ਹੁਸ਼ਿਆਰ ਸਿੰਘ (ਆਪਣਾ ਅਰਸਤੂ) ਫ਼ਿਲਮ ਦੇ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਹਨ। ਮਸ਼ਹੂਰ ਗਾਇਕ ਸਤਿੰਦਰ ਸਰਤਾਜ, ਅਦਾਕਾਰਾ ਸਿੰਮੀ ਚਾਹਲ ਤੇ ਹੋਰ ਬਹੁਤ ਸਾਰੇ ਨਾਮਵਰ ਅਦਾਕਾਰ ਤੇ ਕਲਾਕਾਰ ਇਸ ਫਿਲਮ ‘ਚ ਸ਼ਾਮਿਲ ਹਨ। ਫਿਲਮ ਦੇ ਨਿਰਦੇਸ਼ਨ ‘ਚ ਬਹੁਤ ਸਾਰੀਆਂ ਕਮੀਆਂ ਹਨ, ਫਿਲਮ ਦੀ ਕਹਾਣੀ ਉੱਪਰ ਹੋਰ ਮਿਹਨਤ ਕਰਨ ਦੀ ਜ਼ਰੂਰਤ ਸੀ ਕਿਉਂਕਿ ਕਹਾਣੀ ਪੱਖੋਂ
ਫਿਲਮ ਪੱਛੜੀ ਨਜ਼ਰ ਆਉਂਦੀ ਹੈ। ਫਿਲਮ ‘ਚ ਗੀਤ, ਸੰਗੀਤ, ਸ਼ਾਇਰੀ ਬਹੁਤ ਉੱਚ ਦਰਜੇ ਦੀ ਹੈ ਪਰ ਬਹੁਤ ਸਾਰੇ ਵਿਅੰਗ ਸਿੱਖਿਆ ਸਿਸਟਮ ਉੱਪਰ ਢੁੱਕਵੇਂ ਹਨ। ਕਾਮੇਡੀ ਤੇ ਮਨੋਰੰਜਨ ਪੱਖ ਤੋਂ ਵੀ ਵਧੀਆ ਹੈ, ਨਾਲ ਹੀ ਕੁਝ ਗੰਭੀਰ ਮਸਲੇ ਵੀ ਉਘਾੜੇ ਗਏ ਹਨ। ਕੁਝ ਕੁ ਗੱਲਾਂ ਕਾਲਪਨਿਕ ਹਨ ਤੇ ਸੱਚਾਈ ਦੇ ਨਜ਼ਦੀਕ ਵੀ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਜ ਤੋਂ ਦਹਾਕਾ ਕੁ ਪਹਿਲਾਂ ਦੇ ਸਿਸਟਮ ਦੀ ਗੱਲ ਕੀਤੀ ਗਈ ਹੈ। ਉਹ ਕਮੀਆਂ ਜੋ ਪਹਿਲਾਂ ਸਨ ਤੇ ਅੱਜ ਵੀ ਹਨ। ਕੁਝ ਕੁ ਸਮੱਸਿਆਵਾਂ ਦਾ ਹੱਲ ਹੋ ਚੁੱਕਿਆ ਹੈ, ਪਰ ਬਹੁਤ ਸਾਰੀਆਂ ਅੱਜ ਵੀ ਜਿਉਂ ਦੀਆਂ ਤਿਉਂ ਹਨ। ਉੱਪਰ ਤੋਂ ਲੈ ਕੇ ਹੇਠਾਂ ਤਕ ਸਿੱਖਿਆ ਸਿਸਟਮ ਉੱਪਰ ਵਿਅੰਗ ਕੀਤਾ ਗਿਆ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਦੇ ਅਨਪੜ੍ਹ ਤੇ ਨਾਸਮਝ ਲੋਕਾਂ ‘ਤੇ ਵੀ ਵਿਅੰਗ ਕੀਤਾ। ਗਿਆ ਹੈ। ਫਿਲਮ ਦੇ ਡਾਇਲਾਗ ਕਮਾਲ ਦੇ ਹਨ। ਵੱਖ-ਵੱਖ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਉੱਚ ਦਰਜੇ ਦੀਆਂ ਅਤੇ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਗਈਆਂ ਹਨ। ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਕੀ ਫ਼ਰਕ ਹੈ ਤੇ ਇਹ ਫ਼ਰਕ ਕਿਉਂ ਹੈ? ਇਸ ਗੱਲ ਨੂੰ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਵਿਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀ ਸਿੱਖਿਆ ਬੱਚੇ ਦੇ ਕੰਮ ਹੀ ਨਹੀਂ ਆਉਂਦੀ, ਉਸ ਦਾ ਕੋਈ ਫ਼ਾਇਦਾ ਨਹੀਂ। ਉਹ ਸਿੱਖਿਆ ਵਿਅਰਥ ਹੈ, ਜੋ ਵਿਅਕਤੀ ਦੀ ਜ਼ਿੰਦਗੀ ‘ਚ ਕੰਮ ਨਾ ਆਵੇ। ਅਧਿਆਪਕ ਦੀ ਜ਼ਿੰਦਗੀ ਵੀ ਆਮ ਵਿਅਕਤੀਆਂ ਦੀ ਤਰ੍ਹਾਂ ਹੀ ਹੁੰਦੀ ਹੈ। ਉਹ ਵੀ ਸਮਾਜ ਦਾ ਅੰਗ ਹੁੰਦਾ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਧਿਆਪਕ ਬਹੁਤ ਜ਼ਿਆਦਾ ਆਦਰਸ਼ ਹੋਣਾ ਚਾਹੀਦਾ ਹੈ। ਇਹ ਸਹੀ ਵੀ ਹੈ ਪਰ ਸਮਾਜ ਕਿਸ ਤਰ੍ਹਾਂ ਦਾ ਹੈ, ਸਿਸਟਮ ਕਿਸ ਤਰ੍ਹਾਂ ਦਾ ਹੈ? ਉਸ ਵਿਚ ਆਦਰਸ਼ ਅਧਿਆਪਕ ਪਿਛਲੇ ਪਾਸੇ ਖੜ੍ਹਾ ਪਾਇਆ ਜਾਂਦਾ ਹੈ। ਆਦਰਸ਼ ਦੀ ਕੋਈ ਕਦਰ ਨਹੀਂ ਹੈ। ਮਹੱਤਵ ਹੈ ਰਾਜਨੀਤਕ ਪਹੁੰਚ ਦਾ। ਫਿਲਮ ਵਿਚ ਇੱਕ ਸ਼ਰਾਬੀ ਅਧਿਆਪਕ ਨੂੰ ਬੈਸਟ ਅਧਿਆਪਕ ਦਾ ਐਵਾਰਡ ਦੇਣਾ ਇਹੀ ਗਲ ਨੂੰ ਸਿੱਧ ਕਰਦਾ ਹੈ। ਸਰਕਾਰੀ ਅਧਿਆਪਕ ਨੂੰ ਵਾਧੂ ਜਾਂ ਛਾਲਤੂ ਕੰਮਾਂ ਵਿਚ ਉਲਝਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਆਪਣਾ ਸਮਾਂ ਬੱਚਿਆਂ ਨੂੰ ਸਮਰਪਿਤ ਨਹੀਂ ਕਰ ਪਾਉਂਦਾ। ਜਿਸ ਕਾਰਨ ਬੱਚੇ ਪਿੱਛੇ ਰਹਿ ਸਕਦੇ ਹਨ ਤੇ ਜਦੋਂ ਤਕ ਅਧਿਆਪਕ ਹੀ ਰੈਗੂਲਰ ਨਹੀਂ ਹੈ, ਤਾਂ ਬੱਚੇ ਕਿਸ ਤਰ੍ਹਾਂ ਰੈਗੂਲਰ ਹੋ ਸਕਦੇ ਹਨ। ਇਸ ਦੇ ਬਾਵਜੂਦ ਸਰਕਾਰੀ ਅਧਿਆਪਕ ਆਪਣੀ ਯੋਗਤਾ ਦਾ ਪੂਰਾ ਉਪਯੋਗ ਕਰਦਾ ਹੋਇਆ ਆਪਣੇ ਬੱਚਿਆਂ ਨੂੰ 100 ਫ਼ੀਸਦੀ ਸਮਰਪਿਤ ਕਰਨ ਦੀ ਕੋਸ਼ਿਸ਼ ਕਰੇ। ਇਹ ਫਿਲਮ ਵਿਚ ਦਰਸਾਇਆ ਗਿਆ ਹੈ ਕਿ ਜੇ ਉਹ ਕੋਸ਼ਿਸ਼ ਕਰੇ ਤਾਂ ਵੀ ਬੱਚਿਆਂ ਨੂੰ ਵਧੀਆ ਇਨਸਾਨ ਤੇ ਸਮਾਜ ਲਈ ਉਪਯੋਗੀ ਇਨਸਾਨ ਬਣਾ ਸਕਦਾ ਹੈ। ਇਸ ਫਿਲਮ ਵਿਚ ਅਧਿਆਪਕਾਂ ਨੂੰ ਮਨੋਵਿਗਿਆਨਿਕ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਧਿਆਪਕ ਬੱਚਿਆਂ ਨੂੰ ਰਵਾਇਤੀ ਤਰੀਕਿਆਂ ਨਾਲ ਨਾ ਪੜ੍ਹਾ ਕੇ ਮਨੋਵਿਗਿਆਨਿਕ ਤਰੀਕਿਆਂ ਨਾਲ ਪੜ੍ਹਾਵੇ। ਮਨੋਵਿਗਿਆਨ ਦੀ ਪੜ੍ਹਾਈ ਉਨ੍ਹਾਂ ਨੂੰ ਅਧਿਆਪਕ ਲੱਗਣ ਤੋਂ ਪਹਿਲਾਂ ਹੀ ਕਰਵਾ ਦਿੱਤੀ ਜਾਂਦੀ ਹੈ ਤੇ ਮਨੋਵਿਗਿਆਨ ਦਾ ਉਨ੍ਹਾਂ ਨੂੰ ਸੰਪੂਰਨ ਗਿਆਨ ਹੁੰਦਾ ਹੈ। ਫਿਲਮ ਦੇ ਆਖ਼ਰ ਵਿਚ ਅਧਿਆਪਕ ਦਾ ਗੁਆਚ ਜਾਣਾ ਇਹ ਸਿੱਧ ਕਰਦਾ ਹੈ ਕਿ ਸਮਾਜ ‘ਚ ਅਜਿਹੇ ਅਧਿਆਪਕਾਂ ਦੀ ਕਮੀ ਹੋ ਗਈ ਹੈ ਤੇ ਇਹ ਬਿਲਕੁਲ ਸੱਚ ਵੀ ਹੈ। ਅਜਿਹੇ ਅਧਿਆਪਕਾਂ ਦੀ ਕਮੀ ਲਈ ਜ਼ਿੰਮੇਵਾਰ ਕੌਣ ਹੈ? ਇਹ ਵਿਚਾਰਨਯੋਗ ਹੈ।