ਜੁੱਤੀ ਦੇ ਯਾਰ

ਬਲਜੀਤ ਬਾਸੀ
ਜੁੱਤੀ ਪੈਰਾਂ ਦਾ ਹਜ਼ਾਰਾਂ ਸਾਲ ਪੁਰਾਣਾ ਪਹਿਰਾਵਾ ਹੈ। ਮੁਢਲੇ ਤੌਰ ‘ਤੇ ਜੁੱਤੀ ਪੈਰਾਂ ਨੂੰ ਮੌਸਮ ਦੇ ਬਚਾਅ ਲਈ ਪਾਈ ਜਾਂਦੀ ਰਹੀ ਹੋਵੇਗੀ। ਇਹ ਇਕ ਖੁਲ੍ਹੀ ਜਿਹੀ ਝੋਲੇ ਵਰਗੀ ਹੁੰਦੀ ਸੀ। ਇਹ ਖੱਲਾਂ, ਸੱਕ ਤੇ ਰੱਸੀਆਂ ਆਦਿ ਤੋਂ ਬਣਾਈ ਜਾਂਦੀ ਸੀ। ਭਾਵੇਂ ਜੁੱਤੀ ਦਾ ਇਤਿਹਾਸ ਕਿੰਨਾ ਵੀ ਪੁਰਾਣਾ ਹੈ ਪਰ ਇਹ ਆਮ ਪਾਈ ਜਾਣ ਵਾਲੀ ਚੀਜ਼ ਨਹੀਂ ਸੀ। ਅਤੀਤ ਵਿਚ ਜੁੱਤੀ ਪਾਉਣ ਨੂੰ ਬੁਰਾ ਵੀ ਸਮਝਿਆ ਜਾਂਦਾ ਰਿਹਾ ਹੈ। ਕਹਿੰਦੇ ਹਨ ਸਿਕੰਦਰ ਮਹਾਨ ਨੇ ਨੰਗੇ ਪੈਰੀਂ ਸਾਰੀਆਂ ਜੰਗਾਂ ਲੜੀਆਂ।
ਪੰਜਾਬ ਦੇ ਕੁਝ ਇਲਾਕਿਆਂ ਵਿਚ ਜੁੱਤੀ ਨੂੰ ਜੁੱਤਾ ਵੀ ਕਿਹਾ ਜਾਂਦਾ ਹੈ। ਕਿਸੇ ਨੂੰ ਮਾਰਨ ਲੱਗਿਆਂ ਉਸੇ ਨੂੰ ਜੁੱਤ ਕਹਿ ਦਿੱਤਾ ਜਾਂਦਾ ਹੈ। ਪੰਜਾਬ ਦੀ ਇਕ ਵਿਸ਼ੇਸ਼ ਜੁੱਤੀ ਨੂੰ ਕਿਹਾ ਹੀ ਪੰਜਾਬੀ ਜੁੱਤੀ ਜਾਂ ਦੇਸੀ ਜੁੱਤੀ ਜਾਂਦਾ ਹੈ। ਪਟਿਆਲਾ ਸ਼ਹਿਰ ਵਿਚ ਕਿਸੇ ਵੇਲੇ ਦਸ ਹਜ਼ਾਰ ਤੋਂ ਵੀ ਵਧ ਕਾਰੀਗਰ ਇਸ ਜੁੱਤੀ ਨੂੰ ਬਣਾਉਣ ਦੇ ਧੰਦੇ ਵਿਚ ਲੱਗੇ ਹੁੰਦੇ ਸਨ ਜੋ ਹੁਣ ਘਟ ਕੇ ਚੌਥਾ ਹਿੱਸਾ ਵੀ ਨਹੀਂ ਰਹਿ ਗਏ। ਮਸ਼ੀਨੀਕਰਣ ਨੇ ਹਰ ਤਰ੍ਹਾਂ ਦੀ ਲੋਕ ਕਲਾ ‘ਤੇ ਸੱਟ ਮਾਰੀ ਹੈ। ਇਸ ਜੁੱਤੀ ਦੀ ਕਿਰਲੇ ਜਿਹੀ ਨੋਕ ਤੇ ਕੁੰਡਲੀ ਮੁੱਛ ਪੰਜਾਬੀ ਗੱਭਰੂ ਦੀ ਮੜਕ ਤੇ ਆਨ-ਸ਼ਾਨ ਦੇ ਸੂਚਕ ਹਨ। ਦਰਅਸਲ ਜੁੱਤੀ ਪੈਰਾਂ ਦੇ ਪਹਿਰਾਵੇ ਤੋਂ ਇਲਾਵਾਂ ਇਕ ਹਥਿਆਰ ਵੀ ਹੈ। ਖਾਸ ਤੌਰ ‘ਤੇ ਘਰੋਗੀ ਲੜਾਈ ਵਿਚ ਇਹ ਕਾਫੀ ਵਰਤਿਆ ਜਾਂਦਾ ਹੈ। ਛੱਡਵੀਂ ਜੁੱਤੀ ਤਾਂ ਬਹੁਤ ਹੀ ਕਾਰਗਰ ਹੁੰਦੀ ਹੈ। ਜੁੱਤ-ਪਤਾਣ, ਜੁੱਤੀਓ ਜੁੱਤੀ, ਜੁੱਤੀ ਪੌਲਾ, ਜੁੱਤੀ ਖੌਸੜੀ ਜਿਹੇ ਸ਼ਬਦ ਜੁੱਟ ਜੁੱਤੀ ਦੇ ਦੁਵੱਲੀ ਹਥਿਆਰ ਹੋਣ ਦੀ ਸਾਖੀ ਭਰਦੇ ਹਨ। ਜੁੱਤੀ ਦੇ ਕੁਝ ਹੋਰ ਉਪ-ਲਾਭ ਵੀ ਹਨ। ਕਈ ਵਾਰੀ ਤਾਂ ਕਈ ਕੰਮ ਜੁੱਤੀ ਦਿਖਾਉਣ ਨਾਲ ਹੀ ਹੋ ਜਾਂਦੇ ਹਨ। ਅਖਾਣ ਅਨੁਸਾਰ ਕਿਸੇ ਨੂੰ ਜੁਤੀ ਵਿਚ ਪਾਣੀ ਪਿਲਾਉਣ ਦਾ ਮਤਲਬ ਉਸ ਦੀ ਘੋਰ ਬੇਜ਼ਤੀ ਕਰਨਾ ਹੈ। ਇਤਿਹਾਸਿਕ ਤੌਰ ‘ਤੇ ਜ਼ਰੂਰ ਅਜਿਹਾ ਹੁੰਦਾ ਰਿਹਾ ਹੋਵੇਗਾ। ਕਈ ਸ਼ਰਾਬ ਦੇ ਕਾਹਲੇ ਕੋਈ ਭਾਂਡਾ ਨਾ ਮਿਲਣ ‘ਤੇ ਜੁੱਤੀ ਨੂੰ ਹੀ ਹਾੜਾ ਬਣਾ ਲੈਂਦੇ ਹਨ। ਚਾਂਦੀ ਦੀ ਜੁੱਤੀ ਕਿਸੇ ਨੂੰ ਵੱਢੀ ਦੇਣ ਦੇ ਕੰਮ ਆਉਂਦੀ ਰਹੀ ਹੈ। ਜੁੱਤੀ ਨੂੰ ਸੁੰਘਾ ਕੇ ਭੂਤ ਕਢੇ ਜਾਂਦੇ ਹਨ।
ਪੰਜਾਬੀ ਲੋਕਧਾਰਾ ਵਿਚ ਜੁੱਤੀ ਦਾ ਬਹੁਤ ਜ਼ਿਕਰ ਆਉਂਦਾ ਹੈ ਹਾਲਾਂ ਕਿ ਪੁਰਾਣੇ ਜ਼ਮਾਨਿਆਂ ਵਿਚ ਜੁੱਤੀ ਕਿਸੇ ਕਿਸੇ ਨੂੰ ਜੁੜਦੀ ਸੀ। ਰਾਹੀ ਜੁੱਤੀ ਲਾਹ ਕੇ ਡਾਂਗ ‘ਤੇ ਟੰਗ ਲੈਂਦੇ ਸਨ ਤੇ ਟਿਕਾਣੇ ਤੋਂ ਥੋੜਾ ਉਰੇ ਪਹੁੰਚ ਕੇ ਹੀ ਝਾੜ ਕੇ ਪਾਉਂਦੇ ਸਨ। ਇਸ ਤਰ੍ਹਾਂ ਪੈਰ ਭਾਵੇਂ ਘਸ ਜਾਣ, ਜੁੱਤੀ ਨੂੰ ਕੋਈ ਆਂਚ ਨਹੀਂ ਸੀ ਆਉਂਦੀ। ਅਜਿਹੀ ਜੁੱਤੀ ਹੰਢਣਸਾਰ ਹੁੰਦੀ ਸੀ। ਪਹਿਲੀਆਂ ਵਿਚ ਜੁੱਤੀ ਲਗਦੀ ਵੀ ਬਹੁਤ ਹੁੰਦੀ ਸੀ, ਚਮਰਸ ਹੋਇਆ ਹੀ ਰਹਿੰਦਾ ਸੀ। ਲਗਦੀ ਜੁੱਤੀ ਨੂੰ ਅਕਸਰ ਹੀ ਸਰੋਂ੍ਹ ਦਾ ਤੇਲ ਦੇਣਾ ਪੈਂਦਾ ਸੀ। ਐਵੇਂ ਨਹੀਂਂ ਸੁਰਿੰਦਰ ਕੌਰ ਦਾ ਇਹ ਗੀਤ ਮਸ਼ਹੂਰ ਹੋਇਆ, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।’ ਕਸੂਰ ਜੁੱਤੀਆਂ ਦੇ ਨਾਲ ਨਾਲ ਮੇਥੀ ਦੇ ਉਤਪਾਦਨ ਦਾ ਵੀ ਗੜ੍ਹ ਹੈ। ਪਿਛਲੇ ਸਮਿਆਂ ਵਿਚ ਮੜਕਦੀ ਚੀਕੂੰ ਚੀਕੂੰ ਕਰਦੀ ਜੁੱਤੀ ਟੌਅਰ ਸਮਝੀ ਜਾਂਦੀ ਸੀ ਭਾਵੇਂ ਅੱਜ ਕਲ੍ਹ ਇਹ ਹੋਛੇਪਣ ਦਾ ਵਿਖਾਵਾ ਹੈ। ਨਵੀਂ ਜੁੱਤੀ ਪਾ ਕੇ ਲੋਕੀਂ ਛੇਤੀ ਘਰੋਂ ਬਾਹਰ ਨਹੀਂ ਸੀ ਨਿਕਲਦੇ। ਕਈ ਤਾਂ ਜੁੱਤੀ ਦੀ ਏਨੀ ਕਦਰ ਕਰਦੇ ਹਨ ਕਿ ਕਿਸੇ ਦੇ ਜੁੱਤੀ ਵੀ ਨਹੀਂ ਮਾਰਦੇ।
ਕਈ ਵਿਗੜਿਆਂ ਤਿਗਿੜਿਆਂ, ਖਾਸ ਤੌਰ ‘ਤੇ ਮਜਨੂੰਆਂ ਨੂੰ ਜੁੱਤੀ ਫੇਰਨੀ ਪੈਂਦੀ ਹੈ। ਇਹ ਹੁੰਦੇ ਹੀ ਜੁੱਤੀ ਦੇ ਯਾਰ ਹਨ। ਜੁੱਤੀ ਸ਼ੈਅ ਦੀ ਤਰ੍ਹਾਂ ਹੀ ਜੁੱਤੀ ਸ਼ਬਦ ਦੇ ਵੀ ਕਈ ਯਾਰ ਹਨ। ਅਸੀਂ ਪਿਛਲੇ ਕਾਲਮ ਵਿਚ ‘ਯੁਕਤਿ’ ਸ਼ਬਦ ਦੀ ਚਰਚਾ ਕੀਤੀ ਸੀ। ਸੰਸਕ੍ਰਿਤ ਵਿਚ ਇਸ ਸ਼ਬਦ ਵਿਚ ਲੱਗਾ ‘ਕ ਅੱਧਾ ਹੀ ਹੈ। ਅਜੇਹੀ ਧੁਨੀ ਸਮੇਂ ਦੀ ਬਹੁਤੀ ਮਾਰ ਨਹੀਂ ਝਲਦੀ। ਸਮੇਂ ਦੀ ਕੁੱਟ ਖਾ ਖਾ ਕੇ ਇਹ ਧੁਨੀ ਮੁਕਤ ਹੋ ਗਈ ਤੇ ਰਹਿ ਗਿਆ, ਯੁਤ ਜਾਂ ਯੁਤੀ ਜੋ ਪੰਜਾਬੀ ਵਿਚ ਆ ਕੇ ਸਮੇਂ ਤੇ ਸਥਾਨ ਅਨੁਸਾਰ ਜੁੱਤੀ, ਜੁੱਤ ਜਾਂ ਜੁੱਤਾ ਬਣ ਗਏ। ਮੋਤੀ ਵੀ ‘ਮੁਕਤਿ’ ਸ਼ਬਦ ਵਿਚੋਂ ਇਵੇਂ ਹੀ ਹਾਸਿਲ ਹੋਇਆ ਸੀ। ਪੈਰਾਂ ਦੇ ਪਹਿਰਾਵੇ ਤੋਂ ਬਿਨਾਂ ਜੁੱਤੇ ਦੇ ਹੋਰ ਅਰਥ ਹਨ। ਹਲ ਆਦਿ ਵਿਚ ਜੁੜੇ ਜਾਂ ਜੁੱਪੇ ਹੋਏ, ‘ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ’ (ਗੁਰੂ ਅਰਜਨ ਦੇਵ) ਅਰਥਾਤ ਆਸ ਵਿਚ ਮੇਰੇ ਨੈਨ ਜੁੜੇ ਹੋਏ ਹਨ। ਜੋਤ/ਜੋਤਰ ਪੰਜਾਲੀ ਜੂਲੇ ਵਿਚ ਲੱਗੀ ਰੱਸੀ ਨੂੰ ਵੀ ਕਹਿੰਦੇ ਹਨ ਜੋ ਬਲਦ ਨੂੰ ਬਾਹਰ ਨਹੀਂ ਜਾਣ ਦਿੰਦੀ। ਜੋਤਾ ਲਾਉਣਾ ਉਕਤੀ ਵਿਚ ਵੀ ਜੁੜੇ ਜਾਂ ਜੁੱਟੇ ਹੋਣ ਦੇ ਭਾਵ ਹਨ। ਹਲ ਦੀ ਇਕ ਜੋਗ ਨਾਲ ਚਲਾਏ ਜਾਣ ਜੋਗੀ ਭੂਮੀ ਜੋਤਾ ਕਹਾਉਂਦੀ ਹੈ।
‘ਯੁਜ’ ਧਾਤੂ ਦੀ ਧੁਨੀ ‘ਗ’ ਵਿਚ ਬਦਲ ਗਈ ਤਾਂ ਹੋਰ ਅਨੇਕਾਂ ਸ਼ਬਦਾਂ ਦੀ ਲੜੀ ਤੁਰ ਪਈ। ਇਨ੍ਹਾਂ ਵਿਚ ਸਭ ਤੋਂ ਉਘੜਵਾਂ ਬਹੁਅਰਥੀ ਸ਼ਬਦ ਹੈ ਰਾਂਝੇ ਦਾ ਜੋਗ, ਸੰਸਕ੍ਰਿਤ ਦਾ ਯੋਗ ਅਤੇ ਅੰਗਰੇਜ਼ੀ ਵਲੋਂ ਆ ਕੇ ਦੋਵੇਂ ਰੂਪਾਂ ਨੂੰ ਮਾਤ ਪਾ ਗਿਆ ਯੋਗਾ। ਕਸਰਤ ਵਾਲੇ ਇਸ ਯੋਗ ਵਿਚ ਵੀ ਬ੍ਰਿਤੀਆਂ ਨੂੰ ਪਰਮਾਤਮਾ ਨਾਲ ਜੋੜਨ ਦਾ ਭਾਵ ਹੈ। ਹਲ ਦਾ ਜੋਗ ਵੀ ਜੋੜੀ ਜਾਣ ਵਾਲੀ ਚੀਜ਼ ਹੈ। ਲਾਇਕ, ਉਚਿਤ, ਢੁਕਵਾਂ ਆਦਿ ਦੇ ਅਰਥ ਦਿੰਦਾ ਯੋਗ ਸ਼ਬਦ ਅਸੀਂ ਆਮ ਹੀ ਵਰਤਦੇ ਹਾਂ। ਜੋ ਕਿਸੇ ਦੇ ਬਰਾਬਰ ਦਾ ਹੈ, ਸਾਂਵਾਂ ਹੈ, ਜੋੜ ਦਾ ਹੈ, ਜਾਂ ਜੋੜ ਬੈਠਾਉਂਦਾ ਹੈ, ਉਹ ਯੋਗ ਹੈ। ਕਿਸੇ ਕੰਮ ਦੇ ਯੋਗ ਉਹ ਹੈ ਜੋ ਉਸ ਦੇ ਜੋੜ ਵਿਚ ਬੈਠਦਾ ਹੈ। ਜੋਗ ਸ਼ਬਦ ਦੀ ਇਕ ਅਨੋਖੀ ਵਰਤੋਂ ਦੇਖੋ, ‘ਲਿਖ ਤੁਮ ਨੱਥਾ ਸਿੰਘ ਅਗੇ ਜੋਗ ਖੇਮ ਸਿੰਘ ਜੀæææ।’ ਭਾਵੇਂ ਇਥੇ ਜੋਗ ਦਾ ਅਰਥ ‘ਵੱਲ, ਤਰਫ, ਲਈ’ ਲਿਆ ਜਾਵੇਗਾ ਪਰ ਆਦਰ ਦੇ ਭਾਵਾਂ ਸਮੇਤ। ਚਿੱਠੀ ਵਿਚ ਇਸੇ ਜੋਗ ਦੀ ਥਾਂ ਬਾਅਦ ਵਿਚ ‘ਮਾਣਯੋਗ’ ਆਦਿ ਸ਼ਬਦਾਂ ਨੇ ਲੈ ਲਈ। ਜੋਗ ਦੀ ਅਜਿਹੇ ਅਰਥਾਂ ਵਿਚ ਵਰਤੋਂ ਗੁਰਬਾਣੀ ਵਿਚ ਵੀ ਦੇਖੋ, ‘ਮਨੁ ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗੁ॥’
ਜੋਗਾ ਦੀ ਸ਼ਕਲ ਧਾਰ ਕੇ ਇਸ ਸ਼ਬਦ ਦਾ ਅਰਥ ਕੁਝ ਸੁੰਗੜ ਗਿਆ ਅਰਥਾਤ ‘ਮਸਾਂ ਹੀ ਯੋਗ ਹੋ ਗਿਆ’ ਜਿਵੇਂ ਤੂੰ ਕਾਸੇ ਜੋਗਾ ਨਹੀਂ। ਜੋਗਾ ਤਾਂ ਵਿਸ਼ੇਸ਼ ਨਾਮ ਜੋਗਾ ਵੀ ਹੋ ਗਿਆ ਹੈ। ਜੋਗ ਧਾਰਨ ਕਰਨ ਵਾਲਾ ਜੋਗੀ ਹੈ ਤੇ ਜੋਗੀਆਂ ਦੇ ਭਗਵੇਂ ਕਪੜਿਆਂ ਨੂੰ ਜੋਗੀਆ ਕਹਿ ਦਿੱਤਾ ਜਾਂਦਾ ਹੈ। ਯੋਗ ਸ਼ਬਦ ਕਿਸੇ ਨਾਂਵ ਦੇ ਪਿਛੇ ਲੱਗ ਕੇ ਲਾਇਕ ਦੇ ਅਰਥ ਦੇਣ ਲੱਗ ਜਾਂਦਾ ਹੈ ਜਿਵੇਂ ਮਾਣਯੋਗ, ਖਾਣਯੋਗ। ਉਂਜ ਜੁਗਲ ਕਿਸ਼ੋਰ ਵਾਲਾ ਜੁਗਲ ਕਿਹੜਾ ਘਟ ਹੈ ਤੇ ਜੁਗਲਬੰਦੀ ਵੀ ਦੋ ਸਾਜ਼ਾਂ ਦਾ ਜੋੜ ਹੀ ਹੈ। ਜੁਗਲ ਵਿਚੋਂ ‘ਗ’ ਧੁਨੀ ਨਿਕਲ ਗਈ ਤਾਂ ਜੂਲਾ ਜਿਹਾ ਸ਼ਬਦ ਬਣ ਗਿਆ ਜੋ ਗੱਡੇ, ਰਥ ਆਦਿ ਦਾ ਉਹ ਡੰਡਾ ਹੁੰਦਾ ਹੈ ਜਿਸ ਨਾਲ ਬੈਲ ਘੋੜੇ ਆਦਿ ਜੋੜੀਦੇ ਹਨ। ‘ਜੂਲੇ ਸਾਥ ਜੋਰ ਕਰ ਹੇਰੇ ਕਛੁ ਤੋਰ ਕਰ।’ ਰਸਾਇਣ ਵਿਚ ਦੋ ਜਾਂ ਇਸ ਤੋਂ ਵਧ ਤੱਤਾਂ ਦੇ ਜੋੜ ਤੋਂ ਬਣੇ ਨਵੇਂ ਪਦਾਰਥ ਨੂੰ ਯੋਗਿਕ ਕਿਹਾ ਜਾਂਦਾ ਹੈ।
ਯੋਗ ਦਾ ਅਰਥ ਜਮ੍ਹਾਂ ਜੋੜ ਜਾਂ ਕੁਲ ਵੀ ਹੈ ਜਿਵੇਂ ਯੋਗਫਲ ਵਿਚ। ਗ੍ਰਹਿਆਂ ਦੇ ਮੇਲ ਨੂੰ ਵੀ ਯੋਗ ਕਿਹਾ ਜਾਂਦਾ ਹੈ। ਇਤਫਾਕ ਦੇ ਅਰਥਾਂ ਵਾਲੇ ਸੰਯੋਗ ਜਾਂ ਸੰਜੋਗ ਦੋ ਜਾਂ ਵੱਧ ਘਟਨਾਵਾਂ ਦਾ ਅਚਾਨਕ ਮੇਲ ਜਾਂ ਮੌਕਾ ਮੇਲ ਹੈ। ਯੋਗਦਾਨ ਦਾ ਅਰਥ ਹੈ ਕਿਸੇ ਆਪਣੇ ਵਲੋਂ ਕੀ ਜੋੜਿਆ ਹੈ? ਉਪਯੋਗ ਜਾਂ ਉਪਯੋਗੀ ਵਿਚ ਵੀ ਕਿਸੇ ਕੰਮ ਦੇ ਲਾਇਕ ਹੋਣ ਦੇ ਭਾਵ ਹਨ। ਕਿਸੇ ਨੂੰ ਕਾਸੇ ਦੇ ਯੋਗ ਸਮਝਦੇ ਹੋਏ ਅਜ਼ਮਾਉਣ ਦੇ ਭਾਵ ਲਈ ਪ੍ਰਯੋਗ ਸ਼ਬਦ ਵਰਤਿਆ ਜਾਂਦਾ ਹੈ। ਵਿਯੋਗ ਉਹ ਅਵਸਥਾ ਹੈ ਜਿਸ ਵਿਚ ਯੋਗ ਨਸ਼ਟ ਹੋ ਗਿਆ ਜਾਂ ਕਰ ਦਿੱਤਾ ਗਿਆ ਹੋਵੇ। ਜ਼ਮਾਨਾ ਦੇ ਅਰਥਾਂ ਵਾਲਾ ਯੁੱਗ ਜਾਂ ਜੁੱਗ ਵੀ ਯੁੱਜ ਧਾਤੂ ਦਾ ਰਿਣੀ ਹੈ। ਯੁੱਗ ਢੇਰ ਸਾਰੇ ਸਮੇਂ ਦਾ ਜੋੜ ਹੀ ਹੈ।
ਪੰਜਾਬੀ ਸ਼ਬਦ ਜੁਗਾੜ ਦਾ ਅਰਥ ਹੁੰਦਾ ਹੈ, ਕਿਸੇ ਕੰਮ ਨੂੰ ਸਿਰੇ ਚਾੜ੍ਹਨ ਲਈ ਕੀਤਾ ਜਾਂਦਾ ਠੀਹਾ ਠੱਪਾ, ਆਰਜ਼ੀ ਪ੍ਰਬੰਧ, ਜੋੜ-ਤੋੜ ਆਦਿ। ਇਸ ਸ਼ਬਦ ਵਿਚ ਵੀ ਯੁਜ ਧਾਤੂ ਕੰਮ ਕਰ ਰਿਹਾ ਹੈ ਅਰਥਾਤ ਵਸੀਲਿਆਂ ਦਾ ਮੋਟਾ ਠੁੱਲਾ ਜਮ੍ਹਾਂ ਜੋੜ ਕਰ ਲਿਆ ਗਿਆ ਹੈ। ਜੁਗਾੜ ਕੋਈ ਐਸਾ ਯਾਂਤਰਿਕ ਢਾਂਚਾ ਵੀ ਹੋ ਸਕਦਾ ਹੈ ਜੋ ਕਿਸੇ ਕੰਮ ਨੂੰ ਸਾਰਨ ਲਈ ਹੱਥ ਲਗਦੇ ਵਸੀਲਿਆਂ ਤੋਂ ਬਣਾ ਲਿਆ ਗਿਆ ਹੋਵੇ। ਮਰੂਤਾ ਅਜਿਹਾ ਜੁਗਾੜ ਹੀ ਹੈ।
ਜੁੱਤੀ ਦੇ ਯਾਰ ਬੰਧੂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਕਾਫੀ ਗਿਣਤੀ ਵਿਚ ਮੌਜੂਦ ਹਨ। ਇਸ ਦਾ ਭਾਰੋਪੀ ਮੂਲ ੇeੁਗ ਕਲਪਿਆ ਗਿਆ ਹੈ ਜਿਸ ਵਿਚ ਜੋੜਨ, ਮੇਲਣ ਦੇ ਭਾਵ ਹਨ। ਸੰਸਕ੍ਰਿਤ ਧਾਤੂ ਯੁਜ ਦੇ ਵੀ ਏਹੀ ਅਰਥ ਹਨ। ਪੰਜਾਲੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੋਕe ਇਸੇ ਮੂਲ ਤੋਂ ਬਣਿਆ ਹੈ। ਇਸ ਨਾਲ ਦੋ ਪਸ਼ੂਆਂ ਨੂੰ ਜੋੜਿਆ ਹੀ ਜਾਂਦਾ ਹੈ। ਝੋਨਿ ਦਾ ਮਤਲਬ ਵੀ ਜੋੜਨਾ, ਸ਼ਾਮਿਲ ਹੋਣਾ ਆਦਿ ਹੀ ਹੁੰਦਾ ਹੈ। ਅੰਗਰੇਜ਼ੀ ਦੇ ਇਕ ਸ਼ਬਦ ਜੁਗੁਲਅਰ ਦਾ ਅਰਥ ਧੌਣ ਜਾਂ ਗਲੇ ਸਬੰਧੀ ਹੁੰਦਾ ਹੈ। ਇਹ ਸ਼ਬਦ ਆਖਰੀ ਤੌਰ ‘ਤੇ ਲਾਤੀਨੀ ਿਗੁਲਅਮ ਤੋਂ ਵਿਕਸਿਤ ਹੋਇਆ ਹੈ ਜਿਸ ਦਾ ਅਰਥ ਹੰਸਲੀ, ਗਲਾ, ਧੌਣ ਹੁੰਦਾ ਹੈ। ਗਲਾ ਸਿਰ ਤੇ ਧੜ ਨੂੰ ਜੋੜਨ ਵਾਲਾ ਹੀ ਹੈ। ਅੰਗਰੇਜ਼ੀ ਚੋਨਜੁਗਅਲ ਦਾ ਅਰਥ ਹੁੰਦਾ ਹੈ ਵਿਆਹ ਸਬੰਧੀ। ਵਿਆਹ ਦੋ ਜੀਆਂ ਦਾ ਜੋੜ ਹੀ ਹੁੰਦਾ ਹੈ। ਜੇ ਇਸ ਸ਼ਬਦ ਦਾ ਪੰਜਾਬੀ ਵਿਚ ਸ਼ਾਬਦਿਕ ਅਨੁਵਾਦ ਕਰੀਏ ਤਾਂ ਸੰਯੋਗ ਸ਼ਬਦ ਸਾਹਮਣੇ ਆਉਂਦਾ ਹੈ: ਚੋਨ= ਸੰ, ਜੁਗਅਲ=ਜੋਗ। ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਣੀ ਜੋੜੀ ਦਾ ਚੰਗਾ ਸੰਜੋਗ ਜੁੜਿਆ ਤਾਂ ਇਸ ਸ਼ਬਦ ਵਿਚ ਵੀ ਵਿਆਹ ਦਾ ਭਾਵ ਆ ਜਾਂਦਾ ਹੈ ਭਾਵੇਂ ਹੋਰ ਪਾਸੇ ਵੱਲ। ਜੁੰਡੀ (ਜੁੰਡੀ ਰਾਜ) ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਜੁਨਟਅ। ਅਜਿਹੇ ਰਾਜ ਵਿਚ ਆਮ ਤੌਰ ‘ਤੇ ਫੌਜੀ ਜੁੰਢਲੀ ਰਾਜ ਕਰਦੀ ਹੈ। ਇਹ ਸ਼ਬਦ ਸਪੇਨੀ ਤੋਂ ਅੰਗਰੇਜ਼ੀ ਵਿਚ ਗਿਆ ਜਿਥੇ ਇਸ ਦਾ ਅਰਥ ਸਭਾ, ਇਕੱਠ ਆਦਿ ਹੈ। ਸਪਸ਼ਟ ਹੈ ਇਨ੍ਹਾਂ ਸ਼ਬਦਾਂ ਵਿਚ ਜੁੜਨ ਦਾ ਭਾਵ ਹੈ। ਇਹ ਵੀ ਅੰਤਮ ਤੌਰ ‘ਤੇ ਲਾਤੀਨੀ ਸ਼ਬਦ ਿਨਚਟਅ ਤੋਂ ਹੀ ਵਿਕਸਤ ਹੋਇਆ ਹੈ ਜਿਸ ਦਾ ਅਰਥ ਜੁੜਨਾ ਹੁੰਦਾ ਹੈ। ਜੁਤੀ ਦੇ ਦੇਸ਼ ਵਿਦੇਸ਼ ਵਿਚ ਅਜੇ ਹੋਰ ਬਹੁਤ ਯਾਰ ਹਨ, ਸਮੇਂ ਸਮੇਂਂ ਸਿਰ ਉਨ੍ਹਾਂ ਦਾ ਜ਼ਿਕਰ ਹੁੰਦਾ ਰਹੇਗਾ।

Be the first to comment

Leave a Reply

Your email address will not be published.