ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: 97816-46008
ਕੌਮੀ ਸਿਆਸਤ ਵਿਚ ਹਰ ਹਰਬਾ ਵਰਤ ਕੇ ਵੱਡੀਆਂ ਮੱਲਾਂ ਮਾਰਨ ਵਾਲੀ ਸਿਆਸੀ ਪਾਰਟੀ ਭਾਜਪਾ ਦੇ ਆਈ.ਟੀ.ਸੈੱਲ ਦੀ ਬਖ਼ਸ਼ਿਸ ਸਦਕਾ ਭਾਜਪਾ ਦੇ ਪਹਿਲੀ ਕਤਾਰ ਦੇ ਆਗੂ ਸ੍ਰੀ ਨਰਿੰਦਰ ਮੋਦੀ ਨੂੰ ‘ਮਹਾਂਮਾਨਵ’ ਐਲਾਨਿਆ ਹੋਇਆ ਹੈ ਤੇ ‘ਮੋਦੀ ਹੈ ਤੋ ਮੁਮਕਿਨ ਹੈ’ ਦੀ ਟੈਗਲਾਈਨ ਲਗਾ ਕੇ ਮੋਦੀ ਸਬੰਧੀ ਪ੍ਰਚਾਰ ਇਕ ਧਾਕੜ ਅਤੇ ਅਣਖੀਲੇ ਆਗੂ ਵਜੋਂ ਕੀਤਾ ਜਾਂਦਾ ਹੈ|
ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਪਿੱਛੋਂ ਜਿਨ੍ਹਾਂ ਖਿੱਤਿਆਂ ਵਿਚ ਭਾਜਪਾ ਜਿੱਤ ਜਾਂਦੀ ਹੈ, ਉਥੇ ਜਿੱਤ ਦਾ ਸਾਰਾ ਮਾਣ ਨਰਿੰਦਰ ਮੋਦੀ ਦੀ ਝੋਲੀ ਪਾ ਦਿੱਤਾ ਜਾਂਦਾ ਹੈ ਤੇ ਜਿਨ੍ਹਾਂ ਖਿੱਤਿਆਂ ਵਿਚ ਸ੍ਰੀ ਮੋਦੀ ਦੀਆਂ ਧੂੰਆਂਧਾਰ ਰੈਲੀਆਂ ਦੇ ਬਾਵਜੂਦ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹਾਰ ਦਾ ਸਾਰਾ ਠੀਕਰਾ ਸਥਾਨਕ ਲੀਡਰਸ਼ਿਪ ਦੇ ਸਿਰ ਭੰਨ੍ਹ ਦਿੱਤਾ ਜਾਂਦਾ ਹੈ| ਇਸੇ ਨੀਤੀ ’ਤੇ ਅਮਲ ਕਰਦਿਆਂ ਭਾਜਪਾ ਦੇ ਆਈ.ਟੀ.ਸੈੱਲ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਕੌਮੀ ਮੀਡੀਆ ਨੇ ਮੋਦੀ ਨੂੰ ਕੌਮੀ ਪੱਧਰ ’ਤੇ ‘ਅਜੇਤੂ’ ਰਾਜਨੇਤਾ ਅਤੇ ਵਿਸ਼ਵ ਪੱਧਰ ’ਤੇ ‘ਚੋਟੀ’ ਦਾ ਸਿਆਸੀ ਆਗੂ ਬਣਾ ਦਿੱਤਾ ਹੈ| ਆਓ ਵਿਸ਼ਲੇਸ਼ਣ ਕਰੀਏ ਕਿ ਇਸ ਮਹਾਂਮਾਨਵ ਬਾਰੇ ਕੀਤੇ ਜਾਂਦੇ ‘ਮਹਾਂਪ੍ਰਚਾਰ’ ਦੇ ਪਿੱਛੇ ਦਾ ਸੱਚ ਕੀ ਹੈ ਤੇ ਕੀ ‘ਮੋਦੀ ਹੈ ਤੋ ਮੁਮਕਿਨ ਹੈ’ ਦਾ ਨਾਅਰਾ ਹਕੀਕਤਨ ਸੱਚ ਹੈ ਜਾਂ ਫਿਰ ਫ਼ੋਕਾ ਕੂੜ ਪ੍ਰਚਾਰ ਹੈ?
ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ਰਾਹੀਂ ਸ੍ਰੀ ਨਰਿੰਦਰ ਮੋਦੀ ਨੂੰ ‘ਸ਼ਕਤੀਸ਼ਾਲੀ’ ਆਗੂ ਵਜੋਂ ਪ੍ਰਚਾਰਿਤ ਅਤੇ ਸਥਾਪਿਤ ਕਰਨ ਵਾਲੇ ਐਂਕਰ ਅਤੇ ਸਮਾਚਾਰ ਸੰਪਾਦਕ ਇਹ ਭੁੱਲ ਜਾਂਦੇ ਹਨ ਕਿ ਸੋਸ਼ਲ ਮੀਡੀਆ ’ਤੇ ਅਜਿਹਾ ਬਹੁਤ ਕੁਝ ਮੌਜੂਦ ਹੈ ਜੋ ਉਨ੍ਹਾਂ ਵੱਲੋਂ ਫ਼ੈਲਾਏ ਜਾ ਰਹੇ ਝੂਠ ਦੀ ਪੋਲ ਖੋਲ੍ਹਣ ਲਈ ਕਾਫੀ ਹੈ| ਉਦਾਹਰਨ ਵਜੋਂ ਸੋਸ਼ਲ ਮੀਡੀਆ ’ਤੇ ਸ੍ਰੀ ਮੋਦੀ ਦਾ ਇਕ ਵੀਡੀਓ ਉਪਲੱਬਧ ਹੈ ਜਿਸ ਵਿਚ ਉਹ ਬਾਹਵਾਂ ਉਲਾਰ-ਉਲਾਰ ਕੇ ਸ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਭੰਡਦਿਆਂ ਆਖ ਰਹੇ ਹਨ,‘‘ਜਬ ਜਬ ਰੁਪਿਆ ਗਿਰਤਾ ਹੈ, ਦੇਸ਼ ਕੀ ਇੱਜ਼ਤ ਗਿਰਤੀ ਹੈ|’’ ਨਰਿੰਦਰ ਮੋਦੀ ਨੂੰ ‘ਸਫ਼ਲ’ ਆਗੂ ਸਾਬਿਤ ਕਰਨ ਲਈ ਦਿਨ-ਰਾਤ ਚਾਕਰੀ ਕਰ ਰਹੇ ਟੀ.ਵੀ. ਚੈਨਲ ਇਸ ਗੱਲ ਦਾ ਜ਼ਿਕਰ ਤੱਕ ਵੀ ਨਹੀਂ ਕਰਦੇ ਕਿ ਜੇਕਰ ਸ. ਮਨਮੋਹਨ ਸਿੰਘ ਦੇ ਕਾਰਜਕਾਲ ਸਮੇਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 60 ਰੁਪਏ ਪ੍ਰਤੀ ਡਾਲਰ ਸੀ ਤਾਂ ਅੱਜ ਇਹ ਕੀਮਤ 88 ਰੁਪਏ ਪ੍ਰਤੀ ਡਾਲਰ ਹੈ ਤਾਂ ਫਿਰ ਦੇਸ਼ ਦੀ ਇੱਜ਼ਤ ਤੇ ਸਾਖ਼ ਜ਼ਿਆਦਾ ਕਿਸ ਦੇ ਰਾਜ ਵਿਚ ਡਿੱਗ ਰਹੀ ਹੈ?
ਅਸਲੀਅਤ ਵਿਚ ਆਪਣੇ ਹਰੇਕ ਬਿਆਨ ਦੇ ਬਿਲਕੁਲ ਉਲਟ ਜਾ ਕੇ ਵੀ ‘ਹੀਰੋ’ ਬਣੇ ਰਹਿਣ ਵਾਲੇ ਨਰਿੰਦਰ ਮੋਦੀ ਨਾਲ ਜੁੜੀਆਂ ਕੁਝ ਸੱਚਾਈਆਂ ਇਹ ਸਾਬਿਤ ਕਰਦੀਆਂ ਹਨ ਕਿ ਝੂਠੇ ਵਾਅਦੇ ਕਰਨ ਅਤੇ ਜਨਤਾ ਨੂੰ ਮੂਰਖ ਬਣਾਉਣ ਵਿਚ ਜੇਕਰ ‘ਮੋਦੀ ਹੈ ਤੋ ਨਾਮੁਮਕਿਨ ਹੈ’:
1. ਸ੍ਰੀ ਮੋਦੀ ਨੇ ਆਪਣੇ ਇਕ ਸੰਬੋਧਨ ਵਿਚ ਕਿਹਾ ਸੀ,‘‘ਮੈਂ ਇਕ ਗ਼ਰੀਬ ਦਾ ਬੇਟਾ ਹਾਂ’’ ਤੇ ਇਸੇ ਬਿਆਨ ਤੋਂ ਬਿਲਕੁਲ ਉਲਟ ਜਾਂਦਿਆਂ ਉਨ੍ਹਾ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਦਸ ਲੱਖ ਦਾ ਸੂਟ ਪਹਿਨ ਲਿਆ ਸੀ ਤੇ ਫਿਰ ਬਾਅਦ ਵਿਚ ਕਈ ਸੌ ਕਰੋੜ ਰੁਪਏ ਦਾ ਵਿਸ਼ੇਸ਼ ਹਵਾਈ ਜਹਾਜ਼ ਵੀ ਖ਼ਰੀਦ ਲਿਆ ਸੀ|
2. ਇੰਟਰਨੈੱਟ ’ਤੇ ਜਨਤਕ ਖੇਤਰ ਵਿਚ ਮੌਜੂਦ ਇਕ ਟੀ.ਵੀ. ਇੰਟਰਵਿਊ ਵਿਚ ਨਰਿੰਦਰ ਮੋਦੀ ਨੇ ਕਿਹਾ ਸੀ ‘‘ਮੈਂ ਜ਼ਿਆਦਾ ਪੜ੍ਹਾ ਲਿਖਾ ਨਹੀਂ ਹੂੰ|’’ ਪਰ ਉਨ੍ਹਾਂ ਦੀ ਇਸ ਸਵੈ-ਘੋਸ਼ਣਾ ਦੇ ਬਾਵਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਨ੍ਹਾਂ ਦੀਆਂ ਬੀ.ਏ. ਅਤੇ ਐਮ.ਏ. ਦੀਆਂ ਡਿਗਰੀਆਂ ਦੀਆਂ ਕਾਪੀਆਂ ਜਨਤਕ ਕੀਤੀਆਂ ਜਾਂਦੀਆਂ ਹਨ| ਹੁਣ ਇਨ੍ਹਾਂ ਦੋਵਾਂ ਆਗੂਆਂ ਵਿੱਚੋਂ ਸੱਚ ਕੌਣ ਬੋਲ ਰਿਹਾ ਹੈ, ਇਹ ਤਾਂ ਰੱਬ ਹੀ ਜਾਣਦਾ ਹੈ ਪਰ ਜਾਣਕਾਰਾਂ ਅਨੁਸਾਰ ਜਿਸ ਜ਼ਮਾਨੇ ਵਿਚ ਹੱਥ ਲਿਖ਼ਤ ਸਰਟੀਫ਼ਿਕੇਟ ਜਾਰੀ ਕੀਤੇ ਜਾਂਦੇ ਸਨ, ਉਸ ਜ਼ਮਾਨੇ ਨਾਲ ਸਬੰਧਿਤ ਸ੍ਰੀ ਮੋਦੀ ਦੀਆਂ ਡਿਗਰੀਆਂ ਕੰਪਿਊਟਰ ਨਿਰਮਿਤ ਹਨ ਅਤੇ ਅੱਜ ਤੱਕ ਇਕ ਵੀ ਅਜਿਹਾ ਸ਼ਖ਼ਸ ਸਾਹਮਣੇ ਨਹੀਂ ਆਇਆ ਹੈ ਜਿਸਨੇ ਉਨ੍ਹਾਂ ਨਾਲ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਜਾਂ ਪ੍ਰੀਖਿਆ ਦੇਣ ਦੀ ਹਾਮੀ ਭਰੀ ਹੋਵੇ|
3. ਬਚਪਨ ਵਿਚ ਸਟੇਸ਼ਨ ’ਤੇ ਚਾਹ ਵੇਚਣ ਅਤੇ ਘੋਰ ਗ਼ਰੀਬੀ ਦਾ ਜੀਵਨ ਬਤੀਤ ਕਰਨ ਦੇ ਦਾਅਵਿਆਂ ਵਾਲੇ ਸ੍ਰੀ ਨਰਿੰਦਰ ਮੋਦੀ ਦੇ ਬਿਆਨਾਂ ਦੇ ਬਿਲਕੁਲ ਉਲਟ ਉਨ੍ਹਾਂ ਦੀਆਂ ਵਿਦੇਸ਼ਾਂ ਵਿਚ ਸੈਰਾਂ ਕਰਦਿਆਂ ਦੀਆਂ ਤਸਵੀਰਾਂ ਵੱਡੀ ਮਾਤਰਾ ਵਿਚ ਉਪਲੱਬਧ ਹਨ| ਇਕ ਟੀ.ਵੀ.ਇੰਟਰਵਿਊ ਵਿਚ ਤਾਂ ਉਨ੍ਹਾਂ ਨੇ ਆਪਣੇ ਕੋਲ ਇਕ ਡਿਜੀਟਲ ਕੈਮਰਾ ਉਸ ਵਕਤ ਮੌਜੂਦ ਹੋਣ ਦਾ ਦਾਅਵਾ ਵੀ ਕੀਤਾ ਸੀ ਜਿਸ ਵਕਤ ਇਹ ਮਹਿੰਗਾ ਡਿਜੀਟਲ ਕੈਮਰਾ ਅਜੇ ਭਾਰਤ ਤਾਂ ਕੀ ਅਮੀਰ ਮੁਲਕਾਂ ਦੇ ਅਮੀਰ ਲੋਕਾਂ ਕੋਲ ਵੀ ਉਪਲੱਬਧ ਨਹੀਂ ਸੀ|
4. ਭਾਜਪਾ ਦੇ ਵਿਰੋਧੀ ਦਲਾਂ ਵੱਲੋਂ ਨਰਿੰਦਰ ਮੋਦੀ ’ਤੇ ‘ਜੁਮਲੇਬਾਜ਼’ ਹੋਣ ਦਾ ਇਲਜ਼ਾਮ ਲਗਾਇਆ ਜਾਂਦਾ ਹੈ, ਜਿਸ ਨੂੰ ਸੱਚ ਸਾਬਿਤ ਕਰਨ ਲਈ ਕੁਝ ਪੁਖ਼ਤਾ ਸਬੂਤ ਵੀ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਵਿਚੋਂ ‘‘ਸਭ ਕੇ ਖਾਤੇ ਮੇਂ 15-15 ਲਾਖ ਰੁਪਏ ਆਏਂਗੇ’’ ਵਾਲੀ ਗੱਲ ਨੂੰ ਤਾਂ ਸ੍ਰੀ ਅਮਿਤ ਸ਼ਾਹ ਨੇ ਇਕ ਟੀ.ਵੀ. ਮੁਲਾਕਾਤ ਦੌਰਾਨ ਖ਼ੁਦ ਹੀ ‘ਇਲੈਕਸ਼ਨ ਟਾਈਮ ਜੁਮਲਾ’ ਤਸਲੀਮ ਕੀਤਾ ਸੀ| ਇਸ ਤੋਂ ਇਲਾਵਾ ‘‘ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰ ਦਿਆਂਗੇ’’ ਵਾਲਾ ਉਨ੍ਹਾਂ ਦਾ ਵਾਅਦਾ ਵੀ ‘ਜੁਮਲਾ’ ਹੀ ਸਾਬਿਤ ਹੋਇਆ ਸੀ| ਆਪਣੀ ਸਰਕਾਰ ਆਉਣ ’ਤੇ ਪੈਟਰੋਲ ਦੀ ਕੀਮਤ 40 ਰੁਪਏ ਪ੍ਰਤੀ ਲੀਟਰ ਕਰ ਦੇਣ ਦਾ ਵਾਅਦਾ ਕਰਨ ਵਾਲੇ ਸ੍ਰੀ ਮੋਦੀ ਦਾ ਇਹ ਵਾਅਦਾ ਵੀ ‘ਜੁਮਲਾ’ ਸਾਬਿਤ ਹੋਇਆ ਹੈ ਜਦੋਂ ਕਿ ਪੈਟਰੋਲ ਦੀ ਕੀਮਤ ਸੌ ਰੁਪਏ ਪ੍ਰਤੀ ਲੀਟਰ ਦਾ ਅੰਕੜਾ ਛੂਹ ਚੁੱਕੀ ਹੈ| ਕਾਂਗਰਸ ਰਾਜ ਸਮੇਂ ਚਾਰ ਸੌ ਰੁਪਏ ਦਾ ਮਿਲਣ ਵਾਲਾ ਸਿਲੰਡਰ ਅੱਜ ਨੌਂ ਸੌ ਰੁਪਏ ਦਾ ਹੈ, ਦਾਲਾਂ ਤੇ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ ਅਤੇ ਸੋਨਾ ਤਾਂ ਸਾਰੇ ਰਿਕਾਰਡ ਮਾਤ ਪਾ ਕੇ ਟੀਸੀ ’ਤੇ ਜਾ ਪੁੱਜਾ ਹੈ ਪਰ ਸਮੂਹ ਮੀਡੀਆ ਚੈਨਲਾਂ ਅਤੇ ਮੀਡੀਆ ਹਾਊਸਾਂ ਨੂੰ ਦੇਸ਼ ਵਿਚ ਕਿਧਰੇ ਵੀ ‘ਮਹਿੰਗਾਈ’ ਵਿਖਾਈ ਨਹੀਂ ਦੇ ਰਹੀ ਤੇ ਹਰੇਕ ਚੈਨਲ ਰਿਕਾਰਡ ਤੋੜ ‘ਮਹਿੰਗਾਈ’ ’ਤੇ ਚਰਚਾ ਕਰਨ ਦੀ ਥਾਂ ਇਸ ਗੱਲ ’ਤੇ ਬਹਿਸ ਕਰ ਰਿਹਾ ਹੈ ਕਿ ‘ਰਾਹੁਲ ਗਾਂਧੀ ਜੀ ਮਹਾਂਕੁੰਭ ’ਚ ਇਸ਼ਨਾਨ ਕਰਨ ਕਿਉਂ ਨਹੀਂ ਗਏ ਹਨ?’’ ਇਹ ਸਭ ਭਾਜਪਾ ਦੁਆਰਾ ਕੀਤੀ ਗਈ ਵਧੀਆ ‘ਮੀਡੀਆ ਮੈਨੇਜਮੈਂਟ’ ਦਾ ਹੀ ਸਿੱਟਾ ਹੈ|
5. ਸੰਸਦ ਵਿਚ ਦਿੱਤੇ ਗਏ ਆਪਣੇ ਇਕ ਭਾਸ਼ਣ ਦੌਰਾਨ ਇਕ ਸਾਬਕਾ ਪ੍ਰਧਾਨ ਮੰਤਰੀ ’ਤੇ ਤੰਜ਼ ਕੱਸਣ ਵੇਲੇ ਨਰਿੰਦਰ ਮੋਦੀ ਨੇ ਕਿਹਾ ਸੀ,‘‘ਡਾ. ਸਾਹਿਬ ਤੋ ਬਾਥਰੂਮ ਮੇਂ ਭੀ ਰੇਨ ਕੋਟ ਪਹਿਨ ਕੇ ਨਹਾਤੇ ਹੈਂ|’’ ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅੱਜ ਵੀ ਉਪਲੱਬਧ ਹੈ ਤੇ ਉਸ ਵੇਲੇ ਇਸ ਬਿਆਨ ਨੂੰ ਵਾਰ-ਵਾਰ ਵਿਖਾਉਣ ਵਾਲੇ ਟੀ.ਵੀ. ਚੈਲਲਾਂ ਵਿਚੋਂ ਕਿਸੇ ਇਕ ਵੀ ਟੀ.ਵੀ. ਚੈਨਲ ਨੇ ‘ਮਹਾਂਕੁੰਭ-2025’ ਦੌਰਾਨ ਸ੍ਰੀ ਮੋਦੀ ਵੱਲੋਂ ਪੂਰੇ ਕੱਪੜੇ ਪਹਿਨ ਕੇ ‘ਇਸ਼ਨਾਨ’ ਕੀਤੇ ਜਾਣ ’ਤੇ ਜ਼ਰ੍ਹਾ ਜਿੰਨੀ ਵੀ ਚੁਟਕੀ ਨਹੀਂ ਲਈ ਤੇ ਨਾ ਹੀ ਮਹਾਂਕੁੰਭ ਦੌਰਾਨ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਵਿਚ ਤਿੰਨ ਸੌ ਫ਼ੀਸਦੀ ਵਾਧਾ ਹੋ ਜਾਣ ’ਤੇ ਕਿਸੇ ਟੀ.ਵੀ. ਐਂਕਰ ਜਾਂ ਪੱਤਰਕਾਰ ਨੇ ਮੋਦੀ ਦੇ ਉਸ ਬਿਆਨ ਨੂੰ ਨਹੀਂ ਵਿਖਾਇਆ ਜਿਸ ਵਿਚ ਉਨ੍ਹਾਂ ਨੇ ਕਿਸੇ ਵੇਲੇ ਹੁੱਬ ਕੇ ਆਖਿਆ ਸੀ, ‘‘ਹਵਾਈ ਚੱਪਲ ਵਾਲਾ ਵੀ ਹਵਾਈ ਜਹਾਜ਼ ਦੀ ਯਾਤਰਾ ਕਰੇਗਾ|’’ ਹਕੀਕਤ ਤਾਂ ਇਹ ਸੀ ਕਿ ਹਵਾਈ ਚੱਪਲ ਵਾਲਾ ਤਾਂ ਛੱਡੋ ਸੂਟ-ਬੂਟ ਪਾਉਣ ਵਾਲਾ ਵੀ ਹਵਾਈ ਟਿਕਟ ਲੈਣ ਤੋਂ ਅਸਮਰੱਥ ਨਜ਼ਰ ਆ ਰਿਹਾ ਸੀ|
6. ਕਿੰਨੇ ਸਿਤਮਜ਼ਰੀਫ਼ੀ ਦੀ ਗੱਲ ਹੈ ਕਿ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਰਾਜ ਦੀ ਯੋਗੀ ਸਰਕਾਰ ਹਰ ਰੋਜ਼ ਅੰਕੜੇ ਜਾਰੀ ਕਰਦੀ ਰਹੀ ਕਿ ਕਿੰਨੇ ਸ਼ਰਧਾਲੂਆਂ ਨੇ ਉਸ ਦਿਨ ਮਹਾਂਕੁੰਭ ਵਿਚ ਸ਼ਿਰਕਤ ਕਰ ਕੇ ਪਵਿੱਤਰ ਇਸ਼ਨਾਨ ਕੀਤਾ ਸੀ ਪਰ ਭਾਜਪਾ ਸਰਕਾਰ ਇਹ ਅੱਜ ਤੱਕ ਨਹੀਂ ਦੱਸ ਸਕੀ ਕਿ ਭਗਦੜ ਵਿਚ ਮਰੇ ਸ਼ਰਧਾਲੂਆਂ ਦੀ ਅਸਲ ਸੰਖਿਆ ਕਿੰਨੀ ਸੀ? ਲੱਗਦਾ ਹੈ ਕਿ ਡਬਲ ਇੰਜਣ ਵਾਲੀ ਮੋਦੀ-ਯੋਗੀ ਸਰਕਾਰ ਨੂੰ ‘ਕਰੋੜ’ ਗਿਣਨਾ ਸੌਖਾ ਲੱਗਦਾ ਹੈ ਪਰ ‘ਸੌ’ ਗਿਣਨਾ ਔਖਾ ਜਾਪਦਾ ਹੈ| ਹਰ ਹਾਦਸੇ ਲਈ ਪ੍ਰਦੇਸ਼ ਸਰਕਾਰ ਅਤੇ ਰੇਲ ਮੰਤਰੀ ਨੂੰ ਕਟਹਿਰੇ ’ਚ ਖੜ੍ਹੇ ਕਰਨ ਵਾਲੇ ਮੀਡੀਆ ਚੈਨਲਾਂ ਨੇ ਇਸ ਵਾਰ ‘ਮੋਦੀ ਜੀ ਦੀ ਕਿਰਪਾ’ ਸਦਕਾ ਜ਼ਰ੍ਹਾ ਵੀ ਹਾਲ-ਪਾਰਿ੍ਹਆ ਨਹੀਂ ਮਚਾਈ ਤੇ ਸ਼ਰਧਾਲੂਆਂ ਦੀ ਭੀੜ ਨੂੰ ਸਾਂਭਣ ਦੇ ਪ੍ਰਬੰਧਾਂ ਦੇ ਨਾਕਸ ਹੋਣ ਕਰਕੇ ਰੇਲ ਮੰਤਰੀ ਜਾਂ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਣ ਦਾ ਤਾਂ ‘ਡਰਾਮਾ’ ਵੀ ਨਹੀਂ ਰਚਿਆ ਸਗੋਂ ‘ਮੌਨ’ ਹੀ ਧਾਰੀ ਰੱਖਿਆ ਜੋ ਅੱਜ ਤੱਕ ਕਾਇਮ ਹੈ|
7. ਬੇਟੀਆਂ ਦੀ ਪੜ੍ਹਾਈ ਅਤੇ ਸੁਰੱਖਿਆ ਸਬੰਧੀ ਸ੍ਰੀ ਨਰਿੰਦਰ ਮੋਦੀ ਦੇ ਬਿਆਨਾਂ ਨੂੰ ਬੜੀ ਪ੍ਰਮੁੱਖਤਾ ਨਾਲ ਪੇਸ਼ ਕਰਨ ਵਾਲੇ ਮੀਡੀਆ ਨੇ ‘ਮਣੀਪੁਰ ਕਾਂਡ’ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਣ ਸਿੰਘ ਦੀਆਂ ਸਤਾਈਆਂ ਹੋਈਆਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦੇਣ ਦੀ ਥਾਂ ਸ਼ਰ੍ਹੇਆਮ ਨਵੀਂ ਦਿੱਲੀ ਵਿਖੇ ਉਨ੍ਹਾਂ ਨਾਲ ਕੀਤੇ ਗਏ ਦੁਰਵਿਹਾਰ ਸਬੰਧੀ ਪ੍ਰਧਾਨ ਮੰਤਰੀ ਦੀ ‘ਖ਼ਾਮੋਸ਼ੀ’ ’ਤੇ ਸੁਆਲ ਚੁੱਕਣ ਦੀ ਹਿੰਮਤ ਅਤੇ ਜੁਰੱਅਤ ਅੱਜ ਤੱਕ ਨਹੀਂ ਵਿਖਾਈ ਹੈ| ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਇਲਜ਼ਾਮਾਂ ਹੇਠ ਸਜ਼ਾ ਭੁਗਤ ਰਹੇ ਬਾਬਾ ਰਾਮ ਰਹੀਮ ਨੂੰ ਭਾਜਪਾ ਸਰਕਾਰਾਂ ਦੀ ਮਦਦ ਨਾਲ ਵਾਰ-ਵਾਰ ਪੈਰੋਲ ਮਿਲਣਾ ਅਤੇ ਬਿਲਕੀਸ ਬਾਨੋ ਦੇ ਗੁਨਾਹਗਾਰਾਂ ਨੂੰ ਰਿਹਾਅ ਕਰ ਕੇ ਉਨ੍ਹਾਂ ਦਾ ‘ਸ਼ਾਨਦਾਰ ਸੁਆਗਤ’ ਕਰਨਾ ਇਹ ਸਾਬਿਤ ਕਰਦਾ ਹੈ ਕਿ ਬੇਟੀਆਂ ਦੇ ਬਲਾਤਕਾਰੀਆਂ ਪ੍ਰਤੀ ਭਾਜਪਾ ਦੀ ਸੋਚ ਕੀ ਹੈ? ਹੋਰ ਤਾਂ ਹੋਰ ਦੇਸ਼ ਦੇ ਸਰਬਉੱਚ ਅਹੁਦੇ ’ਤੇ ਬਿਰਾਜਮਾਨ ਸ੍ਰੀਮਤੀ ਦ੍ਰੋਪਦੀ ਮੁਰਮੂ ਨੂੰ ਅਯੁੱਧਿਆ ਵਿਖੇ ਰਾਮ ਮੰਦਿਰ ਦੇ ਉਦਘਾਟਨ ਅਤੇ ਸੰਸਦ ਭਵਨ ਦੀ ਨਵੀਂ ਇਮਾਰਤ ਸਮੇਂ ਸੱਦਾ ਨਾ ਦੇ ਕੇ ਸ੍ਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਮਹਿਲਾਵਾਂ ਅਤੇ ਦਲਿਤਾਂ ਦੇ ਸਨਮਾਨ ਪ੍ਰਤੀ ਭਾਜਪਾ ਦੀ ਸੋਚ ਕੀ ਹੈ|
8. ਦੇਸ਼ ਦੇ ਠੱਗਾਂ, ਸਮੱਗਲਰਾਂ ਅਤੇ ਭ੍ਰਿਸ਼ਟਾਚਾਰੀਆਂ ਦਾ ਵਿਦੇਸ਼ਾਂ ਵਿਚ ਪਿਆ ਕਾਲਾ ਧਨ ਵਾਪਿਸ ਭਾਰਤ ਲਿਆ ਕੇ ਭਾਰਤ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੇ ਦਮਗਜ਼ੇ ਮਾਰਨ ਵਾਲੇ ਨਰਿੰਦਰ ਮੋਦੀ ਨੂੰ ਅੱਜ ਤੱਕ ਕਿਸੇ ਪੱਤਰਕਾਰ ਜਾਂ ਐਂਕਰ ਨੇ ਇਹ ਸੁਆਲ ਨਹੀਂ ਕੀਤਾ ਕਿ ‘‘ਦੇਸ਼ ਦਾ ਕਰੋੜਾਂ ਰੁਪਿਆ ਡਕਾਰ ਕੇ ਭਾਜਪਾ ਰਾਜਕਾਲ ਦੌਰਾਨ ਵਿਦੇਸ਼ਾਂ ਨੂੰ ਭੱਜ ਗਏ ਨੀਰਵ ਮੋਦੀ, ਵਿਜੇ ਮਾਲਿਆ ਅਤੇ ਮੇਹੁਲ ਚੌਕਸੀ ਆਦਿ ਜਿਹੇ ਕਈ ਹੋਰ ਠੱਗਾਂ ’ਤੇ ਬੀਤੇ ਦਸ ਸਾਲਾਂ ਵਿਚ ਕਾਰਵਾਈ ਕਰਦਿਆਂ ਅਜੇ ਤੱਕ ਭਾਰਤ ਕਿਉਂ ਨਹੀਂ ਲਿਆਂਦਾ ਗਿਆ ਹੈ?’’ ਇਸ ਤੋਂ ਇਲਾਵਾ ਨਾ ਹੀ ਕੋਈ ਸਾਡੇ ‘ਮਹਾਂਮਾਨਵ’ ਮੋਦੀ ਤੋਂ ਇਹ ਪੁੱਛਦਾ ਹੈ,‘‘ਨਾ ਖਾਵਾਂਗਾ, ਨਾ ਖਾਣ ਦਿਆਂਗਾ’’ ਜਿਹੇ ਉੱਚ-ਆਦਰਸ਼ਾਂ ਦਾ ਢਿੰਡੋਰਾ ਪਿੱਟਣ ਵਾਲੇ ਮਾਣਯੋਗ ਸ੍ਰੀ ਮੋਦੀ ਸਾਹਿਬ ਨੇ ਜਦੋਂ ਖ਼ੁਦ ਕਈ ਮੰਚ ਤੋਂ ‘ਅਜੀਤ ਪਵਾਰ, ਮੁਕੁਲ ਰਾਏ, ਛਗਨ ਭੁਜਬਲ, ਨਰਾਇਣ ਰਾਣੇ ਅਤੇ ਹੇਮੰਤ ਬਿਸਵਾ ਸ਼ਰਮਾ’ ਆਦਿ ਸਿਆਸੀ ਆਗੂਆਂ ’ਤੇ ਕਈ ਸੌ ਕਰੋੜ ਰੁਪਿਆਂ ਦੇ ਘੁਟਾਲੇ ਕਰਨ ਦੇ ਇਲਜ਼ਾਮ ਲਗਾਏ ਸਨ ਤਾਂ ਫਿਰ ਇਹੋ ਆਗੂ ਅੱਜ ਭਾਜਪਾ ਨਾਲ ਰਲ ਕੇ ਸਰਕਾਰਾਂ ਕਿਵੇਂ ਚਲਾ ਰਹੇ ਹਨ? ਇਨ੍ਹਾ ਆਗੂਆਂ ’ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਈ.ਡੀ. ਜਾਂ ਸੀ.ਬੀ.ਆਈ. ਆਦਿ ਜਾਂਚ ਏਜੰਸੀਆਂ ਓਨੀ ਮੁਸਤੈਦੀ ਅਤੇ ਤੇਜ਼ੀ ਨਾਲ ਕਿਉਂ ਨਹੀਂ ਕਰ ਰਹੀਆਂ, ਜਿੰਨੀ ਤੇਜ਼ੀ ਨਾਲ ਇਹ ਭਾਜਪਾ ਵਿਰੋਧੀ ਦਲਾਂ ਦੇ ਆਗੂਆਂ ਖ਼ਿਲਾਫ਼ ਕਰਦੀਆਂ ਹਨ| ਇਹ ਤੱਥ ਜੱਗ ਜ਼ਾਹਿਰ ਹੈ ਕਿ ਸ੍ਰੀ ਮੋਦੀ ਦੀ ਅਗਵਾਈ ਵਿਚ ਚੱਲ ਰਹੇ ‘ਪੀ.ਐਮ. ਕੇਅਰ ਫੰਡ’ ਦਾ ਹਿਸਾਬ ਦੇਣ ਤੋਂ ਸਰਕਾਰ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਗਾਂ ਦਾ ਮਾਸ ਵੇਚਣ ਵਾਲੀਆਂ ਅਤੇ ਹੋਰ ਗ਼ੇਰ-ਕਾਨੂੰਨੀ ਧੰਦੇ ਕਰਨ ਵਾਲੀਆਂ ਕੋਲੋਂ ‘ਚੋਣ ਬਾਂਡ’ ਜ਼ਰੀਏ ਪੈਸਾ ਹਾਸਿਲ ਕਰਨ ਵਾਲੀ ਭਾਜਪਾ ਦੇ ਸਿਰਕੱਢ ਆਗੂ ਨਰਿੰਦਰ ਮੋਦੀ ਉਂਜ ਸਾਰਾ ਦਿਨ ‘ਈਮਾਨਦਾਰੀ’ ਦਾ ਰਾਗ ਅਲਾਪਦੇ ਹਨ|
9. ਦੇਸ਼ ਦੇ ਮੀਡੀਆ ਦੇ ਸਨਮੁੱਖ ਹੋ ਕੇ ਇਕ ਵੀ ਪ੍ਰੈੱਸ ਕਾਨਫ਼ਰੰਸ ਕਰਨ ਦੀ ਥਾਂ ਕੇਵਲ ਇਕਪਾਸੜ ‘ਮਨ ਕੀ ਬਾਤ’ ਕਰਨ ਵਾਲੇ ਨਰਿੰਦਰ ਮੋਦੀ ਨੂੰ ਕੋਈ ਇਹ ਪ੍ਰਸ਼ਨ ਨਹੀਂ ਪੁੱਛਦਾ ਕਿ ਆਖ਼ਿਰ ‘ਪੁਲਵਾਮਾ’ ਕਾਂਡ ਵਾਪਰਿਆ ਕਿਵੇਂ ਸੀ? ਅਤੇ ਇਸ ਕਾਂਡ ਵਿਚ ਵਰਤਿਆ ਗਿਆ ਭਾਰੀ ਮਾਤਰਾ ਵਾਲਾ ‘ਆਰ.ਡੀ. ਐਕਸ.’ ਆਖ਼ਿਰ ਕਿੱਥੋਂ ਆਇਆ ਸੀ? ਦੇਸ਼ ਦੇ ਸੈਨਿਕਾਂ ਦਾ ਅਪਮਾਨ ਕਰਨ ਵਾਲੀ ਅਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੱਕਾ ਕਰਨ ਵਾਲੀ ‘ਅਗਨੀਵੀਰ’ ਯੋਜਨਾ ਨਾਲ ਆਖ਼ਿਰ ਕਿਸਨੂੰ ਲਾਭ ਹੋਇਆ ਹੈ? ਚੀਨ ਨੇ ਭਾਰਤੀ ਸਰਹੱਦ ਅੰਦਰ ਆ ਕੇ ਕਈ ਪਿੰਡ ਵਸਾ ਲਏ ਹਨ ਤੇ ਕਈ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ ਪਰ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਇਸ ਸਬੰਧ ਵਿਚ ਪੁੱਛੇ ਗਏ ਸਵਾਲਾਂ ਦਾ ਪ੍ਰਧਾਨ ਮੰਤਰੀ ਨੇ ਕਦੇ ਵੀ ਤੱਥ ਭਰਪੂਰ ਜਵਾਬ ਕਿਉਂ ਨਹੀਂ ਦਿੱਤਾ ਹੈ| ਵਿਸ਼ਵ ਦੇ ‘ਸ਼ਕਤੀਸ਼ਾਲੀ’ ਪ੍ਰਧਾਨ ਮੰਤਰੀਆਂ ਵਿਚੋਂ ਇਕ ਵਜੋਂ ਪ੍ਰਚਾਰੇ ਜਾਂਦੇ ਨਰਿੰਦਰ ਮੋਦੀ ਦੀ ਅਮਰੀਕਾ ਵਿਚ ਹਾਜ਼ਰੀ ਦੇ ਦੌਰਾਨ ਹੱਕਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਪਾ ਕੇ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਪਰ ‘56 ਇੰਚ’ ਦਾ ਸੀਨਾ ਰੱਖਣ ਦਾ ਦਾਅਵਾ ਕਰਨ ਵਾਲੇ ਮੋਦੀ ਸਾਹਿਬ ਭਾਰਤ ਦੀ ਇਸ ਬੇਪੱਤੀ ’ਤੇ ‘ਇਕ ਲਫ਼ਜ਼’ ਤੱਕ ਨਹੀਂ ਬੋਲ ਪਾਏ ਸਨ|
10. ਵਾਰ-ਵਾਰ ਪਾਰਦਰਸ਼ਤਾ ਦਾ ਹਵਾਲਾ ਦੇਣ ਵਾਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਅੱਜ ਤੱਕ ਨੋਟਬੰਦੀ ਕਰਕੇ ਹਾਸਿਲ ਹੋਇਆ ਕਾਲਾ ਧਨ ਜਾਂ ਦੇਸ਼ ਦੀ ਅਰਥ ਵਿਵਸਥਾ ਨੂੰ ਹੋਏ ਫ਼ਾਇਦਿਆਂ, ਨੋਟਬੰਦੀ ਅਤੇ ਕਰੋਨਾ ਕਾਲ ਦੌਰਾਨ ਹੋਈਆਂ ਮੌਤਾਂ ਦਾ ਸਹੀ ਅੰਕੜਾ ਦੇਸ਼ ਦੇ ਸਨਮੁੱਖ ਨਹੀਂ ਰੱਖਿਆ ਹੈ| ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਦੀ ਚੋਣ ਕਮੇਟੀ ਵਿਚੋਂ ਭਾਰਤ ਦੇ ਚੀਫ਼ ਜਸਟਿਸ ਨੂੰ ਬਾਹਰ ਕੱਢ ਦੇਣ ਨਾਲ ਪਾਰਦਰਸ਼ਤਾ ਵਿਚ ਵਾਧਾ ਕਿਵੇਂ ਹੋ ਗਿਆ ਇਹ ਸੱਚ ਸ੍ਰੀ ਮੋਦੀ ਅੱਜ ਤੱਕ ਨਹੀਂ ਦੱਸ ਪਾਏ| ਯਮੁਨਾ ਦੀ ਸਫ਼ਾਈ ਨਾ ਕਰਨ ਦੇ ਦੋਸ਼ ਹੇਠ ਅਰਵਿੰਦ ਕੇਜਰੀਵਾਲ ਨੂੰ ਦਿਨ-ਰਾਤ ਭੰਡਣ ਵਾਲੀ ਭਾਜਪਾ ਅਤੇ ਮੋਦੀ ਸਾਹਿਬ ਆਪਣੇ ਆਪ ਨੂੰ ‘ਗੰਗਾ ਪੁੱਤਰ’ ਆਖ਼ ਕੇ ਗੰਗਾ ਦੀ ਸਫ਼ਾਈ ਦਾ ਜ਼ਿੰਮਾ ਚੁੱਕ ਕੇ ਮੈਦਾਨ ਵਿਚ ੳੁੱਤਰੇ ਸਨ ਤੇ ਕਰੋੜਾਂ ਰੁਪਏ ਖ਼ਰਚ ਹੋਣ ਪਿੱਛੋਂ ਅੱਜ ਤੱਕ ਕਿੰਨੀ ਗੰਗਾ ਸਾਫ਼ ਹੋਈ ਹੈ, ਇਹ ਦੱਸਣ ਵਿਚ ਭਾਜਪਾ ਅਤੇ ਸ੍ਰੀ ਮੋਦੀ ਦੋਵੇਂ ਹੀ ਅਸਮਰੱਥ ਹਨ|
11. ਲੋਕਤੰਤਰ ਦੀ ਰਾਖੀ ਦਾ ਦਾਅਵਾ ਕਰਨ ਵਾਲੀ ਭਾਜਪਾ ਅਤੇ ਭਾਜਪਾ ਆਗੂ ਨਰਿੰਦਰ ਮੋਦੀ ਇਸ ਗੱਲ ਦਾ ਜਵਾਬ ਦੇਣ ਤੋਂ ਅਸਮਰੱਥ ਹਨ ਕਿ ਭਾਜਪਾ ਦਾ ਕੌਮੀ ਪ੍ਰਧਾਨ ਭਲਾ ਕਿਹੜੀ ਲੋਕਤੰਤਰੀ ਚੋਣ ਪ੍ਰਕਿਰਿਆ ’ਚੋਂ ਲੰਘ ਕੇ ਚੁਣਿਆ ਜਾਂਦਾ ਹੈ? ਇਸ ਸਵਾਲ ਦਾ ਜਵਾਬ ਵੀ ਸ੍ਰੀ ਮੋਦੀ ਨਹੀਂ ਦਿੰਦੇ ਕਿ ਜੇਕਰ ਭਾਜਪਾ ਅੰਦਰ ਲੋਕਤੰਤਰ ਹੈ ਤੇ 75 ਸਾਲ ਦੇ ਭਾਜਪਾ ਆਗੂਆਂ ਲਈ ਲਾਲ ਕ੍ਰਿਸ਼ਨ ਅਡਵਾਨੀ ਵਾਂਗ ‘ਮਾਰਗਦਰਸ਼ਕ ਮੰਡਲ’ ਹੈ ਤਾਂ ਫਿਰ 75 ਸਾਲ ਦੇ ਹੋ ਚੁੱਕੇ ਸ੍ਰੀ ਮੋਦੀ ਮਾਰਗਦਰਸ਼ਕ ਮੰਡਲ ਦੀ ਥਾਂ ਅਜੇ ਵੀ ‘ਮੰਤਰੀ ਮੰਡਲ’ ਵਿਚ ਕਿਉਂ ਹਨ?
12. ਵਿਆਹੁਤਾ ਮੁਸਲਿਮ ਮਹਿਲਾਵਾਂ ਦੇ ਹੱਕਾਂ ਲਈ ‘ਤੀਨ ਤਲਾਕ’ ਦੇ ਮੁੱਦੇ ’ਤੇ ਹਾਲ-ਪਾਰਿ੍ਹਆ ਮਚਾਉਣ ਵਾਲੇ ਨਰਿੰਦਰ ਭਾਈ ਮੋਦੀ ਨੇ ਕਦੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਵਾਂਗ ਜਿਨ੍ਹਾਂ ਗ਼ੈਰ-ਮੁਸਲਿਮ ਮਰਦਾਂ ਨੇ ਆਪਣੀਆਂ ਪਤਨੀਆਂ ਬਿਨਾ ਤਲਾਕ ਦਿੱਤਿਆਂ ਹੀ ਛੱਡੀਆਂ ਹੋਈਆਂ ਹਨ, ਉਨ੍ਹਾਂ ਦੇ ‘ਭਲੇ’ ਲਈ ਉਹ ਕੀ ਕਦਮ ਚੁੱਕ ਰਹੇ ਹਨ?
13. ਅਖੀਰ ਵਿਚ ਨਰਿੰਦਰ ਮੋਦੀ ਨਾਲ ਜੁੜੇ ਕੁਝ ਹੋਰ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦਾ ਜਵਾਬ ਅੱਜ ਤੱਕ ਨਾ ਤਾਂ ਭਾਜਪਾ ਦੀ ਲੀਡਰਸ਼ਿਪ ਨੇ ਦਿੱਤਾ ਹੈ ਤੇ ਨਾ ਹੀ ਸ੍ਰੀ ਮੋਦੀ ਨੇ ਖ਼ੁਦ ਕਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ| ਇਹ ਪ੍ਰਸ਼ਨ ਹਨ-‘ਜੇਕਰ ਭਾਜਪਾ ਵੱਲੋਂ ਲਿਆਂਦੇ ਗਏ ਤਿੰਨ ਕਾਨੂੰਨ ਸਚਮੁੱਚ ਹੀ ਕਿਸਾਨ ਪੱਖੀ ਸਨ ਤਾਂ ਫਿਰ ਵਾਪਿਸ ਕਿਉਂ ਲਏ ਗਏ?’’, ‘‘ਆਲੂਆਂ ’ਚੋਂ ਭਲਾ ਸੋਨਾ ਕਿਵੇਂ ਨਿਕਲ ਸਕਦਾ ਹੈ?’’, ‘‘ਗਟਰ ਦੀ ਗੈਸ ਨਾਲ ਕੋਈ ਠੇਲ੍ਹੇ ਵਾਲਾ ਭਲਾ ਚਾਹ ਕਿਵੇਂ ਬਣਾ ਸਕਦਾ ਹੈ?’’,‘‘ ਸ੍ਰੀ ਮੋਦੀ ਨੇ ਕਲਕੱਤਾ ਵਿਖੇ ਮੈਟਰੋ ਵਿਚ ਉਸ ਵੇਲੇ ਭਲਾ ਸਫ਼ਰ ਕਿਵੇਂ ਕਰ ਲਿਆ ਸੀ ਜਦੋਂ ਉਥੇ ਮੈਟਰੋ ਅਜੇ ਆਈ ਵੀ ਨਹੀਂ ਸੀ?’ ਅਜਿਹੇ ਅਨੇਕਾਂ ਹੋਰ ਸਵਾਲ ਹਨ ਜਿਨ੍ਹਾਂ ਪ੍ਰਤੀ ਭਾਜਪਾ ਅਤੇ ਸ੍ਰੀ ਮੋਦੀ ਪੱਕੇ ਤੌਰ ’ਤੇ ‘ਮੌਨ’ ਧਾਰੀ ਬੈਠੇ ਹਨ ਪਰ ਇਹ ਕੋਈ ਅਤਿਕਥਨੀ ਨਹੀਂ ਹੈ ਕਿ ਝੂਠੇ ਵਾਅਦੇ ਕਰਨ ਵਿਚ ਜੇਕਰ ‘ਮੋਦੀ ਹੈ ਤਾਂ ਸਚਮੁੱਚ ਹੀ ਮੁਮਕਿਨ ਹੈ|’