ਨਸ਼ਾ ਤਸਕਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ `ਤੇ ਚੱਲਿਆ ਬੁਲਡੋਜ਼ਰ

ਅੱਪਰਾ: ਨਸ਼ਾ ਤਸਕਰਾਂ ਖਿਲਾਫ ਚੱਲ ਰਹੀ ਕਾਰਵਾਈ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਫਿਲੌਰ ਦੇ ਖ਼ਾਨਪੁਰ ਤੇ ਮੰਡੀ ਪਿੰਡ ਵਿਚ ਪੰਚਾਇਤ ਦੀ ਜ਼ਮੀਨ ‘ਤੇ ਬਣਾਏ ਗਏ ਨਾਜਾਇਜ਼ ਕਬਜ਼ਿਆਂ ‘ਤੇ ਬੁਲਡੋਜ਼ਰ ਚਲਾ ਦਿੱਤਾ।

ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਇਹ ਨਿਰਮਾਣ ਆਪਣੀ ਨਿਗਰਾਨੀ ਵਿਚ ਹਟਵਾਏ। ਐੱਸਐੱਸਪੀ ਖੱਖ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਫਿਲੌਰ ਨੇ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਪੁਲਿਸ ਦੀ ਸਹਾਇਤਾ ਲਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਜਸਵੀਰ ਸਿੰਘ ਸ਼ੀਰਾ ਵਾਸੀ ਖਾਨਪੁਰ ਤੇ ਭੋਲੀ ਪਤਨੀ ਰਾਮਪਾਲ ਰਾਮਾ ਵਾਸੀ ਮੰਡੀ ਨੇ ਪਿੰਡ ਦੀ ਪੰਚਾਇਤ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ।
ਪੁਲਿਸ ਰਿਕਾਰਡ ਮੁਤਾਬਕ ਭੋਲੀ ਡੱਰਗ ਤਸਕਰ ਹੈ ਤੇ ਉਸ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ। 2005 ‘ਚ ਭੋਲੀ ਕੋਲੋਂ 1.190 ਕਿਲੋ ਸਮੈਕ ਦੀ ਬਰਾਮਦਗੀ ਹੋਈ ਸੀ, 2015 ਵਿਚ 2 ਕਿੱਲੋ ਪੋਸਤ ਦੀ ਬਰਾਮਦਗੀ ਹੋਈ ਸੀ ਤੇ 2022 ‘ਚ ਵੱਡੀ ਮਾਤਰਾ ਵਿਚ ਡਰੱਗਸ ਦੀ ਬਰਾਮਦਗੀ ਹੋਈ ਸੀ। ਇਸ ਤਰ੍ਹਾਂ ਜਸਵੀਰ ਸ਼ੀਰਾ ਵੀ ਤਿੰਨ ਮਾਮਲਿਆਂ ‘ਚ ਨਾਮਜ਼ਦ ਹੈ, ਜਿਸ ‘ਚ ਇਕ ਮਾਮਲਾ ਚਰਸ ਤੇ ਨਸ਼ੀਲੇ ਇੰਜੈਕਸ਼ਨ ਦੀ ਬਰਾਮਦਗੀ ਦਾ ਹੈ। ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਲ ਤੇ ਪੰਚਾਇਤ ਅਧਿਕਾਰੀਆਂ ਦੀ ਮਦਦ ਨਾਲ ਕਾਰਵਾਈ ਕੀਤੀ ਗਈ। ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਨਸ਼ਾ ਜੜੋਂ ਖਤਮ ਕਰਨਾ ਹੈ ਤਾਂ ਲੋਕਾਂ ਨੂੰ ਅੱਗੇ ਆਉਣਾ ਹੋਵੇਗਾ। ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਖੇਡਾਂ ਪ੍ਰਤੀ, ਉੱਚ ਸਿੱਖਿਆ ਪ੍ਰਤੀ ਧਿਆਨ ਲਗਾਉਣ ਲਈ ਪ੍ਰਰਿਤ ਕਰੋ। ਨਸ਼ਾ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਵਿਰੋਧ, ਪੁਲਿਸ ਨੇ ਕੀਤੀ ਕਾਰਵਾਈ : ਪੁਲਿਸ ਜਦੋਂ ਕਬਜ਼ਿਆਂ ਨੂੰ ਬੁਲਡੋਜ਼ਰ ਨਾਲ ਢਾਹ ਰਹੀ ਸੀ ਤਾਂ ਉੱਥੇ ਮੌਜੂਦ ਨਸ਼ਾ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਨੇ ਸਖ਼ਤ ਵਿਰੋਧ ਕੀਤਾ। ਮੌਕੇ ‘ਤੇ ਲਗਭਗ 100 ਪੁਲਿਸ ਕਰਮਚਾਰੀ ਮੌਜੂਦ ਸਨ। ਨਸ਼ਾ ਤਸਕਰਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਰੋਧ ਦੀ ਪਰਵਾਹ ਕੀਤੇ ਬਿਨਾਂ, ਪੁਲਿਸ ਨੇ ਗ਼ੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਤੇ ਕਬਜ਼ਾ ਪੰਚਾਇਤ ਨੂੰ ਸੌਂਪ ਦਿੱਤਾ। ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਨਸ਼ਾ ਤਸਕਰ ਜਸਵੀਰ ਸ਼ੀਰਾ ਦੀ ਮਾਸੀ, ਪਰਮਜੀਤ ਕੌਰ ਪੰਸੋ ਨੇ ਪੁਲਿਸ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਇਸ ਘਰ ਵਿਚ ਮੇਰਾ ਵੀ ਹਿੱਸਾ ਹੈ। ਉਸ ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਮਾਪਿਆਂ ਦੇ ਘਰ ਰਹਿਣ ਲੱਗ ਪਈ। ਜਦੋਂ ਪੰਮੋ ਨੇ ਪੁਲਿਸ ਟੀਮ ਦਾ ਵਿਰੋਧ ਕੀਤਾ ਤਾਂ ਪੁਲਿਸ ਟੀਮ ਨੇ ਉਸ ਨੂੰ ਤੇ ਉਸ ਦੀਆਂ ਸਾਥੀ ਔਰਤਾਂ ਨੂੰ ਹਿਰਾਸਤ ਵਿਚ ਲੈ ਲਿਆ।
ਭੋਲੀ ਦੇ ਪੁੱਤਰ ਦੀ ਵੀ ਨਸ਼ੇ ਨਾਲ ਹੋਈ ਸੀ ਮੌਤ ਨਸ਼ਾ ਤਸਕਰ ਭੋਲੀ ਦੇ ਪੁੱਤਰ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਹੈ। ਭੋਲੀ ਵਿਰੁੱਧ ਕੁੱਲ ਸੱਤ ਮਾਮਲੇ ਦਰਜ ਹਨ ਤੇ ਉਸ ਵਿਰੁੱਧ ਪਹਿਲਾ ਮਾਮਲਾ 2005 ‘ਚ ਦਰਜ ਕੀਤਾ ਗਿਆ ਸੀ। ਭੋਲੀ ਪਿੰਡ ਮੰਡੀ ਵਿਖੇ ਆਪਣੇ ਘਰ ਰਹਿ ਰਹੀ ਹੈ। ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਉਸ ਨੇ ਪੰਚਾਇਤੀ ਛੱਪੜ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਤੇ ਇਕ ਘਰ ਬਣਾਇਆ, ਜਿਸ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ ਹੈ।