ਬਲੋਚ ਬਾਗੀਆਂ ਵਲੋਂ ਪਾਕਿਸਤਾਨੀ ਫ਼ੌਜ `ਤੇ ਹਮਲਾ

ਨਵੀਂ ਦਿੱਲੀ:ਪਾਕਿਸਤਾਨ ‘ਚ ਜਾਫਰ ਐਕਸਪ੍ਰੈੱਸ ਦੀ ਹਾਈਜੈਕਿੰਗ ਤੋਂ ਬਾਅਦ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਬਾਗੀਆਂ ਨੇ ਐਤਵਾਰ ਨੂੰ ਬਲੋਚਿਸਤਾਨ ਸੂਬੇ ਦੇ ਨੋਸ਼ਕੀ ਜ਼ਿਲ੍ਹੇ’ ‘ਚ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ‘ਤੇ ਫਿਦਾਈਨ ਹਮਲਾ ਕਰਕੇ 90 ਫ਼ੌਜੀਆਂ ਨੂੰ ਮਾਰ ਦਿੱਤਾ। ਬੀਐੱਲਏ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਵੀਡੀਓ ਵੀ ਜਾਰੀ ਕੀਤਾ ਹੈ।

ਹਾਲਾਂਕਿ ਪਾਕਿਸਤਾਨੀ ਪੁਲਿਸ ਨੇ ਹਮਲੇ ‘ਚ ਤਿੰਨ ਫ਼ੌਜੀਆਂ ਤੇ ਦੋ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਬੀਐੱਲਏ ਨੇ 11 ਮਾਰਚ ਨੂੰ 440 ਯਾਤਰੀਆਂ ਨੂੰ ਲਿਜਾ ਰਹੀ ਜਾਫਰ ਐਕਸਪ੍ਰੈੱਸ ਨੂੰ ਹਾਈਜੈਕ ਕਰ ਲਿਆ ਸੀ। ਉਸ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ 214 ਯਾਤਰੀਆਂ ਨੂੰ ਬੰਧਕ ਬਣਾਉਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ਦੇ ਬਦਲੇ ਬਲੋਚ ਕੈਦੀਆਂ ਨੂੰ ਛੱਡਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਬਾਅਦ ‘ਚ ਉਸ ਨੇ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਸੀ।
ਬੀਐੱਲਏ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਦੇ ਆਤਮਘਾਤੀ ਦਸਤੇ ‘ਮਜੀਦ ਬ੍ਰਿਗੇਡ’ ਨੇ ਨੋਸ਼ਕੀ ‘ਚ ਰਖਸ਼ਨ ਮਿੱਲ ਕੋਲ ਪਾਕਿਸਤਾਨੀ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਕਾਫਲੇ ‘ਚ ਅੱਠ ਬੱਸਾਂ ਸਨ, ਜਿਨ੍ਹਾਂ ‘ਚੋਂ ਇਕ ਬੱਸ ਧਮਾਕੇ ‘ਚ ਪੂਰੀ ਤਰ੍ਹਾਂ ਨਸ਼ਟ ਹੋ ਗਈ। ਇਸ ਤੋਂ ਬਾਅਦ ਬੀਐੱਲਏ ਦੀ ਫਤਹਿ ਬ੍ਰਿਗੇਡ ਨੇ ਦੂਸਰੀ ਬੱਸ ਨੂੰ ਘੇਰ ਲਿਆ ਅਤੇ ਉਸ ਵਿਚ ਸਵਾਰ ਸਾਰੇ ਜਵਾਨਾਂ ਨੂੰ ਖ਼ਤਮ ਕਰ ਦਿੱਤਾ। ਉਥੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਨੋਸ਼ਕੀ-ਦਲਵੰਡਿਨ ਰਾਸ਼ਟਰੀ ਰਾਜ ਮਾਰਗ ‘ਤੇ ਵਿਸਫੋਟਕਾਂ ਨਾਲ ਲੱਦੇ ਵਾਹਨ ਨਾਲ ਫਰੰਟੀਅਰ ਕੋਰ (ਐੱਫਸੀ) ਦੇ ਕਵੇਟਾ ਤੋਂ ਟਫਟਾਨ ਜਾ ਰਹੇ ਕਾਫਲੇ ਨੂੰ ਟੱਕਰ ਮਾਰ ਦਿੱਤੀ। ਧਮਾਕੇ ਤੋਂ ਬਾਅਦ ਕੁਝ ਹੋਰ ਹਮਲਾਵਰਾਂ ਨੇ ਐੱਫਸੀ ਦੇ ਜਵਾਨਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਪਰ ਜਵਾਬੀ ਫਾਇਰਿੰਗ ‘ਚ ਉਨ੍ਹਾਂ ਵਿਚੋਂ ਦੋ ਮਾਰੇ ਗਏ।
ਇਸ ਤਰ੍ਹਾਂ ਆਤਮਘਾਤੀ ਹਮਲਾਵਰ ਸਮੇਤ ਤਿੰਨ ਮਾਰੇ ਗਏ। ਹਮਲੇ ‘ਚ ਦੋ ਨਾਗਰਿਕਾਂ ਤੇ ਤਿੰਨ ਜਵਾਨਾਂ ਦੀ ਵੀ ਮੌਤ ਹੋ ਗਈ। ਇਕ ਅਧਿਕਾਰੀ ਨੇ ਕਾਫ਼ਲੇ ‘ਚ ਬੱਸਾਂ ਦੀ ਗਿਣਤੀ ਸੱਤ ਦੱਸੀ ਅਤੇ ਉਸ ਅਨੁਸਾਰ ਉਨ੍ਹਾਂ ਵਿਚੋਂ ਦੋ ਨੂੰ ਨਿਸ਼ਾਨਾ ਬਣਾਇਆ ਗਿਆ।
ਇਕ ਬੱਸ ਨੂੰ ਆਈਈਡੀ ਨਾਲ ਲੱਦੇ ਵਾਹਨ ਨਾਲ ਟੱਕਰ ਮਾਰੀ ਗਈ ਜਦਕਿ ਹੋਰਨਾਂ ਨੂੰ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਨਾਲ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਵਿਦੇਸ਼ ਮੰਤਰੀ ਮੋਹਸਿਨ ਨਕਵੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ ਬੁਗਤੀ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਬਲੋਚ ਬਾਗ਼ੀਆਂ ਨੇ ਵਧਾਈ ਪਾਕਿ ਸਰਕਾਰ ਦੀ ਪਰੇਸ਼ਾਨੀ
ਇਕ ਹਫਤੇ ਦੇ ਵਿਚ ਦੂਜਾ ਵੱਡਾ ਹਮਲਾ ਕਰ ਕੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਨੇ ਪਾਕਿਸਤਾਨੀ ਸਰਕਾਰ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਬਲੋਚ ਬਾਗ਼ੀਆਂ ਨੇ ਇਨ੍ਹਾਂ ਦੋ ਵੱਡੀਆਂ ਕਾਰਵਾਈਆਂ ਨਾਲ ਕੌਮਾਂਤਰੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪਾਕਿਸਤਾਨ ਸਰਕਾਰ ਦੇ ਬੁਲਾਰੇ ਬਲੋਚ ਬਾਗ਼ੀਆਂ ਦੀ ਮਦਰ ਪਿੱਛੇ ਕਦੀ ਭਾਰਤ ਦਾ ਹੱਥ ਅਤੇ ਕਦੀ ਅਫ਼ਗਾਨਿਸਤਾਨ ਦਾ ਹੱਥ ਦੱਸ ਕੇ ਆਪਣੀ ਕਿਰਕਿਰੀ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਵਿਚ ਬਲੋਚਿਸਤਾਨ ਵਿਚ ਅਜਿਹੇ ਹਮਲੇ ਵਧੇ ਹਨ। ਈਰਾਨ ਤੇ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਬਲੋਚਿਸਤਾਨ ਲੰਬੇ ਸਮੇਂ ਤੋ ਹਿੰਸਕ ਵਿਦਰੋਹ ਦਾ ਗੜ੍ਹ ਰਿਹਾ ਹੈ। ਬਲੋਚ ਬਾਗੀ ਅਕਸਰ . ਇਸ ਤੇਲ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਸੂਬੇ ਵਿਚ ਸੁਰੱਖਿਆ ਕਰਮਚਾਰੀਆਂ, ਸਰਕਾਰੀ ਪ੍ਰੋਜੈਕਟਾਂ ਅਤੇ 60 ਬਿਲੀਅਨ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਪ੍ਰੋਜੈਕਟ ਨੂੰ ਨਿਸ਼ਾਨਾ ਬਣਾਉਂਦੇ ਹਨ। ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਬੀਐੱਲਏ ਨੇ ਹੀ ਲਈ ਹੈ। ਬੀਐੱਲਏ ਦੀ ਫ਼ਿLਦਾਈਨ ਮਜੀਦ ਬ੍ਰਿਗੇਡ ਦੀਆਂ ਇਹ ਕਾਰਵਾਈਆਂ ਪਾਕਿਸਤਾਨੀ ਫ਼ੌਜ ਲਈ ਵੀ ਵੱਡੀ ਚੁਣੌਤੀ ਹੈ ਕਿਉਂਕਿ ਇਸ ਦੇ ਜ਼ਿਆਦਾਤਰ ਹਮਲੇ ਫ਼ੌਜ ‘ਤੇ ਹੀ ਹੋ ਰਹੇ ਹਨ। ਜਾਫਰ ਐਕਸਪ੍ਰੈੱਸ ‘ਚ ਵੀ ਫ਼ੌਜੀਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ।