ਧਾਰਮਿਕ ਮਾਮਲਿਆਂ ਵਿਚ ਅਪਨਾਏ ਜਾ ਰਹੇ ਨੇ ਦੋਹਰੇ ਮਿਆਰ?

ਵੈਨਕੂਵਰ: ਕਈ ਸਾਲ ਪਹਿਲਾਂ ‘ਲੰਗਰ’ ਵਿਵਾਦ ਉਤੇ ਸਿੰਘ ਸਾਹਿਬਾਨ ਗ੍ਰੇਟਰ ਵੈਨਕੂਵਰ ਦੀ ਸਿੱਖ ਸੰਗਤ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਪਰ ਹੁਣ ਜਦੋਂ ਇੱਥੇ ਦੌਰੇ ‘ਤੇ ਆਏ ਇਕ ਜਥੇਦਾਰ ਦਾ ਪੁੱਤਰ ਜਿਨਸੀ ਦੁਰਾਚਾਰ ਦਾ ਦੋਸ਼ੀ ਪਾਇਆ ਗਿਆ ਹੈ ਤਾਂ ਸਿੰਘ ਸਾਹਿਬਾਨ ਨੇ ਚੁੱਪ ਵੱਟ ਲਈ ਹੈ। ਅਜੈ ਸਿੰਘ ਨਾਮੀ ਨੌਜਵਾਨ ਨੂੰ ਹਾਲ ਹੀ ਵਿਚ ਐਬਟਸਫੋਰਡ ਦੀ ਅਦਾਲਤ ਵੱਲੋਂ 13 ਸਾਲ ਦੀ ਇਕ ਲੜਕੀ ਨਾਲ ਜਿਨਸੀ ਛੇੜਛਾੜ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਉਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਲੰਘੀ 17 ਅਕਤੂਬਰ ਨੂੰ ਉਸ ਨੂੰ 90 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਜੈ ਸਿੰਘ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪੂਰਨ ਸਿੰਘ ਦਾ ਪੁੱਤਰ ਹੈ। ਚੇਤੇ ਰਹੇ ਕਿ 1998 ਵਿਚ ਲੰਗਰ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਵਿਚ ਕੈਨੇਡਾ ਦੀ ਵੱਡੀ ਗਿਣਤੀ ਸਿੱਖ ਸੰਗਤ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਦਿੱਤਾ ਗਿਆ ਸੀ। ਅਕਾਲ ਤਖ਼ਤ ਤੋਂ ਕੈਨੇਡੀਅਨ ਸਿੱਖਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਮੇਜ਼ਾਂ ‘ਤੇ ਲੰਗਰ ਵਰਤਾਉਣ ਦੀ ਬਜਾਏ ਸੰਗਤ ਨੂੰ ਭੁੰਝੇ ਬਿਠਾ ਕੇ ਲੰਗਰ ਛਕਾਉਣ।
ਇਸ ਹੁਕਮਨਾਮੇ ਤੋਂ ਪਰਵਾਸੀ ਭਾਈਚਾਰੇ ਅੰਦਰ ਵੰਡ ਪੈ ਗਈ ਸੀ ਤੇ ਇਸ ਦੀ ਨਾਫਰਮਾਨੀ ਕਰਨ ਵਾਲੇ ਕਈ ਸਿੱਖਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਇਨ੍ਹਾਂ ਵਿਚ ਸਰੀ ਦੇ ਗੁਰਦੁਆਰੇ ਦੇ ਸਾਬਕਾ ਪ੍ਰਚਾਰਕ ਗਿਆਨੀ ਹਰਕੀਰਤ ਸਿੰਘ ਵੀ ਸ਼ਾਮਲ ਸਨ। ਜਿਨਸੀ ਦੁਰਾਚਾਰ ਦਾ ਮਾਮਲਾ ਇਥੋਂ ਦੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਨ ‘ਤੇ ਗਿਆਨੀ ਹਰਕੀਰਤ ਸਿੰਘ ਨੇ ਸਵਾਲ ਉਠਾਇਆ ਇਹ ਦੋਗਲਾਪਣ ਕਿਉਂ ਅਪਣਾਇਆ ਜਾ ਰਿਹਾ? ਅਜੈ ਸਿੰਘ ਦੇ ਮਾਮਲੇ ‘ਤੇ ਸਿੰਘ ਸਾਹਿਬਾਨ ਚੁੱਪ ਕਿਉਂ ਹਨ? ਉਸ ਨੂੰ ਕਿਸੇ ਤਰ੍ਹਾਂ ਦਾ ਧਾਰਮਿਕ ਦੰਡ ਕਿਉਂ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਕੁਝ ਨਰਮਦਲੀਏ ਸਿੱਖਾਂ ਨੇ ਲੰਗਰ ਦੇ ਮੁੱਦੇ ‘ਤੇ ਜੋ ਸਟੈਂਡ ਲਿਆ ਸੀ ਉਹ ਇਕ ਜਥੇਦਾਰ ਦੇ ਪੁੱਤਰ ਦੀ ਕਾਰਵਾਈ ਦੇ ਮੁਕਾਬਲੇ ਕੁਝ ਵੀ ਨਹੀਂ ਸੀ।
ਸਰੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਗਿੱਲ ਨੇ ਕਿਹਾ ਕਿ ਸਿੰਘ ਸਾਹਿਬਾਨ ਨੂੰ ਵਿਦੇਸ਼ੀ ਸਿੱਖ ਸੰਗਤ ਦੇ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਪਹਿਲਾਂ ਆਪਣੇ ਗਿਰੇਵਾਨ ਵਿਚ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਪੂਰਨ ਸਿੰਘ ਨੇ ਜਾਹਿਰਾਨਾ ਢੰਗ ਨਾਲ ਹੁਕਮਨਾਮੇ ਜਾਰੀ ਕੀਤੇ ਸਨ ਜਿਨ੍ਹਾਂ ਕਰਕੇ ਵਿਦੇਸ਼ੀ ਵਸਦੇ ਬਹੁਤ ਸਾਰੇ ਸਿੱਖਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਹੀ ਸਮਾਂ ਹੈ ਕਿ ਉਸ (ਅਜੈ ਸਿੰਘ) ਨੂੰ ਇਸ ਤਰ੍ਹਾਂ ਦੀ ਘਿਨਾਉਣੀ ਕਾਰਵਾਈ ਵਿਚ ਸ਼ਾਮਲ ਹੋਣ ਬਦਲੇ ਦੰਡ ਦਿੱਤਾ ਜਾਵੇ ਪਰ ਭਾਰਤ ਵਿਚਲੀ ਪੁਜਾਰੀ ਜਮਾਤ ਆਪਣੇ ਸਿਆਸੀ ਆਕਾਵਾਂ ਦੇ ਹੱਥਾਂ ਦੀ ਖਿਡੌਣਾ ਬਣੀ ਹੋਈ ਹੈ ਜਿਸ ਕਰਕੇ ਉਸ ਨੇ ਖਮੋਸ਼ੀ ਧਾਰ ਲਈ ਹੈ। ਪੀੜਤ ਲੜਕੀ ਦੇ ਪਿਤਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੈ ਸਿੰਘ ਪੰਜਾਬ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ।
ਰੌਸ ਸਟਰੀਟ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਜੈ ਸਿੰਘ ਨੂੰ ਕਾਨੂੰਨ ਨੇ ਪਹਿਲਾਂ ਹੀ ਦੋਸ਼ੀ ਕਰਾਰ ਦੇ ਦਿੱਤਾ। ਹੁਣ ਸਿੰਘ ਸਾਹਿਬਾਨ ਦੀ ਵਾਰੀ ਹੈ ਕਿ ਉਹ ਕੀ ਮਿਸਾਲ ਕਾਇਮ ਕਰਦੇ ਹਨ। ਇਕ ਹੋਰ ਨਰਮਖਿਆਲ ਸਿੱਖ ਕਾਰਕੁਨ ਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਜੈ ਸਿੰਘ ਦੀ ਕਾਰਵਾਈ ਸਿੱਖੀ ਦੇ ਜੜ੍ਹੀਂ ਤੇਲ ਦੇਣ ਦੇ ਤੁੱਲ ਹੈ ਜਿਸ ਕਰਕੇ ਉਹ ਭਾਰੀ ਸਜ਼ਾ ਦਾ ਹੱਕਦਾਰ ਹੈ। ਧਰਮ ਦੀ ਆੜ ਹੇਠ ਅਜਿਹੇ ਵਿਅਕਤੀਆਂ ਨੂੰ ਸਾਡੇ ਬੱਚਿਆਂ ਨਾਲ ਖਿਲਵਾੜ ਕਰਨ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ। ਪੰਥਕ ਰਹਿਬਰਾਂ ਦੀ ਚੁੱਪ ਅਫਸੋਸਜਨਕ ਹੈ।

Be the first to comment

Leave a Reply

Your email address will not be published.