ਬਟਵਾਰੇ ਦੇ ਮਹਾਂ ਦੁਖਾਂਤ ਦੀਆਂ ਜੜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ-3

ਸਵਰਾਜਬੀਰ
ਫੋਨ: 98560-02003
ਭਾਰਤ ਵਿਚ ‘ਭਾਰਤ ਛੱਡੋ ਅੰਦੋਲਨ’ ਵਿਚ ਵੱਡੀ ਪੱਧਰ ’ਤੇ ਲੋਕਾਂ ਨੇ ਹਿੱਸਾ ਲਿਆ ਸੀ ਤੇ ਹਿੰਸਾ ਹੋਈ ਸੀ। 1945-46 ਸਾਲ ਵਿਦਰੋਹ ਦੇ ਸਾਲਾਂ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਵਿਚ ਕਾਂਗਰਸ ਤੇ ਮੁਸਲਿਮ ਲੀਗ ਦੀ ਸ਼ਮੂਲੀਅਤ ਬਹੁਤ ਘੱਟ ਸੀ। ਭਾਰਤੀ ਜਲ ਸੈਨਾ ਦਾ ਵਿਦਰੋਹ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਪ੍ਰਭਾਵ ਹੇਠ ਹੋਇਆ ਅਤੇ ਇਸ ਨੇ ਖ਼ਤਰੇ ਦੀਆਂ ਘੰਟੀਆਂ ਏਨੇ ਜ਼ੋਰ ਦੀ ਵਜਾਈਆਂ ਸਨ ਕਿ ਉਸ ਤੋਂ ਅੰਗਰੇਜ਼ ਹੀ ਨਹੀਂ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਤੇ ਹੋਰ ਆਗੂ ਵੀ ਤ੍ਰਬਕ ਗਏ ਸਨ। ਸਨਅਤੀ ਮਜ਼ਦੂਰਾਂ ਵਿਚ ਵਿਦਰੋਹ ਪਣਪ ਰਿਹਾ ਸੀ, ਅਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ’ਤੇ ਹੜਤਾਲਾਂ ਕੀਤੀਆਂ।

ਪੰਜਾਬ ਦੇ ਇਤਿਹਾਸ ਵਿਚ ਦੋ ਘਟਨਾਵਾਂ ਦਾ ਮਹੱਤਵ ਅਜਿਹਾ ਹੈ ਜਿਨ੍ਹਾਂ ਦੇ ਨਕਾਰਾਤਮਕ ਪ੍ਰਭਾਵਾਂ ਦਾ ਲੇਖਾ-ਜੋਖਾ ਕਰਨਾ ਅਤਿਅੰਤ ਔਖਾ ਤੇ ਦੁਖਦਾਈ ਹੈ। ਇਹ ਘਟਨਾਵਾਂ ਹਨ : 1849 ਵਿਚ ਪੰਜਾਬ ’ਤੇ ਅੰਗਰੇਜ਼ਾਂ ਦਾ ਕਬਜ਼ਾ ਅਤੇ 1947 ਵਿਚ ਪੰਜਾਬ ਦੀ ਵੰਡ। 98 ਸਾਲਾਂ ਦੀ ਬਸਤੀਵਾਦੀ ਗੁਲਾਮੀ (ਪਟਿਆਲਾ, ਨਾਭਾ, ਫਰੀਦਕੋਟ ਆਦਿ ਵਿਚ ਇਸ ਦਾ ਅਰਸਾ ਹੋਰ ਲੰਮਾ ਤੇ ਵੱਖਰੀ ਨੌਈਅਤ ਵਾਲਾ ਸੀ) ਨੇ ਪੰਜਾਬ ਦੀ ਮਾਨਸਿਕਤਾ ਨੂੰ ਹਮੇਸ਼ਾ ਲਈ ਬਦਲ ਦਿੱਤਾ। ਅੰਗਰੇਜ਼ ਹਕੂਮਤ ਨੇ ਕਨਾਲ ਕਲੋਨੀਆਂ, ਕਾਨੂੰਨ ਦੇ ਰਾਜ ਤੇ ਕਈ ਹੋਰ ਕਦਮ ਚੁੱਕੇ ਤੇ ਜਿੱਥੇ ਅਜਿਹੀ ਕਾਰਗੁਜ਼ਾਰੀ ਨਾਲ ਅੰਗਰੇਜ਼ ਸਰਕਾਰ ਦੇ ਕਲਿਆਕਾਰੀ ਹੋਣ ਦਾ ਪ੍ਰਭਾਵ ਦਿੱਤਾ ਉੱਥੇ ਪੰਜਾਬੀਆਂ ਦੇ ਮਨ ਵਿਚ ਪਹਿਲਾਂ ਤੋਂ ਮੌਜੂਦ ਵੱਖਰੇਵਿਆਂ ਨੂੰ ਏਨਾ ਮਜ਼ਬੂਤ ਤੇ ਜ਼ਹਿਰੀਲਾ ਕੀਤਾ ਕਿ ਉਨ੍ਹਾਂ ਵਿਚਲਾ ਭਰਾਤਰੀ ਭਾਵ ਘਟਦਾ ਗਿਆ। ਅੰਗਰੇਜ਼ ਬਸਤੀਵਾਦ ਰਾਹੀਂ ਆਈ ਪੱਛਮੀ ਆਧੁਨਿਕਤਾ ਨੇ ਪੰਜਾਬੀਆਂ ਦੇ ਸੋਚਣ, ਖਾਣ-ਪੀਣ, ਪਹਿਨਣ ਤੇ ਜੀਊਣ ਦੇ ਹੋਰ ਤਰੀਕਿਆਂ ਵਿਚ ਵੱਡੀ ਟੁੱਟ-ਭੱਜ ਪੈਦਾ ਕੀਤੀ ਅਤੇ ਪੰਜਾਬੀਆਂ ਦੀ ਜੀਵਨ-ਜਾਚ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ।
ਪੱਛਮੀ ਆਧੁਨਿਕਤਾ ਵਿਚ ਇਹ ਨਿਹਿਤ ਸੀ ਕਿ ਉਹ ਗੁਲਾਮ ਦੇਸ਼ਾਂ ਦੇ ਬਾਸ਼ਿੰਦਿਆਂ ਨੂੰ ਇਹ ਸਵਾਲ ਪੁੱਛਦੀ ਸੀ ਕਿ ਤੁਸੀਂ ਕੌਣ ਹੋ, ਤੁਹਾਡੀ ਭਾਸ਼ਾ ਕਿਹੜੀ ਹੈ ਅਤੇ ਇਹ ਸਵਾਲ ਇਸ ਤਰ੍ਹਾਂ ਪੁੱਛੇ ਜਾਂਦੇ ਸਨ ਜਿਨ੍ਹਾਂ ਨਾਲ ਸਾਂਝੀਵਾਲਤਾ ਵਧਦੀ ਨਹੀਂ, ਘਟਦੀ ਸੀ ਤੇ ਪੁਰਾਣੇ ਵਖਰੇਵੇਂ ਵਧਦੇ ਅਤੇ ਨਵੇਂ ਜਨਮ ਲੈਂਦੇ ਸਨ। ਇਸ ਆਧੁਨਿਕਤਾ ਨੇ ਪੰਜਾਬੀਆਂ ਨੂੰ ਵੀ ਇਹੀ ਸਵਾਲ ਪੁੱਛੇ ਤੇ ਪੰਜਾਬੀਆਂ ਨੇ ਉਸ ਤਰ੍ਹਾਂ ਦੇ ਹੀ ਜਵਾਬ ਦਿੱਤੇ ਜਿਸ ਤਰ੍ਹਾਂ ਦੇ ਬਸਤੀਵਾਦੀ ਚਾਹੁੰਦੇ ਸਨ: ਹਿੰਦੂਆਂ ਨੇ ਕਿਹਾ ਅਸੀਂ ਹਿੰਦੂ ਹਾਂ ਤੇ ਸਾਡੀ ਭਾਸ਼ਾ ਹਿੰਦੀ ਹੈ; ਮੁਸਲਮਾਨਾਂ ਕਿਹਾ ਕਿ ਅਸੀਂ ਮੁਸਲਮਾਨ ਹਾਂ, ਸਾਡੀ ਭਾਸ਼ਾ ਉਰਦੂ ਹੈ; ਸਿੱਖਾਂ ਕਿਹਾ ਕਿ ਅਸੀਂ ਸਿੱਖ ਹਾਂ ਤੇ ਸਾਡੀ ਭਾਸ਼ਾ ਗੁਰਮੁਖੀ ਵਿਚ ਲਿਖੀ ਜਾਂਦੀ ਪੰਜਾਬੀ ਹੈ। ਭਾਸ਼ਾ ਦੇ ਧਰਮ ਨਾਲ ਜੁੜਣ ਨੇ ਪੰਜਾਬ ਦੇ ਟੋਟੇ-ਟੋਟੇ ਹੋਣ ਵਿਚ ਬੁਨਿਆਦੀ ਭੂਮਿਕਾ ਨਿਭਾਈ। ਅੰਗਰੇਜ਼ ਹਕੂਮਤ ਨੇ ਇਨ੍ਹਾਂ ਵਖਰੇਵਿਆਂ ਨੂੰ ਵਧਾਇਆ ਅਤੇ ਇਨ੍ਹਾਂ ਪਛਾਣਾਂ ਨੂੰ ਮਜ਼ਬੂਤ ਕਰਨ ਵਿਚ ਉਤਸ਼ਾਹਿਤ ਕੀਤਾ। ਇਸ ਨਾਲ ਹਰ ਧਰਮ ਵਿਚ ਲਹਿਰਾਂ ਪੈਦਾ ਹੋਈਆਂ ਅਤੇ ਹਰ ਧਾਰਮਿਕ ਫਿਰਕੇ ਨੇ ਆਪਣੀ ਸ੍ਰੇਸ਼ਟਤਾ ਸਿੱਧ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਸਿਧਾਂਤਕਾਰੀ ਕੀਤੀ। ਪਛਾਣਾਂ ਦੀ ਇਸ ਸਿਆਸਤ ਨੇ ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਵਿਚ ਅਜਿਹੀ ਫ਼ਿਰਕੂ ਮਾਨਸਿਕਤਾ ਨੂੰ ਜਨਮ ਦਿੱਤਾ ਜਿਸ ਨੇ ਇਨ੍ਹਾਂ ਧਰਮਾਂ ਦੇ ਰੂਪ-ਸਵਰੂਪ ਨੂੰ ਹੀ ਬਦਲ ਦਿੱਤਾ। ਅੰਗਰੇਜ਼ਾਂ ਦੀ ਇਹ ਨੀਤੀ ਅਤੇ ਪੰਜਾਬੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਉਨ੍ਹਾਂ ਨੂੰ ਦਿੱਤੇ ਗਏ ਜਵਾਬ, ਗੁਰੂ ਨਾਨਕ ਦੇਵ ਜੀ ਦੇ ਉਸ ਫ਼ਲਸਫ਼ੇ ਦੇ ਬਿਲਕੁਲ ਉਲਟ ਸਨ ਜਿਸ ਨੇ ਪੰਜਾਬ ਵਿਚ ਸਾਂਝੀਵਾਲਤਾ, ਸੁਹਿਰਦਤਾ, ਸਮਾਜਿਕ ਬਰਾਬਰੀ, ਜਮਹੂਰੀਅਤ ਅਤੇ ਅਨਿਆਂ ਵਿਰੁੱਧ ਲੜਨ ਦੀ ਰੂਹ ਫੂਕੀ ਸੀ। ਭਾਸ਼ਾਵਾਂ ਨੂੰ ਫ਼ਿਰਕੂ ਆਧਾਰ ’ਤੇ ਪਛਾਣੇ ਜਾਣ ਨੇ ਆਧੁਨਿਕ ਪੰਜਾਬੀਆਂ ਨੂੰ ਉਸ ਤਰ੍ਹਾਂ ਦੇ ਇਨਸਾਨਾਂ ਤੋਂ ਬਹੁਤ ਵੱਖਰੀ ਤਰ੍ਹਾਂ ਦੇ ਇਨਸਾਨ ਬਣਾ ਦਿੱਤਾ ਜਿਸ ਤਰ੍ਹਾਂ ਦੇ ਉਹ 18ਵੀਂ-19ਵੀਂ ਸਦੀ ਦੇ ਵਿਚ ਸਨ; ਉਹ ਆਪਣੇ ਵਿਰਸੇ ਨੂੰ ਫਿਰਕੂ ਆਧਾਰ ’ਤੇ ਪਛਾਨਣ ਵਾਲੇ, ਆਪਣੇ ਇਤਿਹਾਸ ਨੂੰ ਧਰਮਾਂ ਦੇ ਆਧਾਰ ’ਤੇ ਲਿਖਣ ਵਾਲੇ ਅਤੇ ਆਪਣੇ ਭਵਿੱਖ ਨੂੰ ਧਾਰਮਿਕ ਆਧਾਰ ’ਤੇ ਘੜਣ ਵਾਲੇ ਬਾਸ਼ਿੰਦੇ ਬਣ ਗਏ। ਜਿੱਥੇ ਬਸਤੀਵਾਦ ਦੌਰਾਨ ਸਾਂਝੇ ਪੰਜਾਬੀ ਵਿਰਸੇ ਨੂੰ ਖੋਰਾ ਲੱਗਾ, ਉੱਥੇ ਵੰਡ ਨੇ ਉਸ ਵਿਰਸੇ ਨੂੰ ਖੇਰੂੰ-ਖੇਰੂੰ ਕਰ ਦਿੱਤਾ; ਪੰਜਾਬ ਦੀ ਵੰਡ ਪੰਜਾਬ ਦੀ ਸਾਂਝੀਵਾਲਤਾ ਦੀ ਤਹਿਜ਼ੀਬ ਤੇ ਸਭਿਅਤਾ ਦੀ ਮੌਤ ਦੀ ਲਖਾਇਕ ਬਣੀ ਅਤੇ ਪੰਜਾਬੀ ਅਜਿਹੇ ਸਫ਼ਰਾਂ ’ਤੇ ਤੁਰੇ ਜਿਸ ਵਿਚ ਪੁਰਾਣੀ ਸਾਂਝੀਵਾਲਤਾ ਨੂੰ ਬਹਾਲ ਕਰਨਾ ਨਾਮੁਮਕਿਨ ਹੋ ਗਿਆ।
ਪੰਜਾਬ ਦੀ ਵੰਡ ਦੇ ਪਾਸਾਰ ਏਨੇ ਵਿਆਪਕ, ਵਿਰਾਟ ਤੇ ਬਹੁ-ਪਰਤੀ ਹਨ ਕਿ ਉਨ੍ਹਾਂ ਦੇ ਪੂਰੇ ਨਕਸ਼ ਤੇ ਇਤਿਹਾਸ ਕਦੀ ਵੀ ਲਿਖੇ-ਉਲੀਕੇ ਨਹੀਂ ਜਾ ਸਕਦੇ। ਜਿਵੇਂ ਇਤਿਹਾਸਕਾਰ ਇਸ਼ਤਿਆਕ ਅਹਿਮਦ ਨੇ ਆਪਣੀ ਕਿਤਾਬ ਫੁਨਜਅਬ ਭਲੋੋਦਇਦ, ਫਅਰਟਟਿiੋਨ ੳਨਦ ਛਲੲਅਨਸੲਦ ਵਿਚ ਇਸ ਤੱਥ ਵੱਲ ਧਿਆਨ ਦਿਵਾਇਆ ਹੈ ਕਿ ਵੰਡ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਸਾਂਝੀਵਾਲਤਾ ਦੇ ਛੋਟੇ ਸਭਿਆਚਾਰਾਂ ਦੀ ਉਸਾਰੀ ਹੋ ਚੁੱਕੀ ਸੀ; ਪਿੰਡਾਂ ਵਿਚ ਵੈਦ, ਹਕੀਮ, ਪੰਡਤ, ਨਜੂਮੀ, ਤੇਲੀ, ਮੋਚੀ, ਮਾਸ਼ਕੀ, ਦਰਗਾਹਾਂ, ਗੁਰਦੁਆਰੇ ਸਭ ਦੇ ਸਾਂਝੇ ਸਨ ਤੇ ਇਹ ਸਾਂਝਾਂ ਡੂੰਘੀਆਂ ਸਨ; 1940ਵਿਆਂ ਦੇ ਫ਼ਿਰਕੂ ਤੂਫ਼ਾਨ ਨੇ ਇਨ੍ਹਾਂ ਛੋਟੇ ਸਭਿਆਚਾਰਾਂ ਨੂੰ ਤਬਾਹ ਕਰ ਦਿੱਤਾ; ਇਹ ਫ਼ਿਰਕੁ ਤੂਫ਼ਾਨ ਸ਼ਹਿਰਾਂ ਦੇ ਤਥਾ ਕਥਿਤ ‘ਉਚੇਰੇ ਸਭਿਆਚਾਰ’ ਵਿਚ ਪਣਪੇ ਸਨ; ਪੱਛਮ ਤੋਂ ਆਈ ਵਿਦਿਆ ਤੇ ਆਧੁਨਿਕਤਾ ਨੇ ਇਨ੍ਹਾਂ ਤੂਫ਼ਾਨਾਂ ਨੂੰ ਜਨਮ ਦਿੱਤਾ ਸੀ; ਫ਼ਿਰਕੂ ਜ਼ਹਿਰ ਦੀ ਜ਼ਮੀਨ ਨੂੰ ਇਸ ਵਿਦਿਆ ਤੇ ਆਧੁਨਿਕਤਾ ਨੇ ਸਿੰਜਿਆ ਤੇ ਜਵਾਨ ਕੀਤਾ ਸੀ। ਇਸੇ ਜ਼ਹਿਰ ਵਿਚ ਭਿੱਜੇ ਪੰਜਾਬੀਆਂ ਨੇ ਉਹ ਕਰੂਰ ਸਾਕੇ ਕੀਤੇ, ਜਿਨ੍ਹਾਂ ਵਿਚ ਲਾਸ਼ਾਂ ਨੂੰ ਨਿਪਟਾਉਣ ਦੇ ਕੰਮ ਦੀ ਮਜ਼ਦੂਰੀ ‘ਦੋ ਆਨੇ ਫੀ ਲਾਸ਼’ ਪਈ (ਜੋਗਿੰਦਰ ਸਿੰਘ ਤੂਰ ਹੋਰਾਂ ਦੀ ਕਿਤਾਬ ਦਾ ਤੀਸਰਾ ਅਧਿਆਇ)।
ਵੰਡ ਦੀ ਇਤਿਹਾਸਕਾਰੀ ਵਿਚ ਇਕ ਬਹੁਤ ਵੱਡੀ ਸਮੱਸਿਆ ਇਹ ਵੀ ਹੈ ਕਿ ਬਹੁਤ ਸਾਰੇ ਇਤਿਹਾਸਕਾਰਾਂ ਨੇ ਸਿਰਫ਼ ਤੱਥਾਂ ਨੂੰ ਹੀ ਪੇਸ਼ ਕਰ ਦਿੱਤਾ ਹੈ ਕਿ ਫਲਾਂ ਦਿਨ ਫਲਾਂ ਅਧਿਕਾਰੀਆਂ ਤੇ ਫਲਾਂ ਆਗੂਆਂ ਵਿਚ ਮੀਟਿੰਗ ਹੋਈ, ਫਲਾਂ ਦਿਨ ਇਸ ਆਗੂ ਨੇ ਅੰਗਰੇਜ਼ ਉੱਚ-ਅਧਿਕਾਰੀਆਂ ਜਾਂ ਲਾਰਡ ਮਾਊਂਟਬੈਟਨ ਨੂੰ ਇਹ ਚਿੱਠੀ ਲਿਖੀ, ਫਲਾਂ ਦਿਨ ਇਹ ਘਟਨਾ ਹੋਈ। ਕੁਝ ਇਤਿਹਾਸਕਾਰਾਂ ਨੂੰ ਛੱਡ ਕੇ ਬਾਕੀ ਨੇ ਜ਼ਮੀਨ ’ਤੇ ਹੋ ਰਹੀਆਂ ਘਟਨਾਵਾਂ, ਉਨ੍ਹਾਂ ਤੋਂ ਪੈਦਾ ਹੁੰਦੇ ਦਬਾਅ ਅਤੇ ਅਰਾਜਕਤਾ ਦੇ ਡਰ ਦਾ ਆਗੂਆਂ ਦੇ ਨਿਰਣਿਆਂ ’ਤੇ ਹੁੰਦੇ ਅਸਰ ਵਿਚਕਾਰਲੇ ਸੰਬੰਧਾਂ ਨੂੰ ਗਹੁ ਨਾਲ ਨਹੀਂ ਵਾਚਿਆ। ਉਦਾਹਰਣ ਦੇ ਤੌਰ ’ਤੇ ਸਿੱਖ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਖੁਸ਼ਵੰਤ ਸਿੰਘ , ਜੇ. ਐੱਸ. ਗਰੇਵਾਲ ਅਤੇ ਹੋਰਨਾਂ ਦੀ ਇਤਿਹਾਸਕਾਰੀ ਵਿਚਕਾਰ ਘਟਨਾਵਾਂ ਦਾ ਵਰਣਨ ਤਾਂ ਹੈ ਪਰ ਉਨ੍ਹਾਂ ਦੇ ਪਿੱਛੇ ਪਈਆਂ ਤਾਕਤਾਂ ਅਤੇ ਆਗੂਆਂ ਦੇ ਫੈਸਲਿਆਂ ’ਤੇ ਪਏ ਅਸਰ ਦਾ ਵਰਣਨ ਘੱਟ। ਕਈ ਪੇਸ਼ਕਾਰੀਆਂ ਸ਼ੁਰੂ ਤੋਂ ਹੀ ਇਕਪਾਸੜ ਹਨ, ਜਿਵੇਂ ਨਰਿੰਦਰ ਸਿੰਘ ਸਰੀਲਾ ਦੀ ਦਿ ਅਨਟੋਲਡ ਸਟੋਰੀ ਆਫ ਇੰਡੀਆ’ਜ਼ ਪਾਰਟੀਸ਼ਨ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਜੇ ਕਾਂਗਰਸ 1939 ਵਿਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਨਾ ਦਿੰਦੀ ਅਤੇ ਅੰਗਰੇਜ਼ ਸਰਕਾਰ ਨਾਲ ਬਣਾ ਕੇ ਰੱਖਦੀ ਤਾਂ ਦੇਸ਼ ਦੀ ਵੰਡ ਨਹੀਂ ਸੀ ਹੋਣੀ। ਲੇਖਕ ਲੋਕਾਂ ’ਚ ਫੈਲੇ ਰੋਹ-ਵਿਦਰੋਹ ਨੂੰ ਕੋਈ ਮਹੱਤਵ ਨਹੀਂ ਦਿੰਦਾ, ਸਾਰਾ ਧਿਆਨ ਆਗੂਆਂ ਤੇ ਨੌਕਰਸ਼ਾਹਾਂ ’ਤੇ ਕੇਂਦ੍ਰਿਤ ਹੈ। ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਕਿ ਜੇ ਕਾਂਗਰਸ ਸਰਕਾਰ ਵਿਚ ਬਣੀ ਰਹਿੰਦੀ ਜਾਂ ਕਰਿਪਸ ਮਿਸ਼ਨ ਦੇ ਕਹਿਣ ’ਤੇ ਸਰਕਾਰ ਵਿਚ ਸ਼ਾਮਲ ਹੋ ਜਾਂਦੀ ਤਾਂ ਪਾਰਟੀ ਨੂੰ ਲੋਕਾਂ ਦੇ ਵੱਡੇ ਗ਼ੁੱਸੇ ਦਾ ਸਾਹਮਣਾ ਕਰਨਾ ਪੈਣਾ ਸੀ ਜਿਸ ਨਾਲ ਉਸ (ਕਾਂਗਰਸ) ਦੀ ਸਿਆਸੀ ਹੋਂਦ ਬਹੁਤ ਕਮਜ਼ੋਰ ਹੋ ਜਾਣੀ ਸੀ। ਇਸੇ ਤਰ੍ਹਾਂ ਇਤਿਹਾਸਕਾਰ ਬਿਪਨ ਚੰਦਰ ਤੇ ਉਨ੍ਹਾਂ ਨਾਲ ਸਹਿਮਤੀ ਰੱਖਣ ਵਾਲੇ ਇਤਿਹਾਸਕਾਰ ਵੰਡ ਦਾ ਸਾਰਾ ਦੋਸ਼ ਮੁਹੰਮਦ ਅਲੀ ਜਿਨਾਹ ਅਤੇ ਮੁਲਲਿਮ ਲੀਗ ਅਤੇ ਹਿੰਦੂ ਮਹਾ ਸਭਾ ’ਤੇ ਥੋਪਣਾ ਚਾਹੁੰਦੇ ਹਨ ਅਤੇ ਦੂਸਰੇ ਪਾਸੇ ਪਾਕਿਸਤਾਨ ਦੇ ਬਹੁਤੇ ਇਤਿਹਾਸਕਾਰ ਸਾਰਾ ਦੋਸ਼ ਕਾਂਗਰਸ ਦਾ ਮੰਨਦੇ ਹਨ।
ਪੈਰੀ ਐਂਡਰਸਨ (ਦਿ ਇੰਡੀਅਨ ਆਈਡਿਓਲੌਜੀ) ਜਿਹੇ ਵਿਸ਼ਲੇਸ਼ਕ ਆਜ਼ਾਦੀ ਸੰਘਰਸ਼ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਦੇ ਵਿਚਲੇ ਦਵੰਦਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਸਾਡਾ ਧਿਆਨ ਇਸ ਨੁਕਤੇ ਵੱਲ ਦਿਵਾਉਂਦੇ ਹਨ ਕਿ ਕਾਂਗਰਸ ਦਾ ਮੁਸਲਮਾਨਾਂ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕਰਨਾ ਅਤੇ ਵਿਚੋ-ਵਿਚ ਹਿੰਦੂ ਮੂਲਵਾਦੀਆਂ ਵੱਲ ਝੁਕਣ ਦਾ ਰੁਝਾਨ ਰੱਖਣ ਨੇ ਕਾਂਗਰਸ ਤੇ ਉਸ ਦੀ ਇਤਿਹਾਸਕ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਣ ਨਾ ਦਿੱਤਾ। ਪਰ ਸਮੱਸਿਆ ਇਹ ਹੈ ਕਿ ਉਹ ਆਗੂ ਤੇ ਚਿੰਤਕ ਜਿਹੜੇ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਵੀ ਰਹੇ ਸਨ (ਜਿਵੇਂ ਡਾ.ਬੀ. ਆਰ. ਅੰਬੇਦਕਰ), ਉਨ੍ਹਾਂ ਕੋਲ ਵੀ ਵੰਡ ਨੂੰ ਰੋਕਣ ਦੀ ਸਮਰੱਥਾ ਨਹੀਂ ਸੀ।
ਚੜ੍ਹਦੇ ਪੰਜਾਬ ਦੇ ਇਤਿਹਾਸਕਾਰਾਂ ਦੀ ਇਤਿਹਾਸਕਾਰੀ ਤਾਂ ਬਹੁਤ ਵਾਰੀ ਇਨ੍ਹਾਂ ਗੱਲਾਂ ਵਿਚ ਹੀ ਉਲਝ ਜਾਂਦੀ ਹੈ ਕਿ ਫਲਾਂ ਸਿੱਖ ਆਗੂ ਨੂੰ ਸਥਿਤੀ ਦੀ ਪੂਰੀ ਤਰ੍ਹਾਂ ਸਮਝ ਨਹੀਂ ਸੀ, ਉਹਦੀ ਪਹੁੰਚ ਸਹੀ ਨਹੀਂ ਸੀ, ਜੇ ਉਹ ਫਲਾਂ ਸਮੇਂ ਫਲਾਂ ਦਲੀਲ ਦੇਂਦਾ ਤਾਂ ਇਹ ਹੋ ਜਾਣਾ ਸੀ; ਉਸ ਸਮੇਂ ਦੀ ਇਤਿਹਾਸਕ ਜਟਿਲਤਾ ਨੂੰ ਸਮਝਣ ਦਾ ਯਤਨ ਬਹੁਤ ਘੱਟ ਹੈ ਅਤੇ ਆਪਣੇ ਦੁਆਰਾ ਪਹਿਲਾਂ ਸੋਚੇ ਗਏ ਨਿਰਣਿਆਂ ਅਤੇ ਬਿਰਤਾਂਤ ਨੂੰ ਕਿਤਾਬਾਂ ਵਿਚ ਪੇਸ਼ ਕਰਨ ਦਾ ਯਤਨ ਜ਼ਿਆਦਾ।
ਕਈ ਵਾਰ ਇਤਿਹਾਸਕਾਰੀ ਇਸ ਗੱਲ ’ਤੇ ਸਿਮਟਦੀ ਹੈ ਕਿ ਉਨੀਵੀਂ ਸਦੀ ਦੇ ਦੂਸਰੇ ਅੱਧ ਅਤੇ ਵੀਹਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿਚ ਉੱਭਰੇ ਸੌੜੇ ਰਾਸ਼ਟਰਵਾਦ ਦੇਸ਼ ਦੀ ਵੰਡ ਦਾ ਕਾਰਨ ਬਣੇ; ਇਹ ਸਹੀ ਵੀ ਹੈ; ਇਤਿਹਾਸਕਾਰ ਬਿਪਨ ਚੰਦਰ ਨੇ 1936-37 ਤੋਂ ਪਹਿਲਾਂ ਦੇ ਰਾਸ਼ਟਰਵਾਦਾਂ ਅਤੇ 1936-37 ਦੇ ਬਾਅਦਲੇ ਰਾਸ਼ਟਰਵਾਦਾਂ ਵਿਚ ਆਏ ਅੰਤਰ ਦੇ ਨਕਸ਼ ਉਲੀਕਣ ਦੀ ਕੋਸ਼ਿਸ਼ ਕੀਤੀ ਹੈ; ਇਸ ਕੋਸ਼ਿਸ਼ ਵਿਚ ਹਿੰਦੂ ਰਾਸ਼ਟਰਵਾਦ ਦੇ ਸੰਬੰਧ ਵਿਚ ਬੰਕਿਮ ਚੰਦਰ ਚੈਟਰਜੀ ਤੋਂ ਲੈ ਕੇ ਵੀ.ਡੀ. ਸਾਵਰਕਰ ਤਕ ਕਈ ਨਾਂ ਗਿਣਾਏ ਜਾਂਦੇ ਹਨ; ਕਈ ਵਾਰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਤਿਲਕ, ਸਰਦਾਰ ਪਟੇਲ ਆਦਿ ਦੀਆਂ ਧਾਰਮਿਕ ਪ੍ਰਵਿਰਤੀਆਂ, ਪਛਾਣਾਂ ਤੇ ਪਹੁੰਚਾਂ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ; ਮੁਸਲਿਮ ਰਾਸ਼ਟਰਵਾਦ ਲਈ ਸਰ ਸਈਅਦ ਅਹਿਮਦ ਖਾਂ, ਮੁਹੰਮਦ ਇਕਬਾਲ, ਮੁਹੰਮਦ ਅਲੀ ਜਿਨਾਹ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਤੇ ਇਨ੍ਹਾਂ ਵਿਚ ਕਈ ਸਿਆਸਤਦਾਨ ਸੌੜੇ ਰਾਸ਼ਟਰਵਾਦਾਂ ਨੂੰ ਚੇਤਨ ਤੌਰ ’ਤੇ ਉਭਾਰਣ ਲਈ ਜ਼ਿੰਮੇਵਾਰ ਸਨ ਅਤੇ ਕਈਆਂ ਦੀ ਸਮਝ, ਸਹੀ ਸਮਝ ਅਤੇ ਅਸਮਝ ਵਿਚਕਾਰ ਝੂਲਦੀ ਰਹੀ। ਹਰ ਸਿਆਸਤਦਾਨ ਆਪਣੇ ਹਾਲਾਤ ਦੀ ਪੈਦਾਵਾਰ ਹੁੰਦਾ ਹੈ; ਬਸਤੀਵਾਦ ਦੇ ਪ੍ਰਭਾਵ ਇਹ ਰਾਸ਼ਟਰਵਾਦ ਅਚੇਤ ਰੂਪ ਵਿਚ ਉੱਭਰੇ ਅਤੇ ਬਸਤੀਵਾਦ ਨੇ ਇਨ੍ਹਾਂ ਨੂੰ ਚੇਤਨ ਰੂਪ ਵਿਚ ਉਭਾਰਿਆ।
ਸਿਆਸੀ ਬੇਸਮਝੀ ਦੀ ਸਿਖਰ ਭਾਰਤੀ ਰਾਜਿਆਂ-ਰਜਵਾੜਿਆਂ ਵਿਚ ਦੇਖੀ ਜਾ ਸਕਦੀ ਹੈ। ਦੁਨੀਆ ਵਿਚ ਰਾਜਾਸ਼ਾਹੀ, ਫਾਸ਼ੀਵਾਦ ਅਤੇ ਨਾਜ਼ੀਵਾਦ ਵਿਰੁੱਧ ਹੋਏ ਸੰਘਰਸ਼ਾਂ ਦੇ ਬਾਵਜੂਦ ਉਹ ਇਸ ਸਮਝ ਤੋਂ ਦੂਰ ਸਨ ਕਿ ਇਹ ਸਮਾਂ ਜਮਹੂਰੀ ਰਾਜਾਂ ਦੇ ਆਉਣ ਦਾ ਹੈ। ਆਜ਼ਾਦ ਹਿੰਦ ਫ਼ੌਜ, 1942 ਦੇ ਭਾਰਤ ਛੱਡੋ ਸੰਘਰਸ਼ ਦੌਰਾਨ ਹੋਏ ਲੋਕ-ਉਭਾਰ, ਪੁਲੀਸ ਬਗ਼ਾਵਤਾਂ ਤੇ ਜਬਰ ਦੇ ਬਾਵਜੂਦ ਉਹ ਇਹ ਨਾ ਸਮਝ ਸਕੇ ਕਿ ਉਨ੍ਹਾਂ ਦਾ ਸਮਾਂ ਬੀਤ ਚੁੱਕਿਆ ਹੈ; ਨਿਜ਼ਾਮ ਹੈਦਰਾਬਾਦ ਤੋਂ ਲੈ ਕੇ ਕਸ਼ਮੀਰ ਦੇ ਮਹਾਰਾਜੇ ਤੱਕ ਕਈ ਹੋਰ ਆਪਣੇ ਆਜ਼ਾਦ ਰਾਜ ਕਾਇਮ ਰੱਖਣਾ ਚਾਹੁੰਦੇ ਸਨ। ਉਹ 1946 ਵਿਚ ਲੋਕਾਂ ਵਿਚ ਸਥਾਪਤੀ ਵਿਰੁੱਧ ਫੈਲੀ ਵੱਡੀ ਬੇਚੈਨੀ ਤੇ ਅਸ਼ਾਂਤੀ ਤੋਂ ਵੀ ਬੇਗਾਨੇ ਸਨ। ਇਹੀ ਨਹੀਂ ਪੰਜਾਬ ਦੇ ਰਜਵਾੜਿਆਂ ਅਤੇ ਨਵਾਬਾਂ ਨੇ ਫਿਰਕਾਪ੍ਰਸਤ ਤਾਕਤਾਂ ਦੀ ਸਰਪ੍ਰਸਤੀ ਕੀਤੀ; ਉਨ੍ਹਾਂ ਨੂੰ ਹਥਿਆਰ ਤੇ ਅਸਲਾ ਦਿੱਤਾ। ਇਸ ਸੰਬੰਧ ਵਿਚ ਪਟਿਆਲਾ, ਫਰੀਦਕੋਟ, ਕਪੂਰਥਲਾ ਦੇ ਰਾਜਿਆਂ ਨੇ ਸਿੱਖ ਜਥਿਆਂ ਅਤੇ ਮਮਦੋਟ ਦੇ ਨਵਾਬ ਨੇ ਮੁਸਲਿਮ ਜਥਿਆਂ ਨੂੰ ਵੱਡੀ ਪੱਧਰ ’ਤੇ ਹਥਿਆਰ ਮੁਹੱਈਆ ਕਰਾਏ ਜਿਨ੍ਹਾਂ ਕਾਰਨ ਕਤਲ਼ੋਗਾਰਤ ਵਧੀ। ਪਜੰਾਬ ਦੇ ਰਾਜਿਆਂ ਤੇ ਨਵਾਬਾਂ ਦਾ ਇਹ ਰਵੱਈਆ ਦੱਸਦਾ ਹੈ ਕਿ ਉਹ ਕਿਵੇਂ ਲੋਕ-ਵਿਰੋਧੀ ਤੇ ਫ਼ਿਰਕਾਪ੍ਰਸਤ ਤਾਕਤਾਂ ਦੇ ਹੱਕ ਵਿਚ ਖੜ੍ਹੇ ਸਨ। ਅੰਗਰੇਜ਼ਾਂ ਦੇ ਝੋਲੀ ਚੁੱਕ ਰਹੇ ਇਨ੍ਹਾਂ ਰਾਜਿਆਂ ’ਚੋਂ ਬਹੁਤੇ ਅੰਤਾਂ ਦੇ ਐਸ਼ਪ੍ਰਸਤ ਤੇ ਨੈਤਿਕ ਤੌਰ ’ਤੇ ਗਿਰੇ ਹੋਏ ਸਨ।
ਸਮੁੱਚੀ ਪੱਧਰ ’ਤੇ ਭਾਰਤ ਦੇ ਰਾਜੇ ਤੇ ਨਵਾਬ ਅੰਗਰੇਜ਼ ਹਕੂਮਤ ਦੇ ਕਿਰਦਾਰ ਨੂੰ ਸਮਝਣ ਤੋਂ ਅਸਮਰੱਥ ਸਨ; ਉਹ ਨਹੀਂ ਸਨ ਸਮਝ ਰਹੇ ਕਿ ਕਿਵੇਂ ਸਾਡੇ ਦੇਸ਼ ਵਿਚ ਸਾਡੇ ਲੋਕਾਂ ਨੂੰ ਗ਼ੁਲਾਮ ਰੱਖਣ ਲਈ ਸਰਕਾਰ ਆਪਣੇ ਦੇਸ਼ (ਇੰਗਲੈਂਡ) ਵਿਚ ਜਮਹੂਰੀ ਪ੍ਰਕਿਰਿਆ ਦਾ ਪਾਲਣ ਕਰਦੀ ਸੀ; ਕਿਵੇਂ ਅੰਗਰੇਜ਼ ਹਾਕਮ ਜਮਾਤ ਇਕ ਪਾਸੇ ਜਮਹੂਰੀ ਸੀ ਤੇ ਦੂਸਰੇ ਪਾਸੇ ਉਹ ਸੰਵਿਧਾਨਕ ਰਾਜਾਸ਼ਾਹੀ ਨੂੰ ਕਾਇਮ ਰੱਖ ਰਹੀ ਸੀ ਤੇ ਤੀਸਰੀ ਪੱਧਰ ’ਤੇ ਦੁਨੀਆ ਦੀ ਸਭ ਤੋਂ ਵੱਡੀ ਬਸਤੀਵਾਦੀ ਤਾਕਤ ਸੀ।
ਇਤਿਹਾਸ ਨੂੰ ਸਮਝਦਿਆਂ, ਪੜ੍ਹਦਿਆਂ, ਲਿਖਦਿਆਂ ਵੱਡੀ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਅਸੀਂ ਵਰਤਾਰਿਆਂ ਦੀਆਂ ਗੁੰਝਲਾਂ ਅਤੇ ਜਟਿਲਤਾ ਨੂੰ ਸਮਝਣ ਦੀ ਥਾਂ ਨਾਇਕਾਂ, ਅਨਾਇਕਾਂ, ਖਲਨਾਇਕਾਂ ਦੀ ਤਲਾਸ਼ ਕਰਦੇ ਹਾਂ; ਕੋਈ ਸਾਰਾ ਕਸੂਰ ਮੁਹੰਮਦ ਅਲੀ ਜਿਨਾਹ ਸਿਰ ਥੋਪਦਾ ਹੈ, ਕੋਈ ਵੀ.ਡੀ. ਸਾਵਰਕਰ ਸਿਰ ਤੇ ਕੋਈ ਜਵਾਹਰ ਲਾਲ ਨਹਿਰੂ ਸਿਰ; ਜਦੋਂ ਕਿ ਸਮਝਣ ਦੀ ਜ਼ਰੂਰਤ ਇਹ ਹੈ ਕਿ ਵੀ.ਡੀ. ਸਾਵਰਕਰ ਨਾ ਹੁੰਦਾ ਤਾਂ ਹਿੰਦੂ ਰਾਸ਼ਟਰਵਾਦ ਨੂੰ ਉਭਾਰਣ ਵਾਲਾ ਕੋਈ ਹੋਰ ਹੋਣਾ ਸੀ। ਜੇ ਜਿਨਾਹ ਨਾ ਹੁੰਦਾ ਤਾਂ ਮੁਸਲਿਮ ਰਾਸ਼ਟਰਵਾਦ ਦਾ ਝੰਡਾ ਕਿਸੇ ਹੋਰ ਨੇ ਬੁਲੰਦ ਕਰਨਾ ਸੀ। ਏਥੇ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਇਨ੍ਹਾਂ ਰਾਸ਼ਟਰਵਾਦਾਂ ਤੇ ਵਰਤਾਰਿਆਂ ਨੂੰ ਉਭਾਰਣ ਵਿਚ ਕਿੰਨੀ ਭੂਮਿਕਾ ਸਾਡੇ ਸਮਾਜ ਵਿਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪਏ ਵਖਰੇਵਿਆਂ ਦੀ ਸੀ ਭਾਵ ਸਾਡੀ ਇਸ ਧਰਤੀ ਦੇ ਵਾਸੀਆਂ ਦੀ ਸੀ ਅਤੇ ਕਿੰਨੀ ਅੰਗਰੇਜ਼ ਬਸਤੀਵਾਦ ਦੇ ਇਨ੍ਹਾਂ ਵਖਰੇਵਿਆਂ ਨੂੰ ਵਧਾਉਣ ਤੇ ਜ਼ਹਿਰੀਲੇ ਬਣਾਉਣ ਦੀ ਸੀ। ਨਿਸਚੇ ਹੀ ਕਈ ਸ਼ਖ਼ਸਾਂ ਤੇ ਜਥੇਬੰਦੀਆਂ ਦੀ ਭੂਮਿਕਾ ਨਿਰੋਲ ਫ਼ਿਰਕਾਪ੍ਰਸਤੀ ਵਾਲੀ ਸੀ ਅਤੇ ਕਈਆਂ ਦੀ ਆਧੁਨਿਕ ਅਰਥਾਂ ਵਿਚ ਧਰਮ ਨਿਰਪੱਖ ਹੋਣ ਦੇ ਬਾਵਜੂਦ ਆਪੋ-ਆਪਣੇ ਧਾਰਮਿਕ ਫਿਰਕਿਆਂ ਵੱਲ ਲੁਕਣ ਦੀ। ਇਥੇ ਇਹ ਸਮਝਣ ਦੀ ਜ਼ਰੂਰਤ ਵੀ ਹੈ ਕਿ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲੈ ਰਹੇ ਆਗੂ ਭਾਰਤ ਦੇ ਸਮਾਜਾਂ ’ਚੋਂ ਉਪਜੇ ਸਨ।
ਇਤਿਹਾਸਕਾਰੀ ਵਿਚ ਸ਼ਾਇਦ ਕੋਈ ਵੀ ਮੁਕਾਮ ਜਾਂ ਨਿਰਣਾ ਅੰਤਿਮ ਨਹੀਂ ਹੋ ਸਕਦਾ; ਇਤਿਹਾਸਕਾਰੀ ਇਤਿਹਾਸ ਨੂੰ ਸਮਝਣ ਦਾ ਯਤਨ ਹੈ; ਇਤਿਹਾਸ ਦੀ ਆਪਣੀ ਪਰਿਭਾਸ਼ਾ ਬਹੁਤ ਜਟਿਲ ਹੈ। ਵੰਡ ਹੋਣ ਬਾਰੇ ਅਸੀਂ ਕੁਝ ਨੁਕਤਿਆਂ ’ਤੇ ਤਾਂ ਪਹੁੰਚ ਸਕਦੇ ਹਾਂ; ਪਹਿਲਾ ਇਹ ਕਿੁੰਸਲਿਮ ਲੀਗ ਮੁਸਲਮਾਨਾਂ ਦੇ ਇਕ ਤਬਕੇ ਨੂੰ ਇਹ ਯਕੀਨ ਦਿਵਾਉਣ ਵਿਚ ਸਫਲ ਹੋ ਚੁੱਕੀ ਸੀ ਕਿੁੰਸਲਮਾਨ ਇਕ ਅਲੱਗ ਕੌਮ ਹੈ ਅਤੇ ਇਸ ਨੂੰ ਵੱਖਰਾ ਦੇਸ਼ ਚਾਹੀਦਾ ਹੈ; ਇਸ ਨੁਕਤੇ ਦੇ ਨਾਲ ਨਾਲ ਮਿਲਿਆ ਨੁਕਤਾ ਇਹ ਹੈ ਕਿ ਦੇਸ਼ ਦੇ ਹਿੰਦੂ ਭਾਈਚਾਰਿਆਂ ਵਿਚ ਵੀ ਵੀ. ਡੀ. ਸਾਵਰਕਰ ਦੀ ਇਹ ਪਹੁੰਚ ਸਵੀਕਾਰ ਕੀਤੀ ਜਾ ਚੁੱਕੀ ਸੀ ਕਿ ਹਿੰਦੂ ਇਸ ਦੇਸ਼ ਦੀ ਮੂਲ ਕੌਮ ਹੈ ਜਿਸ ਦੀ ਹਸਤੀ ਸਭ ਤੋਂ ਪੁਰਾਣੀ, ਵੱਖਰੀ ਤੇ ਨਿਰਾਲੀ ਹੈ ਅਤੇ ਮੁਸਲਮਾਨ (ਤੇ ਇਸਾਈ) ਵੱਖਰੀ ਕੌਮ ਹਨ ਅਤੇ ਜੇ ਉਨ੍ਹਾਂ ਭਾਰਤ ਵਿਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਸਾਵਰਕਰ ਦੀ ਹਿੰਦੂਤਵੀ ਸੋਚ ਅਨੁਸਾਰ ਢਲਣਾ ਪਵੇਗਾ; ਨਿਸ਼ਚੇ ਹੀ ਨਾ ਤਾਂ ਇਹ ਫ਼ੈਸਲਾ ਇਕ ਦਿਨ ਵਿਚ ਹੋ ਸਕਦਾ ਸੀ ਅਤੇ ਨਾ ਹੀ ਮੁਸਲਮਾਨ ਅਜਿਹੀ ਸਮਝ ਨੂੰ ਸਵੀਕਾਰ ਕਰਨ ਵਾਲੇ ਸਨ; ਇਸ ਤਰ੍ਹਾਂ ਅਖੰਡ ਭਾਰਤ ਦਾ ਢੋਲ ਵਜਾਉਣ ਵਾਲੀ ਹਿੰਦੂ ਮਹਾਂਸਭਾ ਨੇ ਵੰਡ ਦਾ ਵਿਰੋਧ ਕਰਨ ਦੇ ਬਾਵਜੂਦ ਮੁਸਲਮਾਨਾਂ ਵਿਚ ਮੁਸਲਿਮ ਲੀਗ ਦੀ ਪਹੁੰਚ ਨੂੰ ਸਵੀਕਾਰ ਕਰਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਅਤੇ ਨਫ਼ਰਤ ਵਧਾਈ ਸੀ। ਕਾਂਗਰਸ ਦੇ ਕਈ ਆਗੂ ਸਮੇਂ ਸਮੇਂ ਹਿੰਦੂ ਮਹਾਂਸਭਾ ਦੀ ਪਹੁੰਚ ਦੇ ਨਜ਼ਦੀਕ ਰਹੇ ਸਨ ਅਤੇ ਅਸਿੱਧੇ ਰੂਪ ਵਿਚ ਇਸ ਦੀ ਹਮਾਇਤ ਕਰਦੇ ਰਹੇ ਸਨ; ਇਨ੍ਹਾਂ ਵਿਚ ਲਾਲਾ ਲਾਜਪਤ ਰਾਏ, ਮਦਨ ਮੋਹਨ ਮਾਲਵੀਆ, ਸਰਦਾਰ ਪਟੇਲ, ਰਾਜਾ ਰਾਜਗੋਪਾਲਾਚਾਰੀ ਆਦਿ ਸ਼ਾਮਲ ਸਨ। ਇਥੇ ਇਹ ਕਹਿਣਾ ਵੀ ਬਣਦਾ ਹੈ ਕਿੁੰਸਲਿਮ ਲੀਗ ਅਤੇ ਹਿੰਦੂ ਮਹਾਂਸਭਾ ਦੋਵੇਂ ਸਾਮਰਾਜ ਵਿਰੋਧੀ ਜਮਾਤਾਂ ਨਹੀਂ ਸਨ; ਉਹ ਅੰਗਰੇਜ਼ ਬਸਤੀਵਾਦ ਦੀਆਂ ਪਿੱਠੂ ਜਮਾਤਾਂ ਸਨ ਜੋ ਧਰਮ ਦੇ ਰਾਹ-ਰਸਤੇ ਰਾਹੀਂ ਦੇਸ਼ ਭਗਤੀ ਦਾ ਲਬਾਦਾ ਪਹਿਨਣ ਦਾ ਢੌਂਗ ਕਰਦੀਆਂ ਸਨ; ਇਹ ਜਮਾਤਾਂ ਸਾਂਝੀਵਾਲਤਾ ਦੀਆਂ ਵਿਰੋਧੀ ਅਤੇ ਨਫ਼ਰਤ ਫੈਲਾਉਣ ਵਾਲੀਆਂ ਤਨਜ਼ੀਮਾਂ ਸਨ; ਇਹ ਸੀ ਇਨ੍ਹਾਂ ਦੀ ਸਾਂਝ।
ਕਮਿਊਨਿਸਟ ਪਾਰਟੀ ਤੇ ਹੋਰ ਖੱਬੇਪੱਖੀ ਦਵੰਦ ਦਾ ਸ਼ਿਕਾਰ ਸਨ; ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਸ ਸਮੇਂ ਦੇ ਕਮਿਊਨਿਸਟ ਆਗੂ, ਆਪਣੀਆਂ ਮਹਾਨ ਕੁਰਬਾਨੀਆਂ ਦੇ ਬਾਵਜੂਦ, ਮਾਰਕਸਵਾਦ ਨੂੰ ਸਮਝਣ ਦੀ ਮਸ਼ੱਕਤ ਕਰਨ ਵਾਲੇ ਵਿਅਕਤੀ ਸਨ; ਨਾ ਹੀ ਪਾਰਟੀ ਦੀ ਤਾਕਤ ਅਤੇ ਨਾ ਹੀ ਉਹ ਸਮਝ ਉਸ ਮੁਕਾਮ ’ਤੇ ਪਹੁੰਚੀ ਸੀ ਕਿ ਉਹ ਇਤਿਹਾਸ ’ਤੇ ਨਿਰਣਾਇਕ ਪ੍ਰਭਾਵ ਪਾ ਸਕਦੀ।
ਮਾਰਕਸਵਾਦ ਦੀ ਪੇਤਲੀ ਸਮਝ ਨੇ ਉਨ੍ਹਾਂ ਨੂੰ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਦੇ ਹਮਾਇਤੀ ਬਣਾ ਦਿੱਤਾ; ਇਸੇ ਤਰ੍ਹਾਂ ਉਹ ‘ਭਾਰਤ ਛੱਡੋ ਅੰਦੋਲਨ’ ਦੌਰਾਨ ਕਾਂਗਰਸ ਦਾ ਸਾਥ ਨਾ ਦੇ ਸਕੇ ਅਤੇ ਪਾਰਟੀ ਖ਼ਤਰਨਾਕ ਹੱਦ ਤਕ ਛੋਨਾੁਸiੋਨ ਦਾ ਸ਼ਿਕਾਰ ਰਹੀ; ਪਾਰਟੀ ਬਚੀ ਆਪਣੇ ਆਗੂਆਂ, ਕਾਡਰਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਕਾਰਨ ਅਤੇ ਪਾਰਟੀ ਦੇ ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਵਿਚ ਕੰਮ ਕਾਰਨ।
ਇਸ ਤਰ੍ਹਾਂ ਕਾਂਗਰਸ ਹੀ ਉਹ ਜਮਾਤ ਸੀ, ਜਿਹੜੀ ਮੁਸਲਿਮ ਲੀਗ ਦੀ ਵੰਡ ਦਾ ਵਿਰੋਧ ਕਰ ਕੇ ਇਤਿਹਾਸ ਵਿਚ ਨਿਰਣਾਇਕ ਭੂਮਿਕਾ ਨਿਭਾ ਸਕਦੀ ਸੀ ਪਰ ਉਹ ਇਹ ਨਾ ਕਰ ਸਕੀ। ਕਿਉਂ? ਉਸਦੇ ਕਾਰਨਾਂ ਬਾਰੇ ਸੋਚਿਆ ਜਾ ਸਕਦਾ ਹੈ ਪਰ ਕਸੂਰ ਕਿਸੇ ਦੇ ਮੱਥੇ ਨਹੀਂ ਮੜ੍ਹਿਆ ਜਾ ਸਕਦਾ। ਇਤਿਹਾਸ ਦਾ ਕੰਮ ਵਿਅਕਤੀਆਂ ਜਾਂ ਜਥੇਬੰਦੀਆਂ ਸਿਰ ਕਸੂਰ ਮੜ੍ਹਨਾ ਨਹੀਂ ਸਗੋਂ ਉਨ੍ਹਾਂ ਹਾਲਾਤਾਂ ਨੂੰ ਸਮਝਣਾ ਹੈ ਜਿਨ੍ਹਾਂ ਵਿਚ ਇਤਿਹਾਸ ਬਣਦਾ ਹੈ। ਉਹ ਗੱਲ ਤਾਂ ਸਮਝ ਆਉਂਦੀ ਹੈ ਕਿ ‘ਅੰਗਰੇਜ਼ ਭਾਰਤ ਛੱਡੋ’ ਇਕ ਵੇਗਮਈ ਅੰਦੋਲਨ ਸੀ, ਜਿਸ ਦੀ ਅਗਵਾਈ ਤਾਂ ਕਾਂਗਰਸ ਕਰ ਰਹੀ ਸੀ ਪਰ ਜਿਹੜਾ ਕਾਂਗਰਸ ਦੇ ਕੰਮ ਕਰਨ ਦੀ ਸ਼ੈਲੀ ਤੇ ਢੰਗ ਤਰੀਕਿਆਂ ਤੋਂ ਕਿਤੇ ਅਗਾਂਹ ਨਿਕਲ ਗਿਆ ਸੀ; ਇਸ ਵਿਚ ਲੋਕ-ਸਮੂਹਾਂ ਦੀ ਸ਼ਮੂਲੀਅਤ ਬਹੁਤ ਵੱਡੀ ਸੀ; ਉਸ ਸਮੇਂ ਕਾਂਗਰਸ ਦੇ ਸਿਖਰਲੇ ਲੀਡਰ ਜੇਲ੍ਹ ਵਿਚ ਸਨ ਤੇ ਅੰਦੋਲਨ ਸਥਾਨਕ ਆਗੂਆਂ ਤੇ ਲੋਕਾਂ ਦੇ ਦਬਾਅ ਹੇਠ ਚੱਲਿਆ ਪਰ ਇਸ ਦੇ ਨਾਲ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਅੰਦੋਲਨ ਤੋਂ ਬਾਅਦ ਕਾਂਗਰਸ ਦੇ ਸਿਖਰਲੀ ਲੀਡਰਸ਼ਿਪ ਤੇ ਜਥੇਬੰਦੀ ਅਜਿਹੀ ਸਥਿਤੀ ਵਿਚ ਨਹੀਂ ਸਨ ਕਿ ਉਹ ਮੁਸਲਿਮ ਲੀਗ ਅਤੇ ਅੰਗਰੇਜ਼ ਸਰਕਾਰ ਦੀ ਦੇਸ਼ ਨੂੰ ਵੰਡਣ ਦੀ ਕਵਾਇਦ ਵਿਰੁੱਧ ਇਕ ਹੋਰ ਲੋਕ-ਅੰਦੋਲਨ ਖੜ੍ਹਾ ਕਰ ਸਕਦੀ; ਅਜਿਹਾ ਲੋਕ-ਅੰਦੋਲਨ ਸੰਭਵ ਹੀ ਨਹੀਂ ਸੀ ਅਤੇ ਜੇ ਅਜਿਹਾ ਲੋਕ-ਅੰਦੋਲਨ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਸੰਭਾਵਨਾ ਇਹ ਸੀ ਧਰੁਵੀਕਰਨ ਹੋਰ ਵਧਦਾ; ਇਸ ਤਰ੍ਹਾਂ ਕਾਂਗਰਸ ਦੇ ਆਗੂ ਵੰਡ ਦਾ ਵਿਰੋਧ ਤਾਂ ਕਰਦੇ ਰਹੇ ਪਰ ਉਹ ਇਸ ਨੂੰ ਵੰਡ ਵਿਰੁੱਧ ਜਨ-ਅੰਦੋਲਨ ਚਲਾਉਣ ਤੇ ਵੰਡ ਨੂੰ ਰੋਕਣ ਦੇ ਅਸਮਰੱਥ ਰਹੇ। ਹਰ ਆਗੂ ਤੇ ਜਥੇਬੰਦੀ ਆਪਣੀ ਤਾਕਤ ਤੇ ਸਮਰੱਥਾ ਅਨੁਸਾਰ ਹੀ ਇਤਿਹਾਸ-ਨਿਰਮਾਣ ਵਿਚ ਹਿੱਸਾ ਪਾ ਸਕਦੀ ਹੈ ਕਿ ਜੇ ਵੰਡ ਵਿਰੁੱਧ ਜਨਤਕ ਅੰਦੋਲਨ ਲਾਮਬੰਦ ਕੀਤਾ ਜਾਂਦਾ ਤਾਂ ਬਟਵਾਰੇ ਨੂੰ ਰੋਕਣ ਦੀ ਸੰਭਾਵਨਾ ਬਣ ਸਕਦੀ ਸੀ; ਅਜਿਹੀ ਦਲੀਲ ਬਾਰੇ ਆਦਰਸ਼ਮਈ ਕਥਨ ਜਿਵੇਂ ਲੋਕਾਂ ਦੀ ਤਾਕਤ, ਸਾਂਝੀਵਾਲਤਾ ਦੀ ਸ਼ਕਤੀ, ਸਮਾਜਿਕ ਏਕਤਾ ਦਾ ਜਲੌਅ ਵਰਤੇ ਜਾ ਸਕਦੇ ਹਨ ਪਰ ਉਸ ਸਮੇਂ ਦੀਆਂ ਸਿਆਸੀ ਤਾਕਤਾਂ ’ਤੇ ਨਜ਼ਰ ਮਾਰਦਿਆਂ ਅਜਿਹਾ ਇਤਿਹਾਸਕ ਜਨ-ਅੰਦੋਲਨ ਲਾਮਬੰਦ ਕਰਨ ਵਾਲੀ ਕੋਈ ਤਾਕਤ ਨਜ਼ਰ ਨਹੀਂ ਆਉਂਦੀ; ਨਾ ਹੀ ਕਾਂਗਰਸ, ਨਾ ਹੀ ਕਮਿਊਨਿਸਟ ਜਾਂ ਸੋਸ਼ਲਿਸਟ; ਅਖੰਡ ਭਾਰਤ ਦਾ ਨਾਅਰਾ ਦੇਣ ਵਾਲੀ ਹਿੰਦੂ ਮਹਾਂਸਭਾ ਨੇ ਤਾਂ ਕੀ ਕਰਨਾ ਸੀ ਕਿਉਂਕਿ ਉਸ ਦਾ ਜਨ-ਅੰਦੋਲਨਾਂ ਨਾਲ ਕੋਈ ਵਾਸਤਾ ਹੀ ਨਹੀਂ ਸੀ; ਉਹ ਤੇ ਮੁਸਲਿਮ ਲੀਗ ਦੇ ਬਰਾਬਰ ਸਮਾਜ ਵਿਚ ਫਿਰਕਾਪ੍ਰਸਤੀ ਭਰ ਰਹੀ ਸੀ ਤੇ ਜੇ ਕਿਤੇ ਉਹ ਕਿਸੇ ਅੰਦੋਲਨ ਦਾ ਯਤਨ ਵੀ ਕਰਦੀ ਤਾਂ ਉਹ ਅੰਦੋਲਨ ਧਰਮ-ਆਧਾਰਿਤ ਹੋਣਾ ਸੀ। ਉਸ ਸਮੇਂ ਮੁਸਲਿਮ ਲੀਗ ਨੇ ਧਰਮ-ਆਧਾਰਿਤ ਡਾਇਰੈਕਟ ਐਕਸ਼ਨ ਕੀਤੇ ਜਿਨ੍ਹਾਂ ਨੇ ਫ਼ਿਰਕਾਪ੍ਰਸਤੀ ਦੀ ਅੱਗ ’ਤੇ ਤੇਲ ਪਾਇਆ। ਕਾਂਗਰਸ ਦੇ ਦਵੰਦ ਦੀ ਗਵਾਹੀ ਸੋਸ਼ਲਿਸਟ ਆਗੂ ਰਾਮ ਮਨੋਹਰ ਲੋਹੀਆ, ਜੋ ਉਸ ਸਮੇਂ ਕਾਂਗਰਸ ਵਿਚ ਸਨ, ਦੇ ਕਥਨ ਤੋਂ ਮਿਲਦੀ ਹੈ, “ਵੰਡ ਵਿਰੁੱਧ ਮੇਰਾ ਵਿਰੋਧ ਲਗਾਤਾਰ ਤੇ ਉੱਚੀ ਸੁਰ ਵਾਲਾ ਸੀ ਪਰ ਇਹ ਏਨਾ ਗੰਭੀਰ ਨਹੀਂ ਸੀ ਕਿਉਂਕਿ ਮੈਨੂੰ ਹੁਣ ਯਾਦ ਆਉਂਦਾ ਹੈ ਕਿ ਉਸ (ਜੋ ਲੋਹੀਆ ਨੇ ਕਿਹਾ) ਵਿਚ ਕਈ ਊਣਤਾਈਆਂ ਸਨ।” ਲੋਹੀਆ ਅਨੁਸਾਰ ਕਿਸੇ ਵੀ ਹਾਲਾਤ ਵਿਚ ਉਨ੍ਹਾਂ ਦੇ ਵਿਰੋਧ ਨੇ ਪਹਾੜ ਨਹੀਂ ਸਨ ਉਥੱਲ ਦੇਣੇ (ਬਹੁਤਾ ਫ਼ਰਕ ਨਹੀਂ ਸੀ ਪਾਉਣਾ); ਇਹ ਸਿਰਫ਼ ਇਕ ਅਜਿਹੇ ਆਜ਼ਾਦੀ ਘੁਲਾਟੀਏ ਦਾ ਵਿਰੋਧ ਹੀ ਸੀ ਜਿਸ ਦਾ ਅਸਰ-ਰਸੂਖ ਕੋਈ ਜ਼ਿਆਦਾ ਨਹੀਂ ਸੀ। ਲੋਹੀਆ ਲਿਖਦੇ ਹਨ, “ਫਿਰ ਵੀ ਮੇਰੇ ਜਿਹੇ ਆਦਮੀ, ਜਿਸ ਦਾ ਕੋਈ ਨਿੱਜੀ ਸਵਾਰਥ ਨਹੀਂ ਸੀ, ਤੋਂ ਗੰਭੀਰ ਵਿਰੋਧ ਦੀ ਗ਼ੈਰ-ਹਾਜ਼ਰੀ ਸਾਡੇ ਲੋਕਾਂ ਵਿਚ ਕਮਜ਼ੋਰੀ ਤੇ ਡਰ ਦੀ ਗਹਿਰਾਈ ਦੀ ਗਵਾਹੀ ਸੀ ਅਤੇ ਮੈਂ ਉਨ੍ਹਾਂ ਵਿਚੋਂ ਇਕ ਸਾਂ, ਜੋ ਕਮਜ਼ੋਰੀ ਤੇ ਡਰ ਵਿਚ ਗ੍ਰਸੇ ਹੋਏ ਸਨ।”
ਲੋਹੀਆ ਦੇ ਇਹ ਸ਼ਬਦ ਕਾਂਗਰਸ ਦੀ ਕਾਰਜਕਾਰੀ (ਵਰਕਿੰਗ) ਕਮੇਟੀ ਦੀ ਉਸ ਮੀਟਿੰਗ ਬਾਰੇ ਸਨ ਜਿਸ ਵਿਚ ਵੰਡ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੀਟਿੰਗ ਵਿਚ ਦੋ ਸਮਾਜਵਾਦੀ ਆਗੂਆਂ ਜੈ ਪ੍ਰਕਾਸ਼ ਨਰਾਇਣ ਤੇ ਲੋਹੀਆ ਨੂੰ ਸੱਦਿਆ ਗਿਆ ਸੀ। ਲੋਹੀਆ ਅਨੁਸਾਰ ਜੈ ਪ੍ਰਕਾਸ਼ ਨਰਾਇਣ ਨੇ ਵੰਡ ਦੇ ਵਿਰੋਧ ਵਿਚ ਬਹੁਤ ਛੋਟੀ ਟਿੱਪਣੀ ਕੀਤੀ ਅਤੇ ਬਾਕੀ ਦੀ ਮੀਟਿੰਗ ਵਿਚ ਚੁੱਪ ਰਿਹਾ। ਲੋਹੀਆ ਲਿਖਦਾ ਹੈ ਕਿ ਉਹ ਦੋਵੇਂ (ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ), ਮਹਾਤਮਾ ਗਾਂਧੀ ਤੇ ਖ਼ਾਨ ਅਬਦੁਲ ਗੁਫ਼ਾਰ ਖ਼ਾਨ ਹੀ ਵੰਡ ਦੇ ਵਿਰੁੱਧ ਬੋਲੇ। ਲੋਹੀਆ ਅਨੁਸਾਰ ਕਾਂਗਰਸ ਦਾ ਉਸ ਵੇਲੇ ਦਾ ਪ੍ਰਧਾਨ ਅਚਾਰੀਆ ਕਿਰਪਲਾਨੀ ਇਕ ਤਰਸਯੋਗ ਹਾਲਤ ਵਿਚ ਸੀ। (ਰਾਮ ਮਨੋਹਰ ਲੋਹੀਆ: ਗਿਲਟੀ ਮੈੱਨ ਆਫ਼ ਇੰਡੀਆ’ਜ਼ ਪਾਰਟੀਸ਼ਨ) ਇਸ ਮੀਟਿੰਗ ਬਾਰੇ ਨਹਿਰੂ ਨੇ 1960 ਵਿਆਂ ਵਿਚ ਕਿਹਾ, “ਸੱਚ ਇਹ ਹੈ ਕਿ ਅਸੀਂ ਥੱਕੇ ਹੋਏ ਆਦਮੀ ਸਾਂ ਤੇ ਬੁੱਢੇ ਹੋ ਰਹੇ ਸਾਂ…ਸਾਡੇ ਸਾਹਮਣੇ ਵੰਡ ਦੀ ਯੋਜਨਾ ਰੱਖੀ ਗਈ ਅਤੇ ਅਸੀਂ ਉਸ ਨੂੰ ਸਵੀਕਾਰ ਕਰ ਲਿਆ।”
ਇਹ ਥਕਾਣ ਇਤਿਹਾਸਕ ਥਕਾਣ ਸੀ; ਸਭ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੂੰ ਇਹਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਦੋਂ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂ ਇਕ ਇਹੋ ਜਿਹੀ ਮਾਨਸਿਕ ਹਾਲਤ ਵਿਚ ਪਹੁੰਚ ਜਾਂਦੇ ਹਨ ਕਿ ਉਹ ਸਕਾਰਾਤਮਕ ਤਰੀਕੇ ਨਾਲ ਲੋਕਾਂ ਦੀ ਅਗਵਾਈ ਨਹੀਂ ਕਰ ਸਕਦੇ ਅਤੇ ਨਵੀਂ ਲੀਡਰਸ਼ਿਪ ਸਾਹਮਣੇ ਨਹੀਂ ਹੁੰਦੀ; ਆਗੂਆਂ ਦੀ ਸਥਿਤੀ ਇਹ ਹੁੰਦੀ ਹੈ ਕਿ ਨਾ ਤਾਂ ਉਹ ਅਗਵਾਈ ਵਾਲੀਆਂ ਪੁਜ਼ੀਸ਼ਨਾਂ ਤੋਂ ਲਾਂਭੇ ਹੋ ਸਕਦੇ ਹਨ ਅਤੇ ਨਾ ਹੀ ਉਹ ਪ੍ਰਾਪਤ ਕਰ ਸਕਦੇ ਹਨ ਜੋ ਉਨ੍ਹਾਂ ਨੇ ਕਰਨਾ ਸੀ; ਪੈਟਰਿਸ ਲੰਮੂਬਾ, ਨੈਲਸਨ ਮਾਂਡੇਲਾ, ਯਾਸਰ ਅਰਾਫ਼ਾਤ ਅਤੇ ਕਈ ਹੋਰ ਆਗੂਆਂ ਨਾਲ ਵੀ ਇਹੀ ਹੋਣੀ ਵਾਪਰੀ। ਲੋਕਾਂ ਵਿਚ ਤਾਂ ਊਰਜਾ ਹੁੰਦੀ ਹੈ ਪਰ ਆਗੂਆਂ ਵਿਚ ਉਸ ਊਰਜਾ ਨੂੰ ਵੇਗਮਈ, ਇਤਿਹਾਸਕ ਤੇ ਤਵਾਜ਼ਨ ਵਾਲੇ ਰਾਹਾਂ ’ਤੇ ਤੋਰਨ ਦੀ ਸਮਰੱਥਾ ਘਟ ਗਈ ਹੁੰਦੀ ਹੈ; 1947 ਵਿਚ ਵੀ ਅਜਿਹਾ ਹੀ ਹੋਇਆ ਅਤੇ ਕਾਂਗਰਸ, ਮੁਸਲਿਮ ਲੀਗ, ਕਮਿਊਨਿਸਟਾਂ, ਸੋਸ਼ਲਿਸਟਾਂ, ਅਕਾਲੀ ਦਲ ਅਤੇ ਹੋਰ ਪਾਰਟੀਆਂ ਨੇ ਉਸ ਨੂੰ ਹੋਣੀ/ਭਾਵੀ ਮੰਨ ਲਿਆ, ਸਵੀਕਾਰ ਕਰ ਲਿਆ।
ਸਾਹਿਤ ਅਤੇ ਇਤਿਹਾਸਕਾਰੀ ਵਿਚਲਾ ਰਿਸ਼ਤਾ ਬਹੁਤ ਅਜੀਬ ਹੈ। ਕਈ ਵਾਰ ਸਾਹਿਤ ਉਨ੍ਹਾਂ ਫੱਟਾਂ ਤੇ ਨਾਸੂਰਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਨ੍ਹਾਂ ਨੂੰ ਇਤਿਹਾਸਕਾਰੀ ਨੇ ਵਿਸਥਾਰ ਦਿੱਤਾ ਹੁੰਦਾ ਹੈ। 1947 ਦੀ ਕਤਲੋਗਾਰਤ ਅਤੇ ਅਣਮਨੁੱਖੀ ਘਟਨਾਵਾਂ ਦੇ ਸਾਹਿਤ ਵਿਚ ਹੋਏ ਚਿਤਰਣ ਨੇ ਪਹਿਲਾਂ ਪਹਿਲਾਂ ਹੋਈ ਇਤਿਹਾਸਕਾਰੀ ਵਿਚਲੇ ਖੱਪਿਆਂ ਨੂੰ ਪੂਰਿਆ; ਮੁੱਖ ਤੌਰ ’ਤੇ ਸਆਦਤ ਹਸਨ ਮੰਟੋ ਦੀਆਂ ‘ਟੋਭਾ ਟੇਕ ਸਿੰਘ’ ਤੇ ‘ਖੋਲ ਦੋ’ ਜਿਹੀਆਂ ਕਹਾਣੀਆਂ ਨੂੰ ਅਜਿਹਾ ਨੁਮਾਇੰਦਾ ਸਾਹਿਤ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਜ਼ਖ਼ਮਾਂ ਤੇ ਜ਼ੁਲਮਾਂ ’ਤੇ ਉਂਗਲ ਧਰੀ ਜਿਹੜੇ ਇਤਿਹਾਸਕਾਰੀ ਵਿਚ ਉੱਭਰ ਨਹੀਂ ਰਹੇ ਹਨ; ਹੋਰ ਸਾਹਿਤਕਾਰਾਂ ਦੀਆਂ ਰਚਨਾਵਾਂ ਨੇ ਵੀ ਅਜਿਹੀ ਭੂਮਿਕਾ ਨਿਭਾਈ।
ਇਸ ਸਭ ਦੇ ਨਾਲ-ਨਾਲ ਵੰਡ ਬਾਰੇ ਸਾਹਿਤ ਵਿਚ ਇਹ ਰੁਝਾਨ ਵੀ ਉਭਰਿਆ ਕਿ ਦੁਖਾਂਤ ਨੂੰ ਤਾਂ ਉਭਾਰਿਆ ਗਿਆ ਪਰ ਜਬਰ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਵੇਲੇ ਸਾਰੇ ਕਸੂਰ ਦਾ ਭਾਂਡਾ ਗਲੀ-ਮੁਹੱਲੇ ਜਾਂ ਪਿੰਡ ਦੇ ਬਦਮਾਸ਼ਾਂ (ਉਦਾਹਰਣ ਵਜੋਂ ਅਸ਼ਫ਼ਾਕ ਅਹਿਮਦ ਦੀ ਮਸ਼ਹੂਰ ਕਹਾਣੀ ‘ਗਡਰੀਆ’ ਤੇ ਮੋਹਨ ਰਾਕਸ਼ੇ ਦੀ ਕਹਾਣੀ ‘ਮਲਬੇ ਦਾ ਮਾਲਿਕ’ ਵਿਚ) ਸਿਰ ਭੰਨਿਆ ਗਿਆ। 1980ਵਿਆਂ ਤੋਂ ਬਾਅਦ ਹੋਈ ਇਤਿਹਾਸਕਾਰੀ ਖ਼ਾਸ ਕਰਕੇ ਇਸ਼ਤਿਆਕ ਅਹਿਮਦ ਦੁਆਰਾ ਇਕੱਠੇ ਕੀਤੇ ਗਏ ਵੇਰਵਿਆਂ ਤੇ ਉਸ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਇਹ ਸਪਸ਼ਟ ਹੋਇਆ ਕਿ ਏਨੀ ਵਿਆਪਕ ਪੱਧਰ ’ਤੇ ਹੋਈ ਹਿੰਸਾ ਲਈ ਕੁਲੀਨ ਵਰਗ ਦੇ ਨੁਮਾਇੰਦੇ, ਅਫ਼ਸਰ, ਰਾਜੇ-ਰਜਵਾੜੇ ਤੇ ਸਿਆਸੀ ਤੇ ਧਾਰਮਿਕ ਆਗੂ ਜ਼ਿੰਮੇਵਾਰ ਸਨ। ਸਥਾਨਕ ਹਿੰਸਕ ਘਟਨਾਵਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਉਣ ਦੀ ਬਜਾਏ ਕੁਲੀਨ ਵਰਗ ਦੇ ਨੁਮਾਇੰਦਿਆਂ ਤੇ ਸਿਆਸੀ ਧਾਰਮਿਕ ਆਗੂਆਂ ਨੇ ਸਥਾਨਕ ਹਿੰਸਾ ਨੂੰ ਕਈ ਮਹੀਨੇ ਜਾਰੀ ਰਹਿਣ ਵਾਂਗ ਕਤਲੇਆਮ ਬਣਾ ਦਿੱਤਾ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਨਵੀਆਂ ਵਜ਼ਾਰਤਾਂ ਵਜ਼ੀਰਾਂ ਆਪਣੇ ਜ਼ਿੰਮੇਵਾਰੀ ਦੇ ਇਲਾਕਿਆਂ ਵਿਚ ਹਿੰਸਾ ਬੰਦ ਕਰਵਾਉਣ ਦੀ ਥਾਂ, ਹਿੰਸਾ ਭੜਕਾਉਣ ਜਾਂ ਹੋ ਰਹੀ ਹਿੰਸਾ ਵੱਲੋਂ ਅੱਖਾਂ ਮੀਟਣ ਵਾਲੀ ਭੂਮਿਕਾ ਨਿਭਾਈ।
ਵੰਡ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਹਨ; ਉਨ੍ਹਾਂ ਦਾ ਲੇਖਾ-ਜੋਖਾ ਕਰਨਾ ਇਹ ਆਲੇਖ ਦੀ ਸੀਮਾ ਤੋਂ ਬਾਹਰ ਹੈ। ਮਹੱਤਵਪੂਰਨ ਇਹ ਹੈ ਕਿ ਇਤਿਹਾਸਕਾਰ ਹੁਣ ਵੰਡ ਦੇ ਵੱਖ-ਵੱਖ ਪਹਿਲੂਆਂ, ਜਟਿਲਤਾਵਾਂ ਅਤੇ ਘਟਨਾਵਾਂ ਦੇ ਅੰਤਰ-ਸੰਬੰਧਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਸਿੰਧ, ਬੰਗਾਲ, ਸਰਹੱਦੀ ਸੂਬੇ ਤੇ ਬਲੋਚਿਸਤਾਨ, ਕਸ਼ਮੀਰ ਨਾਲ ਸੰਬੰਧਤ ਹੋਣ ਦੇ ਨਾਲ-ਨਾਲ ਵੰਡ ਪੰਜਾਬ ਲਈ ਅਜਿਹਾ ਦੁਖਾਂਤ ਹੈ, ਜਿਸ ਨੇ ਪੰਜਾਬ ਦੀ ਆਤਮਾ ਸਦਾ ਲਈ ਵੰਡ ਦਿੱਤੀ ਹੈ। ਹੁਣ ਚੜ੍ਹਦੇ ਪੰਜਾਬ ਦੇ ਧਾਰਮਿਕ ਹਲਕਿਆਂ ਵਿਚ ਪ੍ਰਮਾਤਮਾ ਤੋਂ ਕੀਤੀ ਜਾਂਦੀ ਮੰਗ ਗੁਰਧਾਮਾਂ ਦੀ ਸੇਵਾ-ਸੰਭਾਲ ਬਾਰੇ ਹੈ, ਪੰਜਾਬ ਦੀ ਏਕਤਾ ਨੂੰ ਬਹਾਲ ਕਰਨ ਬਾਰੇ ਨਹੀਂ; ਬਸਤੀਵਾਦੀ ਨਿਰਣੇ ਨੂੰ ਧਾਰਮਿਕ ਸ਼ਬਦਾਵਲੀ ਵਿਚ ਅਸਿੱਧੇ ਢੰਗ ਨਾਲ ਸਵੀਕਾਰ ਕਰ ਲਿਆ ਗਿਆ ਹੈ। ਦਲੀਲ ਦਿੱਤੀ ਜਾ ਸਕਦੀ ਹੈ ਵੰਡ ਅਜਿਹਾ ਇਤਿਹਾਸਕ ਤੱਥ ਬਣ ਚੁੱਕਾ ਹੈ ਜਿਸ ਨੂੰ ਸਵੀਕਾਰ ਕਰ ਲੈਣਾ ਹੀ ਸਹੀ ਹੈ ਪਰ ਵਿਰੋਧੀ ਦਲੀਲ ਇਹ ਹੈ ਕਿ ਕੀ ਸਾਂਝੀ ਪੰਜਾਬੀ ਕੌਮ ਦੀ ਹਸਤੀ ਬਿਲਕੁਲ ਖ਼ਤਮ ਹੋ ਚੁੱਕੀ ਹੈ; ਕੀ ਖ਼ਿਆਲਾਂ ਦੀ ਪੱਧਰ ’ਤੇ ਵੀ ਉਸਦੀ ਸਾਂਝੀਵਾਲਤਾ ਨੂੰ ਮੋੜ ਲਿਆਉਣ ਤੇ ਕਾਇਮ ਕਰਨ ਦੀ ਅਰਦਾਸ ਨਹੀਂ ਕੀਤੀ ਜਾ ਸਕਦੀ।
ਇਤਿਹਾਸ ਵਿਚ ਜਦੋਂ ਕੋਈ ਕਾਰਜ ਨਾਮੁਮਕਿਨ ਹੋ ਜਾਵੇ ਤਾਂ ਉਨ੍ਹਾਂ ਸਮਿਆਂ ਦੀ ਮੰਗ ਇਹ ਹੁੰਦੀ ਹੈ ਕਿ ਉਸ ਕਾਰਜ ਨੂੰ ਵੱਖਰੀ ਤਰ੍ਹਾਂ ਨਾਲ ਕੀਤਾ ਜਾਏ; ਪੰਜਾਬ ਦੀ ਵੰਡ ਕਾਰਨ ਹੋਇਆ ਸਾਂਝੀਵਾਲਤਾ ਦਾ ਘਾਣ ਮੰਗ ਕਰਦਾ ਹੈ ਕਿ ਅਸੀਂ ਇਸ ਦੁਖਦਾਈ ਇਤਿਹਾਸ ਦੀਆਂ ਪਰਤਾਂ ਫਰੋਲੀਏ ਜਿਵੇਂ ਜੋਗਿੰਦਰ ਸਿੰਘ ਤੂਰ ਹੋਰਾਂ ਨੇ ਫਰੋਲੀਆਂ ਨੇ ਅਤੇ ਫਿਰ ਅਜਿਹੇ ਕਾਰਜ ਕਰੀਏ ਜਿਨ੍ਹਾਂ ਨਾਲ ਪੰਜਾਬੀਅਤ ਦੇ ਅਜਿਹੇ ਨਕਸ਼ ਕਾਇਮ ਹੋਣ, ਜਿਨ੍ਹਾਂ ਨੇ ਸਾਂਝੀਵਾਲਤਾ ਨੂੰ ਨਵੇਂ ਰੂਪ ਵਿਚ ਅਮਲ ਵਿਚ ਲਿਆਂਦਾ ਜਾ ਸਕੇ। ਚੜ੍ਹਦੇ ਪੰਜਾਬ ਵਿਚ ਇਹ ਕਾਰਜ ਕਿਸਾਨ ਅੰਦੋਲਨ ਨੇ 2020-21 ਵਿਚ ਕੀਤਾ ਜਿਸ ਨਾਲ ਨਾ ਸਿਰਫ਼ ਚੜ੍ਹਦੇ ਪੰਜਾਬ ਨੂੰ ਸਾਂਝੀਵਾਲਤਾ ਅਤੇ ਨਾਬਰੀ ਦੀਆਂ ਰਵਾਇਤਾਂ ਨੂੰ ਬਹਾਲ ਕੀਤਾ ਸਗੋਂ ਭਾਰਤ ਦੇ ਹੋਰ ਸੂਬਿਆਂ ਤੇ ਲਹਿੰਦੇ ਪੰਜਾਬ ਵਿਚ ਵੀ ਨਵੀਂ ਊਰਜਾ ਪੈਦਾ ਕੀਤੀ।
ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦਰਮਿਆਨ ਰਿਸ਼ਤੇ ਵਧਾਉਣੇ ਲਾਜ਼ਮੀ ਹਨ, ਲਾਜ਼ਮੀ ਹੈ, ਦੋਹਾਂ ਪੰਜਾਬਾਂ ਵਿਚ ਪੰਜਾਬੀ ਭਾਸ਼ਾ ਨੂੰ ਲੋਕਾਂ ਦੇ ਸੰਗਰਾਮਾਂ ਦੀ ਭਾਸ਼ਾ ਬਣਾਉਣਾ; ਲਾਜ਼ਮੀ ਹੈ, ਵਖਰੇਵਿਆਂ ਨੂੰ ਘਟਾਉਣਾ ਅਤੇ ਆਸਾਂ-ਉਮੀਦਾਂ ਦੇ ਸੰਸਾਰਾਂ ਨੂੰ ਕਾਇਮ ਰੱਖਣਾ; ਲਾਜ਼ਮੀ ਹੈ, ਪੰਜਾਬ ਦੇ ਵਿਰਸੇ ਵਿਚ ਪਈ ਸਮਾਜਿਕ ਬਰਾਬਰੀ ਅਤੇ ਅਨਿਆਂ ਵਿਰੁੱਧ ਲੜਣ ਦੀ ਨਾਬਰੀ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਸੰਘਰਸ਼ ਕਰਨਾ। ਅਜਿਹੇ ਕਦਮ ਹੀ 1947 ਦੀ ਵੰਡ ਵੇਲੇ ਹੋਏ ਘਾਣ ਤੋਂ ਉਪਜੇ ਨੁਕਸਾਨ ਨੂੰ ਘਟਾ ਸਕਦੇ ਹਨ। (ਸਮਾਪਤ)