ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੀ ਮੀਟਿੰਗ ਐਤਵਾਰ ਨੂੰ ਕਿਸਾਨ ਭਵਨ ਸੈਕਟਰ 35 ਵਿਚ ਹੋਈ। ਐੱਸ.ਕੇ.ਐੱਮ. ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ। ਮੀਟਿੰਗ ਦੀ ਪ੍ਰਧਾਨਗੀ ਡਾ. ਦਰਸ਼ਨ ਪਾਲ, ਜੰਗਵੀਰ ਸਿੰਘ ਚੌਹਾਨ ਅਤੇ ਬਿੰਦਰ ਸਿੰਘ ਗੋਲੇਵਾਲਾ ਨੇ ਕੀਤੀ।
ਐੱਸ.ਕੇ.ਐੱਮ. ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਕਿਸਾਨ ਜਿਹੜੀਆਂ ਮੰਗਾਂ ਚੁੱਕ ਰਹੇ ਹਨ ਉਹ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਐੱਸਕੇਐੱਮ ਦੀ ਮੀਟਿੰਗ ਵਿਚ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਲਈ ਤਿੰਨ ਕੁਰਸੀਆਂ ਖਾਲੀ ਰੱਖੀਆਂ ਗਈਆਂ ਸਨ ਪਰ ਦੁਪਹਿਰ ਤਿੰਨ ਵਜੇ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਜਦੋਂ ਮੁੱਖ ਮੰਤਰੀ ਜਾਂ ਕੋਈ ਹੋਰ ਅਧਿਕਾਰੀ ਮੀਟਿੰਗ ਵਿਚ ਨਹੀਂ ਪੁੱਜਾ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੋਲੇ ਗਏ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ‘
ਐੱਸਕੇਐੱਮ ਨੇ ਐਲਾਨ ਕੀਤਾ ਕਿ 26 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਸੂਬੇ ਦੇ ਕਿਸਾਨ ਤੇ ਮਜ਼ਦੂਰ ਚੰਡੀਗੜ੍ਹ ਦੇ ਸੈਕਟਰ-34 ਸਥਿਤ ਮੈਦਾਨ ਵਿਚ ਇਕੱਠੇ ਹੋਣਗੇ ਅਤੇ ਉੱਥੋਂ ਆਪਣਾ ਵਿਰੋਧ ਪ੍ਰਗਟਾਉਣ ਲਈ ਵਿਧਾਨ ਸਭਾ ਵੱਲ ਮਾਰਚ ਕਰਨਗੇ। ਜ਼ਿਕਰਯੋਗ ਹੈ ਕਿ ਇਸੇ ਦਿਨ ਪੰਜਾਬ ਸਰਕਾਰ ਆਪਣਾ ਬਜਟ ਪੇਸ਼ ਕਰੇਗੀ। ਐੱਸਕੇਐੱਮ 4 ਮਈ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕ ਸੈਮੀਨਾਰ ਕਰਵਾਏਗੀ ਤਾਂ ਕਿ ਪੰਜਾਬ ਦੇ ਮਜ਼ਦੂਰਾਂ, ਮੁਲਾਜ਼ਮਾਂ, ਉਦਯੋਗਪਤੀਆਂ, ਵਪਾਰੀਆਂ, ਦਲਾਲਾਂ, ਟਰੱਕ ਤੇ ਟੈਕਸੀ. ਆਪ੍ਰੇਟਰਾਂ ਤੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਨਾਲ ਸੰਵਾਦ ਸਥਾਪਤ ਕੀਤਾ ਜਾ ਸਕੇ। ਇਸ ਦਾ ਮਕਸਦ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਸਾਜ਼ਿਸ਼ ਤੋਂ ਪਰਦਾ ਚੁੱਕਣਾ ਹੈ। ਮਈ ਵਿਚ ਹੀ ਬਰਨਾਲਾ, ਜਲੰਧਰ ਤੇ ਅੰਮ੍ਰਿਤਸਰ ਵਿਚ ਵੱਡੇ ਪੱਧਰ ‘ਤੇ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਾਜਵਾਦ ਵਿਰੋਧੀ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ।
ਮੀਟਿੰਗ ਵਿਚ ਜੋਗਿੰਦਰ ਸਿੰਘ ਉਂਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ ਆਦਿ ਹਾਜ਼ਰ ਸਨ।
