ਕਾਂਜੀ ਕੋਲਾ

ਬਲਜੀਤ ਬਾਸੀ
ਫੋਨ: 734-259-9353
ਮੁੱਦਤਾਂ ਹੋ ਗਈਆਂ ਕਾਂਜੀ ਪੀਤਿਆਂ, ਸ਼ਾਇਦ ਜ਼ਿੰਦਗੀ ਵਿਚ ਮੈਂ ਇੱਕ ਅੱਧ ਵਾਰੀ ਹੀ ਇਹ ਨਫੀਸ ਪੀਣ ਪਦਾਰਥ ਛਕਿਆ ਹੋਵੇਗਾ ਪਰ ਫਿਰ ਵੀ ਹੋਰ ਪਿੱਛੇ ਰਹਿ ਗਈਆਂ ਦੇਸੀ ਖੁਰਾਕਾਂ ਜਿਵੇਂ ਸੀੜ੍ਹ ਦੀਆਂ ਪਿੰਨੀਆਂ, ਬੱਕਲੀਆਂ, ਗੁਲਗੁਲੇ, ਫੁੱਲੀਆਂ, ਕੁੱਲਰ, ਪਤਾਸੇ, ਸੱਤੂ, ਸੰਢੋਲਾ ਦੇ ਨਾਲ ਨਾਲ ਕਾਂਜੀ ਲਈ ਵੀ ਦਿਲ ਵਿਚੋਂ ਹੂਕ ਉਠਦੀ ਹੀ ਰਹਿੰਦੀ ਹੈ। ਪਾਣੀ ਵਿਚ ਗਾਜਰਾਂ, ਰਾਈ, ਵਿਆਹ ਵਾਲੇ ਪਕੌੜੇ, ਕਾਲਾ ਲੂਣ, ਕਾਲੀ ਮਿਰਚ ਆਦਿ ਪਾ ਕੇ ਬਣਾਏ ਇਸ ਲਾਹਣ ਨੂੰ ਕਈ ਦਿਨ ਖਮੀਰ ਉਠਣ ਤੱਕ ਢੱਕ ਕੇ ਰੱਖਿਆ ਜਾਂਦਾ ਸੀ ਤਾਂ ਜਾ ਕੇ

ਇਹ ਸੌਗਾਤ ਤਿਆਰ ਹੁੰਦੀ ਸੀ। ਭਲੇ ਵੇਲਿਆਂ ਵਿਚ ਕਾਂਜੀ ਵਿਆਹਾਂ-ਸ਼ਾਦੀਆਂ ਦੌਰਾਨ ਬਰਾਤੀਆਂ ਨੂੰ ਕੋਕਾ ਕੋਲਾ ਵਾਂਗ ਪਿਲਾਈ ਜਾਂਦੀ ਸੀ। ਅੱਜ ਕੱਲ੍ਹ ਤਾਂ ਚਾਹ ਨਾਲ ਹੀ ਕਲੇਜਾ ਸਾੜਿਆ ਜਾਂਦਾ ਹੈ ਪਰ ਉਦੋਂ ਇਹ ਕਲੇਜੇ ਵਿਚ ਠੰਢ ਪਾਉਂਦੀ ਸੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਤਾਸੀਰ ਸਿਧਾਂਤ ਅਣਵਿਗਿਆਨਕ ਹੈ, ਮੇਰਾ ਇਸ ਵਿਚ ਕੋਈ ਵਿਸ਼ਵਾਸ ਨਹੀਂ। ਇਹ ਕੁਝ ਨਸ਼ਾਵਰ ਵੀ ਹੁੰਦੀ ਹੈ ਇਸ ਲਈ ਇਸ ਨੂੰ ਪਾਚਕ ਸਮਝਿਆ ਜਾਂਦਾ ਹੈ। ਲੋਕਾਂ ਵਿਚ ਪੁਰਾਣੀਆਂ ਚੀਜ਼ਾਂ ਪ੍ਰਤੀ ਹੇਜ ਜਾਗ ਰਿਹਾ ਹੈ ਇਸ ਲਈ ਤੁਸੀਂ ਅੱਜ-ਕਲ੍ਹ ਅਨੇਕਾਂ ਵੈੱਬਸਾਈਟਾਂ ‘ਤੇ ਕਾਂਜੀ ਬਣਾਉਣ ਦੀ ਵਿਧੀ ਦੇਖ ਸਕਦੇ ਹੋ। ਹਾਂ, ਹਰ ਕਿਸੇ ਦਾ ਆਪੋ ਆਪਣਾ ਨੁਸਖਾ ਹੈ। ਲਗਭਗ ਸਭ ਸੱਭਿਅਤਾਵਾਂ ਵਿਚ ਕਾਂਜੀ ਜਿਹੇ ਹਲਕੇ-ਫੁਲਕੇ ਪੀਣ ਪਦਾਰਥ ਦਾ ਜ਼ਿਕਰ ਮਿਲਦਾ ਹੈ। ਮੁਢਲੇ ਤੌਰ ‘ਤੇ ਇਹ ਪਾਣੀ ਵਿਚ ਕੋਈ ਅੰਨ ਤੇ ਲੂਣ ਆਦਿ ਪਾ ਕੇ ਬਣਾਈ ਹੋਈ ਖੁਰਾਕ ਹੀ ਹੈ। ਜੇ ਇਸ ਨੂੰ ਅੰਗਰੇਜ਼ੀ ਵਿਚ ਸਮਝਾਉਣਾ ਹੋਵੇ ਤਾਂ ਗਰੁੲਲ ਜਿਹਾ ਸ਼ਬਦ ਵਰਤਿਆ ਜਾਵੇਗਾ ਤੇ ਇਸ ਸ਼ਬਦ ਦਾ ਜੇ ਅੱਗੋਂ ਪੰਜਾਬੀ ਵਿਚ ਕੋਸ਼ਗਤ ਅਰਥ ਦੇਖਣਾ ਹੋਵੇ ਤਾਂ ਪਤਲਾ ਦਲੀਆ, ਖਿਚੜੀ, ਭੱਪਾ ਜਿਹੇ ਸ਼ਬਦ ਸਾਹਮਣੇ ਆਉਣਗੇ। ਪਰ ਸਾਡੀ ਕਾਂਜੀ ਕਾਂਜੀ ਹੀ ਹੈ। ਉਂਝ ਸਾਡਾ ਜਲ-ਜੀਰਾ ਵੀ ਇਸ ਦਾ ਵੈਸ਼ਨੋ ਭਰਾ ਹੀ ਹੈ।
ਕੋਰੀਆ ਵਿਚ ਅਜਿਹਾ ਹੀ ਪੇਯ ਕੰਬੂਚਾ ਕਹਾਉਂਦਾ ਹੈ ਜੋ ਚਾਹ, ਖੰਡ, ਯੀਸਟ ਤੇ ਕੁਝ ਹੋਰ ਮਸਾਲੇ ਪਾ ਕੇ ਖਮੀਰਿਆ ਜਾਂਦਾ ਹੈ। ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਸਾਡੀ ਕਾਂਜੀ ਤੋਂ ਪ੍ਰਭਾਵਿਤ ਹੋ ਕੇ ਜਾਂ ਕੁਝ ਵੱਖਰੇ ਤਰ੍ਹਾਂ ਦੇ ਅਜਿਹੇ ਹੀ ਸਾਦੇ ਜਿਹੇ ਵਿਅੰਜਨ ਬਣਾਏ ਜਾਂਦੇ ਹਨ। ਇਨ੍ਹਾਂ ਦੀਆਂ ਬਹੁਤੀਆਂ ਵਿਸ਼ੇਸ਼ਤਾਈਆਂ ਵਿਚ ਨਾ ਜਾਂਦਾ ਹੋਇਆ ਮੈਂ ਕੁਝ ਦੇ ਨਾਂ ਗਿਣਾਉਂਦਾ ਹਾਂ: ਹਾਂਗ ਕਾਂਗ ਦੇ ਹਰ ਕੂਚੇ ਖੁਲ੍ਹੇ ਕਾਂਜੀ ਘਰਾਂ ਵਿਚ ‘ਜੂਕ’ ਪਿਲਾਇਆ ਹੈ। ਇਸ ਵਿਚ ਕਿਧਰੇ ਚੌਲ, ਕਿਧਰੇ ਕਣਕ ਤੇ ਕਿਧਰੇ ਕੋਈ ਹੋਰ ਦਾਣੇ ਉਬਾਲੇ ਜਾਂਦੇ ਹਨ ਜਿਨ੍ਹਾਂ ਵਿਚ ਆਪੋ ਆਪਣੇ ਇਲਾਕੇ ਜਾਂ ਸ਼ੌਕ ਦੇ ਅਨੁਸਾਰ ਦੁੱਧ, ਨਾਰੀਅਲ ਦਾ ਪਾਣੀ, ਕਈ ਤਰ੍ਹਾਂ ਦੇ ਮੀਟ, ਸਬਜ਼ੀਆਂ ਤੇ ਆਂਡੇ ਵੀ ਪਾ ਦਿੱਤੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਪੁਰਤਗਾਲੀ ਦੱਖਣੀ ਭਾਰਤ ਤੋਂ ਕਾਂਜੀ ਚੀਨ ਵਿਚ ਲੈ ਕੇ ਗਏ। ਜੂਕ ਜਿਹਾ ਸ਼ਬਦ ਵੀ ਕਾਂਜੀ ਤੋਂ ਹੀ ਵਿਉਤਪਤ ਮੰਨਿਆ ਜਾਂਦਾ ਹੈ ਪਰ ਮੇਰੀ ਸਮਝ ਤੋਂ ਪਰੇ ਹੈ। ਥਾਈਲੈਂਡ ਵਿਚ ਕਾਂਜੀ ਜਿਹੇ ਰਸੇ ਨੂੰ ਚੋਕ ਜਾਂ ਖਾਓ ਤੁਮ, ਵੀਅਤਨਾਮ ਵਿਚ ਚਾਓ, ਬਰਮਾ ਵਿਚ ਹਸਾਨ ਪਿਯੋਕ, ਮਲਾਇਆ ਇੰਡੋਨੇਸ਼ੀਆ ਵਿਚ ਬੁਬੁਰ, ਜਪਾਨੀ ਵਿਚ ਓਕਾਯੂ, ਤਿੱਬਤ ਵਿਚ ਦੇਅਥੁਕ ਆਦਿ ਜਿਹੇ ਸ਼ਬਦਾਂ ਨਾਲ ਨਿਵਾਜਿਆ ਜਾਂਦਾ ਹੈ। ਪਰ ਕਈ ਭਾਰਤੀ ਭਾਸ਼ਾਵਾਂ ਵਿਚ ਕਾਂਜੀ ਨਾਲ ਮਿਲਦੇ-ਜੁਲਦੇ ਸ਼ਬਦ ਹੀ ਹਨ ਜਿਵੇਂ ਮਲਿਆਲਮ ਵਿਚ ਕਾਂਹਜੀ, ਕੰਨੜ ਤੇ ਤੈਲਗੂ ਵਿਚ ਗਾਂਜੀ, ਤਾਮਿਲ ਵਿਚ ਕੰਚੀ। ਮਲਾਇਆ ਅਤੇ ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਚ ਬੁਬੁਰ ਦੇ ਨਾਲ ਨਾਲ ਕਾਂਜੀ ਸ਼ਬਦ ਇਸ ਲਈ ਚਲਦਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਨਾਲ ਦਰਾਵੜ ਦੇ ਇਤਿਹਾਸਕ ਸਬੰਧ ਵੀ ਰਹੇ ਹਨ ਤੇ ਇਹ ਸਮੁੰਦਰੀ ਗਵਾਂਢੀ ਵੀ ਹਨ। ਬੁਬੁਰ ਇਨ੍ਹਾਂ ਦੇਸ਼ਾਂ ਦੇ ਆਦਿਵਾਸੀਆਂ ਦੀ ਭਾਸ਼ਾ ਦਾ ਸ਼ਬਦ ਹੈ। ਪਰ ਦੂਜੇ ਪਾਸੇ ਕੁਝ ਭਾਰਤੀ ਭਾਸ਼ਾਵਾਂ ਵਿਚ ਇਸ ਲਈ ਕੁਝ ਹੋਰ ਸ਼ਬਦ ਹਨ ਜਿਵੇਂ ਨੈਪਾਲੀ ਜਾਉਲੋ, ਬੰਗਾਲੀ ਜਾਓ। ਇਹ ਸ਼ਬਦ ਸੰਸਕ੍ਰਿਤ ਦੇ ਯਵਾਗੂ ਤੋਂ ਵਿਕਸਿਤ ਹੋਇਆ ਹੈ ਜਿਸ ਦਾ ਅਰਥ ਚੌਲਾਂ ਦੀ ਪਿੱਛ ਹੈ। ਇਹ ਸ਼ਬਦ ਜੌਂ ਨਾਲ ਸਬੰਧਤ ਹੈ। ਕਈ ਥਾਈਂ ਗਲਤ ਤੌਰ `ਤੇ ਦੱਸਿਆ ਗਿਆ ਹੈ ਕਿ ਇਹ ਦੋਵੇਂ ਸ਼ਬਦ ਚੀਨ ਦੀ ਮੈਂਡਰਿਨ ਭਾਸ਼ਾ ਦੇ ਸ਼ਬਦ ਚਾਊ ਤੋਂ ਪ੍ਰਭਾਵਿਤ ਹਨ। ਉੜੀਆ ਵਿਚ ਪਖਲ ਭਾਤ ਹੈ। ਪਖਲ ਦਾ ਅਰਥ ਉਬਾਲਣਾ ਜਿਹਾ ਹੈ, ਸੋ ਭਾਵ ਨਿਕਲਿਆ ਚੌਲਾਂ ਨਾਲ ਉਬਾਲਿਆ ਪਾਣੀ।
ਕਾਂਜੀ ਪੀਣ ਪਦਾਰਥ ਵੀ ਦਰਾਵੜੀ ਅਸਲੇ ਦੇ ਹੈ ਤੇ ਸ਼ਬਦ ਵੀ। ਇਸ ਦੇ ਤਾਮਿਲ, ਤੈਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਦੇ ਭੇਦ ਉਪਰ ਦੱਸੇ ਜਾ ਚੁਕੇ ਹਨ। ਉਥੇ ਇਹ ਉਥੋਂ ਦੇ ਮੁੱਖਖਾਧ-ਅਨਾਜ ਚੌਲਾਂ ਤੋਂ ਬਣਾਇਆ ਜਾਂਦਾ ਹੈ। ਇਹ ਇੱਕ ਤਰ੍ਹਾਂ ਉਬਾਲੇ ਚੌਲਾਂ ਨਾਲ ਖਮੀਰਿਆ ਪਾਣੀ ਹੈ ਜਿਸ ਵਿਚ ਹੋਰ ਮਿਰਚ ਮਸਾਲਾ ਮਿਲਾ ਲਿਆ ਜਾਂਦਾ ਹੈ। ਸਮਝੋ ਪਿੱਛ ਦਾ ਵਿਅੰਜਨ ਹੈ। ਭਾਰਤ ਵਿਚ ਅਜਿਹੇ ਹਲਕੇ-ਫੁਲਕੇ ਖਾਣਿਆਂ ਦਾ ਸੇਵਨ ਵਰਤ, ਰਮਾਜ਼ਾਨ ਜਾਂ ਬੀਮਾਰੀ ਦੀ ਹਾਲਤ ਵਿਚ ਵੀ ਕੀਤਾ ਜਾਂਦਾ ਹੈ। ਸੋਲ੍ਹਵੀਂ ਸਦੀ ਵਿਚ ਭਾਰਤ ਆਏ ਬਸਤੀਵਾਦੀ ਪੁਰਤਗਾਲੀਆਂ ਨੇ ਇਸ ਨੂੰ ਅਪਣਾ ਲਿਆ। ਉਨ੍ਹਾਂ ਦੇ ਇੱਕ ਡਾਕਟਰ ਅਤੇ ਬਨਸਪਤੀ ਵਿਗਿਆਨੀ ਨੇ ‘ਕਾਂਜੇ’ ਦੇ ਤੌਰ `ਤੇ ਇਸ ਦਾ ਜ਼ਿਕਰ ਆਪਣੇ ਇੱਕ ਵਿਸ਼ਵ ਕੋਸ਼ ਵਿਚ ਕੀਤਾ ਹੈ। ਅੱਜ-ਕੱਲ੍ਹ ਪੁਰਤਗਾਲ ਵਿਚ ‘ਕੰਜਾ’ ਮੁਰਗੀ ਦੇ ਸ਼ੋਰਬੇ ਨੂੰ ਆਖਿਆ ਜਾਂਦਾ ਹੈ। ਇਹ ਮਿਸਾਲ ਦਰਸਾਉਂਦੀ ਹੈ ਕਿ ਦੂਰ-ਦੁਰਾਡੇ ਜਾ ਕੇ ਚੀਜ਼ਾਂ, ਉਨ੍ਹਾਂ ਨੂੰ ਵਿਅਕਤ ਕਰਦੇ ਸ਼ਬਦਾਂ ਦੇ ਅਰਥ ਅਤੇ ਰੂਪ ਕਿਵੇਂ ਹੋਰ ਦੇ ਹੋਰ ਹੋ ਜਾਂਦੇ ਹਨ। ਸਤਾਰਵੀਂ-ਅਠਾਰਵੀਂ ਸਦੀ ਵਿਚ ਹੀ ਇਹ ਸ਼ਬਦ ਅੰਗਰੇਜ਼ੀ ਸਮੇਤ ਹੋਰ ਯੂਰਪੀਅਨ ਭਾਸ਼ਾਵਾਂ ਵਿਚ ਕੁਝ ਬਦਲਵੇਂ ਰੂਪ ਵਿਚ ਚਲੇ ਗਿਆ। ਅੰਗਰੇਜ਼ੀ ਵਿਚ ਇਹ ਸ਼ਬਦ congee ਵਜੋਂ ਲਿਖਿਆ ਜਾਂਦਾ ਹੈ ਪਰ ਉਚਾਰਣ ਕਾਂਜੀ ਜਿਹਾ ਹੀ ਹੈ। ਦਰਾਵੜੀ ਇਲਾਕਿਆਂ ਵਿਚ ਕਾਂਜੀ ਨੂੰ ਬੀਮਾਰਾਂ ਤੇ ਗਰੀਬਾਂ ਦਾ ਭੋਜਨ ਵੀ ਸਮਝਿਆ ਜਾਂਦਾ ਹੈ ਇਸ ਲਈ ਮਹਿਮਾਨਾਂ ਅੱਗੇ ਨਹੀਂ ਪਰੋਸਿਆ ਜਾਂਦਾ। ਉਬਲੇ ਚੌਲਾਂ ਦਾ ਪਾਣੀ ਹੋਣ ਕਾਰਨ ਕਾਂਜੀ ਨੂੰ ਧੋਬੀ ਮਾਇਆ ਵਜੋਂ ਵੀ ਵਰਤਦੇ ਰਹੇ ਹਨ ਪਰ ਇਹ ਨਾ ਸਮਝੋ ਕਿ ਇਸ ਵਿਚ ਹੋਰ ਮਸਾਲੇ ਵੀ ਮਿਲਾਏ ਜਾਂਦੇ ਹੋਣਗੇ! ਲੰਕਾ ਦੀ ਇਕ ਕਹਾਵਤ ਹੈ ਕਿ ਇਸ ਨੂੰ ਪੀ ਨਹੀਂ ਸਕਦਾ ਕਿਉਂਕਿ ਇਹ ਗਰਮ ਹੈ ਤੇ ਸੁੱਟ ਵੀ ਨਹੀਂ ਸਕਦਾ ਕਿਉਂਕਿ ਇਹ ਕਾਂਜੀ ਹੈ। ਹੈ ਨਾ ਸੱਪ ਅੱਗੇ ਕੋਹੜ ਕਿਰਲੀ ਜਿਹੀ ਦੁਬਿਧਾ।
ਤਾਮਿਲ ਭਾਸ਼ਾ ਵਿਚ ਕੰਚੀ ਸ਼ਬਦ ਵਿਚ ਉਬਲਣ ਦਾ ਭਾਵ ਹੈ। ਸੋ ਕਾਂਜੀ ਸ਼ਾਬਦਿਕ ਤੌਰ ‘ਤੇ ਉਬਾਲੇ ਚੌਲਾਂ ਦਾ ਪਾਣੀ ਹੈ। ਇਸ ਨੂੰ ਕੁਝ ਸਮੇਂ ਲਈ ਰੱਖਣ ਨਾਲ ਇਹ ਖਮੀਰਿਆ ਜਾਂਦਾ ਹੈ ਤੇ ਸਿਰਕੇ ਵਾਂਗ ਖੱਟਾ ਹੋ ਜਾਂਦਾ ਹੈ, ਕੁਝ ਕੋਸ਼ਾਂ ਵਿਚ ਇਸ ਨੂੰ ਸਿਰਕਾ ਵੀ ਕਿਹਾ ਗਿਆ ਹੈ। ਇਸ ਦੇ ਖੱਟੇਪਣ ਤੋਂ ਸੰਕੇਤ ਲੈ ਕੇ ਇੱਕ ਪ੍ਰਕਾਰ ਦੇ ਨਿੰਬੂ ਅਤੇ ਸੰਤਰੇ ਨੂੰ ਵੀ ਕੰਨੜ ਵਿਚ ਕੰਚੀ ਕਿਹਾ ਜਾਂਦਾ ਹੈ, ਪੰਜਾਬੀ ‘ਖੱਟਾ’ ਵੀ ਇੱਕ ਪ੍ਰਕਾਰ ਦਾ ਨਿੰਬੂ ਪ੍ਰਜਾਤੀ ਦਾ ਫਲ ਹੁੰਦਾ ਹੈ। ਕੰਚੀ ਸ਼ਬਦ ਦਰਾਵੜੀ ਤੋਂ ਸੰਸਕ੍ਰਿਤ ਵਿਚ ਸ਼ਾਮਿਲ ਹੋ ਗਿਆ ਜਿਥੇ ਇਸ ਦੇ ਰੂਪ ਕਾਂਜਿਕ, ਕਾਂਜਿਕਾ, ਕਾਂਜੀ, ਕਾਂਜੀਕਮ ਮਿਲਦੇ ਹਨ। ਪਾਲੀ ਵਿਚ ਇਸ ਦਾ ਰੂਪ ਕੰਜਿਕਾ ਅਤੇ ਪ੍ਰਾਕ੍ਰਿਤ ਵਿਚ ਕੰਜੀਆ ਹੈ। ਪੰਜਾਬ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇਹ ਕਾਂਜੀ ਚੌਲਾਂ ਦਾ ਬਣਿਆ ਵਿਅੰਜਨ ਨਾ ਰਹੀ ਬਲਕਿ ਗਾਜਰਾਂ ਜਾਂ ਵੇਸਣ ਦੇ ਬਣੇ ਵਿਆਹ ਵਾਲੇ ਪਕੌੜਿਆਂ ਤੋਂ ਖਮੀਰਿਆ ਪੀਣ ਪਦਾਰਥ ਬਣ ਗਿਆ। ‘ਮਹਾਨ ਕੋਸ਼’ ਨੇ ਇਸ ਨੂੰ ‘ਇੱਕ ਪ੍ਰਕਾਰ ਦਾ ਖੱਟਾ ਰਸ, ਜੋ ਰਾਈ ਆਦਿਕ ਦੇ ਮੇਲ ਤੋਂ ਬਣਦਾ ਹੈ’ ਵਜੋਂ ਪਰਿਭਾਸ਼ਿਤ ਕੀਤਾ ਹੈ। ਕਾਂਜੀ ਨੂੰ ਕਾਂਜੀ-ਪਾਣੀ ਵੀ ਕਿਹਾ ਜਾਂਦਾ ਹੈ, ਮੈਂ ਤਾਂ ਇਸ ਦਾ ਆਧੁਨਿਕੀਕਰਣ ਕਰ ਕੇ ਕਾਂਜੀ-ਕੋਲਾ ਕਹਿਣਾ ਚਾਹਾਂਗਾ। ਕਿਸੇ ਕੰਮ ਦੇ ਖਰਾਬ ਹੋਣ ਦੇ ਭਾਵਾਂ ਲਈ ਅਸੀਂ ਦੁੱਧ ਵਿਚ ਕਾਂਜੀ ਪਾਉਣਾ ਜਾਂ ਕਾਂਜੀ ਘੋਲਣਾ ਜਿਹਾ ਮੁਹਾਵਰਾ ਵਰਤਦੇ ਹਾਂ। ਅਮਰਜੀਤ ਚੰਦਨ ਦੀ ਇਕ ਪੁਸਤਕ ਦਾ ਨਾਂ ‘ਦੁਧ ਵਿਚ ਕਾਂਜੀ’ ਹੈ ਜਿਸ ਵਿਚ ਉਨ੍ਹਾਂ ਸੰਸਕ੍ਰਿਤ ਤੇ ਅੰਗਰੇਜ਼ੀ ਦੇ ਪ੍ਰਭਾਵਾਂ ਕਾਰਨ ਪੰਜਾਬੀ ਭਾਸ਼ਾ ਦੇ ਠੁੱਕ ਵਿਚ ਆਈ ਬੇਲੋੜੇ ਵਿਗਾੜ ਦਾ ਰੋਣਾ ਰੋਇਆ ਹੈ। ‘ਸਿਧ ਗੋਸਟਿ’ ਵਿਚ ਸਿੱਧਾਂ ਨੇ ਗੁਰੂ ਜੀ ਦੇ ਸੰਸਾਰੀ ਭੇਸ ਅਪਣਾਉਣ ਨੂੰ ਦੁਧ ਵਿਚ ਕਾਂਜੀ ਮਿਲਾਉਣ ਦੇ ਤੁਲ ਬਿਆਨਿਆ ਹੈ,
ਖਾਧੀ ਖੁਣਸ ਜੋਗੀਸ਼ਰਾਂ
ਗੋਸਟਿ ਕਰਨ ਸਭੇ ਉਠ ਆਈ।
ਪੁਛੇ ਜੋਗੀ ਭੰਗ੍ਰ ਨਾਥ
ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ।
ਫਿਟਿਆ ਚਾਟਾ ਦੁਧ ਦਾ ਰਿੜਕਿਆਂ
ਮਖਣ ਹਥ ਨ ਆਈ॥
ਭੇਖ ਵਤ ਕਿਉਂ ਸੰਸਾਰੀ ਰੀਤ ਚਲਾਈ।
ਇਵੇਂ ਹੀ ਭਾਈ ਗੁਰਦਾਸ ਨੇ ਵੀ ਇਸ ਮੁਹਾਵਰੇ ਦੀ ਵਰਤੋਂ ਕੀਤੀ ਹੈ, ‘ਤਨਕ ਹੀ ਜਾਵਨ ਕੈ ਦੂਧ ਦਧ ਹੋਤ ਜੈਸੇ ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ’ ਅਰਥਾਤ ਥੋੜੇ ਜਿਹੇ ਜਾਗ ਨਾਲ ਦਹੀਂ ਜੰਮ ਜਾਂਦਾ ਹੈ ਅਤੇ ਥੋੜੀ ਜਿਹੀ ਕਾਂਜੀ ਨਾਲ ਦੁੱਧ ਫਟ ਜਾਂਦਾ ਹੈ। ਇਸੇ ਤਰ੍ਹਾਂ,
ਵਿਗੜੈ ਚਾਟਾ ਦੁਧ ਦਾ ਕਾਂਜੀ ਦੀ ਚੁਖੈ।
ਸਹਸ ਮਣਾ ਰੂਈ ਜਲੈ ਚਿਣਗਾਰੀ ਧੁਖੈ।
ਕਾਂਜੀ ਹਾਊਸ
ਅੱਜ-ਕੱਲ੍ਹ ਕਾਂਜੀ ਹਾਊਸ ਵਿਚ ਗਊਆਂ ਦੀਆਂ ਮੌਤਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ‘ਰੇਲ ਗੱਡੀ’ ਦੀ ਤਰ੍ਹਾਂ ਕਾਂਜੀ ਹਾਊਸ ਵੀ ਦੇਸੀ ਅਤੇ ਅੰਗਰੇਜ਼ੀ ਦੇ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਇੱਕ ਸੰਯੁਕਤ ਸ਼ਬਦ ਹੈ ਜਿਸ ਵਿਚ ਚਰਚਿਤ ਕਾਂਜੀ ਪਹਿਲਾ ਸ਼ਬਦ ਹੈ। ਕਾਂਜੀ ਹਾਊਸ ਇੱਕ ਹਾਤਾ ਹੁੰਦਾ ਹੈ ਜਿਥੇ ਖੁੱਲ੍ਹੇ-ਆਵਾਰਾ ਪਸ਼ੂ ਥੋੜ੍ਹੇ ਸਮੇਂ ਲਈ ਡੱਕੇ ਜਾਂਦੇ ਹਨ। ਇਸ ਲਈ ਇਕ ਅੰਗਰੇਜ਼ੀ ਸ਼ਬਦ ਪਊਂਡ ਹੈ, ਪਸ਼ੂ ਤਾੜਨ ਲਈ ਅੰਗਰੇਜ਼ੀ ਵਿਚ ਇਮਪਊਂਡ ਕਿਰਿਆ ਦੀ ਵਰਤੋਂ ਹੁੰਦੀ ਹੈ। ‘ਕਾਂਜੀ ਹਾਊਸ’ ਸ਼ਬਦ ਦੇ ਬਣਨ ਪਿੱਛੇ ਵੀ ਰੌਚਕ ਕਹਾਣੀ ਹੈ। ਅੰਗਰੇਜ਼ਾਂ ਦੇ ਰਾਜ ਸਮੇਂ ਕਈ ਭਾਰਤੀ ਸੈਨਿਕ ਅਕਸਰ ਹੀ ਵਧੇਰੇ ਸ਼ਰਾਬੀ ਹੋ ਕੇ ਹੜਦੁੰਗ ਮਚਾਉਣ ਲੱਗ ਪੈਂਦੇ ਸਨ। ਅਫਸਰਾਂ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ‘ਨਜ਼ਰਬੰਦ’ ਕਰਨ ਬਾਰੇ ਸੋਚਿਆ ਤਾਂ ਕਾਂਜੀ ਹਾਊਸ ਜਿਹੀ ਸਕੀਮ ਸੁੱਝੀ। ਭੂਤਰੇ ਸ਼ਰਾਬੀਆਂ ਨੂੰ ਕਾਬੂ ਕਰਨ ਤੇ ਸਬਕ ਸਿਖਾਉਣ ਲਈ ਇਕ ਕੋਠੜੀ ਵਿਚ ਤਾੜ ਦਿੱਤਾ ਜਾਣ ਲੱਗਾ। ਉਨ੍ਹਾਂ ਨੂੰ ਬਹੁਤ ਹੀ ਗਰੀਬੜਾ ਜਿਹਾ ਖਾਣਾ, ਕਹਿਣ ਦਾ ਮਤਲਬ ਕਾਂਜੀ ਛਕਣ ਲਈ ਮਜਬੂਰ ਕੀਤਾ ਜਾਂਦਾ ਸੀ। ਜਾਣੋਂ ਇਨ੍ਹਾਂ ਨਜ਼ਰਬੰਦਾਂ ਨੂੰ Gruelling experience ਵਿੱਚੀਂ ਲੰਘਾਇਆ ਜਾਂਦਾ ਸੀ। ਅਜਿਹੇ ਕੋਠੜਿਆਂ ਨੂੰ ਉਦੋਂ ਕਾਂਜੀ ਹਾਊਸ ਕਿਹਾ ਜਾਣ ਲੱਗਾ। ਇਸੇ ਤਰਜ਼ `ਤੇ ਉੱਤਰੀ ਭਾਰਤ ਵਿਚ ਆਵਾਰਾ ਪਸ਼ੂਆਂ ਤੋਂ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਜਿਸ ਵਾੜੇ ਵਿਚ ਤਾੜਿਆ ਜਾਣ ਲੱਗਾ, ਉਸ ਨੂੰ ਵੀ ਕਾਂਜੀ ਹਾਊਸ ਕਿਹਾ ਜਾਣ ਲੱਗਾ। ਇੱਕ ਕਾਨੂੰਨ ਵੀ ਬਣਾਇਆ ਗਿਆ ਜਿਸ ਤਹਿਤ ਇਸ ਤਰ੍ਹਾਂ ਤਾੜੇ ਆਵਾਰਾ ਪਸ਼ੂ ਦੇ ਮਾਲਕ ਨੂੰ ਪਸ਼ੂ ਛੁਡਾਉਣ ਲਈ ਜੁਰਮਾਨਾ ਭਰਨਾ ਪੈਂਦਾ ਸੀ। ਜਬੀਰ ਅਲੀ ਸਈਅਦ ਨਾਮੀ ਇੱਕ ਲੇਖਕ ਅਨੁਸਾਰ ਕਾਂਜੀ ਹਾਊਸ ਸ਼ਬਦ caging house (ਪਿੰਜਰੇ ਵਾਂਗੂੰ ਕੈਦ ਕਰਨ ਦਾ ਵਾੜਾ) ਦਾ ਵਿਗੜਿਆ ਰੂਪ ਹੈ ਪਰ ਇਹ ਵਿਆਖਿਆ ਗਲੇ ਨਹੀਂ ਉਤਰਦੀ। ਇਹ ਨਾ ਤਾਂ ਕੋਈ ਅੰਗਰੇਜ਼ੀ ਦਾ ਸ਼ਬਦ ਹੈ ਤੇ ਨਾ ਹੀ ਇਸ ਤੋਂ ਕਾਂਜੀ ਹਾਊਸ ਦੇ ਬਣਨ ਦੀ ਸੰਭਾਵਨਾ ਹੈ। ਅੰਤ ਵਿਚ ਰਾਜਿੰਦਰ ਸਿੰਘ ਬੇਦੀ ਦੀ ਇੱਕ ਖੂਬਸੂਰਤ ਉਰਦੂ ਕਹਾਣੀ ‘ਆਪਨੇ ਦੁੱਖ ਮੁਝੇ ਦੇ ਦੋ’, ਦਾ ਇੱਕ ਫਿਕਰਾ ਪੇਸ਼ ਹੈ, “ਆਪਨੇ ਮਦਨ ਸੇ ਦੂਰ ਅਲਸਾਨੀ ਹੋਈ ਰਤੀ, ਇੰਦੂ ਤੋ ਅਪਨੇ ਪਹਿਨਾਵੇ ਤੱਕ ਸੇ ਗ਼ਾਫ਼ਲ ਹੋ ਗਈ ਥੀ। ਵੋਹ ਰਸੋਈ ਮੇਂ ਯੂੰ ਫਿਰਤੀ ਥੀ ਜੈਸੇ ਕਾਂਜੀ ਹਾਊਸ ਮੇਂ ਗਾਏਂ, ਬਾਹਰ ਕੀ ਤਰਫ਼ ਮੂੰਹ ਉਠਾ ਉਠਾ ਕਰ ਅਪਨੇ ਮਾਲਿਕ ਕੋ ਢੂੰਡਾ ਕਰਤੀ ਹੋ”।