ਮਨੀਪੁਰ ਵਿਚ ਫਿਰ ਹਿੰਸਾ; ਇਕ ਮੌਤ

ਇਵਾਲ: ਮਨੀਪੁਰ ‘ਚ ਮੁਕਤ ਆਵਾਜਾਈ (ਵੀ ਮੁਵਮੈਂਟ) ਦੇ ਪਹਿਲੇ ਦਿਨ ਹੀ ਰਾਜ ‘ਚ ਫਿਰ ਹਿੰਸਾ ਭੜਕ ਗਈ, ਜਿਸ ਦੌਰਾਨ ਜ਼ਿਲ੍ਹਾ ਕਾਂਗਪੋਕਪੀ ਦੇ ਵੱਖ-ਵੱਖ ਹਿੱਸਿਆਂ ‘ਚ ਕੁਕੀ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈਆਂ ਝੜਪਾਂ ਦੌਰਾਨ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ, ਜਦੋਂਕਿ ਔਰਤਾਂ ਸਮੇਤ 40 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ 30 ਸਾਲਾ ਵਿਅਕਤੀ ਨੂੰ ਕੀਬਲਮਨਬੀ ਵਿਖੇ ਝੜਪਾਂ ਦੌਰਾਨ ਗੋਲੀਆਂ ਲੱਗੀਆਂ ਸਨ ਅਤੇ ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਕਿਹਾ ਕਿ ਗਮਗੀਫਾਈ, ਮੋਟਬੰਗ ਅਤੇ ਕੀਥਲਮਨਬੀ ਵਿਖੇ ਸੁਰੱਖਿਆ ਬਲਾਂ ਨਾਲ ਝੜਪਾਂ ਦੌਰਾਨ ਘੱਟੋ-ਘੱਟ 40 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ,ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਜਨਤਕ ਸਿਹਤ ਕੇਂਦਰ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਇੰਫਾਲ ਤੋਂ ਜ਼ਿਲ੍ਹਾ ਸੈਨਾਪਤੀ ਤੋਂ ਹੁੰਦੇ ਹੋਇਆ ਕਾਂਗਪੋਕਪੀ ਤੱਕ ਅਤੇ ਇੰਫਾਲ ਤੋਂ ਚੁਰਾਚਾਂਦਪੁਰ ਹੁੰਦੇ ਹੋਏ। ਬਿਸ਼ਨੂਪੁਰ ਤੱਕ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਮਾਰਗਾਂ ‘ਤੇ ਵੀ ਬੱਸਾਂ ਚਲਾਈਆਂ ਗਈਆਂ ਸਨ। ਤਣਾਅ ਉਸ ਸਮੇਂ ਵਧਿਆ, ਜਦੋਂ ਇੰਫਾਲ ਤੋਂ ਸੈਨਾਪਤੀ ਜਾ ਰਹੀਆਂ ਬੱਸਾਂ ਦੇ ਕਾਫ਼ਲੇ ਨੂੰ ਕੁਕੀ ਬਹੁਲ ਇਲਾਕੇ ‘ਚ ਰੋਕ ਦਿੱਤਾ ਗਿਆ। ਘਟਨਾ ਕਾਂਗਪੋਕਪੀ ‘ਚ ਹੋਈ, ਜਿਥੇ ਇੰਫਾਲ ਤੋਂ ਸੈਨਾਪਤੀ ਜਾ ਰਹੇ ਵਾਹਨਾਂ ਦੇ ਕਾਫ਼ਲੇ ਨੂੰ ਕੁਕੀ ਬਹੁਲ ਇਲਾਕੇ ‘ਚ ਰੋਕ ਦਿੱਤਾ ਗਿਆ।
ਇਥੇ ਸੁਰੱਖਿਆ ਬਲਾਂ ਨੂੰ ਪੱਥਰਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਬਲ ਪ੍ਰਯੋਗ ਕਰਦਿਆਂ ਅੱਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ। ਪ੍ਰਦਰਸ਼ਨਕਾਰੀਆਂ ਨੇ ਨਿੱਜੀ ਵਾਹਨਾਂ ਨੂੰ ਅੱਗ ਲਗਾ ਦਿੱਤੀ, ਜਦੋਂਕਿ ਐਨ.ਐਚ.-2 (ਇੰਫਾਲ-ਦੀਮਾਪੁਰ ਰਾਜ ਮਾਰਗ) ਨੂੰ ਵੀ ਜਾਮ ਕਰ ਦਿੱਤਾ। ਇਸ ਵਿਚਕਾਰ ਫੈਡਰੇਸ਼ਨ ਆਫ਼ ਸਿਵਲ ਸੁਸਾਇਟੀ ਦੇ ਇਕ ਸ਼ਾਂਤੀ ਮਾਰਚ ਨੂੰ ਪੁਲਿਸ ਨੇ ਰੋਕ ਦਿੱਤਾ। 10 ਤੋਂ ਵੱਧ ਵਾਹਨਾਂ ਵਾਲੇ ਇਸ ਮਾਰਚ ਨੂੰ ਜ਼ਿਲ੍ਹਾ ਕਾਂਗਪੋਕਪੀ ‘ਚ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਆ ਬਲਾਂ ਨੇ ਰੋਕ ਦਿੱਤਾ। ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮਾਰਚ ਦੀ ਆਗਿਆ ਨਹੀਂ ਸੀ। ਜ਼ਿਕਰਯੋਗ ਹੈ ਕਿ ਮਈ 2023 ‘ਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਮੈਤੇਈ ਅਤੇ ਕੁਕੀ ਬਹੁਲ ਇਲਾਕੇ ਵਿਚਾਲੇ ਮੁਕਤ ਆਵਾਜਾਈ ਨਹੀਂ ਹੈ। ਮੈਤੇਈ ਲੋਕ ਕੁਕੀ ਬਹੁਲ ਪਹਾੜੀਆਂ ਤੋਂ ਚਲੇ ਗਏ। ਹਨ, ਜਦੋਂਕਿ ਕੁਕੀ ਲੋਕਾਂ ਨੇ ਮੈਤੇਈ ਬਹੁਲ ਖੇਤਰਾਂ ਨੂੰ ਛੱਡ ਦਿੱਤਾ ਹੈ।