ਬਟਵਾਰੇ ਦੇ ਮਹਾਂ ਦੁਖਾਂਤ ਦੀਆਂ ਜੜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

ਸਵਰਾਜਬੀਰ
ਫੋਨ: 98560-02003
“ਯਾਦਾਂ ਦੀ ਪਿਟਾਰੀ ਖੋਲ੍ਹਣਾ ਕੋਈ ਅਜਿਹਾ ਕੰਮ ਨਹੀਂ ਏ, ਜਿਸ ਦੀਆਂ ਹੱਦਾਂ ਤੈਅ ਕੀਤੀਆਂ ਜਾ ਸਕਣ। ਕੋਈ ਇਸ ਪਿਟਾਰੀ ਨੂੰ ਖੋਲ੍ਹ ਕੇ ਉਸ ਮੰਜ਼ਲ ਤਕ ਨਹੀਂ ਪਹੁੰਚ ਸਕਦਾ ਜਿੱਥੇ ਇਸ ਨੂੰ ਬੰਦ ਕਰ ਦਿੱਤਾ ਜਾਏ। ਹਰ ਇਤਿਹਾਸਕ ਘਟਨਾਕ੍ਰਮ, ਜਿਸ ਨੂੰ ਯਾਦਾਂ ਦੇ ਸ਼ੀਸ਼ਿਆਂ ਰਾਹੀਂ ਤੱਕਣ ਦੀ ਸੰਭਾਵਨਾ ਹੋਏ, ਸਾਨੂੰ ਇਹ ਦੱਸਦਾ ਹੈ ਕਿ ਤੁਸੀਂ ਜਿੰਨੀ ਜ਼ਿਆਦਾ ਖੋਜ ਕਰਦੇ ਓ, ਉੱਥੇ ਓਨਾ ਹੀ ਹੋਰ ਜ਼ਿਆਦਾ ਕੁਝ ਪਿਆ ਹੁੰਦਾ ਹੈ ਜੋ ਅਜੇ ਲੱਭਣ ਵਾਲਾ ਹੁੰਦਾ ਹੈ।”
-ਉਰਵਸ਼ੀ ਬੁਟਾਲੀਆ, ਦਿ ਪਾਰਟੀਸ਼ਨ : ਦਿ ਲਾਂਗ ਸ਼ੈਡੋ

ਇਤਿਹਾਸ ਘਟਨਾਵਾਂ, ਘਟਨਾਵਾਂ ਦੇ ਪਿੱਛੇ ਪਏ ਵਰਤਾਰਿਆਂ, ਜਿੱਤਾਂ-ਹਾਰਾਂ, ਵਿਦਰੋਹਾਂ, ਸੱਤਾਧਾਰੀਆਂ ਦੇ ਫ਼ੈਸਲਿਆਂ, ਇਨ੍ਹਾਂ ਜਿੱਤਾਂ-ਹਾਰਾਂ ਦੇ ਕਾਰਨਾਂ ਆਦਿ ਨਾਲ ਬੱਝਾ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੀ ਇਤਿਹਾਸਕਾਰੀ ਵੱਖ-ਵੱਖ ਤਰ੍ਹਾਂ ਦੇ ਤੱਥ ਵਰਤਦੀ ਅਤੇ ਵੱਖ-ਵੱਖ ਤਰ੍ਹਾਂ ਦੇ ਬਿਰਤਾਂਤ ਘੜਦੀ ਹੈ। ਕੁਝ ਇਤਿਹਾਸਕਾਰ ਘਟਨਾਵਾਂ ਤੇ ਸੱਤਾਧਾਰੀਆਂ ਦੇ ਫ਼ੈਸਲਿਆਂ ਨੂੰ ਤਰਜੀਹ ਦਿੰਦੇ ਹਨ ਅਤੇ ਕੁਝ ਘਟਨਾਵਾਂ ਤੇ ਫ਼ੈਸਲਿਆਂ ਦੀ ਜ਼ਮੀਨ ਬਣਾਉਣ ਵਾਲੇ ਵਰਤਾਰਿਆਂ ਨੂੰ। ਇਹ ਘਟਨਾਵਾਂ ਤੇ ਜਿੱਤਾਂ-ਹਾਰਾਂ ਤੇ ਫ਼ੈਸਲੇ ਸਮੇਂ, ਦਿਨਾਂ, ਮਹੀਨਿਆਂ, ਵਰਿ੍ਹਆਂ ਤੇ ਤਾਰੀਖਾਂ ਨਾਲ ਵੀ ਬੱਝੇ ਹੁੰਦੇ ਹਨ ਅਤੇ ਕਈ ਵਾਰ ਕਈ ਇਤਿਹਾਸਕਾਰ ਇਹ ਕਹਿਣਾ ਵੀ ਪਸੰਦ ਕਰਦੇ ਹਨ ਕਿ ਫਲਾਂ ਇਤਿਹਾਸਕ ਮੋੜ ਕਿਸੇ ਖ਼ਾਸ ਵਰ੍ਹੇ ਜਾਂ ਦਿਨ ਨੂੰ ਵਾਪਰਿਆ। ਇਹ ਇਤਿਹਾਸਕਾਰ ਇਹ ਕਹਿਣਾ ਪਸੰਦ ਕਰਦੇ ਹਨ ਕਿ ਉਸ ਦਿਨ ਜਾਂ ਵਰ੍ਹੇ ਵਿਚ ਵਾਪਰੀ ਘਟਨਾ ਨਾਲ ਕਿਸੇ ਭੂਗੋਲਿਕ ਖਿੱਤੇ ਵਿਚ ਨਵੀਂ ਸ਼ੁਰੂਆਤ ਹੋਈ ਜਦੋਂਕਿ ਹੋਰ ਇਤਿਹਾਸਕਾਰ ਅਜਿਹੇ ਮੋੜ ਪਿੱਛੇ ਪਏ ਵਰਤਾਰਿਆਂ ਦੀਆਂ ਪਰਤਾਂ ਫਰੋਲਣ ’ਤੇ ਜ਼ੋਰ ਦਿੰਦੇ ਹਨ ਅਤੇ ਉਨ੍ਹਾਂ ਸਰੋਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਕਾਰਨ ਕੋਈ ਇਤਿਹਾਸਕ ਕਾਰਾ/ਘਟਨਾ ਵਾਪਰਿਆ।
ਦੇਸ਼ ਦੀ ਵੰਡ ਦੇ ਮੁੱਢ ਬਸਤੀਵਾਦ ਦੇ ਮੁੱਢ ਬੱਝਣ ਵਿਚ ਪਏ ਹਨ। ਅੰਗਰੇਜ਼ਾਂ ਨੇ ਹਮੇਸ਼ਾ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਰਾਜ ਕੀਤਾ; ਇਕ ਰਾਜੇ ਨੂੰ ਦੂਸਰੇ ਵਿਰੁੱਧ ਅਤੇ ਦੂਸਰੇ ਨੂੰ ਤੀਸਰੇ ਵਿਰੁੱਧ ਲੜਾਇਆ; ਆਰਥਿਕ ਲੁੱਟ ਦੀ ਇੰਤਹਾ ਕੀਤੀ ਜਿਸ ਕਾਰਨ ਦੇਸ਼ ਵਿਚ ਕਾਲ ਪਏ, ਮੁਕਾਮੀ ਸਨਅਤ ਤਬਾਹ ਹੋਈ ਅਤੇ ਭਾਰਤ ਮੁਕੰਮਲ ਤੌਰ ’ਤੇ ਗੁਲਾਮ ਹੋ ਗਿਆ। ਸਿਆਸੀ ਤੇ ਆਰਥਿਕ ਗੁਲਾਮੀ ਦੇ ਨਾਲ-ਨਾਲ ਸਮਾਜਿਕ, ਮਾਨਸਿਕ ਤੇ ਸਭਿਆਚਾਰਕ ਗੁਲਾਮੀ ਦਾ ਮੁੱਢ ਬੱਝਾ।
ਬਸਤੀਵਾਦੀਆਂ ਨੇ ਗੁਲਾਮ ਦੇਸ਼ਾਂ ਦੇ ਲੋਕਾਂ ’ਤੇ ਸਮਾਜਿਕ, ਮਾਨਸਿਕ ਤੇ ਸਭਿਆਚਾਰਕ ਗਲਬਾ ਪਾਉਣ ਲਈ ਕਈ ਤਰ੍ਹਾਂ ਦੇ ਬਿਰਤਾਂਤ ਬਣਾਏ- ਸਿਰਜੇ ਤੇ ਘੜੇ ਸਨ। ਇਕ ਪੱਧਰ ’ਤੇ ਬਸਤੀਵਾਦੀਆਂ ਨੂੰ ਇਹ ਯਕੀਨ ਸੀ ਕਿ ਉਹ ਜ਼ਿਆਦਾ ਸਭਿਅਕ ਤੇ ਵਿਕਸਤ ਸਨ ਅਤੇ ਅਜਿਹੀ ਨਸਲ (ਗੋਰੇ ਰੰਗ ਦੀ ਨਸਲ) ਨਾਲ ਸੰਬੰਧ ਰੱਖਦੇ ਸਨ, ਜਿਨ੍ਹਾਂ ਨੂੰ ਏਸ਼ੀਆ, ਅਫਰੀਕਾ ਅਤੇ ਅਮਰੀਕਾ ਮਹਾਂਦੀਪਾਂ ਦੇ ਦੇਸ਼ਾਂ ਨੂੰ ਗੁਲਾਮ ਬਣਾਉਣ ਦਾ ਕੁਦਰਤੀ ਜਾਂ ਦੇਵੀ ਹੱਕ ਪ੍ਰਾਪਤ ਸੀ। ਇਸ ਬਿਰਤਾਂਤ ਅਨੁਸਾਰ ਏਸ਼ੀਆ, ਅਫਰੀਕਾ ਤੇ ਅਮਰੀਕਾ ਦੇ ਲੋਕ ਅਰਧ-ਵਿਕਸਤ, ਜ਼ਿਆਦਾ ਭਾਵੁਕ, ਘੱਟ ਸਭਿਅਕ ਅਤੇ ਬੱਚਿਆਂ ਵਰਗੇ ਸਨ, ਜਦੋਂ ਕਿ ਯੂਰਪ ਦੇ ਗੋਰੀਆਂ ਨਸਲਾਂ ਦੇ ਲੋਕ ਤਰਕਸ਼ੀਲ, ਜ਼ਿਆਦਾ ਮਾਨਸਿਕ ਤਵਾਜ਼ਨ ਰੱਖਣ ਵਾਲੇ, ਸੰਵੇਦਨਸ਼ੀਲ ਸਨ। ਏਸ਼ਿਆਈ-ਅਫਰੀਕੀ ਨਸਲਾਂ ਨੂੰ ਵਹਿਸ਼ੀ ਅਤੇ ਜਾਬਰ ਵੀ ਗਰਦਾਨਿਆ ਜਾਂਦਾ ਸੀ ਜਦੋਂਕਿ ਗੋਰੀਆਂ ਨਸਲਾਂ ਨੂੰ ਰਹਿਮ ਦਿਲ ਅਤੇ ਲੋਕਾਂ ਨਾਲ ਨਿਆਂ ਕਰਨ ਵਾਲੇ ਚਿਤਰਿਆ ਜਾਂਦਾ ਸੀ। ਇਹ ਵੀ ਸਮਝਿਆ ਜਾਂਦਾ ਸੀ ਕਿ ਏਸ਼ੀਆ, ਅਫਰੀਕਾ ਤੇ ਅਮਰੀਕਾ ਦੇ ਲੋਕ ਖ਼ੁਦ ਹਕੂਮਤ ਕਰਨ ਦੇ ਕਾਬਲ ਨਹੀਂ ਸਨ ਅਤੇ ਉਨ੍ਹਾਂ ਨੂੰ ਗੋਰੀਆਂ ਨਸਲਾਂ ਦੀ ਅਗਵਾਈ ਦੀ ਲੋੜ ਸੀ। ਇਸ ਬਿਰਤਾਂਤ ਵਿਚ ਇਸਾਈ ਧਰਮ ਦੀ ਮਾਨਵਵਾਦੀ ਸੋਚ ਨੂੰ ਵੀ ਆਪਣੀ ਸ੍ਰੇਸ਼ਟਤਾ ਦੱਸਣ ਦਾ ਹਥਿਆਰ ਬਣਾ ਕੇ ਮੁਕਾਮੀ ਧਰਮਾਂ ਨੂੰ ਘਟੀਆ ਦਰਸਾਇਆ ਜਾਂਦਾ ਸੀ। ਇਕ ਪਾਸੇ ਇਹ ਸੋਚ-ਦ੍ਰਿਸ਼ਟੀ ਜੋਸਫ ਕੋਨਾਰਡ ਤੇ ਰੁਡਯਾਰਡ ਕਿਪਲਿੰਗ ਦੀਆਂ ਲਿਖਤਾਂ ’ਚ ਆਪਣੀਆਂ ਸਿਖਰਾਂ ’ਤੇ ਪਹੁੰਚੀ ਅਤੇ ਦੂਸਰੇ ਪਾਸੇ ਸਿਆਸੀ ਵਿਚਾਰਧਾਰਾ ਵਿਚ ਇਹ ਵਿੰਸਟਨ ਚਰਚਿਲ ਵਰਗੇ ਸਿਆਸਤਦਾਨਾਂ ਦੇ ਨਜ਼ਰੀਏ ਵਿਚ ਬਹੁਤ ਜ਼ਹਿਰਲੇ ਤਰੀਕੇ ਨਾਲ ਰਚੀ-ਮਿਚੀ ਹੋਈ ਸੀ।
ਕਈ ਬਸਤੀਵਾਦੀਆਂ ਅਤੇ ਬਸਤੀਵਾਦੀ ਚਿੰਤਕਾਂ ਦਾ ਖ਼ਿਆਲ ਸੀ ਕਿ ਗੁਲਾਮ ਦੇਸ਼ਾਂ ਦੇ ਪੁਰਾਤਨ ਸਮੇਂ ਉਨ੍ਹਾਂ ਦੇ ਸੁਨਹਿਰੀ ਦੌਰ ਸਨ, ਪਰ ਵਰਤਮਾਨ ਵਿਚ ਉਹ (ਦੇਸ਼) ਵਿਕਾਸ ਦੇ ਰਾਹ ’ਤੇ ਯੂਰਪ ਤੋਂ ਪੱਛੜ ਗਏ ਸਨ; ਅਜਿਹੇ ਚਿੰਤਕਾਂ ਨੇ ਭਾਰਤ ਜਿਹੇ ਦੇਸ਼ਾਂ ਦੀ ਪੁਰਾਤਨ ਸਭਿਅਤਾ ਦਾ ਗੁਣਗਾਣ ਕੀਤਾ ਪਰ ਵਰਤਮਾਨ ਨੂੰ ਯੂਰਪ ਦੇ ਮੁਕਾਬਲੇ ਘਟੀਆ ਤੇ ਘੱਟ ਵਿਕਸਤ ਦੱਸਿਆ।
ਭਾਰਤ ਵਿਚ ਅੰਗਰੇਜ਼ ਬਸਤੀਵਾਦੀ ਇਹ ਟੋਹ ਪਾ ਗਏ ਸਨ ਕਿ ਮੁਗ਼ਲ ਸਾਮਰਾਜ ਦੇ ਕਮਜ਼ੋਰ ਪੈਣ ਨਾਲ ਸਮਾਜ ਖਿੰਡ-ਪੁੰਡ ਰਿਹਾ ਸੀ ਅਤੇ ਵੱਖ-ਵੱਖ ਰਾਜਿਆਂ-ਰਜਵਾੜਿਆਂ ਅਤੇ ਧਾਰਮਿਕ ਫ਼ਿਰਕਿਆਂ ਨੂੰ ਇਕ ਦੂਸਰੇ ਦੇ ਵਿਰੁੱਧ ਵਰਤਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਵਖਰੇਵਿਆਂ, ਫੁੱਟ ਤੇ ਈਰਖਾ ਨੂੰ ਰੱਜ ਕੇ ਵਰਤਿਆ। ਅਜਿਹੀ ਬਸਤੀਵਾਦੀ ਸੋਚ ਅਨੁਸਾਰ ਭਾਰਤ ਵਿਚ 1857 ਜਿਹਾ ਵਿਦਰੋਹ ਕਦੀ ਵੀ ਨਹੀਂ ਸੀ ਹੋ ਸਕਦਾ। 1857 ਦੇ ਵਿਦਰੋਹ ਵਿਚ ਨਾ ਸਿਰਫ਼ ਰਾਜੇ ਤੇ ਰਜਵਾੜੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਆਗੂ ਮੰਨ ਕੇ ਇਕੱਠੇ ਹੋਏ ਸਗੋਂ ਇਸ ਵਿਦਰੋਹ ਵਿਚ ਵੱਡੀ ਪੱਧਰ ’ਤੇ ਕਿਸਾਨਾਂ ਤੇ ਹੋਰ ਕਿੱਤਿਆਂ ਨਾਲ ਸੰਬੰਧਤ ਲੋਕਾਂ ਨੇ ਵੀ ਹਿੱਸਾ ਲਿਆ। 1857 ਦੇ ਵਿਦਰੋਹ ਦੇ ਹਾਲ ਪੜ੍ਹਨ ਵਾਲੇ ਹਨ। ਭਾਵੇਂ ਈਸਟ ਇੰਡੀਆ ਕੰਪਨੀ ਨੇ ਇਸ ਵਿਦਰੋਹ ਨੂੰ ਦਬਾ ਦਿੱਤਾ ਪਰ ਇਸ ਨੇ ਅੰਗਰੇਜ਼ੀ ਬਸਤੀਵਾਦੀਆਂ ਦੀ ਮਾਨਸਿਕਤਾ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ। ਉਹ ਜਾਣ ਗਏ ਕਿ ਲੋਕਾਂ ਦੇ ਏਕੇ ਸਾਮ੍ਹਣੇ ਉਹ ਟਿਕ ਨਹੀਂ ਸਕਦੇ ਅਤੇ ਲੋਕਾਂ ਨੂੰ ਵੰਡ ਕੇ ਰੱਖਣਾ ਬਹੁਤ ਜ਼ਰੂਰੀ ਹੀ ਨਹੀਂ ਸੀ ਸਗੋਂ ਅਜਿਹੀ ਵੰਡ ਦਾ ਜ਼ਹਿਰ ਸਮਾਜ ਦੇ ਲੂੰ-ਲੂੰ ’ਚ ਰਚਾਇਆ ਜਾਣਾ ਚਾਹੀਦਾ ਸੀ। 1858 ਤੋਂ 1865 ਤੱਕ ਦੇ ਸੈਕਟਰੀ ਆਫ਼ ਸਟੇਟ ਫਾਰ ਇੰਡੀਆ (ਇੰਗਲੈਂਡ ਦੀ ਕੈਬਨਿਟ ਵਿਚ ਭਾਰਤੀ ਮਾਮਲਿਆਂ ਬਾਰੇ ਵਜ਼ੀਰ) ਸਰ ਚਾਰਲਸ ਵੁੱਡ ਨੇ ਲਿਖਿਆ, “ਮੈਂ ਇਹ ਚਾਹੁੰਦਾ ਹਾਂ ਕਿ ਫ਼ੌਜ ਦੀਆਂ ਵੱਖ-ਵੱਖ ਰੈਜਮੈਂਟਾਂ ਵਿਚ ਏਨੀਆਂ ਵੱਖਰੀਆਂ ਵੱਖਰੀਆਂ ਤੇ ਵਿਰੋਧੀ ਭਾਵਨਾਵਾਂ ਹੋਣ ਕਿ ਜ਼ਰੂਰਤ ਪੈਣ ’ਤੇ ਸਿੱਖ ਹਿੰਦੂਆਂ ’ਤੇ ਅਤੇ ਗੋਰਖੇ ਹੋਰਾਂ ’ਤੇ ਬਿਨਾਂ ਕਿਸੇ ਝਿਜਕ ਦੇ ਗੋਲੀ ਚਲਾ ਦੇਣ।” ਇਸ ਸੋਚ ਅਨੁਸਾਰ ਸਿੱਖ ਤੇ ਗੋਰਖੇ ਅੰਗਰੇਜ਼ਾਂ ਦੇ ਮਨਚਾਹੇ ਫ਼ੌਜੀ ਬਣ ਗਏ ਅਤੇ ਉਨ੍ਹਾਂ ਨੂੰ ਮਾਰਸ਼ਲ ਕੌਮਾਂ ਗਰਦਾਨਿਆ ਗਿਆ। 1858 ਵਿਚ ਈਸਟ ਇੰਡੀਆ ਕੰਪਨੀ ਦੇ ਖ਼ਤਮ ਹੋਣ ਨਾਲ ਭਾਰਤ ਅੰਗਰੇਜ਼ ਸਾਮਰਾਜ ਦਾ ਸਿੱਧਾ ਹਿੱਸਾ ਬਣ ਗਿਆ ਅਤੇ ਸਾਮਰਾਜੀ ਤਾਕਤਾਂ ਨੇ ਸਿੱਖਾਂ, ਗੋਰਖਿਆਂ, ਮਹਾਰਾਂ, ਮਰਾਠਿਆਂ, ਰਾਜਪੂਤਾਂ, ਡੋਗਰਿਆਂ, ਪਠਾਣਾਂ ਆਦਿ ਦੀਆਂ ਵੱਖਰੀਆਂ-ਵੱਖਰੀਆਂ ਰੈਜਮੈਂਟਾਂ ਬਣਾ ਕੇ ਉਨ੍ਹਾਂ ਨੂੰ ਸਾਮਰਾਜੀ ਤੇ ਆਲਮੀ ਜੰਗਾਂ ਵਿਚ ਵੀ ਵਰਤਿਆ, ਇਕ ਦੂਸਰੇ ਦੇ ਵਿਰੁੱਧ ਵੀ ਅਤੇ ਭਾਰਤੀ ਲੋਕਾਂ ਨੂੰ ਦਬਾਉਣ ਲਈ ਵੀ।
ਏਥੇ ਅਸੀਂ ਜੋਗਿੰਦਰ ਸਿੰਘ ਤੂਰ ਹੋਰਾਂ ਦੁਆਰਾ ਲਿਖੀ ਕਿਤਾਬ ਦੇ ਕੇਂਦਰੀ ਮਸਲੇ ’ਤੇ ਪਹੁੰਚਦੇ ਹਾਂ ਕਿ ਭਾਰਤ (ਬੁਨਿਆਦੀ ਤੌਰ ’ਤੇ ਪੰਜਾਬ ਤੇ ਬੰਗਾਲ) ਦੀ ਵੰਡ ਕਿਉਂ ਹੋਈ, ਇਸ ਵੰਡ ਦੀ ਮਾਨਸਿਕਤਾ ਦੇ ਬੀਜ ਕਿਸ ਨੇ ਬੀਜੇ, ਇਹ ਬੀਜ ਬੀਜਣ ਵਿਚ ਕਿੰਨਾ ਹਿੱਸਾ ਅੰਗਰੇਜ਼ ਬਸਤੀਵਾਦੀਆਂ ਦਾ ਸੀ ਤੇ ਕਿੰਨਾ ਉਨ੍ਹਾਂ ਦੇ ਹੱਥਾਂ ਵਿਚ ਖੇਡਣ ਵਾਲੇ ਕੁਲੀਨ ਭਾਰਤੀਆਂ ਦਾ। ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਕਈ ਸੰਗਰਾਮਮਈ ਸੰਘਰਸ਼ ਹੋਏ, ਜਿਨ੍ਹਾਂ ’ਚ ਜੋਗਿੰਦਰ ਸਿੰਘ ਤੂਰ ਨੇ ਗ਼ਦਰ ਪਾਰਟੀ, ਖਿਲਾਫਤ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਚੰਪਾਰਨ ਦਾ ਕਿਸਾਨ ਸੰਘਰਸ਼, ਬਾਰਡੋਲੀ ਦਾ ਕਿਸਾਨ ਅੰਦੋਲਨ, ਰੌਲਟ ਐਕਟ ਵਿਰੁੱਧ ਸੰਘਰਸ਼ ਤੇ ਜਲਿ੍ਹਆਂਵਾਲਾ ਬਾਗ਼ ਦਾ ਸਾਕਾ, ਕਿਰਤੀ ਤੇ ਕਮਿਊਨਿਸਟ ਲਹਿਰਾਂ, ਕਿਸਾਨ ਮੋਰਚਿਆਂ ਦਾ ਯੋਗਦਾਨ, ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਅੰਦੋਲਨ, 1942 ਦਾ ਭਾਰਤ ਛੱਡੋ ਅੰਦੋਲਨ ਅਤੇ ਕੁਝ ਹੋਰ ਸੰਘਰਸ਼ਾਂ ਦਾ ਜ਼ਿਕਰ ਕੀਤਾ ਹੈ।
ਕਿਤਾਬ ਦਾ ਇਕ ਵੱਡਾ ਹਿੱਸਾ ਕੈਬਨਿਟ ਮਿਸ਼ਨ, ਕਰਿਪਸ ਇੰਡੀਆ ਮਿਸ਼ਨ, ਲਾਰਡ ਵੇਵਲ ਦੀ ਯੋਜਨਾ, ਸ਼ਿਮਲਾ ਕਾਨਫਰੰਸ, ਮਹਾਤਮਾ ਗਾਂਧੀ, ਮੁਹੰਮਦ ਅਲੀ ਜਿਨਾਹ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਤੇ ਹੋਰ ਆਗੂਆਂ ਦੀ ਭੂਮਿਕਾ ’ਤੇ ਕੇਂਦ੍ਰਿਤ ਹੈ। ਸਵਾਲ ਉੱਠਦਾ ਹੈ, ਕਿਉਂ?
ਕਿਉਂ 1942 ਵਿਚ ਚੱਲਿਆ ਮਹਾਨ ‘ਅੰਗਰੇਜ਼ੋ ਭਾਰਤ ਛੱਡੋ ਅੰਦੋਲਨ’ ਅਜਿਹਾ ਸੰਘਰਸ਼ ਨਾ ਬਣ ਸਕਿਆ ਜਿਸ ਕਾਰਨ ਅੰਗਰੇਜ਼ਾਂ ਨੂੰ ਭਾਰਤ ਭਾਰਤੀਆਂ ਦੀਆਂ ਸ਼ਰਤਾਂ ’ਤੇ ਛੱਡਣਾ ਪੈਂਦਾ; ਕਿਉਂ ਬਸਤੀਵਾਦੀ ਹਕੂਮਤ ਨੇ ਘਟਨਾਵਾਂ ਦੀ ਚਾਲ ਨੂੰ ਅਜਿਹਾ ਰੂਪ ਦੇ ਦਿੱਤਾ, ਜਿਸ ਵਿਚ ਕੇਂਦਰੀ ਅਸਥਾਨ ਸਾਮਰਾਜ ਵਿਰੋਧੀ ਸੰਘਰਸ਼ ਦੀ ਥਾਂ ਸੱਤਾ ਵਿਚ ਤਬਦੀਲੀ ਨੂੰ ਮਿਲਿਆ ਜਿਸ ਵਿਚ ਵੱਖ-ਵੱਖ ਸਿਆਸੀ ਜਮਾਤਾਂ ਤੇ ਧਾਰਮਿਕ ਫਿਰਕੇ ਅੰਗਰੇਜ਼ਾਂ ਵਿਰੁੱਧ ਇਕੱਠੇ ਹੋਣ ਦੀ ਥਾਂ ਅੰਗਰੇਜ਼ ਸਰਕਾਰ ਤੋਂ ਵੱਧ ਤੋਂ ਵੱਧ ਫ਼ਾਇਦੇ ਤੇ ਅਧਿਕਾਰ ਲੈਣ ਦੀ ਹੋੜ ਵਿਚ ਇਕ ਦੂਸਰੇ ਦੇ ਏਨੇ ਵਿਰੋਧੀ ਬਣ ਗਏ ਕਿ ਬਟਵਾਰਾ ਹੋਣਾ ਲੋਕਾਂ ਦੀ ਅਜਿਹੀ ਹੋਣੀ ਬਣ ਗਿਆ ਜਿਸ ਨੂੰ ਟਾਲਿਆ ਨਹੀਂ ਸੀ ਜਾ ਸਕਦਾ। ਬਸਤੀਵਾਦੀ ਚਾਲਾਂ ਤੇ ਲੋਕਾਂ ਨੂੰ ਪਾੜ ਕੇ ਰੱਖਣ ਦੇ ਉਨ੍ਹਾਂ ਦੇ ਨਜ਼ਰੀਏ ਨੂੰ ਸਾਡੇ ਲੋਕਾਂ ਨੇ ਕਬੂਲ ਕਰ ਲਿਆ ਅਤੇ 1944-45 ਤੋਂ ਬਾਅਦ ਉਹ ਬਸਤੀਵਾਦੀਆਂ ਦੇ ਵੱਡੇ ਵਿਰੋਧੀਆਂ ਦੀ ਥਾਂ ਇਕ ਦੂਸਰੇ ਦੇ ਹਿੰਸਕ ਵਿਰੋਧੀ ਬਣ ਗਏ ਅਤੇ ਅਜਿਹੇ ਖ਼ੂਨ-ਖ਼ਰਾਬੇ ਵਿਚ ਹਿੱਸਾ ਲਿਆ ਜਿਸ ਦੀ ਮਿਸਾਲ ਨਹੀਂ ਮਿਲਦੀ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਜੋਗਿੰਦਰ ਸਿੰਘ ਤੈਰ ਦੀ ਕਿਤਾਬ ਦੇ ਵੀਹਵੇਂ ਤੋਂ ਉਨੰਜਵੇਂ ਅਧਿਆਇ ਪੜ੍ਹਨੇ ਬਣਦੇ ਹਨ।
ਕੈਬਨਿਟ ਮਿਸ਼ਨ ਪਲਾਨ ਵਾਲੇ ਅਧਿਆਇ ਵਿਚ ਜੋਗਿੰਦਰ ਸਿੰਘ ਤੂਰ ਹੋਰਾਂ ਨੇ ਇਹ ਦਿਖਾਇਆ ਹੈ ਕਿ ਕਿਵੇਂ ਕੋਈ ਡੇਢ ਤੋਂ ਵੱਧ ਸਦੀਆਂ ਦੀ ਗੁਲਾਮੀ ਭੋਗਣ ਦੇ ਬਾਵਜੂਦ ਵੀ ਦੇਸ਼ ਦੇ ਰਾਜੇ-ਰਜਵਾੜੇ ਮੁਲਕ ਦੇ ਹਕੀਕੀ ਹਾਲਾਤ ਅਤੇ ਸੰਸਾਰ ਭਰ ਵਿਚ ਫੈਲ ਰਹੀ ਜਮਹੂਰੀਅਤ ਦੀ ਤੋਰ ਤੋਂ ਦੂਰ ਖਲੋਤੇ ਆਪੋ-ਆਪਣੇ ਇਲਾਕਿਆਂ ਵਿਚ ਆਪਣੀ ਖ਼ੁਦਮੁਖਤਿਆਰੀ ਬਣਾਈ ਰੱਖਣਾ ਚਾਹੁੰਦੇ ਸਨ। ਉਹ ਇਨ੍ਹਾਂ ਤੱਥਾਂ ਤੋਂ ਬੇਗਾਨੇ ਸਨ ਕਿ ਹਿੰਦੋਸਤਾਨ ਦੀ ਜਨਤਾ ਸਾਮਰਾਜ ਵਿਰੋਧੀ ਸੰਘਰਸ਼ ਦੀ ਆਧਾਰ-ਸ਼ਕਤੀ ਸੀ ਅਤੇ ਲੋਕਾਂ ਵਿਚ ਜਮਹੂਰੀ ਚੇਤਨਾ ਪਣਪ ਰਹੀ ਸੀ; ਉਸ ਚੇਤਨਾ ਵਿਚ ਰਜਵਾੜਾਸ਼ਾਹੀ ਪ੍ਰਤੀ ਕੋਈ ਹਮਦਰਦੀ ਨਹੀਂ ਸੀ। ਇਸ ਤੋਂ ਉਲਟ ਰਾਜੇ-ਰਜਵਾੜੇ ਲੋਕਾਂ ਨੂੰ ਦਬਾ ਕੇ ਆਪਣੇ ਹੱਕ ਸਲਾਮਤ ਰੱਖਣਾ ਚਾਹੁੰਦੇ ਸਨ ਜੋ ਬਸਤੀਵਾਦ ਤੋਂ ਮੁਕਤ ਹੋ ਰਹੇ ਭਾਰਤ ਤੇ ਪਾਕਿਸਤਾਨ ਵਿਚ ਮੁਮਕਿਨ ਨਹੀਂ ਸੀ।
ਜੋਗਿੰਦਰ ਸਿੰਘ ਤੂਰ ਦੇ ਲਿਖੇ ਬਿਰਤਾਂਤ ਵਿਚੋਂ ਵੀ ਦੋ ਗੱਲਾਂ ਉਭਰਦੀਆਂ ਹਨ: ਉਹ ਜਨ-ਅੰਦੋਲਨਾਂ ਦੀ ਭੂਮਿਕਾ ’ਤੇ ਜ਼ੋਰ ਦੇਂਦੇ ਹਨ ਅਤੇ ਉੱਚੇ ਅਹੁਦਿਆਂ ’ਤੇ ਕੰਮ ਕਰ ਰਹੇ ਅਹੁਦੇਦਾਰਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਭੂਮਿਕਾ ’ਤੇ ਵੀ। ਇਹ ਕੁਦਰਤੀ ਹੈ ਕਿਉਂਕਿ ਹੋਇਆ ਵੀ ਏਦਾਂ; ਜਨ-ਅੰਦੋਲਨਾਂ ਨੇ ਇਹ ਤੈਅ ਕੀਤਾ ਕਿ 1942 ਤੋਂ ਬਾਅਦ ਅੰਗਰੇਜ਼ਾਂ ਦਾ ਭਾਰਤ ਵਿਚ ਰਹਿਣਾ ਸੁਖਾਲਾ ਨਹੀਂ ਸੀ ਅਤੇ ਉਨ੍ਹਾਂ ਨੂੰ ਦੇਰ-ਸਵੇਰ ਹਿੰਦੋਸਤਾਨ ਛੱਡਣਾ ਪੈਣਾ ਸੀ। ਸਾਰੀ ਗੱਲ ਇਸ ਗੱਲ ’ਤੇ ਕੇਂਦ੍ਰਿਤ ਸੀ ਕਿ ਉਹ ਹਿੰਦੋਸਤਾਨ ਨੂੰ ਕਿਸ ਰੂਪ ਵਿਚ ਛੱਡਣਗੇ; ਇਕ ਦੇਸ਼ ਦੇ ਰੂਪ ਵਿਚ ਜਾਂ ਦੋ ਟੋਟੇ ਕਰਕੇ ਜਾਂ ਦੋ ਤੋਂ ਵੱਧ ਟੋਟੇ ਕਰਕੇ; ਇਸ ਰੂਪ ਨੂੰ ਤੈਅ ਕਰਨ ਵਿਚ ਅੰਗਰੇਜ਼ ਹਾਕਮਾਂ ਅਤੇ ਕਾਂਗਰਸ ਤੇ ਮੁਸਲਿਮ ਲੀਗ ਦੇ ਆਗੂਆਂ ਨੇ ਵਿਸ਼ੇਸ਼ ਭੂਮਿਕਾ ਨਿਭਾਈ; ਇਸੇ ਕਾਰਨ ਕਿਤਾਬ ਦੇ ਇਕ ਹਿੱਸੇ ਵਿਚ ਹਾਕਮਾਂ ਤੇ ਆਗੂਆਂ ਦੀਆਂ ਗਤੀਵਿਧੀਆਂ, ਚਾਲਾਂ, ਮਨਸੂਬਿਆਂ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਬਿਰਤਾਂਤ ਹਾਵੀ ਹੈ ਜਦੋਂ ਕਿ ਕਿਤਾਬ ਦੇ ਪਹਿਲੇ ਹਿੱਸੇ ਵਿਚ ਜਨ-ਅੰਦੋਲਨਾਂ ਦੇ ਬਿਰਤਾਂਤ ਨੂੰ ਵਿਆਪਕਤਾ ਨਾਲ ਪੇਸ਼ ਕੀਤਾ ਗਿਆ ਹੈ।
ਸੁਰਜੀਤ ਪਾਤਰ ਤੋਂ 2020-21 ਦੇ ਕਿਸਾਨ ਅੰਦੋਲਨ ਬਾਰ ਲਿਖੇ ਉਸ ਦੇ ਸ਼ਬਦ ਹੁਦਾਰ ਮੰਗ ਕੇ ਅਤੇ ਉਨ੍ਹਾਂ ਨੂੰ ਅੱਠ ਦਹਾਕੇ ਪਿੱਛੇ ਲੈ ਜਾ ਕੇ ਉਨ੍ਹਾਂ ਦੀ ਪੁਨਰ ਸਿਰਜਣਾ ਕਰਦਿਆਂ ਇਹ ਕਿਹਾ ਜਾ ਸਕਦਾ ਹੈ, “ਇਹ ਬਾਤ ਸਿਰਫ਼ ਏਨੀ ਹੀ ਨਹੀਂ ਸੀ/ ਨਾ ਹੀ ਇਹ ਮਸਲਾ ਹਿੰਦੂ, ਸਿੱਖ ਮੁਸਲਮਾਨ ਦਾ ਸੀ/ ਇਹ ਮਸਲਾ ਤਾਂ ਸਾਰੇ ਪੰਜਾਬ ਦਾ ਸੀ/ ਪੰਜਾਬ ਦੇ ਉੱਜੜ ਜਾਣ ਦਾ ਸੀ।” ਪੰਜਾਬ ਦੀ ਵੰਡ ਜਿੱਥੇ ਪੰਜਾਬੀਆਂ ਦਾ ਆਰਥਿਕ ਤੇ ਸਮਾਜਿਕ ਉਜਾੜਾ ਸੀ, ਉੱਥੇ ਇਹ ਪੰਜਾਬ ਦੀ ਰਹਿਤਲ ਤੇ ਪੰਜਾਬੀ ਸਭਿਅਤਾ ਦੀ ਮੌਤ ਦਾ ਮਸਲਾ ਵੀ ਸੀ; ਇਹ ਪੰਜਾਬ ਦਾ ਸਭਿਆਚਾਰਕ ਉਜਾੜਾ ਸੀ; ਪੰਜਾਬ ਦੀ ਵੰਡ ਤੇ ਦੋਹਾਂ ਪੰਜਾਬਾਂ ਨੂੰ ਸਾਂਝੀਵਾਲਤਾ ਦੇ ਸਭਿਆਚਾਰ ਦੀ ਥਾਂ ’ਤੇ ਧਰਮ-ਆਧਾਰਿਤ ਨਫ਼ਰਤ ਤੇ ਹਿੰਸਾ ਵਿਚ ਧੱਕਣ ਵੱਲ ਚੁੱਕਿਆ ਗਿਆ ਕਦਮ, ਜਿਸ ਦੇ ਸਿੱਟੇ ਸਿਰਫ਼ ਵੰਡ ਦੌਰਾਨ ਹੋਏ ਕਤਲੇਆਮ ਤੇ ਉਜਾੜੇ ਤਕ ਮਹਿਦੂਦ ਨਹੀਂ ਸਗੋਂ ਇਸ ਨੇ 1947 ਬਾਅਦ ਦੋਹਾਂ ਪੰਜਾਬਾਂ ਤੇ ਉਥੇ ਰਹਿੰਦੇ ਲੋਕਾਂ ਨੂੰ ਅਜਿਹੀ ਉੱਤਰ-ਬਸਤੀਵਾਦੀ ਸਭਿਆਚਾਰਕ ਜੜ੍ਹਤ ਵਿਚ ਧੱਕ ਦਿੱਤਾ, ਜਿੱਥੇ ਵੱਖ-ਵੱਖ ਸਮਿਆਂ ਵਿਚ ਧਰਮ ਆਧਾਰਿਤ ਹਿੰਸਾ, ਧਾਰਮਿਕ ਗਰੂਰ ਤੇ ਹਉਮੈ ਤੇ ਧਰਮ ਆਧਾਰਿਤ ਨਫ਼ਰਤ ਦੀਆਂ ਭਾਵਨਾਵਾਂ ਸਿਰ ਉਭਾਰਦੀਆਂ ਰਹਿੰਦੀਆਂ ਹਨ।
ਜੋਗਿੰਦਰ ਸਿੰਘ ਤੂਰ ਹੋਰਾਂ ਨੇ ਆਪਣੀ ਕਿਤਾਬ ਵੰਡ ਦੇ ਨਿੱਜੀ ਅਨੁਭਵਾਂ ਨਾਲ ਸ਼ੁਰੂ ਕੀਤੀ ਹੈ; ਉਦੋਂ ਉਨ੍ਹਾਂ ਦੀ ਉਮਰ ਦਸ ਸਾਲਾਂ ਦੀ ਸੀ ਤੇ ਦਸ ਸਾਲਾਂ ਦੇ ਬੱਚੇ ਨੇ ਬੇਰਹਿਮੀ, ਨਫ਼ਰਤ, ਧਾਰਮਿਕ ਕੱਟੜਤਾ ਦੀ ਗ਼ੁਲਾਮ ਹੋ ਗਈ ਜ਼ਿਹਨੀਅਤ, ਬਸਤੀਵਾਦੀਆਂ ਦੇ ਮੁਕਾਮੀ ਲੋਕਾਂ ਨਾਲ ਅਲਗਾਓ ਤੇ ਦੂਰੀਆਂ ਅਤੇ ਮਨੁੱਖ ਦੇ ਵਕਤੀ ਤੋਰ ’ਤੇ ਅਮਨੁੱਖ ਹੋ ਜਾਣ ਦੇ ਵਰਤਾਰਿਆਂ ਦਾ ਨੰਗਾ ਨਾਚ ਵੇਖਿਆ ਤੇ ਉਸ ਨੂੰ ਪਹਿਲੇ ਦੋ ਅਧਿਆਇਆਂ ਵਿਚ ਦਰਜ ਕੀਤਾ ਹੈ। ਭਾਵੇਂ ਉਸ ਅਨੁਭਵ ਵਿਚ ਉਹ ਵੀ ਹਾਜ਼ਰ ਹਨ ਜਿਨ੍ਹਾਂ ਨੇ ਇਨਸਾਨੀਅਤ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੇਬਸ ਦਿਖਾਈ ਦਿੰਦੇ ਹਨ। ਲੋਕਾਂ ਦੇ ਮਨਾਂ ਵਿਚ ਇਕ ਦੂਜੇ ਨੂੰ ਖ਼ਤਮ ਕਰਨ, ਘਰ ਤੇ ਇਲਾਕੇ ਖ਼ਾਲੀ ਕਰਵਾਉਣ, ਹਿੰਸਾ, ਡਰ, ਆਪਣੇ ਆਪ ਨੂੰ ਬਚਾਉਣ, ਭਵਿੱਖ ਦੀ ਅਨਿਸਚਤਤਾ, ਮਨੁੱਖੀ ਕਦਰਾਂ-ਕੀਮਤਾਂ ਦੀ ਬੇਕਦਰੀ ਤੇ ਕਈ ਹੋਰ ਭਾਵਨਾਵਾਂ ਦੀਆਂ ਹਨੇਰੀਆਂ ਝੁੱਲ ਰਹੀਆਂ ਸਨ ਅਤੇ ਉਨ੍ਹਾਂ ਹਨੇਰੀਆਂ ਨੇ ਪੰਜਾਬ, ਬੰਗਾਲ ਤੇ ਸਿੰਧ ਦੇ ਲੋਕਾਂ ਨੂੰ ਇਕ ਅਜਿਹੀ ਮੰਝਧਾਰ ਵਿਚ ਧੱਕ ਦਿੱਤਾ ਸੀ ਜਿੱਥੇ ਮੌਤ ਸੀ, ਜਾਇਦਾਦ ਦੇ ਖੁੱਸਣ ਤੇ ਕਬਜ਼ੇ ਕਰਨ ਦੇ ਵਾਵਰੋਲੇ ਸਨ ਅਤੇ ਉੱਜੜ ਜਾਣ ਤੇ ਦੂਸਰਿਆਂ ਨੂੰ ਉਜਾੜ ਦੇਣ ਦੇ ਮਾਨਸਿਕ ਤੇ ਹਕੀਕੀ ਤੂਫ਼ਾਨ ਸਨ। ਅਜਿਹੇ
ਹਾਲਾਤ ਦਾ ਸ਼ਿਕਾਰ ਹੋਏ ਮਨੁੱਖਾਂ ਦੀ ਮਾਨਸਿਕਤਾ ਕਿਹੋ ਜਿਹੀ ਹੋ ਗਈ ਹੋਵੇਗੀ ਕਿ ਬਕੋਲ ਮਹਿੰਦਰ ਸਰਨਾ ਉਹ ਸਮਾਂ ‘ਛਵੀਆਂ ਦੀ ਰੁੱਤ’ ਬਣ ਗਿਆ; ਅਜਿਹੇ ਹਾਲਾਤ ਨੇ ਮਰਦਾਂ, ਔਰਤਾਂ, ਬਜ਼ੁਰਗਾਂ ਤੇ ਬਾਲਕਾਂ (ਜਿਵੇਂ ਜੋਗਿੰਦਰ ਸਿੰਘ ਤੂਰ ਦਸ ਵਰਿ੍ਹਆਂ ਦੇ ਸਨ) ਦੀ ਮਾਨਸਿਕਤਾ ’ਤੇ ਡੂੰਘੇ ਨਿਸ਼ਾਨ ਛੱਡੇ, ਜਿਨ੍ਹਾਂ ਨੂੰ ਚਿਤਰਣਾ ਬਹੁਤ ਮੁਸ਼ਕਿਲ ਹੈ।
ਇਸ ਬਾਰੇ ਬਹੁਤ ਸਾਰਾ ਸਾਹਿਤ ਲਿਖਿਆ ਗਿਆ ਹੈ, ਇਤਿਹਾਸਕ ਵਿਆਖਿਆਵਾਂ ਹੋਈਆਂ ਹਨ ਅਤੇ ਸਿਆਸੀ ਆਗੂਆਂ ਨੂੰ ਨਾਇਕਾਂ ਤੇ ਖਲਨਾਇਕਾਂ ਵਜੋਂ ਪੇਸ਼ ਕੀਤਾ ਗਿਆ ਹੈ ਪਰ ਵੰਡ ਇਹੋ ਜਿਹਾ ਮਹਾਂ-ਬਿਰਤਾਂਤ ਹੈ ਜਿਸ ਨੂੰ ਕੋਈ ਵੀ ਇਤਿਹਾਸਕਾਰ, ਸਮਾਜ-ਵਿਗਿਆਨੀ ਜਾਂ ਸਾਹਿਤਕਾਰ ਪੂਰਾ ਨਹੀਂ ਲਿਖ ਸਕਦਾ; ਇਸ ਦੇ ਤਾਰ ਕਈ ਥਾਵਾਂ ’ਤੇ ਜੁੜਦੇ ਹਨ, ਅੰਗਰੇਜ਼ ਬਸਤੀਵਾਦੀਆਂ ਦੀਆਂ ਵੰਡਪਾਊ ਨੀਤੀਆਂ ਜਿਨ੍ਹਾਂ ਨਾਲ ਉਨ੍ਹਾਂ ਨੇ ਭਾਰਤ ’ਤੇ 200 ਸਾਲ ਰਾਜ ਕੀਤਾ ਅਤੇ ਵੰਡ ਦੇ ਸਮੇਂ ਉਨ੍ਹਾਂ ਦੇ ਮਨਸੂਬਿਆਂ ਨਾਲ, ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਅਤੇ ਅਜਿਹੀਆਂ ਹੋਰ ਕੱਟੜਪੰਥੀ ਜਥੇਬੰਦੀਆਂ ਦੇ ਦੋ ਕੌਮਾਂ ਦੇ ਸਿਧਾਂਤ ਨਾਲ, ਮੁਸਲਮਾਨਾਂ ਵਿਚ ਪੈਦਾ ਹੋਈ ਅਤੇ ਪੈਦਾ ਕੀਤੀ ਗਈ ਅਸੁਰੱਖਿਆ ਦੀ ਭਾਵਨਾ ਨਾਲ, ਗੁਲਾਮ ਭਾਰਤ ਵਿਚ 1937 ਤੇ 1946 ਵਿਚ ਹੋਈਆਂ ਸੀਮਤ ਚੋਣਾਂ ਤੋਂ ਬਾਅਦ ਕੇਂਦਰ ਅਤੇ ਸੂਬਿਆਂ ਵਿਚ ਬਣੀਆਂ ਸਰਕਾਰਾਂ ਵਿਚ ਕਾਂਗਰਸ ਤੇ ਮੁਸਲਿਮ ਲੀਗ ਦੀ ਮਿਲ ਕੇ ਨਾ ਚੱਲਣ ਦੀ ਜ਼ਿੱਦ ਨਾਲ, ਕਾਂਗਰਸ ਦੇ ਇਸ ਵਤੀਰੇ ਨਾਲ ਕਿ ਸਿਰਫ਼ ਉਹੀ ਸਾਰੇ ਦੇਸ਼ ਦੀ ਨੁਮਾਇੰਦਾ ਜਮਾਤ ਸੀ; ਇਨ੍ਹਾਂ ਕਾਰਨਾਂ ’ਤੇ ਉਸ ਸਮੇਂ ਦੀ ਸਿਆਸਤ ਵਿਚਲੇ ਸਿਖਰਲੇ ਸਿਆਸੀ ਆਗੂਆਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ; ਲਿਖਿਆ ਜਾਣਾ ਹੈ ਅਤੇ ਲਿਖਿਆ ਜਾਵੇਗਾ ਕਿਉਂਕਿ ਵੰਡ ਨੇ ਪੰਜਾਬੀ, ਸਿੰਧੀ ਅਤੇ ਬੰਗਾਲੀ ਸਭਿਅਤਾਵਾਂ ਨੂੰ ਹਮੇਸ਼ਾ ਲਈ ਤਬਾਹ ਕਰ ਦਿੱਤਾ; ਹੁਣ ਇਹ ਸਭਿਅਤਾਵਾਂ ਆਪਣੇ ਵੰਡੇ ਹੋਏ ਹੋਣ ਦੀ ਹੋਣੀ ਨੂੰ ਭੋਗ ਰਹੀਆਂ ਹਨ ਅਤੇ ਭੋਗਦੀਆਂ ਰਹਿਣਗੀਆਂ।
ਜੋਗਿੰਦਰ ਸਿੰਘ ਤੂਰ ਹੋਰਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਹਿਲੇ ਦੋ ਅਧਿਆਇ (ਜਿਨ੍ਹਾਂ ਵਿਚ ਨਿੱਜੀ ਅਨੁਭਵ ਸਨ) ਲਿਖ ਲਏ ਤਾਂ ਉੱਘੇ ਵਕੀਲ ਤੇ ਪੰਜਾਬੀ ਦਾਨਿਸ਼ਵਰ ਰਾਜਿੰਦਰ ਸਿੰਘ ਚੀਮਾ ਨੇ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਉਨ੍ਹਾਂ ਘਟਨਾਵਾਂ ਦਾ ਇਤਿਹਾਸ ਵੀ ਲਿਖਣ ਜਿਨ੍ਹਾਂ ਕਰਕੇ ਜੋਗਿੰਦਰ ਸਿੰਘ ਤੂਰ ਨੂੰ ਉਸ ਸਮੇਂ ਮਨੁੱਖਾਂ ਵਿਚ ਪੈਦਾ ਹੋਈ ਹਿੰਸਾ, ਬੇਰਹਿਮੀ ਅਤੇ ਅਣਮਨੁੱਖਤਾ ਦਾ ਤਾਂਡਵ ਦੇਖਣਾ ਪਿਆ ਸੀ। ਆਪਣੀ ਕਿਤਾਬ ਦਿ ਗਰੇਟ ਪਾਰਟੀਸ਼ਨ ਵਿਚ ਯਾਸਮੀਨ ਖਾਨ ਲਿਖਦੀ ਹੈ, “ਵੰਡ ਦੇ ਇਤਿਹਾਸ ਨੂੰ ਦੋ ਬਿਰਤਾਂਤਾਂ ਵਿਚ ਵੰਡਣ ਦਾ ਰੁਝਾਨ ਰਿਹਾ ਹੈ, ਵੰਡ ’ਚ ਕੁਚਲੇ ਗਏ ਪੀੜਤਾਂ ਜਾਂ ਬਚ ਜਾਣ ਵਾਲਿਆਂ ਦੇ ਇਤਿਹਾਸ ਅਤੇ ਵੰਡੇ ਗਏ ਪੰਜਾਬ ਵਿਚ ਉਨ੍ਹਾਂ ਦੇ ਦੁਖਦਾਇਕ ਸਫ਼ਰ ਦੇ ਇਤਿਹਾਸ ਅਤੇ ਨਵੀਂ ਦਿੱਲੀ ਦੇ ਲੂਟੀਅਨ ਇਲਾਕੇ (ਨਵੀਂ ਦਿੱਲੀ, ਕਨਾਟ ਪਲੇਸ, ਰਾਸ਼ਟਰਪਤੀ ਭਵਨ, ਸਰਕਾਰੀ ਇਮਾਰਤਾਂ, ਇੰਡੀਆ ਗੇਟ, ਮੰਤਰੀਆਂ ਤੇ ਨੌਕਰਸ਼ਾਹਾਂ ਦੀਆਂ ਰਿਹਾਇਸ਼ਾਂ ਵਾਲਾ ਇਲਾਕਾ) ਦੇ ਸੰਗਮਰਮਰੀ ਫ਼ਰਸ਼ਾਂ ’ਤੇ ਹੋਈਆਂ ਨੌਕਰਸ਼ਾਹਾਂ ਤੇ ਸਿਆਸਤਦਾਨਾਂ ਦੇ ਸਿਆਸੀ ਰੰਗਰੇਜ਼ੀ ਦੇ ਇਤਿਹਾਸ।”
ਇਆਨ ਟਾਲਬੋਟ ਅਤੇ ਗੁਰਹਰਪਾਲ ਸਿੰਘ ਆਪਣੀ ਕਿਤਾਬ ‘ਦਿ ਪਾਰਟੀਸ਼ਨ ਆਫ ਇੰਡੀਆ’ ਵਿਚ ਇਸ ਇਤਿਹਾਸਕਾਰੀ ਦੇ ਤਿੰਨ ਰੂਪ ਦੇਖਦੇ ਹਨ; ਪਹਿਲੀ ਵੰਡ ਦੌਰਾਨ ਉਚੇਰੀ ਸਿਆਸਤ ਦੀ ਇਤਿਹਾਸਕਾਰੀ, ਦੂਸਰੀ ਪੰਜਾਬ, ਬੰਗਾਲ, ਸਿੰਧ ਤੇ ਉਤਰ-ਪੱਛਮੀ ਫਰੰਟੀਅਰ ਸੂਬੇ ਦੀ ਸਿਆਸਤ ’ਤੇ ਕੇਂਦ੍ਰਿਤ ਹੁੰਦੀ ਇਤਿਹਾਸਕਾਰੀ ਅਤੇ ਤੀਸਰੀ ਵੰਡ ਦੁਖਾਂਤ ਮਨੁੱਖੀ ਦੁਖਾਂਤ ਦੀ ਇਤਿਹਾਸਕਾਰੀ।
ਯਾਸਮੀਨ ਖਾਨ ਅਤੇ ਹੋਰ ਇਤਿਹਾਸਕਾਰ ਇਸ ਦਲੀਲ ਨਾਲ ਸਹਿਮਤ ਹਨ ਕਿ ਦੋਵੇਂ ਵਰਤਾਰੇ ਵੱਖਰੇ ਵੱਖਰੇ ਨਹੀਂ ਸਨ। ਇਹ ਇਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਇਸੇ ਕਾਰਨ ਰਾਜਿੰਦਰ ਸਿੰਘ ਚੀਮਾ ਨੇ ਜੋਗਿੰਦਰ ਸਿੰਘ ਤੂਰ ਨੂੰ ਇਨ੍ਹਾਂ ਦੋਹਾਂ ਵਰਤਾਰਿਆਂ ਨੂੰ ਇਕੋ ਕਿਤਾਬ ਵਿਚ ਲਿਖਣ ਨੂੰ ਕਿਹਾ ਹੈ। ਯਾਸਮੀਨ ਖਾਨ ਲਿਖਦੀ ਹੈ, “ਵੰਡ ਦੀ ਯੋਜਨਾ ਹਿੰਸਾ ਦੇ ਵਰਤਾਰਿਆਂ ਹੇਠ ਹੀ ਪਣਪੀ ਸੀ। ਵੰਡ ਦੀ ਕੁਲੀਨਵਾਦੀ ਸਿਆਸਤ ਅਤੇ ਰੋਜ਼ਮੱਰਾ ਦੇ ਵਰਤਾਰੇ ਲੋਕਾਂ ਦੇ ਮੁਜ਼ਾਹਰਿਆਂ, ਗਲੀਆਂ ਵਿਚ ਹੁੰਦੀਆਂ ਹਿੰਸਕ ਲੜਾਈਆਂ ਅਤੇ ਲੋਕਾਂ ਵਿਚ ਫੈਲਦੀਆਂ ਅਫ਼ਵਾਹਾਂ ਤੋਂ ਨਿਰਲੇਪ ਨਹੀਂ ਸਨ ਜਿਵੇਂ ਕਿ ਉਹ ਪਹਿਲੀ ਨਜ਼ਰੇ ਜਾਪਦੇ ਸਨ ਸਗੋਂ ਇਹ ਦੋਵੇਂ ਵਰਤਾਰੇ (ਦਿੱਲੀ ਵਿਚ ਹੋ ਰਹੀ ਕੁਲੀਨ ਸਿਆਸਤ ਅਤੇ ਗਲੀਆਂ ਬਾਜ਼ਾਰਾਂ ਪਿੰਡਾਂ ਸ਼ਹਿਰਾਂ ਵਿਚ ਫੈਲ ਰਹੀ ਨਫ਼ਰਤ ਤੇ ਹਿੰਸਾ) ਇਕ ਦੂਸਰੇ ਨਾਲ ਸੰਬੰਧਿਤ ਸਨ ਅਤੇ ਇਨ੍ਹਾਂ (ਮੁਜ਼ਾਹਰਿਆਂ, ਗਲੀਆਂ, ਬਾਜ਼ਾਰਾਂ ਵਿਚ ਹੋ ਰਹੀ ਹਿੰਸਾ ਅਤੇ ਅਫ਼ਵਾਹਾਂ) ਨੇ ਸਿਆਸੀ ਫ਼ੈਸਲੇ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ।”
ਇਤਿਹਾਸਕਾਰਾਂ ਦੁਆਰਾ ਲਿਖੇ ਗਏ ਇਤਿਹਾਸਕ ਵਰਣਨਾਂ, ਸਾਹਿਤਕਾਰਾਂ ਦੀਆਂ ਲਿਖਤਾਂ ਅਤੇ ਜੋਗਿੰਦਰ ਸਿੰਘ ਤੂਰ ਹੋਰਾਂ ਦੀ ਇਸ ਕਿਤਾਬ ਤੇ ਹੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਦੇਸ਼ ਦੀ ਵੰਡ ਵੇਲੇ ਸਭ ਤੋਂ ਮਹੱਤਵਪੂਰਨ ਵਰਤਾਰਾ ਇਹ ਵਾਪਰਿਆ ਕਿ ਉਸ ਸਮੇਂ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਲੋਕ ਅੰਗਰੇਜ਼ੀ ਸਾਮਰਾਜ, ਜਿਸਨੇ ਉਨ੍ਹਾਂ ਨੂੰ ਲਗਭਗ 200 ਸਾਲ ਗੁਲਾਮੀ ਤੇ ਸ਼ਿਕੰਜੇ ਵਿਚ ਰੱਖਿਆ ਤੇ ਉਨ੍ਹਾਂ ਦੀ ਆਰਥਿਕਤਾ ਤੇ ਸਮਾਜਿਕਤਾ ਨੂੰ ਤਬਾਹ ਕਰ ਦਿੱਤਾ ਸੀ, ਦੇ ਵੈਰੀ ਘੱਟ ਸਨ ਅਤੇ ਇਕ ਦੂਸਰੇ ਦੇ ਜ਼ਿਆਦਾ। ਦੂਸਰਾ ਕਾਂਗਰਸ, ਮੁਸਲਿਮ ਲੀਗ ਅਤੇ ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਤੇ ਰਾਜੇ-ਰਜਵਾੜੇ ਇਕ ਦੂਸਰੇ ਨਾਲ ਗੱਲਬਾਤ ਕਰਨ ਦੀ ਥਾਂ ਆਪੋ-ਆਪਣੇ ਵਰਗਾਂ ਤੇ ਜਮਾਤਾਂ ਲਈ ਵੱਧ ਤੋਂ ਵੱਧ ਫ਼ਾਇਦਾ ਲੈਣ ਲਈ ਜੁਟੇ ਹੋਏ ਸਨ; ਇਨ੍ਹਾਂ ਫ਼ਾਇਦਿਆਂ ਦੇ ਲੈਣ-ਦੇਣ ਦੀਆਂ ਕੁੰਜੀਆਂ ਨਾ ਤਾਂ ਹਿੰਦੋਸਤਾਨੀ ਬਰੇ-ਸਗੀਰ ਦੇ ਸਿਆਸਤਦਾਨਾਂ ਤੇ ਲੋਕਾਂ ਦੇ ਹੱਥ ਵਿਚ ਅਤੇ ਨਾ ਹੀ ਉਨ੍ਹਾਂ ਦੇ ਆਪਸੀ ਸੰਵਾਦ ਵਿਚ ਸਨ, ਸਗੋਂ ਉਸ ਸਾਮਰਾਜੀ ਸ਼ਕਤੀ ਦੇ ਹੱਥ ਵਿਚ ਸਨ ਜਿਹੜੀ ਦੂਸਰੀ ਆਲਮੀ ਜੰਗ ਵਿਚ ਜੇਤੂ ਹੋਈ ਸੀ ਭਾਵੇਂ ਉਸਦੀ ਅੰਦਰੂਨੀ ਤਾਕਤ ਬਹੁਤ ਕਮਜ਼ੋਰ ਹੋ ਗਈ ਸੀ, ਪਰ ਇਹ ਹਕੂਮਤ ਅਜੇ ਵੀ ਏਨੀ ਤਾਕਤਵਰ ਸੀ ਕਿ ਉਹ ਭਾਰਤ ਜਿਹੇ ਦੇਸ਼ ਦਾ ਭਵਿੱਖ ਉਸ ਤਰ੍ਹਾਂ ਤੈਅ ਕਰ ਰਹੀ ਸੀ ਜਿਸ ਨੂੰ ਉਸਨੇ ਅਤੇ ਨਵੀਂ ਉੱਭਰੀ ਮਹਾਂ-ਸ਼ਕਤੀ ਅਮਰੀਕਾ ਨੇ ਆਪਣੇ ਹਿਤਾਂ ਦੀ ਰੱਖਿਆ ਲਈ ਵਰਤਣਾ ਸੀ। ਇਹੀ ਨਹੀਂ ਸਾਮਰਾਜੀ ਤਾਕਤ ਨੇ ਹਿੰਦੋਸਤਾਨ ਦੇ ਮੁਕਾਮੀ ਲੋਕਾਂ ਨੂੰ ਵੰਡ ਕੇ ਉਨ੍ਹਾਂ ਨੂੰ ਆਪਸੀ ਸੰਵਾਦ ਕਰਨ ਦੀ ਸ਼ਕਤੀ ਤੋਂ ਵਿਰਵਿਆਂ ਕਰ ਦਿੱਤਾ ਸੀ।
ਇਸ ਤਾਕਤ (ਬਰਤਾਨੀਆ) ਦੇ ਕੁਝ ਨੈਣ-ਨਕਸ਼ ਉਲੀਕਣੇ ਜ਼ਰੂਰੀ ਹਨ; ਆਪਣੇ ਦੇਸ਼ ਇੰਗਲੈਂਡ ਵਿਚ ਇਹ ਤਾਕਤ ਜਮਹੂਰੀ ਸਰਕਾਰ ਦੇ ਤੌਰ ’ਤੇ ਕਾਇਮ ਸੀ; ਉੱਥੇ ਜਮਹੂਰੀਅਤ ਲਈ ਲੰਮਾ ਸੰਘਰਸ਼ ਹੋਇਆ ਅਤੇ ਬਰਤਾਨੀਆ ਅਤੇ ਉਸਦੇ ਚਿੰਤਕ ਆਪਣੇ ਆਪ ਨੂੰ ਜਮਹੂਰੀਅਤ ਦੇ ਅਲੰਬਰਦਾਰ ਅਖਵਾਉਂਦੇ ਸਨ ਜਦੋਂ ਕਿ ਆਪਣੇ ਦੇਸ਼ ਤੋਂ ਬਾਹਰ ਇਸੇ ਤਾਕਤ ਨੇ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮੀ, ਜਬਰ ਤੇ ਜ਼ੁਲਮ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਸੀ; ਇਹ ਤਾਕਤ ਗੁਲਾਮ ਦੇਸ਼ਾਂ ਨੂੰ ਤਬਾਹ ਕਰ ਕੇ ਆਪਣੇ ਦੇਸ਼ ਵਿਚ ਜਮਹੂਰੀਅਤ ਨੂੰ ਸ਼ਿੰਗਾਰਦੀ ਹੋਈ ਇਕ ਕਲਿਆਣਕਾਰੀ ਰਾਜ ਕਾਇਮ ਕਰ ਰਹੀ ਸੀ। ਇਸ ਜਮਹੂਰੀਅਤ ਲਈ ਸੰਵਿਧਾਨਕ ਰਾਜਾਸ਼ਾਹੀ ਨੂੰ ਕਾਇਮ ਰੱਖਣਾ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਏਸ਼ੀਆ ਤੇ ਅਫ਼ਰੀਕਾ ਦੇ ਸੈਂਕੜੇ ਰਾਜਿਆਂ-ਰਜਵਾੜਿਆਂ ਨੂੰ ਇਹ ਦੱਸਣਾ ਜ਼ਰੂਰੀ ਸੀ ਕਿ ਉਹ ਬਰਤਾਨੀਆ ਦੇ ਪ੍ਰਧਾਨ ਮੰਤਰੀ (ਜੋ ਲੋਕਾਂ ਨੇ ਚੁਣਿਆ ਸੀ) ਦੇ ਨਹੀਂ ਸਗੋਂ ਬਰਤਾਨੀਆ ਦੇ ਸਮਰਾਟ ਦੇ ਅਧੀਨ ਸਨ। ਵੀਹਵੀਂ ਸਦੀ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਵਿਰੋਧਾਭਾਸ ਹੈ ਕਿ ਦੁਨੀਆ ਦੀਆਂ ਸਭ ਤੋਂ ਵਿਕਸਤ ਜਮਹੂਰੀਅਤਾਂ ਬਰਤਾਨੀਆ, ਫਰਾਂਸ ਆਦਿ ਹੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਬਸਤੀਵਾਦੀ ਤਾਕਤਾਂ ਸਨ।
ਆਪਣੀ ਵਿਆਪਕ ਤਾਕਤ ਨੂੰ ਕਾਇਮ ਰੱਖਣ ਲਈ ਬਰਤਾਨੀਆ ਤੇ ਹੋਰ ਬਸਤੀਵਾਦੀ ਤਾਕਤਾਂ ਲਈ ਇਹ ਜ਼ਰੂਰੀ ਸੀ ਕਿ ਉਹ ਮੁਕਾਮੀ ਲੋਕਾਂ, ਸਿਆਸਤਦਾਨਾਂ ਤੇ ਰਾਜੇ-ਰਜਵਾੜਿਆਂ ਨੂੰ ਨਾ ਸਿਰਫ਼ ਆਪਸ ਵਿਚ ਪਾੜ ਕੇ ਰੱਖਣ ਸਗੋਂ ਇਹ ਵਿਸ਼ਵਾਸ ਵੀ ਦਿਵਾਉਣ ਕਿ ਬਸਤੀਵਾਦੀ ਹਕੂਮਤਾਂ ਮੁਕਾਮੀ ਲੋਕਾਂ ਦੀ ਬਿਹਤਰੀ ਲਈ ਯਤਨਸ਼ੀਲ ਸਨ ਅਤੇ ਇਸੇ ਤਰ੍ਹਾਂ ਭਾਰਤ ਵਿਚ ਜਿਥੇ ਬਰਤਾਨਵੀ ਹਕੂਮਤ ਆਰਥਿਕ ਲੁੱਟ ਤੇ ਸਮਾਜਿਕ ਵੰਡਾਂ ਨੂੰ ਵਧਾਉਂਦੀ ਗਈ ਪਰ ਉਸ ਨਾਲ ਇਹ ਬਿਰਤਾਂਤ ਵੀ ਸਿਰਜਿਆ ਕਿ ਉਹ ਲੋਕ-ਭਲਾਈ ਲਈ ਕਈ ਕੰਮ ਕਰ ਰਹੀ ਹੈ ਜਿਨ੍ਹਾਂ ਵਿਚ 1909, 1919 ਅਤੇ 1935 ਵਿਚ ਬਣਾਏ ਗਏ ਕਾਨੂੰਨ ਸ਼ਾਮਲ ਸਨ, ਜਿਨ੍ਹਾਂ ਦੇ ਨਕਸ਼ ਜੋਗਿੰਦਰ ਸਿੰਘ ਤੂਰ ਨੇ ਇਸ ਕਿਤਾਬ ਵਿਚ ਉਲੀਕੇ ਹਨ।
ਇਸ ਤਰ੍ਹਾਂ ਜੋਗਿੰਦਰ ਸਿੰਘ ਤੂਰ ਅਤੇ ਹੋਰ ਲੇਖਕਾਂ ਤੇ ਇਤਿਹਾਸਕਾਰਾਂ ਦੀਆਂ ਲਿਖਤਾਂ ’ਚੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ 1946-47 ਵਿਚ ਲੋਕਾਂ ਸਾਹਮਣੇ ਦੋ ਮਹਾਂ-ਬਿਰਤਾਂਤ ਸਨ, ਆਜ਼ਾਦੀ ਮਿਲਣ ਦਾ ਬਿਰਤਾਂਤ ਅਤੇ ਦੂਸਰਾ ਸੱਤਾ ਤਬਦੀਲੀ ਦਾ ਬਿਰਤਾਂਤ। ਸਿਆਸੀ ਆਗੂਆਂ ਦੀ ਪੱਧਰ ’ਤੇ ਸੱਤਾ ਤਬਦੀਲੀ ਦਾ ਬਿਰਤਾਂਤ ਆਜ਼ਾਦੀ ਦੇ ਬਿਰਤਾਂਤ ’ਤੇ ਹਾਵੀ ਹੋ ਗਿਆ ਸੀ ਭਾਵੇਂ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਦੇ ਸਮੇਂ ਦਿੱਤੀ ਤਕਰੀਰ ਅਤੇ ਕਾਂਗਰਸੀ ਤੇ ਖੱਬੇਪੱਖੀ ਆਗੂਆਂ ਨੇ ਆਪਣੀਆਂ ਲਿਖਤਾਂ ਤੇ ਤਕਰੀਰਾਂ ਵਿਚ ਆਜ਼ਾਦੀ ਦੇ ਬਿਰਤਾਂਤ ਨੂੰ ਪ੍ਰਮੁੱਖਤਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਇਤਿਹਾਸ ਅਤੇ ਇਤਿਹਾਸਕਾਰੀ ਵਿਚ ਪ੍ਰਮੁੱਖਤਾ ਸੱਤਾ ਤਬਦੀਲੀ ਦੇ ਬਿਰਤਾਂਤ ਨੂੰ ਮਿਲੀ ਹੈ। ਇਸ ਤਬਦੀਲੀ ਕਾਰਨ ਹੋਈ ਵੰਡ ਦੌਰਾਨ ਹੋਏ ਕਤਲੇਆਮ ਅਤੇ ਉਜਾੜੇ ਦੇ ਨਾਲ ਨਾਲ ਬ੍ਰਿਟਿਸ਼ ਭਾਰਤ ’ਚੋਂ ਉਪਜੇ ਭਾਰਤ ਤੇ ਪਕਿਸਤਾਨ, ਪੰਜਾਬ ਤੇ ਪੰਜਾਬੀਆਂ ਨੂੰ ਹਮੇਸ਼ਾ ਇਸ ਸਵਾਲ ਦਾ ਸਾਹਮਣਾ ਕਰਨਾ ਪੈਣਾ ਹੈ ਕਿ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਅਪਰੈਲ 1919 ਵਿਚ ਰਾਮਨੌਮੀ ਇਕੱਠੇ ਮਨਾਉਣ ਵਾਲੇ, ਅੰਗਰੇਜ਼ਾਂ ਵਿਰੁੱਧ ਇਕੱਠੇ ਵਿਦਰੋਹ ਕਰਨ ਵਾਲੇ, ਜਲਿ੍ਹਆਂਵਾਲਾ ਬਾਗ਼ ਵਿਚ ਇਕੱਠੇ ਸ਼ਹੀਦ ਹੋਣ ਵਾਲੇ ਤੇ ਹੋਰ ਸੰਘਰਸ਼ਾਂ ਅਤੇ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਵਿਚ ਅੰਗਰੇਜ਼ਾਂ ਵਿਰੁੱਧ ਇਕੱਠੇ ਹੋ ਕੇ ਲੜਣ ਵਾਲੇ ਪ ੰਜਾਬੀ 1947 ਵਿਚ ਇਕ ਦੂਸਰੇ ਦੇ ਖ਼ੂਨ ਦੇ ਪਿਆਸੇ ਕਿਵੇਂ ਹੋ ਗਏ।
ਇਸ ਸੰਬੰਧ ਵਿਚ ਰਾਜਮੋਹਨ ਗਾਂਧੀ ਦੀ ਦਲੀਲ ਕਿ ਖ਼ੂਨ ਖ਼ਰਾਬੇ ਵਿਚ ਹਿੱਸਾ ਲੈਣ ਵਾਲਿਆਂ ਦੇ ਨਾਲ ਨਾਲ ਬਚਾਉਣ ਵਾਲਿਆਂ ਦਾ ਵੱਡੀ ਗਿਣਤੀ ਵਿਚ ਹੋਣਾ ਮਨ ਨੂੰ ਧਰਵਾਸ ਤਾਂ ਦਿੰਦਾ ਹੈ ਪਰ ਉਸ ਦਾ ਇਤਿਹਾਸਕ ਅਸਰ ਬਹੁਤ ਨਿਗੂਣਾ ਹੈ। ਇਹ ਵੀ ਪ੍ਰਤੱਖ ਹੈ ਕਿ ਉਸ ਸਮੇਂ ਵੰਡ ਦੌਰਾਨ ਹੋਏ ਕਤਲੇਆਮ ਦਾ ਵਿਰੋਧ ਕਰਨ ਤੇ ਲੋਕਾਂ ਨੂੰ ਬਚਾਉਣ ਵਾਲੀਆਂ ਗਵਾਹੀਆਂ ਦੇ ਬਾਵਜੂਦ ਸਦੀਆਂ ਦੀ ਲੋਕ-ਸਾਂਝੀਵਾਲਤਾ ਦਾ ਬਿਰਤਾਂਤ ਖਿੰਡਰ ਰਿਹਾ ਸੀ, ਗਵਾਚ ਰਿਹਾ ਸੀ, ਕਮਜ਼ੋਰ ਪੈ ਰਿਹਾ ਸੀ। ਪੈਂਡਰਲ ਮੂਨ ਅਨੁਸਾਰ ਇਕ ਪਾਸੇ ਪਿੰਡਾਂ ਤੇ ਸ਼ਹਿਰਾਂ ਵਿਚ ਲੋਕ ਇਹ ਕਹਿ ਰਹੇ ਸਨ ਕਿ ‘ਸਾਨੂੰ ਕੁਝ ਵੀ ਪਤਾ ਨਹੀਂ’ ਅਤੇ ਦੂਸਰੇ ਪਾਸੇ ਉਹ ਇਕ ਦੂਸਰੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ।
(ਚੱਲਦਾ)