ਸਫ਼ਲ ਕਾਰੋਬਾਰੀ ਦੀਪਿਕਾ ਪਾਦੂਕੋਨ

ਸਿਨੇਮਾ ਤੋਂ ਅੱਗੇ ਵਧ ਕੇ ਦੀਪਿਕਾ ਪਾਦੂਕੋਨ ਆਪਣੇ ਵਪਾਰ ਨੂੰ ਵੀ ਵਧੀਆ ਚਲਾ ਰਹੀ ਹੈ ਤੇ ਵਪਾਰਕ ਔਰਤ ਵਜੋਂ ਵੀ ਸਥਾਪਿਤ ਹੋ ਚੁੱਕੀ ਹੈ। ਸਮਾਜ ਦੀ ਪੁਰਾਣੀ ਸੋਚ ਨੂੰ ਤੋੜ ਕੇ ਭਾਰਤ ਦਾ ਨਾਂਅ ਰੌਸ਼ਨ ਕਰਨਾ ਉਸ ਦਾ ਮਕਸਦ ਹੈ, ਮੰਤਵ ਹੈ। ਦੁਨੀਆ ਦੇ ਮਸ਼ਹੂਰ ਮੈਗਜ਼ੀਨ ‘ਸੀਈਓ’ ਦੇ ਮੁੱਖ ਸਫ਼ੇ ‘ਤੇ ਉਸ ਦੀ ਤਸਵੀਰ ਛਪ ਰਹੀ ਹੈ।

ਦਰਅਸਲ ਦੀਪਿਕਾ ਖੁਦ ਇਕ ‘ਸੰਸਾਰਕ ਉਤਪਾਦ’ ਬਣ ਰਹੀ ਹੈ। ਦੀਪਿਕਾ ਦਾ ਕਹਿਣਾ ਹੈ ਕਿ ਜਨੂੰਨ, ਮਿਹਨਤ ਤੇ ਵਧੀਆ ਕਾਰਗੁਜ਼ਾਰੀ ਦੇਣ ਦੀ ਲਗਨ ਹੀ ਇਨਸਾਨ ਨੂੰ ਮਜ਼ਬੂਤ ਬਣਾਉਂਦੀ ਹੈ, ਚਾਹੇ ਉਹ ਇੰਡਸਟਰੀ ਹੋਵੇ ਜਾਂ ਵਪਾਰ ਦੀ ਦੁਨੀਆ। ਦੀਪੀ ਦੀ ਆਪਣੀ ਇਕ ‘ਟੈਗਲਾਈਨ’ ਹੈ। ਭਾਰਤੀ ਅਭਿਨੇਤਰੀ ਜਿਹੜੀ ਹੱਦਾਂ ਤੋੜ ਰਹੀ ਹੈ ਤੇ ਇਕ ਸੰਸਾਰਕ ਉਤਪਾਦ ਬਣ ਰਹੀ ਹੈ, ਉਹ ਤਾਂ ਇਕ ਪ੍ਰੇਰਨਾ ਬਣ ਗਈ ਹੈ। ਅਨੁਸ਼ਾਸਨ, ਸਮਰਪਣ, ਮਜ਼ਬੂਤ ਇਰਾਦਾ ਤੇ ਸਬਰ ਇਹ ਚੀਜ਼ਾਂ ਨੇ ਉਸ ਨੂੰ ਇੰਡਸਟਰੀ ਤੇ ਵਪਾਰ ‘ਚ ਕਾਮਯਾਬੀ ਦਿਵਾਈ ਹੈ। ਦੀਪੀ ਆਖਦੀ ਹੈ ਕਿ ਤੇਜ਼ ਦੌੜਦੀ ਦੁਨੀਆ ‘ਚ ਹਰ ਕਿਸੇ ਨੂੰ ਸਭ ਕੁਝ ਝਟਪਟ ਤੇ ਤੁਰੰਤ ਚਾਹੀਦਾ ਹੈ ਭਾਵ ਹਰ ਚੀਜ਼ ਫਟਾਫਟ ਮਿਲ ਜਾਵੇ। ਇੰਤਜ਼ਾਰ ਨਾ ਕਰਨਾ ਪਵੇ ਤੇ ਬਿਨ ਸਬਰ ਦੇ ਸਭ ਕੁਝ ਮਿਲ ਜਾਵੇ, ਲੋਕ ਇਹੀ ਸੋਚਦੇ ਹਨ। ਵੈਸੇ ਦੀਪੀ ਨੇ ਆਪਣੀ ਵਪਾਰਕ ਜ਼ਿੰਦਗੀ ਤੇ ਫ਼ਿਲਮੀ ਕਰੀਅਰ ‘ਚ ਸੰਤੁਲਨ ਬਣਾਇਆ ਹੋਇਆ ਹੈ। ਫ਼ਿਲਮਾਂ ਤਾਂ ਅਹਿਮ ਹਨ ਕਿਉਂਕਿ ਉਸਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਫਿਲਮਾਂ ਦੀ ਬਦੌਲਤ ਹੀ ਹੋਇਆ ਹੈ। ਦਿਮਾਗੀ ਤੰਦਰੁਸਤੀ ਨੂੰ ਲੈ ਕੇ ਉਹ ਜਾਗਰੂਕਤਾ ਲੋਕਾਂ ‘ਚ ਭਰ ਰਹੀ ਹੈ।
‘ਲਾਈਫ ਲਵ ਲਾਫ਼ ਫਾਊਂਡੇਸ਼ਨ’ ਦੀ ਉਸ ਨੇ ਸਥਾਪਨਾ ਕੀਤੀ ਹੈ। ਦੀਪਿਕਾ ਨੇ ਆਪਣੀ ਭੈਣ ਅਨੀਸ਼ਾ ਪਾਦੂਕੋਨ ਨੂੰ ਵੀ ਆਪਣੇ ਦਿਮਾਗ ਦੀ ਤੰਦਰੁਸਤੀ ਪ੍ਰੋਗਰਾਮ ‘ਚ ਸ਼ਾਮਿਲ ਕਰਕੇ ਇਸ ਨੇਕ ਕੰਮ ਦੀ ਵਾਗਡੋਰ ਉਸ ਨੂੰ ਸੌਂਪ ਦਿੱਤੀ ਹੈ। ਭਾਰਤੀ ਡਿਜ਼ਾਈਨਰ ਸਬਿਆਸਾਚੀ ਦੇ ਪ੍ਰੋਗਰਾਮ ਤੋਂ ਇਲਾਵਾ ਉਸ ਨੇ ਦੁਬਈ ਦੇ ‘ਐਨੀਵਰਸੀ ਕਾਰਟੀਅਰ ਸਿਲਵਰ ਜੁਬਲੀ’ ‘ਚ ਵੀ ਭਾਗ ਲਿਆ। ਇਧਰ ਹਿਮੇਸ਼ ਰੇਸ਼ਮੀਆ ਦਾ ਕਹਿਣਾ ਹੈ ਕਿ ‘ਓਮ ਸ਼ਾਂਤੀ ਓਮ’ ਤਾਂ ਬਾਅਦ ‘ਚ ਆਈ, ਉਨ੍ਹਾਂ ਨੂੰ ਮਾਣ ਹੈ ਕਿ ‘ਨਾਮ ਹੈ ਤੇਰਾ’ ਸੰਗੀਤ ਵੀਡੀਓ ਨਾਲ ਪਹਿਲਾ ਮੌਕਾ ਦੀਪਿਕਾ ਪਾਦੂਕੋਨ ਨੂੰ ਉਸ ਨੇ ਹੀ ਦਿੱਤਾ ਸੀ। ਹੈਰਾਨੀ ਭਰੀ ਗੱਲ ਇਹ ਹੈ ਕਿ ਸ਼ਾਹਰੁਖ ਤੇ ਸਲਮਾਨ ਨੇ ਵੀ ਓਨੀ ਕਮਾਈ ਨਹੀਂ ਕੀਤੀ, ਜਿੰਨੀ ਦੀਪਿਕਾ ਨੇ ਕੀਤੀ ਹੈ। 10 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਅੰਕੜਾ ਪਾਰ ਕਰਕੇ ਦੀਪੀ ਬੀ-ਟਾਊਨ ਦੇ ਸਾਰੇ ਮਰਦ ਤੇ ਔਰਤ ਕਲਾਕਾਰਾਂ ਨੂੰ ਕਿਤੇ ਪਿੱਛੇ ਛੱਡ ਗਈ ਹੈ। ਇਹ ਅੰਕੜਾ ਉਸ ਦੀਆਂ ਫ਼ਿਲਮਾਂ ਦੀ ਕਮਾਈ ਦਾ ਹੈ। ‘ਕਲਕੀ 2898 ਏ.ਡੀ. ਤੋਂ ਬਾਅਦ ਬੇਟੀ ਦੁਆ ਨਾਲ ਰੁਝੀ ਰਹਿਣ ਵਾਲੀ ਦੀਪਿਕਾ ਫਿਲਹਾਲ ਫ਼ਿਲਮਾਂ ਕਰਨ ਲਈ ਤਿਆਰ ਹੋ ਰਹੀ ਹੈ।