ਬੇਰੁਜ਼ਗਾਰੀ ਦਾ ਰੋਣਾ: ਪ੍ਰੰਤੂ ਕਿਤੇ ਨਾਚ ਨਾ ਜਾਨੇ, ਆਂਗਨ ਟੇਢਾ ਵਾਲੀ ਗੱਲ ਤਾਂ ਨਹੀਂ!

ਫਰੀਦਾਬਾਦ ਰਹਿੰਦਿਆਂ ਰੈਫਰਿਜਰੇਟਰ ਫੈਕਟਰੀ ਵਿਚ ਨੌਕਰੀ ਦੌਰਾਨ ਆਪਣੀ ਰਿਟਾਇਰਮੈਂਟ ਤੋਂ 2 ਕੁ ਸਾਲ ਪਹਿਲਾਂ ਮੈਂ ਸੰਨ 2000 ਵਿਚ ਵਾਲੰਟੀਅਰੀ ਰਿਟਾਇਰਮੈਂਟ ਲੈ ਲਈ ਕਿਉਂਕਿ ਇਹ ਪੈਕੇਜ ਵਧੇਰੇ ਲਾਹੇਵੰਦ ਸੀ। ਹੋਮ ਮਨਿਸਟਰੀ ਦਾ ਬੂਟੀਕ ਦਾ ਕੰਮ ਵਧੀਆ ਚੱਲ ਰਿਹਾ ਸੀ ਸੋ ਉਸ ਦਾ ਹੱਥ ਵਟਾਉਣ ਲੱਗਾ। ਘਰ ਦੇ ਇੱਕ ਪੋਰਸ਼ਨ ਦਾ ਕਿਰਾਇਆ ਆਉਂਦਾ ਸੀ

ਸੋ ਘਰ ਖਰਚ ਠੀਕ-ਠਾਕ ਰਿੜ੍ਹਨ ਲੱਗਾ। ਕੁਝ ਹੋਰ ਆਮਦਨ ਅਤੇ ਰੁਝੇਵੇਂ ਲਈ ਮੈਂ ਬੱਚਿਆਂ ਨੂੰ ਟਿਯੂਸ਼ਨ ਪੜ੍ਹਾਉਣ ਦਾ ਮਨ ਬਣਾਇਆ। ਤਿੰਨ ਬੱਚਿਆਂ ਤੋਂ ਸ਼ੁਰੂ ਕਰ ਕੇ ਮੇਰੇ ਕੋਲ 15 ਕੁ ਬੱਚੇ ਹੋ ਗਏ ਜੋ ਚੌਥੀ ਤੋਂ ਨੌਂਵੀਂ ਜਮਾਤ ਤੱਕ ਦੇ ਸਨ ਜਿਸ ਦੇ ਮੈਂ ਤਿੰਨ ਬੈਚ ਬਣਾ ਲਏ। ਕੰਮ ਚੰਗਾ ਚੱਲ ਪਿਆ ਕਿਉਂਕਿ ਬੱਚੇ ਮੇਰੇ ਪੜ੍ਹਾਉਣ ਦੇ ਢੰਗ ਤੋਂ ਖੁਸ਼ ਸਨ। ਆਪਣੇ ਜਨਮ ਦਿਨ 14 ਨਵੰਬਰ ਨੂੰ ਮੈਂ ਬੱਚਿਆਂ ਨੂੰ ਚਾਹ ਪਾਣੀ ਦੀ ਪਾਰਟੀ ਦਿੰਦਾ ਜਿਸ ਦਾ ਬੱਚੇ ਅਨੰਦ ਲੈਂਦੇ ਮੇਰੇ ਨਾਲ ਦੋਸਤਾਨਾ ਹੋ ਖਾਸੇ ਘੁਲਮਿਲ ਗਏ। ਫਰੀਦਾਬਾਦ ਛੱਡ ਕੈਨੇਡਾ ਆਇਆਂ ਸਾਨੂੰ 20 ਕੁ ਸਾਲ ਹੋ ਗਏ ਹਨ ਪਰ ਬੱਚੇ ਮੈਨੂੰ ਮੇਰਾ ਜਨਮ ਦਿਨ ਵਿਸ਼ ਕਰਨਾ ਨਹੀਂ ਭੁੱਲਦੇ। ਵਰਣਨਯੋਗ ਗੱਲ ਇਹ ਹੈ ਕਿ ਇਸ ਵਕਫੇ ਦੌਰਾਨ ਤਕਰੀਬਨ ਸਾਰੇ ਬੱਚੇ ਅਗਲੇਰੀ ਉੱਚ ਵਿਦਿਆ ਹਾਸਲ ਕਰ ਚੰਗੇ ਪੈਕੇਜ ਵਾਲੀਆਂ ਨੌਕਰੀਆਂ ਹਾਸਲ ਕਰ ਚੁੱਕੇ ਹਨ ਅਤੇ ਕਿਸੇ ਵਿਚ ਵੀ ਬਾਹਰਲੇ ਮੁਲਕ ਜਾਣ ਦਾ ਕਰੇਜ਼ ਮੈਂ ਨਹੀਂ ਦੇਖਿਆ। ਉਸੇ ਦੌਰਾਨ ਇੱਕ ਨਾਲਾਇਕ ਬੱਚਾ ਵੀ ਮੇਰੇ ਸੰਪਰਕ ਵਿਚ ਆਇਆ। ਉਸ ਦੀ ਗਰੀਬੜੀ ਵਿਧਵਾ ਮਾਂ ਘਰਾਂ ਦਾ ਕੰਮ ਕਰ ਪੰਜਵੀਂ `ਚ ਪੜ੍ਹਦੇ ਆਪਣੇ ਪੁੱਤਰ ਨੂੰ ਪੜ੍ਹਾਉਣ ਦਾ ਉਪਰਾਲਾ ਕਰ ਰਹੀ ਸੀ ਪਰ ਉਹ ਪਤੰਦਰ ਜਮ੍ਹਾਂ ਹੀ ਪੜ੍ਹ ਕੇ ਰਾਜ਼ੀ ਨਹੀਂ ਸੀ। ਉਸ ਨੂੰ ਮੇਰੇ ਕੋਲ ਲਿਆਇਆ ਗਿਆ ਤੇ ਮੈਂ ਬਿਨਾ ਫੀਸ ਤੋਂ ਉਸ ਵੱਲ ਵਧੇਰੇ ਧਿਆਨ ਦੇ ਕੇ ਉਸ ਨੂੰ ਪਟਰੀ `ਤੇ ਲਿਆਉਣ ਦਾ ਯਤਨ ਕੀਤਾ ਪਰ ਨਤੀਜਾ ਸਿਫਰ ਰਿਹਾ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੀ ਮਾਂ ਨੇ ਉਸ ਨੂੰ ਕਿਸੇ ਵਾਕਫਕਾਰ ਦੀ ਜੁੱਤੀਆਂ ਦੀ ਦੁਕਾਨ `ਤੇ ਕੰਮ `ਤੇ ਲਗਵਾ ਦਿੱਤਾ ਸੀ। ਅੱਜ ਉਹ ਬੱਚਾ ਉਸ ਦੁਕਾਨ ਤੋਂ ਕੰਮ ਦਾ ਭੇਤ ਸਿੱਖ ਕੇ ਆਪਣੀ ਵੱਖਰੀ ਦੁਕਾਨ ਖੋਲ੍ਹ ਸੁਹਣਾ ਕੰਮ ਚਲਾ ਰਿਹਾ ਹੈ। ਉਸ ਦੀ ਮਾਂ ਕੋਲ ਏਜੰਟਾਂ ਨੂੰ ਦੇ ਕੇ ਉਸ ਨੂੰ ਬਾਹਰ ਭੇਜਣ ਲਈ ਚਾਲੀ ਲੱਖ ਤਾਂ ਕੀ ਚਾਲੀ ਹਜ਼ਾਰ ਵੀ ਨਹੀਂ ਸਨ ਅਤੇ ਨਾ ਸੀ ਵੇਚਣ ਲਈ ਜ਼ਮੀਨ। ਅੱਜ ਡਿਪੋਰਟੇਸ਼ਨ ਦੇ ਰੌਲੇ ਰੱਪੇ ਵਿਚ ਪੰਜਾਬ ਦੇ ਲੋਕਾਂ ਕੋਲ ਸਿਵਾਏ ਸਰਕਾਰਾਂ ਨੂੰ ਭੰਡਣ ਦੇ ਹੋਰ ਕੋਈ ਕੰਮ ਨਹੀਂ ਜਿਵੇਂ ਕਿ ਭਾਰਤ ਵਿਚ ਤਾਂ ਰੋਜ਼ਗਾਰ ਹੈ ਹੀ ਨਹੀਂ ਨਾ ਕੰਮ ਦੀ ਕਦਰ ਹੈ! ਕਿਰਤ ਦਾ ਮੁੱਲ ਹੀ ਨਹੀਂ ਪੈਂਦਾ। ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਆਦਿ। ਪੰਜਾਬ ਵਿਚ ਰਹਿੰਦਿਆਂ ਮੈਂ ਯੂ.ਪੀ, ਬਿਹਾਰ ਤੋਂ ਆਇਆਂ ਭਈਆਂ ਨੂੰ ਮੇਹਨਤ ਦੇ ਸਿਰ `ਤੇ ਆਪਣਾ ਕਾਰੋਬਾਰ ਜਮਾ ਕਾਮਯਾਬ ਹੁੰਦਿਆਂ ਦੇਖਿਆ ਹੈ। ਕਈਆਂ ਨੇ ਵੱਡੀਆਂ ਕੋਠੀਆਂ ਵੀ ਪਾ ਲਈਆਂ ਹਨ। ਗੱਲ ਇਵੇਂ ਹੈ ਕਿ ਵਿਦੇਸ਼ਾਂ ਵਿਚ ਬਾਹਰੋਂ ਆਏ ਨਾਲਾਇਕ ਅਤੇ ਲਾਇਕ ਦੋਵੇਂ ਤਰ੍ਹਾਂ ਦੇ ਲੋਕ ਖਪ ਜਾਂਦੇ ਹਨ ਜਦਕਿ ਭਾਰਤ ਵਿਚ ਕਾਮਯਾਬ ਹੋਣ ਲਈ ਲਿਆਕਤ ਜ਼ਰੂਰੀ ਹੈ ਭਾਵੇਂ ਉਹ ਸਿਖਿਆ ਦੇ ਖੇਤਰ ਵਿਚ ਹੋਵੇ ਭਾਵੇਂ ਵਪਾਰਕ ਯੋਗਤਾ। ਦੇਖਿਆ ਗਿਆ ਹੈ ਕਿ ਜੋ ਲੋਕ ਪੜ੍ਹਾਈ ਵਿਚ ਫਿਸੱਡੀ ਰਹਿ ਜਾਂਦੇ ਹਨ ਉਨ੍ਹਾਂ ਵਿਚ ਵਪਾਰਕ ਬੁੱਧੀ ਦਾ ਅੰਸ਼ ਜ਼ਰੂਰ ਹੁੰਦਾ ਹੈ ਜੇ ਉਹ ਇਸ ਨੂੰ ਵਰਤ ਕੇ ਮੇਹਨਤ ਦਾ ਰਾਹ ਚੁਣ ਲੈਣ। ਦੇਖਿਆ ਗਿਆ ਹੈ ਕਿ ਪੰਜਾਬ ਅੰਦਰ ਸਮਾਲ ਸਕੇਲ ਇੰਡਸਟਰੀ ਵਿਚ ਵੱਡੀ ਗਿਣਤੀ ਵਿਚ ਯੂ.ਪੀ, ਬਿਹਾਰ ਤੋਂ ਆਏ ਪਰਵਾਸੀ ਦਸ ਤੋਂ ਪੰਦਰਾਂ ਹਜ਼ਾਰ ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਸਾਡਿਆਂ ਦੇ ਇਹ ਮਾਮੂਲੀ ਤਨਖਾਹਾਂ ਵਾਲੀਆਂ ਨੌਕਰੀਆਂ ਨੱਕ ਥੱਲੇ ਨਹੀਂ ਕਿਉਂਕਿ “ਐਨੇ ਦੇ ਤਾਂ ਮਿੱਤਰਾਂ ਦੇ ਬੂਟ ਆਉਂਦੇ ਆ”। ਜੇਕਰ ਨਾ ਸਿਖਿਆ ਵਿਚ ਕੋਈ ਵੱਡੀ ਮੱਲ ਮਾਰੀ ਨਾ ਲਗਨ ਨਾਲ ਕਿਸੇ ਕੰਮ ਨੂੰ ਹੱਥ ਪਾਇਆ ਤਾਂ ਫੇਰ ਸਰਕਾਰਾਂ ਨਾਲ ਆਢਾ ਲਾ ਰੋਸ ਮੁਜ਼ਾਹਰਿਆਂ/ ਧਰਨਿਆਂ/ਸੜਕਾਂ ਜਾਮ ਕਰਨ ਤੋਂ ਸਿਵਾ ਹੋਰ ਕੋਈ ਕੰਮ ਕਰਨ ਦਾ ਬਦਲ ਰਹਿ ਨਹੀਂ ਜਾਂਦਾ। ਧੰਨਵਾਦ।
ਹਰਜੀਤ ਦਿਓਲ