ਗੁਲਜ਼ਾਰ ਸਿੰਘ ਸੰਧੂ
ਇਨ੍ਹਾਂ ਸਤਰਾਂ ਦੇ ਛਪਣ ਸਮੇਂ ਮੈਂ 91 ਵਰ੍ਹੇ ਦਾ ਹੋ ਚੁੱਕਿਆ ਹੋਵਾਂਗਾ| 22 ਮਾਰਚ 1934 ਦੇ ਜਨਮ ਸਦਕਾ| ਉਂਝ ਮੈਂ ਕਾਗਜ਼ਾਂ ਵਿਚ ਇਹਦੇ ਨਾਲੋਂ ਗਿਆਰਾ ਮਹੀਨੇ ਛੋਟਾ ਹਾਂ| ਪ੍ਰਾਇਮਰੀ ਸਕੂਲ ਭੜੀ ਦੇ ਮੁਖੀ ਦੀ ਮਿਹਰਬਾਨੀ ਕਾਰਨ| ਮੈਂ ਤੇ ਮੇਰਾ ਛੋਟਾ ਮਾਮਾ ਹਾਣੀ ਸਾਂ| ਇੱਕੋ ਘਰ ਵਿਚ ਪੈਦਾ ਹੋਏ ਸਾਂ| ਸਕੂਲ ਵਿਚ ਦਾਖਲਾ ਕਰਨ ਵਾਲੇ ਨੇ ਉਮਰ ਪੁੱਛੀ ਤਾਂ ਮੇਰੇ ਨਾਨੇ ਨੇ ਸਾਨੂੰ ਚਾਰ-ਚਾਰ ਸਾਲ ਦੱਸਿਆ ਤਾਂ ਮੌਲਵੀ ਸਾਹਿਬ ਨੇ ਸਾਡੀ ਦੋਨਾਂ ਦੀ ਜਨਮ ਮਿਤੀ 27 ਫਰਵਰੀ 1935 ਲਿਖ ਦਿੱਤੀ ਜਿਹੜੀ ਸਾਡੀ ਠੀਕ ਮਿਤੀ ਨਾਲੋਂ 11-12 ਮਹੀਨੇ ਘੱਟ ਸੀ| ਅੱਜ ਦੇ ਦਿਨ ਮੇਰਾ ਹਾਣੀ ਮਾਮਾ ਪਰਲੋਕ ਸਿਧਾਰ ਚੁੱਕਾ ਹੈ| ਦੋ ਸਾਲ ਪਹਿਲਾਂ ਦੀ 27 ਫਰਵਰੀ ਨੂੰ| ਸਾਡੀ ਕਾਗਜ਼ੀ ਜਨਮ ਤਿਥੀ ਨੂੰ ਧਿਆਉਂਦਾ ਹੋਇਆ|
ਮੇਰੀ ਜਨਮ ਤਿਥੀ ਨੂੰ ਸੋਧਣ ਵਾਲਾ ਮੇਰਾ ਪਿਤਾ ਸੀ| ਮੈਂ ਆਪਣੇ ਮਾਪਿਆਂ ਦਾ ਪਹਿਲਾ ਬੱਚਾ ਸਾਂ ਤੇ ਮੇਰਾ ਮਾਮਾ ਆਪਣੇ ਮਾਪਿਆਂ ਦਾ ਆਖਰੀ| ਉਨ੍ਹਾਂ ਦਿਨਾਂ ਵਿਚ ਮੁਢਲੇ ਬੱਚਿਆਂ ਦੀ ਜਨਮ ਤਿਥੀ ਤਾਂ ਮਾਪੇ ਚੇਤੇ ਰੱਖਦੇ ਸਨ, ਪਿੱਛੋਂ ਜੰਮਿਆਂ ਦੀ ਨਹੀਂ|
ਨਾਨਕੀਂ ਪੈਦਾ ਹੋਣ ਕਾਰਨ ਮੇਰੇ ਨਾਂ ਵੀ ਦੋ ਸਨ| ਨਾਨਕਿਆਂ ਨੇ ਮੇਰਾ ਨਾਂ ਬਲਬੀਰ ਸਿੰਘ ਰਖਿਆ ਸੀ| ਦਾਦਕੇ ਪਿੰਡ ਪਹੁੰਚਿਆ ਤਾਂ ਮੇਰੀ ਦਾਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਸਮੇਂ ‘ਗਗਾ’ ਨਿਕਲਣ ਕਾਰਨ ਮੇਰਾ ਨਾਂ ਗੁਲਜ਼ਾਰਾ ਸਿੰਘ ਰੱਖ ਦਿੱਤਾ ਅਤੇ ਆਪਣੀ ਜ਼ਿਦ ਪੁਗਾ ਕੇ ਮੇਰੇ ਸਕੂਲ ਵਿਚ ਵੀ ਗੁਲਜ਼ਾਰਾ ਸਿੰਘ ਹੀ ਲਿਖਵਾਇਆ| ਮੈਂ ਆਪਣੇ ਨਾਨਕਿਆਂ ਦਾ ਬਲਬੀਰ ਸਿੰਘ ਉਰਫ ਬੱਲਾ ਹਾਂ ਤੇ ਦਾਦਕਿਆਂ ਦਾ ਗੁਲਜ਼ਾਰਾ ਸਿੰਘ|
ਚਾਰ ਦਹਾਕੇ ਪਹਿਲਾਂ ਮਾਰਕਸ ਫਰੈਂਡਾ ਨਾਮੀ ਅਮਰੀਕੀ ਪੱਤਰਕਾਰ ਮੇਰੀ ਇੰਟਰਵਿਊ ਲੈਣ ਆਇਆ ਤਾਂ ਉਸਨੇ ਮੇਰੇ ਨਾਨਕੇ ਪਿੰਡ ਜਾ ਕੇ ਮੇਰੀ ਮਾਂ ਦੀ ਉਮਰ ਦੇ ਬੰਦੇ ਨੂੰ ਮਿਲਣਾ ਚਾਹਿਆ| ਮੈਂ ਉਸਨੂੰ ਇੱਕ ਬਜ਼ੁਰਗ ਮਹਿਲਾ ਕੋਲ ਲੈ ਗਿਆ| ਉਹ ਮੰਜੇ ਉੱਤੇ ਚਾਦਰ ਤਾਣ ਕੇ ਲੇਟੀ ਹੋਈ ਸੀ| ਜਦੋਂ ਮੈਂ ਉਸਨੂੰ ਦੱਸਿਆ ਕਿ ਮੈਂ ਬੀਬੀ ਚਰਨੋ (ਮੇਰੀ ਮਾਂ ਨੂੰ ਉਥੇ ਏਸ ਹੀ ਨਾਂ ਨਾਲ ਜਾਣਦੇ ਸਨ) ਦਾ ਪੁੱਤ ਹਾਂ ਤਾਂ ਉਹ ਚਾਦਰ ਉਤਾਰ ਕੇ ਉਠ ਬੈਠੀ ਤੇ ਬੋਲੀ ‘ਫੇਰ ਤਾਂ ਤੂੰ ਬੱਲਾ ਏਂ|’ ਏਨਾ ਕਹਿ ਕੇ ਉਸਨੇ ਮੇਰਾ ਸਿਰ ਵੀ ਪਲੋਸਿਆ|
ਇਸ ਤਰ੍ਹਾਂ ਮੇਰੀਆਂ ਜਨਮ ਤਿਥੀਆਂ ਹੀ ਦੋ ਨਹੀਂ ਮੇਰੇ ਵਿਅਕਤਵ ਵੀ ਦੋ ਹਨ| ਇਹ ਗੱਲ ਵੱਖਰੀ ਹੈ ਕਿ ਮੈਂ ਆਪਣੇ ਪਿੰਡ ਤੋਂ ਦਿੱਲੀ ਜਾ ਕੇ ਗੁਲਜ਼ਾਰਾ ਨਾਲੋਂ ਕੰਨਾ ਲਾਹ ਕੇ ਅੰਤ ਵਿਚ ਸੰਧੂ ਜੋੜ ਲਿਆ ਤੇ ਗੁਲਜ਼ਾਰ ਸਿੰਘ ਸੰਧੂ ਹੋ ਗਿਆ| ਉਂਝ ਮੇਰੇ ਵਿਦਿਅਕ ਸਰਟੀਫਿਕੇਟਾਂ ਵਿਚ ਮੈਂ ਗੁਲਜ਼ਾਰਾ ਸਿੰਘ ਹੀ ਹਾਂ| ਸਮੇਂ ਸਮੇਂ ਦੀ ਗੱਲ ਹੈ|
ਮੈਂ ਆਪਣੀ ਜ਼ਿੰਦਗੀ ਦੇ ਮੁਢਲੇ ਚੌਦਾਂ ਸਾਲ ਆਪਣੇ ਨਾਨਕੇ ਪਿੰਡ ਰਹਿ ਕੇ ਪੜ੍ਹਿਆਂ ਹਾਂ| ਸਾਡੇ ਬਚਪਨ ਦੀਆਂ ਖੇਡਾਂ ਕੋਟਲਾ ਛਪਾਕੀ ਤੇ ਲੁਕਣ ਮੀਚੀ ਸਨ ਪੜ੍ਹਨ ਲਈ ਕਿੱਸੇ, ਜਿਨ੍ਹਾਂ ਨੂੰ ਚਿੱਠੇ ਵੀ ਕਿਹਾ ਜਾਂਦਾ ਸੀ| ਅਸੀਂ ਇਨ੍ਹਾਂ ਕਿੱਸਿਆਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਤੇ ਬੰਦਾ ਬਹਾਦਰ ਦੀ ਸ਼ਹੀਦੀ ਤੇ ਦੁੱਲੇ ਭੱਟੀ ਦੀ ਰਾਜਪੂਤੀ ਦਲੇਰੀ ਤੋਂ ਜਾਣੂ ਹੋਏ| ਇਹ ਕਿੱਸੇ ਅਸੀਂ ਪੜ੍ਹਨ ਵਾਲੀਆਂ ਕਿਤਾਬਾਂ ਵਿਚ ਏਸ ਤਰ੍ਹਾਂ ਰੱਖੇ ਹੁੰਦੇ ਸਨ ਜਿਵੇਂ ਸਾਡੇ ਪਾਠਕ੍ਰਮ ਦਾ ਹਿੱਸਾ ਹੋਣ| ਸੁੱਚਾ ਸਿੰਘ ਸੂਰਮਾ, ਰੂਪ ਬਸੰਤ ਤੇ ਬਿਧੀ ਚੰਦ ਦੇ ਘੋੜੇ ਵੀ ਇਨ੍ਹਾਂ ਵਿਚ ਸ਼ਾਮਲ ਸਨ| ਪਰ ਜੋ ਮਜ਼ਾ ਸ਼ਹੀਦੀ ਤੇ ਕੁਰਬਾਨੀ ਵਾਲੇ ਕਿੱਸੇ ਪੜ੍ਹ ਕੇ ਆਉਂਦਾ ਸੀ| ਉਸਦਾ ਕੋਈ ਜਵਾਬ ਨਹੀਂ ਸੀ| ਇਨ੍ਹਾਂ ਵਿਚੋਂ ਦੁੱਲਾ ਭੱਟੀ ਦਾ ਕਿੱਸਾ ਸਭ ਤੋਂ ਵੱਧ ਮਨਭਾਉਂਦਾ ਸੀ| ਉਸਦੀ ਦਲੇਰੀ ਆਮ ਰਾਜਪੂਤਾਂ ਨਾਲੋਂ ਵੱਖਰੀ ਸੀ| ਜਿਸਨੂੰ ਕਿੱਸਾ ਲਿਖਣ ਵਾਲਿਆਂ ਨੇ ਆਪਣੇ ਢੰਗ ਨਾਲ ਗੱਲਾਂ ਜੋੜ ਕੇ ਹੋਰ ਵੀ ਲਿਸ਼ਕਾ ਰੱਖਿਆ ਸੀ| ਪ੍ਰਮਾਣ ਵਜੋਂ ਦੁੱਲੇ ਦੀ ਅਕਬਰ ਉਤੇ ਚੜ੍ਹਾਈ ਤੋਂ ਪਹਿਲਾਂ ‘ਹੋਣੀ’ ਮਹਿਲਾ ਦਾ ਰੂਪ ਧਾਰ ਕੇ ਕੰਡਿਆਂ ਦਾ ਟੋਕਰਾ ਭਰ ਕੇ ਦੁੱਲੇ ਦੇ ਰਾਹ ਵਿਚ ਖਲੋ ਜਾਂਦੀ ਹੈ ਤੇ ਕਿੱਸਾਕਾਰ ਉਸਨੂੰ ਏਨਾ ਲਾਚਾਰ ਤੇ ਅਸਮਰੱਥ ਬਣਾ ਕੇ ਪੇਸ਼ ਕਰਦਾ ਹੈ ਕਿ ਉਸ ਤੋਂ ਟੋਕਰਾ ਨਹੀਂ ਚੁੱਕਿਆ ਜਾਂਦਾ| ਉਹ ਦੁੱਲੇ ਦੀ ਮਦਦ ਮੰਗਦੀ ਹੈ:
ਕੰਡਿਆਂ ਦਾ ਰੱਖਿਆ ਹੈ ਮੈਂ ਭਰਾਈ ਕੇ
ਦੁੱਲਿਆ ਤੇ ਟੋਕਰਾ ਚੁਕਾਈਂ ਆਈ ਕੇ
ਦੁੱਲਾ ਪੂਰੀ ਤਾਕਤ ਲਾ ਕੇ ਵੀ ਉਸ ਟੋਕਰੇ ਨੂੰ ਧਰਤੀ ਨਾਲੋਂ ਤੋੜ ਨਹੀਂ ਸਕਦਾ| ਹੋਣੀ ਨੇ ਕੰਡਿਆਂ ਦੇ ਟੋਕਰੇ ਰਾਹੀਂ ਦੁੱਲੇ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਬਾਦਸ਼ਾਹ ਅਕਬਰ ਨਾਲ ਪੰਗਾ ਲੈਣ ਦੀ ਥਾਂ ਵਾਪਸ ਪਰਤ ਜਾਵੇ| ਪਰ ਅਮੋੜ੍ਹ ਦੁੱਲਾ ‘ਹੋਣੀ’ ਦੇ ਸੰਦੇਸ਼ ਦੇ ਥਾਹ ਨਹੀਂ ਪਾਉਂਦਾ ਤੇ ਅਕਬਰ ਵਲੋਂ ਭੇਜੇ ਮਿਰਜ਼ਾ ਨਾਮੀ ਜਰਨੈਲ ਨੂੰ ਜਾ ਟੱਕਰਦਾ ਹੈ| ਇਹ ਗੱਲ ਵੱਖਰੀ ਹੈ ਕਿ ਏਥੇ ਦੁੱਲੇ ਦੀ ਮੱਦਾਹ ਸੁੰਦਰੀ ਮਿਰਜ਼ੇ ਨੂੰ ਭਰਮਾਉਣ ਉਸ ਦੇ ਕੈਂਪ ਵਿਚ ਪ੍ਰਵੇਸ਼ ਕਰ ਜਾਂਦੀ ਹੈ| ਉਸਦੇ ਹੁਸਨ ਬਾਰੇ ਕਵੀ ਦੇ ਬੋਲ ਹਨ:
ਕੱਦ ਉਸਦਾ ਸਰੂ ਦੇ ਰੁੱਖ ਵਰਗਾ
ਚਿੱਟੇ ਵਾਂਗ ਬਲੌਰ ਦੇ ਦੰਦ ਜਾਨੀ
ਉਹ ਆਪਣੀ ਅਦਾ ਨਾਲ ਉਸ ਜਰਨੈਲ ਨੂੰ ਏਨਾ ਮੋਹ ਲੈਂਦੀ ਹੈ ਕਿ ਮਿਰਜ਼ਾ ਉਸਨੂੰ ਆਪਣੇ ਨਿੱਜੀ ਟਿਕਾਣੇ ਵਿਚ ਲੈ ਜਾਂਦਾ ਹੈ| ਇਹ ਉਹ ਟਿਕਾਣਾ ਹੈ ਜਿੱਥੇ ਉਸ ਨੇ ਗੋਲਾ ਬਰੂਦ ਵੀ ਰੱਖਿਆ ਹੋਇਆ ਹੈ ਤੇ ਉਹ ਤੌਕ ਵੀ ਜਿਸ ਵਿਚ ਦੁੱਲੇ ਨੂੰ ਨੂੜ ਕੇ ਅਕਬਰ ਦੇ ਦਰਬਾਰ ਵਿਚ ਪੇਸ਼ ਕਰਨਾ ਹੈ| ਏਥੇ ਸੁੰਦਰੀ ਭੋਲੀ ਬਣ ਕੇ ਮਿਰਜ਼ੇ ਤੋਂ ਇਸ ਤੌਕ ਨੂੰ ਵਰਤਣ ਦਾ ਤਰੀਕਾ ਸਮਝਣਾ ਚਾਹੁੰਦੀ ਹੈ ਤਾਂ ਕਾਮ ਦੇਵਤੇ ਦਾ ਸ਼ਿਕਾਰ ਹੋਇਆ ਮਿਰਜ਼ਾ ਉਸ ਤੌਕ ਨੂੰ ਆਪਣੇ ਸਾਹਮਣੇ ਰੱਖ ਕੇ ਪਹਿਲਾਂ ਉਸ ਵਿਚ ਆਪਣੇ ਪੈਰ ਫਸਾ ਲੈਂਦਾ ਹੈ ਤੇ ਫੇਰ ਝੁਕ ਕੇ ਆਪਣਾ ਸਿਰ ਵੀ ਤੌਕ ਵਿਚ ਦੇ ਦਿੰਦਾ ਹੈ| ਸੁੰਦਰੀ ਦਾਓ ਖੇਲ ਜਾਂਦੀ ਹੈ :
ਮਿਰਜ਼ਾ ਦੱਸਦਾ ਸਿਰ ਤੇ ਪੈਰ ਪਾ ਕੇ
ਉੱਤੋਂ ਸੁੰਦਰੀ ਮਾਰਦੀ ਜੰਦ ਜਾਨੀ
ਭਾਵ ਇਹ ਕਿ ਦੁੱਲੇ ਨੂੰ ਨੂੜਨ ਲਈ ਲਿਆਂਦੇ ਤੌਕ ਵਿਚ ਮਿਰਜ਼ਾ ਖ਼ੁਦ ਹੀ ਨੂੜਿਆ ਜਾਂਦਾ ਹੈ ਤੇ ਅਕਬਰ ਦੀ ਫ਼ੌਜ ਦੁੱਲੇ ਅਗੇ ਹਥਿਆਰ ਸੁੱਟ ਦਿੰਦੀ ਹੈ|
ਇਹ ਅਤੇ ਇਹੋ ਜਿਹੇ ਅਨੇਕ ਪ੍ਰਸੰਗ ਮੈਂ ਆਪਣੇ ਬਚਪਨ ਵਿਚ ਆਪਣੇ ਨਾਨਕਿਆਂ ਦੇ ਕਵੀਸ਼ਰਾਂ ਕੋਲੋਂ ਸੁਣ ਕੇ ਵੱਡਾ ਹੋਇਆ ਹਾਂ| ਗਾਉਣ ਵਾਲਿਆਂ ਵਿਚੋਂ ਗਿਰਧਾਰੀ ਲਾਲ ਤੇ ਮੁਹੰਮਦ ਸਦੀਕ ਪ੍ਰਮੁੱਖ ਸਨ| ਸਦੀਕ ਦਾ ਨਾਨਕਾ ਪਿੰਡ ਔੜ ਸੀ| ਜਿਸਨੇ ਉਸਨੂੰ ਮੁਹੰਮਦ ਸਦੀਕ ਔੜੀਆਂ ਬਣਾ ਦਿੱਤਾ|
ਦੁੱਲੇ ਵਰਗਿਆਂ ਬਾਰੇ ਲਿਖ ਕੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਉਸ ਵੇਲੇ ਦੇ ਮਨਪ੍ਰਚਾਵੇ ਉਸਾਰੂ ਸਨ| ਅੱਜ-ਕੱਲ੍ਹ ਤਾਂ ਬੱਚੇ ਮੋਬਾਈਲ ਬਿਨਾਂ ਸਾਹ ਹੀ ਨਹੀਂ ਲੈਂਦੇ| ਉਨ੍ਹਾਂ ਦਾ ਜੀਵਨ ਮੋਬਾਈਲਾਂ ਵਿਚ ਸੁੰਗੜ ਕੇ ਰਹਿ ਗਿਆ ਹੈ| ਕੱਲ੍ਹ ਨੂੰ ਮਸਨੂਈ ਬੁੱਧੀ (ਏ ਆਈ) ਕਿਧਰ ਲੈ ਕੇ ਜਾਂਦੀ ਹੈ ਸਮੇਂ ਨੇ ਦੱਸਣਾ ਹੈ|
ਅੱਜ ਦੇ ਦਿਨ ਦੁੱਲੇ ਭੱਟੀ ਨੂੰ ਚੇਤੇ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਪਾਕਿਸਤਾਨ ਦੇ ਵਸਨੀਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦੁੱਲਾ ਭੱਟੀ ਕਹਿ ਕੇ ਚੇਤੇ ਕਰਦੇ ਹਨ| ਭਗਤ ਸਿੰਘ ਸ਼ਹੀਦਾਂ ਦਾ ਸਿਰਤਾਜ਼ ਸੀ| ਕੁਰਬਾਨੀ ਦਾ ਪੁਤਲਾ!
ਅੰਤਿਕਾ
ਮੁਹੰਮਦ ਸਦੀਕ ਦੇ ਬੋਲ॥
ਅਸਾਂ ਭਰਿਆ ਤ੍ਰਿੰਜਣ ਛੱਡ ਜਾਣਾ,
ਚਿੱਠੀ ਆ ਗਈ ਜ਼ੋਰਾਵਰ ਦੀ|
ਏਥੇ ਮੁੜ ਕੇ ਕਿਸੇ ਨਹੀਂ ਆਣਾ,
ਚਿੱਠੀ ਆ ਗਈ ਜ਼ੋਰਾਵਰ ਦੀ|