ਵਿਸ਼ਵ ਦੇ ਮਹਾਨ ਖਿਡਾਰੀ: ਏਸ਼ੀਆ ਦਾ ਉਡਣਾ ਦੌੜਾਕ ਅਬਦੁੱਲ ਖ਼ਾਲਿਕ

ਪ੍ਰਿੰ. ਸਰਵਣ ਸਿੰਘ
ਅਬਦੁੱਲ ਖ਼ਾਲਿਕ ਪਾਕਿਸਤਾਨ ਦਾ ਮਿਲਖਾ ਸਿੰਘ ਸੀ। ਦੋਹਾਂ ਦਾ ਜਨਮ ਅਣਵੰਡੇ ਪੰਜਾਬ ਵਿਚ ਹੋਇਆ ਸੀ। ਮਿਲਖਾ ਸਿੰਘ ਦਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਜੱLਫਰਗੜ੍ਹ ਵਿਚ ਤੇ ਅਬਦੁੱਲ ਖ਼ਾਲਿਕ ਦਾ ਜ਼ਿਲ੍ਹਾ ਚਕਵਾਲ `ਚ। 1947 ਵਿਚ ਦੇਸ਼ ਦੀ ਵੰਡ ਵੇਲੇ ਅਬਦੁੱਲ ਖ਼ਾਲਿਕ ਪਾਕਿਸਤਾਨ ਵਿਚ ਰਹਿ ਗਿਆ ਜਦਕਿ ਮਿਲਖਾ ਸਿੰਘ ਨੂੰ ਉੱਜੜ-ਪੁੱਜੜ ਕੇ ਭਾਰਤ ਆਉਣਾ ਪਿਆ।

ਜੁਆਨ ਹੋ ਕੇ ਦੋਵੇਂ ਭਾਰਤ-ਪਾਕਿ ਫੌਜਾਂ ਵਿਚ ਭਰਤੀ ਹੋਏ ਤੇ ਏਸ਼ੀਆ ਦੇ ਸਭ ਤੋਂ ਤੇਜ਼-ਤਰਾਰ ਦੌੜਾਕ ਬਣੇ। ਦੋਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ `ਤੇ ਦਰਜਨਾਂ ਮੈਡਲ ਜਿੱਤੇ ਤੇ ਦੋਹੇਂ ਏਸ਼ੀਆ ਦੇ ਬੈੱਸਟ ਅਥਲੀਟ ਰਹੇ। ਅਬਦੁੱਲ ਖ਼ਾਲਿਕ ਦਿੱਲੀ `ਚ ਦੌੜਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਸ ਨੂੰ ‘ਫਲਾਈਂਗ ਬਰਡ ਆਫ਼ ਏਸ਼ੀਆ’ ਕਹਿ ਕੇ ਵਡਿਆਇਆ। ਮਿਲਖਾ ਸਿੰਘ ਲਾਹੌਰ `ਚ ਦੌੜਿਆ ਤਾਂ ਪਾਕਿਸਤਾਨ ਦੇ ਸਦਰ ਅਯੂਬ ਖਾਂ ਨੇ ਉਸ ਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ।
ਅਬਦੁੱਲ ਖ਼ਾਲਿਕ ਪਾਕਿਸਤਾਨ ਦਾ ਪਹਿਲਾ ਅਥਲੀਟ ਸੀ ਜਿਸ ਨੇ ਪਾਕਿਸਤਾਨ ਦਾ ਨਾਂ ਏਸ਼ਿਆਈ ਖੇਡਾਂ `ਚ ਚਮਕਾਇਆ। ਉਸ ਨੇ 1954 ਤੇ 1958 ਦੀਆਂ ਏਸ਼ਿਆਈ ਖੇਡਾਂ `ਚੋਂ ਪੰਜ ਮੈਡਲ ਜਿੱਤੇ। 2 ਸੋਨੇ, 2 ਚਾਂਦੀ ਤੇ 1 ਕਾਂਸੀ ਦਾ। ਉਸ ਦੀ ਪ੍ਰਮੁੱਖ ਦੌੜ 100 ਮੀਟਰ ਸਪਾਟ ਦੌੜ ਸੀ। ਉਂਜ ਉਹ 200 ਮੀਟਰ ਦੌੜ ਦਾ ਵੀ ਨਾਮੀ ਦੌੜਾਕ ਸੀ। 1958 ਵਿਚ ਟੋਕੀਓ ਦੀਆਂ ਏਸ਼ਿਆਈ ਖੇਡਾਂ ਸਮੇਂ ਅਬਦੁੱਲ ਖ਼ਾਲਿਕ ਤੇ ਮਿਲਖਾ ਸਿੰਘ ਵਿਚਕਾਰ 200 ਮੀਟਰ ਦੀ ਦੌੜ ਬੇਹੱਦ ਚਰਚਾ ਦਾ ਵਿਸ਼ਾ ਬਣੀ ਸੀ। ਕੋਈ ਕਹਿੰਦਾ ਸੀ ਅਬਦੁੱਲ ਖ਼ਾਲਿਕ ਜਿੱਤੇਗਾ, ਕੋਈ ਮਿਲਖਾ ਸਿੰਘ। ਦਰਸ਼ਕਾਂ ਦੀਆਂ ਆਪਸ ਵਿਚ ਸ਼ਰਤਾਂ ਲੱਗ ਗਈਆਂ ਸਨ। 200 ਮੀਟਰ ਦੌੜ ਦੇ ਮੁਕਾਬਲੇ ਤੋਂ ਪਹਿਲਾਂ ਅਬਦੁੱਲ ਖ਼Lਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਉਨ੍ਹਾਂ `ਚੋਂ ਜਿਹੜਾ ਵੀ 200 ਮੀਟਰ ਦੀ ਦੌੜ ਜਿੱਤਦਾ ਉਸੇ ਨੇ ਏਸ਼ਿਆਈ ਖੇਡਾਂ ਦਾ ਬੈੱਸਟ ਅਥਲੀਟ ਬਣਨਾ ਸੀ।
ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਬਦੁੱਲ ਖ਼ਾਲਿਕ ਤੇ ਮਿਲਖਾ ਸਿੰਘ ਮੀਡੀਏ ਦੇ ਫੋਕਸ ਵਿਚ ਸਨ। ਜਦੋਂ ਉਹ ਟੋਕੀਓ ਖੇਡ ਪਿੰਡ `ਚ ਪਹੁੰਚੇ ਤਾਂ ਵਧੇਰੇ ਕੈਮਰੇ ਉਨ੍ਹਾਂ ਦੋਹਾਂ ਦੁਆਲੇ ਸਨ। ਅਬਦੁੱਲ ਖਾਲਿਕ ਤਜਰਬੇ ਪੱਖੋਂ ਪ੍ਰੌਢ ਸੀ। ਉਸ ਨੂੰ 100 ਮੀਟਰ ਦੌੜ ਜਿੱਤ ਲੈਣ ਪਿੱਛੋਂ 200 ਮੀਟਰ ਦੌੜ ਜਿੱਤ ਲੈਣ ਦਾ ਪੂਰਾ ਭਰੋਸਾ ਸੀ। ਉਸ ਨੇ ਖੇਡ ਪੱਤਰਕਾਰਾਂ ਨੂੰ ਇਥੋਂ ਤਕ ਕਹਿ ਦਿੱਤਾ ਸੀ ਕਿ ਇਸ ਬਚੂੰਗੜੇ ਨੇ ਮੇਰਾ ਮੁਕਾਬਲਾ ਕੀ ਕਰਨਾ? ਉਥੇ ਹੀ ਇਕ ਲੜਕੀ ਨੇ ਮਿਲਖਾ ਸਿੰਘ ਨੂੰ ਕਿਹਾ ਸੀ, “ਜੇ ਅੱਜ ਅਬਦੁੱਲ ਖਾਲਿਕ ਨੂੰ ਹਰਾ ਦੇਵੇਂ ਤਾਂ ਜੋ ਮੰਗੇਗਾਂ ਸੋ ਮਿਲੇਗਾ।”
ਮਿਲਖਾ ਸਿੰਘ ਦੇ ਦੱਸਣ ਮੂਜਬ ਟੋਕੀਓ `ਚ ਖ਼ਾਲਿਕ ਕੋਲ ਥੱਲਵੀਂ ਲੇਨ ਸੀ ਤੇ ਮੇਰੇ ਕੋਲ ਉਤਲੀ। ਕਰਵ `ਤੇ ਪਤਾ ਨਹੀਂ ਸੀ ਲੱਗਦਾ ਕਿਹੜਾ ਅੱਗੇ ਸੀ ਤੇ ਕਿਹੜਾ ਪਿੱਛੇ। ਸਟਰੇਟ `ਤੇ ਅਸੀਂ ਬਰਾਬਰ ਹੋ ਗਏ। ਸਟੇਡੀਅਮ `ਚ ਹੱਲਾਸ਼ੇਰੀ ਗੂੰਜ ਰਹੀ ਸੀ। ਫਿਨਿਸ਼ ਲਾਈਨ ਤੋਂ ਤਿੰਨ ਚਾਰ ਗਜ਼ ਪਿੱਛੇ ਮੇਰੀ ਸੱਜੀ ਲੱਤ ਦਾ ਮਸਲ ਖਿੱਚਿਆ ਗਿਆ ਜਿਸ ਨਾਲ ਮੇਰੀ ਸੱਜੀ ਲੱਤ ਖੱਬੀ `ਚ ਫਸ ਗਈ ਤੇ ਮੈਂ ਭੁੜਕ ਕੇ ਫਿਨਿਸ਼ ਲਾਈਨ ਉੱਤੇ ਜਾ ਡਿੱਗਾ। ਅਬਦੁੱਲ ਖ਼ਾਲਿਕ ਵੀ ਉਸੇ ਵਕਤ ਟੇਪ ਨੂੰ ਛੋਹਿਆ। ਨੰਗੀ ਅੱਖ ਨੂੰ ਪਤਾ ਨਹੀਂ ਸੀ ਲੱਗਾ ਕਿ ਦੌੜ `ਚ ਫਸਟ ਕੌਣ ਤੇ ਸੈਕੰਡ ਕੌਣ? ਖ਼ਾਲਿਕ ਜੇਤੂ ਅੰਦਾਜ਼ `ਚ ਛਾਲਾਂ ਮਾਰਦਾ ਫਿਰਦਾ ਸੀ ਜਿਵੇਂ ਉਹ ਅੱਵਲ ਆਇਆ ਹੋਵੇ। ਪਰ ਕੈਮਰਿਆਂ ਦੇ ਫੋਟੋ ਪਰਖ ਕੇ ਅੱਧੇ ਘੰਟੇ ਪਿੱਛੋਂ ਐਲਾਨ ਹੋਇਆ ਕਿ ਮਿਲਖਾ ਸਿੰਘ ਅੱਵਲ ਆਇਆ ਤੇ ਅਬਦੁੱਲ ਖ਼ਾਲਿਕ ਦੋਮ। ਐਲਾਨ ਸੁਣਨ ਸਾਰ ਖ਼ਾਲਿਕ ਦੀਆਂ ਅੱਖਾਂ `ਚ ਹੰਝੂ ਭਰ ਆਏ। ਉਸ ਨੂੰ ਉੱਕਾ ਉਮੀਦ ਨਹੀਂ ਸੀ ਕਿ ਉਹ ਮੈਥੋਂ ਹਾਰ ਜਾਵੇਗਾ। ਮੈਂ ਸੋਨੇ ਦਾ ਦੂਜਾ ਤਗ਼ਮਾ ਜਿੱਤ ਕੇ ਏਸ਼ੀਆ ਦਾ ਬੈੱਸਟ ਅਥਲੀਟ ਬਣ ਗਿਆ।
ਅਬਦੁੱਲ ਖ਼ਾਲਿਕ ਦਾ ਜਨਮ 23 ਮਾਰਚ 1933 ਨੂੰ ਪਿੰਡ ਜੰਡ ਅਵਾਨ ਜ਼ਿਲ੍ਹਾ ਚਕਵਾਲ `ਚ ਸਜਾਵਲ ਖਾਂ ਦੇ ਘਰ ਹੋਇਆ ਤੇ ਮ੍ਰਿਤੂ 10 ਮਾਰਚ 1988 ਨੂੰ ਰਾਵਲਪਿੰਡੀ ਵਿਚ ਹੋਈ। ਖ਼ਾਲਿਕ ਛੋਟਾ ਹੁੰਦਾ ਹੀ ਪਿੰਡਾਂ ਦੀ ਖੇਡ ਕਬੱਡੀ ਖੇਡਣ ਲੱਗ ਪਿਆ ਸੀ। ਉਹ ਧਾਵੇ ਵੀ ਬੋਲਦਾ ਤੇ ਜੱਫੇ ਵੀ ਲਾਉਂਦਾ। ਉਹ ਪੰਦਰਾਂ ਕੁ ਸਾਲਾਂ ਦਾ ਸੀ ਜਦੋਂ ਪਿੰਡ ਪੰਜਾਲ ਨੇੜੇ ਕਬੱਡੀ ਟੂਰਨਾਮੈਂਟ `ਚ ਖੇਡਦਾ ਪਾਕਿਸਤਾਨ ਦੀ ਫੌਜ ਦੇ ਬ੍ਰਿਗੇਡੀਅਰ ਸੀ.ਐੱਚ.ਐੱਮ. ਰੋਡ੍ਹਮ ਦੀ ਨਜ਼ਰੇ ਚੜ੍ਹ ਗਿਆ। ਉਹ ਪਾਕਿਸਤਾਨ ਆਰਮੀ ਸਪੋਰਟਸ ਕੰਟਰੋਲ ਬੋਰਡ ਦਾ ਮੁਖੀ ਸੀ। ਉਸ ਨੇ ਅਬਦੁੱਲ ਖ਼ਾਲਿਕ ਨੂੰ 1948 ਵਿਚ ਬੱਚਾ ਕੰਪਨੀ `ਚ ਭਰਤੀ ਕਰ ਲਿਆ। ਫੌਜ ਵਿਚ ਭਰਤੀ ਹੋ ਕੇ ਉਹ ਦੌੜਾਂ ਦੀ ਕੋਚਿੰਗ ਲੈਣ ਲੱਗ ਪਿਆ। ਭਾਰਤ ਵਿਚ ਮਿਲਖਾ ਸਿੰਘ ਵੀ ਫੌਜ ਵਿਚ ਭਰਤੀ ਹੋ ਕੇ ਦੌੜਾਕ ਬਣਿਆ ਸੀ। ਉਦੋਂ ਮਿਲਖਾ ਸਿੰਘ ਨੂੰ ਪਤਾ ਵੀ ਨਹੀਂ ਸੀ ਕਿ 400 ਮੀਟਰ ਦੌੜ ਟ੍ਰੈਕ ਦੇ ਕਿੰਨੇ ਚੱਕਰ ਹੁੰਦੀ ਹੈ! ਜਦੋਂ ਉਸ ਨੂੰ ਦੱਸਿਆ ਗਿਆ ਕਿ 400 ਮੀਟਰ ਦੌੜ ਟ੍ਰੈਕ ਦਾ ਇਕੋ ਚੱਕਰ ਹੁੰਦੀ ਹੈ ਤਾਂ ਉਸ ਨੇ ਕਿਹਾ ਸੀ ਕਿ ਮੈਂ ਤਾਂ ਇਕ ਚੱਕਰ ਦੀ ਥਾਂ ਦਸ ਚੱਕਰ ਦੌੜ ਸਕਦਾਂ। ਉਹਦੇ ਉਸਤਾਦ ਨੇ ਸਮਝਾਇਆ ਸੀ ਕਿ ਦਸਾਂ ਚੱਕਰਾਂ ਜਿੰਨਾ ਜ਼ੋਰ ਇਕੋ ਚੱਕਰ `ਚ ਲਾਉਣਾ ਹੁੰਦਾ। ਖ਼ਾਲਿਕ ਵੀ ਕੁਝ ਇਸੇ ਤਰ੍ਹਾਂ ਦੌੜਾਕ ਬਣਿਆ ਸੀ। ਦੌੜਾਂ ਦਾ ਉਸ ਨੂੰ ਵੀ ਕੋਈ ਗਿਆਨ ਨਹੀਂ ਸੀ। ਜਿਵੇਂ ਮਿਲਖਾ ਸਿੰਘ ਨੇ 82 ਦੌੜਾਂ ਵਿਚੋਂ 79 ਮੈਡਲ ਜਿੱਤੇ ਉਵੇਂ ਅਬਦੁੱਲ ਖ਼ਾਲਿਕ ਨੇ ਅੰਤਰਰਾਸ਼ਟਰੀ ਪੱਧਰ ਦੇ 36 ਗੋਲਡ, 15 ਸਿਲਵਰ ਤੇ 12 ਕਾਂਸੀ ਦੇ ਮੈਡਲ ਜੋੜ ਕੇ 63 ਮੈਡਲ ਜਿੱਤੇ।
ਅਬਦੁੱਲ ਖ਼ਾਲਿਕ ਨੇ ਆਪਣੀ ਪੜ੍ਹਾਈ ਲਾਗਲੇ ਪਿੰਡ ਹੰਸੋਲਾ ਦੇ ਮਿਡਲ ਸਕੂਲ ਤੋਂ ਕੀਤੀ। ਉਹ ਤਿੰਨ ਮੀਲ ਦੂਰ ਦੌੜ ਕੇ ਪੜ੍ਹਨ ਜਾਂਦਾ ਤੇ ਦੌੜਦਾ ਹੀ ਮੁੜਦਾ। ਉਸ ਦਾ ਦਮ ਪੱਕ ਗਿਆ ਸੀ। ਬਾਕੀ ਦਾ ਰੰਗਰੂਟੀ ਨੇ ਪਕਾਅ ਦਿੱਤਾ ਸੀ। ਬੱਚਾ ਕੰਪਨੀ ਦੇ ਮੁਕਾਬਲੇ ਜਿੱਤਦਾ-ਜਿੱਤਦਾ ਉਹ ਦੇਸ਼ ਦੀ ਫੌਜ ਦੇ ਮੁਕਾਬਲੇ ਜਿੱਤਣ ਲੱਗਾ। ਨੈਸ਼ਨਲ ਖੇਡਾਂ `ਚ ਉਹ ਫੌਜ ਵੱਲੋਂ ਜਾਂਦਾ ਤੇ ਅੰਤਰਰਾਸ਼ਟਰੀ ਖੇਡਾਂ `ਚ ਪਾਕਿਸਤਾਨ ਦੀ ਨੁਮਾਇੰਦਗੀ ਕਰਦਾ।
1954 ਦੀਆਂ ਦੂਜੀਆਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੇ ਸ਼ਹਿਰ ਮਨੀਲਾ ਵਿਚ ਹੋਣੀਆਂ ਸਨ। ਖ਼ਾਲਕ ਪਹਿਲੀ ਵਾਰ ਪਾਕਿਸਤਾਨ ਵੱਲੋਂ ਭਾਗ ਲੈਣ ਗਿਆ। ਉਸ ਨੇ 100 ਮੀਟਰ ਦੌੜ 10.6 ਸੈਕੰਡ `ਚ ਲਾ ਕੇ ਏਸ਼ੀਆ ਦਾ ਨਵਾਂ ਰਿਕਾਰਡ ਸਥਾਪਿਤ ਕੀਤਾ। 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ `ਚ ਭਾਰਤ ਦਾ ਲੇਵੀ ਪਿੰਟੋ 100 ਮੀਟਰ ਦੌੜ 10.8 ਸੈਕੰਡ `ਚ ਲਾ ਕੇ ਜਿੱਤਿਆ ਸੀ। ਮਨੀਲਾ ਤੋਂ ਅਬਦੁੱਲ ਖ਼ਾਲਿਕ 1 ਗੋਲਡ ਮੈਡਲ ਜਿੱਤਿਆ ਤੇ 4+100 ਮੀਟਰ ਰਿਲੇਅ ਦੌੜ `ਚ 1 ਸਿਲਵਰ ਮੈਡਲ ਹਾਸਲ ਕੀਤਾ। ਉਥੇ ਭਗਤੇ ਦੇ ਪ੍ਰਦੁੱਮਣ ਸਿੰਘ ਦੀਆਂ ਚੜ੍ਹ ਮੱਚੀਆਂ ਜਿਸ ਨੇ ਗੋਲਾ ਤੇ ਡਿਸਕਸ ਸੁੱਟਣ `ਚ 2 ਗੋਲਡ ਮੈਡਲ ਜਿੱਤੇ।
1954 ਵਿਚ ਹੀ ਖ਼ਾਲਿਕ ਨੇ ਕਾਮਨਵੈਲਥ ਤੇ ਬ੍ਰਿਟਿਸ਼ ਅੰਪਾਇਰ ਖੇਡਾਂ `ਚ ਭਾਗ ਲਿਆ। ਉਥੇ ਉਹ 100 ਗਜ਼ ਸਪਾਟ ਦੌੜ ਦੇ ਸੈਮੀ ਫਾਈਨਲ ਅਤੇ 4+110 ਗਜ਼ ਦੌੜ ਦੇ ਫਾਈਨਲ ਵਿਚ ਪੁੱਜਾ। 1955 `ਚ ਉਸ ਨੇ ਏਥਨਜ਼ ਵਿਖੇ ਹੋਈਆਂ ਵਰਲਡ ਮਿਲਟਰੀ ਗੇਮਜ਼ ਵਿਚ ਭਾਗ ਲਿਆ। 1956 `ਚ ਵਰਲਡ ਮਿਲਟਰੀ ਗੇਮਜ਼ ਬਰਲਿਨ ਵਿਖੇ ਉਸ ਨੇ 100 ਮੀਟਰ 10.4 ਸੈਕੰਡ ਵਿਚ ਲਾ ਕੇ ਕਾਂਸੀ ਦਾ ਮੈਡਲ ਜਿੱਤਿਆ। ਉਸ ਨੇ 200 ਮੀਟਰ ਸਪਾਟ ਤੇ 4+100 ਮੀਟਰ ਰਿਲੇਅ ਦੌੜਾਂ `ਚ ਵੀ ਕਾਂਸੀ ਦੇ ਤਗ਼ਮੇ ਜਿੱਤੇ। 1956 `ਚ ਉਹ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੀਆਂ ਓਲੰਪਿਕ ਖੇਡਾਂ ਲਈ ਪਾਕਿਸਤਾਨ ਦੀ ਟੀਮ `ਚ ਚੁਣਿਆ ਗਿਆ। ਉਥੇ ਉਸ ਨੇ ਕੋਈ ਮੈਡਲ ਤਾਂ ਨਾ ਜਿੱਤਿਆ ਪਰ ਓਲੰਪਿਕ ਖੇਡਾਂ ਦਾ ਚੰਗਾ ਤਜਰਬਾ ਹਾਸਲ ਕੀਤਾ।
ਉਸ ਨੂੰ ਪਾਕਿਸਤਾਨ ਅਥਲੈਟਿਕਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਇੰਗਲੈਂਡ ਭੇਜਿਆ ਗਿਆ ਜਿਥੇ ਉਹ ਯੂਰਪੀਨ ਦੌੜਾਕਾਂ ਨਾਲ ਦੌੜਿਆ। ਉਸ ਨੇ 15 ਮੁਲਕਾਂ ਦੇ ਸਪਰਿੰਟਰਾਂ ਵਿਰੁੱਧ ਦੌੜਾਂ ਲਾਈਆਂ ਜਿਸ ਨਾਲ ਚੋਖਾ ਤਜਰਬਾ ਹਾਸਲ ਕੀਤਾ। ਓਲੰਪਿਕ ਪਾਰਕ ਵਿਚ 100 ਮੀਟਰ ਦੌੜ ਫਿਰ 10.4 ਸੈਕੰਡ `ਚ ਲਾਈ ਜੋ ਓਲੰਪਿਕ ਚੈਂਪੀਅਨ ਬੌਬੀ ਮਾਰੋ ਦੇ 10.3 ਸੈਕੰਡ ਦੇ ਨੇੜ ਸੀ। ਪਾਕਿਸਤਾਨੀਆਂ ਨੂੰ ਜਾਪਣ ਲੱਗ ਪਿਆ ਕਿ ਓਲੰਪਿਕ ਖੇਡਾਂ `ਚ ਉਹ ਕੋਈ ਮੈਡਲ ਜਿੱਤ ਸਕਦਾ ਹੈ। 1956 ਦੀਆਂ ਓਲੰਪਿਕ ਖੇਡਾਂ `ਚ ਉਹ 100 ਮੀਟਰ ਤੇ 200 ਮੀਟਰ ਦੌੜਾਂ ਦੇ ਸੈਮੀ ਫਾਈਨਲ `ਚ ਪੁੱਜ ਗਿਆ। ਉਸ ਦਾ ਟਾਈਮ ਵਿਸ਼ਵ `ਚ ਸੱਤਵੇਂ ਥਾਂ ਗਿਣਿਆ ਗਿਆ।
1956 `ਚ ਦਿੱਲੀ ਦੇ ਨੈਸ਼ਨਲ ਸਟੇਡੀਆਂ ਵਿਚ ਪਹਿਲੀ ਇੰਡੋ/ਪਾਕਿ ਮੀਟ ਹੋਈ। ਉਸ ਨੇ 100 ਤੇ 200 ਮੀਟਰ ਦੌੜਾਂ ਦੇ ਨਵੇਂ ਏਸ਼ਿਆਈ ਰਿਕਾਰਡ ਰੱਖੇ। 100 ਮੀਟਰ ਦਾ 10.4 ਸੈਕੰਡ ਤੇ 200 ਮੀਟਰ ਦਾ 21.4 ਸੈਕੰਡ। ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਬਦੁੱਲ ਖ਼ਾਲਿਕ ਨੂੰ ‘ਫਲਾਈਂਗ ਬਰਡ ਆਫ਼ ਏਸ਼ੀਆ’ ਦਾ ਖ਼ਿਤਾਬ ਦਿੱਤਾ। 1957 ਵਿਚ ਖ਼ਾਲਿਕ ਨੇ ਇੰਗਲੈਂਡ, ਇਰਾਨ, ਯੂਨਾਨ ਤੇ ਸਕਾਟਲੈਂਡ ਦੀਆਂ ਅਥਲੈਟਿਕਸ ਮੀਟਾਂ `ਚੋਂ 1 ਸਿਲਵਰ ਤੇ 11 ਗੋਲਡ ਮੈਡਲ ਜਿੱਤੇ। 1958 ਦੀਆਂ ਏਸ਼ਿਆਈ ਖੇਡਾਂ `ਚੋਂ ਉਸ ਨੇ 100 ਮੀਟਰ ਦੌੜ ਦਾ ਗੋਲਡ, 200 ਮੀਟਰ ਦੌੜ ਦਾ ਸਿਲਵਰ ਤੇ 4+100 ਮੀਟਰ ਰਿਲੇਅ ਦੌੜ ਦਾ ਬਰਾਂਜ਼ ਮੈਡਲ ਜਿੱਤ ਕੇ ਧੰਨ-ਧੰਨ ਕਰਾਈ। ਉਸ ਦੀਆਂ ਜਿੱਤਾਂ ਸਦਕਾ ਏਸ਼ਿਆਈ ਖੇਡ ਦੀ ਤਗਮਾ ਸੂਚੀ `ਚ ਪਾਕਿਸਤਾਨ ਛੇਵੇਂ ਥਾਂ ਆਇਆ। 1958 `ਚ ਹੀ ਖ਼ਾਲਿਕ ਨੇ ਜਪਾਨ, ਚੀਨ ਤੇ ਸਕਾਟਲੈਂਡ `ਚ ਦੌੜਦਿਆਂ 3 ਹੋਰ ਮੈਡਲ ਜਿੱਤੇ। 1958 ਵਿਚ ਕਾਰਡਿਫ ਦੀਆਂ ਕਾਮਨਵੈਲਥ ਖੇਡਾਂ ਦੇ ਸੈਮੀ ਫਾਈਨਲ `ਚ ਉਸ ਨੇ 100 ਗਜ਼ ਦੀ ਦੌੜ 9.8 ਸੈਕੰਡ `ਚ ਲਾਈ। 1959 `ਚ ਯੂ.ਕੇ., ਸਵੀਡਨ ਤੇ ਆਇਰਲੈਂਡ ਦੀਆਂ ਇੰਟਰਨੈਸ਼ਨਲ ਮੀਟਾਂ `ਚੋਂ ਉਸ ਨੇ 9 ਗੋਲਡ, 7 ਸਿਲਵਰ ਤੇ 4 ਬਰਾਂਜ਼ ਮੈਡਲ ਜਿੱਤੇ।
1960 `ਚ ਹੋਈਆਂ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਮਿਲਖਾ ਸਿੰਘ ਪੂਰੀ ਤਿਆਰੀ ਵਿਚ ਸੀ ਜਦਕਿ ਅਬਦੁੱਲ ਖ਼ਾਲਿਕ ਓਨਾ ਆਸਵੰਦ ਨਹੀਂ ਸੀ। ਮਿਲਖਾ ਸਿੰਘ 400 ਮੀਟਰ ਦੌੜ `ਚ ਚੌਥੇ ਸਥਾਨ `ਤੇ ਆ ਗਿਆ ਪਰ ਖ਼ਾਲਿਕ ਨਾ 100 ਮੀਟਰ ਦੀ ਦੌੜ ਵਿਚ ਤੇ ਨਾ 4+100 ਮੀਟਰ ਦੀ ਰਿਲੇਅ ਰੇਸ `ਚ ਕੋਈ ਜਲਵਾ ਵਿਖਾ ਸਕਿਆ। 1960 `ਚ ਲਾਹੌਰ ਵਿਖੇ ਪਾਕਿਸਤਾਨ, ਭਾਰਤ ਤੇ ਇਰਾਨ ਦੀ ਅਥਲੈਟਿਕਸ ਮੀਟ ਹੋਈ। ਮਿਲਖਾ ਸਿੰਘ ਅਨਮੰਨੇ ਮਨ ਨਾਲ ਪਾਕਿਸਤਾਨ ਗਿਆ ਕਿਉਂਕਿ 1947 `ਚ ਮਾਰੇ ਗਏ ਉਹਦੇ ਮਾਂ-ਬਾਪ ਤੇ ਘਰ ਜੀਅ ਯਾਦ ਆ ਰਹੇ ਸਨ। ਪਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਇੱਛਾ ਮੁਤਾਬਿਕ ਉਸ ਨੂੰ ਲਾਹੌਰ ਜਾਣਾ ਪਿਆ। ਉਹ ਸਟੇਡੀਅਮ `ਚ ਦਾਖਲ ਹੋਇਆ ਤਾਂ ਔਰਤਾਂ ਨੇ ਬੁਰਕੇ ਹਟਾ ਕੇ ਮਿਲਖਾ ਸਿੰਘ ਦੇ ਦਰਸ਼ਨ ਕੀਤੇ। ਉਥੇ ਵੀ ਟੋਕੀਓ ਵਾਲੇ ਹੀ ਨਤੀਜੇ ਨਿਕਲੇ। 100 ਮੀਟਰ ਦੀ ਦੌੜ ਅਬਦੁੱਲ ਖ਼ਾਲਿਕ ਨੇ ਜਿੱਤੀ ਤੇ 400 ਮੀਟਰ ਦੀ ਦੌੜ ਮਿਲਖਾ ਸਿੰਘ ਨੇ। 200 ਮੀਟਰ ਦੌੜ ਦਾ ਮੁਕਾਬਲਾ ਦੋਹਾਂ ਦੌੜਾਕਾਂ ਤੇ ਦੋਹਾਂ ਦੇਸ਼ਾਂ ਵਿਚਕਾਰ ਮੁੱਛ ਦਾ ਸਵਾਲ ਸੀ।
ਮਿਲਖਾ ਸਿੰਘ ਉਸ ਦੌੜ ਨੂੰ ਆਪਣੀ ਸਿਰੇ ਦੀ ਦੌੜ ਮੰਨਦਾ ਸੀ ਜੋ ‘ਭਾਗ ਮਿਲਖਾ ਭਾਗ’ ਫਿਲਮ ਵਿਚ ਫਿਲਮਾਈ ਗਈ। ਅਬਦੁੱਲ ਖ਼ਾਲਿਕ ਆਪਣੇ ਦੇਸ਼ ਵਿਚ ਲੱਗ ਰਹੀ ਇਸ ਦੌੜ ਨੂੰ ਹਰ ਹੀਲੇ ਜਿੱਤਣਾ ਚਾਹੁੰਦਾ ਸੀ। ਪਰ ਮਿਲਖਾ ਸਿੰਘ ਨੇ ਇਹ ਦੌੜ ਏਨੇ ਜੋਸ਼ ਨਾਲ ਲਾਈ ਕਿ ਅਬਦੁੱਲ ਖ਼ਾਲਿਕ ਨੂੰ ਦਸ ਮੀਟਰ ਪਿੱਛੇ ਛੱਡ ਗਿਆ। ਅਨਾਊਂਸਰ ਨੇ ਕਿਹਾ ਕਿ ਇਹ ਦੌੜ ਮਿਲਖਾ ਸਿੰਘ ਨੇ ਦੌੜ ਕੇ ਨਹੀਂ ਉੁੱਡ ਕੇ ਲਾਈ ਹੈ। ਪਾਕਿਸਤਾਨ ਦਾ ਸਦਰ ਜਨਰਲ ਅਯੂਬ ਖਾਂ ਵੀ ਉਸ ਵੇਲੇ ਸਟੇਡੀਅਮ `ਚ ਹਾਜ਼ਰ ਸੀ। ਉਸ ਨੇ ਮਿਲਖਾ ਸਿੰਘ ਨੂੰ ਮੈਡਲ ਪਹਿਨਾਉਂਦਿਆਂ ਉਸ ਨੂੰ ‘ਫਲਾਈਂਗ ਸਿੱਖ’ ਕਿਹਾ ਜੋ ਹਮੇਸ਼ਾਂ ਲਈ ਮਿਲਖਾ ਸਿੰਘ ਦੇ ਨਾਂ ਨਾਲ ਜੁੜ ਗਿਆ।
ਅਬਦੁੱਲ ਖ਼ਾਲਿਕ ਨੇ 1948 ਤੋਂ 78 ਤਕ ਪਾਕਿਸਤਾਨ ਦੀ ਫੌਜ `ਚ ਨੌਕਰੀ ਕੀਤੀ ਤੇ ਸੂਬੇਦਾਰ ਬਣ ਕੇ ਰਿਟਾਇਰ ਹੋਇਆ। ਉਹ 1965-68 ਤੇ 70-71 ਦੌਰਾਨ ਪਾਕਿਸਤਾਨ ਦੀ ਫੌਜ ਅਤੇ ਪੰਜਾਬ ਦੇ ਖੇਡ ਮਹਿਕਮੇ ਵਿਚ ਕੋਚਿੰਗ ਦਿੰਦਾ ਰਿਹਾ। 1974 ਤੋਂ 78 ਤਕ ਉਹ ਨੈਸ਼ਨਲ ਕੋਚ ਰਿਹਾ। ਉਸ ਨੇ ਪਾਕਿਸਤਾਨ ਦੀ ਫੌਜ ਵੱਲੋਂ 1965 ਤੇ 71 ਦੀਆਂ ਜੰਗਾਂ ਲੜੀਆਂ। ਬੰਗਲਾ ਦੇਸ਼ ਦੀ ਲੜਾਈ ਵਿਚ ਉਹ ਭਾਰਤ ਦਾ ਜੰਗੀ ਕੈਦੀ ਬਣਿਆ। ਪਹਿਲਾਂ ਗਵਾਲੀਅਰ ਦੀ ਜੇਲ੍ਹ `ਚ ਰਿਹਾ, ਫਿਰ ਮੇਰਠ ਦੀ ਜੇਲ੍ਹ ਵਿਚ। ਭਾਰਤ ਸਰਕਾਰ ਨੇ ਉਸ ਦੀਆਂ ਖੇਡ ਪ੍ਰਾਪਤੀਆਂ ਕਰਕੇ ਰਿਹਾਅ ਕਰਨਾ ਚਾਹਿਆ ਪਰ ਅਬਦੁੱਲ ਖ਼ਾਲਿਕ ਨੇ ਕਿਹਾ ਕਿ ਉਹ ਬਾਕੀ ਕੈਦੀਆਂ ਨਾਲ ਹੀ ਰਿਹਾਅ ਹੋਵੇਗਾ। ਉਸ ਨੇ ਮਿਲਖਾ ਸਿੰਘ, ਪ੍ਰਦੁੱਮਣ ਸਿੰਘ ਤੇ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਪਰਗਟ ਕੀਤੀ। ਮਿਲਖਾ ਸਿੰਘ ਤੇ ਗੁਰਬਚਨ ਸਿੰਘ ਤਾਂ ਮਿਲ ਗਏ ਪਰ ਪ੍ਰਦੁੱਮਣ ਸਿੰਘ ਫੌਜ ਵਿਚ ਹੋਣ ਕਾਰਨ ਖ਼ਾਲਿਕ ਨੂੰ ਮਿਲ ਨਾ ਸਕਿਆ ਜਿਸ ਦਾ ਉਸ ਨੂੰ ਮਰਦੇ ਦਮ ਤਕ ਮਲਾਲ ਰਿਹਾ।
ਅਬਦੁੱਲ ਖ਼ਾਲਿਕ ਦਾ ਛੋਟਾ ਭਰਾ ਅਬਦੁੱਲ ਮਲਿਕ ਵੀ ਨਾਮੀ ਅਥਲੀਟ ਰਿਹਾ। ਖ਼ਾਲਿਕ ਦੇ ਚਾਰ ਪੁੱਤਰ ਹੋਏ। ਵੱਡਾ ਗੁਲਾਮ ਅੱਬਾਸ ਤੇ ਉਸ ਤੋਂ ਛੋਟਾ ਮੁਹੰਮਦ ਅਸ਼ਫਾਕ ਪਾਕਿਸਤਾਨ ਦੀ ਫੌਜ `ਚ ਨੌਕਰੀ ਕਰਦੇ ਰਹੇ। ਤੀਜਾ ਪੁੱਤਰ ਮੁਹੰਮਦ ਏਜਾਜ਼ ਪਾਕਿਸਤਾਨ ਸਪੋਰਟਸ ਬੋਰਡ ਵਿਚ ਕੋਚ ਰਿਹਾ ਤੇ ਸਭ ਤੋਂ ਛੋਟਾ ਪਿੰਡ ਦੇ ਸਕੂਲ ਵਿਚ ਪੀਟੀ ਮਾਸਟਰ ਰਿਹਾ। ਅਬਦੁੱਲ ਖ਼ਾਲਿਕ 10 ਮਾਰਚ 1988 ਨੂੰ ਰਾਵਲਪਿੰਡੀ ਵਿਚ ਫੌਤ ਹੋਇਆ। ਪਾਕਿਸਤਾਨ ਦੇ ਇਸ ਮਹਾਨ ਅਥਲੀਟ ਨੂੰ ‘ਪ੍ਰਾਈਡ ਆਫ਼ ਪਾਕਿਸਤਾਨ’ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਅਤੇ ਉਸ ਦਾ ਸਟੈਚੂ ਰਾਵਲਪਿੰਡੀ ਦੇ ਅਯੂਬ ਪਾਰਕ ਵਿਚ ਸਥਾਪਿਤ ਕੀਤਾ ਗਿਆ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ