ਕੌਣ ਹੈ ਕਠਮੁੱਲਾ

ਬਲਜੀਤ ਬਾਸੀ
ਫੋਨ: 734-259-9353
ਪਿਛਲੇ 8 ਦਸੰਬਰ ਨੂੰ ਪ੍ਰਯਾਗਰਾਜ ਵਿਖੇ ਵਿਸ਼ਾਲ ਹਿੰਦੂ ਪਰਿਸ਼ਦ ਵਲੋਂ ਆਯੋਜਤ ਸਮਾਨ ਨਾਗਰਿਕ ਸੰਹਿਤਾ ‘ਤੇ ਵਿਚਾਰ ਕਰਨ ਲਈ ਇਕ ਸਮਾਗਮ ਹੋਇਆ। ਇਸ ਵਿਚ ਅਲਾਹਾਬਾਦ ਹਾਈ ਕੋਰਟ ਦੇ ਜੱਜ ਸ਼ੇਖਰ ਕੁਮਾਰ ਯਾਦਵ ਨੇ ਕੜਕ ਕੇ ਕਿਹਾ ਕਿ ਭਾਰਤ ਦੇਸ਼ ਏਥੋਂ ਦੀ ਬਹੁ-ਸੰਖਿਅਕ ਆਬਾਦੀ ਹਿੰਦੂਆਂ ਦੀਆਂ ਇੱਛਾਵਾਂ ਅਨੁਸਾਰ ਹੀ ਚੱਲੇਗਾ।

ਉਨ੍ਹਾਂ ਮੁਸਲਮਾਨਾਂ ਨੂੰ ਅਸਹਿਣਸ਼ੀਲ ਅਤੇ ਜਮਾਂਦਰੂ ਤੌਰ ‘ਤੇ ਹਿੰਸਕ ਗਰਦਾਨਿਆ। ਉਨ੍ਹਾਂ ਮੁਸਲਮਾਨਾਂ ਦੇ ਇੱਕ ਹਿੱਸੇ ਨੂੰ ‘ਕਠਮੁੱਲਾ’ ਤੱਕ ਕਹਿ ਦਿੱਤਾ ਕਿਉਂਕਿ ਉਹ ਚਾਰ ਪਤਨੀਆਂ ਰੱਖਦੇ ਹਨ ਅਤੇ ਤਿੰਨ ਵਾਰੀ ‘ਤਲਾਕ’ ਕਹਿ ਕੇ ਤਲਾਕ ਲੈ ਲੈਂਦੇ ਹਨ। ਉਨ੍ਹਾਂ ਮੁਸਲਮਾਨਾਂ ਦੇ ਵਿਰੁੱਧ ਹੋਰ ਵੀ ਬਹੁਤ ਜ਼ਹਿਰ ਉਗਲਿਆ। ਇਸ ਭਾਸ਼ਨ ਨਾਲ ਦੇਸ਼ ਭਰ ਵਿਚ ਉਨ੍ਹਾਂ ਖ਼ਿਲਾਫ ਤੂਫਾਨ ਖੜ੍ਹਾ ਹੋ ਗਿਆ। ਵਕੀਲਾਂ ਅਤੇ ਹੋਰ ਨਿਆਂ ਪਸੰਦ ਲੋਕਾਂ ਨੇ ਇਸ ਨੂੰ ਮੁਸਲਮਾਨ ਸਮੁਦਾਇ ਨੂੰ ਤਿਰਸਕਾਰ ਦਾ ਨਾ ਬਖਸ਼ਣਯੋਗ ਅਤੇ ਸੰਵਿਧਾਨ ਵਿਰੋਧੀ ਬਿਆਨ ਗਰਦਾਨਿਆ। ਹਾਈ ਕੋਰਟ ਦੇ ਜੱਜ ਸੰਵਿਧਾਨ ਪ੍ਰਤੀ ਹਲਫੀਆ ਤੌਰ ‘ਤੇ ਪ੍ਰਤਿਬੱਧ ਹੁੰਦੇ ਹਨ ਇਸ ਲਈ ਕਿਸੇ ਸਮੁਦਾਇ ਵਿਸ਼ੇਸ਼ ਦੇ ਖ਼ਿਲਾਫ ਸੰਪਰਦਾਇਕ ਟਿੱਪਣੀਆਂ ਨਹੀਂ ਕਰ ਸਕਦੇ ਤੇ ਨਾ ਹੀ ਏਨੀ ਖੁੱਲ੍ਹ ਲੈ ਸਕਦੇ ਹਨ ਕਿ ਆਪਣੇ ਸਮੁਦਾਇ ਪ੍ਰਤੀ ਉਚੇਚਾ ਝੁਕਾਅ, ਖਾਸ ਤੌਰ ‘ਤੇ ਵਿਵਾਦੀ ਮਸਲਿਆਂ ‘ਤੇ ਜਨਤਕ ਤੌਰ ‘ਤੇ ਜ਼ਾਹਿਰ ਕਰਨ। ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਾ। ਵੱਡੀ ਗਿਣਤੀ ਪਾਰਲੀਮੈਂਟ ਮੈਂਬਰਾਂ ਨੇ ਜੱਜ ਉਪਰ ਮਹਾਂਅਭਿਯੋਗ ਚਲਾਉਣ ਲਈ ਮੁਹਿੰਮ ਛੇੜ ਦਿੱਤੀ।
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਯਾ ਨਾਥ ਨੇ ਬਲਦੀ ਵਿਚ ਅੱਗ ਝੋਕ ਦਿੱਤੀ। ਵਿਧਾਨ ਸਭਾ ਵਿਚ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ‘ਤੇ ਹਮਲਾ ਬੋਲਦਿਆ ਉਨ੍ਹਾਂ ਕਿਹਾ, ‘ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਣਗੇ ਅਤੇ ਦੂਜੇ ਦੇ ਬੱਚਿਆਂ ਨੂੰ ਉਰਦੂ ਪੜ੍ਹਨ ਲਈ ਪ੍ਰੇਰਿਤ ਕਰਨਗੇ, ਉਨ੍ਹਾਂ ਨੂੰ ਮੌਲਵੀ, ਕਠਮੁੱਲਾ ਬਣਨ ਨੂੰ ਪ੍ਰੇਰਿਤ ਕਰਨਗੇ। ਇਹ ਨਾਇਨਸਾਫੀ ਹੈ। ਇਹ ਨਹੀਂ ਚੱਲੇਗਾ। ਉਤਰ ਪ੍ਰਦੇਸ਼ ਸਭ ਧਰਮਾਂ, ਆਪਣੇ ਪ੍ਰਦੇਸ਼ ਵਿਚ ਪ੍ਰਚੱਲਤ ਖੇਤਰੀ ਭਾਸ਼ਾਵਾਂ ਦਾ ਸਨਮਾਨ ਕਰਦਾ ਹੈ, ਇਹ ਸਰਕਾਰ ਸਭ ਦਾ ਸਾਥ ਸਭ ਦਾ ਵਿਕਾਸ ‘ਤੇ ਕੇਂਦਰਤ ਮਨਸ਼ਾ ਨਾਲ ਕੰਮ ਕਰ ਰਹੀ ਹੈ, ਵਿਰੋਧੀ ਪੱਖ ਵੀ ਵਿਚ ਸ਼ਾਮਿਲ ਹੋ ਗਿਆ ਹੈ ਕਿ ਸਰਕਾਰ ਦੀ ਹਰ ਪਹਿਲ ਦਾ ਉਨ੍ਹਾਂ ਵਿਰੋਧ ਕਰਨਾ ਹੈ। ਇਹ ਅਨੁਚਿਤ ਹੈ ਅਤੇ ਕਿਸੇ ਵੀ ਸੂਰਤ ਵਿਚ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’ ਗ਼ੌਰਤਲਬ ਹੈ ਕਿ ਉਰਦੂ ਖ਼ਿਲਾਫ ਨਫਰਤੀ ਬੋਲਾਂ ਨਾਲ ਭਰੇ ਯੋਗੀ ਦੇ ਭਾਸ਼ਨ ਦੇ ਇਸ ਟੁਕੜੇ ਵਿਚ ਹੀ ਨਾਇਨਸਾਫੀ, ਸਰਕਾਰ, ਮਨਸ਼ਾ, ਸੂਰਤ, ਮਨਜ਼ੂਰ ਸ਼ਬਦ ਉਰਦੂ ਦੇ ਹਨ। ਸਮੇਂ ਸਮੇਂ ਮੁਸਲਮਾਨਾਂ ਨਾਲ ਸਬੰਧਤ ਕਿਸੇ ਨਾ ਕਿਸੇ ਯਥਾਰਥਕ ਜਾਂ ਕਲਪਿਤ ਚਿੰਨ੍ਹ ਨੂੰ ਧੁਰਾ ਬਣਾ ਕੇ ਉਨ੍ਹਾਂ ਦਾ ਮੌਜੂ ਉਡਾਇਆ ਜਾਣਾ ਆਮ ਗੱਲ ਹੋ ਗਈ ਹੈ, ਕਦੇ ਬਾਬਰੀ ਮਸਜਿਦ, ਕਦੇ ਗਿਆਨ ਵਿਆਪੀ ਮਸਜਿਦ, ਕਦੇ ਨਿਮਾਜ਼, ਕਦੇ ਕਈ ਪ੍ਰਕਾਰ ਦੇ ਜਹਾਦ, ਕਦੇ ਉਰਦੂ ਜ਼ਬਾਨ ਤੇ ਹੁਣ ਕਠਮੁੱਲਾ ਇਸ ਦੀ ਮਿਸਾਲ ਹਨ। ਯੋਗੀ ਦੇ ਇਸ ਬਿਆਨ ਵਿਚ ਉਰਦੂ ਪੜ੍ਹਨ ਨਾਲ ਕਠਮੁੱਲਾ ਬਣ ਜਾਣ ਵਾਲੀ ਗੱਲ ਦੋ ਤਰ੍ਹਾਂ ਨਾਲ ਇਤਰਾਜ਼ਯੋਗ ਹੈ: ਉਰਦੂ ਨੂੰ ਕੇਵਲ ਮੁਸਲਮਾਨਾਂ ਦੀ ਭਾਸ਼ਾ ਸਮਝਿਆ ਜਾ ਰਿਹਾ ਹੈ ਤੇ ਕਠਮੁੱਲਾ ਜਾਣੀ ਨਕਲੀ ਵਿਦਵਾਨ ਦੇ ਅਰਥਾਂ ਵਾਲੇ ਇਸ ਸ਼ਬਦ ਵਿਚ ਵੀ ਮੁੱਲਾਂ ਸ਼ਬਦ ਹੋਣ ਨਾਲ ਇਹ ਕੇਵਲ ਮੁਸਲਮਾਨਾਂ ‘ਤੇ ਢੁਕਾਇਆ ਗਿਆ ਹੈ।
ਆਮ ਲੋਕਾਂ ਵਿਚ ਦੂਜੇ ਦੇ ਧਰਮ, ਜਾਤ, ਨਸਲ, ਲਿੰਗ, ਭਾਸ਼ਾ, ਪ੍ਰਾਂਤਕ ਪਿਛੋਕੜ ਆਦਿ ਪ੍ਰਤੀ ਘਿਰਣਾਸੂਚਕ ਸ਼ਬਦ ਚੱਲਦੇ ਰਹਿੰਦੇ ਹਨ ਜਿਵੇਂ ਸਿੱਖਾਂ ਨੂੰ ਸਿੱਖੜਾ, ਹਿੰਦੂ ਔਰਤਾਂ ਨੂੰ ਹਿੰਦਣੀਆਂ, ਮੁਸਲਮਾਨਾਂ ਨੂੰ ਸੁੱਲੇ, ਇਸਾਈਆਂ ਨੂੰ ਕਰਾਂਟੇ, ਜੱਟਾਂ ਨੂੰ ਜਟਵੈੜ, ਪਾਕਿਸਤਾਨੋਂ ਆਏ ਪੰਜਾਬੀਆਂ ਨੂੰ ਭਾਪੇ, ਬਿਹਾਰੀਆਂ ਨੂੰ ਭਈਏ ਆਦਿ। ਪੰਜਾਬ ਯੂਨੀਵਰਸਿਟੀ ਦਾ ਇੱਕ ਵਾਈਸ ਚਾਂਸਲਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੂੰ ਗਿਆਨੀਆਂ ਦਾ ਵਿਭਾਗ ਸੱਦਦਾ ਸੀ। ਸਿੱਖਾਂ ਨੂੰ ਕਈ ਗੈਰ-ਸਿੱਖ ਉਨ੍ਹਾਂ ਦੀ ਸੂਰਤ ਕਾਰਨ ਗਿਆਨੀ ਕਹਿ ਦਿੰਦੇ ਹਨ। ਰਵਾਇਤੀ ਤੌਰ ‘ਤੇ ਆਮ ਲੋਕਾਂ ਵਿਚ ਚਲਦੀਆਂ ਅਜਿਹੀਆਂ ਸ਼ਾਬਦਿਕ ਛੇੜਾਂ ਦਾ ਬਹੁਤਾ ਬੁਰਾ ਨਹੀਂ ਮਨਾਇਆ ਜਾਂਦਾ ਕਿਉਂਕਿ ਸਮੁੱਚੀ ਭਾਸ਼ਾ ਦੇ ਸਾਰੇ ਸ਼ਬਦ ਜਾਂ ਬੋਲ ਕਿਸੇ ਨਾ ਕਿਸੇ ਭਾਵਨਾ ਜਾਂ ਦੁਰਭਾਵਨਾ ਨਾਲ ਜੁੜੇ ਹੁੰਦੇ ਹਨ ਜੋ ਸਮਾਜ ਵਿਚ ਨਿਮਨ ਧਰਾਤਲ ‘ਤੇ ਵਿਚਰਦੇ ਆਪਸੀ ਸਬੰਧਾਂ ਨੂੰ ਦਰਸਾਉਂਦੇ ਹਨ। ਪਰ ਜੇ ਕੋਈ ਵੀ ਸਮਾਜਿਕ ਵੰਡੀਆਂ ਬਹੁਤ ਡੂੰਘੀਆਂ ਹੋ ਜਾਣ ਤਾਂ ਇਸ ਦੀ ਤੀਬਰ ਪ੍ਰਤੀਕਿਰਿਆ ਹੋ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ ਜੋ ਵਿਸਫੋਟਕ ਹੋ ਸਕਦੀ ਹੈ। ਕੁਝ ਸਮਾਂ ਪਹਿਲਾਂ ਤੱਕ ਸਿੱਖਾਂ ਦੇ ਬਾਰਾਂ ਵੱਜਣ ਵਾਲੀ ਗੱਲ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ ਪਰ ਅੱਜ ਇਸ ਪਿਛਲੇ ਸਿੱਖਾਂ ਦੇ ਬਹਾਦਰ ਹੋਣ ਦੇ ਇਤਿਹਾਸ ਨੂੰ ਦਰਸਾ ਕੇ ਉਲਟਾ ਸਿੱਖ ਇਸ ਉਕਤੀ ਨੂੰ ਫਖ਼ਰਯੋਗ ਗੱਲ ਦੱਸ ਰਹੇ ਹਨ। ਜੇ ਕਿਸੇ ਲਿਖਤ ਵਿਚ ਜਾਂ ਉਚ ਪਦਵੀਆਂ ‘ਤੇ ਬੈਠੇ ਜ਼ਿੰਮੇਵਾਰ ਲੋਕ ਸਰਕਾਰੀ ਜਾਂ ਹੋਰ ਮੰਚਾਂ ‘ਤੇ ਗੱਜ-ਵੱਜ ਕੇ ਅਜਿਹੀਆਂ ਬਦਨਾਮਕਾਰੀ ਉਕਤੀਆਂ ਦਾ ਪ੍ਰਯੋਗ ਕਰਨ ਲੱਗਣ ਤਾਂ ਇਹ ਵਰਤਾਰਾ ਕਿਸੇ ਵਿਸ਼ੇਸ਼ ਰਾਜਸੀ ਮਕਸਦ ਖਾਤਿਰ ਫਿਰਕੂ ਮਾਹੌਲ ਨੂੰ ਉਕਸਾ ਕੇ ਘੋਰ ਸਮਾਜਕ ਕਲੇਸ਼ ਦਾ ਕਾਰਨ ਬਣ ਸਕਦਾ ਹੈ। ਪਹਿਲਾਂ ਜੱਜ ਸ਼ੇਖਰ ਕੁਮਾਰ ਯਾਦਵ ਅਤੇ ਫਿਰ ਯੋਗੀ ਅਦਿੱਤਿਯਾ ਨਾਥ ਵਲੋਂ ਮੁਸਲਮਾਨਾਂ ਲਈ ਵਰਤੇ ‘ਕਠਮੁੱਲਾ’ ਸ਼ਬਦ ਅਜਿਹੀ ਅਣਸੁਖਾਵੀਂ ਸਥਿਤੀ ਦਾ ਕਾਰਕ ਬਣ ਸਕਦਾ ਹੈ ਕਿਉਂਕਿ ਇਹ ਇੱਕ ਖਾਸ ਪ੍ਰਸੰਗ ਵਿਚ ਜ਼ਿੰਮੇਵਾਰ ਉਚ ਅਧਿਕਾਰੀਆਂ ਵਲੋਂ ਅਤੇ ਖਾਸ ਫਿਰਕੂ ਮਾਹੌਲ ਵਿਚ ਖਾਸ ਰਾਜਸੀ ਲਾਭ ਲੈਣ ਲਈ ਵਰਤਿਆ ਗਿਆ ਹੈ। ਭਾਵੇਂ ਇਸ ਉਕਤੀ ਵਿਚ ਇੱਕ ਵਿਸ਼ੇਸ਼ ਧਰਮ ਨਾਲ ਸਬੰਧਤ ਸ਼ਬਦ ਮੁੱਲਾ ਮੌਜੂਦ ਹੈ ਪਰ ਆਮ ਲੋਕਾਂ ਵਿਚ ਵਰਤਿਆ ਜਾਣ ਕਰਕੇ ਇਹ ਆਪਣੇ ਅਰਥ ਵਜੋਂ ਕਿਸੇ ਵਿਸ਼ੇਸ਼ ਸਮੂਹ ਵੱਲ ਸੰਕੇਤਿਤ ਨਹੀਂ। ਕਿਸੇ ਵੀ ਵਿਚਾਰਧਾਰਾ ਵਾਲੇ ਕੱਟੜ ਵਿਅਕਤੀ ਨੂੰ ਕਠਮੁੱਲਾ ਕਿਹਾ ਜਾ ਸਕਦਾ ਹੈ।
ਕਠਮੁੱਲਾ ਸ਼ਬਦ ਦੀ ਵਰਤੋਂ ਨਕਲੀ ਮੁੱਲਾ ਦੇ ਤੌਰ ‘ਤੇ ਹੁੰਦੀ ਹੈ। ਲਖਨਊ ਦੇ ਮੁਸਲਿਮ ਵਿਦਵਾਨ ਮੁਹੰਮਦ ਅਹਿਮਦ ਖਾਨ ਅਦੀਬ ਅਨੁਸਾਰ ਇਹ ਕਹਿਣਾ ਕਠਨ ਹੈ ਕਿ ਇਹ ਸ਼ਬਦ ਕਿੱਥੋਂ ਆਇਆ। ਪਰ ਉਨ੍ਹਾਂ ਨਿਸਚੇ ਨਾਲ ਕਿਹਾ ਕਿ ਉਹ ਇਹ ਸ਼ਬਦ ਬਚਪਨ ਤੋਂ ਸੁਣਦੇ ਆ ਰਹੇ ਹਨ, ਇਸ ਦਾ ਮਤਲਬ ਜਾਹਲੀਅਤ ਹੈ। ਇਸ ਨੂੰ ਮੁੱਦਾ ਬਣਾਉਣਾ ਕਿਸੇ ਵੀ ਸੂਰਤ ਵਿਚ ਨਾ ਉਚਿਤ ਹੈ ਨਾ ਇਸ ‘ਤੇ ਬਹਿਸ ਦੀ ਜ਼ਰੂਰਤ ਹੈ। ਇਸ ਤਰ੍ਹਾਂ ਉਸ ਨੇ ਗੱਲ ਹਊ ਪਰੇ ਕਰ ਦਿੱਤੀ। ਇਸ ਸ਼ਬਦ ਵਿਚਲੇ ਪਹਿਲੇ ਜੁਜ਼ ‘ਕਠ’ ਦਾ ਅਰਥ ਕੱਟੜ ਲੈਂਦੇ ਹੋਏ ਕਈ ਕਠਮੁੱਲਾ ਦਾ ਅਰਥ ਕੱਟੜ ਮੁੱਲਾ ਕਰਦੇ ਹਨ। ਕਈ ਬਿਨਾਂ ਜਾਣਿਆ ਇਸ ਨੂੰ ਮੁਸਲਮਾਨਾਂ ਦੇ ਖਤਨੇ ਨਾਲ ਜੋੜਦੇ ਹਨ। ਗੱਲ ਕੀ ਲਾ ਪਾ ਕੇ ਇਸ ਸ਼ਬਦ ਵਿਚ ਮੁਸਲਮਾਨਾਂ ਪ੍ਰਤੀ ਘਿਰਣਾ ਦੇ ਭਾਵ ਉਜਾਗਰ ਹੁੰਦੇ ਹਨ ਜਿਸ ਨੂੰ ਵਰਤ ਕੇ ਤੁਅੱਸਬੀ ਲੋਕ ਅਵੈੜਾ ਸੁਆਦ ਲੈਂਦੇ ਹਨ। ਇਸ ਸ਼ਬਦ ਨੂੰ ਸਮਝਣ ਲਈ ਨਿਰੁਕਤੀ ‘ਤੇ ਕੰਮ ਕਰਨ ਵਾਲੇ ਦੋ ਵਿਦਵਾਨਾਂ ਦੀਆਂ ਵਿਆਖਿਆਵਾਂ ਮੇਰੇ ਸਾਹਮਣੇ ਆਈਆਂ ਹਨ। ਪਹਿਲੀ ਹੈ ਅਰਵਿੰਦ ਵਿਆਸ ਵਲੋਂ ਜੋ ਕਿ ਹਿੰਦੁਸਤਾਨੀ ਸ਼ਬਦਾਂ ਦੇ ਅਰਥ ਦੱਸਣ ਵਾਲੇ ਕੋਸ਼ ‘ਰੇਖਤਾ’ ਵਿਚ ਵੀ ਮੌਜੂਦ ਹੈ। ਉਸ ਨੇ ਕਠ ਸ਼ਬਦ ਨੂੰ ਸੰਸਕ੍ਰਿਤ ਵਲੋਂ ਆਏ ਲੱਕੜੀ ਦੇ ਅਰਥਾਂ ਵਾਲੇ ਕਾਠ ਦਾ ਰੁਪਾਂਤਰ ਦਰਸਾਇਆ ਹੈ ਜਿਸ ਦੇ ਅੱਗੇ ਅਰਬੀ ਮੂਲ ਦਾ ਸ਼ਬਦ ਮੁੱਲਾ ਲੱਗਾ ਹੋਇਆ ਹੈ। ਉਸ ਅਨੁਸਾਰ ਕਠਮੁੱਲਾ ਉਹ ਮੁੱਲਾ ਹੈ ਜੋ ਕਾਠ ਭਾਵ ਲੱਕੜੀ ਦੀ ਮਾਲਾ ਫੇਰਦਾ ਹੈ। ਇਸ ਤਰ੍ਹਾਂ ਉਹ ਕੱਟੜਪੰਥੀ, ਘੱਟ ਪੜ੍ਹਿਆ-ਲਿਖਿਆ ਪਰ ਸੰਕੀਰਣ ਵਿਚਾਰਾਂ ਵਾਲਾ ਵਿਅਕਤੀ ਬਣ ਜਾਂਦਾ ਹੈ। ਲੇਖਕ ਦੀ ਇਸ ਵਿਆਖਿਆ ਤੋਂ ਇਹ ਨਹੀਂ ਸਮਝ ਆ ਰਿਹਾ ਕਿ ਏਥੇ ਉਹ ਕਿਸੇ ਕਾਲਪਨਿਕ ਮਾਲਾ ਦੀ ਗੱਲ ਕਰ ਰਹੇ ਹਨ ਜੋ ਕਾਠ ਦੀ ਬਣੀ ਹੋਵੇ ਜਾਂ ਸੱਚਮੁੱਚ ਦੀ ਕਾਠ ਦੀ ਮਾਲਾ। ਇਸ ਨੂੰ ਫੇਰਨ ਵਾਲਾ ਕੱਟੜ ਕਿਵੇਂ ਬਣ ਗਿਆ? ਕੋਈ ਵੀ ਮਾਲਾ ਫੇਰਨਾ ਤਾ ਉਂਜ ਵੀ ਇੱਕ ਕਰਮਕਾਂਡ ਹੀ ਹੈ ਕਿਉਂਕਿ ਇਹ ਇੱਕ ਮਕਾਨਕੀ ਜਿਹਾ ਹੀ ਕਾਰਜ ਹੈ।
ਅਭਿਸ਼ੇਕ ਅਵਤੰਸ ਨਾਮੀ ਭਾਸ਼ਾ ਵਿਗਿਆਨੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਕਠਮੁਲਾ ਸ਼ਬਦ ਦਾ ਲੱਕੜੀ ਦੀ ਮਾਲਾ ਨਾਲ ਕੋਈ ਸਬੰਧ ਹੈ। ਉਸ ਅਨੁਸਾਰ ਵੀ ਇਸ ਸ਼ਬਦ ਦਾ ਪਹਿਲਾ ਜੁਜ਼ਕਾਠ ਦਾ ਰੁਪਾਂਤਰ ਕਠ ਹੈ ਤੇ ਦੂਜਾ ਅਰਬੀ ਵਲੋਂ ਆਇਆ ਮੌਲਵੀ ਦੇ ਅਰਥਾਂ ਵਾਲਾ ਮੁੱਲਾ। ‘ਕਠ’ ਹਿੰਦੀ ਦੇ ਕਈ ਸਮਾਸੀ ਸ਼ਬਦਾਂ ਵਿਚ ਬਣਾਵਟੀ, ਝੂਠਾ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਹਿੰਦੀ ਸ਼ਬਦ ਕੋਸ਼ ‘ਸ਼ਬਦਸਾਗਰ’ ਵਿਚ ਇਸ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ ਜਿਵੇਂ ਕਠਵੈਦ = ਨੀਮ ਹਕੀਮ, ਕਠਹੰਸੀ =ਬਣਾਵਟੀ ਹਾਸਾ, ਕਠਭਗਤ = ਦਿਖਾਵੇ ਦਾ ਭਗਤ, ਕਠਬਾਪ = ਮਤਰੇਆ ਪਿਉ। ਪਰ ਉਸ ਵਲੋਂ ਜ਼ਿਕਰ ਕੀਤਾ ਸ਼ਬਦ ਕਠਮਾਲਿਆ ਧਿਆਨਯੋਗ ਹੈ। ਇਸ ਸ਼ਬਦ ਦਾ ਅਰਥ ਹੈ ਅਜਿਹਾ ਸਾਧੂ ਜੋ ਝੂਠ ਮੂਠ ਹੀ ਮਾਲਾ ਫੇਰਦਾ ਹੈ। ਹਿੰਦੀ ਕੋਸ਼ਕਾਰ ਰਾਮ ਚੰਦਰ ਵਰਮਾ ਨੇ ਇਸੇ ਪ੍ਰਸੰਗ ਵਿਚ ਕਠਮੁੱਲਾ ਸ਼ਬਦ ਦੀ ਪਰਿਭਾਸ਼ਾ ਕਰਦਿਆਂ ਇਸ ਨੂੰ ਅਜਿਹਾ ਵਿਅਕਤੀ ਦੱਸਿਆ ਜਿਸ ਨੂੰ ਅਰਬੀ ਫਾਰਸੀ ਦਾ ਕੋਈ ਗਿਆਨ ਨਾ ਹੋਵੇ ਪਰ ਧਰਮੀ ਪੁਰਸ਼ ਹੋਣ ਦਾ ਵਿਖਾਵਾ ਕਰਦਾ ਹੋਵੇ। ਇਸ ਤਰ੍ਹਾਂ ਕਠਮੁੱਲਾ ਸ਼ਬਦ ਕਠਮਾਲਿਆ ਤੋਂ ਪ੍ਰਭਾਵਤ ਹੋਇਆ। ਕਠਮੁੱਲਾ ਪਹਿਲਾਂ ਝੂਠਾ, ਦਿਖਾਵੇ ਵਾਲਾ, ਢੋਂਗੀ ਜਾਂ ਮੂਰਖ ਧਾਰਮਿਕ ਬੰਦਾ ਦੇ ਅਰਥਾਂ ਵਿਚ ਉਭਰਿਆ ਤੇ ਫਿਰ ਕੱਟੜ, ਰੂੜੀਵਾਦੀ, ਤੁਅੱਸਬੀ ਦੇ ਅਰਥਾਂ ਵਿਚ ਵਿਸਤ੍ਰਿਤ ਹੋ ਗਿਆ। ਇਹ ਵਿਆਖਿਆ ਖੂਬ ਜਚਦੀ ਹੈ। ਕਾਠ ਸ਼ਬਦ ਬਾਰੇ ਬਹੁਤ ਪਹਿਲਾਂ ਚਰਚਾ ਹੋ ਚੁੱਕੀ ਹੈ, ਮੁੱਲਾਂ ਬਾਰੇ ਕਰਾਂਗੇ।
ਓਮੀ ਸਾਧ
ਕਠਪੁਤਲਾ ਜਿਹੇ ਭਾਵ ਦੇਣ ਵਾਲੇ ਕੁਝ ਹੋਰ ਸ਼ਬਦ ਵੀ ਹਨ। ਪੰਜਾਬੀ ਵਿਚ ਇੱਕ ‘ਓਮੀ ਸਾਧ’ ਸ਼ਬਦ ਚਲਦਾ ਹੈ ਜੋ ਘੱਟ ਪੜੇ੍ਹ, ਅਲਪ ਸਿਖਿਅਤ ਧਰਮਾਤਮਾ ਲਈ ਵਰਤਿਆ ਜਾਂਦਾ ਹੈ। ਗੁਰੂ ਨਾਨਕ ਦੀ ‘ਆਸਾ ਦੀ ਵਾਰ’ ਵਿਚ ਇਹ ਸ਼ਬਦ ਮੌਜੂਦ ਹੈ, ‘ਪੜਿਆ ਹੋਵੈ ਗੁਨਹਗਾਰ ਤਾ ਓਮੀ ਸਾਧੁ ਨ ਮਾਰੀਐ’ ਅਰਥਾਤ ਜੇ ਪੜ੍ਹਿਆ ਲਿਖਿਆ ਮਨੁੱਖ ਹੀ ਮੰਦੇ ਕਰਮ ਕਰਨ ਲੱਗ ਜਾਵੇ ਤਾਂ ਅਨਪੜ੍ਹ ਜਾਂ ਘੱਟ ਪੜ੍ਹੇ ਨੂੰ ਕਿਵੇਂ ਨਿੰਦ ਸਕਦੇ ਹਾਂ। ਪਰ ਇਸ ਸਲੋਕ ਵਿਚ ਹੋਰ ਅੱਗੇ ਜਾ ਕੇ ਸਿਰਫ ਅਜਿਹੇ ਹੀ ਅਰਥਾਂ ਵਿਚ ‘ਓਮੀਆ’ ਸ਼ਬਦ ਆਇਆ ਹੈ ‘ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ’ ਅਰਥਾਤ ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ।
ਏਥੇ ਸਾਧ ਸ਼ਬਦ ਸੰਸਕ੍ਰਿਤ ਵਲੋਂ ਹੈ ਅਤੇ ਧਰਮਾਤਮਾ ਪੁਰਸ਼ਾਂ ਲਈ ਵਰਤੇ ਸ਼ਬਦਾਂ ਵਿਚੋਂ ਇਕ ਹੈ। ਆਮ ਤੌਰ ‘ਤੇ ਭਲੇ ਪੁਰਸ਼ ਨੂੰ ਵੀ ਸਾਧ ਕਹਿ ਦਿੱਤਾ ਜਾਂਦਾ ਹੈ। ਦੂਜੇ ਪਾਸੇ ਓਮੀ ਸ਼ਬਦ ਅਰਬੀ ਵਲੋਂ ਆਇਆ ਹੈ ਜੋ ਮਾਂ ਦਾ ਅਰਥਾਵਾਂ ਹੈ। ਅਰਥਾਤ ਅਜਿਹਾ ਵਿਅਕਤੀ ਜਿਸ ਨੇ ਓਨੀ ਕੁ ਹੀ ਸਿਖਿਆ ਪ੍ਰਾਪਤ ਕੀਤੀ ਹੈ ਜਿੰਨੀ ਕੁ ਮਾਂ ਤੋਂ ਮਿਲੀ। ਮੁਢਲੇ ਤੌਰ ‘ਤੇ ਘੱਟ ਸਿਖਿਅਤ ਧਰਮਾਤਮਾ ਲਈ ਸ਼ਬਦ ਓਮੀ ਹੀ ਸੀ ਪਰ ਜਾਪਦਾ ਹੈ ਗੁਰੂ ਜੀ ਜਾਂ ਇਸ ਤੋਂ ਪਹਿਲਾਂ ਇਸ ਸ਼ਬਦ ਨਾਲ ਸਾਧ ਸ਼ਬਦ ਜੋੜ ਦਿੱਤਾ ਗਿਆ ਤਾਂ ਜੁ ਇਸ ਦਾ ਪ੍ਰਸੰਗ ਪੂਰੀ ਤਰ੍ਹਾਂ ਧਰਮ ਨਾਲ ਜੁੜ ਜਾਵੇ। ਕਈ ਵਿਦਵਾਨ, ਜਿਨ੍ਹਾਂ ਵਿਚ ਗੁਰਬਾਣੀ ਦੇ ਟੀਕਾਕਾਰ ਸਾਹਿਬ ਸਿੰਘ ਵੀ ਸ਼ਾਮਿਲ ਹਨ, ਇਸ ਨੂੰ ਹਿੰਦੂ ਚਿੰਨ੍ਹ ਓਮ ਨਾਲ ਵੀ ਜੋੜਦੇ ਹਨ ਜਿਸ ਤੋਂ ਅਰਥ ਕੱਢਿਆ ਜਾਂਦਾ ਹੈ‘ ਧਰਮ ਪੁਰਸ਼ ਜੋ ਹਿੰਦੂ ਸ਼ਾਸਤਰਾਂ ਤੋਂ ਕੋਰਾ ਹੋਵੇ ਸਿਰਫ਼ ਓਮ ਦੀ ਰੱਟ ਲਾਉਣਾ ਜਾਣਦਾ ਹੋਵੇ’। ਦੂਜੇ ਪਾਸੇ ਮਾਂ ਦੇ ਅਰਥਾਂ ਵਾਲੇ ਓਮੀ ਨੂੰ ਸੰਸਕ੍ਰਿਤ ਵਲੋਂ ਅੰਬੀ ਜਾਂ ਅੰਮੀ ਨਾਲ ਵੀ ਜੋੜਿਆ ਜਾਂਦਾ ਹੈ। ਇਹ ਦੋਵੇਂ ਵਿਆਖਿਆਵਾਂ ਲੋਕ-ਘੜੰਤ ਹਨ। ਅਰਬੀ ਫਾਰਸੀ ਸ੍ਰੋਤਾਂ ਵਿਚ ਓਮੀ ਜਿਹੇ ਸ਼ਬਦ ਦਾ ਅਰਥ ਅਨਪੜ੍ਹ ਮੌਜੂਦ ਹੈ। ਇੱਕ ਹੋਰ ਉਕਤੀ ਹੈ ‘ਪੌਂਗਾ ਪੰਡਿਤ’ ਜਿਸ ਦਾ ਅਰਥ ਵੀ ਕਠਮੁੱਲਾ ਜਿਹਾ ਹੀ ਹੈ। ਪੋਂਗਾ ਦਾ ਅਰਥ ਖੋਖਲਾ ਹੁੰਦਾ ਹੈ ਅਤੇ ਪੰਡਿਤ ਦਾ ਮੁਢਲਾ ਅਰਥ ਹਿੰਦੂ ਸ਼ਾਸਤਰਾਂ ਦਾ ਗਿਆਨੀ।