ਟਰੰਪ ਦੀ ਕਾਹਲੀ ਅੱਗੇ ਟੋਏ

ਯੂਕਰੇਨ ਦੇ ਮੁਖੀ ਜ਼ੇਲੈਂਸਕੀ ਵਲੋਂ ਕੀਤੇ ਗਏ ਅਮਰੀਕੀ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਈ ਉਸਦੀ ਬਹਿਸ ਉਪਰੰਤ ਜ਼ੇਲੈਂਸਕੀ ਵਲੋਂ ਕੀਤੇ ਗਏ ਯੂਰਪ ਦੇ ਦੌਰੇ ਨੇ, ਵਿਸ਼ਵ ਰਾਜਨੀਤੀ ਵਿਚ ਵੱਡਾ ਭੂਚਾਲ ਲਿਆ ਦਿੱਤਾ ਹੈ। ਯੂਕਰੇਨ ਨੂੰ ਅਮਰੀਕਾ ਵਲੋਂ ਨਾਂਹ ਕੀਤੇ ਜਾਣ ਦੇ ਬਾਵਜੂਦ ਯੂਰਪੀਅਨ ਦੇਸ਼ਾਂ ਵਲੋਂ ਯੂਕਰੇਨ ਨੂੰ ਮਦਦ ਜਾਰੀ ਰੱਖਣ ਦਾ ਭਰੋਸਾ ਜ਼ੇਲੈਂਸਕੀ ਲਈ ਰਾਹਤ ਦੀ ਖਬਰ ਲੈ ਕੇ ਆਇਆ ਸੀ।

ਪਰ ਦਿਨ ਚੜ੍ਹਦਿਆਂ ਹੀ ਅਮਰੀਕਾ ਵਲੋਂ ਯੂਕਰੇਨ ਨੂੰ ਭੇਜੀ ਜਾਣ ਵਾਲੀ ਮਦਦ ਨੂੰ ਰੋਕ ਦੇਣ ਦਾ ਟਰੰਪ ਵਲੋਂ ਕੀਤਾ ਗਿਆ ਐਲਾਨ ਯੂਕਰੇਨ ਲਈ ਨਵੀਂ ਮੁਸੀਬਤ ਲੈ ਕੇ ਆ ਗਿਆ। ਟਰੰਪ ਨੇ ਅਜੇਹੇ ਸਖਤ ਫੈਸਲੇ ਦਾ ਐਲਾਨ ਆਪਣੇ ਭਾਸ਼ਣ ਤੋਂ ਪਹਿਲਾਂ ਕਰਕੇ ਆਪਣੇ ਸੁਭਾਅ ਦੇ ਰਵਾਇਤੀ ਰੰਗ ਨੂੰ ਇਕ ਵਾਰ ਫੇਰ ਰੂਪਮਾਨ ਕਰ ਦਿੱਤਾ ਹੈ। ਇਸ ਨਾਲ ਅਮਰੀਕਾ, ਯੂਕਰੇਨ ਅਤੇ ਯੂਰਪ ਦੀ ਰਵਾਇਤੀ ਸਾਂਝ ਉਤੇ ਕੀ ਅਸਰ ਪਵੇਗਾ ਅਤੇ ਵਿਸ਼ਵ ਰਾਜਨੀਤੀ ਕਿਸ ਪਾਸੇ ਨੂੰ ਜਾਏਗੀ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਇਹ ਸਪੱਸ਼ਟ ਹੈ ਕਿ ਜਦੋਂ ਤੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਰਸੀ ਸੰਭਾਲੀ ਹੈ, ਉਦੋਂ ਤੋਂ ਹੀ ਉਨ੍ਹਾਂ ਦੀਆਂ ਨੀਤੀਆਂ ਕਾਰਨ ਦੂਜੇ ਦੇਸ਼ਾਂ ਵਿਚ ਤਣਾਅ ਪੈਦਾ ਹੋ ਰਿਹਾ ਹੈ। ਅਮਰੀਕਾ ਵੱਲੋਂ ਟੈਰਿਫ ਨੀਤੀ ਦੇ ਜਵਾਬ ਵਿਚ ਹਾਲਾਂਕਿ ਕੈਨੇਡਾ ਤੇ ਮੈਕਸੀਕੋ ਨੇ ਵੀ ਮੋੜਵੇਂ ਜਵਾਬ ਦਿੱਤੇ ਹਨ। ਜਿਸ ਨਾਲ ਵਿਸ਼ਵ ਪੱਧਰ ‘ਤੇ ਇਕ ਖਾਸ ਸੰਦੇਸ਼ ਗਿਆ ਹੈ। ਭਾਰਤ ਨੂੰ ਦਿੱਤੇ ਜਾਂਦੇ ਚੋਣ ਫੰਡ ਦੀ ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਟਿੱਪਣੀ ਨੇ ਵੀ ਨਵੀਂ ਸਥਿਤੀ ਪੈਦਾ ਕੀਤੀ ਹੈ।
ਜਿਸ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਵੀ ਉਸ ਵੇਲੇ ਹੋਇਆ ਜਦੋਂ ਅਮਰੀਕਾ ਦੌਰੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਪਸੀ ਹੋਈ ਸੀ। ਅਮਰੀਕਾ ਦਾ ਹੁਣ ਤਾਜ਼ਾ ਰੌਲਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਪਿਆ ਹੈ। ਦੋਵਾਂ ਦੀ ਮੁਲਾਕਾਤ ਤਣਾ-ਤਣੀ ਵਿਚ ਬਦਲ ਗਈ। ਗੱਲਬਾਤ ਸੁਖਾਵੇਂ ਮਾਹੌਲ ਵਿਚ ਸ਼ੁਰੂ ਹੋਈ ਪਰ ਹਾਲਾਤ ਇਹ ਬਣੇ ਕਿ ਜ਼ੇਲੈਂਸਕੀ ਨੂੰ ਵ੍ਹਾਈਟ ਹਾਊਸ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਸਲ ਵਿਚ ਉਨ੍ਹਾਂ ਅੱਗੇ ਅਮਰੀਕੀ ਰਾਸ਼ਟਰਪਤੀ ਨੇ ਰੂਸ ਨਾਲ ਸਮਝੌਤੇ ਦੀ ਪੇਸ਼ਕਸ਼ ਰੱਖੀ, ਪਰ ਉਹ ਇਸ ਗੱਲ ‘ਤੇ ਅੜੇ ਹੋਏ ਸਨ ਕਿ ਉਹ ਉਦੋਂ ਤੱਕ ਕਿਸੇ ਜੰਗਬੰਦੀ ‘ਤੇ ਸਮਝੌਤੇ ਵਾਲੇ ਹਸਤਾਖ਼ਰ ਨਹੀਂ ਕਰਨਗੇ, ਜਦੋਂ ਤੱਕ ਉਨ੍ਹਾਂ ਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਬਾਰੇ ਕੋਈ ਭਰੋਸਾ ਹਾਸਲ ਨਹੀਂ ਹੋ ਜਾਂਦਾ। ਇਸ ਬਹਿਸ ਤੋਂ ਬਾਅਦ ਹਾਲਾਂਕਿ ਜ਼ੇਲੈਂਸਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਸ਼ਾਂਤੀ ਚਾਹੁੰਦੇ ਹਨ।
ਉਹ ਇਸ ਗੱਲ ਲਈ ਆਸਵੰਦ ਸਨ ਕਿ ਖਣਿਜਾਂ ਬਾਰੇ ਸਮਝੌਤਾ ਸੁਰੱਖਿਆ ਦੀ ਗਾਰੰਟੀ ਅਤੇ ਸ਼ਾਂਤੀ ਦੇ ਨੇੜੇ ਜਾਣ ਵੱਲ ਪਹਿਲਾ ਕਦਮ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਯੂਕਰੇਨ ਇਸ ਵੇਲੇ ਮੁਸ਼ਕਲ ‘ਚ ਹੈ ਪਰ ਉਹ ਲੜਾਈ ਨਹੀਂ ਰੋਕਣਾ ਚਾਹੁੰਦਾ।
ਜ਼ੇਲੈਂਸਕੀ ਦਾ ਸਟੈਂਡ ਬੇਸ਼ੱਕ ਟਰੰਪ ਤੇ ਰੂਸ ਨੂੰ ਕਿਸੇ ਵੀ ਰੂਪ ਵਿਚ ਹਜ਼ਮ ਨਹੀਂ ਹੋ ਸਕਦਾ ਪਰ ਇਸ ਵੇਲੇ ਉਹ ਆਪਣੇ ਨਾਗਰਿਕਾਂ ਨੂੰ ਅੱਗੇ ਰੱਖ ਕੇ ਅਮਰੀਕਾ ਵਰਗੀ ਤਾਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨਾ, ਅਤੇ ਆਪਣੀ ਇਹ ਤੜ ਰੱਖਣੀ ਹਾਲਾਂ ਕਿ ਉਸਨੂੰ ਮਹਿੰਗੀ ਪੈ ਰਹੀ ਹੈ ਪਰ ਦੂਜੇ ਯੂਰਪੀ ਦੇਸ਼ਾਂ ਨੇ ਇਸ ਵੇਲੇ ਉਨ੍ਹਾਂ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ। ਅਮਰੀਕਾ ਵੱਲੋਂ ਵੀ ਜਦੋਂ ਕਦੇ ਉੱਥੇ ਵਸਣ ਵਾਲੇ ਗ਼ੇਰ-ਕਾਨੂੰਨੀ ਨਾਗਰਿਕਾਂ ਬਾਰੇ ਕੋਈ ਨੀਤੀ ਘੜੀ ਜਾਂਦੀ ਹੈ ਜਾਂ ਕੋਈ ਨਵਾਂ ਟੈਰਿਫ ਲਗਾਇਆ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਟਰੰਪ ਇਹ ਬਿਆਨ ਦਿੰਦੇ ਹਨ ਕਿ ਉਹ ਸਾਰਾ ਕੁਝ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਕਰ ਰਹੇ ਹਨ। ਜ਼ੇਲੈਂਸਕੀ ਦੇ ਅਜਿਹੇ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਰੂਸ ਦੇ ਰਾਸ਼ਟਪਤੀ ਪਹਿਲਾਂ ਵੀ ਜੰਗਬੰਦੀ ਦੀ ਉਲੰਘਣਾ ਕਰ ਚੁੱਕੇ ਹਨ ਤੇ ਮੁੜ ਤੋਂ ਵੀ ਹਾਲਾਤ ਇਹੋ ਜਿਹੇ ਬਣ ਸਕਦੇ ਹਨ। ਪਰ ਇਕ ਗੱਲ ਜੋ ਹੈਰਾਨ ਕਰਨ ਵਾਲੀ ਹੈ ਕਿ ਅਮਰੀਕਾ ਲਗਾਤਾਰ ਟਰੰਪ ਦੀ ਸੱਤਾ ਆਉਣ ਤੋਂ ਬਾਅਦ ਦੂਜੇ ਦੇਸ਼ਾਂ ਖ਼ਿਲਾਫ਼ ਹਮਲਾਵਰ ਹੋ ਰਿਹਾ ਹੈ। ਉਸ ਦੀ ਗੱਲ ਨਾ ਮੰਨਣ ਦੀ ਸੂਰਤ ਵਿਚ ਗੰਭੀਰ ਸਿੱਟੇ ਭੁਗਤਣੇ ਪੈ ਰਹੇ ਹਨ। ਅਮਰੀਕਾ ਦੀ ਵਪਾਰਕ ਸਾਂਝ ਤਕਰੀਬਨ ਸਾਰੇ ਦੇਸ਼ਾਂ ਨਾਲ ਹੈ। ਇਸ ਲਈ ਅਮਰੀਕੀ ਪ੍ਰਸ਼ਾਸਨ ਤੇ ਹੁਕਮਰਾਨਾਂ ਨੂੰ ਠੰਢੇ ਦਿਮਾਗ਼ ਨਾਲ ਇਸ ਗੱਲ ‘ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਜਿਹੇ ਦਬਾਅ ਨਾਲ ਵਿਸ਼ਵ ਪੱਧਰ ‘ਤੇ ਉਸ ਪ੍ਰਤੀ ਬਣ ਰਹੀ ਰਾਏ ਉਲਟ ਹਾਲਾਤ ਵੀ ਪੈਦਾ ਕਰ ਸਕਦੀ ਹੈ।
ਉੱਖਲੀ ‘ਚ ਸਿਰ ਦੇਣ ਤੋਂ ਗੁਰੇਜ਼ ਨਾ ਕਰਨ ਵਾਲੇ ਯੂਕਰੇਨ ਮੁਖੀ ਵਲਾਦੀਮੀਰ ਜ਼ੇਲੈਂਸਕੀ ਨੇ ਡੋਨਲਡ ਟਰੰਪ ਨਾਲ ਸਿੱਧਾ ਦਸਤਪੰਜਾ ਲੜਾ ਕੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਕੌਮਾਂਤਰੀ ਮੀਡੀਆ ਦੀ ਹਾਜ਼ਰੀ ਵਿਚ ਟਰੰਪ ਅਤੇ ਜ਼ੇਲੈਂਸਕੀ ਦਰਮਿਆਨ ਹੋਈ ਨੋਕ-ਝੋਕ ਨੂੰ ਪੂਰੇ ਵਿਸ਼ਵ ਨੇ ਲਾਈਵ ਦੇਖਿਆ। ਜ਼ੇਲੈਂਸਕੀ ਦੀਆਂ ਖਰੀਆਂ-ਖਰੀਆਂ ਕਾਰਨ ਯੂਕਰੇਨ ਨੂੰ ਭਾਵੇਂ ਭਾਰੀ ਖ਼ਮਿਆਜ਼ਾ ਭੁਗਤਣਾ ਪਵੇ ਪਰ ਟਰੰਪ ਦੀ ਬਦਕਲਾਮੀ ਤੇ ਦਾਬੇ ਅੱਗੇ ਨਾ ਝੁਕ ਕੇ ਉਸ ਨੇ ਆਪਣੇ ਦੇਸ਼ ਵਾਸੀਆਂ ਦੇ ਆਤਮ-ਸਨਮਾਨ ਨੂੰ ਵਧਾਇਆ ਹੈ।
ਵ੍ਹਾਈਟ ਹਾਊਸ ਵਿਚ ਅਜਿਹਾ ਵਰਤਾਰਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਜਦੋਂ ਕੋਈ ਆਪਣੇ ਮਹਿਮਾਨ ਨੂੰ ‘ਮੂਰਖ ਰਾਸ਼ਟਰਪਤੀ’ ਕਹਿ ਕੇ ਸੰਬੋਧਨ ਕਰ ਰਿਹਾ ਹੋਵੇ। ਅਜਿਹੀ ‘ਮਹਿਮਾਨ-ਨਿਵਾਜ਼ੀ’ ਕਿਸੇ ਨੇ ਪਹਿਲਾਂ ਕਦੇ ਨਹੀਂ ਸੀ ਵੇਖੀ। ਪਰ ਟਰੰਪ ਨੂੰ ਜ਼ੇਲੈਂਸਕੀ ਨੇ ਸਪਸ਼ਟ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਗਿੱਦੜ ਭਬਕੀਆਂ ਤੋਂ ਦੱਬਣ ਵਾਲਾ ਨਹੀਂ ਹੈ। ਉਸ ਨੂੰ ਔਸਤ ਦਰਜੇ ਦਾ ਕਾਮੇਡੀਅਨ ਕਹਿਣ ਵਾਲੇ ਟਰੰਪ ਨੇ ਕਦੇ ਸੁਪਨੇ ਵਿਚ ਨਹੀਂ ਸੋਚਿਆ ਹੋਣਾ ਕਿ ਇਕ ਅਦਨੇ ਜੇਹੇ ਦੇਸ਼ ਦਾ ਰਾਸ਼ਟਰਪਤੀ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ੁਰਅਤ ਰੱਖ ਸਕਦਾ ਹੈ। ਖਣਿਜ ਪਦਾਰਥਾਂ ਨਾਲ ਮਾਲਾਮਾਲ ਯੂਕਰੇਨ ਨੂੰ ਟਰੰਪ ਨੇ ਧਨਾਢ ਵਪਾਰੀ ਵਾਂਗ ਤੋਲ ਕੇ ਵ੍ਹਾਈਟ ਹਾਊਸ ਵਿਚ ਆਉਣ ਲਈ ਸੱਦਾ ਭੇਜਿਆ ਸੀ। ਟਰੰਪ ਨੇ ਬਾਹਰ ਆ ਕੇ ਉਸ ਨੂੰ ਖ਼ੁਸ਼ਆਮਦੀਦ ਕਹੀ ਸੀ। ਖਣਿਜਾਂ ‘ਤੇ ਅੱਖ ਟਿਕਾਈ ਬੈਠੇ ਟਰੰਪ ਨੇ ਗਰਮਜੋਸ਼ੀ ਨਾਲ ਵਾਰਤਾ ਸ਼ੁਰੂ ਕੀਤੀ। ਲੀਹ ਤੋਂ ਹਟ ਕੇ ਟਰੰਪ ਨੇ ਯੂਕਰੇਨ-ਰੂਸ ਜੰਗਬੰਦੀ ਦੀ ਗੱਲ ਛੋਹ ਲਈ। ਇਸ ‘ਤੇ ਜ਼ੇਲੈਂਸਕੀ ਤਿਲਮਿਲਾ ਉੱਠਿਆ। ਉਸ ਨੇ ਕਿਹਾ ਕਿ ਜੰਗ ਤਾਂ ਮਨੁੱਖਤਾ ਦੇ ਕਾਤਲ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਛੇੜੀ ਹੈ। ਪੁਤਿਨ ਨੇ ਘੱਟੋ-ਘੱਟ 25 ਵਾਰ ਯੁੱਧਬੰਦੀ ਦੀ ਉਲੰਘਣਾ ਕਰ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਇਸ ‘ਤੇ ਟਰੰਪ ਲਾਲ-ਪੀਲਾ ਹੋ ਗਿਆ। ਟਰੰਪ ਨੇ ਉਸ ਨੂੰ ‘ਸਟੂਪਿਡ ਪ੍ਰੈਜ਼ੀਡੈਂਟ’ ਕਹਿੰਦਿਆਂ ਕਿਹਾ ਕਿ ਉਸ ਦੇ ਪੱਲੇ ਹੀ ਕੀ ਹੈ? ਉਸ ਕੋਲ ਕੋਈ ਪੱਤਾ ਨਹੀਂ ਬਚਿਆ ਜਿਸ ਨੂੰ ਖੇਡ ਕੇ ਉਹ ਰੂਸ ਤੋਂ ਜੰਗ ਜਿੱਤ ਸਕੇ। ‘ਤੁਹਾਨੂੰ ਨਹੀਂ ਪਤਾ ਕਿ ਯੂਕਰੇਨ ਕਿਸ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ? ਅਮਰੀਕਾ ਨਾ ਹੁੰਦਾ ਤਾਂ ਤਿੰਨ ਸਾਲ ਤੋਂ ਛਿੜੀ ਜੰਗ ਦੋ ਹਫ਼ਤਿਆਂ ਵਿਚ ਖ਼ਤਮ ਹੋ ਜਾਣੀ ਸੀ। ਭਾਵ, ਰੂਸ ਨੇ ਯੂਕਰੇਨ ਨੂੰ ਹੜੱਪਣ ਲਈ ਵੱਧ ਤੋਂ ਵੱਧ ਪੰਦਰਾਂ ਦਿਨ ਲਾਉਣੇ ਸਨ। ਟਰੰਪ ਕਹਿ ਰਿਹਾ ਸੀ ਕਿ ਅਮਰੀਕਾ ਵੱਲੋਂ ਦਿੱਤੇ ਹਥਿਆਰਾਂ ਤੋਂ ਬਗ਼ੈਰ ਜੰਗ ਇੰਨੀ ਲੰਬੀ ਨਹੀਂ ਸੀ ਚੱਲਣੀ। ਜ਼ੇਲੈਂਸਕੀ ਨੇ ਟਰੰਪ ਦਾ ਮੌਜੂ ਉਡਾਉਂਦਿਆਂ ਦੋ ਟੁੱਕ ਕਿਹਾ, “ਮੈਨੂੰ ਪਤਾ ਹੈ ਕਿ ਅਸੀਂ ਸੰਕਟ ਵਿਚ ਹਾਂ। ਰਹੀ ਗੱਲ ਜੰਗ ਦੀ, ਪੁਤਿਨ ਤਾਂ ਦਮਗਜ਼ੇ ਮਾਰ ਰਿਹਾ ਸੀ ਕਿ ਉਹ ਯੂਕਰੇਨ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਰੂਸ ਨਾਲ ਮਿਲਾ ਲਵੇਗਾ। ਤਿੱਖੀ ਬਹਿਸ ਦੌਰਾਨ ਜ਼ੇਲੈਂਸਕੀ ਦੇ ਚਿਹਰੇ ‘ਤੇ ਕੋਈ ਸ਼ਿਕਨ ਜਾਂ ਡਰ ਨਹੀਂ ਸੀ।
ਰੂਸ ਨਾਲ ਦੋਸਤੀ ਦਾ ਹੱਥ ਵਧਾ ਕੇ ਤੇ ਯੂਕਰੇਨ ਨਾਲ ਯੁੱਧਬੰਦੀ ਲਈ ਸਾਲਸੀ ਕਰ ਕੇ ਉਹ ਨਵੀਆਂ ਵਪਾਰਕ ਸੰਧੀਆਂ ਸਹੀਬੱਧ ਕਰਨ ਦਾ ਚਾਹਵਾਨ ਹੈ। ਰੂਸ ਨਾਲ ਦੋਸਤੀ ਨਿਭ ਗਈ ਤਾਂ ਉਹ ਚੀਨ ਨੂੰ ਵੱਡੀ ਚੁਣੌਤੀ ਦੇਣ ਦੇ ਸਮਰੱਥ ਹੋ ਜਾਵੇਗਾ। ਇਸ ਵੇਲੇ ਚੀਨ ਦਾ ਸਰਬਪੱਖੀ ਵਿਕਾਸ ਟਰੰਪ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ। ਔਖੇ-ਸੌਖੇ ਦਿਨਾਂ ਵਿਚ ਅਮਰੀਕਾ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਵਾਲੇ ਕੈਨੇਡਾ, ਮੈਕਸੀਕੋ ਤੇ ਹੋਰ ਮਿੱਤਰ ਦੇਸ਼ਾਂ ਨੂੰ ਵੀ ਉਹ ਅੱਖਾਂ ਦਿਖਾ ਰਿਹਾ ਹੈ। ਬ੍ਰਿਕਸ ਨੂੰ ਉਹ ਪਹਿਲਾਂ ਹੀ ‘ਮ੍ਰਿਤਕ ਘੋਸ਼ਿਤ ਕਰ ਕੇ ਇਸ ਦੇ ਮੈਂਬਰ ਦੇਸ਼ਾਂ ਨੂੰ ਜ਼ਲੀਲ ਕਰ ਚੁੱਕਾ ਹੈ। ਪੂੰਜੀ ਦੀ ਵਿਸ਼ਵ ਜੰਗ ਵਿਚ ਉਹ ਦਰਾਮਦ-ਬਰਾਮਦ ‘ਤੇ ਲੱਗਦੇ ਟੈਰਿਫਾਂ ‘ਤੇ ਆਪਣੀ ਮਰਜ਼ੀ ਥੋਪ ਕੇ ਸ਼ੇਅਰ ਬਾਜ਼ਾਰ ਨੂੰ ਲਹੂ ਲੁਹਾਣ ਕਰ ਚੁੱਕਾ ਹੈ। ਟਰੰਪ ਦੀ ਹੈਂਕੜਬਾਜ਼ੀ ਹੋਰ ਕੀ ਗੁਲ ਖਿੜਾਏਗੀ, ਇਹ ਭਵਿੱਖ ਦੀ ਬੁੱਕਲ ਵਿਚ ਹੈ। ਟਰੰਪ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣਾ ਕਿ ਉਹ ਦੁਨੀਆ ਨੂੰ ਤੀਜੀ ਵਿਸ਼ਵ ਜੰਗ ਵੱਲ ਲਿਜਾ ਕੇ ਮਨੁੱਖੀ ਜਿੰਦੜੀਆਂ ਨਾਲੇ ਜੂਆ ਖੇਡ ਰਿਹਾ ਹੈ, ਗੁੱਝੇ ਅਰਥ ਰੱਖਦਾ ਹੈ। ਇਨ੍ਹਾਂ ਅਰਥਾਂ ਦੇ ਕਈ ਵਿਸਥਾਰ ਹੋ ਸਕਦੇ ਹਨ। ਇਸ ਇਤਿਹਾਸ ਬਿੰਦੂ ਉਤੇ ਇਹ ਸਾਰੇ ਰਾਹ ਕੰਡਿਆਂ ਨਾਲ ਭਰੇ ਨਜ਼ਰ ਆ ਰਹੇ ਹਨ।