ਸਿੰਘ ਸਾਹਿਬਾਨ ਨੂੰ ਹਟਾਉਣ ਦੇ ਫ਼ੈਸਲੇ ਦਾ ਮਜੀਠੀਆ ਵਲੋਂ ਵਿਰੋਧ

ਚੰਡੀਗੜ੍ਹ: ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਫ਼ਾਰਗ ਕਰਨ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ

ਸਮੇਤ ਹੋਰ ਆਗੂਆਂ ਵਲੋਂ ਵਿਰੋਧ ਦਰਜ ਕਰਵਾ ਦਿੱਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਵਲੋਂ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕੋਰ ਕਮੇਟੀ ਮੈਂਬਰ ਲਖਬੀਰ ਸਿੰਘ ਲੋਧੀ ਨੰਗਲ, ਹਲਕਾ ਇੰਚਾਰਜ ਅਜਨਾਲਾ ਜੋਧ ਸਿੰਘ ਸਮਰਾ, ਹਲਕਾ ਇੰਚਾਰਜ ਮੁਕੇਰੀਆ ਸਰਬਜੋਤ ਸਿੰਘ ਸਾਬੀ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਰਮਨਦੀਪ ਸਿੰਘ ਸੰਧੂ ਅਤੇ ਯੂਥ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਢਿੱਲੋਂ ਸਮੇਤ ਅੰਤਿੰਗ ਕਮੇਟੀ ਦੇ ਫ਼ੈਸਲੇ ਨਾਲ ਅਸਹਿਮਤੀ ਜਤਾਈ ਗਈ ਹੈ। ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਆਗੂਆਂ ਵਲੋਂ ਜਾਰੀ ਕੀਤੇ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਅਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖ਼ਤ ‘ਤੇ ਬਿਰਾਜਮਾਨ ਹਨ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ। ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ੍ਹ ਦਾ ਫ਼ੈਸਲਾ ਅੰਤ੍ਰਿੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ ਉਸ ਨਾਲ ਸਾਡੇ ਮਨ ਉਦਾਸ ਹਨ। ਅੱਜ ਅਜਿਹੇ ਹਾਲਾਤ ਬਣ ਗਏ ਹਨ, ਜਿਨ੍ਹਾਂ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਭਾਵੇਂ ਸੁਧਾਰ ਲਹਿਰ ਵਾਲੇ ਹੋਣ ਚਾਹੇ ਕੁੱਝ ਪੰਥਕ ਲੋਕ ਹੋਣ, ਅਸੀਂ ਸਾਰੇ ਹੀ ਇਨ੍ਹਾਂ ਹਾਲਾਤ ਤੋਂ ਪਾਸਾ ਵੱਟਦੇ ਰਹੇ ਹਾਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅੱਜ ਬੜੀ ਗੰਭੀਰਤਾ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ (ਬ) ,ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਹੋਵੇ, ਉਸ ਨੂੰ ਟੁੱਟਣ ਤੋਂ ਬਚਾਉਣਾ ਅਤੇ ਮਰਿਆਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ, ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ ਉਸ ਵਾਸਤੇ ਅੱਗੇ ਹੋ ਕੇ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿਚ ਬੜੀ ਪੀੜ ਹੈ। ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿੱਚੋਤਾਣ ਕਰਕੇ ਹੋਇਆ ਹੈ।
ਅਸੀਂ ਸਾਰੇ ਅਕਾਲੀ ਦਲਾਂ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਹਾਂ, ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿੱਚੋਤਾਣ ਕਰਕੇ ਹੀ ਇਹ ਸਭ ਕੁੱਝ ਵਾਪਰਿਆ ਹੈ। ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਦੇ ਨਾਲ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਲੱਗੀ ਹੈ। ਜਿਸ ‘ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕਿ ਆਪਸੀ ਮਤਭੇਦ ਅਤੇ ਰੰਜਿਸ਼ਾਂ ਭੁਲਾ ਕੇ ਦਰਿਆ ਦਿਲੀ ਦਿਖਾਉਂਦੇ ਹੋਏ ਪਾਰਟੀ ਲਈ ਦਿੱਤੀਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਰ ਵਰਕਰ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ। ਸਾਨੂੰ ਸਾਰਿਆਂ ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਪੰਜਾਬ ਅਤੇ ਪੰਥ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਸ ਫ਼ੈਸਲੇ ਮਗਰੋਂ ਬੀਤੇ ਦਿਨਾਂ ਤੋੰ ਹੀ ਸੁਧਾਰ ਲਹਿਰ ਦੇ ਆਗੂਆਂ ਵਲੋਂ ਵੱਡੇ ਪੱਧਰ ‘ਤੇ ਵਿਰੋਧ ਜਤਾਇਆ ਗਿਆ ਹੈ। ਹੁਣ ਖ਼ਾਸ ਤੌਰ ‘ਤੇ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਸ ਫ਼ੈਸਲੇ ਖ਼ਿਲਾਫ਼ ਆਵਾਜ਼ ਚੁੱਕਣ ਨਾਲ ਅਕਾਲੀ ਦਲ ਵਿਚ ਵੱਡੇ ਪੱਧਰ ‘ਤੇ ਬਗ਼ਾਵਤ ਦੇ ਸੰਕੇਤ ਮਿਲ ਰਹੇ ਹਨ।