ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਅਧਿਆਪਕ ਬਣ ਕੇ ਮੈਂ ਬਰਨਾਲੇ ਲਾਗਲੇ ਇਕ ਪਿੰਡ ਦੇ ਸਕੂਲ ਤੋਂ ਆਪਣੀ ਨੌਕਰੀ ਸ਼ੁਰੂ ਕੀਤੀ। ਉਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਸਨ। ਪਤਾ ਨਹੀਂ ਸੀ ਕਿ ਘਰੋਂ ਸ਼ਹਿਰ ਗਿਆ ਬੰਦਾ ਵਾਪਸ ਆਵੇਗਾ ਜਾਂ ਨਹੀਂ। ਨਿੱਤ ਦਿਨ ਦੇ ਰਾਹਾਂ ਦੇ ਸਫ਼ਰ ਤੋਂ ਮੈਂ ਵੀ ਡਰਦੇ ਹੋਏ ਨੇ ਉਸ ਪਿੰਡ ਵਿਚ ਚੁਬਾਰੇ ਵਿਚ ਇਕ ਕਮਰਾ ਕਿਰਾਏ ਉਤੇ ਲੈ ਲਿਆ। ਕਮਰਾ ਬੜਾ ਔਖਾ ਮਿਲਿਆ। ਹੈਡਮਾਸਟਰ ਦੀ ਜ਼ਿੰਮੇਵਾਰੀ ਤੇ ਨਾਨੀ ਦੀ ਘੜਿਆਨੀ ਵਾਲੀ ਰਿਸ਼ਤੇਦਾਰੀ ਕੱਢ ਕੇ ਮੈਂ ਆਪਣਾ ਟਰੰਕ ਖੂੰਜੇ ਰੱਖਿਆ ਸੀ। ਇਹ ਜ਼ਿਮੀਦਾਰਾ ਪਰਿਵਾਰ ਵੀ ਸਾਡੇ ਪਰਿਵਾਰ ਵਾਂਗ ਮਿਹਨਤੀ ਸੀ। ਘਰ ਦੇ ਮੁਖੀ ਜੈਲ ਸਿੰਘ ਦੇ ਦੋ ਪੁੱਤਰ ਸਨ-ਹਰੀ ਸਿੰਘ ਤੇ ਜੀਤ ਸਿੰਘ ਜਿਨ੍ਹਾਂ ਦਾ ਵਿਆਹ ਅਜੇ ਇਕ ਸਾਲ ਪਹਿਲਾਂ ਹੀ ਹੋਇਆ ਸੀ। ਬੇਬੇ ਬਾਪੂ ਮੈਨੂੰ ਪਹਿਲੀ ਵਾਰ ਮਿਲਣ ਆਏ ਤੇ ਬਰਨਾਲੇ ਤੋਂ ਨਵਾਂ ਸਾਇਕਲ ਲੈ ਕੇ ਦੇ ਗਏ। ਰੋਟੀ-ਟੁੱਕ ਦਾ ਪ੍ਰਬੰਧ ਉਹ ਘਰ ਵਾਲੇ ਕਰ ਦਿੰਦੇ ਸਨ। ਜੈਲ ਸਿੰਘ ਨੇ ਤਾਂ ਮੈਨੂੰ ਆਪਣਾ ਤੀਜਾ ਪੁੱਤ ਬਣਾ ਲਿਆ ਸੀ।
ਪਹਿਲਾਂ-ਪਹਿਲਾਂ ਤਾਂ ਮੈਂ ਐਤਵਾਰ ਦੀ ਛੁੱਟੀ ਪਿੰਡ ਕੱਟ ਕੇ ਮੁੜ ਜਾਂਦਾ ਸੀ ਪਰ ਦੋ-ਤਿੰਨ ਵਾਰ ਪੁਲਿਸ ਨੇ ਰਾਹ ਵਿਚ ਬਹੁਤ ਤੰਗ ਕੀਤਾ। ਬੇਬੇ ਬਾਪੂ ਨੇ ਵੀ ਕਹਿ ਦਿੱਤਾ ਕਿ ‘ਅਸੀਂ ਤੈਨੂੰ ਆਪੇ ਮਿਲ ਆਇਆ ਕਰਾਂਗੇ।’ ਸਕੂਲ ਦੇ ਸਟਾਫ਼ ਦੇ ਨਾਲ-ਨਾਲ ਪਿੰਡ ਵਿਚ ਵੀ ਮੇਰਾ ਸਤਿਕਾਰ ਹੋਣ ਲੱਗ ਪਿਆ। ਮੈਂ ਹੋਰ ਅਧਿਆਪਕਾਂ ਵਾਂਗ ਚਾਹ ਦਾ ਗਲਾਸ ਹੱਥ ਵਿਚ ਫੜ ਕੇ ਕਦੇ ਧੁੱਪ ਨਹੀਂ ਸੀ ਸੇਕੀ ਅਤੇ ਨਾ ਕਦੇ ਕੁਰਸੀ ਤੂਤ ਦੀ ਸੰਘਣੀ ਛਾਂ ਥੱਲੇ ਡਾਹੀ ਸੀ। ਪਹਿਲੇ ਸਾਲ ਹੀ ਮੇਰੀ ਕਰਵਾਈ ਹੋਈ ਪੜ੍ਹਾਈ ਦੀ ਵਟਾਈ ਮੁੜ ਆਈ ਸੀ। ਪਿੰਡ ਵਾਲੇ ਮੈਨੂੰ ‘ਮਾਸਟਰ ਜੀ’ ਕਹਿ ਕੇ ਬੁਲਾਉਂਦੇ ਸਨ, ਤੇ ਘਰ ਵਾਲੇ ‘ਭਾਊ’ ਕਹਿ ਲੈਂਦੇ। ਮੇਰਾ ਇਲਾਕਾ ਮਾਝੇ ਦਾ ਜੁ ਸੀ। ਮੈਨੂੰ ਇਹ ਪਰਿਵਾਰ ਬਹੁਤ ਪਿਆਰ ਕਰਦਾ ਸੀ। ਇਸ ਪਰਿਵਾਰ ਨਾਲ ਬੱਸ ਇਕ ਹੀ ਗਿਲਾ ਸੀ ਕਿ ਸਾਰੇ ਜੀਅ ਅੰਧ-ਵਿਸ਼ਵਾਸੀ ਸਨ। ਉਨ੍ਹਾਂ ਦੇ ਘਰ ਦੇ ਇਕ ਖੂੰਜੇ ਛੋਟੀ ਜਿਹੀ ਚਾਰ-ਦੀਵਾਰੀ ਕਰ ਕੇ ਵਿਚ ਮਟੀ ਬਣਾਈ ਹੋਈ ਸੀ। ਸਾਰਾ ਪਰਿਵਾਰ ਸਵੇਰਿਉਂ ਉਠ ਕੇ ਉਸ ਮਟੀ ਅੱਗੇ ਖੜ੍ਹ ਕੇ ਮੂੰਹ ਵਿਚ ਪਤਾ ਨਹੀਂ ਕੀ ਪੜ੍ਹ ਕੇ ਆਉਂਦਾ ਸੀ। ਕੋਈ ਵੀ ਦਿਨ ਤਿਉਹਾਰ ਹੁੰਦਾ, ਪਹਿਲਾਂ ਉਸ ਮਟੀ ਦੇ ਅੱਗੇ ਪ੍ਰਸ਼ਾਦਾ ਰੱਖਿਆ ਜਾਂਦਾ। ਸ਼ਹਿਰੋਂ ਲਿਆਂਦੀ ਬਰਫ਼ੀ ਜਾਂ ਲੱਡੂ ਪਹਿਲਾਂ ਉਸ ਮਟੀ ਅੱਗੇ ਲਿਆ ਰੱਖੇ ਜਾਂਦੇ, ਫਿਰ ਜਦੋਂ ਕੋਈ ਪੰਛੀ ਉਸ ਨੂੰ ਆਪਣਾ ਮੂੰਹ ਲਾ ਜਾਂਦਾ, ਫਿਰ ਉਹ ਬਾਕੀ ਦਾ ਲਿਆਂਦਾ ਸਾਮਾਨ ਆਪ ਛੱਕਦੇ। ਮੈਂ ਇਹ ਸਭ ਕੁਝ ਆਪਣੇ ਚੁਬਾਰੇ ਵਿਚੋਂ ਦੇਖਦਾ।
ਉਨ੍ਹਾਂ ਨੇ ਮੈਨੂੰ ਕਈ ਵਾਰ ਪੁੱਛਿਆ ਸੀ, “ਭਾਊ! ਤੈਨੂੰ ਚੁਬਾਰੇ ਵਿਚੋਂ ਭੈਅ ਨਹੀਂ ਆਉਂਦਾ, ਡਰ ਨਹੀਂ ਲਗਦਾ ਜਾਂ ਕਦੇ ਕਿਸੇ ਦੇ ਸਾਏ ਨੇ ਤੈਨੂੰ ਤੰਗ ਨਹੀਂ ਕੀਤਾ?” ਮੈਂ ਹੱਸ ਕੇ ਕਹਿ ਦਿੰਦਾ, “ਬਾਪੂ ਜੀ! ਜਿਥੇ ਗੁਰਬਾਣੀ ਪੜ੍ਹੀ ਜਾਂਦੀ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਗੁਰੂ ਦਾ ਸਿੱਖ ਰਹਿੰਦਾ ਹੋਵੇ, ਉਥੇ ਕੋਈ ਸ਼ੈਅ ਜਾਂ ਡਰਾਵਾ ਨਹੀਂ ਆਉਂਦਾ।” ਕਦੇ-ਕਦੇ ਮੈਂ ਐਤਵਾਰ ਨੂੰ ਉਨ੍ਹਾਂ ਨਾਲ ਖੇਤ ਵੀ ਚਲਿਆ ਜਾਂਦਾ। ਖੇਤ ਵੀ ਘਰ ਵਰਗੀ ਹੋਰ ਮਟੀ ਬਣੀ ਹੋਈ ਸੀ। ਮੈਂ ਹੈਰਾਨ ਹੁੰਦਾ ਕਿ ਦੋਵੇਂ ਭਰਾ ਦਸਵੀਂ ਤੱਕ ਪੜ੍ਹੇ ਵੀ ਹੋਏ ਹਨ, ਫਿਰ ਵੀ ਅੰਧ-ਵਿਸ਼ਵਾਸ ਵਿਚ ਡੁੱਬ ਰਹੇ ਹਨ।
ਇਕ ਦਿਨ ਕੋਈ ਸਰਕਾਰੀ ਛੁੱਟੀ ਸੀ। ਮੈਂ ਕੇਸੀਂ ਇਸ਼ਨਾਨ ਕਰ ਕੇ ਆਪਣੇ ਕੇਸ ਸੁਕਾ ਰਿਹਾ ਸੀ। ਅਚਾਨਕ ਰੋਣ-ਪਿੱਟਣ ਦੀ ਆਵਾਜ਼ ਆਉਣ ਲੱਗੀ। ਮੈਂ ਝੱਟ ਥੱਲੇ ਉਤਰ ਆਇਆ ਤੇ ਦੇਖਿਆ ਕਿ ਹਰੀ ਸਿੰਘ ਦੀ ਘਰਵਾਲੀ ਮੰਜੇ ‘ਤੇ ਬੇਹੋਸ਼ ਪਈ ਹੈ। ਬੇਬੇ ਤੇ ਦੂਜੀ ਬਹੂ ਉਚੀ-ਉਚੀ ਰੋਣ ਲੱਗੀਆਂ, “ਵੇ ਮਾਸਟਰਾ! ਬਹੂ ਤਾਂ ਗਈ ਵੇæææਬਚਾ ਲੋ ਇਹਨੂੰæææਵੇਖੀਂ ਭਾਊ ਕੀ ਹੋ ਗਿਆ!”
ਮੈਂ ਝੱਟ ਸਾਇਕਲ ਚੁੱਕ ਕੇ ਡਾਕਟਰ ਨੂੰ ਬਿਠਾ ਲਿਆਇਆ। ਬੇਬੇ ਨੇ ਚੁੱਲ੍ਹੇ ਵਿਚੋਂ ਅੱਗ ਦਾ ਗੋਹਾ ਕੱਢ ਕੇ ਉਤੇ ਦੇਸੀ ਘਿਉ ਦੇ ਚਮਚੇ ਪਾ ਦਿੱਤੇ। ਸਾਰਾ ਘਰ ਧੂੰਏਂ ਨਾਲ ਭਰ ਗਿਆ। ਬੇਬੇ ਫਿਰ ਮਟੀ ਅੱਗੇ ਜਾ ਖਲੋਤੀ ਅਤੇ ਮੰਤਰ ਪੜ੍ਹਨ ਲੱਗੀ। ਉਧਰ ਡਾਕਟਰ ਨੇ ਬਲੱਡ ਪ੍ਰੈਸ਼ਰ ਚੈਕ ਕੀਤਾ ਜੋ ਕਾਫ਼ੀ ਘੱਟ ਸੀ। ਉਸ ਨੇ ਦੋ ਟੀਕੇ ਲਾਏ ਤਾਂ ਬਹੂ ਅੱਖ ਪੁੱਟ ਆਈ। ਡਾਕਟਰ ਨੇ ਦੋ ਗੋਲੀਆਂ ਦਿੱਤੀਆਂ, ਉਹ ਵੀਹਾਂ ਕੁ ਮਿੰਟਾਂ ਬਾਅਦ ਠੀਕ ਹੋ ਗਈ। ਉਧਰ ਬੇਬੇ ਨੇ ਦੋ ਚਮਚੇ ਹੋਰ ਅੱਗ ‘ਤੇ ਪਾ ਕੇ ਫਿਰ ਹੱਥ ਜੋੜ ਲਏ। ਬਹੂ ਦਾ ਠੀਕ ਹੋਣਾ ਮਟੀ ਵਾਲੇ ਬਾਬੇ ਦੀ ਕ੍ਰਿਪਾ ਨਾਲ ਤੋਲਿਆ ਗਿਆ। ਡਾਕਟਰ ਹਿੱਸੇ ਕੁਝ ਨਹੀਂ ਆਇਆ। ਇਸੇ ਤਰ੍ਹਾਂ ਕਦੇ ਉਨ੍ਹਾਂ ਦੀ ਮੱਝ ਡਿੱਗ ਪੈਂਦੀ, ਕਦੇ ਬਲਦ। ਉਹ ਸਾਰੇ ਘਰ ਵਿਚ ਕੱਚੀ ਲੱਸੀ ਦੇ ਛਿੱਟੇ ਮਾਰਦੇ ਰਹਿੰਦੇ। ਮਿਹਨਤ ਨਾਲ ਬਣਾਇਆ ਦੇਸੀ ਘਿਉ ਅੱਗ ਉਤੇ ਪਾਈ ਜਾਂਦੇ। ਇਹ ਸਭ ਵੇਖ ਮੈਂ ਹੈਰਾਨ ਹੀ ਨਹੀਂ, ਸਗੋਂ ਪ੍ਰੇਸ਼ਾਨ ਹੋ ਜਾਂਦਾ। ਇਕ ਦਿਨ ਮੈਂ ਬਾਪੂ ਦੀ ਰੋਟੀ ਲੈ ਕੇ ਖੇਤ ਗਿਆ। ਹਰੀ ਸਿੰਘ ਤੇ ਜੀਤ ਸਿੰਘ ਕਿਸੇ ਕੰਮ ਮੰਡੀ ਗਏ ਹੋਏ ਸਨ। ਮੈਂ ਬਾਪੂ ਤੋਂ ਮਟੀਆਂ ਦੇ ਜਨਮ ਦੀ ਕਹਾਣੀ ਪੁੱਛ ਲਈ। ਪਹਿਲਾਂ ਤਾਂ ਬਾਪੂ ਨੇ ਐਵੇਂ ਟਾਲ-ਮਟੋਲ ਕੀਤੀ ਤੇ ਫਿਰ ਅੱਖਾਂ ‘ਚੋਂ ਹੰਝੂ ਕੇਰਦਿਆਂ ਦੱਸਿਆ,
“ਪੁੱਤਰਾ! ਇਹ ਮਟੀ ਤੇ ਘਰਵਾਲੀ ਮਟੀ, ਦੋਵੇਂ ਮੇਰੇ ਛੋਟੇ ਭਰਾ ਮੇਲਾ ਸਿੰਘ ਦੀਆਂ ਹਨ। ਉਹ ਜਵਾਨੀ ਵਿਚ ਬੜਾ ਸੋਹਣਾ ਸੁਨੱਖਾ ਗੱਭਰੂ ਸੀ। ਉਹਦੇ ਦਰਸ਼ਨੀ ਜੁੱਸੇ ਦੀਆਂ ਧੁੰਮਾਂ ਚਾਰੇ ਪਾਸੇ ਪੈਂਦੀਆਂ ਸਨ। ਜਿਥੋਂ ਦੀ ਲੰਘਦਾ ਸੀ, ਕੁੜੀਆਂ ਆਖਦੀਆਂ ਸਨ, ‘ਬੇਬੇ ਟੁੱਕ ਫੜੀਂ, ਮੈਂ ਬੀਹੀ ਵਿਚੋਂ ਗੱਭਰੂ ਦੇਖ ਕੇ ਆਈ।’ ਉਹ ਮੇਲਿਆਂ ਵਿਚ ਬੋਰੀ ਚੁੱਕਦਾ, ਇਨਾਮ ਦੇ ਪੈਸਿਆਂ ਨਾਲ ਆਪਣੀ ਖੁਰਾਕ ਲੈ ਆਉਂਦਾ, ਬਾਕੀ ਗਰੀਬਾਂ ਨੂੰ ਦਾਨ ਕਰ ਦਿੰਦਾ। ਕਿਸੇ ਦੀ ਧੀ-ਭੈਣ ਵੱਲ ਉਹਨੇ ਕਦੇ ਅੱਖ ਚੁੱਕ ਕੇ ਨਹੀਂ ਸੀ ਦੇਖਿਆ। ਉਹ ਤਾਂ ਚੌਵੀ ਘੰਟੇ ਲੰਗੋਟ ਕੱਸ ਕੇ ਰੱਖਦਾ ਸੀ। ਉਹਦੀ ਭਲਵਾਨੀ ਤਾਂ ਰੱਬ ਦੀ ਪੂਜਾ ਬਰਾਬਰ ਸੀ। ਮੈਂ ਤੇ ਬਾਪੂ ਨੇ ਵੀ ਉਹਨੂੰ ਕਦੇ ਕੰਮ ਵਾਸਤੇ ਨਹੀਂ ਸੀ ਕਿਹਾ। ਬਾਪੂ ਵੀ ਕਹਿ ਦਿੰਦਾ, ਮੇਰਾ ਮੇਲਾ ਤਾਂ ਮੇਲਿਆਂ ਦੀ ਸ਼ਾਨ ਹੈ। ਕੋਈ ਨਾ! ਇਹਨੂੰ ਭਲਵਾਨੀ ਕਰਨ ਦੇæææਆਪਣੇ ਖਾਨਦਾਨ ਦਾ ਨਾਂ ਉਚਾ ਕਰਦਾ ਹੈ।”
“ਫਿਰ ਬਾਪੂ ਜੀ, ਮੇਲਾ ਸਿੰਘ ਨੂੰ ਕੀ ਹੋ ਗਿਆ?” ਮੈਂ ਅਗਾਂਹ ਸੁਣਨ ਲਈ ਬਾਪੂ ਨੂੰ ਪੁੱਛਿਆ।
ਬਾਪੂ ਨੇ ਲੰਮਾ ਹਉਕਾ ਲੈ ਕੇ ਗੱਲ ਅਗਾਂਹ ਤੋਰੀ, “ਫਿਰ ਮੇਰੇ ਮਾਪਿਆਂ ਨੇ ਮੇਰਾ ਵਿਆਹ ਰੱਖ ਦਿੱਤਾ। ਸਾਡੇ ਪਿੰਡ ਮਹੰਤਾਂ ਦੇ ਬੱਗੇ ਦੀ ਸਾਲੀ ਵੀ ਆਈ ਹੋਈ ਸੀ ਜਿਹੜੀ ਮਹੰਤਾਂ ਦੇ ਪਰਿਵਾਰਾਂ ਨਾਲ ਹੀ ਵਿਆਹ ਵਿਚ ਸ਼ਾਮਿਲ ਹੋ ਗਈ ਸੀ। ਰੱਬ ਜਾਣੇ ਉਸ ਕੁੜੀ ਨੇ ਮੇਲੇ ਨੂੰ ਕੀ ਕਹਿ ਕੇ ਪੱਟ ਲਿਆ। ਮੇਲਾ ਤਾਂ ਉਸ ਕੁੜੀ ‘ਤੇ ਮੋਹਿਤ ਹੀ ਹੋ ਗਿਆ। ਮੇਰਾ ਤਾਂ ਵਿਆਹ ਹੋ ਗਿਆ ਪਰ ਮੇਲੇ ਦੀ ਭਲਵਾਨੀ ਨੂੰ ਮਹੰਤਾਂ ਦੇ ਬੱਗੇ ਦੀ ਸਾਲੀ ਸੰਨ੍ਹ ਲਾ ਗਈ। ਮੇਲੇ ਨੇ ਲੰਗੋਟ ਲਾਹ ਕੇ ਪਰ੍ਹੇ ਮਾਰੇ ਤੇ ਇਸ਼ਕ ਦੀ ਪੌੜੀ ਚੜ੍ਹਦਾ ਹੋਇਆ ਸਵਰਗਾਂ ਦੇ ਨਜ਼ਾਰੇ ਲੈਣ ਲੱਗ ਪਿਆ। ਅਸੀਂ ਮੇਲੇ ਨੂੰ ਬਹੁਤ ਰੋਕਿਆ ਕਿ ਤੂੰ ਸਮਝ ਜਾਹ, ਪਰ ਉਹ ਨਾ ਮੰਨਿਆ। ਕੁੱਤੇ ਨੂੰ ਹੱਡੀ ਦਾ ਸਵਾਦ ਪੈ ਜਾਵੇ, ਫਿਰ ਉਹ ਹੱਡਾ ਰੋੜੀ ਨੂੰ ਤੀਰ ਬਣ ਕੇ ਜਾਂਦਾ ਹੈ। ਇਸੇ ਤਰ੍ਹਾਂ ਮੇਲਾ ਸਿੰਘ ਵੀ ਕੰਧਾਂ ਕੋਠੇ ਟੱਪਣ ਲੱਗਿਆ। ਧੀ ਵਾਲਿਆਂ ਨੇ ਦੋ ਵਾਰ ਸਮਝਇਆ ਵੀ ਪਰ ਹੋਣੀ ਟਲ ਨਾ ਸਕੀ। ਮੇਲੇ ਦੀ ਲਾਸ਼ ਢਾਬ ਵਾਲੇ ਪਿੱਪਲ ਨਾਲ ਲਟਕਦੀ ਮਿਲੀ। ਮੇਲੇ ਦੀ ਇਸ਼ਕ ਦੀ ਖੇਡ ਨੂੰ ਅਸੀਂ ਖੁਦਕੁਸ਼ੀ ਸਮਝਦੇ, ਜਾਂ ਕੁੜੀ ਵਾਲਿਆਂ ਵੱਲੋਂ ਕੀਤਾ ਕਤਲ; ਪਰ ਜਦ ਪੈਸਾ ਖੋਟਾ ਆਪਣਾ, ਬਾਣੀਏ ਨੂੰ ਕੀ ਦੋਸ਼! ਫਿਰ ਵੀ ਅਸੀਂ ਕੁੜੀ ਦੇ ਮਾਪਿਆਂ ‘ਤੇ ਕਤਲ ਦਾ ਮੁਕੱਦਮਾ ਕਰ ਦਿੱਤਾ। ਸਬੂਤਾਂ ਦੀ ਘਾਟ ਤੇ ਅਗਲਿਆਂ ਦੇ ਪੈਸੇ ਦਾ ਜ਼ੋਰ ਹੋਣ ਕਰ ਕੇ ਉਹ ਬਰੀ ਹੋ ਗਏ। ਸਾਡਾ ਮੇਲਾ ਜਹਾਨੋਂ ਤੁਰ ਗਿਆ।” ਬਾਪੂ ਨੇ ਪੈਰ ‘ਤੇ ਚੜ੍ਹਦਾ ਕੀੜਾ ਦੂਜੇ ਪੈਰ ਦੀ ਜੁੱਤੀ ਨਾਲ ਮਸਲ ਦਿੱਤਾ ਜਿਵੇਂ ਮੇਲੇ ਦੀ ਮੌਤ ਦਾ ਬਦਲਾ ਲੈ ਲਿਆ ਹੋਵੇ।
“ਬਾਪੂ ਜੀ! ਫਿਰ ਇਹ ਮਟੀਆਂ ਕਿਵੇਂ ਤੇ ਕਿਉਂ ਬਣਵਾਈਆਂ?” ਮੇਰੀ ਸੂਈ ਚਿੱਟੇ ਲੱਠੇ ਵਰਗੀ ਮਟੀ ‘ਤੇ ਅਟਕੀ ਹੋਈ ਸੀ।
“ਫਿਰ ਪੁੱਤਰਾ! ਮੇਲੇ ਦੀ ਮੌਤ ਤੋਂ ਬਾਅਦ ਆਪਣਾ ਨੁਕਸਾਨ ਬਹੁਤ ਹੋਣ ਲੱਗ ਪਿਆ। ਘਰ ਦੀ ਬਰਕਤ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਮੇਰੇ ਵਿਆਹ ਹੋਏ ਨੂੰ ਵੀ ਚਾਰ ਸਾਲ ਹੋ ਗਏ, ਕੋਈ ਜੁਆਕ-ਜੱਲਾ ਨਾ ਹੋਇਆ। ਲੋਕਾਂ ਦੇ ਮਗਰ ਲੱਗ ਕੇ ਧਾਗੇ-ਤਵੀਤਾਂ ਵਾਲੇ ਬਾਬਿਆਂ ਦੇ ਪੈਰੀਂ ਡਿੱਗ ਪਏ। ਉਨ੍ਹਾਂ ਨੇ ਵੀ ਮੋਟੇ ਪੈਸੇ ਖਾਧੇ ਪਰ ਗੱਲ ਨਾ ਬਣੀ। ਫਿਰ ਸ਼ੇਰਪੁਰ ਕੋਲ ਇਕ ਮਾਤਾ ਜੀ ਦੀ ਦੱਸ ਪਈ ਜਿਹੜੀ ਚੌਂਕੀ ਲਾਉਂਦੀ ਸੀ। ਉਹਨੇ ਕਿਹਾ ਕਿ ਤੇਰਾ ਭਰਾ ਅਣਿਆਈ ਮੌਤ ਮਰਿਐ। ਉਹਦੀ ਗਤ ਨਹੀਂ ਹੋਈ। ਉਹ ਤੇਰੇ ਪਰਿਵਾਰ ਦਾ ਨੁਕਸਾਨ ਕਰਦੈ, ਕਿਉਂਕਿ ਉਹਦਾ ਅੱਧਾ ਘਰ ਤੇ ਅੱਧੀ ਜ਼ਮੀਨ ਦਾ ਤੂੰ ਮਾਲਕ ਬਣ ਗਿਐਂ। ਇਕ ਮਟੀ ਘਰ ਦੇ ਦੱਖਣ ਵਾਲੇ ਖੂੰਜੇ ਬਣਾ ਦੇ, ਤੇ ਇਕ ਮਟੀ ਖੇਤ ਦੇ ਚੜ੍ਹਦੇ ਪਾਸੇ ਵੱਲ ਬਣਾ ਦੇæææਤੇਰੇ ਪੁੱਤ ਹੋ ਜਾਊਗਾ। ਮੈਂ ਅਗਲੇ ਦਿਨ ਹੀ ਇਹ ਕੰਮ ਕਰ ਦਿੱਤਾ ਤੇ ਮਰੇ ਹੋਏ ਭਰਾ ਨੂੰ ਪੂਜਣ ਲੱਗ ਪਏ। ਫਿਰ ਦੋ ਸਾਲਾਂ ਬਾਅਦ ਹਰੀ ਸਿੰਘ ਹੋਇਆ ਯਾਨਿ ਜੜ੍ਹ ਹਰੀ ਹੋ ਗਈ। ਫਿਰ ਜੀਤ ਸਿੰਘ ਹੋਇਆ, ਯਾਨਿ ਮੈਂ ਜਿੱਤ ਗਿਆ।”
“ਬਾਪੂ ਜੀ! ਫਿਰ ਕਦੇ ਨੁਕਸਾਨ ਨਹੀਂ ਹੋਇਆ?” ਮੈਂ ਹੁਣ ਬਾਪੂ ਨੂੰ ਗਿਆਨ ਦੇ ਸਿੱਟਿਆਂ ਨਾਲ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ।
“ਪੁੱਤਰਾ! ਨੁਕਸਾਨ ਤਾਂ ਹੋਈ ਜਾਂਦੈ, ਕਦੇ ਮੱਝ ਮਰ ਗਈ, ਕਦੇ ਬਲਦ ਮਰ ਗਿਆ। ਤੇਰੀ ਬੇਬੇ ਨੂੰ ਗਠੀਆ ਹੋ ਗਿਆ। ਦੋਵਾਂ ਨੂੰਹਾਂ ਦੀਆਂ ਕੁੱਖਾਂ ਖਾਲੀ ਆ। ਚਾਰੇ ਪਾਸੇ ਦੁੱਖ ਹੀ ਦੁੱਖ।” ਬਾਪੂ ਨੇ ਦੋਵੇਂ ਹੱਥ ਜੋੜਦਿਆਂ ਜਿਵੇਂ ਕਿਸੇ ਗਲਤੀ ਦੀ ਮੁਆਫ਼ੀ ਮੰਗੀ ਹੋਵੇ।
“ਦੇਖੋ ਬਾਪੂ ਜੀ! ਮੇਲਾ ਸਿੰਘ ਤੁਹਾਡਾ ਛੋਟਾ ਭਰਾ ਸੀ। ਜਦੋਂ ਉਹਨੇ ਕਦੇ ਜਿਉਂਦਿਆਂ ਕਿਸੇ ਦਾ ਨੁਕਸਾਨ ਨਹੀਂ ਕੀਤਾ, ਫਿਰ ਮਰ ਕੇ ਕਿਵੇਂ ਨੁਕਸਾਨ ਕਰ ਸਕਦਾ ਹੈ? ਉਹ ਗਰੀਬਾਂ ਦਾ ਕਿੰਨਾ ਖਿਆਲ ਰੱਖਦਾ ਸੀæææਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ। ਫਿਰ ਉਹ ਤੁਹਾਨੂੰ ਕਿਵੇਂ ਤੰਗ ਕਰ ਸਕਦਾ? ਇਹ ਸਭ ਤੁਹਾਡੀ ਅੰਧ-ਵਿਸ਼ਵਾਸੀ ਸੋਚ ਹੈ। ਤੁਸੀਂ ਆਪਣੀ ਅਕਲ ਵਰਤਣ ਦੀ ਬਜਾਏ ਸਾਧਾਂ-ਸੰਤਾਂ, ਪਖੰਡੀ ਬੂਬਨਿਆਂ ਦੀ ਅਕਲ ਨਾਲ ਆਪਣਾ ਘਰ ਪੱਟੀ ਜਾ ਰਹੇ ਹੋ। ਇਨ੍ਹਾਂ ਮਟੀਆਂ ਵਿਚ ਕੁਝ ਨਹੀਂ ਐ। ਗੁਰਬਾਣੀ ਪੜ੍ਹਿਆ ਕਰੋ ਤੇ ਸੁਣਿਆ ਕਰੋ। ਜੇ ਤੁਸੀਂ ਮੰਨਦੇ ਹੋ ਕਿ ਮੇਲਾ ਸਿੰਘ ਦਾ ਕਤਲ ਉਸ ਕੁੜੀ ਦੇ ਭਰਾਵਾਂ ਨੇ ਕੀਤਾ ਹੈ ਤਾਂ ਮੇਲਾ ਸਿੰਘ ਉਨ੍ਹਾਂ ਦੇ ਘਰ ਨੁਕਸਾਨ ਕਰੇæææਉਨ੍ਹਾਂ ਬੰਦਿਆਂ ਤੋਂ ਆਪਣਾ ਬਦਲਾ ਲਵੇ। ਬਾਪੂ ਜੀ, ਮੈਨੂੰ ਤਾਂ ਚੁਬਾਰੇ ਵਿਚ ਵੀ ਕੁਝ ਨਹੀਂ ਹੁੰਦਾ ਹਾਲਾਂਕਿ ਮੇਲਾ ਸਿੰਘ ਇਸੇ ਚੁਬਾਰੇ ਵਿਚ ਰਹਿੰਦਾ ਸੀ। ਤੁਸੀਂ ਵੀ ਕ੍ਰਿਪਾ ਕਰ ਕੇ ਇਨ੍ਹਾਂ ਮਟੀਆਂ ਦੀ ਗੁਲਾਮੀ ਤੋਂ ਆਜ਼ਾਦ ਹੋਵੇ, ਗੁਰੂ ਵਾਲੇ ਬਣੋ। ਦੋਵਾਂ ਭਰਜਾਈਆਂ ਦੇ ਪੁੱਤਰ ਵੀ ਹੋਣਗੇ ਤੇ ਨੁਕਸਾਨ ਵੀ ਨਹੀਂ ਹੋਵੇਗਾ।”
ਮੈਨੂੰ ਬਾਪੂ ਤੋਂ ਮਟੀਆਂ ਦੇ ਜਨਮ ਦੀ ਕਹਾਣੀ ਤਾਂ ਪਤਾ ਲੱਗ ਗਈ ਸੀ ਅਤੇ ਹੁਣ ਮੈਂ ਮਟੀਆਂ ਦੀ ਮੌਤ ਦਾ ਸਾਮਾਨ ਤਿਆਰ ਕਰਨ ਲੱਗ ਪਿਆ। ਮੈਂ ਅਜੇ ਤਿਆਰੀ ਵਿਚ ਲੱਗਾ ਹੀ ਸੀ ਕਿ ਬੇਬੇ ਬਾਪੂ ਆ ਗਏ ਕਿ ਤੇਰਾ ਵਿਆਹ ਕਰਨਾ ਹੈ। ਮੈਂ ਆਪਣੀ ਬਦਲੀ ਕਰਵਾ ਕੇ ਆਪਣੇ ਪਿੰਡ ਨੇੜੇ ਲੱਗਣਾ ਚਾਹੁੰਦਾ ਸੀ। ਮੇਰੇ ਨਾਂਹ-ਨਾਂਹ ਕਰਦਿਆਂ, ਮੇਰੇ ਮੂੰਹ ਨੂੰ ਮੰਗਣੇ ਦਾ ਲੱਡੂ ਲਾ ਦਿੱਤਾ। ਪਤਾ ਲੱਗਿਆ ਕਿ ਕੁੜੀ ਦਾ ਵੱਡਾ ਭਰਾ ਅਮਰੀਕਾ ਸੈਟ ਹੈ, ਵਿਆਹ ਵਧੀਆ ਕਰਨਗੇ। ਅਖੇ-ਕੱਲ੍ਹ ਨੂੰ ਤੂੰ ਵੀ ਅਮਰੀਕਾ ਚਲਿਆ ਜਾਵੇਂਗਾ। ਮੈਂ ਮੰਗਣਾ ਕਰਵਾ ਕੇ ਵਾਪਸ ਆਉਂਦਿਆਂ ਅੰਮ੍ਰਿਤਸਰ ਤੋਂ ਕਿਸੇ ਕੋਲੋਂ ਚਿੱਠੀ ਲਿਖਵਾ ਕੇ ਪੋਸਟ ਕਰ ਦਿੱਤੀ। ਸਿਰਨਾਵਾਂ ਜਿਥੇ ਮੈਂ ਰਹਿੰਦਾ ਸੀ, ਉਨ੍ਹਾਂ ਦੇ ਘਰ ਦਾ ਲਿਖ ਦਿੱਤਾ। ਦੋ ਦਿਨਾਂ ਬਾਅਦ ਚਿੱਠੀ ਆ ਗਈ। ਸਾਰਾ ਪਰਿਵਾਰ ਰੂੰ ਵਾਂਗ ਬੱਗਾ ਹੋਇਆ ਪਿਆ ਸੀ। ਮੈਂ ਸਕੂਲੋਂ ਆਇਆ, ਚਿੱਠੀ ਪੜ੍ਹੀ ਤਾਂ ਲਿਖਿਆ ਹੋਇਆ ਸੀ- ਜੈਲ ਸਿੰਘ, ਬੇਨਤੀ ਨਹੀਂ ਤਾੜਨਾ ਕੀਤੀ ਜਾਂਦੀ ਹੈ ਕਿ ਆਪਣੇ ਭਰਾ ਦੀ ਯਾਦ ਵਿਚ ਬਣਾਈਆਂ ਦੋਵੇਂ ਮਟੀਆਂ ਢਾਹ ਦੇ ਅਤੇ ਪਰਿਵਾਰ ਸਮੇਤ ਗੁਰੂ ਦਾ ਸਿੰਘ ਸਜ ਜਾ। ਜੇ ਇਕ ਹਫ਼ਤੇ ਅੰਦਰ-ਅੰਦਰ ਇਸ ਚਿੱਠੀ ‘ਤੇ ਅਮਲ ਨਾ ਹੋਇਆ ਤਾਂ ਨਤੀਜੇ ਬੁਰੇ ਨਿਕਲਣਗੇ।
ਗੁਰੂ ਪੰਥ ਦਾ ਦਾਸ
ਫਲਾਣਾ ਸਿੰਘ ਖਾਲਸਾ।
ਮੈਂ ਕਿਹਾ, “ਬਾਪੂ ਜੀ, ਇਹ ਚਿੱਠੀ ਥਾਣੇ ਵਾਲਿਆਂ ਨੂੰ ਦਿਖਾਉਣੀ ਚਾਹੀਦੀ ਹੈ।” ਅੰਦਰੋਂ ਮੈਂ ਡਰਦਾ ਵੀ ਸੀ ਕਿ ਇਨ੍ਹਾਂ ਨੂੰ ਮੇਰੇ ‘ਤੇ ਸ਼ੱਕ ਨਾ ਹੋ ਜਾਵੇ ਕਿ ਚਿੱਠੀ ਮੈਂ ਪੁਆਈ ਹੈ।
“ਨਹੀਂ ਪੁੱਤਰਾ! ਆਪਾਂ ਤਾਂ ਦੋਵੇਂ ਪਾਸਿਉਂ ਮਾਰੇ ਜਾਵਾਂਗੇ।” ਬਾਪੂ ਨੇ ਡਰਦਿਆਂ ਕਿਹਾ।
“ਫਿਰ ਬਾਪੂ ਜੀ! ਆਪਾਂ ਚਿੱਠੀ ‘ਤੇ ਅਮਲ ਕਰੀਏ।” ਮੈਂ ਦਲੇਰੀ ਫੜਦਿਆਂ ਬਾਪੂ ਦੀ ਕਮਜ਼ੋਰ ਰਗ ਫੜ ਲਈ। ਫਿਰ ਮੈਂ ਤੇ ਬਾਪੂ ਨੇ ਦੋਵੇਂ ਮਟੀਆਂ ਢਾਹ ਦਿੱਤੀਆਂ। ਘਰ ਵਿਚ ਸਹਿਜ ਪਾਠ ਕਰਵਾ ਕੇ ਭੋਗ ਪਾਏ ਗਏ। ਸ਼ਰਧਾ ਮੁਤਾਬਕ ਪੁੰਨ-ਦਾਨ ਕੀਤਾ। ਸਾਰੇ ਪਿੰਡ ਵਿਚ ਪਤਾ ਲੱਗ ਗਿਆ ਕਿ ਇਨ੍ਹਾਂ ਨੇ ਮਟੀਆਂ ਕਿਉਂ ਢਾਹੀਆਂ ਹਨ? ਦਿਨ ਬੀਤਦੇ ਗਏ। ਬਾਪੂ ਦਾ ਕੋਈ ਨੁਕਸਾਨ ਨਾ ਹੋਇਆ। ਹਰੀ ਸਿੰਘ ਤੇ ਜੀਤ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ। ਸਾਰਾ ਪਰਿਵਾਰ ਖੁਸ਼ ਰਹਿੰਦਾ। ਮੈਂ ਆਪਣੇ ਵਿਆਹ ਤੋਂ ਬਾਅਦ ਵੀ ਕਈ ਸਾਲ ਉਥੇ ਰਿਹਾ। ਉਨ੍ਹਾਂ ਦੋਵਾਂ ਭਰਾਵਾਂ ਦੇ ਦੋ-ਦੋ ਪੁੱਤਰ ਹੋਏ। ਕਦੇ ਵੀ ਉਨ੍ਹਾਂ ਨੂੰ ਮੇਲਾ ਸਿੰਘ ਨੇ ਤੰਗ ਨਹੀਂ ਕੀਤਾ। ਮੈਨੂੰ ਪਰਮਾਤਮਾ ਨੇ ਪਹਿਲਾਂ ਧੀ ਤੇ ਫਿਰ ਪੁੱਤਰ ਦੀ ਦਾਤ ਬਖ਼ਸ਼ੀ।
ਫਿਰ ਮੈਂ ਆਪਣਾ ਪਰਿਵਾਰ ਲੈ ਕੇ ਅਮਰੀਕਾ ਆ ਗਿਆ। ਐਤਕੀਂ ਧੀ ਦਾ ਵਿਆਹ ਕਰਨ ਗਏ ਤਾਂ ਜੈਲ ਸਿੰਘ ਬਾਪੂ ਦੇ ਘਰ ਗਿਆ ਜਿਥੇ ਪਰਮਾਤਮਾ ਨੇ ਖੁਸ਼ੀਆਂ-ਖੇੜੇ ਬਖ਼ਸ਼ੇ ਹੋਏ ਸਨ। ਦੋਵਾਂ ਦੇ ਪੁੱਤਰ ਗੁਰਸਿੱਖ ਸਜੇ ਹੋਏ ਸਨ। ਮੈਂ ਹਰੀ ਸਿੰਘ ਦੇ ਵੱਡੇ ਪੁੱਤਰ ਨੂੰ ਆਪਣਾ ਜਵਾਈ ਬਣਾ ਲਿਆ। ਅਸੀਂ ਵਧੀਆ ਵਿਆਹ ਕਰ ਕੇ ਵਾਪਸ ਆ ਗਏ। ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਜਿਸ ‘ਤੇ ਪਰਮਾਤਮਾ ਨੇ ਇਤਨੀ ਕ੍ਰਿਪਾ ਕੀਤੀ ਕਿ ਅੰਧ-ਵਿਸ਼ਵਾਸੀ ਪਰਿਵਾਰ ਨੂੰ ਮਟੀਆਂ ਦੇ ਚੱਕਰ ਵਿਚੋਂ ਕੱਢ ਕੇ ਗੁਰੂ ਦੇ ਲੜ ਲਾਇਆ। ਚਿੱਠੀ ਵਾਲਾ ਰਾਜ਼ ਅਜੇ ਤੱਕ ਰਾਜ਼ ਹੀ ਹੈ। ਕਈ ਵਾਰ ਨਿੱਕੀ ਜਿਹੀ ਗੁਸਤਾਖੀ ਵੀ ਵੱਡੀ ਦੁਰਘਾਟਨਾ ਤੋਂ ਬਚਾ ਲੈਂਦੀ ਹੈ। ਇਹ ਆਪਣੀ ਹੱਡ-ਬੀਤੀ ਬਾਈ ਅਮਰ ਸਿੰਘ ਨੇ ਮੈਨੂੰ ਸੁਣਾਈ ਸੀ। ਮੈਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਇਸ ਕਰ ਕੇ ਸਾਂਝੀ ਕੀਤੀ ਹੈ ਕਿ ਜੇ ਕੋਈ ਅਜੇ ਅੰਧ-ਵਿਸ਼ਵਾਸ ਦੇ ਰਾਹ ‘ਤੇ ਹੈ, ਤਾਂ ਉਹ ਵਾਪਸ ਮੁੜ ਆਵੇ।æææਰੱਬ ਰਾਖਾ।
Leave a Reply