ਅਮੋਲਕ ਭਾਅ ਜੀ,
ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।
ਤੁਹਾਡੇ ਲਈ ਮੇਰੇ ਮਨ ਵਿਚ ਪਹਿਲਾਂ ਹੀ ਬਹੁਤ ਸਤਿਕਾਰ ਹੈ, ਪਰ ਤੁਹਾਡੀਆਂ ਯੂਨੀਵਰਸਿਟੀ ਅਤੇ ਪੰਜਾਬੀ ਟ੍ਰਿਬਿਊਨ ਵਿਚ ਗੁਜ਼ਾਰੇ ਸਮੇਂ ਸਬੰਧੀ ਯਾਦਾਂ ਦੇ ਆਧਾਰ ‘ਤੇ ਲਿਖੇ ਲੇਖਾਂ ਨੇ ਮੇਰੇ ਮਨ ਵਿਚ ਤੁਹਾਡਾ ਸਤਿਕਾਰ ਹੋਰ ਵੀ ਵਧਾ ਦਿੱਤਾ ਹੈ। ਤੁਹਾਡੀ ਦ੍ਰਿੜਤਾ, ਸਿਰੜ ਤੇ ਸਿਦਕ ਦਾ ਤਾਂ ਮੈਂ ਪਹਿਲਾਂ ਹੀ ਕਾਇਲ ਸਾਂ, ਹੁਣ ਤੁਹਾਡੀ ਦਲੇਰੀ, ਸਾਫਗੋਈ ਅਤੇ ਯਾਦ ਸ਼ਕਤੀ ਨੂੰ ਵੀ ਸਲਾਮ।
ਤੁਹਾਡੇ ਇਨ੍ਹਾਂ ਲੇਖਾਂ ਰਾਹੀਂ ਮੈਂ ਤੁਹਾਨੂੰ ਤਾਂ ਹੋਰ ਵਧੇਰੇ ਜਾਣਿਆ ਹੀ ਹੈ, ਤੁਹਾਡੇ ਰਾਹੀਂ ਪੰਜਾਬੀ ਟ੍ਰਿਬਿਊਨ ਦੇ ਸਾਰੇ ਸਟਾਫ, ਜਿਸ ਵਿਚ ਬਹੁਤੇ ਮੇਰੇ ਮਿੱਤਰ ਤੇ ਜਾਣੂ ਹਨ, ਨੂੰ ਧੁਰ ਅੰਦਰੋਂ ਜਾਣ ਗਿਆ ਹਾਂ। ਕਰਮਜੀਤ ਤੇ ਬੱਲ ਹੋਰਾਂ ਦੇ ਅਤਿ ਨਜ਼ਦੀਕ ਹੋਣ ਦੇ ਬਾਵਜੂਦ ਵੀ ਮੈਂ ਉਨ੍ਹਾਂ ਬਾਰੇ ਤੁਹਾਡੇ ਰਾਹੀਂ ਹੋਰ ਬਿਹਤਰ ਜਾਣ ਲਿਆ ਹੈ। ਤੁਸੀਂ ਪੰਜਾਬੀ ਟ੍ਰਿਬਿਊਨ ਦਾ ਤਾਂ ਪੂਰਾ ਇਤਿਹਾਸ ਹੀ ਚਿਤਰ ਦਿੱਤਾ ਹੈ। ਵੱਡੇ ਵੱਡੇ ਨਾਂਵਾਂ ਵਾਲੇ ਵਿਅਕਤੀਆਂ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ।
ਪੰਜਾਬ ਯੂਨੀਵਰਸਿਟੀ ਬਾਰੇ ਵੀ ਤੁਹਾਡੇ ਲੇਖ ਬਹੁਤ ਹੀ ਦਿਲਚਸਪ ਹਨ। ਮੈਨੂੰ ਸ਼ਾਇਦ ਇਸ ਕਰਕੇ ਵੀ ਚੰਗੇ ਲੱਗੇ ਹੋਣ ਕਿ ਹਰਜਿੰਦਰ ਦਿਲਗੀਰ, ਹਰਸਿਮਰਨ, ਹਰਪਾਲ ਬੰਗਾ ਅਤੇ ਡਾæ ਭਗਵਾਨ ਸਿੰਘ ਮੋਕਲ ਹੋਰਾਂ ਨਾਲ ਵੱਖ ਵੱਖ ਮੌਕਿਆਂ ਉਤੇ ਮੇਰੀ ਵੀ ਕਾਫੀ ਨੇੜਤਾ ਰਹੀ ਹੈ ਪਰ ਜਿਹੜੇ ਪਾਤਰਾਂ ਨੂੰ ਮੈਂ ਨਿਜੀ ਤੌਰ ‘ਤੇ ਨਹੀਂ ਜਾਣਦਾ ਉਨ੍ਹਾਂ ਬਾਰੇ ਤੁਹਾਡੀਆਂ ਲਿਖਤਾਂ ਦਾ ਵੀ ਮੈਂ ਉਨਾ ਹੀ ਅਨੰਦ ਮਾਣਿਆ ਹੈ, ਖਾਸ ਕਰਕੇ ‘ਕਮਲਿਆਂ ਦਾ ਟੱਬਰ’ ਵਾਲੀ ਮਨਿੰਦਰ ਬਾਰੇ।
ਮੈਂ ਤੁਹਾਡੇ ਇਹ ਸਾਰੇ ਲੇਖ ਇਕੱਠੇ ਕਰਕੇ ਜਿਹੜੇ ਦੋਸਤਾਂ ਨੂੰ ਪੜ੍ਹਾਏ ਹਨ, ਉਨ੍ਹਾਂ ਸਾਰਿਆਂ ਨੇ ਹੀ ਸਲਾਹੇ ਹਨ। ਤੁਹਾਡਾ ਕੁਲੀਗ ਸਰਬਜੀਤ ਧਾਲੀਵਾਲ ਤਾਂ ਫਿਦਾ ਹੀ ਹੋ ਗਿਆ। ਅਖਬਾਰ ਪੰਜਾਬ ਟਾਈਮਜ਼ ਬਾਰੇ ਉਸ ਦਾ ਕਹਿਣਾ ਹੈ ਕਿ ਅਮੋਲਕ ਦਾ ਪਰਚਾ ਵੰਨਗੀ, ਰੌਚਿਕਤਾ ਤੇ ਬਹਿਸ ਦੇ ਮਿਆਰ ਪੱਖੋਂ ਬਹੁਤ ਹੀ ਅਮੀਰ ਹੈ। ਕਰਮਜੀਤ ਭਾਅ ਜੀ ਕਹਿੰਦੇ ਹਨ ਕਿ ਇਹ ਲੇਖ ਤੁਸੀਂ ਮੈਨੂੰ ਦੇ ਦਿਓ, ਮੈਂ ਪੜਾਂਗਾਂ ਵੀ, ਪਰਚੇ ਲਈ ਟਿੱਪਣੀ ਵੀ ਲਿਖ ਕੇ ਭੇਜਾਂਗਾ। ਜਗਤਾਰ (ਇੰਡੀਅਨ ਐਕਸਪ੍ਰੈਸ) ਦਾ ਕਹਿਣਾ ਸੀ ਕਿ ਅਮੋਲਕ ਦੀਆਂ ਲਿਖਤਾਂ ਨੇ ਸੁਆਦ ਲਿਆ ਦਿੱਤਾ ਹੈ। ਪਿਛਲੇ ਹਫਤੇ ਮੈਂ ਵਿਸ਼ੇਸ਼ ਤੌਰ ਉਤੇ ਪੰਜਾਬੀ ਟ੍ਰਿਬਿਊਨ ਜਾ ਕੇ ਆਪਣੀ ਜਾਣ ਪਛਾਣ ਵਾਲੇ ਨਵੇਂ ਆਏ ਮੁੰਡੇ-ਕੁੜੀਆਂ ਨੂੰ ਤਰਦੀਆਂ ਤਰਦੀਆਂ ਗੱਲਾਂ ਸੁਣਾ ਕੇ ਉਨ੍ਹਾਂ ਦੀ ਐਨੀ ਕੁ ਦਿਲਚਸਪੀ ਬਣਾ ਕੇ ਆਇਆ ਹਾਂ ਕਿ ਉਹ ਸਾਰੇ ਇਹ ਲੇਖ ਪੜ੍ਹਨਗੇ। ਮੇਘਾ ਸਿੰਘ ਦਾਨਗੜ੍ਹ (ਹੁਣ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਲਈ ਮੈਂ ਇਨ੍ਹਾਂ ਸਾਰੇ ਲੇਖਾਂ ਦਾ ਪ੍ਰਿੰਟ ਕੱਢ ਕੇ ਰੱਖਿਆ ਹੋਇਆ ਹੈ, ਉਹ ਹੁਣੇ ਹੀ ਆਉਣ ਵਾਲਾ ਹੈ। ਉਸ ਦੀ ਉਡੀਕ ਕਰਦਿਆਂ ਹੀ ਮੈਂ ਇਹ ਕੁਝ ਸਤਰਾਂ ਲਿੱਖ ਦਿੱਤੀਆਂ ਹਨ।
ਤੁਹਾਡੀ ਸਿਹਤਯਾਬੀ ਲਈ ਦੁਆ ਕਰਦਾ ਹੋਇਆ
ਤੁਹਾਡਾ
-ਗੁਰਦਰਸ਼ਨ ਸਿੰਘ ਬਾਹੀਆ
Leave a Reply