ਗੁਲਜ਼ਾਰ ਸਿੰਘ ਸੰਧੂ
ਅਸੀਂ ਚੰਡੀਗੜ੍ਹ ਦੀ ਦਹਿਲੀਜ਼ ਅਤੇ ਪੰਜਾਬ ਦੀ ਸਰਹੱਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਤ੍ਰੈ-ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਦਾ ਜਲਵਾ ਵੇਖ ਕੇ ਵਿਹਲੇ ਹੋਏ ਹਾਂ| ਇਸ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਪ੍ਰਨਾਈਆਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਨਿੱਠ ਕੇ ਭਾਗ ਲਿਆ ਅਤੇ ਨਿਧੜਕ ਹੋ ਕੇ ਆਪਣੇ ਵਿਚਾਰ ਪ੍ਰਗਟ ਕੀਤੇ|
ਤਿੰਨ ਦਿਨ ਲਗਾਤਾਰ ਚੱਲੇ 9 ਸੈਸ਼ਨਾਂ ਵਿਚ ਸਾਹਿਤ, ਸਭਿਆਚਾਰ, ਸਮਾਜ, ਸਿਖਿਆ ਤੇ ਸੱਤਾ ਦੇ ਵਿਸ਼ਿਆਂ ਉਤੇ ਗੰਭੀਰ ਚਰਚਾ ਹੋਈ| ਇਸ ਤੋਂ ਬਿਨਾਂ ਰਘਬੀਰ ਸਿੰਘ ਸਿਰਜਣਾ, ਸੁਰਿੰਦਰ ਗਿੱਲ, ਸਿਰੀ ਰਾਮ ਅਰਸ਼, ਰਿਪੁਦਮਨ ਸਿੰਘ ਰੂਪ ਤੇ ਸੁਰਜੀਤ ਕੌਰ ਬੈਂਸ ਤੇ ਮੇਰੇ ਵਰਗੇ ਕਲਮਕਾਰਾਂ ਦਾ ਸਨਮਾਨ ਵੀ ਕੀਤਾ ਗਿਆ|
ਆਲਮੀ ਪੰਜਾਬੀ ਕਾਨਫਰੰਸਾਂ ਦੀ ਨੀਂਹ 1980 ਦੇ ਬਰਤਾਨੀਆ ਵਿਚ ਵਸਦੇ ਰਣਜੀਤ ਧੀਰ, ਅਵਤਾਰ ਜੰਡਿਆਲਵੀ, ਸ਼ੇਰ ਜੰਗ ਜਾਂਗਲੀ ਤੇ ਰਵਿੰਦਰ ਰਵੀ ਨੇ ਉਸ ਵਰ੍ਹੇ ਦੀ ਗਰਮ ਰੁੱਤ ਵਿਚ 15 ਦਿਨਾਂ ਦੇ ਸਾਹਿਤਕ ਤੇ ਸਭਿਆਚਾਰਕ ਜਸ਼ਨ ਮਨਾ ਕੇ ਰੱਖੀ ਸੀ| ਇਹ ਗੱਲ ਨੋਟ ਕਰਨ ਵਾਲੀ ਹੈ ਕਿ ਉਥੇ ਸ਼ਿਰਕਤ ਕਰਨ ਵਾਲੇ ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਸੋਹਨ ਸਿੰਘ ਮੀਸ਼ਾ, ਹਰਿਭਜਨ ਸਿੰਘ ਤੇ ਹਰਭਜਨ ਬਾਜਵਾ ਵਰਗੇ ਫੋਟੋਗਰਾਫਰ ਅਤੇ ਹੋਰ ਦਰਜਣ ਸਾਹਿਤ ਰਸੀਆਂ ਨੇ ਉਦੋਂ ਬਰਤਾਨੀਆ ਦੀ ਧਰਤੀ ਉੱਤੇ ਪਹਿਲੀ ਵਾਰ ਪੈਰ ਧਰਿਆ ਸੀ| ਉਸ ਧਰਤੀ ਉੱਤੇ ਜਿੱਥੋਂ ਦੇ ਸ਼ੇਕਸਪੀਅਰ, ਟਾਮਸ ਹਾਰਡੀ, ਮਿਲਟਨ ਤੇ ਸ਼ੈਲੇਅ ਨੂੰ ਉਹ ਆਪਣੀਆਂ ਪਾਠ ਪੁਸਤਕਾਂ ਵਿਚ ਹੀ ਪੜ੍ਹਦੇ ਤੇ ਪੜ੍ਹਾਉਂਦੇ ਰਹੇ ਸਨ| ਖੂਬੀ ਇਹ ਕਿ 15 ਦਿਨ ਲਗਾਤਾਰ ਚੱਲੀ ਇਸ ਕਾਨਫਰੰਸ ਵਿਚ ਅਸੀਂ ਬਰਤਾਨਵੀ ਸਾਹਿਤਕਾਰਾਂ ਦੇ ਘਰ-ਘਾਟ ਵੀ ਤੱਕੇ ਜਿਨ੍ਹਾਂ ਵਿਚ ਉਨ੍ਹਾਂ ਦੇ ਕੰਮ ਕਰਨ ਵਾਲੀਆਂ ਮੇਜ ਕੁਰਸੀਆਂ ਤੇ ਲਿਖਣ ਵਾਲੀਆਂ ਕਲਮਾਂ ਵੀ ਉਥੋਂ ਦੀ ਸਰਕਾਰ ਨੇ ਸੰਭਾਲ ਕੇ ਤੇ ਸਜਾ ਕੇ ਰੱਖੀਆਂ ਹੋਈਆਂ ਸਨ|
ਇਸ ਕਾਨਫਰੰਸ ਦੇ ਵੱਖ-ਵੱਖ ਸੈਸ਼ਨ ਕੇਵਲ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੇ ਵਿਹੜਿਆਂ ਵਿਚ ਹੀ ਨਹੀਂ ਗੁਰਦੁਆਰਿਆਂ ਤੇ ਮਸਜਿਦਾਂ ਵਿਚ ਵੀ ਵਿਉਂਤੇ ਗਏ ਸਨ ਜਿੱਥੇ ਸਾਡੇ ਵਰਗਿਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਸੀ। ਏਥੇ ਵਡੇਰੀ ਉਮਰ ਦੇ ਲੇਖਕ ਜਾਂ ਮਹਿਲਾ ਰਚਨਾਕਾਰਾਂ ਨੂੰ ਹੱਥ ਦਾ ਸਹਾਰਾ ਦੇ ਕੇ ਆਪਣੇ ਬਰਾਬਰ ਤੋਰਨਾ ਵੀ ਆਮ ਸੀ| ਹਰ ਕੋਈ ਹਰ ਕਿਸੇ ਦਾ ਆਪਣਾ ਸੀ| ਪ੍ਰਮਾਣ ਵਜੋਂ ਸੂਫ਼ੀਆਨਾ ਕਲਾਮ ਦੀ ਚਰਚਾ ਮਾਨਚੈਸਟਰ ਦੀ ਵੱਡੀ ਮਸਜਿਦ ਦੇ ਵਿਹੜੇ ਹੋਈ ਸੀ| ਇਸ ਦਾ ਆਗਾਜ਼ ਲੰਮੀ ਦਾੜ੍ਹੀ ਵਾਲੇ ਮੁੱਲਾਂ ਮੁਲਾਣਿਆਂ ਨੇ ਸੂਫੀ ਮੱਤ ਦੇ ਗੁਣ ਗਾਇਨ ਨਾਲ ਕੀਤਾ| ਜਦੋਂ ਉਨ੍ਹਾਂ ਨੇ ਬਾਹਰੋਂ ਆਏ ਪ੍ਰਾਹੁਣਿਆਂ ਨੂੰ ਮੰਚ ਸੌਂਪ ਕੇ ਬੇਨਤੀ ਕੀਤੀ ਕਿ ਸਾਡੇ ਵਿਚੋਂ ਵੀ ਕੋਈ ਬੋਲੇ ਤਾਂ ਸੰਤ ਸਿੰਘ ਸੇਖੋਂ ਨੇ ਆਪ ਬੋਲਣ ਦੀ ਥਾਂ ਹਰਿਭਜਨ ਸਿੰਘ ਦਾ ਨਾਂ ਲਿਆ| ਕੀ ਬੋਲਿਆ ਤਾਂ ਮੈਨੂੰ ਹੁਣ ਚੇਤੇ ਨਹੀਂ, ਪਰ ਕਿਵੇਂ ਤੇ ਕਿਸ ਅਦਾ ਵਿਚ ਬੋਲਿਆ ਉਸਨੇ ਮੁੱਲਾਂ ਮੁਲਾਣਿਆਂ ਦੇ ਕਹੇ ਉੱਤੇ ਸੁਹਾਗਾ ਫੇਰ ਦਿੱਤਾ| ਅਜਿਹਾ ਸੁਹਾਗਾ ਕਿ ਸੇਖੋਂ ਦੇ ਮੁੱਖ ਤੋਂ ਨਿਕਲੇ ਸ਼ਬਦ ਮੈਨੂੰ ਕਦੀ ਨਹੀਂ ਭੁਲਣੇ| ਉਹ ਸਨ, ‘ਦੇਖਿਆ ਸਾਡਾ ਹਰਿਭਜਨ ਸਿੰਘ?’
ਬਰਤਾਨੀਆ ਵਾਲੀ ਕਾਨਫਰੰਸ ਵਲੋਂ ਇਨ੍ਹਾਂ ਕਾਨਫਰੰਸਾਂ ਦੀ ਨੀਂਹ ਰੱਖਣ ਦਾ ਨਤੀਜਾ ਹੀ ਇਹ ਕਾਨਫਰੰਸ ਕਹੀ ਜਾ ਸਕਦੀ ਹੈ ਜਿਸਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਥੱਲੇ ਸੁਸ਼ੀਲ ਤੇ ਕਮਲ ਦੁਸਾਂਝ ਜੋੜੀ ਨੇ ਸਿਖਰਾਂ ਉੱਤੇ ਪਹੁੰਚਾਇਆ| ਉਨ੍ਹਾਂ ਨੂੰ ਇਸ ਸਭਾ ਵੱਲੋਂ 2016 ਤੇ 2019 ਵਿਚ ਕਰਵਾਈਆਂ ਕਾਨਫਰੰਸਾਂ ਦਾ ਤਜਰਬਾ ਸੀ| ਸੱਜਰੀ ਕਾਨਫਰੰਸ ਵਿਚ ਵਿਚਾਰੇ ਗਏ ਵਿਸ਼ਿਆਂ ਤੇ ਬੁਲਾਰਿਆਂ ਦਾ ਵੇਰਵਾ ਤਾਂ ਮੀਡੀਆ ਵਿਚ ਆ ਚੁੱਕਿਆ ਹੈ ਫੇਰ ਵੀ ਕੁਝ ਇੱਕ ਦੇ ਨਾਂ ਦੱਸਣੇ ਬਣਦੇ ਹਨ| ਉਹ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਾਲਾ ਡਾ. ਮਨਜਿੰਦਰ ਸਿੰਘ, ਸੀਨੀਅਰ ਪੱਤਰਕਾਰ ਹਮੀਰ ਸਿੰਘ ਤੇ ਅਜੀਤ ਸਮਾਚਾਰ ਸਮੂਹ ਦਾ ਪ੍ਰਤੀਨਿਧ ਸਤਨਾਮ ਸਿੰਘ ਮਾਣਕ, ਗੌਹਰ ਰਜ਼ਾ, ਸੇਵਾ ਮੁਕਤ ਆਈ.ਏ.ਐਸ. ਅਫਸਰ ਅਸ਼ੋਕ ਗੁਪਤਾ ਤੇ ਡਾ. ਜਸਵਿੰਦਰ ਸਿੰਘ|
ਉਂਝ ਨਾਮਧਾਰੀ ਸਤਿਗੁਰੂ ਉਦੈ ਸਿੰਘ ਦੀ ਸਰਪ੍ਰਸਤੀ ਥੱਲੇ 7 ਮਾਰਚ 2025 ਨੂੰ ਅਰੰਭ ਹੋਈ ਇਸ ਕਾਨਫਰੰਸ ਵਿਚ ‘ਦੇਸ਼ ਅਸਾਡਾ ਕਿਥੋਂ ਕਿੱਥੇ ਪਹੁੰਚ ਗਿਆ’ ਦੇ ਗੰਭੀਰ ਵਿਸ਼ੇ ਸਮੇਂ ਵਰਿਆਮ ਸਿੰਘ ਸੰਧੂ, ਲਖਵਿੰਦਰ ਜੌਹਲ, ਗੁਰਭਜਨ ਗਿੱਲ, ਦਰਸ਼ਨ ਬੁੱਟਰ, ਹਰਜੀਤ ਅਟਵਾਲ, ਤੇ ਦੀਪ ਦੇਵਿੰਦਰ ਦੀ ਸ਼ਿਰਕਤ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਪ੍ਰਬੰਧਕਾਂ ਦੀ ਚੋਣ ਤੇ ਤਰਤੀਬ ਕਿਹੋ ਜਿਹੀ ਸੀ| ਏਥੇ ਅਜੋਕੇ ਭਾਰਤ ਵਿਚ ਔਰਤਾਂ ਸਾਹਮਣੇ ਚੁਣੌਤੀਆਂ ਹੀ ਨਹੀਂ ਵਿਚਾਰੀਆਂ ਗਈਆਂ, ਸਗੋਂ ਭਾਸ਼ਾ, ਸਾਹਿਤ ਤੇ ਸਿਖਿਆ ਦੇ ਮਸਲੇ ਵੀ ਉਜਾਗਰ ਹੋਏ ਜਿਨ੍ਹਾਂ ਵਿਚ ਸਰੋਤਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਪਾਇਆ| ਅੰਤਲੇ ਸੈਸ਼ਨ ਵਿਚ ਡਾ. ਮਨਮੋਹਨ, ਗੁਰਤੇਜ ਸਿੰਘ ਗੁਰਾਇਆ, ਮੱਖਣ ਕੌਹਾੜ ਤੇ ਸੇਵਾ ਮੁਕਤ ਆਈ.ਏ.ਐਸ. ਅਫ਼ਸਰ ਅਸ਼ੋਕ ਗੁਪਤਾ ਨੇ ‘ਸੰਵਿਧਾਨ, ਸੱਤਾ ਤੇ ਲੋਕ’ ਵਰਗੇ ਗੰਭੀਰ ਵਿਸ਼ੇ ਉੱਤੇ ਗੱਲਬਾਤ ਕਰਦਿਆਂ ਕਾਨਫਰੰਸ ਵਿਚ ਭਾਗ ਨਾ ਲੈ ਸਕਣ ਵਾਲਿਆਂ ਦੀ ਵੀ ਪ੍ਰਤੀਨਿਧਤਾ ਕੀਤੀ। 7 ਮਾਰਚ ਨੂੰ ਸੂਫੀਆਨਾ ਸ਼ਾਮ ਤੇ 8 ਮਾਰਚ ਦੀ ਸ਼ਾਮ ਨੂੰ ਨਾਟਕਕਾਰ ਆਤਮਜੀਤ ਵਲੋਂ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਉੱਤੇ ਆਧਾਰਤ ‘ਕਿਸ਼ਤੀਆਂ ਵਿਚ ਜਹਾਜ਼’ ਨਾਮੀ ਨਾਟਕ ਦੀ ਪੇਸ਼ਕਾਰੀ ਵੀ ਸ਼ਲਾਘਾ ਦਾ ਸੋਮਾ ਬਣੀ|
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਪਾਕਿਸਤਾਨ ਦੇ ਲੇਖਕਾਂ ਦੀ ਗ਼ੈਰ-ਹਾਜ਼ਰੀ ਜ਼ਰੂਰ ਰੜਕਦੀ ਰਹੀ ਜਿਸਦਾ ਮੂਲ ਕਾਰਨ ਉਨ੍ਹਾਂ ਦੇ ਵੀਜ਼ੇ ਨਾ ਲੱਗਣਾ ਸੀ| ਫੇਰ ਵੀ ਬਰਤਾਨੀਆ, ਅਮਰੀਕਾ, ਤੇ ਕੈਨੇਡਾ ਦੀਆਂ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਦੀ ਪ੍ਰਤੀਨਿਧਤਾ ਨੇ ਉਸ ਪਾਸੇ ਧਿਆਨ ਨਹੀਂ ਜਾਣ ਦਿੱਤਾ| ਅਜਿਹੀਆਂ ਕਾਨਫਰੰਸਾਂ ਸਾਨੂੰ ਆਵਾਸ ਤੇ ਪਰਵਾਸ ਦੇ ਮਸਲਿਆਂ ਨਾਲ ਹੀ ਨਹੀਂ ਜੋੜਦੀਆਂ ਇਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਾਉਂਦੀਆਂ ਹਨ| ਇਨ੍ਹਾਂ ਦਾ ਪ੍ਰਬੰਧਨ ਔਖਾ ਤਾਂ ਹੈ ਪਰ ਇਸਦੇ ਲਾਭ ਵੀ ਗੁੱਝੇ ਨਹੀਂ| ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਸ਼ਲਾਘਾ ਦੀ ਹੱਕਦਾਰ ਹੈ!
ਅੰਤਿਕਾ
ਹਰਿਭਜਨ ਸਿੰਘ
ਅਜੇ ਤੱਕ ਓਸ ਥਾਵੇਂ ਚੱਲ ਰਿਹਾ ਹੈ ਜਸ਼ਨ ਜੀਭਾਂ ਦਾ,
ਕਦੇ ਲੰਘਿਆ ਸੀ ਜਿਥੋਂ ਕਾਫਲਾ ਮੇਰੇ ਗੁਨਾਹਾਂ ਦਾ|
ਜਿਹੜੀ ਏਕਾਂਤ ਵਿਚ ਮੈਂ ਤੂੰ ਮਿਲੇ ਸਾਂ, ਉਹ ਨਹੀਂ ਲਭਦੀ,
ਬੜਾ ਹੈ ਸ਼ੋਰ ਉਂਝ ਤਾਂ ਦੋਸਤਾ ਸਾਡੇ ਗਵਾਹਾਂ ਦਾ|
ਉਹ ਮੈਨੂੰ ਕਤਲਗਾਹ ਪਹੁੰਚਾਣ ਖਾਤਰ ਤੁਰ ਕੇ ਨਾਲ ਆਏ,
ਹੈ ਕਿੰਨਾ ਆਸਰਾ, ਇਤਬਾਰ, ਮੈਨੂੰ ਖੈਰ-ਖਵਾਹਾਂ ਦਾ|
ਜਿਨ੍ਹਾਂ ਨੂੰ ਉਹ ਦੇਰ ਤੱਕ ਵਿਹੰਦੇ ਰਹੇ ਬੁਝਦੇ ਸਿਫਰ ਵਾਂਗੂੰ,
ਉਨ੍ਹਾਂ ਦੀ ਖੈਰ ਲਈ ਬਲਦਾ ਸੀ ਦੀਵਾ ਖਾਨਦਾਹਾਂ ਦਾ|
