ਡਾæ ਗੁਰਨਾਮ ਕੌਰ, ਕੈਨੇਡਾ
ਗੁਰੂ ਨਾਨਕ ਸਾਹਿਬ ਨੇ ਜਪੁਜੀ ਦੇ ਅਰੰਭ ਵਿਚ ਇੱਕ ਅਕਾਲ ਪੁਰਖ ਦੇ ਗੁਣਾਂ ਦਾ ਵਿਖਿਆਨ ਕਰਨ ਤੋਂ ਬਾਅਦ ਉਨ੍ਹਾਂ ਸਾਰੀਆਂ ਧਾਰਮਿਕ ਪ੍ਰੰਪਰਾਵਾਂ ਦੀ ਗੱਲ ਕੀਤੀ ਹੈ ਜੋ ਉਨ੍ਹਾਂ ਤੋਂ ਪਹਿਲਾਂ ਪਰਮਾਤਮਾ ਨੂੰ ਪਾਉਣ ਵਾਸਤੇ ਜਾਂ ਮੁਕਤੀ ਪ੍ਰਾਪਤ ਕਰਨ ਲਈ ਪ੍ਰਚੱਲਤ ਸਨ ਜਿਵੇਂ ਤੀਰਥਾਂ ‘ਤੇ ਇਸ਼ਨਾਨ ਕਰਨਾ, ਮੌਨ ਵਰਤ ਰੱਖਣਾ, ਅੰਨ-ਪਾਣੀ ਦਾ ਤਿਆਗ ਕਰਨਾ ਅਰਥਾਤ ਵਰਤ ਆਦਿ ਰੱਖਣਾ ਅਤੇ ਦੱਸਿਆ ਹੈ ਕਿ ਇਨ੍ਹਾਂ ਸਾਧਨਾਂ ਰਾਹੀਂ ਆਪਣੇ ਨਿਸ਼ਾਨੇ ਤੱਕ ਪਹੁੰਚਣਾ ਅਰਥਾਤ ਮੁਕਤੀ ਪ੍ਰਾਪਤ ਕਰਨੀ ਸੰਭਵ ਨਹੀਂ ਹੈ। ਕਿਉਂ? ਕਿਉਂਕਿ ਘੋਰ ਤਪੱਸਿਆ ਕਰਕੇ ਵੀ ਇਹ ਮਨ ਵੱਸ ਵਿਚ ਨਹੀਂ ਆਉਂਦਾ ਅਰਥਾਤ ਅਜਿਹੇ ਕਠਿਨ ਸਾਧਨਾਂ ਰਾਹੀਂ ਸਰੀਰ ਨੂੰ ਤਾਂ ਕਸ਼ਟ ਦਿੱਤਾ ਜਾ ਸਕਦਾ ਹੈ ਪਰ ਮਨ ਨੂੰ ਸਿਧਾਉਣਾ ਆਸਾਨ ਨਹੀਂ ਹੈ। ਅਜਿਹੀ ਤਪੱਸਿਆ ਵੀ ਬਹੁਤੀ ਵਾਰ ਮਨੁੱਖ ਦੇ ਮਨ ਨੂੰ ਅਹੰਕਾਰੀ ਬਣਾ ਦਿੰਦੀ ਹੈ।
ਸਤਿ ਦੇ ਮਾਰਗ ‘ਤੇ ਚੱਲਣ ਦੇ ਰਸਤੇ ਵਿਚ ਬਹੁਤ ਸਾਰੀਆਂ ਅੜਿਚਣਾਂ, ਰੁਕਾਵਟਾਂ ਦਾ ਮਨੁੱਖ ਨੂੰ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਦੇ ਮਨ ਨੂੰ ਵਿਚਲਿਤ ਕਰਨ ਵਾਲੀਆਂ, ਉਸ ਦੇ ਪੈਂਡੇ ਨੂੰ ਖੋਟਾ ਕਰਨ ਵਾਲੀਆਂ ਮਨੁੱਖ ਦੇ ਆਪਣੇ ਮਨ ਦੀਆਂ ਬਿਰਤੀਆਂ ਹਨ ਜਿਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਜਾਂ ਹਉਮੈ ਦਾ ਨਾਮ ਦਿੱਤਾ ਗਿਆ ਹੈ। ਜੇ ਰਸਤੇ ਵਿਚ ਟੋਏ-ਟਿੱਬੇ ਹੋਣ, ਚਿੱਕੜ ਹੋਵੇ, ਰਾਹ ਕੰਡਿਆਂ ਨਾਲ ਭਰਿਆ ਹੋਵੇ, ਊਭੜ-ਖਾਬੜ ਹੋਵੇ ਤਾਂ ਉਸ ਰਸਤੇ ਉਤੇ ਬਿਨਾਂ ਰੋਕ-ਟੋਕ, ਪੈਂਡਾ ਖੋਟਾ ਕੀਤੇ ਬਿਨਾਂ ਕਿਵੇਂ ਚੱਲਿਆ ਜਾ ਸਕਦਾ ਹੈ? ਇਸੇ ਤਰ੍ਹਾਂ ਸਤਿ ਦੇ ਮਾਰਗ ‘ਤੇ ਚੱਲਣ ਤੋਂ ਰੋਕਣ ਲਈ ਮਨੁੱਖ ਦੇ ਰਸਤੇ ਵਿਚ ਅਨੇਕ ਕਿਸਮ ਦੇ ਟੋਏ-ਟਿੱਬੇ ਅਤੇ ਰੁਕਾਵਟਾਂ ਹਨ ਜੋ ਮਨੁੱਖ ਦੀ ਚਾਲ ਨੂੰ ਇੱਕਸਾਰ ਨਹੀਂ ਰਹਿਣ ਦਿੰਦੀਆਂ ਅਤੇ ਵਾਰ ਵਾਰ ਉਸ ਦਾ ਰਾਹ ਰੋਕਦੀਆਂ ਹਨ। ਕੀ ਅਜਿਹਾ ਮਨੁੱਖ ਸਤਿ ਦੇ ਮਾਰਗ ‘ਤੇ ਚੱਲ ਸਕਦਾ ਹੈ ਜਿਸ ਦੇ ਮਨ ਨੂੰ ਵੱਖੋ-ਵੱਖਰੇ ਮਨੋਵੇਗ ਮਾਰਗ ਤੋਂ ਵਿਚਲਿਤ ਕਰ ਰਹੇ ਹੋਣ, ਜਿਸ ਦੇ ਮਾਨਸਿਕ ਸੰਤੁਲਨ ਨੂੰ ਵਿਗਾੜਨ ਵਾਲੀਆਂ ਪਰਵਿਰਤੀਆਂ ਮਨ ਨੂੰ ਘੇਰੀ ਰੱਖਣ ਅਤੇ ਆਪਣੇ ਅਸਰ ਹੇਠ ਕਰਮ ਕਰਵਾਉਣ? ਅਜਿਹੀਆਂ ਪਰਸਥਿਤੀਆਂ ਮਨੁੱਖ ਨੂੰ ਆਪਣੇ ਆਤਮ-ਅਨੁਭਵ ਦੇ ਰਸਤੇ ਤੇ ਅਰਥਾਤ ਸਤਿ ਦੇ ਮਾਰਗ ‘ਤੇ ਸਾਬਤ-ਕਦਮੀ ਕਦੇ ਨਹੀਂ ਤੁਰਨ ਦਿੰਦੀਆਂ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਅਜਿਹੀਆਂ ਪਰਵਿਰਤੀਆਂ ਅਤੇ ਮਨੋਵੇਗ ਹਨ ਜੋ ਮਨੁੱਖ ਦੇ ਮਨ ਨੂੰ ਵਿਚਲਤ ਕਰਦੇ ਹਨ ਅਤੇ ਉਸ ਤੋਂ ਉਸ ਦੇ ਆਤਮਕ ਸੰਤੁਲਨ ਨੂੰ ਵਿਗਾੜਨ ਵਾਲੇ ਕਰਮ ਕਰਾਉਣ ਦਾ ਕਾਰਨ ਬਣਦੇ ਹਨ। ਇਸੇ ਲਈ ਗੁਰਮਤਿ ਵਿਚ ਇਨ੍ਹਾਂ ਨੂੰ ਪੰਜ ਚੋਰ ਜਾਂ ਪੰਜ ਠੱਗ ਕਿਹਾ ਗਿਆ ਹੈ ਜੋ ਮਨੁੱਖ ਪਾਸੋਂ ਚੰਗੇ ਗੁਣਾਂ ਨੂੰ ਖੋਹ ਲੈਂਦੇ ਹਨ, ਉਸ ਦੀ ਚੰਗਿਆਈ ਨੂੰ ਖਸ ਲੈਂਦੇ ਹਨ। ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਚੇਤੰਨ ਸਨ। ਗੁਰੂ ਸਾਹਿਬਾਨ ਅਨੁਸਾਰ ਸਤਿ ਦੇ ਮਾਰਗ ‘ਤੇ ਸਾਬਤ ਕਦਮਾਂ ਨਾਲ ਚੱਲਣ ਲਈ ਇਨ੍ਹਾਂ ਪੰਜ ਚੋਰਾਂ ਨੂੰ ਨੱਥ ਪਾਉਣ ਦੀ ਲੋੜ ਹੈ, ਇਨ੍ਹਾਂ ਨੂੰ ਆਪਣੇ ਆਦਰਸ਼ ਦੀ ਪ੍ਰਾਪਤੀ ਪ੍ਰਤੀ ਅਨੁਸ਼ਾਸਿਤ ਕਰਨ ਦੀ ਲੋੜ ਹੈ। ਕੀ ਇਸ ਦਾ ਅਰਥ ਇਹ ਹੈ ਕਿ ਗੁਰੂ ਨਾਨਕ ਸਾਹਿਬ ਕਿਸੇ ਇਕਾਂਤ ਥਾਂ ‘ਤੇ ਜਾ ਕੇ ਜਿਵੇਂ ਜੰਗਲ ਜਾਂ ਪਹਾੜਾਂ ਦੀਆਂ ਕੁੰਦਰਾਂ ਵਿਚ ਤਪੱਸਿਆ ਕਰਨ ਦੀ ਗੱਲ ਕਰਦੇ ਹਨ? ਕੀ ਉਹ ਸਰੀਰ ਨੂੰ ਹੱਠ-ਯੋਗ ਆਦਿ ਦੀਆਂ ਕਿਰਿਆਵਾਂ ਰਾਹੀਂ ਯਾਤਨਾ ਦੇਣ ਦਾ ਸੁਝਾ ਦਿੰਦੇ ਹਨ? ਜਾਂ ਫਿਰ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਛੁਟਕਾਰਾ ਪਾਉਣ ਲਈ ਸੰਸਾਰ ਅਤੇ ਸਮਾਜ ਦਾ ਪੂਰਨ ਤਿਆਗ ਕਰਕੇ ਸੰਨਿਆਸ ਲੈਣ ਦੀ ਪ੍ਰੇਰਨਾ ਕਰਦੇ ਹਨ? ਗੁਰੂ ਨਾਨਕ ਸਾਹਿਬ ਇਸ ਸੱਚਾਈ ਵੱਲ ਸੰਕੇਤ ਕਰਦੇ ਹਨ ਕਿ ਮਨੋ-ਵਿਗਿਆਨਕ ਤੌਰ ‘ਤੇ, ਇਨ੍ਹਾਂ ਮਨੋਵੇਗਾਂ ਨੂੰ ਦਬਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ, ਅਤੇ ਨੈਤਿਕ ਤੌਰ ‘ਤੇ ਅਜਿਹਾ ਕਰਨ ਦੀ ਲੋੜ ਵੀ ਨਹੀਂ ਹੈ ਅਤੇ ਇਹ ਅਣਇੱਛਤ ਵੀ ਹੈ।
ਇਕਿ ਕੰਦ ਮੂਲੁ ਚੁਣਿ ਖਾਹਿ
ਵਣ ਖੰਡਿ ਵਾਸਾ॥
ਇਕਿ ਭਗਵਾ ਵੇਸੁ ਕਰਿ
ਫਿਰਹਿ ਜੋਗੀ ਸੰਨਿਆਸਾ॥
ਅੰਦਰਿ ਤ੍ਰਿਸਨਾ ਬਹੁਤੁ ਛਾਦਨ
ਭੋਜਨ ਕੀ ਆਸਾ॥
ਬਿਰਥਾ ਜਨਮੁ ਗਵਾਇ
ਨ ਗਿਰਹੀ ਨ ਉਦਾਸਾ॥
ਜਮਕਾਲੁ ਸਿਰਹੁ ਨ ਉਤਰੈ
ਤ੍ਰਿਬਿਧਿ ਮਨਸਾ॥ (ਪੰਨਾ 140)
ਇਸੇ ਲਈ ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਦੀ ਮਨੁੱਖ ਜਾਂ ਆਤਮ ਦੀ ਬਣਤਰ ਹੈ, ਉਸ ਦੀ ਅਮਲੀ ਹਾਲਤ ਨੂੰ ਪ੍ਰਵਾਨ ਕਰਦੇ ਹਨ, ਜਿਸ ‘ਤੇ ਮਨੁੱਖ ਨੇ ਆਪਣੀ ਨੈਤਿਕ ਯਾਤਰਾ ‘ਤੇ ਚੱਲਣਾ ਹੈ। ਆਤਮ ਨੂੰ ਹਿੰਸਕ ਜ਼ਖ਼ਮ ਦੇ ਕੇ ਨਹੀਂ ਬਲਕਿ ਉਸ ਨੂੰ ਸਿਧਾ ਕੇ ਅਤੇ ਅਨੁਸ਼ਾਸਿਤ ਕਰਕੇ। ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਯੋਗ, ਵਰਤ, ਕਠਿਨ ਤਪੱਸਿਆ ਆਦਿ ਜਹੀਆਂ ਸਖ਼ਤ, ਹਠੀ ਸਰੀਰਕ ਕਿਰਿਆਵਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੇ ਹਨ। ਇਸ ਲਈ ਸਿੱਖ ਧਰਮ ਅਨੁਸਾਰ ਇਸ ਮਾਰਗ ‘ਤੇ ਗੁਰੂ ਦੀ ਸਿੱਖਿਆ ਰਾਹੀਂ ਆਤਮਕ ਇਕਸੁਰਤਾ ਜੀਵਨ ਦੇ ਇਸ ਪੱਖ ਨੂੰ ਅਨੁਸ਼ਾਸਿਤ ਕਰਕੇ ਅਤੇ ਕਾਬੂ ਵਿਚ ਰੱਖ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ,
ਸਾਚੇ ਗੁਰ ਕੀ ਸਾਚੀ ਸੀਖ॥
ਤਨੁ ਮਨੁ ਸੀਤਲੁ ਸਾਚੁ ਪਰੀਖ॥
ਜਲ ਪੁਰਾਇਨਿ ਰਸ ਕਮਲ ਪਰੀਖ॥
ਸਬਦਿ ਰਤੇ ਮੀਠੇ ਰਸ ਈਖ॥3॥
ਹੁਕਮਿ ਸੰਜੋਗੀ ਗੜਿ ਦਸ ਦੁਆਰ॥
ਪੰਚ ਵਸਹਿ ਮਿਲਿ ਜੋਤਿ ਅਪਾਰ॥
ਆਪਿ ਤੁਲੈ ਆਪੇ ਵਣਜਾਰ॥
ਨਾਨਕ ਨਾਮਿ ਸਵਾਰਣਹਾਰ॥4॥5॥ (ਪੰਨਾ 152)
ਸਿੱਖ ਧਰਮ ਦੀ ਸਿੱਖਿਆ ਅਨੁਸਾਰ ਜਿਸ ਤਰ੍ਹਾਂ ਪਾਣੀ ਵਿਚ ਉਗਿਆ ਹੋਇਆ ਕੰਵਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਮੁਰਗਾਬੀ ਪਾਣੀ ਵਿਚ ਤੈਰਦੀ ਹੈ ਪਰ ਉਸ ਦੇ ਖੰਭ ਪਾਣੀ ਤੋਂ ਅਭਿੱਜ ਰਹਿੰਦੇ ਹਨ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਨਾਮ ਜਪਿਆਂ ਸੰਸਾਰ ਸਾਗਰ ਤੋਂ ਪਾਰ ਹੋ ਜਾਈਦਾ ਹੈ,
ਜੈਸੇ ਜਲ ਮਹਿ ਕਮਲੁ ਨਿਰਾਲਮੁ
ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ
ਨਾਨਕ ਨਾਮੁ ਵਖਾਣੇ॥ (ਪੰਨਾ 938)
ਗੁਰੂ ਸਾਹਿਬਾਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅੰਹਕਾਰ ਨੂੰ, ਜੋ ਕਿ ਮਨੁੱਖ ਦੇ ਕਰਮ ਕਰਨ ਦਾ ਕਾਰਨ ਬਣਦੇ ਹਨ, ਗੁਣਾਂ ਵਿਚ ਤਬਦੀਲ ਕਰਨ ਲਈ ਕਹਿੰਦੇ ਹਨ। ਕਹਿਣ ਤੋਂ ਭਾਵ ਹੈ ਕਿ ਕਰਮ ਤਾਂ ਕੀਤਾ ਜਾਵੇ ਪਰ ਉਨ੍ਹਾਂ ਦਾ ਨੈਤਿਕ ਆਧਾਰ ਵੱਖਰਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬਾਨ ਦਾ ਆਤਮਕ ਇਕਸੁਰਤਾ ਦਾ ਇਹ ਨਜ਼ਰੀਆ ਹੈ ਜੋ ਕਿ ਆਤਮਕ-ਅਨੁਭਵ ਲਈ ਜ਼ਰੂਰੀ ਅਤੇ ਲੋੜੀਂਦਾ ਹੈ।
ਅਜਿਹੇ ਨੈਤਿਕ ਆਦਰਸ਼ ਦਾ ਸਮਾਜਕ ਸੰਦਰਭ ਕੀ ਹੋਵੇਗਾ ਜਾਂ ਇਸ ਵਿਚ ਸਮਾਜਿਕ ਰਿਸ਼ਤਿਆਂ ਦਾ ਕੀ ਸਥਾਨ ਹੈ? ਕੀ ਇਹ ਅਨੁਭਵ ਸਮਾਜਿਕ ਹਾਲਾਤ, ਸਮਾਜਿਕ ਰਿਸ਼ਤਿਆਂ ਅਤੇ ਸਮਾਜਿਕ ਸਰਗਰਮੀਆਂ ਤੋਂ ਦੂਰ ਕਿਸੇ ਇਕਾਂਤਕ ਥਾਂ ਤੇ ਕੀਤਾ ਜਾਣਾ ਹੈ? ਕੀ ਇਕਾਂਤਵਾਸ ਆਤਮਕ ਅਨੁਭਵ ਲਈ ਜ਼ਿਆਦਾ ਲਾਹੇਵੰਦਾ ਹੈ ਬਜਾਇ ਇਸ ਦੇ ਕਿ ਦੂਸਰੇ ਪ੍ਰਾਣੀਆਂ ਨਾਲ ਰਹਿੰਦੇ ਹੋਏ ਜੀਵਨ ਦੇ ਝਮੇਲਿਆਂ ਅਤੇ ਫ਼ਿਕਰਾਂ ਵਿਚ ਰਹਿ ਕੇ ਆਤਮਕ ਅਨੁਭਵ ਕੀਤਾ ਜਾਵੇ? ਗੁਰੂ ਸਾਹਿਬਾਨ ਇਸ ਤੱਥ ਨੂੰ ਨਕਾਰਦੇ ਹਨ। ਸਿੱਖ ਧਰਮ ਚਿੰਤਨ ਮਨੁੱਖ ਨੂੰ ਸਮਾਜਿਕ ਹਾਲਾਤ, ਸਮਾਜਿਕ ਜਿੰਮੇਵਾਰੀਆਂ ਤੋਂ ਭੱਜਣ ਦਾ ਉਪਦੇਸ਼ ਨਹੀਂ ਦਿੰਦਾ। ਮਨੁੱਖ ਨੂੰ ਇਹ ਪ੍ਰਵਾਨ ਕਰਕੇ ਤੁਰਨਾ ਚਾਹੀਦਾ ਹੈ ਕਿ ਆਤਮ-ਅਨੁਭਵ ਵਿਚ ਸਮਾਜ ਇੱਕ ਲਾਜ਼ਮੀ ਅਤੇ ਜ਼ਰੂਰੀ ਤੱਥ ਹੈ। ਸਮਾਜ ਤੋਂ ਭੱਜਣਾ ਸਮਾਜ ਅਤੇ ਵਿਅਕਤੀ ਦੋਵਾਂ ਦੇ ਵਿਕਾਸ ਅਤੇ ਸੰਪੂਰਨਤਾ ਦੀ ਤਬਾਹੀ ਹੈ। ਇਸ ਵਿਕਾਸ ਵਿਚ ਗ੍ਰਹਿਸਥ, ਸਮਾਜ ਅਤੇ ਮਨੁੱਖੀ ਸ਼ਮੂਲੀਅਤ ਨੂੰ ਪਵਿੱਤਰ ਅਤੇ ਪਰਮਾਣਕ ਮੰਨਿਆ ਗਿਆ ਹੈ।
ਜੇ ਸਾਰੇ ਮਨੁੱਖ ਇੱਕ ਹੀ ਅਧਿਆਤਮਕ ਸੋਮੇ ਤੋਂ ਪੈਦਾ ਹੋਏ ਹਨ ਤਾਂ ਸਮਾਜ ਨੂੰ ਇੱਕ ਅਧਿਆਤਮਕ ਏਕਤਾ ਮੰਨਣਾ ਚਾਹੀਦਾ ਹੈ ਅਤੇ ਸਮਾਜ ਨੂੰ ਅਧਿਆਤਮਕਤਾ ਦੀ ਪ੍ਰਾਪਤੀ ਦੇ ਰਸਤੇ ਦਾ ਰੋੜਾ ਨਹੀਂ ਸਮਝਣਾ ਚਾਹੀਦਾ। ਸਮਾਜਿਕ ਅਤੇ ਮਨੁੱਖੀ ਵਫਦਾਰੀਆਂ ਨੂੰ ਹਾਂ-ਵਾਚਕ ਪਹਿਚਾਣ ਦਿੱਤੀ ਗਈ ਹੈ। ਸਿੱਖ ਧਰਮ ਬਾਕੀ ਭਾਰਤੀ ਧਰਮਾਂ ਨਾਲੋਂ ਜਿਨ੍ਹਾਂ ਵਿਚ ਜ਼ਾਤੀ ਪ੍ਰਬੰਧ ਨੂੰ ਮਾਨਤਾ ਦਿੱਤੀ ਗਈ ਹੈ, ਸਮਾਜਿਕ ਰਿਸ਼ਤਿਆਂ ਨੂੰ ਜ਼ਿਆਦਾ ਮੰਨਦਾ ਵੀ ਹੈ ਅਤੇ ਉਨ੍ਹਾਂ ਦਾ ਤਰਕ ਵੀ ਸਿਰਜਦਾ ਹੈ।
ਇਸ ਦੇ ਨਾਲ ਹੀ ਅਗਲਾ ਪ੍ਰਸ਼ਨ ਇਹ ਹੈ ਕਿ ਇਸ ਆਦਰਸ਼ ਦੀ ਪ੍ਰਾਪਤੀ ਨਾਲ ਕਿਸ ਕਿਸਮ ਦੀਆਂ ਨੈਤਿਕ ਕੀਮਤਾਂ ਜੁੜੀਆਂ ਹੋਈਆਂ ਹਨ? ਕੀ ਇਹ ਕੀਮਤਾਂ ਅੰਤ੍ਰੀਵੀ ਹਨ ਜਾਂ ਬਾਹਰਮੁਖੀ? ਇਸ ਗੱਲ ਦੀ ਚਰਚਾ ਪਹਿਲੇ ਹੀ ਕੀਤੀ ਜਾ ਚੁੱਕੀ ਹੈ ਕਿ ‘ਹੁਕਮ’ ਨੂੰ ਗੁਰੂ ਨਾਨਕ ਦੇਵ ਜੀ ਨੇ ‘ਲਿਖਿਆ ਨਾਲਿ’ ਕਿਹਾ ਹੈ ਪਰ ਇਸ ਦੇ ਨਾਲ ਹੀ ਇਹ ਸਰਬ-ਵਿਆਪਕ ਵੀ ਹੈ, ਇਸ ਲਈ ਇਹ ਅੰਤ੍ਰੀਵਤਾ ਜਾਂ ਨਿੱਜਤਵ ਤੋਂ ਪਾਰ ਲੰਘ ਜਾਂਦਾ ਹੈ। ਸਿੱਖ ਧਰਮ, ਆਪਣੇ ਆਮ ਅਧਿਆਤਮਕ ਨਜ਼ਰੀਏ ਤੋਂ ਇਹ ਮੰਨਦਾ ਹੈ ਕਿ ਕੀਮਤਾਂ ਇਸ ਨੁਕਤੇ ਤੋਂ ਬਾਹਰਮੁਖੀ ਹਨ ਕਿ ਆਤਮ ਨੇ ਇਨ੍ਹਾਂ ਨੂੰ ਆਪ ਲੱਭਣਾ ਹੈ, ਇਨ੍ਹਾਂ ਦੀ ਖੋਜ ਉਸ ਨੂੰ ਆਪ ਕਰਨੀ ਪੈਣੀ ਹੈ। ਇਹ ਆਤਮ ਦੀਆਂ ਅੰਤ੍ਰੀਵੀ ਵਿਸ਼ੇਸ਼ਤਾਵਾਂ ਅਤੇ ਨਿਜੀ ਵੀ ਹਨ ਕਿਉਂਕਿ ਇਨ੍ਹਾਂ ਦਾ ਸੋਮਾ ਉਹ ਸਰਬ ਵਿਆਪਕ ਜੋਤਿ ਹੈ ਜੋ ਆਤਮ ਦਾ ਵੀ ਸੋਮਾ ਹੈ। ਖੰਡਾਂ ਦੀਆਂ ਪਉੜੀਆਂ ਵਿਚ ਆਤਮ ਦੇ ਵਿਕਾਸ ਦਾ ਜੋ ਸੰਕਲਪ ਦਿੱਤਾ ਗਿਆ ਹੈ (ਖੰਡ ਦਰ ਖੰਡ ਵਿਕਾਸ) ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਆਤਮ ਨੇ ਇਨ੍ਹਾਂ ਕੀਮਤਾਂ ਨੂੰ ਆਪ ਲੱਭਣਾ ਹੈ। ਆਦਰਸ਼ ਆਤਮ (ਪਰਮਾਤਮਾ) ਨੂੰ ‘ਪੁਰਖ’ ਕਿਹਾ ਗਿਆ ਹੈ ਜੋ ਕਿ ਸਰਬ-ਉਚ ਹੋਂਦ ਹੈ ਅਤੇ ਜਿਸ ਵਿਚ ਸਾਰੀਆਂ ਅਧਿਆਤਮਕ ਕੀਮਤਾਂ ਸਮਾਈਆਂ ਹੋਈਆਂ ਹਨ। ਇਸੇ ਨੂੰ ਧਾਰਮਿਕ ਭਾਸ਼ਾ ਵਿਚ ਪਰਮਾਤਮਾ ਕਿਹਾ ਜਾਂਦਾ ਹੈ। ਇਥੇ ਇਸ ਦਾ ਅਰਥ ਇਹ ਬਣਦਾ ਹੈ ਕਿ ਸਾਰੀਆਂ ਅਧਿਆਤਮਕ ਕੀਮਤਾਂ ਦਾ ਸੋਮਾ ਅਕਾਲ ਪੁਰਖ ਜਾਂ ਪਰਮਾਤਮਾ ਆਪ ਹੈ।
ਗੁਰੂ ਸਾਹਿਬਾਨ ਨੇ ਪਰਮਾਤਮਾ ਨੂੰ ਆਮ ਤੌਰ ‘ਤੇ ‘ਤੁਧ, ਤੇਤੀ, ਤੂੰ’ ਕਹਿ ਕੇ ਪੁਕਾਰਿਆ ਹੈ। ਮੁੱਢਲੇ ਤੌਰ ‘ਤੇ ਇਹ ਧਾਰਮਿਕ ਪਹੁੰਚ ਹੋਣ ਕਰਕੇ, ਕੀਮਤਾਂ ਦੀ ਬਾਹਰਮੁਖਤਾ ਤੇ ਬਹੁਤ ਜ਼ੋਰ ਦਿੱਤਾ ਗਿਆ ਜਿਸ ਕਰਕੇ ਕਈ ਵਾਰੀ ਇਨ੍ਹਾਂ ਨੂੰ ਸਮਝਣ ਵਿਚ ਭੁਲੇਖਾ ਲੱਗ ਸਕਦਾ ਹੈ। ਇਹ ਇਸ ਲਈ ਵੀ ਕੀਤਾ ਜਾਪਦਾ ਹੈ ਕਿਉਂਕਿ ਗੁਰੂ ਸਾਹਿਬਾਨ ਇਸ ਵਿਚ ‘ਮੈਂ’ ਦੀ ਭਾਵਨਾ ਨੂੰ ਘਰ ਨਹੀਂ ਕਰਨ ਦੇਣਾ ਚਾਹੁੰਦੇ (‘ਮੈਂ’ ਦੀ ਭਾਵਨਾ ਵਿਚੋਂ ਹੀ ਸਾਰੇ ਦੋਸ਼ ਪੈਦਾ ਹੁੰਦੇ ਹਨ)। ਸ਼ਾਇਦ ਗੁਰੂ ਸਾਹਿਬਾਨ ਦੇ ਮਨ ਵਿਚ ਸ਼ੰਕਰ ਦੇ ‘ਮੈਂ-ਵਾਦ’ (ਅਹੰਮ ਬ੍ਰਹਮ ਅਸਮੀ’ ਅਰਥਾਤ ‘ਮੈਂ ਹੀ ਬ੍ਰਹਮ ਹਾਂ’) ਦਾ ਮੈਂ-ਵਾਦ ਅਤੇ ਉਸ ਦੀਆਂ ਊਣਤਾਈਆਂ ਦੀ ਚੇਤਨਾ ਹੋਵੇ। ਵੈਸ਼ਨਵ ਸੰਤਾਂ ਦੀ ਭਗਤੀ, ਜਿਸ ਨਾਲ ਸਿੱਖ ਧਰਮ ਦੀ ਬਹੁਤ ਸਾਰੀਆਂ ਗੱਲਾਂ ਵਿਚ ਸਹਿਮਤੀ ਹੈ, ਵੀ ਕੀਮਤਾਂ ਦੀ ਬਾਹਰਮੁੱਖਤਾ ‘ਤੇ ਜ਼ੋਰ ਦਿੰਦੀ ਹੈ। ਇਥੇ ਬਾਹਰਮੁੱਖਤਾ ਤੋਂ ਭਾਵ ਉਹ ਆਦਰਸ਼ ਹੈ, ਜਿਸ ਨਾਲ ਆਤਮ ਦਾ ਸਬੰਧ ਹੈ, ਪਰ ਆਪਣੀ ਸੰਭਾਲ ਦੇ ਸੋਮੇ ਦੇ ਸਰੂਪ ਕਾਰਨ ਇਹ ਕੀਮਤਾਂ ਅੰਤਰਮੁਖੀ ਹਨ (ਅਰਥਾਤ ਇਨ੍ਹਾਂ ਦਾ ਸੋਮਾ ਪਰਮਾਤਮਾ ਹੈ ਅਤੇ ਆਤਮ ਉਸ ਪਰਮਾਤਮਾ ਦੀ ਅੰਸ਼ ਹੈ) ਪਰ ਇਹ ਸੋਮਾ ਅੰਤਰਮੁਖਤਾ ਨੂੰ ਪਾਰ ਕਰ ਜਾਂਦਾ ਹੈ। ਪਹਿਲਾਂ ਵੀ ਇਸ ਤੱਥ ਦਾ ਜ਼ਿਕਰ ਹੋ ਚੁੱਕਾ ਹੈ ਕਿ ਸਿੱਖ ਧਰਮ ਮਨੁੱਖ ਨੂੰ ਜਗਦੀਸ਼ੈ-ਅੰਸ਼ ਪਰਵਾਨ ਕਰਦਾ ਹੈ, “ਸਭਿ ਮੈ ਜੋਤਿ ਜੋਤਿ ਹੈ ਸੋਇ॥ ਤਿਸਦੈ ਚਾਨਣੁ ਸਭਿ ਮਹਿ ਚਾਨਣੁ ਹੋਇ॥” ‘ਲਧਾ’ ‘ਖੋਜਤ’ ਆਦਿ ਸ਼ਬਦਾਂ ਦਾ ਪ੍ਰਗਟਾਵਾ ਇਸ ਦੀਆਂ ਕੀਮਤਾਂ ਦੀ ਬਾਹਰਮੁਖਤਾ ਵੱਲ ਇਸ਼ਾਰਾ ਕਰਦੇ ਹਨ।
ਇਨ੍ਹਾਂ ਕੀਮਤਾਂ ਦੀ ਬਾਹਰਮੁਖਤਾ ਦੇ ਨਜ਼ਰੀਏ ਦਾ ਜ਼ਰੂਰੀ ਫਲ ਉਹ ਭਾਵਨਾ ਹੈ ਜਿਸ ਨੂੰ ਮਨ ਵਿਚ ਲੈ ਕੇ ਮਨੁੱਖ ਆਤਮ-ਅਨੁਭਵ ਅਰਥਾਤ ਆਪਣੇ ਅੰਦਰ ਵੱਸ ਰਹੀ ਜੋਤਿ ਦਾ ਅਨੁਭਵ ਕਰਨ ਦੇ ਰਸਤੇ ‘ਤੇ ਅੱਗੇ ਵਧਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਇਹ ਭਾਵਨਾ ਹੈ ਸਿਰੇ ਦੀ ਹਲੀਮੀ (ਗਰੀਬੀ ਗਦਾ ਹਮਾਰੀ) ਜਿਸ ਨੂੰ ਉਨ੍ਹਾਂ ਨੇ ਕਈ ਥਾਂਵਾਂ ‘ਤੇ ਅਰਬੀ ਦੇ ਸ਼ਬਦ ‘ਰਜ਼ਾ’ ਰਾਹੀਂ ਪ੍ਰਗਟ ਕੀਤਾ ਹੈ। ‘ਰਜ਼ਾ’ ਦਾ ਅਰਥ ਹੈ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਅਕਾਲ ਪੁਰਖ ਦੇ ਭਾਣੇ ਪ੍ਰਤੀ ਸਮਰਪਿਤ ਕਰ ਦੇਣਾ। ਇਹ ਸਮਰਪਣ ਦੀ ਭਾਵਨਾ ਵੱਲ ਤਾਂ ਇਸ਼ਾਰਾ ਹੈ ਪਰ ਇਹ ਨਿਸ਼ਕਿਰਯ (ਉਦਾਸੀਨ) ਸਮਰਪਣ ਨਹੀਂ ਹੈ। ਇਹ ਇੱਕ ਤਰ੍ਹਾਂ ਨਾਲ ਪੂਰਨ ਲਗਾਉ ਦੀ ਭਾਵਨਾ ਹੈ ਪਰ ਮਨੁੱਖ ਇਸ ਵਿਚ ਲਗਾਤਰ ਕਰਮਸ਼ੀਲ ਹੁੰਦਾ ਹੈ, ਉਦਮੀ ਰਹਿੰਦਾ ਹੈ। ਇਹ ‘ਹਉਂ’ ਜਾਂ ‘ਮੈਂ’ ਦੀ ਭਾਵਨਾ ਦਾ ਸਮਰਪਣ ਹੈ। ਆਪਣੇ ਅੰਦਰੋਂ ਹਉਮੈ ਦੀ ਚੇਤਨਤਾ ਦਾ ਤਿਆਗ ਹੈ। ਇਸ ਦੀ ਵਿਆਖਿਆ ਇਉਂ ਵੀ ਕੀਤੀ ਜਾ ਸਕਦੀ ਹੈ ਕਿ ਇਹ ਆਪਣੇ ਨਿਜ ਦੀ ਤੁੱਛਤਾ ਨੂੰ ਪ੍ਰਵਾਨ ਕਰਨਾ ਹੈ ਜੋ ਜਗਿਆਸੂ ਵੱਲੋਂ ਸਰਬ-ਵਿਆਪਕ ਨਜ਼ਰੀਆ ਅਖਤਿਆਰ ਕਰਨ ਲਈ ਬਹੁਤ ਹੀ ਜ਼ਰੂਰੀ ਹੈ, ਆਪਣੇ ਨਜ਼ਰੀਏ ਨੂੰ ਵਿਸ਼ਾਲਤਾ ਪ੍ਰਦਾਨ ਕਰਨ ਲਈ ਜ਼ਰੂਰੀ ਹੈ। ਇਸ ਲਈ ਇਥੇ ਇੱਕ ਗੱਲ ਸਪਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਹਲੀਮੀ ਦੀ ਇਸ ਚੇਤਨਤਾ ਦਾ ਅਰਥ ਕੋਈ ਨਿਰਾਸ਼ਾਵਾਦ, ਸੰਤੁਸ਼ਟੀ, ਪਰਾਲਭਦਵਾਦ, ਕਿਰਿਆਹੀਣਤਾ ਜਾਂ ਵਿਕਰਿਤੀ ਦਾ ਸਿਧਾਂਤ ਨਹੀਂ ਹੈ। ‘ਚਲਣਾ’ ਜਾਂ ‘ਰਜਾ’ ਆਦਿ ਸ਼ਬਦਾਂ ਦੀ ਵਰਤੋਂ ਇਨ੍ਹਾਂ ਉਪਰ ਦੱਸੇ ਸਿਧਾਂਤਾਂ ਦੀ ਮੁਖਾਲਫਤ ਨੂੰ ਦਰਸਾਉਂਦਾ ਹੈ। ਇਹ ਤਾਂ ਸਦੀਵੀ ਸਕ੍ਰਿਅਤਾ ਦਾ ਸਿਧਾਂਤ ਹੈ ਜਿਸ ਨੂੰ ‘ਗੁਰਮੁਖਿ ਬੁਢੇ ਕਦੇ ਨਾਹੀਂ’ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਮਨੁੱਖ ਇਸ ਤੱਥ ਪ੍ਰਤੀ ਲਗਾਤਾਰ ਚੇਤੰਨ ਰਹਿੰਦਾ ਹੈ ਕਿ ਕੁੱਝ ਹੈ ਜੋ ਉਸ ਦੀ ਸਰਗਰਮੀ ਤੋਂ ਵੀ ਪਾਰ ਹੈ, ਇਹ ਚੇਤਨਤਾ ਕਿ ਮਨੁੱਖ ਹੀ ਇਕੱਲਾ ਕਰਨ ਵਾਲਾ ਅਤੇ ਸਭ ਕੁੱਝ ਨਹੀਂ ਹੈ। ਇਹ ਚੇਤਨਤਾ ਮਨੁੱਖ ਅੰਦਰ ਹਲੀਮੀ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਉਸ ਨੂੰ ਸਕੂਨ ਵੀ ਬਖ਼ਸ਼ਦੀ ਹੈ।
ਇਸੇ ਦਿਸ਼ਾ ਵੱਲ ਸਿੱਖ ਧਰਮ ਚਿੰਤਨ ਦਾ ਨਦਰਿ, ਕਰਮ, ਪਰਸਾਦ ਅਤੇ ਭਾਣੇ ਦਾ ਸਿਧਾਂਤ ਇੱਕ ਹੋਰ ਕਦਮ ਹੈ। ਮੂਲ ਮੰਤਰ ਵਿਚ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕਰਨ ਤੋਂ ਬਾਅਦ ‘ਗੁਰ ਪਰਸਾਦਿ’ ਕਿਹਾ ਗਿਆ ਹੈ, ਜਿਸ ਦਾ ਅਰਥ ਹੈ ਕਿ ਉਸ ਅਕਾਲ ਪੁਰਖ ਨੂੰ ਜਿਸ ਦੀ ਇਥੇ ਵਿਆਖਿਆ ਕੀਤੀ ਗਈ ਹੈ, ਗੁਰੂ ਦੀ ਕਿਰਪਾ ਜਾਂ ਨਦਰਿ ਰਾਹੀਂ ਪ੍ਰਾਪਤ ਕਰ ਸਕੀਦਾ ਹੈ। ਇਹ ਇੱਕ ਤਰ੍ਹਾਂ ਨਾਲ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਹੈ ਜੋ ਸਿੱਖ ਹਰ ਸੁਖ ਅਤੇ ਇਥੋਂ ਤੱਕ ਕਿ ਦੁੱਖ ਦੀ ਘੜੀ ਵਿਚ ਵੀ ਕਰਦਾ ਹੈ। ਇਹ ਹਲੀਮੀ ਦੀ ਭਾਵਨਾ ਪਰਮਾਤਮਾ ਪ੍ਰਤੀ ਭਗਤੀ ਵਿਚ ਆਮ ਹੁੰਦੀ ਹੈ ਕਿਉਂਕਿ ਇਸ ਭਾਵਨਾ ਤੋਂ ਬਿਨਾ ਭਗਤੀ ਸੰਭਵ ਨਹੀਂ ਹੈ।
Leave a Reply