜ਼ਾਤ ਜਾਂ ਰੰਗ ਦੇ ਆਧਾਰ ’ਤੇ ਨਫ਼ਰਤੀ ਭਾਸ਼ਣ ਦੇ ਕੇ ਫ਼ਿਰਕੂ ਉਲਾਰ ਪੈਦਾ ਕਰ ਦਿੰਦੀ ਹੈ ਜਿਵੇਂ ਕਿ ਮੌਜੂਦਾ ਸਮੇਂ ਅੰਦਰ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹਨ ਪਰ ਭਾਜਪਾ ਆਗੂਆਂ ਨੇ ਚਾਰ ਸੌ ਸਾਲ ਪਹਿਲਾਂ ਹੋਏ ‘ਔਰੰਗਜ਼ੇਬ’ ਦਾ ਮੁੱਦਾ ਗਰਮ ਕਰ ਕੇ ਪੂਰੇ ਮੁਲਕ ਨੂੰ ਹੋਰ ਹੀ ਗੱਲਾਂ ਵਿਚ ਉਲਝਾ ਦਿੱਤਾ ਹੈ| ਭਾਜਪਾ ਆਗੂਆਂ ਨੇ ‘ਹੋਲੀ’ ਅਤੇ ‘ਈਦ’ ਜਿਹੇ ਸਦਭਾਵਨਾ ਅਤੇ ਭਾਈਚਾਰੇ ਭਰੇ ਤਿਉਹਾਰਾਂ ਨੂੰ ਫ਼ਿਰਕੂ ਰੰਗਤ ਦੇ ਕੇ ਐਸੀ ਬਿਆਨਬਾਜ਼ੀ ਸ਼ੁਰੂ ਕੀਤੀ ਕਿ ਮਸਜਿਦਾਂ ਨੂੰ ਤਰਪਾਲਾਂ ਨਾਲ ਢੱਕਣ ਤੱਕ ਦੀ ਨੌਬਤ ਆ ਗਈ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਸੰਵਿਧਾਨਕ ਅਹੁਦੇ ਦੀ ਮਰਿਆਦਾ ਨੂੰ ਤਾਰ-ਤਾਰ ਕਰਦਿਆਂ ਇਥੋਂ ਤੱਕ ਵੀ ਆਖ਼ ਦਿੱਤਾ ਕਿ ‘ਜੇਕਰ ਮੁਸਲਮਾਨਾਂ ਨੂੰ ਰੰਗਾਂ ਤੋਂ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਹੋਲੀ ਦੇ ਦਿਨ ਘਰੋਂ ਹੀ ਨਾ ਨਿਕਲਣ’ ਜਦੋਂ ਕਿ ਯੋਗੀ ਜੀ ਜਾਣਦੇ ਸਨ ਕਿ ਉਸ ਦਿਨ ‘ਜੁੰਮਾ’ ਸੀ ਤੇ ‘ਜੁੰਮੇ ਦੀ ਨਮਾਜ਼ ’ ਮੁਸਲਮਾਨਾਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ| ਉਹ ਸ਼ਾਇਦ ਦੋ ਗੱਲਾਂ ਭੁੱਲ ਗਏ ਸਨ| ਪਹਿਲੀ ਤਾਂ ਇਹ ਕਿ ਉਹ ਪੂਰੇ ਸੂਬੇ ਦੇ ਅਤੇ ਸੂਬੇ ਵਿਚ ਵੱਸਦੇ ਸਭ ਧਰਮਾਂ ਦੇ ਲੋਕਾਂ ਦੇ ਸਾਂਝੇ ਮੁੱਖ ਮੰਤਰੀ ਹਨ ਤੇ ਕੇਵਲ ਇਕ ਧਰਮ ਦੇ ਹੀ ਧਾਰਮਿਕ ਆਯੋਜਨਾਂ ਬਾਰੇ ਉਪਰੋਕਤ ਜਿਹੇ ਬਿਆਨ ਜਾਰੀ ਕਰਨਾ ਉਨ੍ਹਾਂ ਦੀ ਅਹੁਦੇ ਦੀ ਮਰਿਆਦਾ ਨੂੰ ਸੋਭਾ ਨਹੀਂ ਦਿੰਦਾ| ਦੂਜੀ ਗੱਲ ਇਹ ਕਿ ਹੋਲੀ ਅਤੇ ਜੁੰਮੇ ਦੀ ਨਮਾਜ਼ ਇਸ ਮੁਲਕ ਵਿਚ ਅਤੇ ਉੱਤਰ ਪ੍ਰਦੇਸ਼ ਵਿਚ ਪਹਿਲਾਂ ਵੀ ਮਨਾਏ ਜਾਂਦੇ ਰਹੇ ਹਨ ਫਿਰ ਇਸ ਵਾਰ ਭੜਕਾਊ ਬਿਆਨ ਦੇ ਕੇ ਸਾਰੀ ਸਥਿਤੀ ਨੂੰ ਖ਼ਰਾਬ ਕਿਉਂ ਕੀਤਾ ਗਿਆ? ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਨੇ ਇਸ ਤਰ੍ਹਾਂ ਦੇ ਇਕ ਨਹੀਂ ਸਗੋਂ ਅਨੇਕਾਂ ਹੀ ਬਿਆਨ ਦੇ ਕੇ ਬੜੀ ਹੀ ਚüਸਤੀ ਨਾਲ ਦੇਸ਼ਵਾਸੀਆਂ ਦਾ ਧਿਆਨ ਵਰਤਮਾਨ ਸਮੇਂ ਦੇ ਚਲੰਤ ਮੁੱਦਿਆਂ ਤੋਂ ਹਟਾ ਕੇ ਅਜਿਹੇ ‘ਫ਼ਾਲਤੂ’ ਮੁੱਦਿਆਂ ਵੱਲ ਕਰ ਦਿੱਤਾ ਹੈ ਜਿਨ੍ਹਾਂ ’ਤੇ ਜਿੰਨੀ ਮਰਜ਼ੀ ਚਰਚਾ ਕਰ ਲਓ, ਅੰਤ ਵਿਚ ਕੁਝ ਨਹੀਂ ਨਿਕਲਣਾ|
ਔਰੰਗਜ਼ੇਬ ਦੀ ਕਬਰ ਪੁੱਟਣ ਵਰਗੇ ‘ਦੱਬੇ ਮੁਰਦੇ ਉਖਾੜ ਕੇ’ ਭਾਜਪਾ ਸਾਡੇ ਦੇਸ਼ ਦੀ ਉਸ ਸਦੀਆਂ ਪੁਰਾਣੀ ਰੀਤ ਦਾ ਵੀ ਘਾਣ ਕਰ ਰਹੀ ਹੈ ਜੋ ਇਹ ਆਖ਼ਦੀ ਹੈ ਕਿ ਮ੍ਰਿਤਕਾਂ ਨਾਲ ਵੈਰ ਨਹੀਂ ਕੱਢੇ ਜਾਂਦੇ ਤੇ ਮ੍ਰਿਤਕ ਚਾਹੇ ਦੁਸ਼ਮਣ ਹੋਵੇ ਤੇ ਚਾਹੇ ਦੋਸਤ, ਉਸਦੇ ਮ੍ਰਿਤਕ ਸਰੀਰ ਦੀ ਬੇਹੁਰਮਤੀ ਨਹੀਂ ਕੀਤੀ ਜਾਣੀ ਚਾਹੀਦੀ| ਪਰਮ ਪੂਜਨੀਕ ਭਗਵਾਨ ਰਾਮ ਨੇ ਆਪਣੇ ਵਿਰੋਧੀ ਰਾਜਾ ਰਾਵਣ ਦਾ ਵਧ ਕਰਨ ਉਪਰੰਤ ਉਸਦੀ ਮ੍ਰਿਤਕ ਦੇਹ ਦੇ ਪੈਰ ਛੂਹ ਕੇ ਮ੍ਰਿਤਕਾਂ ਨੂੰ ਸਨਮਾਨ ਦੇਣ ਦੀ ਜੋ ਸਤਿਕਾਰਤ ਪ੍ਰੰਪਰਾ ਸ਼ੁਰੂ ਕੀਤੀ ਸੀ ਭਾਜਪਾ ਦੀ ਅਜੋਕੀ ਲੀਡਰਸ਼ਿਪ ਉਸ ਚੰਗੇਰੀ ਪੰ੍ਰਪਰਾ ਦਾ ਵੀ ਘਾਣ ਹੀ ਕਰ ਰਹੀ ਹੈ| ਲੋੜ ਅੱਜ ਇਸ ਗੱਲ ਦੀ ਹੈ ਕਿ ਦਸ ਸਾਲ ਤੋਂ ਸੱਤਾ ’ਤੇ ਬਿਰਾਜਮਾਨ ਭਾਜਪਾ ਸਰਕਾਰ ‘ਵਰਤਮਾਨ’ ਵਿਚ ਆਪਣੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਦਾ ਗੱਜ-ਵੱਜ ਕੇ ਪ੍ਰਚਾਰ ਕਰੇ ਤੇ ‘ਅਤੀਤ’ ਅਤੇ ‘ਭਵਿੱਖ’ ਦੀਆਂ ਗੱਲਾਂ ਕਰ ਕੇ ਆਪਣਾ ਡੰਗ ਨਾ ਟਪਾਏ|