ਅਤਰਜੀਤ
ਫੋਨ: 94175-81936
‘ਪੰਜਾਬ ਟਾਈਮਜ਼’ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਮੁਬਾਰਕਾਂ। ਆਪਣੀ ਨਿੱਗਰਤਾ ਦੀ ਝਲਕ ਪੇਸ਼ ਕਰਦਾ ਇਹ ਅਖ਼ਬਾਰ ਵੇਖਿਆ ਅਤੇ ਕਾਫੀ ਸਾਰੇ ਲੇਖਾਂ ਉੱਤੇ ਡੂੰਘੀ ਝਾਤ ਮਾਰੀ। ਖੁਸ਼ੀ ਹੋਈ ਕਿ ਤੁਸੀਂ ਸੱਤ ਸਮੁੰਦਰੋਂ ਪਾਰ ਬੈਠੇ ਵੀ ਪੰਜਾਬ, ਪੰਜਾਬੀ ਬੋਲੀ, ਅਤੇ ਪੰਜਾਬੀ ਸੱਭਿਆਚਾਰ -ਜੀਵਨ ਸ਼ੈਲੀ ਨੂੰ ਗਲਵੱਕੜੀ ਢਿੱਲੀ ਨਹੀਂ ਪੈਣ ਦੇ ਰਹੇ। ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਦਿਨੀਂ ਗੁਰਸ਼ਰਨ ਭਾਅ ਜੀ ਅਤੇ ਬੀਬੀ ਕੈਲਾਸ਼ ਕੌਰ ਦੀ ਵਿਰਾਸਤ ਨੂੰ ਸੰਭਾਲਣ ਲਈ ਉਨ੍ਹਾਂ ਦੇ ਜੱਦੀ ਘਰ ਉਨ੍ਹਾਂ ਦੀ ਵਿਰਾਸਤ ਦੀ ਸਾਂਭ-ਸੰਭਾਲ ਲਈ ‘ਗੁਰਸ਼ਰਨ ਸਿੰਘ ਭਾਅ ਸਲਾਮ ਕਾਫ਼ਲਾ’ ਦੁਆਰਾ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਗੁਰਸ਼ਰਨ ਭਾਅ ਜੀ ਨੂੰ ਯਾਦ ਕਰਦਿਆਂ ਆਪਣੇ ਵਿਚਾਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।
ਗੁਰੂ ਗ੍ਰੰਥ ਸਾਹਿਬ ਦੇ ਤਿੰਨ ਕੁ ਸੌ ਪੰਨੇ ਅਰਥਾਂ ਸਮੇਤ ਪੜ੍ਹ ਕੇ ਜਦੋਂ ਮੇਰਾ ਗੁਰਦੁਆਰਾ ਸੱਭਿਆਚਾਰ ਤੋਂ ਮੋਹ ਭੰਗ ਹੋਣ ਲੱਗਿਆ, ਇਉਂ ਜਾਪਣ ਲੱਗ ਪਿਆ ਸੀ ਜਿਵੇਂ ਅਸੀਂ ਸਭ ਸਿੱਖੀ ਅਤੇ ਬਾਣੀ ਦੇ ਤੱਤ ਤੋਂ ਲਾਂਭੇ ਇੱਧਰ-ਉੱਧਰ ਹੀ ਭਟਕ ਰਹੇ ਹਾਂ, ਤਾਂ ਮੈਂ ਸਾਲ ਕੁ ਵਿਚ ਪਾਠ ਸੰਪੂਰਨ ਕਰ ਕੇ ਭੋਗ ਪਵਾਇਆ ਤੇ ਨਿੱਤਨੇਮ ਵਾਲ਼ਾ ਪਾਖੰਡ ਛੱਡ ਕੇ ਪ੍ਰਗਤੀਵਾਦੀ ਯਥਾਰਥ ਯਾਨੀ ਮਾਰਕਸੀ ਚਿੰਤਨ ਵੱਲ ਪਹਿਲਾ ਕਦਮ ਵਧਾਇਆ ਤਾਂ ਇਤਫ਼ਾਕ ਹੀ ਸੀ ਕਿ ਗੁਰਸ਼ਰਨ ਸਿੰਘ ਭਾਅ ਜੀ ਦਾ ਮੇਰੇ ਮੋਢੇ ’ਤੇ ਹੱਥ ਟਿਕ ਗਿਆ|
ਮੈਂ ਉਨ੍ਹੀਂ ਦਿਨੀਂ ਕਾਫ਼ੀ ਸਾਰੀਆਂ ਕਹਾਣੀਆਂ ਅਤੇ ਲੰਮਾ ਚੌੜਾ ਨਾਵਲ ਲਿਖ ਚੁੱਕਾ ਸਾਂ| ਹਰਬੰਸ ਸਿੰਘ ਸੋਹੀ ਨੇ ਪੜ੍ਹ ਕੇ ਟਿੱਪਣੀ ਕੀਤੀ ਸੀ-‘ਲਿਖਣ ਢੰਗ ਵਧੀਆ ਹੈ, ਪਰ ਵਾਸ਼ਨਾ ਭਾਰੂ ਹੈ’| ਮੇਰੇ ਲਈ ਇਹ ਵੱਡਾ ਝੰਜੋੜਾ ਸੀ| ਮੈਂ ਸੋਚਦਾ ਰਿਹਾ ਤੇ ਇਸ ਕਥਨ ਅਤੇ ਇਸ ਦੇ ਅਰਥਾਂ ਦੀ ਡੂੰਘਾਈ ਤੱਕ ਜਾਣ ਦਾ ਯਤਨ ਕਰਦਾ ਰਿਹਾ| ਹਰਬੰਸ ਸਿੰਘ ਸੋਹੀ ਨੇ ਆਪਣੇ ਕੋਲ਼ੋਂ ਹੀ ਮੇਰਾ ਪ੍ਰੀਤ ਲੜੀ ਦਾ ਚੰਦਾ ਭਰ ਦਿੱਤਾ| ਪਰਚਾ ਆਉਣ ਲੱਗ ਪਿਆ ਤੇ ਮੇਰੀ ਸਮਝ ਵਿਚ ਥੋੜ੍ਹਾ ਬਹੁਤ ਵਿਕਾਸ ਹੋਣ ਲੱਗ ਪਿਆ| ਫਿਰ ਮਾਸਟਰ ਸੋਹੀ ਨੇ ਮੈਨੂੰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੁਆਰਾ ਰਚਿਤ ‘ਪਰਮ ਮਨੁੱਖ’ ਕਿਤਾਬ ਪੜ੍ਹਨ ਨੂੰ ਦਿੱਤੀ, ਜਿਸ ਨਾਲ਼ ਮੇਰੇ ਵਿਚਾਰਾਂ ਵਿਚ ਹੋਰ ਪਕਿਆਈ ਆਉਣ ਲੱਗੀ ਤੇ ਮੈਨੂੰ ਇਹ ਵੀ ਜਾਪਣ ਲੱਗਿਆ ਕਿ ਸਾਡੇ ਘਰ ਵਿਚ ਜਿਸ ਸਿੱਖੀ ਨੂੰ ਲੈ ਕੇ ਧੌਣਾਂ ਅਕੜਾਈਆਂ ਹੋਈਆਂ ਨੇ ਅਸਲ ਸਿੱਖੀ ਨਹੀਂ| ਮੈਂ ਵੀ ਗਾਤਰੇ ਕਿਰਪਾਨ ਪਾਈ ਹੁੰਦੀ ਸੀ ਤੇ ਇੱਕ ਵੱਡੀ ਸ੍ਰੀ ਸਾਹਿਬ ਹੱਥ ਵਿਚ ਰੱਖਦਾ ਸਾਂ, ਮੈਨੂੰ ਸਭ ਕੁੱਝ ਅਡੰਬਰ ਜਾਪਣ ਲੱਗਿਆ ਕਿ ਅਸੀਂ ਗੁਰਬਾਣੀ ਦੀ ਦਰਸਾਈ ਜੀਵਨ ਸ਼ੈਲੀ ਨੂੰ ਛੱਡ ਕੇ ਦਿਖਾਵਿਆਂ ਵਿਚ ਪਏ ਹੋਏ ਹਾਂ| ਹਾਂ ਇੰਨੀ ਕੁ ਗੱਲ ਜ਼ਰੂਰ ਸੀ ਕਿ ਸਾਫ਼-ਸਫ਼ਾਈ ਅਤੇ ਰਹਿਤ-ਜੁਗਤ ਕਾਰਨ ਪਿੰਡ ਵਿਚ ਪਰਿਵਾਰ ਦੀ ਚੰਗੀ ਸ਼ਾਨ ਸੀ, ਜੋ ਸਕੂਨ ਜ਼ਰੂਰ ਦਿੰਦੀ ਸੀ|
ਮੇਰੀ ਕਿਸੇ ਰਚਨਾ ਨੂੰ ਕੋਈ ਮੈਗਜ਼ੀਨ ਨਹੀਂ ਸੀ ਛਾਪਦਾ, ਵਾਪਸ ਕਰ ਦਿੱਤੀ ਜਾਂਦੀ ਸੀ, ਇੱਕ ਪਰਚੀ ਨਾਲ਼ ਨੱਥੀ ਕਰ ਕੇ-‘ਛਾਪਣ ਦੀ ਖੁਸ਼ੀ ਨਹੀਂ ਲੈ ਸਕਦੇ, ਵਾਪਸ ਭੇਜ ਰਹੇ ਹਾਂ ਤਾਂ ਜੋ ਹੋਰ ਕਿਤੇ ਕੰਮ ਆ ਸਕੇ’| ਸੱਠਵਿਆਂ ਦੇ ਆਖ਼ਰ ਤੇ ਸੱਤਰਵਿਆਂ ਦੇ ਆਰੰਭ ਵਿਚ ਮੁਲਕ ਦੀ ਹਵਾ ਨੇ ਅੰਗੜਾਈ ਲਈ ਤਾਂ ਪੰਜਾਬੀ ਵਿਚ ਸਾਹਿਤਕ ਰਸਾਲਿਆਂ ਦਾ ਜਿਵੇਂ ਹੜ੍ਹ ਹੀ ਆ ਗਿਆ| ਗੁਰਸ਼ਰਨ ਸਿੰਘ ਭਾਅ ਜੀ, ਜੋ ਉਸ ਵਕਤ ਨਹਿਰੀ ਵਿਭਾਗ ਵਿਚ ਪੰਜਾਬ ਦੇ ਵੱਡੇ ਤਿੰਨ ਇੰਜਨੀਅਰਾਂ ਵਿਚੋਂ ਇੱਕ ਐੱਸ.ਈ. ਦਰਜਾ ਪਹਿਲਾ, ਉੱਚ ਅਧਿਕਾਰੀ ਸਨ ਤੇ ਉਹ ਆਪਣੇ ਰੁਤਬੇ ਦੀ ਪਰਵਾਹ ਨਾ ਕਰਦਿਆਂ, ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ, ਨਾਟਕ ਦੇ ਖ਼ੇਤਰ ਵਿਚ ਕੁੱਦ ਪਏ ਸਨ, ਨਾਲ਼ ਮੇਰੀ ਪਹਿਲੀ ਮੁਲਾਕਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਣ ਵਾਸ ਦੇ ਇੱਕ ਨਾਟਕ ਪਰੋਗਰਾਮ ਸਮੇਂ ਹੋਈ, ਜਿੱਥੇ ਮੈਂ ਉਨ੍ਹਾਂ ਦਾ ਨਾਟਕ-‘ਇਹ ਲਹੂ ਕਿਸਦਾ ਹੈ?’ ਵੇਖ ਕੇ ਧੰਨ-ਧੰਨ ਹੋ ਗਿਆ ਸਾਂ| ਕਵਿਤਾ ਵਾਲ਼ੇ ਪੱਖ ਤੋਂ ਥੋੜ੍ਹਾ ਪਾਸਾ ਵੱਟ ਕੇ ਮੈਂ ਕਹਾਣੀ ਵੱਲ ਕਦਮ ਵਧਾ ਚੁੱਕਾ ਸਾਂ, ਭਾਵੇਂ ਕਿ ਕੋਈ ਸਥਾਪਤ ਮੈਗਜ਼ੀਨ ਮੇਰੀ ਕੋਈ ਰਚਨਾ ਛਾਪਣ ਤੋਂ ਅਸਮਰੱਥਾ ਜ਼ਾਹਰ ਕਰਦਾ ਇੱਕ ਪਰਚੀ ਨਾਲ਼ ਨੱਥੀ ਕਰ ਕੇ ਰਚਨਾ ਵਾਪਸ ਕਰ ਦਿੱਤੀ ਜਾਂਦੀ ਸੀ-‘ਛਾਪਣ ਦੀ ਖੁਸ਼ੀ ਨਹੀਂ ਲੈ ਸਕਦੇ| ਵਾਪਸ ਭੇਜ ਰਹੇ ਹਾਂ ਤਾਂ ਜੋ ਕਿਤੇ ਹੋਰ ਕੰਮ ਆ ਸਕੇ’| ਇਹ ਉਹ ਸਮਾਂ ਸੀ ਜਦੋਂ ਗੁਰਸ਼ਰਨ ਭਾਅ ਜੀ ਨੇ ਆਪਣਾ ਪਿਆਰਾ ਜਿਹਾ ਹੱਥ ਮੇਰੇ ਮੋਢੇ ’ਤੇ ਰੱਖਿਆ|
ਉਸ ਮਘਦੇ ਮਾਹੌਲ ਵਿਚ ਭਾਅ ਜੀ ਨੇ ‘ਸਰਦਲ’ ਨਾਂ ਦਾ ਮਾਸਕ ਪਰਚਾ ਕੱਢਣਾ ਸ਼ੁਰੂ ਕੀਤਾ ਤਾਂ ਮੇਰੀ ਪਹਿਲੀ ਰਚਨਾ ਉਸ ਮੈਗਜ਼ੀਨ ਵਿਚ ਛਪੀ ਤੇ ਝੱਟ ਹੀ ਦੂਜੀ ਇੱਕ ਕਹਾਣੀ-‘ਸਰਹੱਦ ਦੇ ਆਰ-ਪਾਰ’| ਰੁਮਾਂਚਕਤਾ ਦਾ ਰੰਗ ਛੱਡ ਕੇ ਮੈਂ ਯਥਾਰਥ ਦੀ ਥਾਹ ਪਾਉਣ ਹੋ ਗਿਆ ਸਾਂ| ਭਾਅ ਜੀ ਆਪਣੇ ਉੱਚੇ ਅਹੁਦੇ ਦੀ ਪਰਵਾਹ ਨਾ ਕਰਦੇ ਹੋਏ, ਭਾਖੜਾ ਨੰਗਲ਼ ਦੇ ਉੱਚ ਸਰਕਾਰੀ ਅਧਿਕਾਰੀਆਂ ਦੀ ਹਉਂ ਵੰਗਾਰਦਿਆਂ, ਨਾਟਕ ਕਲਾ ਦਾ ਮੈਦਾਨ ਸੰਭਾਲ਼ ਚੁੱਕੇ ਸਨ ਤੇ ਉਨ੍ਹਾਂ ਨੇ ‘ਅੰਮ੍ਰਿਤਸਰ ਸਕੂਲ ਆਫ਼ ਡਰਾਮਾ’ ਦੀ ਸਥਾਪਨਾ ਕੀਤੀ ਸੀ| ਅਸੀਂ ਆਪਣੇ ਪਿੰਡ ਮੰਡੀ ਕਲਾਂ ਦੇ ਪਾਕਿਸਤਾਨ ਆਖੇ ਜਾਂਦੇ ਇਲਾਕੇ ਵਿਚ ਭਾਅ ਜੀ ਦੇ ਨਾਟਕਾਂ ਦਾ ਪਹਿਲਾ ਪ੍ਰੋਗਰਾਮ ਰੱਖਿਆ| ਉਸ ਗਰਮਾ-ਗਰਮ ਮਾਹੌਲ ਵਿਚ ਭਾਈ ਵੀਰ ਸਿੰਘ ਦਾ ਸਮੁੱਚਾ ਪਰਿਵਾਰ ਹੀ ਉਨ੍ਹੀਂ ਦਿਨੀਂ ਕਾਮਰੇਡ ਮਾਉ ਤੇ ਲੈਨਿਨ ਦੀਆਂ ਲਿਖਤਾਂ ਦਾ ਸ਼ੈਦਾਈ ਹੋ ਗਿਆ ਸੀ| ਭਾਅ ਜੀ ਦੀ ਟੀਮ ਦੁਆਰਾ ਨਾਟਕ-‘ਜਦੋਂ ਰੋਸ਼ਨੀ ਹੁੰਦੀ ਹੈ’- ਖੇਡਿਆ ਜਾਣਾ ਸੀ| ਨੰਗੇ ਆਦਮੀ ਦੀ ਭੂਮਿਕਾ ਨਾਮਵਰ ਕਲਾਕਾਰ ਹਰਭਜਨ ਜੱਭਲ਼ ਨੇ ਨਿਭਾਉਣੀ ਸੀ| ਉਸ ਦੇ ਨਾਲ਼ ਕਲਾਕਾਰਾ ਜਤਿੰਦਰ ਗੰਭੀਰ ਦੀ ਭੂਮਿਕਾ ਸੀ| ਨਾਟਕ ਸ਼ੁਰੂ ਹੁੰਦਿਆਂ ਹੀ ਵੀਰ ਸਿੰਘ ਨਾਲ਼ ਖ਼ਾਰ ਖਾਣ ਵਾiਲ਼ਆਂ ਨੇ ਬਿਜਲੀ ਦੀਆਂ ਤਾਰਾਂ ਤੋੜ ਦਿੱਤੀਆਂ| ਨਾਟਕ ਥਾਂਏਂ ਰੁਕ ਗਿਆ| ਰੌਲ਼ਾ ਪੈ ਗਿਆ, ਸਟੇਜ ਤੋਂ ਅਪੀਲ ਕਰਨ ’ਤੇ ਪਿੰਡ ਦੇ ਕਈ ਮੁੰਡੇ ਕੁੱਝ ਹੀ ਸਮੇਂ ਵਿਚ ਆਪਣੇ ਟਰੈਕਟਰ ਲੈ ਕੇ ਆਏ| ਬੈਟਰੀ ਨਾਲ਼ ਸਪੀਕਰ ਚਲਾਇਆ ਤੇ ਸਟੇਜ ਉੱਪਰ ਕੁੱਝ ਟਰੈਕਟਰਾਂ ਦੀਆਂ ਲਾਈਟਾਂ ਨਾਲ਼ ਰੋਸ਼ਨੀ ਕਰ ਵਿਖਾਈ|
ਹੁਣ ਭਾਅ ਜੀ ਦੇ ਇਸ ਚਲਦੇ ਨਾਟਕ ਨੂੰ ਇੱਕ ਹੋਰ ਸਮੱਸਿਆ ਆ ਪਈ| ਇਸ ਨਾਟਕ ਵਿਚ ਸਿਪਾਹੀ ਦੀ ਭੂਮਿਕਾ ਨਿਭਾਉਣ ਵਾਲ਼ਾ ਪਾਤਰ ਕਿਸੇ ਮਜਬੂਰੀ ਕਾਰਨ ਆ ਨਹੀਂ ਸੀ ਸਕਿਆ| ਸਟੇਜ ਦਾ ਕਾਰਜ ਮੇਰੇ ਹੱਥ ਵਿਚ ਸੀ| ਭਾਅ ਜੀ ਇੱਕ ਨਾਟਕ ਖੇਡ ਚੁੱਕੇ ਸਨ ਤੇ ਦੂਜਾ ਇਹ ਨਾਟਕ ਸੀ| ਮਾਈਕ ’ਤੇ ਬੋਲ ਰਹੇ ਨੂੰ ਮੈਨੂੰ ਉਨ੍ਹਾਂ ਬਹੁਤ ਸਹਿਜ ਨਾਲ਼ ਬਾਂਹੋਂ ਖਿੱਚ ਕੇ ਪਰਦੇ ਦੇ ਅੰਦਰ ਸੱਦਿਆ| ਛੇਤੀ-ਛੇਤੀ ਮੈਨੂੰ ਸਿਪਾਹਟੇ ਦੀ ਵਰਦੀ ਪਵਾਈ, ਤੇ ਦੋ ਕੁ ਵਾਰਤਾਲਾਪ ਸਮਝਾਏ, ਜੋ ਮੈਂ ਜਤਿੰਦਰ ਗੰਭੀਰ ਨੂੰ ਬਾਂਹੋਂ ਫੜ ਕੇ ਕਹਿਣੇ ਸਨ| ਭਾਅ ਜੀ ਨੇ ਨਾਟਕ ਬਾਰੇ ਸੰਖਪ ਜਿਹਾ ਭਾਸ਼ਨ ਦੇ ਕੇ ਨਾਟਕ ਸ਼ੁਰੂ ਕਰਵਾ ਦਿੱਤਾ| ਭਾਅ ਜੀ ਦੇ ਇਸ਼ਾਰੇ ’ਤੇ ਬਰਛਾ ਹੱਥ ਵਿਚ ਫੜੀ ਮੈਂ ਸਟੇਜ ’ਤੇ ਗਿਆ ਤੇ ਜਤਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ| ਮੈਂ ਉਸ ਨਾਟਕ ਦਾ ਪਾਤਰ ਬਣਿਆ, ਨਾਟਕ ਦੇ ਰੰਗ ਵਿਚ ਡੁੱਬ ਕੇ ਕਈ ਵਾਰਤਾਲਾਪ ਆਪਣੇ ਕੋਲ਼ੋਂ ਵੀ ਬੋਲ ਗਿਆ| ਗੁਰਸ਼ਰਨ ਭਾਅ ਜੀ ਨੇ ਮੈਨੂੰ ਬਾਂਹ ਤੋਂ ਫੜ ਕੇ ਪਰਦੇ ਦੇ ਅੰਦਰ ਖਿੱਚਿਆ-‘ਬੱਸ ਏਨਾ ਹੀ ਚਾਹੀਦਾ ਸੀ, ਬਹੁਤ ਵਧੀਆ ਕੀਤਾ| ਇੱਕ ਥਾਂ ਰੁਕ ਗਿਆ ਸੀ ਨਾਟਕ’। ਮੈਂ ਸਮਝ ਗਿਆ ਕਿ ਮੈਂ ਨਾਟਕ ਦਾ ਹਿੱਸਾ ਬਣ ਕੇ ਕੁੱਝ ਜ਼ਿਆਦਾ ਅੱਗੇ ਲੰਘ ਗਿਆ ਸੀ ਜਿਸ ਨਾਲ਼ ਨਾਟਕ ਦੀ ਚਾਲ ਰੁਕ ਗਈ ਸੀ| ਫਿਰ ਵੀ ਭਾਅ ਜੀ ਦੀ ਇੱਕ ਗੱਲ ਤਾਂ ਕਮਾਲ ਦੀ ਸੀ ਕਿ ਬਗੈਰ ਕਿਸੇ ਲੰਮੀ ਚੌੜੀ ਰਿਹਰਸਲ ਦੇ ਉਹ ਪਾਤਰ ਨੂੰ ਸਟੇਜ ਉੱਪਰ ਲਿਆਉਣ ਦੀ ਸਮਰੱਥਾ ਰੱਖਦੇ ਸਨ|
ਪਿੰਡ-ਪਿੰਡ ਨੌਜੁਆਨ ਭਾਰਤ ਸਭਾਵਾਂ ਦਾ ਗਠਨ ਹੋ ਰਿਹਾ ਸੀ| ਹਰੇਕ ਪਿੰਡ ਵਿਚ ਭਾਅ ਜੀ ਦੇ ਨਾਟਕ ਦੀ ਮੰਗ ਹੁੰਦੀ ਸੀ| ਕਿਉਂਕਿ ਉਹ ਸਾਦੀ ਸ਼ੈਲੀ ਵਿਚ ਨਾਟਕ ਪੇਸ਼ ਕਰਦੇ ਸਨ| ਮੇਖ-ਮੀਨ ਕਰਨ ਵਾਲ਼ੇ ਬਹੁਤੇ ਲੋਕ ਭਾਵੇਂ ਇਤਰਾਜ਼ ਵੀ ਕਰਦੇ ਸਨ ਕਿ ਭਾਅ ਜੀ ਨਾਟਕ ਕਰਦੇ ਭਾਸ਼ਨ ਕਰਨ ਲੱਗਦੇ ਹਨ ਤੇ ਭਾਸ਼ਨ ਦੇਣ ਵੇਲ਼ੇ ਨਾਟਕ ਕਰਨ ਲੱਗਦੇ ਹਨ| ਮੈਂ ਇਨ੍ਹਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਸੀ ਦਿੰਦਾ| ਜਮਾਤੀ ਖ਼ਾਸਾ ਤਿਆਗਣ ਕਰਕੇ ਮੇਰੇ ਮਨ ਵਿਚ ਉਨ੍ਹਾਂ ਦਾ ਬੇਹੱਦ ਸਤਿਕਾਰ ਸੀ| ਆਖ਼ਰ ਪੇਂਡੂ ਲੋਕਾਂ ਖ਼ਾਸ ਕਰਕੇ ਗਰੀਬ ਕਿਸਾਨੀ ਅਤੇ ਵਿਹੜਿਆਂ ਵਿਚ ਤੰਗੀਆਂ-ਤੁਰਸ਼ੀਆਂ ਦੀ ਜੂਨ ਹੰਢਾਅ ਰਹੇ ਦਲਿਤ ਭਾਈਚਾਰੇ ਵਿਚ ਭਾਅ ਜੀ ਬਹੁਤ ਪਰਵਾਨ ਕੀਤੇ ਜਾ ਰਹੇ ਸਨ, ਇਸ ਤੋਂ ਵੀ ਵੱਧ ਵਿਹੜਿਆਂ ਦੀ ਗਰੀਬ ਮਜ਼ਦੂਰ ਔਰਤ ਜਮਾਤ ਵਿਚ| ਆਪਣੀਆਂ ਤਕਰੀਰਾਂ ਵਿਚ ਦੋਹਾਂ ਵਰਗਾਂ ਦੇ ਪੱਖ ਵਿਚ ਉਹ ਜੰਮ ਕੇ ਬੋਲਦੇ| ਅਮੀਰ ਖ਼ਾਨਦਾਨ ਵਿਚ ਜਨਮ ਲੈ ਕੇ ਇਹ ਕਹਿਣ ਵਾਲ਼ੇ-‘ਉਨ੍ਹਾਂ ਦੇ ਘਰ ਵਿਚ ਪਰਾਂਠੇ ਦੀ ਹਾਜ਼ਰੀ ਨਹੀਂ ਖਾਧੀ ਜਾਂਦੀ, ਸੈਂਡਵਿਚ ਜਾਂ ਟੋਸਟ ਸਵੇਰ ਦੇ ਨਾਸ਼ਤੇ ਵਿਚ ਪਰੋਸੇ ਜਾਂਦੇ ਹਨ’-ਪਰ ਨਾਟਕ ਦੌਰਾਨ ਪਿੰਡ ਵਾਸੀਆਂ ਵੱਲੋਂ ਵਰਤਾਇਆ ਜਾਣ ਵਾਲ਼ਾ ਹਰ ਤਰ੍ਹਾਂ ਦਾ ਰੁੱਖਾ ਮਿੱਸਾ ਛਕਣ ਵਿਚ ਭੋਰਾ ਵੀ ਗੁਰੇਜ਼ ਨਾ ਕਰਦੇ|
ਇਨਕਲਾਬੀ ਤਰਜ਼ ਦੇ ਜਿੰਨੇ ਵੀ ਮੈਗਜ਼ੀਨ ਨਿੱਕਲ਼ਦੇ ਸਨ, ਮੇਰੀ ਮੰਗ ਵਧ ਗਈ| ਹਰੇਕ ਪਰਚੇ ਵੱਲੋਂ ਖ਼ਤ ਆਉਣ ਲੱਗੇ ਤੇ ਮੈਂ ਹਰ ਪਰਚੇ ਵਿਚ ਧੜਾ-ਧੜ ਛਪਣ ਲੱਗਿਆ| ਸਭ ਤੋਂ ਪਹਿਲਾਂ ਗੁਰਸ਼ਰਨ ਸਿੰਘ ਭਾਅ ਜੀ ਨੇ ਹੀ ਮੇਰੀ ਬਾਂਹ ਫੜੀ ਸੀ| ਕ੍ਰਾਂਤੀਕਾਰੀ ਆਗੂ ਪ੍ਰੋ. ਹਰਭਜਨ ਸਿੰਘ ਨੇ ਆਪਣੇ ਪਿੰਡ ਕਾਲ਼ਾ ਸੰਘਿਆ ਬਹੁਤ ਵੱਡਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ| ਮੈਨੂੰ ਕਵੀ ਵਜੋਂ ਸੱਦਾ ਸੀ| ਛੇ ਕਲੀਆ ਬੈਂਤ ਵਿਚ ਲਿਖੀਆਂ ਮੇਰੀਆਂ ਤਿੰਨ ਕਵਿਤਾਵਾਂ ਦੀ ਗੁੱਡੀ ਚੜ੍ਹੀ ਹੋਈ ਸੀ| ਇੱਕ ਹਿੰਦ-ਪਾਕਿ ਜੰਗ ਅਤੇ ਬੰਗਲਾ ਦੇਸ਼ ਦੀ ਸਥਾਪਨਾ ਨਾਲ਼ ਸਬੰਧਤ ਸੀ, ਜਦੋਂ ਇੰਦਰਾ ਗਾਂਧੀ ਦੀ ਹਕੂਮਤ ਨੇ ਪੂਰਬੀ ਪਾਕਿਸਤਾਨ ਉੱਪਰ ਭਾਰਤੀ ਫੌਜਾਂ ਚੜ੍ਹਾ ਕੇ ਪੂਰਬੀ ਪਾਕਿਸਤਾਨ ਨਾਂ ਦੇ ਮੁਲਕ ਨੂੰ ਬੰਗਲਾ ਦੇਸ਼ ਦੇ ਰੂਪ ਵਿਚ ਸ਼ੇਖ ਮੁਜੀਬ ਰਹਿਮਾਨ ਦੇ ਹਵਾਲੇ ਕੀਤਾ ਸੀ ਤੇ ਕਸ਼ਮੀਰ ਦੇ ਸਦਰਿ ਰਿਆਸਤ ਸ਼ੇਖ ਅਬਦੁੱਲਾ ਨੂੰ ਸੀਖਾਂ ਵਿਚ ਬੰਦ ਕਰ ਕੇ ‘ਕਸ਼ਮੀਰ ਭਾਰਤ ਦਾ ਅਤੁੱਟ ਅੰਗ ਹੈ’ ਦਾ ਐਲਾਨ ਕਰ ਦਿੱਤਾ ਸੀ| ਦੂਜੀ ਕਵਿਤਾ ਸੀ ਜਦੋਂ 1971-72 ਦੇ ਉਸ ਕ੍ਰਾਂਤੀਕਾਰੀ ਦੌਰ ਵਿਚ, ਇੰਦਰਾ ਗਾਂਧੀ ਨੇ ਬੈਂਕਾਂ ਆਦਿ ਦਾ ਕੌਮੀਕਰਨ ਅਤੇ ਰਾਜਿਆਂ ਦੇ ਪਰੀਵੀ ਪਰਸ ਆਦਿ ਬੰਦ ਕਰਕੇ ‘ਗਰੀਬੀ ਹਟਾਓ’ ਤੇ ਸਮਾਜਵਾਦ ਦਾ ਨਾਅਰਾ ਭਾਰਤੀਆਂ ਦੀ ਹਥੇਲ਼ੀ ’ਤੇ ਪਰੋਸਣ ਦਾ ਪਰਪੰਚ ਕੀਤਾ ਸੀ| ਤੀਜੀ ਕਵਿਤਾ ਸੀ ਜੰਗਾਂ ਬਾਰੇ| ਇਹ ਤਿੰਨੋਂ ਕਵਿਤਾਵਾਂ ਵਿਅੰਗਾਤਮਕ ਸਨ| ਸਮੁੱਚੇ ਪੰਜਾਬ ਵਿਚ ਜਿੱਥੇ ਕਿਤੇ ਵੀ ਸਾਹਿਤਕ ਸੱਭਿਆਚਾਰਕ ਸੰਮੇਲਨ ਹੁੰਦੇ ਮੇਰੀ ਹਾਜ਼ਰੀ ਪੱਕੀ ਹੁੰਦੀ| ਕਾਲ਼ਾ ਸੰਘਿਆ ਭਾਅ ਜੀ ਦੇ ਨਾਟਕ ਤੋਂ ਬਾਅਦ ਜਦੋਂ ਮੈਂ ਕਵਿਤਾ ਬੋਲ ਕੇ ਸਟੇਜ ਤੋਂ ਉੱਤਰਿਆ ਤਾਂ ਭਾਅ ਜੀ ਮੈਨੂੰ ਮੋਢੇ ਤੋਂ ਫੜ ਕੇ ਇੱਕ ਪਾਸੇ ਲਿਜਾ ਕੇ ਬੋਲੇ-‘ਤੂੰ ਕਹਾਣੀ ਜ਼ਿਆਦਾ ਵਧੀਆ ਲਿਖਦਾ ਹੈਂ| ਮੈਨੂੰ ਆਪਣਾ ਕਹਾਣੀਆਂ ਦਾ ਖਰੜਾ ਭੇਜ ਦੇ’। ਮੈਨੂੰ ਹੋਰ ਕੀ ਚਾਹੀਦਾ ਸੀ, ਸੌਣ ਦੇ ਛਰਾਟਿਆਂ ਦੀ ਮੇਰੇ ਜੀਵਨ ਵਿਚ ਪਹਿਲੀ ਝੜੀ ਲੱਗੀ ਸੀ| ਭਾਅ ਜੀ ਨੇ ਬਹੁਤ ਸੁੰਦਰ ਦਿੱਖ ਵਾਲ਼ਾ ਮੇਰਾ ਪਹਿਲਾ ਕਹਾਣੀ ਸੰਗ੍ਰਹਿ-‘ਮਾਸ-ਖੋਰੇ’ ਛਾਪਿਆ ਤੇ ਮੈਨੂੰ ਆਪਣੇ ਗੁਰੂ ਖ਼ਾਲਸਾ ਨਿਵਾਸ ਅੰਮ੍ਰਿਤਸਰ ਬੁਲਾ ਕੇ ਬਹੁਤ ਸਾਰੀਆਂ ਕਿਤਾਬਾਂ ਰਿਆਲਿਟੀ ਵਜੋਂ ਦਿੱਤੀਆਂ ਸਨ| ਫਿਰ ਮੇਰਾ ਦੂਜਾ ਕਹਾਣੀ-ਸੰਗ੍ਰਹਿ ‘ਟੁੱਟਦੇ ਬਣਦੇ ਰਿਸ਼ਤੇ’ ਅਤੇ ਨਾਵਲ ‘ਨਵੀਆਂ ਸੋਚਾਂ ਨਵੀਆਂ ਲੀਹਾਂ’ ਛਾਪ ਕੇ ਨਿਵਾਜਿਆ|
ਭਾਅ ਜੀ ਨੂੰ ਮੇਰੀ ਵਾਰਤਕ ਬਹੁਤ ਪਸੰਦ ਸੀ| ਇੱਕ ਵਾਰ ਮੈਂ ਇੱਕ ਨਿਹਾਇਤ ਲੱਚਰ ਗਾਇਕ ਬੱਗਾ ਸਫ਼ਰੀ ਨੂੰ ਹਵਾਲਾਤ ਦੀਆਂ ਸੀਖਾਂ ਦੇ ਦਰਸ਼ਨ ਕਰਵਾਏ ਸੀ ਤੇ ਨਿਬੰਧ ਲਿਖਿਆ-‘ਖੁੰਬਾਂ ਦੀ ਗੰਦੀ ਨਸਲ’| ਸ਼ਾਇਦ ਪੰਜਾਬੀ ਟ੍ਰਿਬਿਊਨ ਵਿਚ ਛਪਿਆ ਸੀ, ਜੋ ਬਾਅਦ ਵਿਚ ਮੇਰੇ ਨਿਬੰਧ ਸੰਗ੍ਰਹਿ `ਚ ਇਸੇ ਸਿਰਲੇਖ ਹੇਠ ਛਪਿਆ| ਜਦ ਭਾਅ ਜੀ ਨਾਲ਼ ਕਿਸੇ ਸਮਾਗਮ ’ਤੇ ਮੁਲਾਕਾਤ ਹੋਈ ਤਾਂ ਉਹ ਹੁੱਬ ਕੇ ਬੋਲੇ-‘ਅਤਰਜੀਤ ਬਹੁਤ ਹੀ ਸ਼ਾਨਦਾਰ ਲੇਖ ਹੈ ਤੇ ਸਿਰਲੇਖ ਦਿੱਤਾ ਹੈ, ਖੁੰਬਾਂ ਦੀ ਗੰਦੀ ਨਸਲ| ਮੈਨੂੰ ਪਤਾ ਏ, ਰੂੜੀਆਂ ’ਤੇ ਉੱਗਣ ਵਾਲ਼ੀ ਉਸ ਗੰਦੀ ਨਸਲ ਨੂੰ ਕੀ ਆਂਹਦੇ ਨੇ| ਠੀਕ ਹੈ ਇਹ ਗਾਇਕ ਖੁੰਬਾਂ ਦੀ ਗੰਦੀ ਨਸਲ ਹੀ ਨੇ| ਬਹੁਤ ਵਧੀਆ ਕੀਤਾ ਤੂੰ’।
ਜਦੋਂ ਮੈਂ ਪਲਸ ਮੰਚ ਦਾ ਪ੍ਰਧਾਨ ਸਾਂ ਤੇ ਉਨ੍ਹਾਂ ਦੀ ਸਹਿਮਤੀ ਨਾਲ਼ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚਲਦੀ ਫਿਰਦੀ ਲਾਇਬ੍ਰੇਰੀ ਲੈ ਕੇ ਪੰਜਾਬ ਵਿਚ ਘੁੰਮ ਰਿਹਾ ਸਾਂ, ਤਾਂ ਮੈਂ ਭਾਅ ਜੀ ਨੂੰ ਬੇਨਤੀ ਕੀਤੀ ਕਿ ਆਪਣਾ ਬੰਦ ਕੀਤਾ ‘ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ’ ਮੈਨੂੰ ਦੇ ਦੇਣ| ਭਾਅ ਜੀ ਕਹਿਣ ਲੱਗੇ-‘ਅਤਰਜੀਤ ਮੇਰੇ ਕੋਲ਼ ਤਾਂ ਪੂੰਜੀ ਸੀ, ਤੂੰ ਕਾਹਦੇ ਨਾਲ਼ ਚਲਾਏਂਗਾ?’
‘ਭਾਅ ਜੀ, ਮੇਰੀ ਸਾਰੀ ਪੈਨਸ਼ਨ ਤੁਹਾਡੇ ਹਵਾਲੇ’। ਮੇਰਾ ਜਵਾਬ ਸੁਣ ਕੇ ਭਾਅ ਜੀ ਨੇ ਖੁਸ਼ ਹੋ ਕੇ, ਲੁਧਿਆਣੇ ਮੀਟਿੰਗ ਸਮਾਪਤ ਹੁੰਦਿਆਂ ਹੀ ਕਾਗਜ਼ ਪੈੱਨ ਕੱਢਿਆ ਤੇ ਲਿਖ ਕੇ ਪ੍ਰਕਾਸ਼ਨ ਮੇਰੇ ਹਵਾਲੇ ਕਰ ਦਿੱਤਾ’|
ਭਾਅ ਜੀ ਬਹੁਤ ਬੀਮਾਰ ਰਹਿਣ ਲੱਗ ਪਏ| ਵ੍ਹੀਲ ਚੇਅਰ ’ਤੇ ਆ ਕੇ ਨਾਟਕ ਕਰਾਉਣੇ ਛੁੱਟ ਗਏ| ਮੈਂ ਉਨ੍ਹਾਂ ਦੀ ਮਿਜਾਜ਼ ਪੁਰਸ਼ੀ ਲਈ ਚੰਡੀਗੜ੍ਹ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪੁੱਜਾ| ਮੈਂ ਹੈਰਾਨ ਕਿ ਉਨ੍ਹਾਂ ਨੇ ਮੈਨੂੰ-‘ਭਾਅ ਜੀ ਕੀ ਹਾਲ ਐ?’-ਵੀ ਨਾ ਕਹਿਣ ਦਿੱਤਾ, ਵੇਖਦੇ ਸਾਰ ਉੱਚੀ ਗੜ੍ਹਕ ਕੇ ਬੋਲੇ-‘ਅਤਰਜੀਤ ਮੇਰੇ ਦਿਮਾਗ਼ ਵਿਚ ਬਹੁਤ ਵੱਡੀ ਕਾਰਜ ਯੋਜਨਾ ਹੈ| ਮਾਲਵਾ, ਦੁਆਬਾ, ਮਾਝਾ ਮੇਰੀ ਕਾਰਜ ਯੋਜਨਾ ਦਾ ਖੇਤਰ ਨੇ| ਇਨ੍ਹਾਂ ਇਲਾਕਿਆਂ ਵਿਚ ਡਿਊਟੀਆਂ ਲਾ ਕੇ ਪਲਸ ਮੰਚ ਦੇ ਯੂਨਿਟ ਉਸਾਰੇ ਜਾਣ’| ਤੂੰ ਤਿਆਰੀ ਕਰ ਇਸ ਵਿਚ ਤੂੰ ਵੀ ਵੱਡਾ ਕਾਰਜ ਕਰ ਸਕਦਾ ਹੈਂ| ਪਲਸ ਮੰਚ ਦੇ ਬਾਕੀ ਕਾਰਕੁਨਾਂ ਨੂੰ ਮੈਂ ਕਹਿਨਾਂ’| ਉਸ ਤੋਂ ਬਾਅਦ ਤਾਂ ਮੈਂ ਤਰਸਦਾ ਹੀ ਰਿਹਾ ਕਿ ਇੱਕ ਵਾਰ ਹੀ ਉਨ੍ਹਾਂ ਦੀ ਸਿਹਤ ਬਾਰੇ ਕੁੱਝ ਪੁੱਛਾਂ ਪਰ ਉਨ੍ਹਾਂ ਨੇ ਮੈਨੂੰ ਮੌਕਾ ਹੀ ਨਾ ਦਿੱਤਾ| ਕੇਡੀ ਕਮਾਲ ਦੀ ਸ਼ਖ਼ਸੀਅਤ ਸਨ, ਭਾਅ ਜੀ| ਭੈਣ ਕੈਲਾਸ਼ ਜੀ ਨੇ ਕਿਤੇ ਕਹਿ ਦਿੱਤਾ-‘ਹੁਣ ਆਖ਼ਰੀ ਵੇਲ਼ੇ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ’।
ਭਾਅ ਜੀ ਬੋਲੇ ‘ਕੈਲਾਸ਼ ਇਹ ਕੰਮ ਤੁਸੀਂ ਕਰ ਲਿਆ ਕਰੋ| ਇਹ ਮੇਰਾ ਕੰਮ ਨਹੀਂ’। ਵਾਹ! ਭਾਅ ਜੀ ਵਾਹ!! ਦੋਹਾਂ ਦੀ ਇਸ ਮਹਾਨ ਦੇਣ ਨੂੰ ਮੈਂ ਆਪਣੀ ਅਕੀਦਤ ਪੇਸ਼ ਕਰਦਾ ਹਾਂ|