ਮੁੱਲਾਂ ਦੀ ਦੌੜ

ਬਲਜੀਤ ਬਾਸੀ
ਫੋਨ: 734-259-9353
ਇਸ ਕਾਲਮ ਵਿਚ ਪਹਿਲਾਂ ਵੀ ਕਈ ਵਾਰੀ ਜ਼ਿਕਰ ਹੋ ਚੁੱਕਾ ਹੈ ਕਿ ਲੋਕ ਵਾਣੀ ਦੇ ਵਿਅੰਗਮਈ ਤੀਰ ਕਿਸੇ ਗੁਰੂ, ਪੀਰ, ਪੈਗੰਬਰ, ਪੰਡਿਤ, ਜਾਣੋਂ ਕਿਸੇ ਵੀ ਦੇਵ ਪੁਰਸ਼ ਨੂੰ ਨਹੀਂ ਬਖਸ਼ਦੇ। ਗੁਰੂ ਲਈ ਗੁਰੂ-ਘੰਟਾਲ, ਪੰਡਿਤ ਲਈ ਪੋਂਗਾ ਪੰਡਿਤ, ਮੁੱਲਾਂ ਲਈ ਕਠਮੁੱਲਾ ਅਤੇ ਸਾਧ ਲਈ ਓਮੀ ਸਾਧ ਜਿਹੇ ਲਕਬ ਬਖਸ਼ਦਿਆਂ ਲੋਕ ਬਿਲਕੁਲ ਖ਼Lੌਫ਼ ਨਹੀਂ ਖਾਂਦੇ। ਇਸਲਾਮ ਧਰਮ ਦੇ ਅਹਿਮ ਰੁਤਬੇ ਵਾਲੇ ਮੁੱਲਾਂ ਦੀ ਬਹੁਤ ਮਿੱਟੀ ਪਲੀਤ ਹੋਈ ਹੈ। ਉਸ ਦੀ ਦੌੜ ਮਸੀਤ ਤੱਕ ਹੀ ਹੈ, ਉਹ ਮੁਫਤ ਦੀ ਸ਼ਰਾਬ ਵੀ ਨਹੀਂ ਛੱਡਦਾ, ਦੋ ਮੁੱਲਾਂ ਵਿਚ ਵਿਚਾਰੀ ਮੁਰਗੀ ਵੀ ਹਰਾਮ ਹੋ ਜਾਂਦੀ ਹੈ ਨਾਲੇ ਨਵਾਂ ਮੁੱਲਾ ਪਿਆਜ਼ ਬਹੁਤ ਖਾਂਦਾ ਹੈ। ਬੁਲ੍ਹੇ ਸ਼ਾਹ ਨੂੰ ਵੀ ਮੁੱਲਾਂ ‘ਤੇ ਸ਼ਿਕਾਇਤ ਹੈ,

ਬੁੱਲਿ੍ਹਆ ਮੁੱਲਾਂ ਅਤੇ ਮਸਾਲਚੀ, ਦੋਹਾਂ ਇੱਕੋ ਚਿੱਤ।
ਲੋਕਾਂ ਕਰਦੇ ਚਾਨਣਾ, ਆਪ ਹਨੇਰੇ ਵਿਚ।
ਮੁੱਲਾਂ ਜਿਹੋ ਜਿਹੇ ਹੋਣ, ਆਪਣਾ ਕੰਮ ਹੈ ਮੁੱਲਾਂ ਸ਼ਬਦ ਕਿੱਥੋਂ ਦੌੜ ਕੇ ਆਇਆ, ਉਹ ਮਸੀਤ ਵਿਚ ਕਿਵੇਂ ਪੁੱਜਾ। ਮੁੱਲਾਂ ਮੁਸਲਮਾਨ ਧਰਮ ਵਿਚ ਇੱਕ ਅਹਿਮ ਪਦਵੀ ਹੈ ਜਿਸ ਨੂੰ ਚੌਧਰੀ ਜਿਹਾ ਬਿਆਨਿਆ ਜਾ ਸਕਦਾ ਹੈ। ਇਹ ਕਈ ਇਸਲਾਮੀ ਦੇਸ਼ਾਂ ਵਿਚ ਰਾਜੇ, ਸੁਲਤਾਨ ਜਾਂ ਕਿਸੇ ਹੋਰ ਹਾਕਿਮ ਲਈ ਸਨਮਾਨਯੋਗ ਖਿਤਾਬ ਵਜੋਂ ਵਰਤਿਆ ਜਾਂਦਾ ਹੈ। ਮੱਧ ਪੂਰਬ ਅਤੇ ਹਿੰਦੁਸਤਾਨੀ ਖਿੱਤੇ ਵਿਚ ਇਹ ਇਸਲਾਮ ਧਰਮ ਦੇ ਦਾਨਿਸ਼ਮੰਦ, ਬੁੱਧੀਮਾਨ ਜਾਂ ਰਹਿਨੁਮਾ ਲਈ ਵਰਤਿਆ ਜਾਂਦਾ ਹੈ। ਧਰਮਾਂ ਵਿਚ ਆਪਣੇ ਸਭ ਤੋਂ ਵੱਡੇ ਇਸ਼ਟ ਦੀ ਸਿਫ਼ਤ ਵਿਚ ਕਈ ਨਾਮ ਵਿਸ਼ੇਸ਼ਣ ਵਰਤੇ ਜਾਂਦੇ ਹਨ। ਕੁਰਾਨ ਵਿਚ ਮੁੱਲਾ ਸ਼ਬਦ ਅੱਲਾ ਲਈ ਧਰਤ ਜੀਵਾਂ ਦੇ ਮਾਲਿਕ, ਸਵਾਮੀ ਆਦਿ ਦੇ ਅਰਥਾਂ ਵਿਚ ਆਇਆ ਹੈ ਤੇ ਏਹੀ ਸ਼ਬਦ ਫਿਰ ਧਰਤੀ ‘ਤੇ ਵਿਚਰਦੇ ਧਾਰਮਿਕ ਆਗੂਆਂ ਲਈ ਵਰਤਿਆ ਜਾਣ ਲੱਗਾ। ਕਈ ਵਾਰੀ ਇਹ ਮਹਾਤਮਾ ਲੋਕ ਨਜ਼ਰਾਂ ਵਿਚ ਏਨਾ ਗਿਰ ਜਾਂਦੇ ਹਨ ਕਿ ਉਨ੍ਹਾਂ ਲਈ ਓਹੀ ਵਿਸ਼ੇਸ਼ਣ ਨਿੰਦਾਜਨਕ ਲਕਬ ਬਣ ਜਾਂਦਾ ਹੈ। ਬਾਬਾ ਸ਼ਬਦ ਤੋਂ ਸਾਰੀ ਗੱਲ ਸਮਝ ਆ ਜਾਵੇਗੀ।
ਮੁੱਲਾਂ ਸ਼ਬਦ ਦੀ ਆਮ ਵਰਤੋਂ ਇਸਲਾਮ ਦੇ ਮਦਰਸਿਆਂ ਜਾਂ ਮਸੀਤਾਂ ਵਿਚ ਮਜ਼ਹਬੀ ਸਿੱਖਿਆ ਦੇਣ ਵਾਲੇ ਉਸਤਾਦਾਂ, ਪ੍ਰਚਾਰਕਾਂ ਜਾਂ ਆਗੂਆਂ ਲਈ ਕੀਤੀ ਜਾਂਦੀ ਹੈ। ਇਹ ਸ਼ਰ੍ਹਾ ਦੇ ਗਿਆਤਾ ਹੁੰਦੇ ਹਨ, ਮਸੀਤਾਂ ਵਿਚ ਨਮਾਜ਼ ਅਦਾ ਕਰਾਉਂਦੇ ਹਨ। ਉਹ ਕਾਜ਼ੀ ਦੇ ਨਾਇਬ ਹੁੰਦੇ ਹੋਏ ਮਰਨੇ ਪਰਨੇ, ਨਿਕਾਹ ਤੇ ਹੋਰ ਧਾਰਮਿਕ ਰਸਮਾਂ ਵੀ ਨਿਭਾਉਂਦੇ ਹਨ। ਉਹ ਹੱਥ ਹੌਲਾ ਵੀ ਕਰ ਦਿੰਦੇ ਹਨ ਤੇ ਨਜੂਮੀਆਂ ਜਿਹਾ ਕੰਮ ਵੀ ਕਰ ਲੈਂਦੇ ਹਨ। ਭਾਵੇਂ ਸਿੱਖਾਂ ਦੇ ਗ੍ਰੰਥੀਆਂ ਵਾਂਗ ਹੀ ਰਸਮੀ ਤੌਰ ‘ਤੇ ਇਨ੍ਹਾਂ ਲਈ ਇਸਲਾਮ ਦੀ ਕਿਸੇ ਪੜ੍ਹਾਈ ਦੀ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਇਨ੍ਹਾਂ ਨੇ ਆਮ ਤੌਰ ‘ਤੇ ਮਦਰਸਿਆਂ ਜਾਂ ਹੋਰ ਸਕੂਲਾਂ ਤੋਂ ਸਿਖਿਆ ਲਈ ਹੁੰਦੀ ਹੈ। ਜੇ ਮੁੱਲਾਂ ਸ਼ਬਦ ਦੀ ਹੋਰ ਵੀ ਖੁੱਲ੍ਹੀ ਵਿਆਖਿਆ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸਲਾਮੀ ਸਿਖਿਆਵਾਂ ਮੁਹੱਈਆ ਕਰਾਉਣ ਵਾਲੀ ਸਮੁੱਚੀ ਜਮਾਤ ਹੀ ਮੁੱਲਾਂ ਹੁੰਦੀ ਹੈ।
ਕਾਜ਼ੀ ਮੁੱਲਾਂ ਮੱਤੀਂ ਦੇਂਦੇ,
ਖਰੇ ਸਿਆਣੇ ਰਾਹ ਦਸੇਂਦੇ,
ਇਸ਼ਕ ਕੀ ਲੱਗੇ ਰਾਹਿ ਨਾਲ -ਹਾਸ਼ਿਮ।
ਗੁਰੂ ਨਾਨਕ ਫਰਮਾਉਂਦੇ ਹਨ,’ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ’। ਪਰਲੋਕ ਮਨ ਵਿਚ ਮੁੱਲਾਂ ਲੋਭ ਲਾਲਚ ਦੀ ਸਾਕਾਰ ਮੂਰਤ ਵਜੋਂ ਉਭਰਦਾ ਹੈ, ਲਹਿੰਦੀ ਦੀ ਇਕ ਕਹਾਵਤ ਵੀ ਹੈ, ‘ਮੁੱਲਾਂ ਜੀ ਕੁਝ ਖਾਸੋ, ਯਾ ਬਿਸਮਿੱਲਾ, ਮੁੱਲਾਂ ਜੀ ਕੁਛ ਦੇਸੋ? ਨੌਜ਼ ਬਿੱਲਾ ਮੁੱਲਾਂ’ ਮਾਅਨੇ ਮੁੱਲਾਂ ਜੀ ਕੁਝ ਖਾਓਗੇ? ਰੱਬ ਦੇ ਨਾਂ `ਤੇ ਜ਼ਰੂਰ ਖਾਵਾਂਗਾ; ਮੁੱਲਾਂ ਜੀ ਕੁਝ ਦੇਵੋਗੇ? ਰੱਬ ਮੇਰੀ ਖੈਰ ਰੱਖੇ, ਕੁਝ ਨਹੀਂ ਦੇਵਾਂਗਾ। ਮੁੱਲਾਂ ਦੇ ਨਾਲ ਪੰਡਿਤ ਨੂੰ ਵੀ ਨੱਥੀ ਹੋ ਗਿਆ, ‘ਪੰਡਿਤ ਪੋਥੀ ਵਾਚਦੇ ਮੁੱਲਾਂ ਪੜ੍ਹੇ ਕੁਰਾਨ, ਲੋਕ ਦਿਖਾਵਾ ਲੱਖ ਪੜ੍ਹੋ, ਨਾਂਹ ਮਿਲੇ ਭਗਵਾਨ’। ਮੁੱਲਾਂ ਸ਼ਬਦ ਹਰ ਉਸ ਸ਼ਖਸ ਲਈ ਵਰਤ ਲਿਆ ਜਾਂਦਾ ਹੈ ਜੋ ਕੱਟੜ ਹੋਵੇ, ਜੋ ਹਰ ਗੱਲ ਧਾਰਮਿਕ ਨਜ਼ਰੀਏ ਤੋਂ ਹੀ ਕਰਦਾ ਹੋਵੇ, ਜੋ ਦੂਜੇ ਦੇ ਧਰਮ ਨੂੰ ਨਫਰਤ ਕਰਦਾ ਹੋਵੇ। ਅਨੁਮਾਨ ਲਾਓ, ਮੁੱਲਾਂ ਹੀ ਅਜਿਹਾ ਹੈ ਤਾਂ ਨੀਮ-ਮੁੱਲਾ ਕੇਹਾ ਹੋਵੇਗਾ, ‘ਨੀਮ ਹਕੀਮ ਖਤਰਾ-ਏ-ਜਾਨ, ਨੀਮ ਮੁੱਲਾ ਖਤਰਾ-ਏ-ਇਮਾਨ’ ਮਤਲਬ ਘੱਟ ਪੜ੍ਹਿਆ ਮੁੱਲਾਂ ਸਾਨੂੰ ਕੀ ਰੱਬੀ ਇਲਮ ਦੇਵੇਗਾ! ਜੇ ਮੁੱਲਾਂ ਬਾਰੇ ਅਜੇ ਵੀ ਤਸੱਲੀ ਨਹੀਂ ਹੋਈ ਤਾਂ ਸੁਥਰੇ ਦੀ ਇੱਕ ਹਾਸ ਰਸੀ ਕਵਿਤਾ ਪੜ੍ਹ ਲੈਣਾ ਜਿਸ ਵਿਚ ਮੁੱਲਾਂ ਨੂੰ ਮੁਫਤ ਦੀਆਂ ਮਿਲੀਆਂ ਰੋਟੀਆਂ ਇੱਕ ਧੋਬੀ ਦਾ ਕੁੱਤਾ ਖਾ ਜਾਂਦਾ ਹੈ ਤਾਂ ਧੋਬੀ ਰੋਣ ਲਗਦਾ ਹੈ ਕਿ ਹੁਣ ਉਸ ਦਾ ਬਲਦ ਵੀ ਮੁੱਲਾ ਵਾਂਗ ਹੀ ਨਿਕੰਮਾ ਹੋ ਜਾਵੇਗਾ।
ਮੁੱਲਾਂ ਦਾ ਮੂਲ ਮੁੱਲਾ ਹੈ ਜੋ ਸੈਮਿਟਿਕ ਅਸਲੇ ਦਾ ਹੈ ਇਸ ਲਈ ਇਸ ਦੇ ਬੀਜ ਅਰਬਾਂ ਦੀ ਧਰਤੀ ਵਿਚ ਪਏ ਹਨ। ਅਰਬੀ ਤੋਂ ਅੱਗੇ ਫਾਰਸੀ ਵਿਚ ਆਇਆ ਤੇ ਭਾਰਤ ਵਿਚ ਇਸਲਾਮ ਦੇ ਫੈਲਾਅ ਨਾਲ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋਇਆ। ਅਰਬੀ ਵਿਚ ਇਸ ਦਾ ਰੂਪ ‘ਮੌਲਾ’ ਹੈ ਜਿਸ ਤੋਂ ਵਿਗੜ ਕੇ ਮੁੱਲਾ ਬਣਿਆ ਤੇ ਫਿਰ ਵਿਗੜ ਕੇ ਮੁੱਲਾਂ, ਮਤਲਬ ਧੁਨੀ ਅਨੁਨਾਸਕ ਹੋ ਗਈ। ਅਰਬੀ ਮੌਲਾ ਦਾ ਅਰਥ ਸੁਆਮੀ, ਮਾਲਕ, ਮਦਦਗਾਰ ਹੈ। ਸਾਡੀਆਂ ਭਾਸ਼ਾਵਾਂ ਵਿਚ ਵੀ ਮੌਲਾ ਖੂਬ ਪ੍ਰਚੱਲਤ ਹੈ। ਪੰਜਾਬੀ ਵਿਚ ਮੌਲਾ ਸ਼ਬਦ ਮਾਲਕ, ਸੁਆਮੀ, ਮੁਨਸਿਫ, ਮੁਕਤੀਦਾਤਾ ਹੈ ਜੋ ਰੱਬ ਦੇ ਅਰਥਾਂ ਵਿਚ ਹੀ ਲਿਆ ਜਾਵੇਗਾ, ‘ਮੌਲਾ ਯਾਰ ਤੇ ਬੇੜਾ ਪਾਰ’। ਗੁਰੂ ਅਰਜਨ ਦਾ ਕਥਨ ਹੈ, ‘ਮਉਲਾ ਖੇਲ ਕਰੇ ਸਭਿ ਆਪੇ’। ਗੁਰੂ ਨਾਨਕ ਦੇਵ ਨੇ ਵੀ ਮਉਲਾ ਦੀ ਸਾਰ ਲਈ ਹੈ, ’ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ’। ਏਥੇ ‘ਮਉਲਿਆ’ ਸ਼ਬਦ ਦਾ ਅਰਬੀ ਵਲੋਂ ਆਏ ਮੌਲਾ/ਮਉਲਾ ਨਾਲ ਕੋਈ ਸਬੰਧ ਨਹੀਂ। ਮਉਲਿਆ ਦਾ ਅਰਥ ਹੈ ਖਿੜਿਆ, ਪ੍ਰਫੁੱਲਤ ਕੀਤਾ, ਇਹ ਸੰਸਕ੍ਰਿਤ ਵਲੋਂ *ਮੁਕੁਲ ਸ਼ਬਦ ਤੋਂ ਵਿਉਤਪਤ ਹੋਇਆ ਜਿਸ ਵਿਚ ਮੌਲਣ ਦਾ ਭਾਵ ਹੈ। ਮੌਲਾ ਦਾ ਇੱਕ ਅਰਥ ਬੁਢਾ ਬਲਦ ਵੀ ਹੈ। ਸ਼ਾਇਦ ਇਸ ਲਈ ਕਿ ਬੁਢੇ ਵਾਰੇ ਉਹ ਕੰਮ ਤੋਂ ਮੁਕਤ ਹੋ ਜਾਂਦਾ ਹੈ। ‘ਮਸਤ ਮੌਲਾ’ ਵੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਕੋਈ ਫਿਕਰ ਨਾ ਹੋਵੇ, ਜੋ ਦੁਨੀਆਂਦਾਰੀ ਤੋਂ ਮੁਕਤ ਹੋ ਚੁੱਕਾ ਹੋਵੇ, ਫੱਕਰ। ’ਮੌਲਾ ਕੇ ਨਾਮ’ ਦਾ ਮਤਲਬ ਰੱਬ ਦੇ ਨਾਂ, ‘ਯਾ ਮੌਲਾ’ = ਹੇ ਰੱਬਾ। ਮੌਲਾ ਸ਼ਬਦ ਨਾਵਾਂ ਵਿਚ ਵੀ ਵਰਤ ਲਿਆ ਜਾਂਦਾ ਹੈ ਜਿਵੇਂ ਮੌਲਾ ਬਖਸ਼ ਕੁਸ਼ਤਾ, ਮੌਲਾ ਸਿੰਘ। ਮੌਲਾ ਸ਼ਾਹ (ਮੌਲਾ ਸ਼ਾਹ ਰਹਿਮਤਾ ਅੱਲ੍ਹਾ ਅਲੀਆ 1836–1944) ਪੰਜਾਬੀ ਦਾ ਇਕ ਸੂਫ਼ੀ ਅਤੇ ਰਹੱਸਵਾਦੀ ਕਵੀ ਹੋਇਆ ਹੈ। ‘ਹਰਫਨ ਮੌਲਾ’ ਜੋ ਸਭ ਕਲਾਵਾਂ ਵਿਚ ਮਾਹਿਰ ਹੋਵੇ ਲਫਜ਼ੀ ਮਾਅਨੇ ਹਨ ਸਭ ਹੁਨਰ (ਹਰ = ਸਭ, ਫਨ = ਹੁਨਰ)। ਅਰਬੀ ਸ਼ਬਦ ਮੌਲਵੀ ਵੀ ਮੌਲਾ ਤੋਂ ਹੀ ਨਿਕਲਿਆ ਹੈ ਤੇ ਇਸ ਦੇ ਅਰਥ ਵੀ ਲਗਭਗ ਮੁੱਲਾਂ ਵਾਲੇ ਹੀ ਹਨ ਪਰ ਇਹ ਮੁੱਲਾਂ ਵਾਲੇ ਨਿੰਦਾ ਸੂਚਕ ਪਸਾਰਾਂ ਤੋਂ ਬਚਿਆ ਰਿਹਾ। ਇਸੇ ਸ਼ਬਦ ਦਾ ਇੱਕ ਹੋਰ ਵਿਸਤਾਰ ਹੈ ਮੌਲਾਣਾ/ਮੌਲਾਨਾ ਯਾਨੀ ਮੌਲਾ-ਅਨਾ (ਅਨਾ = ਸਾਡਾ) ਜਿਸ ਦਾ ਅਰਬੀ ਵਿਚ ਅਰਥ ਹੈ, ਸਾਡਾ ਸੁਆਮੀ। ਮੌਲਵੀ ਤੇ ਮੌਲਾਣਾ (ਪੰਜਾਬੀ ਵਿਚ ਮੁਲਾਣਾ) ਦੋਵੇਂ ਮੁਕਾਬਲਤਨ ਸਨਮਾਨ ਸੂਚਕ ਹਨ।
ਉਪਰੋਕਤ ਸ਼ਬਦਾਂ ਦਾ ਤਿੰਨ ਅੱਖਰੀ ਅਰਬੀ ਮੂਲ ਵ-ਲ-ਯ ਹੈ ਜਿਸ ਵਿਚ ਨੇੜੇ ਜਾਂ ਗੁਆਂਢੀ ਹੋਣ ਦਾ ਭਾਵ ਹੈ। ਜੋ ਲਾਗੇ ਜਾਂ ਗੁਆਂਢੀ ਹੁੰਦਾ ਹੈ ਉਹ ਹੀ ਮਦਦਗਾਰ, ਸਹਾਇਕ ਹੁੰਦਾ ਹੈ ਇਸ ਲਈ ਅਰਬੀ ਵਿਚ ਇਸ ਤੋਂ ਬਣੇ ਸ਼ਬਦ ‘ਵਲੀ’ ਵਿਚ ਇਹ ਭਾਵ ਆ ਗਏ। ਇਸ ਤੋਂ ਅੱਗੇ ਇਸ ਦੇ ਅਰਥਾਂ ਦਾ ਵਿਸਥਾਰ ਹੁੰਦਾ ਹੁੰਦਾ ਸਹਾਈ, ਦੋਸਤ, ਰਿਸ਼ਤੇਦਾਰ, ਰਖਵਾਲਾ, ਰੱਬ ਦੇ ਨੇੜੇ ਵਾਲਾ, ਸੰਤ, ਮਹਾਤਮਾ, ਅਧਿਕਾਰੀ, ਹਾਕਮ ਜਾਂ ਸ਼ਾਸਕ ਜਿਹੇ ਅਰਥਾਂ ਤੱਕ ਪਹੁੰਚ ਗਿਆ। ਧਰਮ ਤੇ ਰਾਜਨੀਤੀ ਇਸ ਕਦਰ ਇੱਕ ਦੂਜੇ ਵਿਚ ਓਤ-ਪੋਤ ਰਹੇ ਹਨ ਕਿ ਧਰਮ ਨੂੰ ਕੰਟਰੋਲ ਕਰਨ ਵਾਲਾ ਹੀ ਰਾਜ ਨੂੰ ਕੰਟਰੋਲ ਕਰਦਾ ਹੈ। ਸ਼ਬਦ ਇਸ ਯਥਾਰਥ ਨੂੰ ਹੀ ਪ੍ਰਗਟ ਕਰਦੇ ਹਨ। ਧਾਰਮਿਕ ਪ੍ਰਸੰਗ ਵਿਚ ਪਰਮਾਤਮਾ ਤੇ ਫਿਰ ਅੱਗੇ ਦੁਨਿਆਵੀ ਪੱਧਰ `ਤੇ ਇਸ ਦੇ ਪ੍ਰਚਾਰਕ ਹੀ ਇੱਕ ਤਰ੍ਹਾਂ ਲੋਕਾਈ ਦੇ ਸੁਆਮੀ ਹੁੰਦੇ ਹਨ। ਅਰਬੀ ਉਕਤੀ ‘ਵਲੀਅਹਿਦ’ ਦਾ ਮਤਲਬ ਵਕਤ ਦਾ ਹਾਕਮ, ਤਖਤ ਦਾ ਵਾਰਿਸ ਹੁੰਦਾ ਹੈ। ਅਰਬ ਦੁਨੀਆ ਵਿਚ ਹਾਕਮ ਨੂੰ ਵਲੀ ਕਿਹਾ ਜਾਂਦਾ ਸੀ। ਗੁਰੂ ਅਰਜਨ ਦੇਵ ਦੀ ਫਾਰਸੀ ਬਾਣੀ ਵਿਚ ਇਹ ਸ਼ਬਦ ਆਇਆ ਹੈ,’ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ, ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ’। ਵਾਰਿਸ ਸ਼ਾਹ ਦੇ ਕਿੱਸੇ ਵਿਚ ਇਹ ਸ਼ਬਦ ਕਈ ਵਾਰੀ ਆਇਆ ਹੈ। ਕਾਜ਼ੀ ਨੇ ਗੁੱਸੇ ਵਿਚ ਆ ਕੇ ਹੀਰ ਖੇੜਿਆਂ ਨੂੰ ਦੇ ਦਿੱਤੀ,
ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ,
ਮਾਰੋ ਇਹ ਫ਼ਕੀਰ ਦਗ਼ੋਲੀਆ ਜੇ।
ਵਿਚੋਂ ਚੋਰ ਤੇ ਯਾਰ ਤੇ ਲੁੱਚ ਲੁੰਡਾ,
ਵੇਖੋ ਬਾਹਰੋਂ ਵਲੀ ਤੇ ਔਲੀਆ ਜੇ।
ਉਪਰ ਆਇਆ ਔਲੀਆ ਸ਼ਬਦ ਅਸਲ ਵਿਚ ਵਲੀ ਦਾ ਹੀ ਅਰਬੀ ਭਾਸ਼ਾ ਵਿਚ ਬਹੁਵਚਨ ਹੈ। ਪੰਜਾਬੀ ਵਿਚ ਕਈ ਵਾਰੀ ਇੱਕਵਚਨ ਵਜੋਂ ਹੀ ਵਰਤਿਆ ਜਾਂਦਾ ਹੈ। ਹਜ਼ਰਤ ਨਿਜ਼ਾਮੂਦੀਨ ਔਲੀਆ ਦੇ ਨਾਂ ਪਿੱਛੇ ਇਹ ਸ਼ਬਦ ਲਗਦਾ ਹੈ ਕਿਉਂਕਿ ਭਾਰਤੀ ਇਸਲਾਮ ਵਿਚ ਇਸ ਸ਼ਬਦ ਦੀ ਮਹੱਤਤਾ ਹੈ। ਗੁਰੂ ਅਰਜਨ ਦੇਵ ਨੇ ਇਹ ਸ਼ਬਦ ਇਸ ਤਰ੍ਹਾਂ ਵਰਤਿਆ ਹੈ, ’ਪੀਰ ਪਿਕਾਬਰ ਸੇਖ ਮਸਾਇਕ ਅਉਲੀਏ, ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ’ ਅਰਥਾਤ ਕਈ ਪੀਰ ਪੈਗੰਬਰ, ਸ਼ੇਖ, ਵਲੀ (ਤੇਰੇ ਗੁਣ ਗਾ ਰਹੇ ਹਨ) ਤਾਣੇ ਪੇਟੇ ਵਾਂਗ ਤੂੰ ਹਰ ਸਰੀਰ ਵਿਚ ਮੌਲ ਰਿਹਾ ਹੈਂ। ਵਲੀ ਦੇ ਹੀ ਨਾਲ ਲਗਦਾ ਸ਼ਬਦ ਹੈ ‘ਵਾਲੀ’ ਜਿਸ ਦਾ ਅਰਥ ਵੀ ਮਾਲਕ, ਸੁਆਮੀ, ਸਰਪਰਸਤ ਹੈ। ਬੁੱਲ੍ਹੇ ਸ਼ਾਹ ਤੋਂ ਇਸ ਸ਼ਬਦ ਦੀ ਸੋਅ ਲਵੋ,
ਬੇਲੀ ਅੱਲਾ ਵਾਲੀ ਮਾਲਕ ਹੋ, ਤੁਸੀਂ ਆਪੇ ਆਪਣੇ ਸਾਲਕ ਹੋ,
ਆਪੇ ਖ਼ਲਕਤ ਆਪ ਖ਼ਾਲਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ ।
‘ਵਾਲੀ ਵਾਰਸ’ ਸ਼ਬਦ ਜੁੱਟ ਵਿਚ ਇਹ ਸ਼ਬਦ ਮੌਜੂਦ ਹੈ। ਇਸ ਤੋਂ ਅੱਗੇ ਬਣਿਆ ਹੋਰ ਸ਼ਬਦ ਹੈ ਮਵਾਲੀ (ਅਰਬੀ ਮੁਵਾਲੀ) ਜਿਸ ਦਾ ਅਰਥ ਵੀ ਸੁਆਮੀ, ਮੱਦਦਗਾਰ, ਸਰਦਾਰ ਹੈ,
ਪਿਆਰੇ ਆਪ ਜਮਾਲ ਵਿਖਾਲੀ। ਹੋਏ ਕਲੰਦਰ ਮਸਤ ਮਵਾਲੀ।
ਧਿਆਨ ਰਹੇ ਕਿ ‘ਮਵਾਲੀ’ ਸ਼ਬਦ-ਜੋੜਾਂ ਵਾਲਾ ਇੱਕ ਹੋਰ ਸ਼ਬਦ ਹੈ ਜਿਸ ਦਾ ਅਰਥ ਗੁੰਡਾ, ਲਫੰਗਾ, ਬਦਮਾਸ਼ ਹੈ। ਇੱਕ ਸਰੋਤ ਅਨੁਸਾਰ ਦੱਖਣ ਭਾਰਤ ਦੇ ਇੱਕ ਲੁੱਟ-ਮਾਰ ਕਬੀਲੇ ਦਾ ਨਾਂ ਮਵਾਲੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਇਸ ਅਰਥ ਵਿਚ ਮਵਾਲੀ ਕਹਿ ਦਿੱਤਾ ਸੀ ਜਿਸ `ਤੇ ਕਿਸਾਨ ਭੜਕ ਪਏ ਸਨ। ਵਲੀ ਤੋਂ ਹੀ ਅੱਗੇ ਇੱਕ ਪੰਜਾਬੀ ਵਿਚ ਖੂਬ ਪ੍ਰਚੱਲਤ ਹੋਰ ਸ਼ਬਦ ਬਣਦਾ ਹੈ, ਵਲਾਇਤ। ਇਸ ਸ਼ਬਦ ਨੂੰ ਅਸੀਂ ਪੰਜਾਬੀ ਆਮ ਤੌਰ `ਤੇ ਰਵਾਇਤੀ ਤੌਰ `ਤੇ ਇੰਗਲੈਂਡ ਜਾਂ ਕਿਸੇ ਪੱਛਮੀ ਦੇਸ਼ ਦੇ ਅਰਥ ਵਜੋਂ ਲੈਂਦੇ ਹਾਂ ਪਰ ਇਸ ਵਿਚ ਮੁਢਲੇ ਤੌਰ `ਤੇ ਹਕੂਮਤ, ਸ਼ਾਸਨ, ਰਾਜ, ਸਲਤਨਤ ਦੇ ਭਾਵ ਹਨ। ਇਸ ਬਾਰੇ ਵਿਸਥਾਰ ਵਿਚ ਬਹੁਤ ਪਹਿਲਾਂ ਲਿਖਿਆ ਜਾ ਚੁੱਕਾ ਹੈ।
ਡਾਕਟਰ ਅਮਰਵੰਤ ਸਿੰਘ ਵਲੋਂ ਰਚੇ ‘ਅਰਬੀ-ਫਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਨਾਮੀ ਕੋਸ਼ ਵਿਚ ‘ਮੁੱਲਾ’ ਸ਼ਬਦ ਦੀ ਵਿਉਤਪਤੀ ਬੜੀ ਗ਼ਲਤ ਦਿੱਤੀ ਹੋਈ ਹੈ। ਉਸ ਅਨੁਸਾਰ ਇਹ ਸ਼ਬਦ ਅਰਬੀ ‘ਇਮਲਾ’ ਤੋਂ ਬਣਿਆ ਹੈ ਜਿਸ ਦਾ ਭਾਵ ‘ਬਹੁਤ ਲਿਖਣ ਵਾਲਾ ਇਮਲਾ ਭਾਵ ਭਰਿਆ ਹੋਇਆ’ ਦਿੱਤਾ ਹੋਇਆ ਹੈ। ਇਸ ਤੋਂ ਫਿਰ ਉਹ ਬਹੁਤ ਪੜ੍ਹਿਆ-ਲਿਖਿਆ ਦੇ ਅਰਥ ਕੱਢਦਾ ਵੱਡਾ ਆਲਮ ਫਾਜ਼ਿਲ ਤੇ ਫਿਰ ਅੱਗੇ ਮਸੀਤ ਮਦਰਸੇ ਵਿਚ ਪੜ੍ਹਾਉਣ ਵਾਲੇ ਅਰਥਾਂ ਵੱਲ ਵਧਦਾ ਹੈ। ਇਹ ਬਹੁਤ ਹਾਸੋ-ਹੀਣੀ ਵਿਆਖਿਆ ਹੈ। ਅਰਬੀ ‘ਇਮਲਾ’ ਲਫ਼ਜ਼ ਵਿਚ ਭਰਨ, ਪੂਰਾ ਕਰਨ, ਠੀਕ ਤਰ੍ਹਾਂ ਲਿਖਣ ਬੋਲ ਕੇ ਲਿਖਾਉਣ ਦੇ ਭਾਵ ਹਨ। ਉਰਦੂ ਦੇ ਜ਼ਮਾਨੇ ਵਿਚ ਅਧਿਆਪਕ ਠੀਕ ਲਿਖਣ ਦੇ ਅਭਿਆਸ ਕਰਾਉਣ ਲਈ ਵਿਦਿਆਰਥੀਆਂ ਨੂੰ ਇਮਲਾ ਲਿਖਾਇਆ ਕਰਦੇ ਸਨ। ਅੱਜ ਕੱਲ੍ਹ ਪਤਾ ਨਹੀਂ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ।