ਪੰਜਾਬੀ ਸੱਭਿਆਚਾਰ ਦੇ ਜਰਨੈਲ ਨੂੰ ਸਿਜਦਾ ਕਰਦਿਆਂ

ਸਰਬਜੀਤ ਧਾਲੀਵਾਲ
ਫੋਨ: 98141-23338
ਸਾਰੀ ਰਾਤ ਬੇਚੈਨੀ ‘ਚ ਗੁਜ਼ਰੀ। ਨੀਂਦ ਟੋਕਾ-ਟਾਕੀ ਕਰਦੀ ਰਹੀ। ਸਵੇਰੇ ਜਲਦੀ ਉੱਠ ਕੇ ਦੂਰ ਵਿਆਹ ‘ਤੇ ਜਾਣਾ ਸੀ। ਅਲਾਰਮ ਵੱਜਿਆ। ਕਾਹਲੀ-ਕਾਹਲੀ ‘ਚ ਤਿਆਰ ਹੋ ਕੇ ਚੰਡੀਗੜ੍ਹ ਦੇ 43- ਸੈਕਟਰ ਵਾਲੇ ਬੱਸ ਅੱਡੇ ਤੋਂ ਬੱਸ ਜਾ ਫੜੀ। ਕੰਡਕਟਰ ਨੇ ਸਮਝਾਇਆ ਕਿ ਜੰਡਿਆਲੇ ਗੁਰੂ ਉੱਤਰ ਕੇ ਤਰਨ ਤਾਰਨ ਵਾਲੀ ਬੱਸ ਫੜ ਲਿਓ।

ਖ਼ੈਰ ਪੰਜ ਘੰਟੇ ਦੇ ਥਕਾਊ ਸਫ਼ਰ ਤੋਂ ਬਾਅਦ ਤਰਨ ਤਾਰਨ ਤੋਂ ਅੰਮ੍ਰਿਤਸਰ ਜਾਂਦੀ ਸੜਕ ‘ਤੇ ਬਣੇ ਮੈਰਿਜ ਪੈਲੇਸ ਦੇ ਸਾਹਮਣੇ ਜਾ ਖੜ੍ਹਾ ਹੋਇਆ। ਇਕ ਵਾਰ ਫਿਰ ਕਾਰਡ ਦੇਖਿਆ। ਉਹੀ ਮੈਰਿਜ ਪੈਲੇਸ ਸੀ ਜਿਥੇ ਪਹੁੰਚਣਾ ਸੀ। ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ, ਇਸ ਕਰਕੇ ਪੈਲੇਸ ਦੇ ਅਗਲੇ ਵਿਹੜੇ ਵਿਚ ਕੀਤਾ ਇੰਤਜ਼ਾਮ ਥੋੜ੍ਹਾ ਉਖੜਿਆ ਪਿਆ ਸੀ।
ਪੈਲੇਸ ਦੇ ਹਾਲ ਅੰਦਰ ਵੜਦੇ ਹੀ ਰੂਹ ਖੁਸ਼ ਹੋ ਗਈ। ਸਫ਼ਰ ਦਾ ਸਾਰਾ ਥਕੇਵਾਂ ਮੈਰਿਜ ਪੈਲੇਸ ‘ਚ ਹੋਏ ਲੱਕੜ ਦੇ ਕਲਾਕਾਰੀ ਨਾਲ ਭਰਪੂਰ ਖੂਬਸੂਰਤ ਕੰਮ ਨੂੰ ਦੇਖ ਕੇ ਉੱਤਰ ਗਿਆ। ਕਾਫੀ ਪੀਣ ਦੀ ਬਜਾਏ ਮੇਰੀ ਨਜ਼ਰ ਵਾਰ-ਵਾਰ ਹਾਲ ‘ਚ ਲੱਗੀਆਂ ਅੱਖਾਂ ਨੂੰ ਸਕੂਨ ਪਹੁੰਚਾਣ ਵਾਲੀਆਂ ਪੇਂਟਿੰਗਜ਼ ਵੱਲ ਜਾ ਰਹੀ ਸੀ। ਹਾਲ ਵਿਚ ਹੋਇਆ ਲੱਕੜਸਾਜ਼ੀ ਦਾ ਕੰਮ ਤੇ ਇਸ ਉਪਰ ਲੱਗੀਆਂ ਪੇਂਟਿੰਗਜ਼ ਦੇਖ ਚਿੱਤ ਬਾਗੋ-ਬਾਗ਼ ਹੋ ਗਿਆ। ਸਾਰੀਆਂ ਪੇਂਟਿੰਗਜ਼ ਪੰਜਾਬੀ ਸੱਭਿਆਚਾਰ ਨਾਲ ਓਤ-ਪੋਤ ਸਨ। ਇਹ ਦੇਖਦੇ-ਦੇਖਦੇ ਮੇਰੀ ਨਜ਼ਰ ਇਕ ਪੰਜਾਬੀ ਮੁਟਿਆਰ ਵਾਲੀ ਪੇਂਟਿੰਗ ‘ਤੇ ਜਾ ਅਟਕੀ, ਜਿਸ ਨੂੰ ਦੇਖਦੇ ਸਾਰ ਮਨ ‘ਚ ਇਕ ਚੀਸ ਜਿਹੀ ਉਠੀ ਤੇ ਇਕ ਵਾਰ ਫਿਰ ਇਸ ਚਿੱਤਰ ਦਾ ਰਚੇਤਾ ਜਰਨੈਲ ਸਿੰਘ ਅੱਖਾਂ ਸਾਹਮਣੇ ਘੁੰਮ ਗਿਆ। ਪੇਂਟਿੰਗ ਰਾਹੀਂ ਜਰਨੈਲ ਸਿੰਘ ਨੂੰ ਸਿਜਦਾ ਕੀਤਾ ਤੇ ਉਨ੍ਹਾਂ ਉਦਾਸ ਪਲਾਂ ਦੇ ਰੂਬਰੂ ਹੋਇਆ ਜੋ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 19 ਦੇ ਗੁਰਦੁਆਰਾ ਵਿਚ ਜਰਨੈਲ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੁੰਦਿਆਂ ਬਿਤਾਏ ਸਨ। ਅਰਦਾਸ ‘ਚ ਗਿਣਤੀ ਦੇ ਬੰਦੇ ਹੀ ਸ਼ਾਮਿਲ ਸਨ। ਕੁਝ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਨੇੜਲੇ ਮਿੱਤਰ ਸਨ। ਜ਼ਿਆਦਾ ਅਫਸੋਸ ਇਸ ਗੱਲ ਦਾ ਸੀ ਕੀ ਜਿਨ੍ਹਾਂ ਦਾ ਅੱਜ ਇਥੇ ਆਉਣਾ ਬਣਦਾ ਸੀ ਉਹ ਨਹੀਂ ਸਨ ਆਏ।
ਸਰਦਾਰ ਜਰਨੈਲ ਸਿੰਘ ਕੋਈ ਆਮ ਜਿਹਾ ਆਰਟਿਸਟ ਨਹੀਂ ਸੀ। ਉਹ ਪੰਜਾਬੀ ਚਿੱਤਰਕਾਰੀ ਜਗਤ ਦਾ ਇਕ ਨਾਮੀ ਚਿਹਰਾ ਸੀ। ਜਰਨੈਲ ਸਿੰਘ ਉਸ ਸਰਦਾਰ ਕਿਰਪਾਲ ਸਿੰਘ ਦਾ ਪੁੱਤਰ ਸੀ ਜਿਸ ਨੇ ਸਿੱਖ ਇਤਿਹਾਸ ਨੂੰ ਚਿੱਤਰਕਾਰੀ ਰਾਹੀਂ ਲੋਕ ਮਨਾਂ ‘ਤੇ ਉਕਰ ਦਿੱਤਾ ਹੈ। ਮੈਨੂੰ ਨਹੀਂ ਲੱਗਦਾ ਕਿ ਸਿੱਖ ਇਤਿਹਾਸ ਦਾ ਕੋਈ ਸਰਦਾਰ ਕਿਰਪਾਲ ਸਿੰਘ ਤੋਂ ਵੱਡਾ ਚਿੱਤਰਕਾਰ ਹੋਇਆ ਹੈ। ਪੰਜਾਬੀ ਸੱਭਿਆਚਾਰ ਨੂੰ ਚਿਤਰਣ ‘ਚ ਸਰਦਾਰ ਜਰਨੈਲ ਸਿੰਘ ਵੀ ਆਪਣੇ ਪਿਤਾ ਜੀ ਦੇ ਹਾਣ ਦਾ ਹੈ। ਅੰਮ੍ਰਿਤਸਰ ‘ਚ ਹਰਮਿੰਦਰ ਸਾਹਿਬ ‘ਚ ਸੈਂਟਰਲ ਸਿੱਖ ਮਿਊਜ਼ੀਅਮ ਵਿਚ ਲੱਗੀਆਂ ਸਰਦਾਰ ਕਿਰਪਾਲ ਸਿੰਘ ਤੇ ਸਰਦਾਰ ਜਰਨੈਲ ਸਿੰਘ ਦੀਆਂ ਪੇਂਟਿੰਗਾਂ ਦੇ ਸਨਮੁਖ ਹੋ ਕੇ ਬੰਦਾ ਸਿੱਖ ਇਤਿਹਾਸ ਦੇ ਯੋਧਿਆਂ ਦੀ ਸੂਰਮਗਤੀ ਦੇ ਕਾਲਪਨਿਕ ਤੌਰ ‘ਤੇ ਪ੍ਰਤੱਖ ਖੜ੍ਹਾ ਮਹਿਸੂਸ ਕਰਦਾ ਹੈ। ਜੰਗ ਦੇ ਮੈਦਾਨ ਵਿਚ ਯੋਧੇ ਜੂਝਦੇ ਲੱਗਦੇ ਨੇ। ਸ਼ਮਸ਼ੀਰਾਂ ਦਾ ਖੜਾਕ ਸੁਣਾਈ ਦਿੰਦਾ। ਤਸਵੀਰਾਂ ਬੋਲਦੀਆਂ ਮਹਿਸੂਸ ਹੁੰਦੀਆਂ ਨੇ।
ਪੰਜਾਬੀ ਕੁੜੀਆਂ ਦੀ ਸ਼ਰਮਾਕਲ ਸੋਹਜਤਾ ਨੂੰ ਜਿਨ੍ਹਾਂ ਸਹਿਜ ਹੱਥਾਂ, ਡੂੰਘੀ ਨੀਜ਼ ਅਤੇ ਜੀਰਾਂਦ ਨਾਲ ਸਰਦਾਰ ਜਰਨੈਲ ਸਿੰਘ ਨੇ ਚਿਤਰਿਆ ਹੈ ਉਹ ਚਿੱਤਰਕਾਰ ਦੇ ਮਨ ਅੰਦਰਲੀ ਦਾਰਸ਼ਨਿਕਤਾ ਦੇ ਦਰਸ਼ਨ ਕਰਵਾਉਂਦੀ ਹੈ। ਉਸ ਨੇ ਪੰਜਾਬੀ ਮੁਟਿਆਰਾਂ ਦੀ ਮੜ੍ਹਕ ਤੇ ਨਖਰੇ ਦੇ ਦਰਸ਼ਨ ਵੀ ਆਪਣੇ ਚਿੱਤਰਾਂ ‘ਚ ਕਰਵਾਏ ਨੇ। ਜਰਨੈਲ ਸਿੰਘ ਦੀ ਖੂਬਸੂਰਤੀ ਇਹ ਹੈ ਕਿ ਉਸਦੇ ਚਿੱਤਰਾਂ ਨੂੰ ਵੇਖ ਕੇ ਮਨ ਰੂਹਾਨੀ ਪਲ ਹੰਢਾਉਣ ਲੱਗਦਾ ਹੈ। ਉਸਦੀ ਸੱਜ ਵਿਆਹੀ ਮੁਟਿਆਰ ਦੀ ਮੱਥੇ ‘ਤੇ ਟਿਕੇ, ਕੰਨਾਂ ‘ਚ ਕਾਂਟੇ, ਗੱਲ ‘ਚ ਲੌਕਟ ਤੇ ਫੁਲਕਾਰੀ ਵਾਲੀ ਪੇਂਟਿੰਗ ਨਾਲ ਤੁਸੀਂ ਘੰਟੇ ਬਿਤਾ ਸਕਦੇ ਹੋ। ਇਹ ਪੇਂਟਿੰਗ ਪੰਜਾਬੀ ਕੁੜੀਆਂ ਦੇ ਸੋਹਜ ਤੇ ਉਨ੍ਹਾਂ ਅੰਦਰਲੀ ਕੋਮਲਤਾ ਦੀ ਸਿਖਰ ਹੈ। ਮਸ਼ੀਨ ਦੇ ਯੁੱਗ ਨੇ ਬਹੁਤ ਕੁਝ ਉਲਟਾ-ਪੁਲਟਾ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਸਾਡੇ ਸੱਭਿਆਚਾਰ ‘ਤੇ ਪਿਆ ਹੈ। ਸੱਭਿਆਚਾਰ ‘ਚੋਂ ਬਹੁਤ ਕੁਝ ਅਲੋਪ ਹੋ ਰਿਹਾ ਹੈ। ਸੇਵੇਰੇ ਉਠ ਕੇ ਦੁੱਧ ਰਿੜ੍ਹਕਣਾ, ਮਧਾਣੀਆਂ ਦੀ ਗੜ੍ਹਗੜਾਹਟ, ਤਿਰੰਜਣ ‘ਚ ਮਿਲ ਬੈਠ ਚਰਖਾ ਕੱਤਦੀਆਂ ਕੁੜੀਆਂ ਦੇ ਗੀਤ ਤੇ ਖੂਹਾਂ ‘ਤੇ ਖੜਕਦੇ ਡੋਲ ਸਾਡੀ ਰੋਜ਼ਾਨਾ ਜ਼ਿੰਦਗੀ ‘ਚੋ ਮਨਫ਼ੀ ਹੁੰਦੇ ਜਾ ਰਹੇ ਨੇ। ਪਰ ਅਸੀਂ ਇਸ ਸਭ ਕੁੱਝ ਦੇ ਦਰਸ਼ਨ ਸਰਦਾਰ ਜਰਨੈਲ ਸਿੰਘ ਦੇ ਚਿੱਤਰਾਂ ਰਾਹੀਂ ਕਰਦੇ ਰਹਾਂਗੇ। ਉਸ ਨੇ ਆਪਣੇ ਬੁਰਸ਼ ਰਾਹੀਂ ਪੰਜਾਬੀ ਸੱਭਿਆਚਾਰ ਦਾ ਅਨਮੋਲ ਖਜ਼ਾਨਾ ਸਾਡੇ ਲਈ ਸਾਂਭ ਦਿੱਤਾ ਹੈ।
ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚਲਦਿਆਂ ਸ. ਜਰਨੈਲ ਸਿੰਘ ਨੇ ਸਿੱਖ ਇਤਿਹਾਸ ਨੂੰ ਵੀ ਚਿਤਰਿਆ ਹੈ। ਉਸਦੀ ਇਕ ਪੇਂਟਿੰਗ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਹੈ। ਜੰਗ ਦੇ ਮੈਦਾਨ ਵਿਚ ਘੋੜੇ ‘ਤੇ ਸਵਾਰ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਅਤੇ ਸ਼ਾਮ ਸਿੰਘ ਅਟਾਰੀ ਜਾ ਰਹੇ ਹਨ। ਨਾਲ ਖਾਲਸਾ ਫੌਜ ਹੈ। ਬਹੁਤਿਆਂ ਨੇ ਕੇਸਰੀ ਨਿਸ਼ਾਨ ਫੜੇ ਹੋਏ ਨੇ। ਇਹ ਚਿੱਤਰ ਸਿੱਖ ਰਾਜ ਦੀ ਯਾਦ ਨੂੰ ਉਘਾੜਦਾ ਹੈ। ਇਸ ਤਰ੍ਹਾਂ ਵੈਨਕੁਵਰ ਦੇ ਨਾਲ ਸਰੀ ਕਸਬੇ ਵਿਚ ਇਸ ‘ਪਿਕਸ’ ਨਾਂ ਦੀ ਇਮਾਰਤ, ਜਿਥੇ ਸੀਨੀਅਰ ਸਿਟੀਜ਼ਨ ਤੋਂ ਇਲਾਵਾ ਪ੍ਰਵਾਸੀਆਂ ਵਾਸਤੇ ਵੀ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਦੇ ਮੁੱਖ ਦੁਆਰ ‘ਤੇ ਜਰਨੈਲ ਸਿੰਘ ਦੁਆਰਾ ਕਾਮਾਗਾਟਾ ਮਾਰੂ ਇਤਿਹਾਸਕ ਘਟਨਾ ਨਾਲ ਸੰਬੰਧਤ ਮਿਊਰਲ ਬਣਾਇਆ ਹੋਇਆ ਹੈ। ਇਸ ਰਸਤੇ ‘ਤੇ ਗੁਜ਼ਰਦੇ ਹਜ਼ਾਰਾਂ ਲੋਕ ਇਸਨੂੰ ਹਰ ਰੋਜ਼ ਦੇਖਦੇ ਨੇ। ਕੋਈ ਦੋ ਦਹਾਕੇ ਪਹਿਲਾਂ ਜਰਨੈਲ ਸਿੰਘ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ ਸੀ। ਉਥੇ ਉਸ ਨੇ ਜਰਨੈਲ ਆਰਟਸ ਨਾਮ ਦੀ ਸਰੀ (ਵੈਨਕੁਵਰ ਦੇ ਨਾਲ) ਆਪਣੀ ਆਰਟ ਗੈਲਰੀ ਸਥਾਪਤ ਕੀਤੀ। ਹੌਲੀ-ਹੌਲੀ ਇਹ ਆਰਟ ਗੈਲਰੀ ਸਾਹਿਤ, ਕਲਾ ਤੇ ਸਮਾਜ ਸੇਵਾ ਨਾਲ ਜੁੜੇ ਲੋਕਾਂ ਦਾ ਅੱਡਾ ਬਣ ਗਈ। ਇੱਥੇ ਬਹਿ ਕੇ ਹੀ ਕਲਾਕਾਰ, ਸਾਹਿਤਕਾਰ ਬਹੁਤ ਸਾਰੀਆਂ ਚਰਚਾਵਾਂ ਕਰਦੇ ਰਹੇ ਨੇ। ਪੰਜਾਬੋਂ ਭਰਮਣ ‘ਤੇ ਗਏ ਕਲਾਕਾਰ, ਪੱਤਰਕਾਰ ਤੇ ਸਾਹਿਤਕਾਰ ਵੀ ਇਥੇ ਹੀ ਮਿਲ ਬੈਠਦੇ ਨੇ। ਕੁਝ ਸਾਲ ਕੈਨੇਡਾ ਫੇਰੀ ਸਮੇਂ ਮੈਂ ਵੀ ਜਸਵੰਤ ਬਰਾੜ, ਜਗਰੂਪ ਬਰਾੜ, ਜਰਨੈਲ ਸਿੰਘ ਨੂੰ ਪੱਤਰਕਾਰ ਗੁਰਪ੍ਰੀਤ ਸਿੰਘ ਦੇ ਨਾਲ ਇਸੇ ਗੈਲਰੀ ‘ਚ ਮਿਲਿਆ ਸੀ। ਪਰ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ‘ਚ ਮੈਂ ਜਰਨੈਲ ਸਿੰਘ ਨੂੰ ਮਿਲ ਚੁੱਕਿਆ ਸੀ।
ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰ ਜ਼ੀਰਾ ‘ਚ 1956 ‘ਚ ਜੰਮੇ ਜਰਨੈਲ ਸਿੰਘ ਨੇ ਚਿੱਤਰਕਾਰੀ ਦੀ ਮੁਹਾਰਤ ਆਪਣੇ ਪਿਤਾ ਕਿਰਪਾਲ ਸਿੰਘ ਤੋਂ ਹਾਸਲ ਕੀਤੀ। ਜਰਨੈਲ ਸਿੰਘ ਦੇ ਚੇਹਰੇ ‘ਤੇ ਫੌਜੀ ਜਰਨੈਲਾਂ ਵਰਗਾ ਜਲੌਅ ਸੀ, ਪਰ ਹਿਰਦੇ ਵਿਚ ਕੋਮਲਤਾ ਨਾਲ ਭਰਿਆ ਸੁੰਦਰ ਲਾਲ ਗੁਲਾਬ ਦੇ ਫੁੱਲਾਂ ਵਾਂਗੂ ਖਿੜਿਆ ਸੰਸਾਰ। ਆਪਣੇ ਦੁਨਿਆਵੀ ਸਫ਼ਰ ਦੌਰਾਨ ਉਸਨੂੰ ਆਪਣੀ ਜਨਮ-ਭੂਮੀ ਪੰਜਾਬ ਤੇ ਬਾਅਦ ‘ਚ ਬਣੀ ਕਰਮ ਭੂਮੀ ਕੈਨੇਡਾ ‘ਚ ਅਨੇਕਾਂ ਮਾਣ-ਸਨਮਾਨ ਮਿਲੇ। ਕਲਾ ਦੇ ਪਾਰਖੂਆਂ ਨੇ ਉਸ ਦੇ ਕੰਮ ਦੀ ਸ਼ਲਾਘਾ ਆਪਣੇ-ਆਪਣੇ ਢੰਗ ਨਾਲ ਕੀਤੀ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਰਭਜਨ ਹਲਵਾਰਵੀ ਨੇ ਇਕ ਵਾਰ ਉਸ ਬਾਰੇ ਲਿਖਿਆ ਸੀ “ਉਸ ਦੀਆਂ ਕਲਾ ਕਿਰਤਾਂ ਸਾਨੂੰ ਆਪਣੇ ਪਿਛੋਕੜ ਦੇ ਐਨ ਨੇੜੇ ਲੈ ਜਾਂਦੀਆਂ ਹਨ। ਉਨ੍ਹਾਂ ਵਿਚ ਧੜਕਦਾ ਪੰਜਾਬੀ ਜੀਵਨ ਹੈ, ਜਾਨ ਹੈ, ਜਬ੍ਹਾ ਹੈ, ਖੂਬਸੂਰਤੀ ਤੇ ਨਜ਼ਾਕਤ ਹੈ, ਬਹੁਰੰਗੀ ਵਿਵਧਤਾ ਹੈ। ਜਰਨੈਲ ਸਿੰਘ ਦੇ ਚਿੱਤਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਗੁਰਦਾਸ ਮਾਨ ਨੇ ਕਿਹਾ ਸੀ “ਸਿੱਖ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਚਿੱਤਰਕਾਰ ਜਰਨੈਲ ਸਿੰਘ ਦੀਆਂ ਪੇਂਟਿੰਗਜ਼ ਉਸਦੇ ਘਰ ਦੇਖਣ ਜਾਣਾ ਵੀ ਕਿਸੇ ਧਰਮ ਅਸਥਾਨ ਜਾਣ ਦੇ ਬਰਾਬਰ ਹੈ।” ਉਨ੍ਹਾਂ ਦੇ ਕੰਮ ਦਾ ਜ਼ਿਕਰ ਕਰਦੇ ਹੋਏ ਕਈ ਅਖਬਾਰਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ‘ਚ ਲੇਖ ਵੀ ਛਾਪੇ। ਬੀਰ ਰਸ ਤੇ ਸ਼ਿੰਗਾਰ ਰਸ ਉਨ੍ਹਾਂ ਦੀਆਂ ਕਿਰਤਾਂ ਦਾ ਵਿਸ਼ੇਸ਼ ਪਹਿਲੂ ਰਿਹਾ ਹੈ। ਇਸ ਪਰਿਵਾਰ ਨੂੰ ਸਿੱਖ ਸਕੂਲ ਆਫ ਪੇਂਟਿੰਗਜ਼ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀ ਚਿੱਤਰਕਾਰੀ ‘ਚ ਪੰਜਾਬ ਦੀ ਆਤਮਾ ਦੇ ਝਲਕਾਰੇ ਪੈਂਦੇ ਨੇ।
ਜਰਨੈਲ ਸਿੰਘ ਦੇ ਬਣਾਏ ਚਿੱਤਰ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ, ਪੰਜਾਬ ਵਾਰ ਮਿਊਜ਼ੀਅਮ ਲੁਧਿਆਣਾ, ਇੰਡੀਅਨ ਅੰਬੈਸੀ ਨਿਊਯਾਰਕ, ਮਿਊਜ਼ੀਅਮ ਆਫ ਰੂਰਲ ਪੰਜਾਬ, ਪੀ.ਏ.ਯੂ, ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ, ਮਾਰਕਫੈੱਡ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਜਪਾਨ, ਆਸਟ੍ਰੇਲੀਆ, ਮਲਾਇਆ, ਆਸਟਰੀਆ, ਸਿੰਗਾਪੁਰ, ਜਰਮਨੀ ਤੇ ਹੋਰ ਥਾਵਾਂ ਗੁਰਦੁਆਰਿਆਂ ਵਿਚ ਲੱਗੇ ਹੋਏ ਹਨ। ਉਸ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਦੁਨੀਆਂ ਦੀ ਵੱਡੀਆਂ ਆਰਟ ਗੈਲਰੀਆਂ ‘ਚ ਲੱਗ ਚੁੱਕੀ ਹੈ। ਉਸ ਨੇ ਪੇਂਟਿੰਗਜ਼ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਇਨ੍ਹਾਂ ‘ਚ ਪੰਜਾਬੀ ਪੇਂਟਰਜ਼, ਪੇਂਟਰਜ਼ ਆਫ ਸਿੱਖ ਹਿਸਟਰੀ ਸ਼ਾਮਿਲ ਹਨ। ਉਹ ਕਈ ਸਾਲ ਚਿੱਤਰਕਾਰੀ ਬਾਰੇ ਅਲੱਗ-ਅਲੱਗ ਅਖਬਾਰਾਂ ਵਿਚ ਵੀ ਲਿਖਦੇ ਰਹੇ। ਉਸ ਨੂੰ ਅਨੇਕਾਂ ਸਮਾਜਿਕ ਤੇ ਕਲਾਕਾਰੀ ਦੇ ਖੇਤਰ ‘ਚ ਕਮ ਕਰ ਰਹੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ। ਜਰਨੈਲ ਸਿੰਘ ਇਕ ਅੱਛਾ ਫੋਟੋਗ੍ਰਾਫਰ ਵੀ ਸੀ ਤੇ ਬਹੁਤ ਸਾਰੀਆਂ ਫੋਟੋਗਰਾਫੀ ਨਾਲ ਸੰਬੰਧਿਤ ਸੰਸਥਾਵਾਂ ਦਾ ਮੈਂਬਰ ਸੀ।
ਜਰਨੈਲ ਸਿੰਘ ਦੇ ਪਿਤਾ ਕਿਰਪਾਲ ਸਿੰਘ ਜੀ ਮਸ਼ਹੂਰ ਆਈ.ਏ.ਐਸ. ਅਫਸਰ ਮੋਹਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀਆਂ ਵਿਚੋਂ ਇਕ ਸਨ। ਰੰਧਾਵਾ ਵੱਡਾ ਆਦਮੀ ਸੀ ਤੇ ਉਸਨੇ ਪੰਜਾਬ ਲਈ ਵੱਡੇ ਕੰਮ ਕੀਤੇ ਨੇ। ਉਹ ਕਲਾ ਦਾ ਤੇ ਕਲਾਕਾਰਾਂ ਦਾ ਵੱਡਾ ਪਾਰਖੂ ਤੇ ਪ੍ਰਸ਼ੰਸਕ ਸੀ। ਰੰਧਾਵਾ ਨੇ ਕਿਰਪਾਲ ਸਿੰਘ ਨੂੰ ਕਹਿ ਕੇ ਕਈ ਪੇਂਟਿੰਗਜ਼ ਬਣਵਾਈਆਂ ਸਨ। ਸ. ਸਵਰਨ ਸਿੰਘ ਬੋਪਾਰਾਏ ਨੂੰ ਇਕ ਵਾਰ ਮੋਹਿੰਦਰ ਸਿੰਘ ਰੰਧਾਵਾ ਨੇ ਫੋਨ ਕਰ ਕੇ ਕਿਹਾ ਸੀ ਕਿ ਉਹ ਸਰਦਾਰ ਕਿਰਪਾਲ ਸਿੰਘ ਨੂੰ ਮੁਦਕੀ, ਫਿਰੋਜ਼ਸ਼ਾਹ ਤੇ ਸਭਰਾਵਾਂ ਨਾਲ ਲੈ ਕੇ ਜਾਵੇ ਤੇ ਉਹ ਥਾਵਾਂ ਦਿਖਾਵੇ ਜਿੱਥੇ ਅੰਗਰੇਜ਼ਾਂ ਨਾਲ ਫ਼ੈਸਲਾਕੁਨ ਲੜਾਈਆਂ ਲੜੀਆਂ ਗਈਆਂ ਸਨ। ਉਸ ਸਮੇਂ ਬੋਪਾਰਾਏ ਫਿਰੋਜ਼ਪੁਰ ਜ਼ਿਲ੍ਹੇ ਦੇ ਡੀ.ਸੀ. ਲੱਗੇ ਹੋਏ ਸਨ। ਇਨ੍ਹਾਂ ਥਾਵਾਂ ਦਾ ਚੱਕਰ ਲਗਾਉਣ ਤੋਂ ਬਾਅਦ ਹੀ ਕਿਰਪਾਲ ਸਿੰਘ ਨੇ ਇਨ੍ਹਾਂ ਥਾਵਾਂ ‘ਤੇ ਹੋਈਆਂ ਲੜਾਈਆਂ ਬਾਰੇ ਬਹੁਤ ਹੀ ਵਧੀਆ ਪੇਂਟਿੰਗਜ਼ ਤਿਆਰ ਕੀਤੀਆਂ। ਸਰਦਾਰ ਕਿਰਪਾਲ ਸਿੰਘ ਕਾਲਾ ਚੋਗਾ ਪਾ ਕੇ ਰੱਖਦੇ ਸੀ।
ਸਰਦਾਰ ਕਿਰਪਾਲ ਸਿੰਘ ਦੀ ਸ਼ਾਨਾਮੱਤੀ ਵਿਰਾਸਤ ਦੇ ਵਾਰਿਸ ਜਰਨੈਲ ਸਿੰਘ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਉਮੀਦ ਹੈ ਕਿ ਜਰਨੈਲ ਸਿੰਘ ਦੀ ਪਤਨੀ ਬੀਬੀ ਬਲਜੀਤ ਕੌਰ ਤੇ ਉਨ੍ਹਾਂ ਦੀ ਧੀ ਨੀਤੀ ਸਿੰਘ ਤੇ ਪੁੱਤਰ ਜੁਝਾਰ ਸਿੰਘ ਇਸ ਵਿਰਾਸਤ ਦਾ ਝੰਡਾ ਬੁਲੰਦ ਰੱਖਣਗੇ। ਬੀਬੀ ਬਲਜੀਤ ਕੌਰ ਦੇ ਹੱਥ ‘ਚ ਚਿੱਤਰਕਾਰਾਂ ਵਾਲੀ ਕਲਾ ਹੈ ਤੇ ਉਹ ਇਸ ਵਿਰਾਸਤ ਦੇ ਝੰਡਾਬਰਦਾਰ ਬਣ ਸਕਦੀ ਹੈ। ਨੀਤੀ ਸਿੰਘ ਤੇ ਜੁਝਾਰ ਸਿੰਘ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਣ ਲਈ ਮਿਹਨਤ ਕਰ ਰਹੇ ਨੇ। ਸ਼ਰਧਾਂਜਲੀ ਸਮਾਰੋਹ ‘ਤੇ ਬੋਲਦੇ ਸਮੇਂ ਦਲਜੀਤ ਸਿੰਘ ਸਰਾਂ ਨੇ ਇਹ ਬੇਨਤੀ ਬਲਜੀਤ ਕੌਰ ਨੂੰ ਕੀਤੀ ਸੀ ਕਿ ਕਿਰਪਾਲ ਸਿੰਘ ਤੇ ਜਰਨੈਲ ਸਿੰਘ ਦੀ ਵਿਰਾਸਤ ਦੀ ਸੰਭਾਲ ਦੀ ਜ਼ਿੰਮੇਵਾਰੀ ਹੁਣ ਉਸ ਦੇ ਮੋਢਿਆਂ ‘ਤੇ ਹੈ।
ਉਪਰ ਮੈਂ ਸਰਦਾਰ ਜਰਨੈਲ ਸਿੰਘ ਦੀ ਅੰਤਿਮ ਅਰਦਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਇਸ ਵਿਚ ਕੁੱਝ ਗਿਣਤੀ ਦੇ ਲੋਕ ਹੀ ਸ਼ਾਮਿਲ ਸਨ। ਅਸਲ ਵਿਚ ਜਦੋਂ ਸੈਕਟਰ 19 ਦੇ ਗੁਰਦੁਆਰੇ ਵੱਲ ਨੂੰ ਚੱਲਿਆ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਉਥੇ ਬਹੁਤ ਭੀੜ ਹੋਵੇਗੀ ਤੇ ਸ਼ਹਿਰ ਦੇ ਕਲਾ ਨੂੰ ਪ੍ਰਣਾਏ, ਸਾਹਿਤ ਦੇ ਧਨੀ, ਸਿੱਖ ਇਤਿਹਾਸ ਨਾਲ ਸੰਬੰਧਿਤ ਸ਼ਖ਼ਸੀਅਤਾਂ, ਕੋਮਲ ਕਲਾਵਾਂ ਨਾਲ ਜੁੜੇ ਲੋਕਾਂ ਦੇ ਦਰਸ਼ਨ ਹੋਣਗੇ। ਉਹ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਲਾਈਨ ਬਣਾਈ ਖੜ੍ਹੇ ਹੋਣਗੇ। ਇਹ ਅਸਲ ‘ਚ ਮੇਰਾ ਭਰਮ ਹੀ ਸੀ। ਕੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਪ੍ਰਤੀਨਿਧ ਸਿੱਖ ਇਤਿਹਾਸ ਦੀ ਰੂਹ ਨਾਲ ਜੁੜੇ ਪਰਿਵਾਰ ਦੇ ਰੰਗਲੇ ਸੱਜਣ ਜਰਨੈਲ ਸਿੰਘ ਦੇ ਭੋਗ ‘ਚ ਸ਼ਾਮਿਲ ਹੋਣ ਲਈ ਨਹੀਂ ਸੀ ਭੇਜਣਾ ਚਾਹੀਦਾ? ਕੀ ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀਆਂ ਨੂੰ ਉਸਦੀ ਅੰਤਿਮ ਅਰਦਾਸ ‘ਚ ਸ਼ਾਮਿਲ ਨਹੀਂ ਸੀ ਹੋਣਾ ਚਾਹੀਦਾ? ਕੀ ਪੰਜਾਬ ਸਰਕਾਰ ਦਾ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਉਥੇ ਹਾਜ਼ਰ ਨਹੀਂ ਸੀ ਹੋਣਾ ਚਾਹੀਦਾ? ਅਨੇਕਾਂ ਇਸ ਤਰ੍ਹਾਂ ਦੇ ਸਵਾਲ ਜ਼ਿਹਨ ‘ਚ ਘੁੰਮ ਰਹੇ ਨੇ।
ਪਰ ਸਾਡੇ ਸਮਿਆਂ ਦੇ ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਇਸਨੂੰ ਆਪਣੇ ਨਾਇਕਾਂ ਦੀ ਪਛਾਣ ਕਰਨੀ ਭੁੱਲ ਗਈ ਹੈ। ਜੋ ਸਾਡੇ ਸਮਾਜ ਦੇ ਵੱਡੇ ਖਲਨਾਇਕ ਨੇ ਤੇ ਜਿਨ੍ਹਾਂ ਨੇ ਪੰਜਾਬ ਨੂੰ ਮਧੋਲ ਕੇ ਰੱਖ ਦਿੱਤਾ, ਉਹ ਇਸ ਵੇਲੇ ਸਾਡੇ ਆਮ ਲੋਕਾਂ ਦੇ ਨਾਇਕ ਬਣ ਬੈਠੇ ਨੇ। ਉਨ੍ਹਾਂ ਦੇ ਭੋਗਾਂ ‘ਤੇ, ਉਨ੍ਹਾਂ ਦੇ ਸਮਾਜਿਕ ਸਮਾਗਮਾਂ ‘ਤੇ ਲੋਕ ਉਲਰ-ਉਲਰ ਡਿਗਦੇ ਨੇ। ਆਪਣੀ ਹਾਜ਼ਰੀ ਲਵਾਉਣ ਲਈ ਹਰ ਹੀਲਾ ਵਰਤਦੇ ਨੇ। ਅਜਿਹੇ ਸਮਿਆਂ ‘ਚ ਜਰਨੈਲ ਸਿੰਘ ਵਰਗਿਆਂ ਦੀ ਕੀਹਨੇ ਕਦਰ ਕਰਨੀ ਸੀ।