ਪੁਰਾਣਾ ਸ਼ਹਿਦ: ਸ਼ਹੀਦੀ ਦਾ ਰੁਮਾਂਸ

ਅਮਰਜੀਤ ਚੰਦਨ
ਆਓ ਸ਼ਹੀਦ ਹੋਈਏ – ਗ਼ਦਰ ਦੀ ਗੂੰਜ, 1914
ਸ਼ਹੀਦੀ ਹੀ ਜੀਵਨ ਹੈ – ਸੰਤ ਸਿਪਾਹੀ, 1989
ਪੰਜਾਬੀ, ਉਰਦੂ, ਫ਼ਾਰਸੀ ਤੇ ਅਰਬੀ ਦੀ ਤਕਰੀਬਨ ਸਾਰੀ ਤਰੱਕੀਪਸੰਦ ਸ਼ਾਇਰੀ ਵਿਚ ਸ਼ਹੀਦ ਤੇ ਲਹੂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪੰਜਾਬੀ ਲੋਕਬਾਣੀ ਵੀ ਸਿਰਾਂ ‘ਤੇ ਖੱਫਣ ਬੰਨ੍ਹ ਕੇ ਮੌਤ ਲਾੜੀ ਨੂੰ ਪਰਨਾਵਣ ਵਰਗੇ ਇਸਤਿਆਰਿਆਂ ਨਾਲ ਭਰੀ ਪਈ ਹੈ। ਇਹਦਾ ਪਿਛੋਕੜ ਧਰਮ ਹੈ। ਭਾਵੇਂ ਹਿੰਦੂ ਮਤ ਵਿਚ ਸ਼ਹੀਦੀ ਦਾ ਸੰਬੋਧ ਸਿਧਾਂਤਕ ਰੂਪ ਵਿਚ ਨਹੀਂ ਮਿਲਦਾ; ਪਰ ਬਲੀ ਦਾ ਸੰਬੋਧ ਜ਼ਰੂਰ ਹੈ, ਜਿਸ ਵਿਚ ਮਨੁੱਖ ਦੀ ਬਲੀ ਆਮ ਤੌਰ ‘ਤੇ ਉਹਦੀ ਮਰਜ਼ੀ ਦੇ ਖ਼ਿਲਾਫ਼ ਦਿੱਤੀ ਜਾਂਦੀ ਹੈ।

ਕੁਰਾਨ ਵਿਚ ਸ਼ਹੀਦ ਤੇ ਜੱਨਤ ਦਾ ਕਈ ਥਾਈਂ ਜ਼ਿਕਰ ਆਉਂਦਾ ਹੈ। ਸ਼ਹੀਦ ਸਿੱਧਾ ਜੱਨਤ ਖ਼ੁਦਾ ਦੇ ਹਜ਼ੂਰ ਵਿਚ ਜਾਂਦਾ ਹੈ। ਜੱਨਤ ਦੇ ਚਾਰ ਦਰਜੇ ਹਨ: ਪਹਿਲੇ ਵਿਚ ਪੈਗ਼ੰਬਰ, ਦੂਜੇ ਵਿਚ ਈਮਾਨ ਵਾਲੇ ਤੇ ਤੀਜੇ ਵਿਚ ਸ਼ਹੀਦ ਹੁੰਦੇ ਹਨ ਅਤੇ ਚੌਥੇ ਵਿਚ ਆਮ ਨੇਕ ਬੰਦੇ (ਸੂਰਾ-ਏ-ਨਿਸਾ 4- ਆਇਤ 69)। ਖ਼ੁਦਾ ਉਨ੍ਹਾਂ ਨੂੰ ਇਨਾਮ ਤੇ ਮਨਪਸੰਦ ਦੀ ਰੋਜ਼ੀ ਰਿਜ਼ਕ ਦੇਵੇਗਾ ਤੇ ਜੱਨਤੀਆਂ ਨੂੰ ਉਹ ਸਭ ਕੁਝ ਮਿਲ਼ੇਗਾ, ਜੋ ਇਸ ਜਹਾਨ ਵਿਚ ਨਹੀਂ ਮਿਲਦਾ। ਵੱਡੀਆਂ-ਵੱਡੀਆਂ ਅੱਖੀਆਂ ਵਾਲੀਆਂ ਹੂਰਾਂ ਹੋਣਗੀਆਂ, ਜੋ ਨਿਗਾਹਾਂ ਨੀਵੀਂਆਂ ਰਖਦੀਆਂ ਹੋਣਗੀਆਂ। (ਸੂਰਾ-ਏ-ਸਫ਼ਾ 3: 37-ਆਇਤਾਂ 48 ਤੇ 49)। ਓਥੇ ਉਹ ਇਕ ਦੂਸਰੇ ਤੋਂ ਸ਼ਰਾਬ ਦੇ ਜਾਮ ਝਪਟ ਲਿਆ ਕਰਨਗੇ, ਪਰ ਜਿਨ੍ਹਾਂ ਦੇ ਪੀਣ ਨਾਲ ਕੋਈ ਨਸ਼ਾ ਨਹੀਂ ਹੋਏਗਾ ਅਤੇ ਨਾ ਹੀ ਕੋਈ ਗੁਨਾਹ ਕੀ ਬਾਤ ਅਤੇ ਮੋਤੀਆਂ ਵਰਗੇ ਲੌਂਡੇ (ਗਿਲਮਾਨ) ਖ਼ਿਦਮਤਗਾਰ ਉਨ੍ਹਾਂ ਦੇ ਆਲੇ-ਦੁਆਲੇ ਫਿਰਨਗੇ (ਸੂਰਾ-ਏ-ਤੂਰ 52-ਆਇਤਾਂ 23 ਤੇ 24)।
ਕੁਰਾਨ ਵਿਚ ਦਰਜ ਹੈ ਕਿ ਜੋ ਲੋਕ ਖ਼ੁਦਾ ਦੇ ਰਾਹ ਵਿਚ ਮਾਰੇ ਜਾਣ, ਉਨ੍ਹਾਂ ਦੀ ਨਿਸਬਤ ਇਹ ਆਖਣਾ ਕਿ ਉਹ ਮਰੇ ਹੋਏ ਹਨ; ਉਹ ਮੁਰਦਾ ਨਹੀਂ, ਸਗੋਂ ਜ਼ਿੰਦਾ ਹਨ, ਲੇਕਿਨ ਤੁਸੀਂ ਨਹੀਂ ਜਾਣਦੇ (ਸੂਰਾ-ਏ-ਬਕਰਾ 2-ਆਇਤ 154)। ਉਹ ਖ਼ੁਦਾ ਦੇ ਨਜ਼ਦੀਕ ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਰਿਜ਼ਕ ਮਿਲ ਰਿਹਾ ਹੈ। ਜੋ ਕੁਝ ਖ਼ੁਦਾ ਨੇ ਉਨ੍ਹਾਂ ਨੂੰ ਅਪਣੇ ਫ਼ਜ਼ਲੋਂ ਬਖ਼ਸ਼ ਰਖਿਆ ਹੈ, ਉਹ ਉਸੇ ਵਿਚ ਖ਼ੁਸ਼ ਹਨ। ਜੋ ਲੋਕ ਉਨ੍ਹਾਂ ਦੇ ਪਿੱਛੇ ਰਹਿ ਗਏ ਅਤੇ ਸ਼ਹੀਦ ਹੋ ਕੇ ਉਨ੍ਹਾਂ ਵਿਚ ਸ਼ਾਮਿਲ ਨਹੀਂ ਹੋ ਸਕੇ, ਉਨ੍ਹਾਂ ਦੀ ਨਿਸਬਤ ਖ਼ੁਸ਼ੀਆਂ ਮਨਾ ਰਹੇ ਹਨ ਕਿ ਕਿæਆਮਤ ਦੇ ਦਿਨ ਉਨ੍ਹਾਂ ਨੂੰ ਵੀ ਨਾ ਕੋਈ ਖ਼ੌਫ਼ ਹੋਏਗਾ ਤੇ ਨਾ ਹੀ ਗ਼ਮਨਾਕ ਹੋਣਗੇ। ਜੇ ਤੁਸੀਂ ਖ਼ੁਦਾ ਦੇ ਰਸਤੇ ਵਿਚ ਮਾਰੇ ਜਾਓ ਜਾਂ ਮਰ ਜਾਓ, ਤਾਂ ਤੁਸੀਂ ਖ਼ੁਦਾ ਦੇ ਹਜ਼ੂਰ ਜ਼ਰੂਰ ਇਕੱਠੇ ਕੀਤੇ ਜਾਓਗੇ (ਸੂਰਾ-ਏ-ਆਲੇ ਇਮਰਾਨ 3- ਆਇਤਾਂ 157-158)। ਜੱਨਤ ਵਿਚ ਮੌਤ ਨਹੀਂ। ਓਥੇ ਕੋਈ ਇੱਛਾ ਨਹੀਂ। ਇਸ ਲਈ ਔਰਤ ਮਰਦ ਦਾ ਸਰੀਰਕ ਮੇਲ ਨਹੀਂ ਹੁੰਦਾ। ਭੁੱਖ-ਤੇਹ ਨਹੀਂ ਲਗਦੀ। ਸ਼ਰਾਬ ਮਿਲ਼ਦੀ ਹੈ, ਪਰ ਨਸ਼ਿਓਂ ਬਗ਼ੈਰ।
ਗੁਰਬਾਣੀ ਵਿਚ ਸ਼ਹੀਦ ਦਾ ਜ਼ਿਕਰ ਇਕ-ਅੱਧ ਵਾਰ ਹੀ ਹੋਇਆ ਮਿਲਦਾ ਹੈ। ਨਾਨਕ ਜੀ ਲਿਖਦੇ ਹਨ: ਪੀਰ ਪੈਗੰਮਰ ਸਾਲਕ ਸਾਦਕ ਸੁਹਦੇ ਆਉਰ ਸਹੀਦ (ਸਿਰੀ ਅਸਟਪਦੀ, ਪੰਨਾ 53)।
ਭਾਈ ਗੁਰਦਾਸ ਨੇ ਲਿਖਿਆ ਸੀ:
ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ।
ਸਬਰ ਸਿਦਕ ਸਹੀਦ ਭਰਮ ਭਉ ਖੋਵਣਾ॥
ਅਥਵਾ ਮੁਰੀਦ ਅਮਲੀ ਜੀਵਨ ਨਾਲ ਹੀ ਬਣਦਾ ਹੈ, ਗੱਲਾਂ ਨਾਲ ਨਹੀਂ। ਉਹ ਸਭ ਤਰ੍ਹਾਂ ਦੇ ਭਰਮ-ਭਉ ਦੂਰ ਕਰ ਦਿੰਦਾ ਹੈ ਅਤੇ ਸਬਰ ਸਿਦਕ ਨਾਲ ਆਪਾ ਵਾਰ ਦਿੰਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਇਹ ਨਿਆਰੀ ਗੱਲ ਦੱਸੀ ਸੀ ਕਿ ਸ਼ਹੀਦ ਉਹ ਹੁੰਦਾ ਹੈ, ਜੋ ਲੋਹੇ ਦੇ ਹਥਿਆਰ ਨਾਲ ਮਰੇ।
ਸ਼ਹੀਦ ਦੀ ਲੰਮੀ ਵਿਆਖਿਆ ਸੌ ਸਾਖੀ ਵਿਚ ਵੀ ਦਰਜ ਹੈ। ਕੋਈ ਵਿਦਵਾਨ ਇਸ ਲਿਖਤ ਨੂੰ ਸਿੱਕੇਬੰਦ ਲਿਖਤ ਨਹੀਂ ਮੰਨਦਾ, ਪਰ ਆਮ ਸ਼ਰਧਾਵਾਨ ਮੰਨਦਾ ਹੈ। ਇਸ ਵਿਚ ਦਰਜ ਹੈ ਕਿ ਦਸਵੇਂ ਗੁਰੂ ਨੇ ਸਿੱਖਾਂ ਨੂੰ ਦੱਸਿਆ ਕਿ ਸ਼ਹੀਦ ਕੁਬੇਰ ਤੇ ਭਵਰਲੋਕ ਵਿਚ ਰਹਿੰਦੇ ਹਨ ਅਤੇ ‘ਜੋ ਚਾਂਹਦੇ ਸੋ ਪਾਂਵਦੇ ਹੈਨ।’ ਸਿਰਫ਼ ਸ਼ਹੀਦ ਹੋਣ ਵਾਲਾ ਹੀ ਜਨਮ ਮਰਨ ਦੇ ਗੇੜ ‘ਤੋਂ ਮੁਕਤ ਹੁੰਦਾ ਹੈ ਤੇ ਉਹਦੀ ਚੁਰਾਸੀ ਕੱਟੀ ਜਾਂਦੀ ਹੈ। ਜੋ ਸ਼ਹੀਦ ਨਹੀਂ ਹੁੰਦਾ, ਉਹ ਬੁਜ਼ਦਿਲ ਹੈ ਅਤੇ ਉਹ ਚੁਰਾਸੀ ਦੇ ਗੇੜ ਵਿਚ ਫਸਿਆ ਰਹਿੰਦਾ ਹੈ। ਇਸ ਵਿਆਖਿਆ ਪਿੱਛੇ ਹਿੰਦੂ ਮਿਥਿਹਾਸ ਹੈ।
ਇਕ ਵਾਰ ਦਸਮ ਪਾਤਸ਼ਾਹ ਤੋਂ ਸਿੱਖਾਂ ਨੇ ਪੁੱਛਿਆ- ਗੁਰੂ ਜੀ, ਸ਼ਹੀਦ ਕੌਣ ਹੁੰਦੇ ਹਨ? ਇਨ੍ਹਾਂ ਦੀ ਕਰਮ ਕਰਤੂਤ ਬਾਰੇ ਸਾਨੂੰ ਦੱਸੋ। ਗੁਰੂ ਜੀ ਦਾ ਉਤਰ ਇਉਂ ਸੀ- ਸਿੱਖੋ, ਤੁਸੀਂ ਮੈਨੂੰ ਗੁਪਤ ਗੱਲ ਬਾਰੇ ਇਹ ਪੁੱਛ ਕੀਤੀ ਹੈ। ਗੁਰੂ ਆਪਣੇ ਲੋਕਾਂ ਨੂੰ ਹਜ਼ੂਰੀ ਵਿਚ ਰਖਦਾ ਹੈ। ਉਹ ਅਪਣੇ ਸਿੱਖਾਂ ਦੀ ਰੱਛਿਆ ਕਰਦਾ ਹੈ। ਕਲਿਜੁਗ ਦੇ ਸਮੇਂ ਗੁਰੂ ਆਜੜੀ ਵਾਂਙੂੰ ਅਪਣੇ ਸਿੱਖਾਂ ਨਾਲ ਵਰਤਦਾ ਹੈ। ਉਹ ਅਪਣੇ ਸਿੱਖਾਂ ਨੂੰ ਅਪਣੀ ਮਰਜ਼ੀ ਅਨੁਸਾਰ ਤੋਰਦਾ ਹੈ। ਜੇ ਸਿੱਖ ਸਿਦਕ ਵਿਚ ਪੂਰਾ ਹੋਵੇ, ਉਹ ਰਣਭੂਮੀਆਂ ਦਾ ਨਾਇਕ ਹੈ ਤੇ ਭਵਜਲ ਨੂੰ ਪਾਰ ਕਰਦਾ ਹੈ। ਬੁਜ਼ਦਿਲ ਲੋਕੀਂ ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ। ਗੁਰੂ ਅਪਣੇ ਸਿੱਖਾਂ ਸਮੇਤ ਅਪਣੇ ਮੁਰੀਦਾਂ ਦੀ ਉਡੀਕ ਕਰਦਾ ਹੈ। ਜਿਹੜਾ ਵੀ ਆਉਂਦਾ ਹੈ, ਉਹ ਸੰਗਤ ਵਿਚ ਰਲ਼ਦਾ ਜਾਂਦਾ ਹੈ। ਗੁਰੂ ਉਨ੍ਹਾਂ ਨੂੰ ਸੱਚਾ ਧਰਮ ਸਿਖਾਲ਼ ਕੇ ਸੰਸਾਰ ਸਾਗਰ ਤੋਂ ਪਾਰ ਕਰਦਾ ਹੈ। ਸ਼ਹੀਦ ਕੁਬੇਰ ਦੀ ਨਗਰੀ ਤੇ ਭਵਲੋਕ ਵਿਚ ਰਹਿੰਦੇ ਹਨ। ਉਨ੍ਹਾਂ ਦੀ ਹਰ ਇੱਛਾ ਪੂਰਨ ਹੁੰਦੀ ਹੈ। ਭੂਤਾਂ-ਪ੍ਰੇਤਾਂ, ਰਾਖਸ਼ਾਂ, ਆਦਮੀਆਂ, ਪਸ਼ੂਆਂ, ਸੱਪਾਂ, ਪੰਛੀਆਂ, ਜਖਾਂ, ਗੰਧਰਵਾਂ ਅਤੇ ਅਪੱਛਰਾਵਾਂ ਉੱਤੇ ਉਨ੍ਹਾਂ ਦਾ ਹੁਕਮ ਚਲਦਾ ਹੈ। ਜਮਦੂਤ ਵੀ ਉਨ੍ਹਾਂ ਦੀ ਸਲਾਹ ਲੈਂਦੇ ਹਨ। ਸ਼ਾਸਤਰਾਂ ਵਿਚ ਉਨ੍ਹਾਂ ਨੂੰ ਬੇਤਾਲ ਅਤੇ ਵਿਦਿਆਧਰ ਕਿਹਾ ਗਿਆ ਹੈ। ਉਨ੍ਹਾਂ ਦੇ ਅਨੁਯਾਈ ਉਨ੍ਹਾਂ ਦੀ ਪੂਜਾ ਕਰਦੇ ਹਨ ਅਤੇ ਅਪਣੀਆਂ ਇੱਛਾਵਾਂ ਉਨ੍ਹਾਂ ਤੋਂ ਮੰਨਵਾਉਂਦੇ ਹਨ। ਦੁੱਖ-ਸੁੱਖ ਉਨ੍ਹਾਂ ਥਾਣੀਂ ਮਿਲਦੇ ਹਨ। ਦੇਵਤੇ ਭਰਤਖੰਡ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦੇ ਕੇ ਸੁਰਗਾਂ ਵਿਚ ਜਾ ਬੈਠੇ ਹਨ। ਉਨ੍ਹਾਂ ਵਿਚੋਂ ਕਈ ਵਿਸ਼ੇਸ਼ ਪਦਵੀਆਂ ਉੱਤੇ ਇਸਥਿਤ ਹਨ। ਸ਼ਹੀਦ ਵੀ ਕਈ ਪ੍ਰਕਾਰ ਦੇ ਹਨ। ਅੰਨ, ਬਸਤਰ ਅਤੇ ਵਾਹਨ ਉਨ੍ਹਾਂ ਦੇ ਵੱਸ ਵਿਚ ਹਨ। ਉਹ ਸਭ ਦੀਪਾਂ ਤੇ ਖੰਡਾਂ ਦੀ ਸੈਲ ਕਰਦੇ ਹਨ। ਉਹ ਜਨਮ-ਮਰਨ ਦੇ ਗੇੜ ਤੋਂ ਬਾਹਰ ਹਨ। ਗੁਰੂ ਉਨ੍ਹਾਂ ਦੀ ਰੱਛਿਆ ਕਰਦਾ ਹੈ, ਆਜੜੀ ਵਾਂਙੂੰ।
ਅੰਜੀਲ ਦੇ 23ਵੇਂ ਭਜਨ ਵਿਚ ਲਿਖਿਆ ਹੈ- ਪ੍ਰਭੂ ਮੇਰਾ ਆਜੜੀ ਹੈ; ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।
ਇਸ ਸਦੀ ਵਿਚ ਗ਼ਦਰ ਲਹਿਰ ਦੇ ਕਵੀ ਮੌਤ ਜਾਂ ਸ਼ਹੀਦੀ ਨੂੰ ਇਸ ਹੱਦ ਤਕ ਵਡਿਆਉਂਦੇ ਰਹੇ ਕਿ ਉਨ੍ਹਾਂ ਦੇ ਕਬਿਤ ਪੜ੍ਹ ਕੇ ਲਗਦਾ ਹੈ, ਜਿਵੇਂ ਸ਼ਹੀਦ ਹੋਣਾ ਹੀ ਉਨ੍ਹਾਂ ਦੀ ਜ਼ਿੰਦਗੀ ਤੇ ਲਹਿਰ ਦਾ ਮਕਸਦ ਸੀ।
ਗਾਨੇ ਬੰਨ੍ਹ ਲਉ ਹੱਥ ਸ਼ਹੀਦੀਆਂ ਦੇ
ਲੜ ਕੇ ਮਰੋ ਜਾਂ ਮਾਰਨੇ ਹਾਰ ਹੋ ਜਾਉ।

ਨਾਮ ਉਨ੍ਹਾਂ ਦਾ ਵਿਚ ਜਹਾਨ ਰੋਸ਼ਨ
ਜਿਨ੍ਹਾਂ ਸ਼ੌਕ ਸ਼ਹੀਦੀਆਂ ਪਾਵਨੇ ਦਾ।

ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸਜ ਕੇ
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।

ਅਜੇ ਵੀ ਵਕਤ ਕੁਛ ਲੁਟ ਲੌ ਖਜ਼ਾਨਿਆਂ ਨੂੰ
ਖੁੱਲਿ੍ਹਆ ਦੁਆਰਾ ਹੈ ਸ਼ਹੀਦੀਆਂ ਦੇ ਪੌਣ ਦਾ।
ਅੰਤ ਭਾਗਾਂ ਵਾਲਿਆਂ ਨੂੰ ਮਿਲਦੀ ਸ਼ਹੀਦੀ ਵੀਰੋ
ਦੇਸ਼ ਦੇ ਪਿਆਰਿਆਂ ਦੇ ਕੰਮ ਹੈ ਚਲੌਣ ਦਾ।

ਕਾਇਰਾਂ ਨੂੰ ਕਲੰਕ ਲੱਗੇ ਸੂਰਮਾ ਸ਼ਹੀਦ ਹੋਵੇ
ਧਾਰ ਲੌ ਇਰਾਦਾ ਵੀਰੋ ਭਾਰਤ ਬਚੌਣ ਦਾ।
– ਸਾਰੇ ਹਵਾਲੇ ਗ਼ਦਰ ਦੀ ਗੂੰਜ ਵਿਚੋਂ
ਸ਼ਹੀਦੀ ਦੀ ਰਵਾਇਤ ਦੀ ਅਗਲੀ ਕੜੀ ਬੱਬਰ ਅਕਾਲੀ ਲਹਿਰ ਸੀ। ਬੱਬਰਾਂ ਦੀ ਕੋਈ ਲਿਖਤ ਨਹੀਂ ਮਿਲ਼ਦੀ, ਪਰ ਉਨ੍ਹਾਂ ਦੇ ਧਾਰਮਿਕ ਪਿਛੋਕੜ ਨੂੰ ਦੇਖੀਏ, ਤਾਂ ਸ਼ਹੀਦ ਹੋਣ ਦੀ ਗੱਲ ਸਮਝ ਆਉਂਦੀ ਹੈ।
ਇਸ ਤੋਂ ਅਗਲੀ ਕੜੀ ਹੈ ਭਗਤ ਸਿੰਘ, ਜੋ ਪੰਜਾਬੀ ਚੇਤਨਾ ਦਾ ਅਟੁੱਟ ਅੰਗ ਬਣ ਚੁੱਕਾ ਹੈ। ਇਹ ਅਪਣੀਆਂ ਲਿਖਤਾਂ ਵਿਚ ਕਦੇ ਵੀ ਸ਼ਹਾਦਤ ਦਾ ਸਿਧਾਂਤ ਨਹੀਂ ਬਣਾਉਂਦਾ, ਪਰ ਇਹਨੂੰ ਅਚੇਤਨ ਸ਼ਹੀਦ ਹੋਣ ਦੀ ਲਾਲਸਾ ਸੀ। ਇਸ ਬਾਰੇ ਜ਼ਿਕਰ ਇਹਨੇ ਅਪਣੇ ਘਰਦਿਆਂ ਨੂੰ ਅੰਤ ਵੇਲੇ ਲਿਖੀ ਚਿੱਠੀ ਵਿਚ ਵੀ ਕੀਤਾ ਸੀ। (ਇਤਾਲਵੀ ਮਾਰਕਸਵਾਦੀ ਚਿੰਤਕ ਗਰਾਮਸ਼ੀ ਨੇ ਅਪਣੀ ਮੌਤ ਤੋਂ ਪਹਿਲਾਂ ਅਪਣੀ ਪਤਨੀ ਨੂੰ ਲਿਖਿਆ ਸੀ: ਲੋਕ ਭਾਵੇਂ ਕੁਝ ਵੀ ਆਖਣ ਜਾਂ ਸੋਚਣ, ਨਾਇਕ ਜਾਂ ਸ਼ਹੀਦ ਹੋਣ ਦੀ ਮੇਰੀ ਉੱਕਾ ਹੀ ਕੋਈ ਖ਼ਾਹਸ਼ ਨਹੀਂ।) ਭਗਤ ਸਿੰਘ ਨੂੰ ਜ਼ਾਤੀ ਦਹਿਸ਼ਤਪਸੰਦੀ ਦੇ ਮਾਰੂ ਫ਼ਲਸਫ਼ੇ ਦੀ ਕੰਗਾਲੀ ਦਾ ਜੇਲ ਜਾ ਕੇ ਪਤਾ ਲੱਗਾ ਸੀ। ਪਰ ਇਹਦਾ ਇਹ ਪ੍ਰਬੁੱਧ ਮਾਰਕਸੀ ਚਿੰਤਕ ਵਾਲਾ ਪੱਖ ਆਮ ਲੋਕਾਂ ਨੂੰ ਪਤਾ ਨਹੀਂ; ਜੇ ਪਤਾ ਹੋਏ, ਤਾਂ ਅਣਡਿੱਠ ਕਰ ਦਿੰਦੇ ਹਨ।
ਪਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਭਗਤ ਸਿੰਘ ਦੀ ਤਸਵੀਰ ਲੋਕਾਂ ਦੇ ਮਨਾਂ ਵਿਚ ਚਿੰਤਕ ਵਾਲੀ ਨਹੀਂ, ਮੌਤ ਲਾੜੀ ਪਰਨਾਵਣ ਚੜ੍ਹੇ ਲਾੜੇ ਵਾਲੀ ਹੈ। ਇਹਦੀ ਫਾਂਸੀ ਤੋਂ ਝਟ ਪਿੱਛੋਂ ਲਿਖੀ ਗਈ ਘੋੜੀ ਸਾਹਿਤ ਕਲਾ ਦਾ ਕੁਹਜਾ ਨਮੂਨਾ ਹੈ, ਪਰ ਇਸ ਵਿਚ ਲੋਕ ਮਨ ਦਾ ਅਕਸ ਹੈ। ਇਹ ਘੋੜੀ ਸ਼ਹੀਦੀ ਦਾ ਸ਼ਾਇਰਾਨਾ ਪ੍ਰਗਟਾਵਾ ਹੈ, ਜਿਸ ਵਿਚ ਯੁਗਾਂਤਰੀ (ਏਜਲੈੱਸ) ਤਰਸ ਹੈ (ਖਾਣ-ਹੰਢਾਣ ਤੋਂ ਬਿਨਾਂ ਜਵਾਨੀ ਵਾਰੇ ਤੁਰ ਜਾਣ ਦਾ), ਨਾਇਕਤਵ ਹੈ ਤੇ ਸੰਤਪੁਣਾ ਵੀ (ਸੰਸਾਰਕ ਸੁੱਖਾਂ ਨੂੰ ਨਕਾਰਨ ਦਾ)। ਮੌਤ ਲਾੜੀ ਨੂੰ ਸੰਭੋਗਣ ਦੀ ਕਲਪਨਾ ਕਰਨੀ ਦੀਰਘ ਮਨੋਰੋਗ ਹੈ।
ਭਗਤ ਸਿੰਘ ਤੋਂ ਲੈ ਕੇ ਨਕਸਲਬਾੜੀ ਲਹਿਰ ਤਕ ਦੇ ਲੰਮੇ ਵਕਫ਼ੇ ਵਿਚ ਸਿਰਫ਼ ਊਧਮ ਸਿੰਘ ਦਾ ਹੀ ਜ਼ਿਕਰ ਆਉਂਦਾ ਹੈ, ਜਿਹਦੇ ਜ਼ਾਤੀ ਐਕਸ਼ਨ ਦੀ ਮਹਿਮਾ ਦੇਰ ਨਾਲ ਹੋਣੀ ਸ਼ੁਰੂ ਹੋਈ। ਊਧਮ ਸਿੰਘ ਕਲਾਸਿਕ ਅਰਥਾਂ ਵਿਚ ਜ਼ਾਤੀ ਦਹਿਸ਼ਤਪਸੰਦ ਸੀ। ਇਹਦਾ ਸਮਾਜੀ ਇਨਕਲਾਬ ਜਾਂ ਜੱਥੇਬੰਦ ਲਹਿਰ ਵਿਚ ਕੋਈ ਯਕੀਨ ਨਹੀਂ ਸੀ। ਇਹਦੀ ਜ਼ਿੰਦਗੀ ਦਾ ਇਕ-ਨੁਕਾਤੀ ਪ੍ਰੋਗਰਾਮ ਸੀ- ਬਦਲਾ ਲੈਣਾ ਤੇ ਸ਼ਹੀਦ ਹੋਣਾ।
ਇਹ ਵਿਚਾਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਕਮਿਉਨਿਸਟ ਲਹਿਰ ਦੀ ਨੀਂਹ ਰਖਣ ਵਾਲੇ ਕਿਰਤੀਆਂ ਨੇ ਸ਼ਹੀਦੀ ਨੂੰ ਵਡਿਆਇਆ ਨਹੀਂ। ਸ਼ਾਇਦ ਕਿਰਤੀ ਪਾਰਟੀ ਦੇ ਆਗੂ ਸ਼ਹੀਦ ਖ਼ਾਤਿਰ ਸ਼ਹੀਦੀਆਂ ਪਾਉਣ ਵਾਲੀਆਂ ਲਹਿਰਾਂ (ਗ਼ਦਰ ਤੇ ਬੱਬਰ) ਦਾ ਹਸ਼ਰ ਦੇਖ ਚੁੱਕੇ ਸਨ ਅਤੇ ਇਨ੍ਹਾਂ ਸਾਹਮਣੇ ਰੂਸ ਦੇ ਸਮਾਜਵਾਦੀ ਇਨਕਲਾਬ ਦਾ ਨਮੂਨਾ ਸੀ।
ਪੂਰਬੀ ਪੰਜਾਬ ਦੀ ਨਕਸਲੀ ਲਹਿਰ ਦਾ ਧੁਰਾ ਭਾਵੇਂ ਕਿਸਾਨੀ ਮਾਨਸਿਕਤਾ ਵਾਲਾ ਮਾਓਵਾਦ ਸੀ ਤੇ ਨਕਸਲੀ ਸਿਆਸੀ ਸਾਹਿਤ ਵਿਚ ਕਿਤੇ ਵੀ ਮੌਤ ਨੂੰ ਜ਼ਿੰਦਗੀ ਤੋਂ ਵਧ ਵਡਿਆਣ ਦੀ ਗੱਲ ਨਜ਼ਰ ਨਹੀਂ ਆਉਂਦੀ। ਪਰ ਪੰਜਾਬ ਵਿਚ ਬੰਗਾਲ ਤੋਂ ਮੱਲੋ-ਮੱਲੀ ਖਿੱਚ ਕੇ ਲਿਆਂਦੀ ਇਹ ਲਹਿਰ ਮਾਰਕਸ ਦੇ ਆਖਣ ਵਾਂਙ ਪਹਿਲਾਂ ਚਲ ਚੁੱਕੀਆਂ ਦਹਿਸ਼ਤਪਸੰਦ ਲਹਿਰਾਂ ਨੂੰ ਹਾਸੋ-ਹੀਣੇ (ਫ਼ਾਰਸੀਕਲ) ਤਰੀਕੇ ਨਾਲ ਦੁਹਰਾ ਰਹੀ ਸੀ। ਸਿੱਖ ਧਾਰਮਿਕ ਇਤਿਹਾਸ ਇਹਦੀ ਪ੍ਰੇਰਣਾ ਸੀ।
ਪੂਰਬੀ ਪੰਜਾਬ ਵਿਚ ਜ਼ਾਤੀ ਦਹਿਸ਼ਤਪਸੰਦੀ ਦੇ ਇਸ ਦੌਰ ਤੋਂ ਕੁਝ ਸਾਲ ਪਹਿਲਾਂ ਯੁਵਕ ਕੇਂਦਰ ਨਾਂ ਦੀ ਸੰਸਥਾ ਨੇ ਕੌਮੀ ਲਹਿਰ ਦੇ ਯੋਧਿਆਂ ਦੀ ਯਾਦ ਜ਼ਿੰਦਾ ਰਖਣ ਲਈ ਸਸਤੇ ਭਾਅ ਵਾਲਾ ਸਾਹਿਤ ਵਸੀਹ ਪੱਧਰ ‘ਤੇ ਵੰਡਿਆ ਸੀ। ਇਸ ਸਾਹਿਤ ਵਿਚ ਕੋਈ ਵਿਗਿਆਨਕ ਵਿਸ਼ਲੇਸ਼ਣ ਨਹੀਂ ਸੀ ਹੁੰਦਾ ਤੇ ਮੌਤ ਦੇ ਰੁਮਾਂਸ ਨੂੰ ਸ਼ਹਿ ਦਿੱਤੀ ਹੁੰਦੀ ਸੀ। ਯੁਵਕ ਕੇਂਦਰੀ ਸਾਹਿਤ ਦੇ ਪਰੇਰੇ ਕਈ ਨੌਜਵਾਨ ਮਾਓਵਾਦੀ ਲਹਿਰ ਵਿਚ ਸ਼ਾਮਿਲ ਹੋ ਕੇ ਅਪਣੀਆਂ ਜਾਨਾਂ ਵਾਰ ਗਏ। ਪਰ ਕੇਂਦਰ ਦਾ ਇਕ ਵੀ ਆਗੂ ਲਹਿਰ ਵਿਚ ਸ਼ਾਮਿਲ ਨਹੀਂ ਸੀ ਹੋਇਆ।
ਜ਼ਾਤੀ ਦਹਿਸ਼ਤਪਸੰਦੀ ਦੇ ਫ਼ਲਸਫ਼ੇ ਦੀ ਪਰੇਰੀ ਤਕਰੀਬਨ ਸਾਰੀ ‘ਨਕਸਲੀ’ ਕਵਿਤਾ ਸ਼ਹੀਦ ਤੇ ਲਹੂ ਦੇ ਗ਼ੈਰਹਯਾਤੀ ਇਸਤਿਆਰਿਆਂ ਨਾਲ ਭਰੀ ਪਈ ਹੈ। ਇੰਜ ਲਗਦਾ ਹੈ ਕਿ ਕਵੀ ਸਾਹਿਬਾਨ ਛੇਤੀ ਤੋਂ ਛੇਤੀ ਸ਼ਹੀਦ ਹੋਣਾ ਚਾਹੁੰਦੇ ਹਨ। ਉਨ੍ਹਾਂ ਲਈ ਜ਼ਿੰਦਗੀ ਜਿਵੇਂ ਕੋਈ ਪਾਪ ਹੈ। ਜਸਵੰਤ ਸਿੰਘ ਕੰਵਲ ਦਾ ਨਾਵਲ ‘ਲਹੂ ਦੀ ਲੋਅ’ (ਯਾਨੀ ਸ਼ਹੀਦੀ) ਬਹੁਤ ਮਹਿੰਗਾ ਹੋਣ ਕਰਕੇ ਪਿੰਡਾਂ ਦੇ ਨੌਜਵਾਨ ਪੈਸੇ ਇਕੱਠੇ ਕਰਕੇ ਖ਼ਰੀਦਦੇ ਸਨ ਤੇ ਫੇਰ ਰਲ ਕੇ ਪੜ੍ਹਦੇ ਸਨ। ਇਹ ਨਾਵਲ ਪੜ੍ਹ ਕੇ ਕਿਸੇ ਨੇ ਮੈਨੂੰ ਆਖਿਆ ਸੀ, ‘ਆਪਾਂ ਕੋਈ ਐਸਾ ਕੰਮ ਕਰੀਏ, ਜੀਹਦੇ ਨਾਲ ਸ਼ਹੀਦ ਹੋ ਜਾਈਏ!’ ਗੁਰਸ਼ਰਨ ਸਿੰਘ ਨੇ ਇਸ ਨਾਵਲ ਦਾ ਨਾਟਕ ਬਣਾਇਆ ਤੇ ਨਾਂ ਰੱਖਿਆ: ਤੂੰ ਖ਼ੁਦਕੁਸ਼ੀ ਕਰੇਂਗਾ, ਅਸੀਂ ਸ਼ਹੀਦ ਹੋਵਾਂਗੇ। ਪੂਰਬੀ ਪੰਜਾਬ ਦੇ ਮਾਓਵਾਦੀਆਂ ਦੇ ਕਿਸੇ ਟੋਲੇ ਦੇ ਸਿਧਾਂਤਕ ਪਰਚੇ ਦਾ ਨਾਂ ਸੀ: ‘ਸ਼ਹੀਦ’ ਓਦੋਂ ਕੁ ਹੀ ਕੈਨੇਡਾ ਵਿਚ ਸ਼ਾਇਰੀ ਦੀ ਕਿਤਾਬ ਛਪੀ, ਜਿਹਦਾ ਨਾਂ ਸੀ- ‘ਮਕਤਲ’।
ਕਵੀਆਂ ਦੀ ਤੀਜੀ ਪੰਜਾਬੀ ਪੀੜ੍ਹੀ ‘ਤੇ ਫ਼ੈਜ਼ ਦੀ ਸ਼ਾਇਰੀ ਦਾ ਬੜਾ ਅਸਰ ਹੈ। ਫ਼ੈਜ਼ ਮਕਤਲ, ਲਹੂ ਵਗ਼ੈਰਾ ਦਾ ਵਾਰ-ਵਾਰ ਜ਼ਿਕਰ ਕਰਦਾ ਹੈ। ਕੁਝ ਨਮੂਨੇ: ਦਾਰ ਕੀ ਰੱਸੀਓਂ ਕੇ ਗੁਲੂਬੰਦ ਗਰਦਨ ਮੇਂ ਪਹਨੇ ਹੂਏ… ਹਕæ ਕੀ ਸਲੀਬ ਪਰ ਅਪਨਾ ਤਨ ਸਜਾ ਕਰ…ਸਲੀਬ-ਓ-ਦਾਰ ਸਜਾਓ ਕਿ ਜਸ਼ਨ ਕਾ ਦਿਨ ਹੈ। ਫ਼ੈਜ਼ ਮੌਤ ਨੂੰ ਮੁਸਲਮਾਨ ਦੀਆਂ ਨਜ਼ਰਾਂ ਨਾਲ ਦੇਖਦਾ ਹੈ, ਕਮਿਉਨਿਸਟ ਦੀਆਂ ਨਜ਼ਰਾਂ ਨਹੀਂ। ਇਕ ਹੋਰ ਕਵੀ ਅਹਿਮਦ ਫ਼ਰਾਜ਼ ਨੇ ਸ਼ਹੀਦਾਂ ਬਾਰੇ ਅਪਣੀ ਕਵਿਤਾ ਵਿਚ ਫ਼ੈਜ਼ ਨੂੰ ਵੀ ਮਾਤ ਪਾ ਦਿੱਤਾ: ਤਾਜ਼ਾ ਖ਼ੂਨ ਕੀ ਖ਼ੁਸ਼ਬੂਏਂ ਆ ਰਹੀ ਹੈਂ। ਇਹ ਦਰਅਸਲ ਸੈਕਸੁਅਲ ਸਿੰਬਲ ਹੈ।
ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਕਿਸੇ ਸਿੱਖ ਜਾਂ ਮੁਸਲਮਾਨ ਦੀ ਅਗਲੇ ਜਹਾਨ ਦੇ ਲਾਲਚ ਵਿਚ ਸ਼ਹੀਦ ਹੋਣ ਦੀ ਲਾਲਸਾ ਤਾਂ ਸਮਝ ਆਉਂਦੀ ਹੈ, ਪਰ ਕਮਿਉਨਿਸਟਾਂ ਨੂੰ ਕਾਹਦਾ ਲੋਭ ਹੈ? ਇਨ੍ਹਾਂ ਦਾ ਸਵਰਗ-ਨਰਕ ਵਿਚ ਕੋਈ ਯਕੀਨ ਨਹੀਂ। ਇਸੇ ਜਹਾਨ ਨੂੰ ਸਵਰਗ ਬਣਾਉਣਾ ਇਨ੍ਹਾਂ ਦਾ ਆਦਰਸ਼ ਹੈ। ਫੇਰ ਪੰਜਾਬੀ ਕਮਿਉਨਿਸਟ ਸ਼ਹੀਦੀ ਨੂੰ ਏਨਾ ਵਡਿਆਉਂਦੇ ਕਿਉਂ ਹਨ?
ਜ਼ਾਹਿਰ ਹੈ, ਸੰਸਕਾਰਾਂ ਤੋਂ ਮੁਕਤ ਹੋਣ ਨੂੰ ਕਈ ਸਦੀਆਂ ਲਗਦੀਆਂ ਹਨ। ਜ਼ਾਤੀ ਦਹਿਸ਼ਤਪਸੰਦੀ ਤੇ ਹੋਂਦਵਾਦ ਵਿਚਕਾਰ ਵਿਚ ਬਾਰੀਕ ਫ਼ਰਕ ਹੈ। ਸ਼ਹੀਦ ਹੋਣ ਤੁਰੇ ਅਤੇ ਕਿਸੇ ਹੋਂਦਵਾਦੀ ਦੀ ਇਹ ਇੱਕੋ ਜਿਹੀ ਸੋਚ ਹੁੰਦੀ ਹੈ ਕਿ ਮੌਤ ਹੀ ਬੰਦੇ ਦੀ ਹੋਣੀ ਬਣਾਉਂਦੀ ਹੈ। ਸਾਰਤਰ ਵੀ ਕਹਿੰਦਾ ਹੈ ਕਿ ਮੌਤ ਬੰਦੇ ਦੀ ਹੋਂਦ ਦਾ ਤੱਤ (ਐਸੈਂਸ) ਹੁੰਦੀ ਹੈ। ਮੌਤ ਦੀ ਇੱਛਾ ਕਰਨ ਵਾਲਾ ਦਰਅਸਲ ਮੌਤ ਨਾਲ ਲਗਾਤਾਰ ਸਾੜਾ ਕਰ ਰਿਹਾ ਹੁੰਦਾ ਹੈ। ਉਹ ਜੀਉਣ-ਜੋਗਾ ਨਹੀਂ ਹੁੰਦਾ, ਪਰ ਮਰਨ ਨੂੰ ਤਿਆਰ ਹੁੰਦਾ ਹੈ। ਉਹਨੂੰ ਮੌਤ ਵਿਚ ਜ਼ਿੰਦਗੀ ਨਜ਼ਰ ਆਉਂਦੀ ਹੈ। ਮੌਤ ਹੀ ਉਹਦੀ ਇੱਕੋ-ਇਕ ਉਮੀਦ ਰਹਿ ਜਾਂਦੀ ਹੈ। ਇਹ ਉਹਦੀ ਜ਼ਿੰਦਗੀ ਦਾ ਸਾਰਥਕ ਅੰਗ ਬਣ ਜਾਂਦੀ ਹੈ। ਉਹਦੀ ਸੋਚ ਜੀਉਂਦੇ ਬੰਦਿਆਂ ਨਾਲ ਨਹੀਂ; ਸ਼ਹੀਦ ਹੋਏ ਬੰਦਿਆਂ ਨਾਲ ਘਿਰ ਜਾਂਦੀ ਹੈ। ਇਹ ਇਨਸਾਨੀ ਹਾਲਾਤ ਤੋਂ ਸਰੀਹਣ ਭਾਂਜ ਹੁੰਦੀ ਹੈ। ਮੌਤ ਲਾੜੀ ਪਰਨਾਵਣ ਚੜ੍ਹਿਆ ਅਪਣੇ ਆਪ ਨੂੰ ਵੱਸ ਕਰ ਲੈਂਦਾ ਹੈ। ਉਹ ਇਹ ਮੰਨ ਲੈਂਦਾ ਹੈ ਕਿ ਉਹਦਾ ਦੁਸ਼ਮਣ ਉਹਦੇ ਨਾਲੋਂ ਵੱਡਾ ਤੇ ਅਜਿਤ ਹੈ। ਨਹੀਂ ਤਾਂ, ਸ਼ਹੀਦੀ ਦਾ ਤਿਆਰ ਪਿਆ ਬਾਟਾ ਨਹੀਂ ਪੀਤਾ ਜਾ ਸਕਦਾ। ਇਹ ਨਿਜਵਾਦ ਤੇ ਸਵੈ-ਪ੍ਰੇਮ ਦੀ ਹੱਦ ਹੈ। ਸ਼ਹਾਦਤ ਮੌਤ ਦਾ ਜਸ਼ਨ ਹੁੰਦੀ ਹੈ। ਇਹ ਅਗਲੇ ਹੋਣ ਵਾਲੇ ਐਕਸ਼ਨ ਨੂੰ ਰੋਕ ਦਿੰਦੀ ਹੈ ਤੇ ਇਹ ਆਸ ਵੀ ਛੱਡ ਦਿੰਦੀ ਹੈ ਕਿ ਜ਼ਿੰਦਗੀ ਨੂੰ ਬਦਲਣਾ ਬੰਦੇ ਦਾ ਹੀ ਕੰਮ ਹੈ। ਇਕੱਲਾ ਬੰਦਾ ਪ੍ਰਕੇਵਲ (ਐਬਸੋਲੀਊਟ) ਹੋ ਜਾਂਦਾ ਹੈ।
ਫ਼ਰਾਂਸੀਸੀ ਲਿਖਾਰੀ ਆਂਦਰੇ ਮਾਲਰੋ ਦੇ ਚੀਨੀ ਇਨਕਲਾਬ ਬਾਰੇ ਲਿਖੇ ਨਾਵਲ ਦ’ ਹਿਊਮਨ ਕੰਡੀਸ਼ਨ ਦਾ ਪ੍ਰਸੰਗ ਹੈ: ਦਹਿਸ਼ਤਪਸੰਦ ਆਗੂ ਚੈੱਨ ਆਪਣੇ ਸਾਥੀ ਨੂੰ ਖ਼ੁਦਕੁਸ਼ੀ ਦੇ ਮਿਸ਼ਨ ‘ਤੇ ਜਾਣ ਲਈ ਕਹਿੰਦਾ ਹੈ। ਅੱਗੋਂ ਸਾਉਐੱਨ ਜਵਾਬ ਦਿੰਦਾ ਹੈ: ਚੈੱਨ, ਮੈਂ ਤੇਰੇ ਜਿੰਨਾ ਸਿਆਣਾ ਤਾਂ ਨਹੀਂ। ਪਰ ਮੈਂ…ਮੈਂ ਅਪਣੇ ਲੋਕਾਂ ਵਾਸਤੇ ਲੜ ਰਿਹਾ ਹਾਂ, ਆਪਣੇ ਲਈ ਨਹੀਂ।
ਮੌਤ ਦੇ ਸੋਹਲੇ ਨਾ ਗਾਉਣ ਦਾ ਮਤਲਬ ਜੱਦੋ-ਜਹਿਦ ਤੋਂ ਭੱਜਣਾ ਨਹੀਂ ਹੁੰਦਾ। ਨਾਤਸੀਵਾਦ ਵਿਰੁਧ ਜੂਝਣ ਵਾiਲ਼ਆਂ ਬਾਰੇ ਬਣੀ ਰੂਸੀ ਫ਼ਿਲਮ ਦਾ ਬੜਾ ਸੁਹਣਾ ਨਾਂ ਹੈ: ‘ਉਹ ਮਰਨਾ ਨਹੀਂ ਸਨ ਚਾਹੁੰਦੇ’।
ਪੰਜਾਬੀਆਂ ਨਾਲ ਬੜੇ ਵੱਡੇ-ਵੱਡੇ ਸਾਕੇ ਵਾਪਰੇ ਹਨ। ਦੁੱਖ ਹੁੰਦਾ ਹੈ ਕਿ ਭਗਤ ਸਿੰਘ ਵਰਗਾ ਪ੍ਰਬੁੱਧ ਵਿਅਕਤੀ ਨਿੱਕੀ ਉਮਰੇ ਹੀ ਅਲੋਪ ਹੋ ਗਿਆ। ਇਹਨੇ ‘ਮੈਂ ਨਾਸਤਿਕ ਕਿਉਂ ਹਾਂ’ ਲੇਖ ਵਿਚ ਲਿਖਿਆ ਸੀ: ‘ਮੈਂ ਆਪਣੀ ਜ਼ਿੰਦਗੀ ਆਦਰਸ਼ ਵਾਸਤੇ ਕੁਰਬਾਨ ਕਰ ਦੇਣੀ ਹੈ। ਇਸ ਤੋਂ ਬਿਨਾਂ ਮੈਨੂੰ ਹੋਰ ਕਾਹਦਾ ਧਰਵਾਸ ਹੈ? ਕਿਸੇ ਆਸਤਕ ਹਿੰਦੂ ਨੂੰ ਤਾਂ ਅਗਲੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ। ਕੋਈ ਮੁਸਲਮਾਨ ਜਾਂ ਈਸਾਈ ਅਪਣੀਆਂ ਔਕੜਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋ-ਇਸ਼ਰਤਾਂ ਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ, ਜਿਸ ਪਲ ਮੇਰੇ ਗਲ ਵਿਚ ਫਾਂਸੀ ਦਾ ਰੱਸਾ ਪਿਆ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ, ਤਾਂ ਉਹ ਮੇਰਾ ਆਖ਼ਿਰੀ ਪਲ ਹੋਏਗਾ। ਮੇਰਾ ਜਾਂ ਵੇਦਾਂਤਕ ਬੋਲੀ ‘ਚ ਆਖੀਏ, ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਪਿੱਛੋਂ ਕੁਝ ਵੀ ਨਹੀਂ ਹੋਣਾ। ਜੇ ਇਨਾਮ ਦੀ ਗੱਲ ਕਰਨ ਦਾ ਹੌਸਲਾ ਕਰਾਂ, ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਛੋਟੀ-ਜਿਹੀ ਜ਼ਿੰਦਗਾਨੀ ਹੀ ਮੇਰਾ ਇਨਾਮ ਹੋਏਗੀ। ਇਸ ਤੋਂ ਵਧ ਤਾਂ ਕੁਝ ਨਹੀਂ।’
ਤੁਰਕੀ ਕਵੀ ਨਾਜ਼ਮ ਹਿਕਮਤ ਦੀ ਰੁਬਾਈ ਹੈ: ਇਕ ਦਿਨ ਮਾਂ ਕੁਦਰਤ ਮੈਨੂੰ ਆਖੇਗੀ: ਬਸ ਕਰ ਹੁਣ, ਮੇਰੇ ਬੱਚੇ। ਤੇਰਾ ਹਾਸਾ ਵੀ ਮੁੱਕਿਆ ਤੇ ਹੰਝੂ ਵੀ। ਫੇਰ ਅਸਗਾਹ ਅਨੰਤ ਜ਼ਿੰਦਗੀ ਸ਼ੁਰੂ ਹੋਏਗੀ; ਨਾ ਦੇਖਣ, ਨਾ ਬੋਲਣ ਤੇ ਨਾ ਸੋਚਣ ਦੀ ਜ਼ਿੰਦਗੀ। – ਹਿਕਮਤ ਅਪਣੀ ਇਕ ਹੋਰ ਰੁਬਾਈ ਵਿਚ ਮੌਤ ਨੂੰ ਇੰਜ ਬਿਆਨ ਕਰਦਾ ਹੈ: ਅਲਵਿਦਾ ਦੁਨੀਆ। ਮਰਹਬਾ ਕਾਇਨਾਤ।
ਨਿਕਰਾਗੁਆ ਦਾ ਕਵੀ ਅਰਨੈਸਤੋ ਕਾਰਦੇਨਾਲ ਆਖਦਾ ਹੈ:
ਤਾਰਿਆਂ ਭਰੀ ਅਨੰਤ ਕਾਲੀ ਰਾਤ
ਇਕ ਦੂਜੇ ਨੂੰ ਪਿਆਰ ਕਰਦੇ ਇਨਸਾਨਾਂ ਨਾਲ ਭਰੀ
ਧਰਤੀ ਹੀ ਜੱਨਤ ਹੈ
ਇਹੀ ਖ਼ੁਦਾਈ ਸਲਤਨਤ ਹੈ
ਬੱਚੇ ਨੂੰ ਚੁੰਮਣਾ
ਘੁੱਟਵੀਂ ਗਲਵੱਕੜੀ ਚ ਬੱਝੇ ਔਰਤ-ਮਰਦ
ਹੱਥਾਂ ਨੂੰ ਦੁਲਾਰਦੇ ਹੱਥ
ਮੋਢੇ ‘ਤੇ ਟਿਕੀ ਨਿੱਕੜੀ-ਜਿਹੀ ਹਥੇਲੀ
ਇਨਸਾਨ ਨੂੰ ਛੁਹ ਰਿਹਾ ਇਨਸਾਨ
ਇਨਸਾਨੀ ਚਮੜੀ ਨਾਲ ਇਨਸਾਨੀ ਚਮੜੀ
ਦੇ ਸੁਮੇਲ ਦਾ ਮਤਲਬ ਹੈ
ਕਾਮਰੇਡ
ਅਪਣੀ ਉਂਗਲ਼ ਨਾਲ ਕਮਿਊਨਿਜ਼ਮ ਨੂੰ ਛੁਹਣਾ
ਜੱਨਤ ਨੂੰ ਛੁਹਣਾ।