ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚ ਤਣਾ ਤਣੀ ਵਧੀ

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪੰਜਾਬ ਵਿੱਚ ਹਾਲਤ ਕਾਫੀ ਤਨਾਓਪੂਰਨ ਬਣੀ ਹੋਈ ਹੈ। ਕਿਸਾਨ ਜਥੇਬੰਦੀਆਂ ਕਿਸਾਨਾਂ ਵੱਲੋਂ ਦਿੱਤੀ ਗਈ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਤੋਂ ਘਬਰਾ ਕੇ ਪੰਜਾਬ ਸਰਕਾਰ ਨੇ ਸੋਮਵਾਰ ਦੀ ਰਾਤ ਨੂੰ ਹੀ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਸੀ। ਕਿਸਾਨ ਆਗੂ ਮਾਰਚ ਉੱਤੇ ਬਜਿੱਦ ਰਹੇ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੇ ਵਤੀਰੇ ਉੱਤੇ ਸਖਤ ਇਤਰਾਜ਼ ਕੀਤਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਕਿਸੇ ਮੁੱਖ ਮੰਤਰੀ ਨੂੰ ਬੋਲਦੇ ਹੋਏ ਕਦੇ ਨਹੀਂ ਸੁਣਿਆ।

ਦੂਸਰੇ ਪਾਸੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ। ਇਹ ਖਾਹ ਮਖਾਹ ਲੋਕਾਂ ਨੂੰ ਤੰਗ ਕਰ ਰਹੇ ਹਨ। ਇਹ ਦਿੱਲੀ ਜਾਣ ਅਤੇ ਉੱਥੇ ਜਾ ਕੇ ਲੜਾਈ ਲੜਣ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਵਲੋਂ ਰਸਤੇ ਰੋਕਣ ਕਰਕੇ ਪੰਜਾਬ ਦਾ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ।
ਉਹਨਾਂ ਕਿਹਾ ਮੈਨੂੰ ਪਤਾ ਹੈ ਕਿ ਕਿਸਾਨੀ ਜੀਵਨ ਕਿਵੇਂ ਦਾ ਹੁੰਦਾ ਹੈ । ਮੈਂ ਅਜੇ ਵੀ ਇਹਨਾਂ ਕਿਸਾਨ ਆਗੂਆਂ ਨਾਲੋਂ ਵੱਧ ਖੇਤਾਂ ਨਾਲ ਜੁੜਿਆ ਹੋਇਆ ਹਾਂ। ਮੈਂ ਦੱਸ ਸਕਦਾ ਹਾਂ ਕਿ ਕਿਹੜੀ ਫਸਲ ਦਾ ਇੱਕ ਖੇਤ ਵਿੱਚ ਕਿੰਨਾ ਬੀਜ ਪੈਂਦਾ ਹੈ। ਉਹਨਾਂ ਕਿਹਾ ਕਿਸਾਨ ਜਥੇਬੰਦੀਆਂ ਵਿੱਚ ਕ੍ਰੈਡਿਟ ਬਾਰ ਚੱਲ ਰਹੀ ਹੈ। ਇੱਕ ਦਾ ਧਰਨਾ ਖਤਮ ਹੁੰਦਾ ਹੈ ਤਾਂ ਦੂਸਰੀ ਜਥੇਬੰਦੀ ਧਰਨਾ ਸ਼ੁਰੂ ਕਰ ਦਿੰਦੀ ਹੈ। ਇਹ ਇਕੱਠੇ ਧਰਨਾ ਵੀ ਸ਼ੁਰੂ ਨਹੀਂ ਕਰਦੇ। ਕਦੇ ਕੋਈ ਜਥੇਬੰਦੀ ਧਰਨਾ ਮਾਰ ਦਿੰਦੀ ਹੈ ਤੇ ਕਦੇ ਕੋਈ ਉਹਨਾਂ ਹੀ ਮੰਗਾਂ ਤੇ ਧਰਨਾ ਮਾਰ ਦਿੰਦੀ ਹੈ ਇਸ ਤਨਾਓ ਭਰੀ ਸਥਿਤੀ ਵਿੱਚ ਅਗਲੇ ਦਿਨਾਂ ਵਿੱਚ ਕਿਸਾਨ ਅੰਦੋਲਨ ਕਿਸ ਪਾਸੇ ਨੂੰ ਜਾਣ ਵਾਲਾ ਹੈ, ਇਹ ਸਮਾਂ ਹੀ ਦੱਸੇਗਾ।