ਗੁਲਜ਼ਾਰ ਸਿੰਘ ਸੰਧੂ
2025 ਦੇ ਮਾਰਚ ਮਹੀਨੇ ਦਾ ਆਰੰਭ ਬੜਾ ਸ਼ਗਨਾਂ ਵਾਲਾ ਸੀ| ਇਸ ਦੀ ਸ਼ੁਰੂਆਤ ਪੰਜਾਬ ਕਲਾ ਭਵਨ ਚੰਡੀਗੜ੍ਹ ਦੇ ਵਿਹੜੇ ਅੰਗਰੇਜ਼ੀ ਭਾਸ਼ਾ ਵਿਚ ਛਪੀ ਉਸ ਪੁਸਤਕ ਦੇ ਲੋਕ-ਅਰਪਣ ਨਾਲ ਹੋਈ ਜਿਸ ਵਿਚ ਮੁੱਢ ਕਦੀਮ ਤੋਂ ਅੱਜ ਤੱਕ ਦੇ ਮਾਨਵੀ ਸਰੋਕਾਰਾਂ ਦੀ ਪ੍ਰਤੀਨਿਧਤਾ ਸ਼ਾਮਲ ਹੈ| ਪੁਸਤਕ ਦਾ ਨਾਂ ‘ਹਿਊਮੈਨਿਸਟਿਕ ਕਨਸਰਨਜ਼ ਇਨ ਪੰਜਾਬੀ ਲਿਟਰੇਚਰ’ ਹੈ ਜਿਸਦਾ ਸੰਪਾਦਨ ਆਤਮਜੀਤ ਤੇ ਹਰਭਜਨ ਸਿੰਘ ਭਾਟੀਆ ਨੇ ਕੀਤਾ ਹੈ| ਪੰਜਾਬੀ ਸਾਹਿਤ ਤੇ ਸਭਿਆਚਾਰ ਵਿਚ ਸੰਪਾਦਕਾਂ ਦੀ ਦੇਣ ਨੂੰ ਇਸ ਕਾਲਮ ਦੇ ਪਾਠਕ ਭੁੱਲੇ ਹੋਏ ਨਹੀਂ| ਮੈਂ ਪੁਸਤਕ ਵਿਚ ਪਰੋਈਆਂ ਸਾਹਿਤਕ ਵੰਨਗੀਆਂ ਦੀ ਗੱਲ ਕਰਾਂਗਾ|
ਆਮ ਤੌਰ `ਤੇ ਪੰਜਾਬੀ ਸਾਹਿਤ ਦੀ ਗੱਲ ਬਾਬਾ ਫਰੀਦ ਦੇ ਸ਼ਲੋਕਾਂ ਅਤੇ ਸ਼ਾਹ ਹੁਸੈਨ, ਸੁਲਤਾਨ ਬਾਹੂ ਤੇ ਬੁਲ੍ਹੇ ਸ਼ਾਹ ਦੇ ਸੂਫ਼ੀ ਸਰੋਕਾਰਾਂ ਤੇ ਨਾਮਦੇਵ, ਧੰਨਾ ਤੇ ਪੀਪਾ ਦੀਆਂ ਭਗਤੀ ਭਾਵਨਾਵਾਂ ਦੀ ਗੱਲ ਕਰ ਕੇ ਅੱਗੇ ਤੋਰੀ ਜਾਂਦੀ ਹੈ| ਹਥਲੀ ਪੁਸਤਕ ਦੇ ਸੰਪਾਦਕਾਂ ਨੇ ਉਨ੍ਹਾਂ ਦੀ ਦੇਣ ਨੂੰ ਸਿਰ ਮੱਥੇ ਰੱਖਦਿਆਂ ਮਾਨਵੀ ਸਰੋਕਾਰਾਂ ਨੂੰ ਪਰਨਾਏ ਲੋਕਗੀਤਾਂ ਨੂੰ ਪਹਿਲ ਦੇ ਕੇ ਬਾਜ਼ੀ ਮਾਰੀ ਹੈ| ਏਥੇ ਬਾਬਲ ਦੀ ਸੱਜ ਵਿਆਹੀ ਧੀ ਸਹੁਰੇ ਘਰ ਜਾਣ ਤੋਂ ਕੰਨੀ ਕਤਰਾਉਂਦੀ ਹੋਈ ਮਾਪਿਆਂ ਦੇ ਘਰ ਵਾਲੇ ਦਰਵਾਜ਼ੇ ਨੂੰ ਸੌੜਾ ਕਹਿੰਦੀ ਹੈ ਤਾਂ ਉਸਦਾ ਬਾਬਲ ਆਪਣੀ ਧੀ ਨੂੰ ਵਰਾਉਣ ਵਾਲੀ ਰੋਕੂ ਬਣਨ ਵਾਲੀਆਂ ਇੱਟਾਂ ਨੂੰ ਉਖੇੜਨ ਦਾ ਵਚਨ ਦੇ ਕੇ ਉਸਨੂੰ ਸਹੁਰੇ ਘਰ ਜਾਣ ਲਈ ਪ੍ਰੇਰਦਾ ਹੈ| ਇਨ੍ਹਾਂ ਗੀਤਾਂ ਵਿਚ ਚਿੜੀਆਂ ਦਾ ਚੰਬਾ ਵੀ ਹੈ, ਗਲੀ-ਗਲੀ ਚੱਕਰ ਲਾਉਂਦਾ ਵਣਜਾਰਾ ਵੀ, ਸੰਦਲ ਦੇ ਰੁੱਖ ਉਹਲੇ ਖੜ੍ਹੀ ਮੁਟਿਆਰ ਦਾ ਵਾਸਤਾ ਤੇ ਸਾਉਣ ਦੇ ਮੌਸਮ ਦੀ ਮੰਗ ਵੀ| ਭਾਵ ਇਹ ਕਿ ਮਾਨਵੀ ਸਰੋਕਾਰਾਂ ਦੀਆਂ ਨੀਹਾਂ ਨੂੰ ਚੇਤੇ ਕਰਨ ਵਾਲੇ ਇਹ ਗੀਤ ਹੀ ਲਿਖਤੀ ਸਾਹਿਤ ਨੂੰ ਅੱਗੇ ਤੋਰਦੇ ਹਨ| ਸ਼ਹੀਦ ਭਗਤ ਸਿੰਘ ਦੀ ਘੋੜੀ ਸਮੇਤ| ਗੁਰੂ ਨਾਨਕ, ਗੁਰੂ ਅਰਜਨ ਦੇਵ, ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਤੇ ਵਾਰਿਸ ਸ਼ਾਹ ਵਰਗਿਆਂ ਦੇ ਕਿੱਸਾ-ਕਾਵਿ ਦੀਆਂ ਨੀਹਾਂ ਵਿਚ ਵੀ ਲੋਕ ਸਾਹਿਤ ਸਮੋਇਆ ਪਿਆ ਹੈ| ਉਂਝ ਸੰਪਾਦਕਾਂ ਨੇ ਹਾਸ਼ਮ ਸ਼ਾਹ ਤੇ ਸ਼ਾਹ ਮੁਹੰਮਦ ਨੂੰ ਵੀ ਘੱਟ ਮਾਣ ਨਹੀਂ ਦਿੱਤਾ|
ਏਥੇ ਵਰਤਮਾਨ ਕਵਿਤਾ ਵਿਚ ਭਾਈ ਵੀਰ ਸਿੰਘ, ਹੀਰਾ ਸਿੰਘ ਦਰਦ, ਬਾਬੂ ਰਜਬ ਅਲੀ, ਫਿਰੋਜ਼ ਦੀਨ ਸ਼ਰਫ, ਮੋਹਨ ਸਿੰਘ, ਦਾਮਨ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ ਤੇ ਤਾਰਾ ਸਿੰਘ ਕਾਮਲ (ਮੋਮਬੱਤੀਆਂ) ਹੀ ਨਹੀਂ ਮੀਸ਼ਾ, ਜਗਤਾਰ, ਹੁੰਦਲ, ਉਦਾਸੀ, ਪਾਤਰ, ਨੂਰ, ਫਖਰ ਜ਼ਮਾਂ, ਦੇਵ, ਝੱਜ, ਅਮਿਤੋਜ, ਨੀਰੂ ਅਸੀਮ, ਸਵੀ, ਜ਼ਫਰ ਤੇ ਸਾਬਿਰ ਅਲੀ ਸਾਬਿਰ ਵੀ ਸ਼ਾਮਲ ਹਨ|
ਏਸੇ ਤਰ੍ਹਾਂ ਗਲਪ ਦਾ ਭਾਗ ਨਾਨਕ ਸਿੰਘ, ਸੇਖੋਂ, ਕੰਵਲ, ਦੁੱਗਲ, ਵਿਰਕ, ਅਜੀਤ ਕੌਰ, ਟਿਵਾਣਾ, ਕਜ਼ਾਕ, ਬਲਦੇਵ ਸਿੰਘ, ਖਾਲਿਦ ਹੁਸੈਨ ਤੇ ਮਿੱਤਰ ਸੈਨ ਮੀਤ ਨੂੰ ਪ੍ਰਤੀਨਿਧਤਾ ਦਿੰਦਾ ਹੈ|
ਹਰਮਨ-ਪਿਆਰੀ ਵਿਧਾ ਨਾਟਕ ਵਿਚ ਈਸ਼ਵਰ ਚੰਦਰ ਨੰਦਾ, ਹਰਚਰਨ ਸਿੰਘ, ਗਾਰਗੀ, ਆਤਮਜੀਤ, ਸਵਰਾਜਬੀਰ ਤੇ ਕੇਵਲ ਧਾਲੀਵਾਲ ਅਤੇ ਵਾਰਤਕ ਲੇਖਕਾਂ ਵਿਚ ਤੇਜਾ ਸਿੰਘ, ਗੁਰਬਖਸ਼ ਸਿੰਘ, ਰੂਪ ਸਾਹਨੀ, ਗੁਰਦਿੱਤ ਸਿੰਘ, ਗੁਰਬਚਨ ਤੇ ਬਲਬੀਰ ਮਾਧੋਪੁਰੀ ਦੇ ਚੋਣਵੇਂ ਨਮੂਨੇ ਅੰਗਰੇਜ਼ੀ ਭਾਸ਼ਾ ਵਿਚ ਉਲਥਾਏ ਗਏ ਹਨ| ਇਹ ਉਲੱਥਾ ਉਪਰੋਕਤ ਲੇਖਕਾਂ ਦੀਆਂ ਰਚਨਾਵਾਂ ਤੋਂ ਬਿਨਾਂ ਹੋਰ ਵੀ ਅਨੇਕਾਂ ਮਹਾਰਥੀਆਂ ਦੇ ਨਮੂਨੇ ਪੇਸ਼ ਕਰਦਾ ਹੈ| ਇਹੋ ਜਿਹੇ ਵੱਡੇ ਕਾਰਜ ਵਿਚ ਸੁਰਿੰਦਰ ਗਿੱਲ (ਕਵੀ) ਤੇ ਗੁਰਦੇਵ ਸਿੰਘ ਰੁਪਾਣਾ ਵਰਗੇ ਕਹਾਣੀਕਾਰਾਂ ਦਾ ਰਹਿ ਜਾਣਾ ਕੋਈ ਊਣਤਾਈ ਨਹੀਂ|
ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਕਿਸੇ ਵੀ ਭਾਸ਼ਾ ਦਾ ਅੰਗਰੇਜ਼ੀ ਅਨੁਵਾਦ ਪ੍ਰਾਪਤ ਹੋਣਾ ਰਚਨਾਕਾਰ ਦੀ ਭਾਵਨਾ ਦਾ ਸਾਰੇ ਸੰਸਾਰ ਦੇ ਪੱਲੇ ਪੈਣਾ ਹੈ| ਇਹ ਇੱਕੋ ਇਕ ਭਾਸ਼ਾ ਹੈ ਜਿਹੜੀ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਚੁੱਕੀ ਹੈ| ਇਕ ਸਮਾਂ ਸੀ ਜਦੋਂ ਅੰਗਰੇਜ਼ਾਂ ਨੇ ਆਪਣੇ ਪੈਰ ਕਈ ਸਾਗਰਾਂ ਤੋਂ ਪਾਰ ਪਸਾਰ ਰੱਖੇ ਸਨ| ਉਹ ਜਿੱਥੇ ਵੀ ਗਏ ਉਨ੍ਹਾਂ ਨੇ ਸਥਾਨਕ ਵਸਨੀਕਾਂ ਨੂੰ ਆਪਣੇ ਅਧੀਨ ਕਰਨ ਲਈ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਤੋਂ ਜਾਣੂ ਕਰਵਾਇਆ|
ਅਖੰਡ ਹਿੰਦੁਸਤਾਨ ਉੱਤੇ ਅੰਗਰੇਜ਼ਾਂ ਨੇ ਹੀ ਰਾਜ ਨਹੀਂ ਕੀਤਾ ਉਨ੍ਹਾਂ ਤੋਂ ਪਹਿਲਾਂ ਦੋ ਸੌ ਸਾਲ ਮੁਗ਼ਲ ਵੀ ਕਾਬਜ਼ ਰਹੇ| ਨਤੀਜੇ ਵਜੋਂ ਏਥੋਂ ਦੇ ਸਮੁੱਚੇ ਵਸਨੀਕ ਆਪਣੀ ਮਾਂ ਬੋਲੀ ਤੋਂ ਬਿਨਾ ਉਰਦੂ ਤੇ ਅੰਗਰੇਜ਼ੀ ਵੀ ਪੜ੍ਹ ਗਏ| ਉਰਦੂ ਸਲੀਕਾ ਪ੍ਰਦਾਨ ਕਰਨ ਵਾਲੀ ਭਾਸ਼ਾ ਸੀ ਤੇ ਅੰਗਰੇਜ਼ੀ ਦ੍ਰਿਸ਼ਟੀ ਦਾ ਵਿਸਤਾਰ ਕਰਨ ਵਾਲੀ| ਆਤਮਜੀਤ ਤੇ ਹਰਭਜਨ ਸਿੰਘ ਭਾਟੀਆ ਨੇ ਅੰਗਰੇਜ਼ੀ ਦਾ ਮਹੱਤਵ ਪਛਾਣਿਆ ਤੇ ਆਪਣੀ ਮਾਂ ਬੋਲੀ ਵਿਚ ਦਰਸਾਈ ਗਈ ਭਾਵਨਾ ਤੇ ਧਾਰਨਾ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਉਣ ਦਾ ਹੰਭਲਾ ਮਾਰਿਆ ਹੈ|
ਅਨੁਵਾਦ ਦਾ ਕੰਮ ਏਨਾ ਸੌਖਾ ਨਹੀਂ ਸੀ| ਰਚਨਾਵਾਂ ਦੀ ਚੋਣ ਜਿੰਨਾ ਹੀ ਮੁਸ਼ਕਲ ਸੀ| ਇਹ ਸਿਹਰਾ ਵੀ ਸੰਪਾਦਕਾਂ ਦੇ ਸਿਰ ਬੱਝਦਾ ਹੈ ਕਿ ਉਨ੍ਹਾਂ ਨੇ ਵਿਵੇਕ ਸਚਦੇਵਾ, ਪੁਸ਼ਪਿੰਦਰ ਸਿਆਲ, ਸਵਰਾਜ ਰਾਜ ਤੇ ਮਾਧਵੀ ਕਟਾਰੀਆ ਨੂੰ ਲੱਭ ਕੇ ਇਹ ਕਾਰਜ ਵੀ ਬਾਖੂਬੀ ਨਿਭਾਇਆ ਹੈ| ਨਿਰਾ ਅਨੁਵਾਦ ਹੀ ਨਹੀਂ ਇਸ ਵਿਚ ਨਵਸਿਰਜੀ ਕਲਾਕਾਰੀ ਦਾ ਉਜਾਲਾ ਹੈ|
ਚੇਤੇ ਰਹੇ ਕਿ ਇਸ ਵਡਮੁੱਲੇ ਕਾਰਜ ਦੀ ਨੀਂਹ ਰੱਖਣ ਵਾਲਾ ਇਸ ਲੜੀ ਦਾ ਸੰਪਾਦਕ ਗਣੇਸ਼ ਅੰਨ ਦੇਵੀ ਹੈ| ਉਹ ਪੰਜਾਬੀ ਤੋਂ ਪਹਿਲਾਂ ਅਜਿਹਾ ਕਾਰਜ ਮਰਾਠੀ, ਕੰਨੜ, ਕੋਂਕਣੀ ਅਤੇ ਤੈਲਗੂ ਭਾਸ਼ਾ ਵਿਚ ਕਰ ਕੇ ਨਾਮਣਾ ਖੱਟ ਚੁੱਕਿਆ ਹੈ| ਉਪਰ ਵਾਲਾ ਉਸਨੂੰ ਲੰਮੀ ਉਮਰ ਬਖਸ਼ੇ ਤਾਂ ਕਿ ਉਹ ਇਹ ਕਾਰਜ ਬਾਕੀ ਦੀਆਂ ਭਾਰਤੀ ਭਾਸ਼ਾਵਾਂ ਵਿਚ ਵੀ ਨੇਪਰੇ ਚੜ੍ਹਾ ਸਕੇ| ਮੇਰੀ ਮਾਂ ਬੋਲੀ ਦੇ ਪਾਠਕ ਸੁਭਾਗੇ ਹਨ ਜਿਨ੍ਹਾਂ ਦੀ ਭਾਸ਼ਾ ਦੀਆਂ ਉੱਤਮ ਰਚਨਾਵਾਂ ਪਹਿਲੀਆਂ ਪੰਜ ਭਾਸ਼ਾਵਾਂ ਵਿਚ ਆ ਗਈਆਂ ਹਨ| ਇਸ ਲਈ ਇਸ ਪੋਥੀ ਦੇ ਸੰਪਾਦਕ ਹੀ ਨਹੀਂ ਅਨੁਵਾਦਕ ਵੀ ਸ਼ਲਾਘਾ ਦੇ ਹੱਕਦਾਰ ਹਨ|
ਜਿਥੋਂ ਤੱਕ ਛੋਟੀਆਂ-ਮੋਟੀਆਂ ਅਣਗਹਿਲੀਆਂ ਦਾ ਸਵਾਲ ਹੈ ਉਹ ਗੌਲਣਯੋਗ ਨਹੀਂ| ਪਾਇਦਾਰ ਨੀਹਾਂ ਰੱਖੀਆਂ ਗਈਆਂ ਹਨ ਤੇ ਨਵੀਆਂ ਉਸਾਰੀਆਂ ਹੁੰਦੀਆਂ ਰਹਿਣਗੀਆਂ| ਚੰਦ ਉੱਤੇ ਜਾਣ ਵਾਲੇ ਵੀ ਤਦ ਹੀ ਸਫਲ ਹੋਏ ਹਨ ਜੇ ਪੰਡਤ ਨਹਿਰੂ ਦੀ ਸਰਕਾਰ ਨੇ ਇੰਟਰਨੈਸ਼ਨਲ ਸਪੇਸ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ ਸੀ| ਵਰਤਮਾਨ ਸਰਕਾਰ ਦੇ ਸ਼ਾਸਕ ਜਿੰਨੀਆਂ ਮਰਜ਼ੀ ਛਾਤੀਆਂ ਫੈਲਾਅ ਕੇ ਗੱਲ ਕਰਨ, ਨੀਂਹ ਰੱਖਣ ਵਾਲਾ ਪੰਡਤ ਨਹਿਰੂ ਸੀ| ਸਾਡੇ ਸੰਪਾਦਕਾਂ ਨੇ ਉਹਦੇ ਵਰਗਾਂ ਕੰਮ ਕਰਕੇ ਮਾਲੀ ਮਾਰੀ ਹੈ|
ਅੰਤਿਕਾ
ਹਰਦਿਆਲ ਸਾਗਰ॥
ਤੁਸੀਂ ਘਰ ’ਚ ਬਹਿ ਕੇ ਜ਼ਿਕਰ ਜਦ ਕੀਤਾ ਸਮੁੰਦਰ ਦਾ,
ਸੀ ਹਉਕਾ ਤੋਰਿਆ ਨੁੱਕਰ ’ਚ ਬੈਠੇ ਯੋਗਿਆਂ ਉੱਪਰ|
ਤਮੰਨਾ ਹੈ ਕਿ ਬਣ ਮੁਸਕਾਨ ਹਰ ਪਲ ਖੇਡਦਾ ਹੋਵਾਂ,
ਮੈਂ ਮਾਵਾਂ ਨਾਲ ਲੱਗ ਕੇ ਘੂਕ ਸੁੱਤੇ ਬੱਚਿਆਂ ਉੱਪਰ|
ਹੈ ਨਕਲੀ ਧੁੱਪ, ਨਕਲੀ ਪੌਣ, ਨਕਲੀ ਜਲ ਤਾਂ ਕੀ ਹੋਇਆ,
ਅਸੀਂ ਫੁੱਲਦਾਰ ਬੂਟੇ ਵਾਹ ਲਵਾਂਗੇ ਗਮਲਿਆਂ ਉੱਪਰ|