ਯੂਕਰੇਨ-ਰੂਸ ਯੁੱਧ ਅਤੇ ਅਮਰੀਕਾ ਦੀਆਂ ਬਦਲ ਰਹੀਆਂ ਤਰਜੀਹਾਂ

ਬੂਟਾ ਸਿੰਘ ਮਹਿਮੂਦਪੁਰ
ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਪ ਰਾਸ਼ਟਰਪਤੀ ਜੇਡੀ ਵੇਨਜ਼ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਵ੍ਹਾਈਟ ਹਾਊਸ ਵਿਖੇ ਤਿੱਖੀ ਬਹਿਸ ਦੁਨੀਆ ਭਰ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 28 ਫਰਵਰੀ ਨੂੰ ਜ਼ੇਲੈਂਸਕੀ ਯੂਕਰੇਨੀ ਖਣਿਜ ਭੰਡਾਰਾਂ ਦੇ ਸੌਦੇ ਲਈ ਵ੍ਹਾਈਟ ਹਾਊਸ ਗਿਆ ਸੀ। ਟਰੰਪ ਦਾ ਸਖ਼ਤ ਸੰਦੇਸ਼ ਸੀ, ਅਸੀਂ ਜੋ ਵੀ ਕਹਿ ਰਹੇ ਹਾਂ, ਮੰਨ ਲੈ, ਅਮਰੀਕਾ ਹੁਣ ਯੁੱਧ ’ਚ ਯੂਕਰੇਨ ਦਾ ਸਾਥ ਨਹੀਂ ਦੇਵੇਗਾ। ਪ੍ਰੈੱਸ ਕਾਨਫਰੰਸ ਲਾਈਵ ਹੋਣ ਕਾਰਨ ਟਰੰਪ-ਵੇਨਜ਼ ਦੀ ਅਗਵਾਈ ਹੇਠ ਅਮਰੀਕੀ ਸਾਮਰਾਜੀ ਹਕੂਮਤ ਦਾ ਕਰੂਰ ਰੂਪ ਅਤੇ ਬਦਲਿਆ ਰੁਖ਼ ਕੁਲ ਦੁਨੀਆ ਨੇ ਦੇਖਿਆ।

ਟਰੰਪ ਨੂੰ ਕਥਿਤ ਲੋਕਤੰਤਰ ਲਈ ਨਹਿਸ਼ ਵਰਤਾਰਾ ਮੰਨਣ ਵਾਲੇ ਬਹੁਤ ਸਾਰੇ ਰਾਜਨੀਤਕ ਵਿਸ਼ਲੇਸ਼ਣਕਾਰ ਖ਼ੁਸ਼ ਹਨ ਕਿ ਘੱਟੋ-ਘੱਟ ਕਿਸੇ ਮੁਲਕ ਦੇ ਮੁਖੀ ਨੇ ਤਾਂ ਹੰਕਾਰੇ ਹੋਏ ਟਰੰਪ ਅੱਗੇ ਅੜਣ ਦੀ ਜ਼ੁਅਰਤ ਦਿਖਾਈ ਹੈ। ਭਾਰਤ ਦੇ ਕਈ ਸੰਜੀਦਾ ਮੀਡੀਆ ਵਿਸ਼ਲੇਸ਼ਣਕਾਰਾਂ ਵੱਲੋਂ ਜ਼ੇਲੈਂਸਕੀ ਦੀ ਖ਼ਾਸ ਤੌਰ ’ਤੇ ਤਾਰੀਫ਼ ਕੀਤੀ ਜਾ ਰਹੀ ਹੈ ਜੋ ਸਮਝਦੇ ਹਨ ਕਿ ਹਾਲ ਹੀ ਵਿਚ ‘ਵਿਸ਼ਵ ਗੁਰੂ’ ਬਣਨ ਦੀਆਂ ਫੜ੍ਹਾਂ ਮਾਰਨ ਵਾਲੇ ਨਰਿੰਦਰ ਮੋਦੀ ਨੇ ਟਰੰਪ-ਮਸਕ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਅਤੇ ਚਾਪਲੂਸੀ ਕਰ ਕੇ ਭਾਰਤ ਨੂੰ ਸ਼ਰਮਸਾਰ ਕੀਤਾ ਹੈ।
ਇਸ ਘਟਨਾਕ੍ਰਮ ਨੇ ਇਹ ਦਿਖਾ ਦਿੱਤਾ ਹੈ ਕਿ ਸਾਮਰਾਜੀਆਂ, ਖ਼ਾਸ ਕਰਕੇ ਅਮਰੀਕੀ ਸਟੇਟ ਦੀਆਂ ਨਜ਼ਰਾਂ ’ਚ ਯੂਕਰੇਨ, ਭਾਰਤ ਵਰਗੇ ਮੁਲਕਾਂ ਦੇ ਹੁਕਮਰਾਨਾਂ ਦੀ ਔਕਾਤ ਕੀ ਹੈ। ਵੈਸੇ ਵੀ ਆਪਣੀ ਰੀਅਲਟਰ ਖ਼ਬਤ ਅਨੁਸਾਰ ਟਰੰਪ ਮੁਲਕਾਂ ਦੀ ਹੋਂਦ ਮਿਟਾ ਕੇ ਮਹਿਜ਼ ਸੈਰ-ਸਪਾਟੇ ਦੇ ਸਥਾਨ ਜਾਂ ਰਿਸੋਰਸ ਬਸਤੀਆਂ ਬਣਾ ਦੇਣ ਦੀ ਸੋਚ ਰੱਖਦਾ ਹੈ। ਗਾਜ਼ਾ, ਕੈਨੇਡਾ, ਯੂਕਰੇਨ ਬਾਰੇ ਉਸਦੇ ਬਿਆਨਾਂ ਵਿਚ ਉਸਦੀ ਇਹ ਸੋਚ ਬਿਲਕੁਲ ਸਪੱਸ਼ਟ ਹੈ।
ਸੱਤਾ ’ਚ ਆਉਂਦਿਆਂ ਹੀ ਟਰੰਪ ਨੇ ਲੋਕ ਵਿਰੋਧੀ ਘਰੋਗੀ ਨੀਤੀਆਂ ਦੇ ਨਾਲੋ-ਨਾਲ ਦੁਨੀਆ ਵਿਰੁੱਧ ਟਰੇਡ ਯੁੱਧ ਦੇ ਵੱਖ-ਵੱਖ ਤਰ੍ਹਾਂ ਦੇ ਮੋਰਚੇ ਖੋਲ੍ਹ ਦਿੱਤੇ ਸਨ। ਇਸੇ ਤਰ੍ਹਾਂ ਹੀ ਜ਼ੇਲੈਂਸਕੀ ਨੂੰ ‘ਮਾਮੂਲੀ ਕਾਮੇਡੀਅਨ’, ‘ਤਾਨਾਸ਼ਾਹ’ ਕਹਿ ਕੇ ਭੰਡਣਾ ਸ਼ੁਰੂ ਕਰਨ ਨਾਲ ਅਮਰੀਕਾ ਦੀ ਯੂਕਰੇਨ ਨੀਤੀ ਵਿਚ ਬਦਲਾਅ ਦੇ ਸੰਕੇਤ ਨਜ਼ਰ ਆਉਣੇ ਸ਼ੁਰੂ ਹੋ ਗਏ ਸਨ। ਹੁਣ ਪ੍ਰੈੱਸ ਕਾਨਫਰੰਸ ਵਿਚ ਤਾਂ ਟਰੰਪ ਨੇ ਸਿੱਧਾ ਕਹਿ ਦਿੱਤਾ ਕਿ ਜ਼ੇਲੈਂਸਕੀ ਸਮੇਂ ਸਿਰ ਚੋਣਾਂ ਕਰਾਏ ਬਿਨਾਂ ਹੀ ਰਾਸ਼ਟਰਪਤੀ ਬਣਿਆ ਹੋਇਆ ਹੈ ਅਤੇ ਉਸ ਨੂੰ ਸਿਰਫ਼ 5% ਯੂਕਰੇਨੀ ਲੋਕਾਂ ਦੀ ਹਮਾਇਤ ਹਾਸਲ ਹੈ। ਟਰੰਪ ਜੁੰਡਲੀ ਵੱਲੋਂ ਦੂਜੇ ਮੁਲਕ ਦੇ ਰਾਸ਼ਟਰਪਤੀ ਨੂੰ ਗੱਲਬਾਤ ਲਈ ਬੁਲਾ ਕੇ ਲਾਈਵ ਪ੍ਰੈੱਸ ਕਾਨਫਰੰਸ ਵਿਚ ਨਹਾਇਤ ਬਦਤਮੀਜ਼ੀ ਨਾਲ ਪੇਸ਼ ਆਉਣਾ ਅਤੇ ਜੰਗੀ ਮੱਦਦ ਬਦਲੇ ਦੂਜੇ ਮੁਲਕ ਦੇ ਕੁਦਰਤੀ ਵਸੀਲਿਆਂ ਉੱਪਰ ਡਾਕਾ ਮਾਰਨ ਦਾ ਖੁੱਲ੍ਹੇਆਮ ਐਲਾਨ ਬੇਹੱਦ ਨਿਖੇਧੀਯੋਗ ਹੈ। ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜ਼ੇਲੈਂਸਕੀ ਦੀ ਭੂਮਿਕਾ ਕੀ ਰਹੀ ਹੈ। ਉਹ ਰੂਸ ਨਾਲ ਟੱਕਰ ਲੈਣ ਲਈ ਅਮਰੀਕੀ ਅਗਵਾਈ ਹੇਠਲੇ ਜੰਗਬਾਜ਼ ਨਾਟੋ ਗੁੱਟ ਦਾ ਮੋਹਰਾ ਬਣ ਕੇ ਯੂਕਰੇਨ ਨੂੰ ਯੁੱਧ ਅਤੇ ਤਬਾਹੀ ਦੇ ਮੂੰਹ ਧੱਕਣ ਲਈ ਜ਼ਿੰਮੇਵਾਰ ਹੈ। ਪਿਛਲੇ ਤਿੰਨ ਸਾਲ ਤੋਂ ਚੱਲ ਰਹੇ ਯੁੱਧ ਨਾਲ ਯੂਕਰੇਨ ਦੀ ਭਿਆਨਕ ਜਾਨੀ-ਮਾਲੀ ਤਬਾਹੀ ਸਭ ਦੇ ਸਾਹਮਣੇ ਹੈ। ਵਾਸ਼ਿੰਗਟਨ ਖ਼ੁਦ ਉਸ ਨੂੰ ਨਾਇਕ ਬਣਾ ਕੇ ਪੇਸ਼ ਕਰਦਾ ਰਿਹਾ ਹੈ।
ਯੂਕਰੇਨ ਦੇ ਖਣਿਜ ਭੰਡਾਰਾਂ ਬਾਰੇ ਸੌਦਾ ਲੱਗਭੱਗ ਹੋ ਗਿਆ ਸੀ। ਟਰੰਪ ਵੱਲੋਂ ਰੂਸ ਨਾਲ ਸਮਝੌਤਾ ਕਰ ਲੈਣ ਲਈ ਪਾਈ ਜਾ ਰਹੇ ਦਬਾਅ ਕਾਰਨ ਤਲਖ਼ੀ ਪੈਦਾ ਹੋ ਗਈ। ਟਰੰਪ ਨੇ ਜ਼ੇਲੈਂਸਕੀ ਦੀ ਰੂਸ ਤੋਂ ਸੁਰੱਖਿਆ ਦੀ ਗਾਰੰਟੀ ਦੀ ਮੰਗ ਠੁਕਰਾ ਦਿੱਤੀ ਅਤੇ ਉਸ ਨੂੰ ਪ੍ਰੈੱਸ ਦੇ ਸਾਹਮਣੇ ਜ਼ਲੀਲ ਕਰਦਿਆਂ ਸਾਫ਼ ਕਿਹਾ ਕਿ ਸਾਡੀ ਮੱਦਦ ਤੋਂ ਬਿਨਾਂ ਯੂਕਰੇਨ ਰੂਸ ਵਿਰੁੱਧ ਯੁੱਧ ਵਿਚ ਇਕ ਦਿਨ ਵੀ ਨਹੀਂ ਸੀ ਟਿਕ ਸਕਦਾ। ਟਰੰਪ ਧਮਕਾ ਰਿਹਾ ਸੀ ਕਿ ਰੂਸ ਵਿਰੁੱਧ ਯੁੱਧ ਵਿਚ ਅਮਰੀਕੀ ਸਟੇਟ ਨੇ 350 ਅਰਬ ਡਾਲਰ ਦਿੱਤੇ ਹਨ (ਅੰਕੜੇ ਟਰੰਪ ਦੇ ਇਸ ਦਾਅਵੇ ਨੂੰ ਝੁਠਲਾਉਂਦੇ ਹਨ, ਅਸਲ ਰਕਮ 175 ਅਰਬ ਡਾਲਰ ਵਿਚੋਂ ਵੀ ਸਿਰਫ਼ 43 ਅਰਬ ਡਾਲਰ ਸਹਾਇਤਾ ਵਜੋਂ ਖ਼ਰਚਿਆ ਗਿਆ ਹੈ।), ਕਿਉਂਕਿ ਯੂਕਰੇਨ ਇਹ ਕਰਜ਼ਾ ਮੋੜਨ ਦੀ ਹਾਲਤ ਵਿਚ ਨਹੀਂ ਹੈ, ਇਸ ਲਈ ਉਸ ਦੇ ਬਦਲੇ ਯੂਕਰੇਨ ਆਪਣੇ ਦੁਰਲੱਭ ਖਣਿਜਾਂ ਦੇ ਕੁਦਰਤੀ ਭੰਡਾਰ ਅਮਰੀਕਾ ਦੇ ਹਵਾਲੇ ਕਰੇ। ਨਾਲ ਹੀ ਜ਼ੇਲੈਂਸਕੀ ਸਰਕਾਰ ਨੂੰ ਰੂਸ ਨਾਲ ਟਰੰਪ ਸਰਕਾਰ ਦੀ ਮਰਜ਼ੀ ਅਨੁਸਾਰ ‘ਯੁੱਧਬੰਦੀ’ ਸਮਝੌਤਾ ਕਰਨਾ ਪਵੇਗਾ ਅਤੇ ਉਨ੍ਹਾਂ ਇਲਾਕਿਆਂ (‘ਨਵੇਂ ਰੂਸੀ ਇਲਾਕਿਆਂ’) ਉੱਪਰ ਯੂਕਰੇਨ ਦਾ ਦਾਅਵਾ ਛੱਡਣਾ ਪਵੇਗਾ ਜਿਨ੍ਹਾਂ ਉੱਪਰ ਪੁਤਿਨ ਦੀਆਂ ਫ਼ੌਜਾਂ ਨੇ ਕਬਜ਼ਾ ਕੀਤਾ ਹੋਇਆ ਹੈ। ਟਰੰਪ-ਵੇਨਜ਼ ਦਾ ਮਨੋਰਥ ਇਕ ਤਰ੍ਹਾਂ ਨਾਲ ਜ਼ੇਲੈਂਸਕੀ ਉੱਪਰ ਯੂਕਰੇਨ ਨਾਲ ਸੰਬੰਧਤ ਪੁਤਿਨ ਦੀਆਂ ਪ੍ਰਮੁੱਖ ਮੰਗਾਂ ਥੋਪਣਾ ਹੀ ਸੀ ਕਿ ਯੂਕਰੇਨ ਰੂਸ ਵੱਲੋਂ ਕਬਜ਼ਾ ਕੀਤੇ ਇਲਾਕਿਆਂ ਮੁੜ ਯੂਕਰੇਨ ਨੂੰ ਵਾਪਸ ਮੋੜੇ ਜਾਣ ਦੀ ਗ਼ੈਰਹਕੀਕੀ ਇੱਛਾ ਛੱਡ ਦੇਵੇ, ਯੂਕਰੇਨ ਨਾਟੋ ਦਾ ਮੈਂਬਰ ਬਣਾਉਣ ਦੀ ਅੜੀ ਛੱਡ ਦੇਵੇ ਆਦਿ। (27 ਫਰਵਰੀ ਨੂੰ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਹੀ ਟਰੰਪ ਨੇ ਸਾਫ਼ ਕਹਿ ਦਿੱਤਾ ਸੀ ਕਿ ਯੂਕਰੇਨ ਨਾਟੋ ਨੂੰ ਭੁੱਲ ਜਾਵੇ! ਦਰਅਸਲ, ਅਪ੍ਰੈਲ 2008 ’ਚ ਆਪਣੇ ਬੁਖਾਰੈਸਟ ਸਿਖ਼ਰ ਸੰਮੇਲਨ ਵਿਚ ਖ਼ੁਦ ਨਾਟੋ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਯੂਕਰੇਨ ਅਤੇ ਜਾਰਜੀਆ ਨਾਟੋ ਦਾ ਹਿੱਸਾ ਬਣਨਗੇ। ਰੂਸ ਨੇ ਓਦੋਂ ਹੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਇਹ ਰੂਸ ਦੀ ਹੋਂਦ ਲਈ ਖ਼ਤਰਾ ਹੋਵੇਗਾ। ਭਾਵ ਅਜਿਹਾ ਨਹੀਂ ਹੋਣ ਦੇਵੇਗਾ) ਅਮਰੀਕੀ ਫ਼ੌਜ ਨੂੰ ਲੜਨ ਲਈ ਯੂਕਰੇਨ ਨਹੀਂ ਭੇਜਿਆ ਜਾਵੇਗਾ। ਟਰੰਪ ਨੇ ਇਸ ਤੋਂ ਵੀ ਅੱਗੇ ਕਿਹਾ ਕਿ ਉਹ ਰੂਸ ਨੂੰ ਹਮਲਾਵਰ ਨਹੀਂ ਮੰਨਦੇ। ਇਸ ਤੋਂ ਪਹਿਲਾਂ ਯੂ.ਐੱਨ.ਓ. ਵਿਚ ਰੂਸ ਨੂੰ ਹਮਲਾਵਰ ਕਰਾਰ ਦੇਣ ਦੇ ਮਤੇ ਦੀ ਵੀ ਅਮਰੀਕਾ ਨੇ ਹਮਾਇਤ ਨਹੀਂ ਸੀ ਕੀਤੀ। 24 ਫਰਵਰੀ ਨੂੰ ਯੂਕਰੇਨ ਯੁੱਧ ਦੇ ਤਿੰਨ ਸਾਲ ਪੂਰੇ ਹੋਣ ’ਤੇ ਯੂ.ਐੱਨ. ਵਿਚ ਰੂਸ ਦੀ ਨਿਖੇਧੀ ਲਈ ਮਤੇ ਦੇ ਖ਼ਿਲਾਫ਼ ਵੋਟ ਪਾ ਕੇ ਅਤੇ ਬਾਇਡਨ ਸਰਕਾਰ ਦੇ ਸਮੇਂ ਅਮਰੀਕੀ ਸਰਕਾਰ ਵੱਲੋਂ ਰੂਸ ਦੀ ਨਿਖੇਧੀ ਕਰਨ ਦੀ ਪੁਜ਼ੀਸ਼ਨ ਤੋਂ ਬਿਲਕੁਲ ਉਲਟ ਪੁਜ਼ੀਸ਼ਨ ਲੈ ਕੇ ਜ਼ੇਲੈਂਸਕੀ ਨੂੰ ਸਾਫ਼ ਸੁਣਾਉਣੀ ਕਰ ਦਿੱਤੀ ਗਈ ਸੀ। ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਅਮਰੀਕਾ ਕਿਉਂਕਿ ਰੂਸ ਨਾਲ ਸ਼ਾਂਤੀ ਲਈ ਯਤਨ ਜੁਟਾ ਰਿਹਾ ਹੈ, ਅਜਿਹੀ ਹਾਲਤ ’ਚ ਰੂਸ ਦੀ ਨਿਖੇਧੀ ਕਰਨਾ ਤਰਕਹੀਣ ਹੋਵੇਗਾ।
ਟਰੰਪ ਅਤੇ ਉਸਦੇ ਲਫਟੈਣ ਵੇਨਜ਼ ਨੇ ਜ਼ੇਲੈਂਸਕੀ ਨੂੰ ਧਮਕਾਉਂਦਿਆਂ ਕਿਹਾ ਕਿ ਰੂਸ ਖ਼ਤਰਾ ਹੋਵੇਗਾ ਯੂਕਰੇਨ ਅਤੇ ਯੂਰਪ ਲਈ, ਅਮਰੀਕਾ ਲਈ ਕੋਈ ਖ਼ਤਰਾ ਨਹੀਂ ਹੈ। ਜ਼ੇਲੈਂਸਕੀ ਤੇ ਯੂਕਰੇਨ ਨਾਲੋਂ ਪੁਤਿਨ ਅਤੇ ਰੂਸ ਦੀ ਦੋਸਤੀ ਅਮਰੀਕੀ ਹਕੂਮਤ ਲਈ ਜ਼ਿਆਦਾ ਮਹੱਤਵਪੂਰਨ ਹੈ। ਟਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਯੂਕਰੇਨ ਦੀ ਅਤੇ ਖੇਤਰੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ, ਇਹ ਤੁਹਾਡੀ ਅਤੇ ਤੁਹਾਡੇ ਸਹਿਯੋਗੀ ਕਹਾਉਣ ਵਾਲੇ ਯੂਰਪ ਦੀ ਹੈ। ਇਕ ਪੱਤਰਕਾਰ ਵੱਲੋਂ ਜ਼ੇਲੈਂਸਕੀ ਵੱਲੋਂ ਪਾਏ ਆਮ ਕੱਪੜਿਆਂ ਬਾਰੇ ਸਵਾਲ ਕਰ ਕੇ ਉਸ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਉਸ ਨੇ ਅਜਿਹਾ ਕਰ ਕੇ ਵ੍ਹਾਈਟ ਹਾਊਸ ਦੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਪ੍ਰੈੱਸ ਕਾਨਫਰੰਸ ਵਿਚ ਜ਼ੇਲੈਂਸਕੀ ਨੂੰ ਭੜਕਾਉਣਾ ਟਰੰਪ ਕੈਬਨਿਟ ਦੀ ਗਿਣੀ-ਮਿੱਥੀ ਚਾਲ ਸੀ, ਜੋ ਇਸ ਤੋਂ ਸਾਬਤ ਹੋ ਗਿਆ ਜਦੋਂ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਲੋਕ ਜ਼ੇਲੈਂਸਕੀ ਦਾ ਨਾਸ਼ੁਕਰਗੁਜ਼ਾਰ ਰਵੱਈਆ ਅੱਖੀਂ ਦੇਖ ਰਹੇ ਹਨ।
ਇਸ ਤੋਂ ਪਹਿਲਾਂ ਟਰੰਪ ਵਜ਼ਾਰਤ ਨੇ ਯੂਕਰੇਨ ਨੂੰ ਸ਼ਾਮਲ ਕੀਤੇ ਬਿਨਾਂ ਹੀ ਯੂਰਪੀ ਯੂਨੀਅਨ ਨੂੰ ਬਾਹਰ ਕਰ ਕੇ ਯੂਕਰੇਨ-ਰੂਸ ਯੁੱਧ ਬਾਰੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਗੱਲਬਾਤ ਹੀ ਨਹੀਂ ਚਲਾਈ ਸਗੋਂ ਇਕ ਤਰ੍ਹਾਂ ਨਾਲ ਸਮਝੌਤਾ ਵੀ ਤੈਅ ਕਰ ਲਿਆ। ਨਿਰਸੰਦੇਹ ਬੇਇੱਜ਼ਤ, ਬੇਵੱਸ ਅਤੇ ਠੱਗਿਆ ਗਿਆ ਮਹਿਸੂਸ ਕਰ ਰਹੇ ਜ਼ੇਲੈਂਸਕੀ ਨੇ ਪੁਤਿਨ ਅਤੇ ਵੇਨਜ਼ ਦੇ ਹਮਲਿਆਂ ਅੱਗੇ ਅੜ ਕੇ ਜਵਾਬ ਤਾਂ ਦਿੱਤੇ ਪਰ ਮੌਜੂਦਾ ਯੁੱਧ ’ਚ ਰੂਸ ਨਾਲ ਬੇਮੇਚੀ ਤਾਕਤ, ਅਮਰੀਕਾ ਅਤੇ ਉਸਦੇ ਜੋਟੀਟਾਰ ਦੀਆਂ ਸਾਮਰਾਜੀ ਚਾਲਾਂ ਅਤੇ ਜ਼ੇਲੈਂਸਕੀ ਗੁੱਟ ਵੱਲੋਂ ਲਈ ਨਾਟੋ ਦੀ ਸੁਰੱਖਿਆ ਛੱਤਰੀ ਨੇ ਯੂਕਰੇਨ ਨੂੰ ਜਿੱਥੇ ਪਹੁੰਚਾ ਦਿੱਤਾ ਹੈ, ਉੱਥੇ ਹੁਣ ਇਸ ਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਜ਼ੇਲੈਂਸਕੀ ਅਮਰੀਕੀ ਧੌਂਸ ਸਾਹਮਣੇ ਜ਼ਿਆਦਾ ਚਿਰ ਨਹੀਂ ਟਿਕ ਸਕੇਗਾ। ਸ਼ੁਰੂਆਤੀ ਵਿਰੋਧ ਤੋਂ ਬਾਅਦ ਜ਼ੇਲੈਂਸਕੀ ਅਮਰੀਕਾ ਨਾਲ ਅਜਿਹਾ ਸਮਝੌਤਾ ਕਰਨਾ ਪਹਿਲਾਂ ਹੀ ਮੰਨ ਚੁੱਕਾ ਹੈ ਜਿਸ ਦਾ ਡਰਾਫਟ ਜਨਤਕ ਹੋ ਚੁੱਕਾ ਹੈ। ਜ਼ੇਲੈਂਸਕੀ ਨੂੰ ਘੇਰਨ ਲਈ ਟਰੰਪ ਸਰਕਾਰ ਵੱਲੋਂ ਅਮਰੀਕੀ ਸਾਮਰਾਜੀ ਖ਼ਸਲਤ ਅਨੁਸਾਰ ਉਸਦੇ ਵਿਰੋਧੀਆਂ ਨੂੰ ਸ਼ਹਿ ਦੇਣ ਅਤੇ ਉਭਾਰਨ ਦੀਆਂ ਕੋਸ਼ਿਸ਼ਾਂ ਵੀ ਨਾਲੋ-ਨਾਲ ਜ਼ੋਰਾਂ ’ਤੇ ਹਨ।
ਜ਼ੇਲੈਂਸਕੀ ਨੂੰ ਪੱਛਮੀ ਸਾਮਰਾਜੀ ਤਾਕਤਾਂ ਦੁਆਰਾ ‘ਲੋਕਤੰਤਰ ਦਾ ਚਿਹਰਾ’ ਕਹਿ ਕੇ ਸਥਾਪਤ ਕੀਤਾ ਗਿਆ, ਦਰਅਸਲ ਉਸ ਦੀ ਹੈਸੀਅਤ ਅਮਰੀਕਾ ਤੇ ਹੋਰ ਪੱਛਮੀ ਤਾਕਤਾਂ ਦੇ ਹਿਤਾਂ ਲਈ ਕੰਮ ਕਰਨ ਵਾਲੇ ਮੋਹਰੇ ਤੋਂ ਵੱਧ ਨਹੀਂ ਹੈ। ਉੱਧਰ, ਪੁਤਿਨ ਨਾਟੋ ਗੁੱਟ ਦੇ ਪਸਾਰੇ ਨੂੰ ਰੋਕਣ ਅਤੇ ਯੂਕਰੇਨ ਨੂੰ ਆਪਣੇ ਗੁਆਂਢ ਵਿਚ ਅਮਰੀਕਾ ਦੀ ਫ਼ੌਜੀ ਚੌਕੀ ਨਾ ਬਣਨ ਦੇਣ ਲਈ ਯੂਕਰੇਨ ਨੂੰ ਵੱਧ ਤੋਂ ਵੱਧ ਕਮਜ਼ੋਰ ਕਰਨਾ ਚਾਹੁੰਦਾ ਹੈ। 2014 ’ਚ ਰੂਸ ਨੇ ਕਬਜ਼ਾ ਕਰ ਕੇ ਕਰੀਮੀਆ ਆਪਣੇ ਵਿਚ ਮਿਲਾ ਲਿਆ। ਯੂਕਰੇਨ ਦੇ ਪੂਰਬੀ ਹਿੱਸੇ ’ਚ ਇਕ ਗੁੱਟ ਵੱਖ ਹੋਣ ਲਈ ਲੜ ਰਿਹਾ ਸੀ ਜਿਸ ਨੂੰ ਪੁਤਿਨ ਦੀ ਹਮਾਇਤ ਸੀ। ਯੇਲੈਂਸਕੀ ਦੇ ਇਸ ਗੁੱਟ ਨਾਲ ਸਮਝੌਤੇ ਦੇ ਯਤਨ ਅਸਫ਼ਲ ਰਹੇ ਅਤੇ ਉਸਦੀ ਨਾਟੋ ਨਾਲ ਗੱਠਜੋੜ ਦੀ ‘ਨਵੀਂ ਕੌਮੀ ਸੁਰੱਖਿਆ ਯੁੱਧਨੀਤੀ’ ਵੀ ਰੂਸ ਦੇ ਪਸਾਰਵਾਦੀ ਹਮਲੇ ਨੂੰ ਠੱਲ੍ਹ ਨਹੀਂ ਪਾ ਸਕੀ। 2022 ’ਚ ਪੁਤਿਨ ਨੇ ਡੋਨਬਾਸ ਦੇ ਹਿੱਸੇ ਰੂਸ ਵਿਚ ਮਿਲਾ ਲਏ ਅਤੇ ਯੂਕਰੇਨ ਉੱਪਰ ਹਮਲਾ ਕਰ ਦਿੱਤਾ। ਅਜੋਕਾ ਯੁੱਧ ਯੂਕਰੇਨੀ ਲੋਕਾਂ ਦੇ ਹਿਤਾਂ ਲਈ ਨਹੀਂ ਹੈ, ਇਹ ਸਾਮਰਾਜੀ ਸਰਮਾਏਦਾਰੀ ਦੇ ਆਪਣੇ ਹਿਤਾਂ ਲਈ ਖਹਿ-ਭੇੜ ਦਾ ਨਤੀਜਾ ਹੈ ਜਿਸਦਾ ਮੁੱਲ ਵਿਆਪਕ ਜਾਨੀ-ਮਾਲੀ ਤਬਾਹੀ ਦੇ ਰੂਪ ’ਚ ਰੂਸ ਤੇ ਯੂਕਰੇਨ ਦੇ ਆਮ ਲੋਕਾਂ ਨੂੰ ਤਾਰਨਾ ਪੈ ਰਿਹਾ ਹੈ। ਪਹਿਲਾਂ ਅਮਰੀਕੀ ਸਾਮਰਾਜੀ ਹਕੂਮਤ ਨੇ ਨਾਟੋ ਜੋਟੀਦਾਰਾਂ ਨੂੰ ਨਾਲ ਲੈ ਕੇ ਰੂਸ-ਚੀਨ ਧੁਰੀ ਵਿਰੁੱਧ ਆਪਣੀ ਹਿਤ ਪੂਰਤੀ ਲਈ ਯੂਕਰੇਨ ਯੁੱਧ ਭੜਕਾਇਆ ਅਤੇ ਧੜਾਧੜ ਜੰਗੀ ਮੱਦਦ ਦੇ ਕੇ ਆਪਣੀ ਯੁੱਧ ਸਨਅਤ ਨੂੰ ਵੱਡੇ ਮੁਨਾਫ਼ੇ ਲੈ ਕੇ ਦਿੱਤੇ। ਹੁਣ ਟਰੰਪ ਨੇ ਉਸੇ ‘ਤਾਨਾਸ਼ਾਹ’ ਰੂਸ ਨਾਲ ‘ਦੋਸਤੀ’ ਸ਼ੁਰੂ ਕਰ ਕੇ ਯੂਕਰੇਨ ਸਰਕਾਰ ਲਈ ਕਸੂਤੀ ਹਾਲਤ ਪੈਦਾ ਕਰ ਦਿੱਤੀ ਹੈ। ਟਰੰਪ ਨੇ ਆਪਣੇ ‘ਮੁਕਤ ਦੁਨੀਆ’ ਵਾਲੇ ਪੱਛਮੀ ਸਾਮਰਾਜੀ ਜੋਟੀਦਾਰਾਂ ਨੂੰ ਵੀ ਕਹਿ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਸੁਰੱਖਿਆ ਆਪ ਕਰਨ। ਉਪ ਰਾਸ਼ਟਰਪਤੀ ਵੇਨਜ਼ ਦਾ ਇਹ ਕਹਿਣਾ ਕਿ ‘ਯੂਕਰੇਨ ਨੂੰ ਦਿੱਤੀ ਜਾਣ ਵਾਲੀ ਮੱਦਦ ਨਾਲ ਅਮਰੀਕੀ ਟੈਕਸ ਦਾਤਿਆਂ ਦਾ ਨੁਕਸਾਨ ਹੋ ਰਿਹਾ ਹੈ’ ਅਮਰੀਕੀ ਸਾਮਰਾਜੀ ਰਣਨੀਤੀ ’ਚ ਇਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹੈ ਜੋ ਰੂਸ ਵਿਰੁੱਧ ਯੂਕਰੇਨ ਵਿਚ ਵਸੀਲੇ ਝੋਕਣ ਤੋਂ ਮੋੜਾ ਕੱਟ ਕੇ ਚੀਨ ਉੱਪਰ ਕੇਂਦਰਤ ਹੁੰਦੀ ਨਜ਼ਰ ਆ ਰਹੀ ਹੈ। ‘ਪਹਿਲ ਅਮਰੀਕਾ ਨੂੰ’ ਦੇ ਹੋਕਰੇ ਮਾਰਨ ਵਾਲਾ ਟਰੰਪ ਖ਼ੁਦ ਨੂੰ ਸ਼ਾਂਤੀ ਦਾ ਮਸੀਹਾ ਬਣਾ ਕੇ ਪੇਸ਼ ਕਰ ਰਿਹਾ ਹੈ। ਉਸ ਦੀਆਂ ਤਰਜੀਹਾਂ ਆਪਣੇ ਕਾਰਪੋਰੇਟ ਸਰਮਾਏ ਦੇ ਅਜਾਰੇਦਾਰ ਹਿਤਾਂ ਨੂੰ ਨਵੇਂ ਰੂਪ ’ਚ ਅੱਗੇ ਵਧਾਉਣ ਤੋਂ ਸਿਵਾਏ ਕੁਝ ਨਹੀਂ ਹਨ।
ਟਰੰਪ ਧੌਂਸ ਜਮਾਉਣ ਲਈ ਜਿਸ ਤਰ੍ਹਾਂ ਘੋਰ ਬੇਸ਼ਰਮੀ ਨਾਲ ਝੂਠ ਦਾ ਸਹਾਰਾ ਲੈ ਰਿਹਾ ਹੈ, ਉਸ ਦਾ ਵਿਰੋਧ ਪੱਛਮੀ ਸਾਮਰਾਜੀ ਹੁਕਮਰਾਨ ਵੀ ਕਰ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਤਾਂ ਪ੍ਰੈੱਸ ਕਾਨਫਰੰਸ ਦੌਰਾਨ ਹੀ ਟਰੰਪ ਨੂੰ ਟੋਕ ਕੇ ਉਸਦੀ ਅਮਰੀਕੀ ਮੱਦਦ ਦੇ ਦਾਅਵੇ ਦੀ ਇਹ ਕਹਿ ਕੇ ਫੂਕ ਕੱਢ ਦਿੱਤੀ ਕਿ 60% ਮੱਦਦ ਤਾਂ ਯੂਰਪੀ ਯੂਨੀਅਨ ਨੇ ਦਿੱਤੀ ਹੈ। ਇਸੇ ਤਰ੍ਹਾਂ ਜਦੋਂ ਟਰੰਪ ਨੇ ਝੂਠ ਬੋਲਿਆ ਕਿ ਯੂਰਪੀ ਯੂਨੀਅਨ ਨੂੰ ਤਾਂ ਪੈਸਾ ਵਾਪਸ ਮਿਲ ਰਿਹਾ ਹੈ, ਸਿਰਫ਼ ਅਮਰੀਕਾ ਨੂੰ ਨਹੀਂ ਮਿਲ ਰਿਹਾ ਤਾਂ ਯੂ.ਕੇ. ਦੇ ਪ੍ਰਧਾਨ ਮੰਤਰੀ ਨੇ ਉੱਥੇ ਹੀ ਉਸਦਾ ਝੂਠ ਨੰਗਾ ਕਰ ਦਿੱਤਾ।
ਵ੍ਹਾਈਟ ਹਾਊਸ ਵਿਖੇ ਟਰੰਪ-ਵੇਨਜ਼ ਵੱਲੋਂ ਅਪਮਾਨਿਤ ਕੀਤੇ ਜਾਣ ਤੋਂ ਬਾਅਦ ਜ਼ੇਲੈਂਸਕੀ ਸਿੱਧਾ ਇੰਗਲੈਂਡ ਗਿਆ। ਯੂਕਰੇਨ ਸ਼ਾਂਤੀ ਸਮਝੌਤੇ ਦੀ ਯੋਜਨਾ ਉੱਪਰ ਵਿਚਾਰ ਕਰਨ ਲਈ ਯੂਰਪੀ ਆਗੂਆਂ ਦੀ ਮਹੱਤਵਪੂਰਨ ਮੀਟਿੰਗ ਤੋਂ ਪਹਿਲਾਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਟਾਰਮਰ ਅਤੇ ਜ਼ੇਲੈਂਸਕੀ ਦੀ ਮੁਲਾਕਾਤ ਹੋਈ। ਟਰੰਪ ਦੀ ਅਗਵਾਈ ਹੇਠ ਅਮਰੀਕੀ ਹਕੂਮਤ ਦੀ ਰੂਸ ਨਾਲ ‘ਦੋਸਤੀ’ ਤੋਂ ਚੁਕੰਨੀਆਂ ਯੂਰਪੀ ਸਰਕਾਰਾਂ ਜ਼ੇਲੈਂਸਕੀ ਦੀ ਹਮਾਇਤ ’ਚ ਖੜ੍ਹ ਗਈਆਂ ਹਨ। ਜ਼ੇਲੈਂਸਕੀ ਨੇ ਜੰਗੀ ਸਾਜ਼ੋ-ਸਮਾਨ ਬਣਾਉਣ ਲਈ ਯੂ.ਕੇ. ਤੋਂ 2.26 ਅਰਬ ਪੌਂਡ ਦਾ ਕਰਜ਼ਾ ਹਾਸਲ ਕਰ ਲਿਆ ਹੈ। ਯੂਕਰੇਨ ਯੁੱਧ ਦੇ ਸਵਾਲ ਉੱਪਰ ਰੂਸ ਦੀ ਪੁਜ਼ੀਸ਼ਨ ਭਾਰੂ ਹੋਣਾ ਨਾਟੋ ਜੋਟੀਦਾਰਾਂ ਦੇ ਹਿਤਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਵੱਲੋਂ ਜ਼ੇਲੈਂਸਕੀ ਦੀ ਹਮਾਇਤ ਕਰਨਾ ਟਰੰਪ ਦੀ ਹਮਲਾਵਰ ਧੁੱਸ ਦਾ ਵਿਰੋਧ ਕਰਨ ਦਾ ਯਤਨ ਹੈ। ਹੁਣ ਦੇਖਣਾ ਇਹ ਹੈ ਕਿ ਯੂਰਪੀਅਨ ਯੂਨੀਅਨ ਦਾ ਲੰਦਨ ਵਿਚ ਹੋ ਰਿਹਾ ਸਿਖ਼ਰ ਸੰਮੇਲਨ ਇਸ ਸਵਾਲ ਉੱਪਰ ਕੀ ਤੈਅ ਕਰਦਾ ਹੈ।
ਅਮਰੀਕੀ ਲੋਕ ਜਿੱਥੇ ਟਰੰਪ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰੋਸ ਮੁਜ਼ਾਹਰੇ ਕਰ ਰਹੇ ਹਨ, ਉੱਥੇ ਹੁਣ ਜ਼ੇਲੈਂਸਕੀ ਨਾਲ ਕੀਤੀ ਬਦਤਮੀਜ਼ੀ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨਾਲ ਸੰਵਾਦ ਰਚਾਉਣ ਗਏ ਟਰੰਪ ਦੇ ਇਕ ਰਿਪਬਲਿਕਨ ਸੰਸਦ ਨੂੰ ਇਕੱਠ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਆਉਣ ਵਾਲੇ ਦਿਨਾਂ ’ਚ ਟਰੰਪ ਦੀ ਅਗਵਾਈ ਹੇਠਲੇ ਅਮਰੀਕਾ ਅਤੇ ਹੋਰ ਨਾਟੋ ਮੁਲਕਾਂ ਦੇ ਸੰਬੰਧਾਂ ‘ਚ ਤਰੇੜਾਂ ਹੋਰ ਡੂੰਘੀਆਂ ਹੋ ਸਕਦੀਆਂ ਹਨ। ਆਲਮੀ ਤਾਕਤਾਂ ਦੇ ਨਵੇਂ ਗੱਠਜੋੜ ਅਤੇ ਨਵੇਂ ਟਕਰਾਅ ਉੱਭਰ ਰਹੇ ਹਨ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਸਾਮਰਾਜੀ ਤਾਕਤਾਂ ਵੱਲੋਂ ਬਣਾਇਆ ‘ਨਵਾਂ ਸੰਸਾਰ ਪ੍ਰਬੰਧ’ ਟੁੱਟ ਰਿਹਾ ਹੈ। ਇਹ ਤੈਅ ਹੈ ਕਿ ਜਿੰਨਾ ਸਮਾਂ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਬਰਕਰਾਰ ਹੈ, ‘ਸਥਾਈ ਸ਼ਾਂਤੀ’ ਸੰਭਵ ਨਹੀਂ ਹੈ।