ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਭੂਮੀ ਵਿਚ ਇਕ ਦਹਾਕਾ ਪਹਿਲਾਂ ਸਥਾਪਤ ਹੋਈ ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸ਼ਜ ਨੇ ਬਹੁਤ ਥੋੜ੍ਹੇ ਸਮੇਂ ਵਿਚ ਚੰਗਾ ਨਾਂ ਬਣਾ ਲਿਆ ਹੈ। 21 ਤੋਂ 23 ਫਰਵਰੀ 2025 ਦੀ ਕੌਮੀ ਕਾਨਫਰੰਸ ਇਸ ਦਾ ਪ੍ਰਤੱਖ ਪ੍ਰਮਾਣ ਹੈ। ਪੰਜਾਬੀ ਅਧਿਐਨ, ਅਧਿਆਪਨ ਤੇ ਖੋਜ ਨੂੰ ਪ੍ਰਣਾਈ ਇਸ ਕਾਨਫਰੰਸ ਦੇ ਦਸ ਸੈਸ਼ਨਾਂ ਵਿਚ ਉੱਤਰੀ ਭਾਰਤ ਦੀਆਂ ਨੌਂ ਯੂਨੀਵਰਸਟੀਆਂ ਦਾ ਭਾਗ
ਲੈਣਾ ਇਸ ਵਿਸ਼ੇ ਦੀ ਤਤਕਾਲੀਨ ਗੰਭੀਰਤਾ ਉੱਤੇ ਮੋਹਰ ਲਾਉਂਦਾ ਹੈ। ਚੇਤੇ ਰਹੇ ਕਿ ਇਹ ਇੰਸਟੀਚਿਊਟ ਸਰਬਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰੱਸਟੀ ਐਸ.ਪੀ.ਐਸ ਓਬਰਾਏ ਦਾ ਸੁਪਨਾ ਹੈ ਜਿਸ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਭੂਮੀ ਵਿਚ ਸੰਨੀ ਓਬਰਾਏ ਵਿਵੇਕ ਸਦਨ ਉਸਾਰ ਕੇ ਇਸ ਭੂ-ਖੰਡ ਦੇ ਦੂਰ-ਦੁਰਾਡੇ ਖੇਤਰਾਂ ਦੀ ਸਮਾਜਕ ਤੇ ਸਭਿਆਚਾਰਕ ਤਬਦੀਲੀ ਵਿਚ ਸੁਧਾਰ ਤੋਂ ਬਿਨਾ ਮਾਂ ਬੋਲੀ ਦੇ ਪੜ੍ਹਨ-ਪੜ੍ਹਾਉਣ ਅਤੇ ਭਵਿੱਖ ਵੱਲ ਵੀ ਧਿਆਨ ਦਿੱਤਾ ਹੈ। ਚੰਗੀ ਗੱਲ ਇਹ ਹੈ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਵਿਚ ਇੰਸਟੀਚਿਊਟ ਦੀ ਡਾਇਰੈਕਟਰ ਡਾ. ਭੂਪਿੰਦਰ ਕੌਰ ਦੀ ਮਿਹਨਤ ਤੇ ਉੱਦਮ ਨੇ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ ਹੈ।
ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਭਾਸ਼ਣ ਵਿਚ ਸੁਚੇਤ ਕੀਤਾ ਕਿ ਜਦੋਂ ਤੱਕ ਅਸੀਂ ਸੰਸਾਰ ਦੇ ਅਕਾਦਮਿਕ ਵਰਤਾਰੇ ਨੂੰ ਨੀਝ ਨਾਲ ਵੇਖਦੇ ਹੋਏ ਆਪਣੇ ਅਧਿਐਨ ਤੇ ਅਧਿਆਪਨ ਦੀਆਂ ਵਿਧਾਵਾਂ ਵਿਚ ਤਬਦੀਲੀਆਂ ਨਹੀਂ ਕਰਾਂਗੇ ਤਦ ਤੱਕ ਅਸੀਂ ਕਿਸੇ ਨਿਸ਼ਚਿਤ ਨਿਸ਼ਾਨੇ ਵੱਲ ਸੇਧਤ ਨਹੀਂ ਹੋ ਸਕਾਂਗੇ| ਜੇਕਰ ਅਧਿਆਪਕ ਦੀ ਅਧਿਆਪਨ ਨਾਲ ਸਬੰਧਿਤ ਮੂਲ ਤੱਤਾਂ ‘ਤੇ ਪਕੜ ਨਹੀਂ ਤਾਂ ਉਹ ਵਿਦਿਆਰਥੀਆਂ ਨਾਲ ਕੀ ਇਨਸਾਫ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਲ ਇਥੋਂ ਤੱਕ ਹੀ ਸੀਮਿਤ ਹੁੰਦੀ ਤਾਂ ਅਧਿਆਪਕ ਨੂੰ ਰਿਫਰੈਸ਼ਰ ਕੋਰਸਾਂ ਦੇ ਮਾਧਿਅਮ ਰਾਹੀਂ ਜਾਗੂਰਕ ਕੀਤਾ ਜਾ ਸਕਦਾ ਸੀ ਪਰ ਜਦ ਵਿੱਦਿਆ ਦੇ ਖੇਤਰ ਨਾਲ ਜੁੜੀਆਂ ਸਰਕਾਰੀ ਏਜੰਸੀਆਂ ਹੀ ਬਿਖੜੇ ਰਸਤੇ ‘ਤੇ ਤੁਰ ਪੈਣ ਤਾਂ ਚੰਗੇ ਦੀ ਆਸ ਵੀ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਲਟੀ ਫੈਕਲਟੀਜ਼ ਦੇ ਇਸ ਸੁਰਾਂ ਵਿਚ ਜੇ ਤੁਸੀਂ ਹੋਰਨਾਂ ਭਾਸ਼ਾਵਾਂ ਦੇ ਗਿਆਨ, ਉਨ੍ਹਾਂ ਦੀ ਵਿਆਕਰਣ, ਲਿਪੀ, ਸੋਸ਼ਲ ਸਾਇੰਸਜ਼ ਤੋਂ ਜਾਣੂ ਨਹੀਂ ਤਾਂ ਆਪਣੇ ਖਿੱਤੇ ਦੇ ਭਾਗ ਨਹੀਂ ਬਦਲੇ ਜਾ ਸਕਦੇ ਹਨ|
ਡਾ. ਰਾਜ ਬਹਾਦਰ ਨੇ ਕਿਹਾ ਕਿ ਮਲਟੀ ਫੈਕਲਟੀ ਦੀ ਅਹਿਮੀਅਤ ਕੇਵਲ ਸੋਸ਼ਲ ਸਾਇੰਸਜ਼ ਜਾਂ ਭਾਸ਼ਾਵਾਂ ਤੱਕ ਹੀ ਸੀਮਿਤ ਨਹੀਂ| ਮੈਡੀਕਲ ਖੇਤਰ ਵਿਚ ਵੀ ਫੇਲ ਚੁੱਕੀ ਹੈ। ਮੈਡੀਕਲ ਕਿੱਤਾ ਭਾਸ਼ਾਵਾਂ ਦੇ ਗਿਆਨ ਤੋਂ ਬਿਨਾ ਕੰਮ ਹੀ ਕਿਵੇਂ ਕਰ ਸਕਦਾ ਹੈ|
ਦਿੱਲੀ, ਕੁਰੂਕਸ਼ੇਤਰ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਜੰਮੂ, ਧਰਮਸ਼ਾਲਾ ਤੇ ਚੰਡੀਗੜ੍ਹ ਸਥਿਤ ਯੂਨੀਵਰਸਿਟੀਆਂ ਨੂੰ ਇੱਕ ਮੰਚ ਉੱਤੇ ਬੁਲਾ ਕੇ ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜ ਦੇ ਭਵਿੱਖ ਮੁਖੀ ਮਸਲਿਆਂ ਦੀ ਖੋਜ ਪੜਤਾਲ ਕਰਨਾ ਕੋਈ ਸੌਖਾ ਕੰਮ ਨਹੀਂ ਸੀ| ਏੇਥੇ ਪੰਜਾਬੀ ਸਾਹਿਤ ਵਿਚ ਆ ਰਹੀਆਂ ਨਵੀਆਂ ਧਾਰਾਵਾਂ ਹੀ ਨਹੀਂ, ਵਿਚਾਰੀਆਂ ਗਈਆਂ| ਆਧੁਨਿਕ ਸਮਾਜ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਵੀ ਗੌਲੀ ਗਈ ਤੇ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਉੱਤੇ ਡਿਜੀਟਲ ਮੀਡੀਆ ਅਤੇ ਟੈਕਨਾਲੌਜੀ ਦੇ ਪ੍ਰਭਾਵ ਦਾ ਲੇਖਾ-ਜੋਖਾ ਵੀ ਕੀਤਾ ਗਿਆ|
ਇਸ ਸੈਸ਼ਨ ਦੇ ਮੁੱਖ ਮਹਿਮਾਨ ਅਤੇ ਵਿਵੇਕ ਸਦਨ ਦੇ ਚਾਂਸਲਰ ਡਾ. ਐੱਸ.ਪੀ. ਸਿੰਘ ਓਬਰਾਏ ਨੇ ਐਲਾਨ ਕੀਤਾ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਇੰਸਟੀਚਿਊਟ ਨੂੰ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕਰ ਚੁੱਕਾ ਹੈ ਤੇ ਇਸ ਖੇਤਰ ’ਚ ਵੱਡੇ ਤੋਂ ਲੰਮੇ ਤਜਰਬੇ ਵਾਲੇ ਪੋ੍ਰਫੈਸਰ ਉਹਦੇ ਨਾਲ ਹਨ| ਅਸੀਂ ਹਾਂ-ਪੱਖੀ ਨਤੀਜੇ ਕੱਢਣ ’ਚ ਅਹਿਮ ਰੋਲ ਅਦਾ ਕਰਾਂਗੇ ਇਹ ਮੇਰਾ ਭਰੋਸਾ ਹੈ।
ਕਾਨਫਰੰਸੀ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਦਿਆਂ, ਕੇਂਦਰ ਦੀ ਡਾਇਰੈਕਟਰ ਡਾ. ਭੂਪਿੰਦਰ ਕੌਰ ਨੇ ਤਿੰਨ ਦਿਨ ਦੀ ਕਾਰਗੁਜ਼ਾਰੀ ਪੇਸ਼ ਕੀਤੀ| ਉਨ੍ਹਾਂ ਕਿਹਾ ਇੱਕ ਦਿਨ ਇਹ ਕੇਂਦਰ ਕੌਮਾਂਤਰੀ ਪੱਧਰ ‘ਤੇ ਅਕਾਦਮਿਕ ਖੇਤਰ ’ਚ ਆਪਣਾ ਨਾਮ ਸਥਾਪਿਤ ਕਰ ਲਵੇਗਾ|
ਏੇਥੇ ਦਿੱਲੀ ਦੱਖਣ ਤੋਂ ਮਸਨੂਈ ਗਿਆਨ ਤੇ ਨਵੀਂ ਸੰਚਾਰ ਟੈਕਨਾਲੌਜੀ ਦਾ ਮਾਹਿਰ ਡਾ. ਰਵੇਲ ਸਿੰਘ ਹੀ ਨਹੀਂ ਪਟਿਆਲਾ ਦੀ ਸਾਹਿਤਕ ਜੋੜੀ ਡਾ. ਜਸਵਿੰਦਰ ਸਿੰਘ ਤੇ ਧਨਵੰਤ ਕੌਰ ਹੀ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਸਰਬਜਿੰਦਰ ਸਿੰਘ, ਸੁਰਿੰਦਰ ਸਿੰਘ, ਮਨਮੋਹਨ ਸਿੰਘ ਅਤੇ ਮਿਸਜ਼ ਤੇ ਮਿਸਟਰ ਗਿੱਲ ਪਹੁੰਚੇ ਹੋਏ ਸਨ| ਜਸਵਿੰਦਰ-ਧਨਵੰਤ ਜੋੜੀ ਨੂੰ ਇੰਸਟੀਚਿਊਟ ਦਾ ਮਾਹੌਲ ਤੇ ਅਧਿਆਪਨ – ਆਧਿਆਪਕ ਵਰਤ ਵਰਤਾਰੇ ਨੇ ਬੜਾ ਪ੍ਰਭਾਵਿਤ ਕੀਤਾ|
ਦੁਗਰੀ ਪਿੰਡ ਵਿਚ ਦਰਬਾਰ-ਏ-ਬਸੰਤ
ਮੋਬਾਈਲਾਂ ਉੱਤੇ ਹਸਦਾ-ਵਸਦਾ ਗਾਉਂਦਾ ਪੰਜਾਬ ਦਾ ਧੁਰਾ ਬਣਿਆ ਪਿੰਡ ਦੁਗਰੀ ਇੱਕ ਹੋਰ ਮਾਲੀ ਮਾਰ ਗਿਆ ਹੈ। ਏਸ ਵਾਰੀ ਉਸ ਪਿੰਡ ਦੇ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਨੇ ਆਪਣੇ ਬਸੰਤ ਰੁੱਤ ਦੇ ਸਮਾਗਮ ਨੂੰ ਦਰਬਾਰ-ਏ-ਬਸੰਤ ਦਾ ਨਾਂ ਦਿੱਤਾ ਹੈ। ਏਥੋਂ ਦੇ ਪ੍ਰਮੁੱਖ ਸੇਵਾਦਾਰ ਅਤੇ ਕਾਫਲਾ ਸਭਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੂਰ ਨੇ ਸ਼ਾਮ ਨੂੰ ਦੀਵਾਨ ਸਜਾ ਕੇ ਏੇਥੇ ਪ੍ਰਸਿੱਧ ਪੰਥਕ ਸ਼ਖਸੀਅਤਾਂ ਦੀ ਹਾਜ਼ਰੀ ਨਿਸ਼ਚਿਤ ਕਰਨ ਤੋਂ ਬਿਨਾ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੂੰ ਸਨਮਾਨਤ ਕਰ ਕੇ ਨਵੀਂ ਪਨੀਰੀ ਨੂੰ ਸਿਆਣਿਆਂ ਦੇ ਬਰਾਬਰ ਪੇਸ਼ ਕੀਤਾ ਹੈ। ਮੁਬਾਰਕਾਂ!
ਅੰਤਿਕਾ
ਹਰਦਿਆਲ ਸਾਗਰ॥
ਤੁਸੀਂ ਬੈਠਕ ’ਚ ਬਹਿ ਕੇ ਜ਼ਿਕਰ ਜਦ ਕੀਤਾ ਸਮੰਦਰ ਦਾ,
ਸੀ ਹਉੁਕਾ ਤੈਰਿਆ ਨੁੱਕਰ ’ਚ ਰੱਖੇ ਘੋਗਿਆਂ ਉੱਪਰ|
ਤਮੰਨਾ ਹੈ ਕਿ ਬਣ ਮੁਸਕਾਨ ਹਰ ਪਲ ਖੇਡਦਾ ਹੋਵਾਂ,
ਮੈਂ ਮਾਵਾਂ ਨਾਲ ਲੱਗ ਕੇ ਘੂਕ ਸੁੱਤੇ ਬੱਚਿਆਂ ਉੱਪਰ
ਹੈ ਨਕਲੀ ਧੁੱਪ, ਨਕਲੀ ਪੌਣ, ਨਕਲੀ ਜਲ ਤਾਂ ਕੀ ਹੋਇਆ,
ਅਸੀਂ ਫੁੱਲਦਾਰ ਬੂਟੇ ਵਾਹ ਲਵਾਂਗੇ, ਗਮਲਿਆਂ ਉੱਪਰ|