ਸਾਬਕਾ ਸੇਬੀ ਮੁਖੀ ਮਾਧਬੀ ਬੁਚ ਖ਼ਿਲਾਫ਼ ਐੱਫ.ਆਈ.ਆਰ. ਦੇ ਹੁਕਮ

ਮੁੰਬਈ: ਵਿਵਾਦਾਂ ਵਿਚ ਘਿਰੀ ਸੇਬੀ ਦੀ ਸਾਬਕਾ ਮੁਖੀ ਮਾਧਬੀ ਬੁਚ ਵਲੋਂ ਕੀਤੇ ਗਏ ਨਿਯਮਾਂ ਦੀ ਉਲੰਘਣਾ ਲਈ ਉਨ੍ਹਾਂ ਵਿਰੁਧ ਕੇਸ ਦਰਜ ਕਰਨ ਦੇ ਹੁਕਮ ਕੀਤੇ ਗਏ ਹਨ। ਉਨ੍ਹਾਂ ਤੋਂ ਇਲਾਵਾ ਬੀਐਸਈ ਦੇ ਦੇ ਵੱਡੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਸੇਬੀ ਨੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।

ਵਿਸ਼ੇਸ਼ ਅਦਾਲਤ ਦੇ ਜੱਜ ਏਕਨਾਥਰਾਵ ਬਾਂਗਰ ਨੇ ਸਨਿਚਰਵਾਰ ਨੂੰ ਜਾਰੀ ਹੁਕਮ ਵਿਚ ਕਿਹਾ, ਪਹਿਲੀ ਨਜ਼ਰ ਵਿਚ ਨਿਯਮਾਂ ਵਿਚ ਕੁਤਾਹੀ ਅਤੇ ਮਿਲੀਭੁਗਤ ਦੇ ਸਬੂਤ ਹਨ, ਜਿਸ ਲਈ ਨਿਰਪੱਖ ਜਾਂਚ ਦੀ ਲੋੜ ਹੈ। ਮੁਢਲੇ ਦੋਸ਼ਾਂ ਨਾਲ ਗੰਭੀਰ ਅਪਰਾਧ ਉਜਾਗਰ ਹੁੰਦਾ ਹੈ। ਬੁਚ ਤੋਂ ਇਲਾਵਾ ਅਦਾਲਤ ਨੇ ਜਿਨ੍ਹਾਂ ਹੋਰ ਅਧਿਕਾਰੀਆਂ ਵਿਰੁੱਧ ਵੀ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤ ਹਨ, ਉਨ੍ਹਾਂ ਵਿਚ ਬੀਐੱਸਈ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਸੁੰਦਰਰਮਨ ਰਾਮੂਰਤੀ, ਇਸ ਦੇ ਤੱਤਕਾਲੀ ਚੇਅਰਮੈਨ ਤੇ ਪਬਲਿਕ ਇੰਟਰੈਸਟ ਡਾਇਰੈਕਟਰ ਪ੍ਰਮੋਦ ਅਗਰਵਾਲ ਅਤੇ ਸੇਬੀ ਦੇ ਤਿੰਨ ਕੁੱਲ ਵਕਤੀ ਮੈਂਬਰ ਅਸ਼ਵਨੀ ਭਾਟੀਆ, ਆਨੰਤ ਨਾਰਾਇਣ ਜੀ. ਤੇ ਕਮਲੇਸ਼ ਚੰਦਰ ਵਾਸ਼ਣਰਿਆ ਸ਼ਾਮਲ ਹਨ। ਸਾਰਿਆਂ ਵਿਰੁੱਧ ਆਈਪੀਸੀ, ਭ੍ਰਿਸ਼ਟਾਚਾਰ ਰੋਕੂ ਐਕਟ, ਸੇਬੀ ਐਕਟ ਅਤੇ
ਹੋਰ ਸੰਬੰਧਤ ਕਾਨੂੰਨਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ। ਸ਼ਿਕਾਇਤਕਰਤਾ ਤੇ ਮੀਡੀਆ ਰਿਪੋਰਟਰ 47 ਸਾਲਾ ਸਪਨ ਸ੍ਰੀਵਾਸਤਵ ਨੇ ਦੋਸ਼ੀਆਂ ਵੱਲੋਂ ਵੱਡੇ ਪੱਧਰ ‘ਤੇ ਵਿੱਤੀ ਧੋਖਾਧੜੀ, ਨਿਯਮਾਂ ਦੀ ਉਲੰਘਣਾ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਕਥਿਤ ਅਪਰਾਧਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਇਹ ਦੋਸ਼ ਰੈਗੂਲੇਟਰੀ ਅਧਿਕਾਰੀਆਂ, ਵਿਸ਼ੇਸ਼ ਤੌਰ ‘ਤੇ ਸੇਬੀ ਦੀ ਸਰਗਰਮ ਮਿਲੀਭੁਗਤ ਨਾਲ ਇਕ ਕੰਪਨੀ ‘ਕੈਲਸ ਰਿਫਾਈਨਰੀਜ਼ ਲਿਮਟਿਡ’ ਨੂੰ ਸੇਬੀ ਐਕਟ-1992 ਅਤੇ ਉਸ ਤਹਿਤ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਸ਼ੇਅਰ ਬਾਜ਼ਾਰ ਵਿਚ ਧੋਖਾਧੜੀ ਨਾਲ ਸੂਚੀਬੱਧ ਕਰਨ ਨਾਲ ਸਬੰਧਤ ਹਨ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਸੇਬੀ ਅਧਿਕਾਰੀ ਆਪਣੇ ਵਿਧਾਨਕ ਫਰਜ਼ਾਂ ਦਾ ਪਾਲਣ ਕਰਨ ਵਿਚ ਅਸਫਲ ਰਹੇ, ਬਾਜ਼ਾਰ ਵਿਚ ਹੇਰਾਫੇਰੀ ਹੋਣ ਦਿੱਤੀ ਅਤੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀ ਕੰਪਨੀ ਨੂੰ ਸੂਚੀਬੱਧ ਕਰਨ ਦੀ ਇਜਾਜ਼ਤ ਦੇ ਕੇ ਕਾਰਪੋਰੇਟ ਧੋਖਾਧੜੀ ਦਾ ਰਸਤਾ ਬਣਾਇਆ। ਸ਼ਿਕਾਇਤਕਰਤਾ ਨੇ ਕਿਹਾ ਕਿ ਕਈ ਮੌਕਿਆਂ ‘ਤੇ ਪੁਲਿਸ ਸਟੇਸ਼ਨ ਤੇ ਸਬੰਧਤ ਰੈਗੂਲੇਟਰੀ ਅਥਾਰਟੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।