ਤਾਲੋਂ ਖੁੱਥੀ ਡੂਮਣੀ…

ਪੰਜਾਬੀ ਦੀ ਮਸ਼ਹੂਰ ਕਹਾਵਤ ਹੈ-“ਤਾਲੋਂ ਖੁੱਥੀ ਡੂਮਣੀ ਗਾਵੇ ਆਲ ਪਤਾਲ” ਅੱਜ-ਕੱਲ੍ਹ ਸ਼ਰੋਮਣੀ ਅਕਾਲੀ ਦਲ ਦੀ ਸਥਿਤੀ ਇਸ ਕਹਾਵਤ ਵਰਗੀ ਹੀ ਹੈ।
ਪੰਥਕ ਸਫ਼ਾਂ ਵਿਚੋਂ ਉੱਠ ਰਹੇ ਵੱਡੇ ਵਿਰੋਧ ਦੇ ਬਾਵਜੂਦ ਦੋ ਦਸੰਬਰ ਦੇ ਹੁਕਮਨਾਮੇ ਤੋਂ ਬੇਮੁੱਖ ਹੋ ਕੇ ਨਵੀਂ ਮੈਂਬਰਸ਼ਿਪ ਦੀ ਭਰਤੀ ਕਰਨਾ, ਜਥੇਦਾਰ ਸਾਹਿਬਾਨ ਨੂੰ ਹਟਾਉਣਾ ਅਤੇ ਸਿੱਖ ਰਵਾਇਤ, ਪਰੰਪਰਾ ਅਤੇ ਮਰਯਾਦਾ ਤੋਂ ਬੇਪਰਵਾਹ ਹੋ ਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਦਿੱਤੇ ਗਏ ਸਮੇਂ ਤੋਂ ਲਗਭਗ ਸੱਤ ਘੰਟੇ ਪਹਿਲਾਂ ਹੀ ਨਵੇਂ ਸਿੰਘ ਸਾਹਿਬ ਦੀ ਤਾਜਪੋਸ਼ੀ ਕਰਨਾ, ਪੰਥਕ ਸਿਆਸਤ ਨੂੰ ਹੋਰ ਡੂੰਘੇ ਸੰਕਟ ਵਿਚ ਧਕੇਲਦਾ ਦਿਸਦਾ ਹੈ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਅਹੁਦਾ ਸੰਭਾਲ ਲਿਆ ਗਿਆ ਹੈ।
ਸ਼ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਪਿਛਲੇ ਦਿਨੀਂ ਇਕ ਵੱਡਾ ਫੈਸਲਾ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਗਿਆ ਸੀ। ਇਸ ਐਲਾਨ ਉਪੰਰਤ ਬਿਕਰਮ ਸਿੰਘ ਮਜੀਠੀਆ ਅਤੇ ਸਾਥੀਆਂ ਸਮੇਤ, ਬਹੁਤ ਸਾਰੇ ਹੋਰ ਪੰਥਕ ਅਤੇ ਸੁਧਾਰ ਲਹਿਰ ਦੇ ਆਗੂਆਂ ਵਲੋਂ ਵਿਰੋਧ ਜਤਾਉਣ ਨਾਲ ਅਕਾਲੀ ਦਲ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਸਮੇਂ ਚਾਹੇ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ (ਬ) ਹੀ ਨਹੀਂ ਵਿਚਰ ਰਿਹਾ ਸਗੋਂ ਹੋਰ ਵੀ ਵੱਖਰੇ ਦਰਜਨ ਭਰ ਅਕਾਲੀ ਦਲ ਆਪੋ-ਆਪਣੇ ਪੱਧਰ ‘ਤੇ ਸਰਗਰਮ ਹਨ, ਪਰ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ (ਬ) ਦੇ ਸਿੱਖ ਪੰਥ ਵਿਚ ਵਧੇਰੇ ਭਾਰੂ ਰਹਿਣ ਕਰਕੇ ਇਸ ਦਾ ਨਾਂਅ ਪਹਿਲੇ ਨੰਬਰ ‘ਤੇ ਆਉਂਦਾ ਹੈ। ਸਮੇਂ-ਸਮੇਂ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਕਈ ਹੋਰ ਆਗੂਆਂ ਨੇ ਆਪੋ-ਆਪਣੀਆਂ ਪਾਰਟੀਆਂ ਬਣਾ ਕੇ ਵਿਚਰਨ ਦਾ ਯਤਨ ਕੀਤਾ ਸੀ, ਪਰ ਅਖੀਰ ਇਸ ਮੁੱਖ ਵੱਡੇ ਦਲ ਵਿਚ ਹੀ ਬਹੁਤਿਆਂ ਦਾ ਰਲੇਵਾਂ ਹੁੰਦਾ ਰਿਹਾ। ਪਰ ਇਸ ਦੇ ਬਾਵਜੂਦ ਇਸ ਵਿਚ ਲਗਾਤਾਰ ਵਿਰੋਧ ਦੀਆਂ ਸੁਰਾਂ ਵੀ ਉੱਭਰਦੀਆਂ ਰਹੀਆਂ ਹਨ।
ਸੌ ਸਾਲ ਤੋਂ ਵੀ ਵਧੇਰੇ ਪੁਰਾਣੀ ਇਸ ਪਾਰਟੀ ਦੀ ਸਥਾਪਨਾ 1920 ਵਿਚ ਹੋਈ ਸੀ। ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਸੀ। ਬਾਅਦ ਵਿਚ ਬਣਿਆ ਅਕਾਲੀ ਦਲ ਇਸ ਲਹਿਰ ਦਾ ਹਰਾਵਲ ਦਸਤਾ ਸੀ, ਜੋ ਸਮੇਂ ਦੇ ਬੀਤਣ ਨਾਲ ਪ੍ਰੌੜ੍ਹ ਹੁੰਦਾ ਗਿਆ। ਅਕਾਲੀ ਦਲ ਨੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਸੰਤ ਫ਼ਤਿਹ ਸਿੰਘ, ਸੰਤ ਹਰਚਰਨ ਸਿੰਘ ਲੌਂਗੋਵਾਲ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਆਗੂਆਂ ਦਾ ਉਭਾਰ ਵੀ ਦੇਖਿਆ। ਵਿਸ਼ੇਸ਼ ਤੌਰ ‘ਤੇ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਦਾ ਵੱਡਾ ਪ੍ਰਭਾਵ ਬਣਿਆ ਰਿਹਾ, ਜੋ ਸਾਲ 1966 ਵਿਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਹੋਰ ਵੀ ਵਧ ਗਿਆ। ਪੰਜਾਬ ਵਿਚ ਲਗਭਗ ਸੱਤ ਵਾਰ ਇਸ ਦੀਆਂ ਸਰਕਾਰਾਂ ਬਣੀਆਂ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ।
ਸਮੇਂ ਦੇ ਬੀਤਣ ਨਾਲ ਅਕਾਲੀ ਦਲ ਦੇ ਖਾਸੇ ਵਿਚ ਵੀ ਤਬਦੀਲੀ ਆਉਂਦੀ ਗਈ। ਇਸ ਨੂੰ ਇਕ ਭਾਈਚਾਰੇ ਦੀ ਪਾਰਟੀ ਤੋਂ ਅੱਗੇ ਪੰਜਾਬੀਅਤ ਨੂੰ ਪ੍ਰਣਾਏ ਲੋਕਾਂ ਦੀ ਪਾਰਟੀ ਵਿਚ ਬਦਲ ਦਿੱਤਾ ਗਿਆ। ਇਸ ਤੋਂ ਹਮੇਸ਼ਾ ਇਹ ਆਸ ਰੱਖੀ ਜਾਂਦੀ ਰਹੀ ਕਿ ਇਹ ਪੰਥ ਤੇ ਪੰਜਾਬ ਦੇ ਹੱਕਾਂ ਤੇ ਹਿਤਾਂ ਦੀ ਡਟ ਕੇ ਪਹਿਰੇਦਾਰੀ ਕਰੇਗੀ ਅਤੇ ਕੇਂਦਰੀ ਸਰਕਾਰਾਂ ਸਾਹਮਣੇ ਪੰਜਾਬ ਦਾ ਪੱਖ ਪ੍ਰੌੜ੍ਹਤਾ ਅਤੇ ਧੜੱਲੇ ਨਾਲ ਰੱਖਦੀ ਰਹੇਗੀ।
ਲੰਮੇ ਸਮੇਂ ਤਕ ਪ੍ਰਸ਼ਾਸਨਿਕ ਵਾਗਡੋਰ ਸੰਭਾਲਦਿਆਂ ਤਤਕਾਲੀ ਸਰਕਾਰਾਂ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਸਿਆਸੀ ਦਲਾਂ ਦੇ ਕੰਮਕਾਜ ਵਿਚ ਅਨੇਕਾਂ ਊਣਤਾਈਆਂ ਵੀ ਆ ਜਾਂਦੀਆਂ ਹਨ। ਅਜਿਹਾ ਕਰਦਿਆਂ ਉਹ ਕਈ ਵਾਰ ਆਪਣੀ ਪਹਿਰੇਦਾਰੀ ਤੋਂ ਵੀ ਖੁੰਝ ਜਾਂਦੀਆਂ ਹਨ।
ਅਕਾਲੀ-ਭਾਜਪਾ ਸਰਕਾਰਾਂ ਸਮੇਂ ਵੀ ਕਈ ਵਾਰ ਅਜਿਹਾ ਕੁਝ ਵਾਪਰਿਆ। ਖ਼ਾਸ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲਿਆਂ ਨੂੰ ਤਰਜੀਹੀ ਆਧਾਰ ‘ਤੇ ਨਿਪਟਾਉਣ ਦੀ, ਜੋ ਆਸ ਸਰਕਾਰ ਤੋਂ ਰੱਖੀ ਜਾਂਦੀ ਸੀ ਉਹ ਪੂਰੀ ਨਾ ਹੋ ਸਕੀ। ਇਕ ਡੇਰੇ ਦੇ ਮੁਖੀ ਨੂੰ ਸਿੰਘ ਸਾਹਿਬਾਨ ਰਾਹੀਂ ਮੁਆਫ਼ੀ ਦੁਆਉਣ ਨਾਲ ਵੀ ਮਾਮਲਾ ਉਲਝਿਆ। ਇਸ ਨੇ ਖ਼ਾਸ ਤੌਰ ‘ਤੇ ਸਿੱਖ ਮਨਾਂ ਵਿਚ ਵੱਡੀ ਨਿਰਾਸ਼ਾ ਪੈਦਾ ਕੀਤੀ। ਪੰਜਾਬ ਸਾਹਮਣੇ ਅਨੇਕਾਂ ਮਸਲੇ ਅਜਿਹੇ ਉੱਠਦੇ ਰਹੇ, ਜਿਨ੍ਹਾਂ ਦੇ ਹੱਲ ਦੀ ਆਸ ਪਾਰਟੀ ਤੋਂ ਕੀਤੀ ਜਾਂਦੀ ਸੀ, ਜੋ ਪੂਰੀ ਨਾ ਹੋ ਸਕੀ। ਸੂਬੇ ਦੀ ਸਿਆਸਤ ਵਿਚ ਆਈਆਂ ਵੱਡੀਆਂ ਤਬਦੀਲੀਆਂ ਕਰਕੇ ਅਤੇ ਅਨੇਕਾਂ ਅੰਦਰੂਨੀ ਕਾਰਨਾਂ ਕਰਕੇ ਪਾਰਟੀ ਹੌਲੀ- ਹੌਲੀ ਖੁਰਦੀ ਰਹੀ, ਜਿਸ ਦੀ ਕਾਰਜ ਸ਼ੈਲੀ ਵਿਚ ਹਰ ਪੱਖ ਤੋਂ ਵੱਡੀਆਂ ਤਬਦੀਲੀਆਂ ਲਿਆਉਣ ਦੀ ਲੋੜ ਮਹਿਸੂਸ ਹੋਣ ਲੱਗੀ। ਜਿੰਨੀ ਇਨ੍ਹਾਂ ਤਬਦੀਲੀਆਂ ਦੀ ਲਗਾਤਾਰ ਮੰਗ ਉੱਠਦੀ ਰਹੀ, ਓਨਾ ਹੀ ਅਕਾਲੀ ਦਲ ਦਾ ਸੰਕਟ ਹੋਰ ਡੂੰਘਾ ਹੁੰਦਾ ਗਿਆ। ਬਾਗ਼ੀ ਹੋਏ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਕੀਤੀ ਜਿਸ ਨਾਲ ਮਾਮਲਾ ਸੁਲਝਣ ਦੀ ਬਜਾਏ ਸਗੋਂ ਹੋਰ ਉਲਝ ਗਿਆ। ਅੱਜ ਜਿਥੇ ਗੱਲ ਆ ਖੜ੍ਹੀ ਹੋਈ ਹੈ, ਉਸ ਨੇ ਚਿਰਾਂ ਤੋਂ ਸਥਾਪਿਤ ਪੰਥ ਦੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਸਿਆਸੀ ਖੇਤਰ ਤੋਂ ਬਾਅਦ ਧਾਰਮਿਕ ਖੇਤਰ ਵਿਚ ਵੀ ਸੰਕਟ ਹੋਰ ਵਧੇਰੇ ਡੂੰਘਾ ਹੋ ਗਿਆ ਹੈ। ਅੱਜ ਦੀ ਸਥਿਤੀ ਇਹ ਮੰਗ ਕਰਦੀ ਹੈ ਕਿ ਵੱਖ-ਵੱਖ ਧੜਿਆਂ ਵਿਚ ਵਿਚਰ ਰਹੇ ਅਕਾਲੀ ਆਗੂ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਕੁਰਬਾਨੀ ਤੇ ਤਿਆਗ ਦਾ ਸਬੂਤ ਦੇਣ। ਪੰਥ ਤੇ ਪੰਜਾਬ ਦੇ ਭਲੇ ਲਈ ਆਪਣੀਆਂ ਸਫ਼ਾਂ ਵਿਚ ਏਕਤਾ ਕਰਨ। ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਹੋਰ ਸਿਰਮੌਰ ਸੰਸਥਾਵਾਂ ਦਾ ਪਹਿਲਾਂ ਵਾਲਾ ਰੁਤਬਾ ਮੁੜ ਬਹਾਲ ਕੀਤਾ ਜਾਏ ਵਰਨਾ ਇਤਿਹਾਸ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ।
ਸਮਰਪਣ ਦੀ ਭਾਵਨਾ ਨਾਲ ਹੀ ਅਜਿਹਾ ਕੁੱਝ ਸੰਭਵ ਹੋ ਸਕਦਾ ਹੈ। ਜਾਤੀ ਹਿੱਤਾਂ ਤੋਂ ਉੱਪਰ ਉੱਠ ਕੇ ਜਮਾਤੀ ਹਿੱਤਾਂ ਦਾ ਫ਼ਿਕਰ ਹੀ, ਇਸ ਮਸਲੇ ਨੂੰ ਸੁਲਝਾਉਣ ਦੇ ਸਮਰੱਥ ਹੋਵੇਗਾ। ਅਜਿਹੀ ਹੀ ਆਸ ਅੱਜ ਵੀ ਅਕਾਲੀ ਆਗੂਆਂ ਤੋਂ ਕੀਤੀ ਜਾ ਰਹੀ ਹੈ। ਭਾਰੂ ਲੀਡਰਸ਼ਿਪ ਨੂੰ ਅੱਕੀਂ ਪਲਾਹੀਂ ਹੱਥ ਮਾਰਨ ਦੀ ਬਜਾਏ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ।