ਧਾਮੀ ਵਲੋਂ ਅਸਤੀਫ਼ਾ ਵਾਪਸ ਲੈਣ `ਤੇ ਵਿਚਾਰ

ਹੁਸ਼ਿਆਰਪੁਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਐਤਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜਾ। ਧਾਮੀ ਨੇ ਵਫ਼ਦ ਨੂੰ ਕਿਹਾ ਕਿ ਉਹ ਕਮੇਟੀ ‘ਚ ਵਾਪਸੀ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।

ਹਾਲਾਂਕਿ ਕਰੀਬ ਇੱਕ ਘੰਟਾ 10 ਮਿੰਟ ਚੱਲੀ ਇਸ ਮੀਟਿੰਗ ‘ਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਪਰ ਵਫ਼ਦ ਨੇ ਆਸ ਪ੍ਰਗਟਾਈ ਹੈ. ਕਿ ਧਾਮੀ ਆਪਣਾ ਕੰਮਕਾਜ ਸੰਭਾਲ ਲੈਣਗੇ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਕਲਿਆਣ, ਬਲਦੇਵ ਸਿੰਘ ਕੈਮਪੁਰ, ਸੁਰਜੀਤ ਸਿੰਘ ਤੁਗਲਬਾਦ ਤੇ ਬੀਬੀ ਹਰਜਿੰਦਰ ਕੌਰ ਨੇ ਦੱਸਿਆ ਕਿ ਮੀਟਿੰਗ ਚੰਗੇ ਮਾਹੌਲ ‘ਚ ਹੋਈ ਹੈ। ਉਨ੍ਹਾਂ ਨੇ ਧਾਮੀ ਨੂੰ ਘਰ ਉਨ੍ਹਾਂ ਨਾਲ ਗਲਬਾਤ ਕਰਕੇ ਮੁੜ ਸੇਵਾ ਸੰਭਾਲਣ ਦੀ ਅਪੀਲ ਕੀਤੀ ਹੈ। ਧਾਮੀ ਵੱਲੋਂ ਵੀ ਸਾਰਥਕ ਸੁਨੇਹਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਧਾਮੀ ਦੇ ਸਾਫ-ਸੁਥਰੇ ਅਕਸ ਕਾਰਨ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ‘ਚ ਧਾਮੀ ਆਪਣਾ ਫੈਸਲਾ ਬਦਲ ਕੇ ਮੁੜ ਆਪਣਾ ਅਹੁਦਾ ਸੰਭਾਲ ਲੈਣਗੇ ਤੇ ਪੰਥ ਦੀਆਂ ਸੇਵਾਵਾਂ ਚਾਲੂ ਰੱਖਣਗੇ।