ਸੂਰੇ ਚੱਲੇ ਗ਼ਦਰ ਮਚਾਵਣੇ ਨੂੰ

ਭਾਰਤ ਦੇ ਆਜ਼ਾਦੀ ਦੇ ਸੰਗਰਾਮ ਵਿਚ ਗ਼ਦਰ ਪਾਰਟੀ ਦਾ ਬੜਾ ਅਹਿਮ ਸਥਾਨ ਹੈ। ਗ਼ਦਰੀਆਂ ਨੇ ਅੰਗਰੇਜ਼ ਹਾਕਮਾਂ ਨੂੰ ਭਾਰਤ ਵਿਚੋਂ ਕੱਢਣ ਦਾ ਦਾਈਆ ਹੀ ਨਹੀਂ ਸੀ ਬੰਨ੍ਹਿਆ, ਉਨ੍ਹਾਂ ਆਜ਼ਾਦੀ ਤੋਂ ਬਾਅਦ ਸਮਾਜਕ ਤੇ ਆਰਥਿਕ ਬਰਾਬਰੀ ਦਾ ਤਹੱਈਆ ਵੀ ਕੀਤਾ ਸੀ। ਗ਼ਦਰੀ ਹੱਲਾ ਭਾਵੇਂ ਕੁਝ ਕਾਰਨਾਂ ਕਰ ਕੇ ਸਫਲ ਨਹੀਂ ਹੋ ਸਕਿਆ ਪਰ ਗ਼ਦਰੀਆਂ ਨੇ ਸੰਘਰਸ਼ ਦੇ ਖੇਤਰ ਵਿਚ ਨਿਰਮਲ ਮਨਾਂ ਨਾਲ ਜਿਹੜੀਆਂ ਸੁੱਚੀਆਂ ਪੈੜਾਂ ਪਾਈਆਂ, ਉਨ੍ਹਾਂ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ। ਗ਼ਦਰ ਤੋਂ ਬਾਅਦ ਬੱਬਰ ਅਕਾਲੀ ਲਹਿਰ, ਭਗਤ ਸਿੰਘ ਤੇ ਸਾਥੀਆਂ ਦੀ ਲਹਿਰ ਅਤੇ ਗ਼ਦਰੀਆਂ ਦਾ ਦੂਜੇ ਹੱਲੇ ਦੇ ਰੂਪ ਵਿਚ ਗ਼ਦਰੀ ਛੱਲਾਂ ਜੁਝਾਰੂਆਂ-ਜੰਗਜੂਆਂ ਨੂੰ ਸਦਾ ਸਰਸ਼ਾਰ ਕਰਦੀਆਂ ਰਹੀਆਂ ਹਨ। ਗ਼ਦਰੀਆਂ ਦੀ ਸਿਦਕਦਿਲੀ ਅਤੇ ਸਿਰੜ ਅੱਜ ਵੀ ਇਕ ਮਿਸਾਲ ਹੈ ਅਤੇ ਸੰਘਰਸ਼ ਦੇ ਮੈਦਾਨ ਵਿਚ ਜੂਝਣ ਵਾਲਿਆਂ ਲਈ ਪ੍ਰੇਰਨਾ ਦਾ ਮੁੱਖ ਸੋਮਾ ਹੈ। -ਸੰਪਾਦਕ

ਦੇਸ਼ ਭਗਤ ਯਾਦਗਾਰ ਕਮੇਟੀ
ਗ਼ਦਰੀਆਂ ਨੇ ਸੈਲੂਲਰ ਜੇਲ੍ਹ ਤੋਂ ਰਿਹਾਈ ਪਿੱਛੋਂ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਮੱਦਦ ਲਈ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾਈ। ਬਾਅਦ ਵਿਚ 2 ਅਪ੍ਰੈਲ 1955 ਨੂੰ ਇਸੇ ਕਮੇਟੀ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦਾ ਨਾਂ ਦਿੱਤਾ ਗਿਆ। ਫਿਰ ਇਸੇ ਕਮੇਟੀ ਦੀ ਅਗਵਾਈ ਹੇਠ ਗ਼ਦਰੀਆਂ ਅਤੇ ਹੋਰ ਦੇਸ਼ ਭਗਤਾਂ ਦੀਆਂ ਯਾਦਾਂ ਸੰਭਾਲਣ ਲਈ ਜਲੰਧਰ ਵਿਚ ਦੇਸ਼ ਭਗਤ ਯਾਦਗਾਰ ਹਾਲ ਉਸਾਰਨ ਦੀ ਯੋਜਨਾ ਬਣਾਈ ਗਈ। ਯਾਦਗਾਰ ਹਾਲ ਦੀ ਉਸਾਰੀ ਲਈ ਫੰਡ ਇਕੱਠਾ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਗਈ। ਗੁਰਮੁਖ ਸਿੰਘ ਲਲਤੋਂ, ਕਰਮ ਸਿੰਘ ਚੀਮਾ, ਬੂਝਾ ਸਿੰਘ ਅਤੇ ਭੋਲਾ ਸਿੰਘ ਚੀਮਾ ਨੂੰ ਕੈਨੇਡਾ ਅਤੇ ਬਰਤਾਨੀਆ ਤੋਂ ਫੰਡ ਇਕੱਠਾ ਕਰਨ ਲਈ ਭੇਜਿਆ ਗਿਆ। ਯਾਦਗਾਰ ਦਾ ਨੀਂਹ ਪੱਥਰ 15 ਨਵੰਬਰ 1959 ਰੱਖਿਆ ਗਿਆ।
_______________________________________
ਸੁਧਾਰਵਾਦ ਨਹੀਂ, ਸਿੱਧਾ ਗ਼ਦਰ
1912 ਦੇ ਸ਼ੁਰੂ ਵਿਚ ਬਾਬੂ ਹਰਨਾਮ ਸਿੰਘ ਕਹਿਰੀ ਸਹਿਰੀ ਅਤੇ ਜੀæਡੀæ ਕੁਮਾਰ ਜਿਨ੍ਹਾਂ ਦਾ ਅੱਡਾ ਕੈਨੇਡਾ ਤੇ ਪੋਰਟਲੈਂਡ ਵਿਚਾਲੇ ਸਿਆਟਲ ਵਿਚ ਸੀ, ਪੋਰਟਲੈਂਡ ਆਏ। ਇਨ੍ਹਾਂ ਦਾ ਪ੍ਰਚਾਰ ਸਮਾਜ ਸੁਧਾਰ ‘ਤੇ ਆਧਾਰਤ ਸੀ ਜਾਂ ਕਦੇ-ਕਦੇ ਅਖ਼ਬਾਰ ਪਰਚਾ ਕੱਢ ਦਿੰਦੇ ਸਨ। ਜਦ ਇਹ ਦੋਵੇਂ (ਬਾਬੂ ਹਰਨਾਮ ਸਿੰਘ ਤੇ ਜੀæਡੀæ ਕੁਮਾਰ) ਪੋਰਟਲੈਂਡ ਦੇ ਨੇੜੇ ਕਾਰਖਾਨਿਆਂ ਦੇ ਹਿੰਦੀਆਂ ਨੂੰ ਮਿਲੇ, ਇਨ੍ਹਾਂ ਨੂੰ ਪਤਾ ਲੱਗਾ ਕਿ ਇਥੋਂ ਦੇ ਹਿੰਦੀ ਕਿਸੇ ਸੁਧਾਰਵਾਦੀ ਪ੍ਰੋਗਰਾਮ ਨਾਲ ਸਹਿਮਤ ਨਹੀਂ। ਪ੍ਰੋਗਰਾਮ ਅਨੁਸਾਰ ਐਤਵਾਰ ਨੂੰ ਆਲੇ-ਦੁਆਲੇ ਦੇ ਕਾਰਖਾਨਿਆਂ ਦੇ ਹਿੰਦੀ, ਪੋਰਟਲੈਂਡ ਵਿਚ ਇਕੱਠੇ ਹੋਏ। ਖੁੱਲ੍ਹਾ ਵਿਚਾਰ ਵਟਾਂਦਰਾ ਹੋਇਆ। ਬਾਬੂ ਹਰਨਾਮ ਸਿੰਘ ਅਤੇ ਜੀæਡੀæ ਕੁਮਾਰ ਵੀ ਪੋਰਟਲੈਂਡ ਵਾਲਿਆਂ ਨਾਲ ਸਹਿਮਤ ਹੋ ਗਏ। ਫੈਸਲਾ ਹੋਇਆ ਕਿ ਇਨਕਲਾਬੀ ਸੁਸਾਇਟੀ ਕਾਇਮ ਕੀਤੀ ਜਾਵੇ ਜਿਸ ਦਾ ਨਾਂ ‘ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ’ ਰੱਖਿਆ ਜਾਵੇ। ਇਸ ਦਾ ਦਫ਼ਤਰ ਪੋਰਟਲੈਂਡ ਵਿਚ ਹੋਵੇ। ਪਾਰਟੀ ਦਾ ਆਪਣਾ ਅਖ਼ਬਾਰ ਹੋਵੇ ਜਿਸ ਦਾ ਨਾਂ ‘ਹਿੰਦੋਸਤਾਨ’ ਰੱਖਿਆ ਜਾਵੇ। ਇਸ ਅਖ਼ਬਾਰ ਦਾ ਉਦੇਸ਼ ਹਿੰਦੋਸਤਾਨ ਨੂੰ ਆਜ਼ਾਦੀ ਦੇ ਹੱਕ ਅਤੇ ਗੁਲਾਮੀ ਵਿਰੁੱਧ ਇਨਕਲਾਬ ਲਈ ਤਿਆਰ ਕਰਨਾ ਮਿਥਿਆ ਗਿਆ। ਇਹ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ। ਪਿੱਛੋਂ ਅਹੁਦੇਦਾਰਾਂ ਦੀ ਚੋਣ ਹੋਈ। ਸਰਬਸੰਮਤੀ ਨਾਲ ਸੋਹਣ ਸਿੰਘ ਭਕਨਾ ਪ੍ਰਧਾਨ, ਜੀæਡੀæ ਕੁਮਾਰ ਮੁੱਖ ਸਕੱਤਰ ਤੇ ਪੰਡਤ ਕਾਂਸ਼ੀ ਰਾਮ ਖ਼ਜ਼ਾਨਚੀ ਚੁਣੇ ਗਏ। ਇੰਤਜ਼ਾਮੀਆ ਕਮੇਟੀ ਵਿਚ ਹਰਨਾਮ ਸਿੰਘ ਟੁੰਡੀਲਾਟ, ਊਧਮ ਸਿੰਘ ਕਸੇਲ, ਰਾਮ ਰੱਖਾ ਅਤੇ ਦੋ ਹੋਰ ਸਾਥੀ ਲਏ ਗਏ। ਕੁਝ ਹੋਰ ਮੈਂਬਰ ਵੀ ਭਰਤੀ ਹੋਏ। ਇਸ ਪਾਰਟੀ ਦੀਆਂ ਅਜੇ ਤਿੰਨ ਕੁ ਮੀਟਿੰਗਾਂ ਹੋਈਆਂ ਸਨ ਤੇ ਅਖ਼ਬਾਰ ਕੱਢਣ ਦੀ ਅਜੇ ਤਿਆਰੀ ਹੋ ਰਹੀ ਸੀ ਕਿ ਜੀæਡੀæ ਕੁਮਾਰ ਪੇਟ ਦੀ ਬਿਮਾਰੀ ਨਾਲ ਪੈ ਗਏ ਤੇ ਛੇਤੀ ਤੰਦਰੁਸਤ ਨਾ ਹੋ ਸਕੇ। ਇਨ੍ਹਾਂ ਦੀ ਬਿਮਾਰੀ ਦੌਰਾਨ ਮੈਂ ਤੇ ਭਾਈ ਊਧਮ ਸਿੰਘ ਕੁਝ ਦਿਨਾਂ ਲਈ ਅਸਟਰੀਆ ਮਿੱਲ (ਵਾਸ਼ਿੰਗਟਨ ਸਟੇਟ) ਵਿਚ ਕੰਮ ਕਰਨ ਚਲੇ ਗਏ ਤੇ ਕਈ ਦਿਨ ਉਥੇ ਰਹੇ। ਇਸ ਮਿੱਲ ਵਿਚ 120 ਹਿੰਦੀ ਕੰਮ ਕਰਦੇ ਸਨ। ਕਈ ਦਿਨਾਂ ਦੇ ਵਿਚਾਰ ਵਟਾਂਦਰੇ ਪਿੱਛੋਂ ਉਥੇ ਵੀ ‘ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ’ ਦੀ ਸ਼ਾਖਾ ਦੇ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਮੁੱਖ ਸਕੱਤਰ ਮੁਨਸ਼ੀ ਕਰੀਮ ਬਖ਼ਸ਼ ਤੇ ਖ਼ਜ਼ਾਨਚੀ ਮੁਨਸ਼ੀ ਰਾਮ ਮਿਥੇ ਗਏ। ਮੈਂਬਰ ਵੀ ਕਾਫੀ ਭਰਤੀ ਹੋਏ। ਉਨ੍ਹੀਂ ਦਿਨੀਂ ਕਰਤਾਰ ਸਿੰਘ ਸਰਾਭਾ ਵੀ ਆਪਣੇ ਪਿੰਡ ਵਾਲੇ ਰੁਲੀਆ ਸਿੰਘ ਕੋਲ ਆਇਆ ਹੋਇਆ ਸੀ ਤੇ ਇੱਥੇ ਹੀ ਮਿੱਲ ਵਿਚ ਕੰਮ ਕਰਦਾ ਸੀ। ਮਗਰੋਂ ਰੁਲੀਆ ਸਿੰਘ ਗ਼ਦਰ ਪਾਰਟੀ ਦੇ ਸ਼ਹੀਦਾਂ ਵਿਚ ਜਾ ਮਿਲਿਆ ਜਦ ਉਸ ਨੇ ਅੰਡੇਮਾਨ ਜੇਲ੍ਹ ਵਿਚ ਆਪਣੀ ਜਾਨ ਦੇ ਦਿੱਤੀ। ਜੀæਡੀæ ਕੁਮਾਰ ਦੀ ਬਿਮਾਰੀ ਕਾਰਨ ਅਖ਼ਬਾਰ ਨਾ ਨਿਕਲ ਸਕਿਆ ਤੇ ਨਾ ਹੀ ਦਫ਼ਤਰ ਚੱਲ ਸਕਿਆ, ਕਿਉਂਕਿ ਅਸੀਂ ਸਾਰੇ ਅਜੇ ਤੱਕ ਆਪੋ-ਆਪਣੇ ਕੰਮੀਂ ਲੱਗੇ ਹੋਏ ਸਾਂ। ਇਨ੍ਹੀਂ ਦਿਨੀਂ ਲਾਲਾ ਠਾਕਰਦਾਸ (ਧੂਰੀ) ਕੈਲੀਫੋਰਨੀਆ ਤੋਂ ਪੰਡਤ ਕਾਂਸ਼ੀ ਰਾਮ ਦੇ ਕਾਰਖਾਨੇ ਸੇਂਟ ਜੋਨ ਵਿਚ ਆ ਗਏ ਸਨ ਤੇ ਉਥੇ ਕੰਮ ਕਰਦੇ ਸਨ। ਉਨ੍ਹਾਂ ਸਲਾਹ ਦਿੱਤੀ ਕਿ ਅੱਜਕੱਲ੍ਹ ਲਾਲਾ ਹਰਦਿਆਲ ਸਾਨ ਫਰਾਂਸਿਸਕੋ ਵਿਚ ਹਨ ਤੇ ਵਿਦਿਆਰਥੀਆਂ ਨੂੰ ਲੈਕਚਰ ਦੇਣ ਤੋਂ ਸਿਵਾ ਉਨ੍ਹਾਂ ਕੋਲ ਇਨ੍ਹੀਂ ਦਿਨੀਂ ਹੋਰ ਕੋਈ ਕੰਮ ਨਹੀਂ, ਉਨ੍ਹਾਂ ਨੂੰ ਬੁਲਾਇਆ ਜਾਏ। ਉਮੀਦ ਹੈ ਕਿ ਉਹ ਆ ਜਾਣਗੇ ਤੇ ਦਫ਼ਤਰ ਸਮੇਤ ਅਖ਼ਬਾਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਏ। ਉਹ ਇਸ ਕੰਮ ਨੂੰ ਭਲੀਭਾਂਤ ਚਲਾ ਸਕਣਗੇ।
-ਸੋਹਣ ਸਿੰਘ ਭਕਨਾ
______________________________________________________________
ਗ਼ਦਰ ਦੀ ਲੀਹ
ਮਾਰਚ 1913 ਵਿਚ ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ ਦੀ ਮੀਟਿੰਗ ਦੌਰਾਨ ਹੇਠ ਲਿਖੇ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ। ਇਸ ਮੀਟਿੰਗ ਵਿਚ ਕੀਤੇ ਗਏ ਇਹ ਫੈਸਲੇ ਹੀ ਬਾਅਦ ਵਿਚ  ਗ਼ਦਰ ਦਾ ਆਧਾਰ ਬਣੇ। ਇਹ ਹੀ ਉਹ ਫੈਸਲੇ ਸਨ ਜਿਹੜੇ ਗ਼ਦਰੀ ਸਰਗਰਮੀਆਂ ਦਾ ਧੁਰਾ ਬਣੇ:
1æ ‘ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ’ ਦਾ ਨਾਂ ਬਦਲ ਕੇ ‘ਹਿੰਦੀ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ’ ਰੱਖਿਆ ਗਿਆ।
2æ ਪਾਰਟੀ ਦਾ ਉਦੇਸ਼ ਹਥਿਆਰਬੰਦ ਇਨਕਲਾਬ ਰਾਹੀਂ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ ਤੇ ਆਜ਼ਾਦੀ ਪਿੱਛੋਂ ਆਜ਼ਾਦੀ ਤੇ ਬਰਾਬਰੀ ਦੇ ਆਧਾਰ ‘ਤੇ ਲੋਕ ਰਾਜ ਸਥਾਪਤ ਕਰਨਾ ਹੋਵੇਗਾ।
3æ ਪਾਰਟੀ ਦਾ ਹਫ਼ਤਾਵਾਰ ਅਖ਼ਬਾਰ ਹਿੰਦੀ ਜ਼ਬਾਨਾਂ ਵਿਚ ਨਿਕਲੇਗਾ ਜਿਸ ਦਾ ਨਾਂ 1857 ਦੀ ਯਾਦ ਵਿਚ ‘ਗਦਰ’ ਹੋਵੇਗਾ।
4æ ਪਾਰਟੀ ਦਾ ਦਫ਼ਤਰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਵਿਚ ਹੋਵੇਗਾ।
5æ ਜਥੇਬੰਦੀ ਦੀ ਚੋਣ ਹਰ ਸਾਲ ਹੋਇਆ ਕਰੇਗੀ।
6æ ਹਰ ਕਾਰਖਾਨੇ ਜਾਂ ਖੇਤਾਂ ਵਿਚ ਕੰਮ ਕਰਨ ਵਾਲੀ ਹਿੰਦੀ ਮਜ਼ਦੂਰਾਂ ਦੀ ਹਰ ਟੋਲੀ ਵਿਚ ਸਥਾਨਕ ਕਮੇਟੀ ਹੋਵੇਗੀ ਜੋ ਸਿੱਧੀ ਇੰਤਜ਼ਾਮੀਆ ਕਮੇਟੀ ਨਾਲ ਸਬੰਧਤ ਹੋਵੇਗੀ।
7æ ਸਥਾਨਕ ਕਮੇਟੀਆਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਇਕ ਕੇਂਦਰੀ ਕਮੇਟੀ ਹੋਵੇਗੀ ਜੋ ਦਫ਼ਤਰ, ਅਖ਼ਬਾਰ ਤੇ ਦੂਜੇ ਖੁੱਲ੍ਹੇ ਕੰਮ ਚਲਾਏਗੀ।
8æ ਇੰਤਜ਼ਾਮੀਆ ਕਮੇਟੀ ਆਪਣੇ ਵਿਚੋਂ ਤਿੰਨ ਮੈਂਬਰਾਂ ਦਾ ਕਮਿਸ਼ਨ ਚੁਣੇਗੀ ਜਿਸ ਦੇ ਹੱਥਾਂ ਵਿਚ ਪਾਰਟੀ ਦਾ ਖੁਫ਼ੀਆ ਕੰਮ ਅਤੇ ਹੋਰ ਖੁਫੀਆ ਜ਼ਿੰਮੇਵਾਰੀਆਂ ਹੋਣਗੀਆਂ।
9æ ਹਰ ਮੈਂਬਰ ਘੱਟੋ-ਘੱਟ ਇਕ ਡਾਲਰ ਮਹੀਨਾ ਚੰਦਾ ਦਿਆ ਕਰੇਗਾ।
10æ ਪਾਰਟੀ ਦੇ ਹਰ ਸਿਪਾਹੀ ਦਾ ਇਹ ਫ਼ਰਜ਼ ਹੋਵੇਗਾ ਕਿ ਉਹ ਚਾਹੇ ਦੁਨੀਆ ਦੇ ਕਿਸੇ ਕੋਨੇ ਵਿਚ ਹੋਵੇ, ਜੇ ਉਥੇ ਆਜ਼ਾਦੀ ਦੀ ਲੜਾਈ ਸ਼ੁਰੂ ਹੋਵੇ ਤਾਂ ਗੁਲਾਮੀ ਵਿਰੁੱਧ ਤੇ ਆਜ਼ਾਦੀ ਦੇ ਹੱਕ ਵਿਚ ਹਿੱਸਾ ਲਵੇ।
11æ ਪਾਰਟੀ ਦੇ ਦਫ਼ਤਰ, ਪ੍ਰੈੱਸ ਅਖ਼ਬਾਰ ਜਾਂ ਪਿੰਡਾਂ ਵਿਚ ਕੰਮ ਕਰਨ ਵਾਲੇ ਕਿਸੇ ਮੈਂਬਰ ਨੂੰ ਤਨਖਾਹ ਨਹੀਂ ਮਿਲੇਗੀ। ਬਰਾਬਰੀ ਦੇ ਆਧਾਰ ‘ਤੇ ਰੋਟੀ ਕੱਪੜਾ ਪਾਰਟੀ ਦੇ ਸਾਂਝੇ ਲੰਗਰ ਤੇ ਸਟੋਰ ਤੋਂ ਮਿਲੇਗਾ।
12æ ਅਖ਼ਬਾਰ ਦਾ ਕੋਈ ਚੰਦਾ ਨਹੀਂ ਹੋਵੇਗਾ। ਅਖ਼ਬਾਰ ਮੁਫ਼ਤ ਵੰਡਿਆ ਜਾਵੇਗਾ।
________________________________________________
‘ਗ਼ਦਰ’ ਤੋਂ ਗ਼ਦਰ ਪਾਰਟੀ ਤੱਕ
1908 ਵਿਚ ਤਕਰੀਬਨ ਪੰਜ ਹਜ਼ਾਰ ਭਾਰਤੀ ਬਸ਼ਿੰਦੇ ਕੈਨੇਡਾ ਪੁੱਜੇ ਸਨ। ਇਨ੍ਹਾਂ ਵਿਚ 99 ਫੀਸਦੀ ਲੋਕ ਪੰਜਾਬੀ ਸਨ ਤੇ ਇਨ੍ਹਾਂ ਪੰਜਾਬੀਆਂ ਵਿਚੋਂ 90 ਫੀਸਦੀ ਗਿਣਤੀ ਸਿੱਖਾਂ ਦੀ ਸੀ। ਇਨ੍ਹਾਂ ਵਿਚੋਂ ਬਹੁਤੇ ਰੋਜ਼ੀ-ਰੋਟੀ ਦੀ ਤਲਾਸ਼ ਲਈ ਆਏ ਸਨ ਪਰ ਕੁਝ ਵਿਦਿਆਰਥੀ ਵੀ ਵੱਖ-ਵੱਖ ਯੂਨੀਵਰਸਿਟੀਆਂ ਵਿਚ ਦਾਖ਼ਲ ਹੋਏ। ਇਨ੍ਹਾਂ ਵਿਚ ਬਰਕਲੇ, ਸਟੈਨਫਰਡ ਅਤੇ ਹਾਰਵਰਡ ਯੂਨੀਵਰਸਿਟੀਆਂ ਮੁੱਖ ਸਨ। ਲਾਲਾ ਹਰਦਿਆਲ ਸਟੈਨਫਰਡ ਯੂਨੀਵਰਸਿਟੀ ਅਤੇ ਸੰਤ ਤੇਜਾ ਸਿੰਘ ਹਾਰਵਰਡ ਯੂਨੀਵਰਸਿਟੀ ਵਿਚ ਦਾਖ਼ਲ ਹੋਏ। ਸੰਨ 1912 ਤੱਕ ਪਹੁੰਚਦਿਆਂ ਇਨ੍ਹਾਂ ਸਿੱਖ ਕਾਮਿਆਂ ਅਤੇ ਲਾਲਾ ਹਰਦਿਆਲ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਰਲ ਕੇ ‘ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸਿਫਿਕ ਕੋਰਟ’ ਬਣਾ ਲਏ। ਇਸ ਐਸੋਸੀਏਸ਼ਨ ਦਾ ਟਿੱਚਾ ਭਾਰਤ ਦੇਸ਼ ਦੀ ਆਜ਼ਾਦੀ ਮਿੱਥਿਆ ਗਿਆ ਇਸ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਭਕਨਾ ਅਤੇ ਜਨਰਲ ਸਕੱਤਰ ਜੀæਡੀæ ਕੁਮਾਰ ਬਣੇ। ਜੀæਡੀæ ਕੁਮਾਰ ਦੇ ਬਿਮਾਰ ਹੋਣ ਕਾਰਨ ਜਨਰਲ ਸਕੱਤਰ ਲਾਲਾ ਹਰਦਿਆਲ ਨੂੰ ਬਣਾਇਆ ਗਿਆ। ਇਨ੍ਹਾਂ ਸਾਰਿਆਂ ਨੇ ਰਲ ਕੇ ਪਹਿਲੀ ਨਵੰਬਰ 1913 ਨੂੰ ਐਸੋਸੀਏਸ਼ਨ ਦੇ ਪ੍ਰਚਾਰ ਲਈ ‘ਗ਼ਦਰ’ ਦੇ ਨਾਂ ਹੇਠ ਉਰਦੂ ਪਰਚਾ ਛਾਪਣਾ ਸ਼ੁਰੂ ਕੀਤਾ। ਬਾਅਦ ਵਿਚ ਗ਼ਦਰ ਦਾ ਪੰਜਾਬੀ ਐਡੀਸ਼ਨ ਵੀ ਆਰੰਭ ਕੀਤਾ ਗਿਆ। ਇਸ ਪਰਚੇ ਨੇ ਇੰਨਾ ਗ਼ਦਰ ਮਚਾਇਆ ਕਿ ਐਸੋਸੀਏਸ਼ਨ ਦੀ ਥਾਂ ਦੇ ਜਥੇਬੰਦੀ ਦਾ ਨਾਂ ‘ਗ਼ਦਰੀਆਂ ਦੀ ਪਾਰਟੀ’ ਅਤੇ ਫਿਰ ਸਮਾਂ ਪਾ ਕੇ ‘ਗ਼ਦਰ ਪਾਰਟੀ’ ਪੈ ਗਿਆ।
_________________________________________________
ਕਸ਼ਮੀਰ ਦੀ ਆਜ਼ਾਦੀ
ਗ਼ਦਰੀਆਂ ਨੇ ਸਭ ਤੋਂ ਪਹਿਲਾਂ ਕਸ਼ਮੀਰ ਰਿਆਸਤ ਨੂੰ ਆਜ਼ਾਦ ਕਰਵਾਉਣ ਦਾ ਟੀਚਾ ਰੱਖਿਆ ਸੀ। ਇਸ ਯੋਜਨਾ ਤਹਿਤ 1925 ਤੱਕ ਕਸ਼ਮੀਰ ਉਤੇ ਕਬਜ਼ਾ ਕਰ ਲਿਆ ਜਾਣਾ ਸੀ। ਇਸ ਤੋਂ ਬਾਅਦ ਰਿਆਸਤ-ਦਰ-ਰਿਆਸਤ ਆਜ਼ਾਦ ਕਰਵਾਈਆਂ ਜਾਣੀਆਂ ਸਨ, ਪਰ 25 ਜੁਲਾਈ 1914 ਨੂੰ ਗ਼ਦਰੀਆਂ ਨੇ ਆਪਣੀ ਇਸ ਲੰਮੇ ਸਮੇਂ ਦੀ ਵਿਉਂਤਬੰਦੀ ਵਿਚ ਮੁੱਢੋਂ-ਸੁੱਢੋਂ ਹੀ ਤਬਦੀਲ ਕਰ ਦਿੱਤੀ। ਇਕ ਤਾਂ ਯੂਰਪ ਵਿਚ ਜੰਗ ਛਿੜ ਗਈ। ਗ਼ਦਰੀਆਂ ਦੀ ਰਾਏ ਸੀ ਕਿ ਇਸ ਜੰਗ ਵਿਚ ਅੰਗਰੇਜ਼ ਕਮਜ਼ੋਰ ਪੈਣਗੇ; ਇਸ ਲਈ ਗਰਮ ਲੋਹੇ ਉਤੇ ਸੱਟ ਮਾਰ ਦਿੱਤੀ ਜਾਵੇ। ਦੂਜੇ, ਗ਼ਦਰੀਆਂ ਨੇ ਭਾਰਤ ਵਿਚ ਹਾਲਾਤ ਦਾ ਜਾਇਜ਼ ਲੈਣ ਲਈ ਜਿਹੜੇ ਵਫਦ ਭਾਰਤ ਭੇਜੇ ਸਨ, ਉਨ੍ਹਾਂ ਦੀ ਰਿਪੋਰਟ ਸੀ ਕਿ ਹਾਲਾਤ ਹੱਲੇ ਲਈ ਸਾਜ਼ਗਾਰ ਹਨ ਅਤੇ ਗ਼ਦਰ ਆਰੰਭ ਹੋਣ ਦੀ ਸੂਰਤ ਵਿਚ ਲੋਕ ਵੱਡੀ ਗਿਣਤੀ ਵਿਚ ਨਾਲ ਚੱਲਣਗੇ। ਸੋ, ਗ਼ਦਰੀਆਂ ਨੇ ਤੁਰੰਤ ਭਾਰਤ ਵੱਲ ਚਾਲੇ ਪਾਉਣ ਦੀ ਵਿਉਂਤ ਬਣਾ ਲਈ।
ਸਾਂਝ ਦੇ ਸੁਨੇਹੇ
ਗ਼ਦਰੀਆਂ ਦੀ ਧਰਮ ਦੇ ਮਾਮਲੇ ਵਿਚ ਸਮਝ ਬਹੁਤ ਸਾਫ ਅਤੇ ਸਪਸ਼ਟ ਸੀ। ਧਰਮ ਨੂੰ ਹਰ ਇਕ ਬੰਦੇ ਦਾ ਨਿੱਜੀ ਮਸਲਾ ਮੰਨਿਆ ਗਿਆ। ਪਾਰਟੀ ਵਿਚ ਧਰਮ ਬਾਰੇ ਚਰਚਾ ਦੀ ਵੀ ਇਕ ਤਰ੍ਹਾਂ ਨਾਲ ਮਨਾਹੀ ਸੀ। ਸਭ ਦਾ ਇਕ-ਦੂਜੇ ਨਾਲ ਨਾਤਾ ਕੌਮੀ ਆਧਾਰ ‘ਤੇ ਸੀ। ਪਾਰਟੀ ਦੀ ਸਮਝ ਸੀ ਕਿ ਹਰ ਹਿੰਦੋਸਤਾਨੀ, ਹਿੰਦੁਸਤਾਨੀ ਹੋਵੇਗਾ।

Be the first to comment

Leave a Reply

Your email address will not be published.