ਅਠਾਰਾਂ ਮਾਰਚ ਤੋਂ ਸ਼ੁਰੂ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ

ਸ੍ਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਕਰਨ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿੱਚੋਂ ਪੰਜ ਮੈਂਬਰਾਂ ਨੇ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਅਠਾਰਾਂ ਮਾਰਚ ਤੋਂ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।

ਮੈਂਬਰਾਂ ਵਲੋਂ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਅਠਾਰਾਂ ਮਾਰਚ 2025 ਤੋਂ ਆਰੰਭ ਕਰਕੇ ਛੇ ਮਹੀਨੇ ਤੱਕ ਚਲਾਈ ਜਾਵੇਗੀ। ਇਹ ਭਰਤੀ ਇੱਕ ਸਧਾਰਨ ਪਰਚੀ ਦੇ ਆਧਾਰ ਉੱਤੇ ਹੋਵੇਗੀ। ਭਰਤੀ ਮੁਹਿੰਮ ਦੀ ਸ਼ੁਰੂਆਤ ਕਾਰਨ ਸੰਬੰਧੀ ਪ੍ਰੋਗਰਾਮ ਬਾਰੇ ਦੱਸਦਿਆਂ ਕਮੇਟੀ ਮੈਂਬਰ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਦੋ ਦਸੰਬਰ ਦੇ ਹੁਕਮਨਾਮੇ ਅਨੁਸਾਰ ਕਮੇਟੀ ਨੂੰ ਨਵੀਂ ਭਰਤੀ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਉਸੇ ਹੁਕਮਨਾਮੇ ਦੀ ਰੌਸ਼ਨੀ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਕੁਝ ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਘਬੀਰ ਸਿੰਘ ਨੇ ਵੀ ਦੁਹਰਾਇਆ ਸੀ ਕਿ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਵੇਗੀ।
ਨਵੀਂ ਭਰਤੀ ਸ਼ੁਰੂ ਕਰਨ ਦੀ ਤਰੀਕ ਦਾ ਐਲਾਨ ਕਰਦਿਆਂ ਕਮੇਟੀ ਮੈਂਬਰਾਂ ਨੇ ਸਾਰੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਮੈਂਬਰਸ਼ਿਪ ਭਰਤੀ ਮੁਹਿੰਮ ਵਿੱਚ ਸਹਿਯੋਗ ਦੇਣ। ਪਰ ਦੂਸਰੇ ਪਾਸੇ ਕਮੇਟੀ ਮੈਂਬਰਾਂ ਵੱਲੋਂ ਕੀਤੇ ਗਏ ਇਹਨਾਂ ਦਾਅਵਿਆਂ ਉੱਤੇ ਪ੍ਰਤੀਕਰਮ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਦੇ ਬੁਲਾਰੇ ਅਰਸ਼ਦੀਪ ਅਕਾਲੀ ਦਲ ਦੇ ਬਾਦਲ ਧੜੇ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਜਿਸਟਰਡ ਪਾਰਟੀ ਹੈ, ਇਸ ਦੀ ਭਰਤੀ 20 ਫਰਵਰੀ ਤੱਕ ਮੁਕੰਮਲ ਹੋ ਚੁੱਕੀ ਹੈ। ਹੁਣ ਕਿਸੇ ਕਮੇਟੀ ਵੱਲੋਂ ਹੋਰ ਭਰਤੀ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਮੇਟੀ ਮੈਂਬਰ ਕਹਿ ਰਹੇ ਹਨ ਕਿ ਨਵੀਂ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੋ ਦਸੰਬਰ ਦੇ ਆਦੇਸ਼ ਅਨੁਸਾਰ ਹੋਵੇਗੀ ਤਾਂ ਉਹਨਾਂ ਕਿਹਾ ਕਿ ਜੇਕਰ ਸ਼੍ਰੀ ਅਕਾਲ ਅਕਾਲ ਤਖ਼ਤ ਸਾਹਿਬ ਨੇ ਅਜਿਹਾ ਕੋਈ ਲਿਖਤੀ ਆਦੇਸ਼ ਉਨ੍ਹਾਂ ਨੂੰ ਹੁਣ ਦਿੱਤਾ ਹੈ, ਜਾਂ ਭਰਤੀ ਸ਼ੁਰੂ ਕਰਨ ਲਈ ਕੋਈ ਤਰੀਕ ਤੈਅ ਕੀਤੀ ਹੈ,ਤਾਂ ਕਮੇਟੀ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਉਸਨੂੰ ਤੁਰੰਤ ਜਨਤਕ ਕਰ ਦੇਣ।ਕਲੇਰ ਨੇ ਕਿਹਾ ਕਿ ਸਧਾਰਨ ਪਰਚੀ ਉੱਤੇ, ਜਾਂ ਸ਼ਰੋਮਣੀ ਅਕਾਲੀ ਦਲ ਵਲੋਂ ਗੈਰ-ਪ੍ਰਮਾਣਿਤ ਪਰਚੀ ਉੱਤੇ ਮੈਂਬਰਸ਼ਿਪ ਭਰਤੀ ਕਰਨਾ ਤਾਂ ਉੰਝ ਵੀ ਗ਼ੈਰਕਾਨੂੰਨੀ ਹੈ। ਭਰਤੀ ਲਈ ਬਕਾਇਦਾ ਕਾਪੀਆਂ ਛਪਦੀਆਂ ਹਨ। ਮੈਂਬਰਸ਼ਿਪ ਤੋਂ ਇਕੱਠੇ ਹੁੰਦੇ ਪੈਸੇ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਜਾਂਦੇ ਹਨ। ਜਿਨਾਂ ਦਾ ਬਕਾਇਦਾ ਆਡਿਟ ਹੁੰਦਾ ਹੈ। ਇਨਕਮ ਟੈਕਸ ਭਰਿਆ ਜਾਂਦਾ ਹੈ। ਉਹਨਾਂ ਇਥੋਂ ਤੱਕ ਕਿਹਾ ਕਿ ਜੇਕਰ ਅਜਿਹੀ ਕੋਈ ਭਰਤੀ ਕੀਤੀ ਜਾਂਦੀ ਹੈ ਤਾਂ ਇਹ ਇੱਕ ਅਪਰਾਧਿਕ ਕਾਰਵਾਈ ਹੋਵੇਗੀ। ਉਹਨਾਂ ਕਮੇਟੀ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਅਜਿਹੇ ਕਦਮ ਨਾ ਚੁੱਕਣ ਦਾ ਯਤਨ ਕਰਨ। ਇਸ ਨਾਲ ਕਈ ਹੋਰ ਪਚੀਦਗੀਆਂ ਪੈਦਾ ਹੋਣਗੀਆਂ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੰਜ ਮੈੰਬਰੀ ਕਮੇਟੀ ਵਲੋਂ ਕੀਤੀ ਗਈ ਨਵੀਂ ਭਰਤੀ ਵਾਲੇ ਅਕਾਲੀ ਦਲ ਦਾ ਕੋਈ ਹੋਰ ਨਾਮ ਹੋਵੇਗਾ ਜਾਂ ਇਸ ਦਾ ਨਾਮ ਵੀ ਸ਼ਰੋਮਣੀ ਅਕਾਲੀ ਦਲ ਹੀ ਹੋਵੇਗਾ? ਪੰਜ ਮੈੰਬਰੀ ਕਮੇਟੀ ਦੇ ਇਸ ਐਲਾਨ ਨਾਲ ਪੰਥਕ ਸਿਆਸਤ ਇਕ ਵਾਰ ਫਿਰ ਨਵੀਂਆਂ ਗੁੰਝਲਾਂ ਵਿੱਚ ਫਸ ਗਈ ਹੈ।