ਛਾਤੀ ਅੰਦਰਲੇ ਥੇਹ (8)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ।-ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਮੈਂ ਉਦੋਂ ਖਾਲਸਾ ਹਾਇਰ ਸੈਕੰਡਰੀ ਸਕੂਲ ਵਿਚ ਪੜ੍ਹਦਾ ਸਾਂ। ਲੋਕ ਘੁਲਾੜੀਆਂ ਵਿਚ ਗੰਨੇ ਪੀੜ ਕੇ ਆਪ ਹੀ ਗੁੜ ਅਤੇ ਸ਼ੱਕਰ ਬਣਾਉਂਦੇ ਸਨ। ਘੁਲਾੜੀਆਂ ਚੱਲਣ ਦਾ ਸਮਾਂ ਮੇਰੇ ਲਈ ਬੜਾ ਕਸ਼ਟਦਾਇਕ ਹੁੰਦਾ ਸੀ। ਮੈਨੂੰ ਗੁੜ ਦੀਆਂ ਕੁਝ ਪੇਸੀਆਂ ਦੇ ਬਦਲੇ ਤੜਕੇ ਦੋ ਵਜੇ ਉਠ ਕੇ ਲੋਕਾਂ ਦੀਆਂ ਘੁਲਾੜੀਆਂ ਵਿਚ ਗੰਨੇ ਲਾਉਣ ਜਾਂ ਪੱਤ ਨੂੰ ਝੋਕਾ ਲਾਉਣ ਲਈ ਜਾਣਾ ਪੈਂਦਾ ਸੀ ਤੇ ਸਕੂਲ ਦੇ ਸਮੇਂ ਤੱਕ ਉਥੇ ਹੀ ਰੁਕਣਾ ਪੈਂਦਾ ਸੀ। ਐਸ਼ਡੀæ ਹਾਈ ਸਕੂਲ ਚਮਕੌਰ ਸਾਹਿਬ ਵਿਚ ਪੜ੍ਹਾਉਂਦੇ ਮਾਸਟਰ ਅਮਰ ਸਿੰਘ ਨੇ ਸਾਡੇ ਪਿੰਡ ਹੀ ਰਿਹਾਇਸ਼ ਕਰ ਲਈ। ਉਸ ਦਾ ਕੱਦ ਮਧਰਾ ਸੀ ਤੇ ਠੋਡੀ ਉਤੇ ਚਾਰ ਕੁ ਵਾਲ ਸਨ। ਉਹ ਖਾਕੀ ਪਗੜੀ ਹੇਠ ਲਾਲ ਫਿਫਟੀ ਬੰਨ੍ਹਦਾ ਸੀ। ਉਸ ਦੀ ਘਰਵਾਲੀ ਉਸ ਤੋਂ ਡੇਢ ਫੁੱਟ ਲੰਬੀ ਸੀ ਜੋ ਚਿੱਟੇ ਸੂਟ ਉਪਰੋਂ ਗਾਤਰਾ ਪਾਉਂਦੀ ਤੇ ਸਿਰ ਉਤੇ ਜੂੜਾ ਕਰ ਕੇ ਕਾਲੀ ਕੇਸਕੀ ਬੰਨ੍ਹਦੀ। ਪਿੰਡ ਦੇ ਲੋਕ ਅਤਿ ਗਰੀਬੀ ਵਿਚ ਵੀ ਟਿੱਚਰ-ਮਖੌਲ ਕਰਨ ਵਿਚ ਉਸਤਾਦ ਸਨ। ਉਨ੍ਹਾਂ ਨੇ ਅਮਰ ਸਿੰਘ ਦਾ ਨਾਂ ‘ਖੋਜਾ ਮਾਸਟਰ’ ਤੇ ਉਸ ਦੀ ਘਰਵਾਲੀ ਦਾ ‘ਮੂਰਾ-ਪੀਰੀ’ ਧਰ ਲਿਆ। ਉਹ ੜਾੜਾ ਨਹੀਂ ਸੀ ਬੋਲ ਸਕਦੀ। ਭੱਬੇ ਨੂੰ ਵੀ ਪੱਪਾ ਬੋਲਦੀ। ਮੂੜ੍ਹਾ-ਪੀੜ੍ਹੀ ਨੂੰ ਮੂਰਾ-ਪੀਰੀ, ਕੂੜਾ ਨੂੰ ਕੂਰਾ, ਕੜਾਹੀ ਨੂੰ ਕਰਾਹੀ ਆਖਦੀ।
ਅਮਰ ਸਿੰਘ ਨੇ ਪਿੰਡ ਵਿਚ ਆਉਂਦਿਆਂ ਹੀ ਜਿਹੜੀ ਪਹਿਲੀ ਚੇਟਕ ਮੁੰਡਿਆਂ ਨੂੰ ਲਾਈ, ਉਹ ਸੀ ਫੁਟਬਾਲ ਖੇਡਣ ਦੀ। ਉਹ ਨਿੱਕਰ ਅਤੇ ਬੂਟ ਪਾ ਕੇ ਮੁੰਡਿਆਂ ਨੂੰ ਇਕੱਠੇ ਕਰ ਕੇ ਪਿੰਡ ਦੀ ਚਰਾਂਦ ਵਿਚ ਲੈ ਜਾਂਦਾ ਤੇ ਫੁਟਬਾਲ ਖੇਡਣ ਦੇ ਗੁਰ ਸਮਝਾਉਂਦਾ। ਗੱਲ-ਗੱਲ ‘ਤੇ ਗੰਦੀਆਂ ਗਾਲ੍ਹਾਂ ਕੱਢਣ ਵਾਲੇ ਤੇ ਹਰ ਵਾਕ ਨਾਲ ‘ਸਾਲਾ’ ਬੋਲਣ ਵਾਲੇ ਮੁੰਡਿਆਂ ਨੂੰ ਅਜਿਹਾ ਕਰਨ ਤੋਂ ਵਰਜਦਾ। ਪਿੰਡ ਦੇ ਸਾਰੇ ਮੁੰਡੇ ਨਿੱਤ ਸ਼ਾਮ ਨੂੰ ਫੁਟਬਾਲ ਖੇਡਣ ਲੱਗੇ ਤੇ ਉਨ੍ਹਾਂ ਦੀ ਬੋਲਚਾਲ ਵਿਚ ਸੁਧਾਰ ਆਉਣ ਲੱਗਾ। “ਉਇ ਆ ਜਾ ਬਾਪੂ, ਸਾਲੇ ਨੇ ਘੰਟਾ ਲਾ ਦਿੱਤਾ”, ਕਹਿਣ ਵਾਲੇ ‘ਬਾਪੂ ਜੀ ਆ ਜਾਵੋ’ ਕਹਿਣ ਲੱਗ ਪਏ। ਲੜਨਾ-ਭਿੜਨਾ ਵੀ ਲਗਭਗ ਬੰਦ ਹੋ ਗਿਆ। ਉਸ ਦੀ ਘਰਵਾਲੀ ਵੀ ਪਿੰਡ ਵਿਚ ਗੇੜਾ ਦੇਣ ਲੱਗੀ। ਉਸ ਨੇ ਔਰਤਾਂ ਵਿਚ ਆਪਣੀ ਥਾਂ ਬਣਾ ਲਈ। ਉਹ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਅਤੇ ਲੜਾਈ ਕਰਨ ਤੋਂ ਵਰਜਦੀ। ਬੱਚਿਆਂ ਦੇ ਨਿੱਤ ਨਹਾਉਣ, ਕੱਪੜੇ ਧੋਣ, ਨਹੁੰ ਕੱਟਣ, ਵਾਲ ਵਾਹੁਣ ਲਈ ਪ੍ਰੇਰਦੀ। ਘਰ ਵਿਚ ਕੂੜਾਦਾਨ ਰੱਖਣ ਅਤੇ ਆਲਾ-ਦੁਆਲਾ ਸਾਫ਼ ਰੱਖਣ ਲਈ ਕਹਿੰਦੀ। ਗਲੀਆਂ-ਨਾਲੀਆਂ ਵਿਚ ਡੀæਡੀæਟੀæ ਸੁੱਟਣ ਲਈ ਆਖਦੀ। ਖਾਣ-ਪੀਣ, ਉਠਣ-ਬੈਠਣ, ਬੋਲਣ-ਚਾਲਣ ਦੇ ਗੁਰ ਸਮਝਾਉਂਦੀ। ਪਹਿਲਾਂ-ਪਹਿਲਾਂ ਤਾਂ ਔਰਤਾਂ ਉਸ ਨੂੰ ਟਿੱਚਰਾਂ ਹੀ ਕਰਦੀਆਂ ਸਨ, ‘ਆਉ ਪੈਨ ਜੀ, ਪਰਾ ਜੀ ਦਾ ਕੀ ਹਾਲ ਏ? ਮੂਰਾ ਲਉ, ਪੀਰੀ ਲਉ। ਕਰੀ-ਚੌਲ ਖਾਉ। ਮਾਰੀ-ਮੋਟੀ ਅਕਲ ਸਾਡੇ ਅਨਪਰ੍ਹਾਂ ਨੂੰ ਵੀ ਦੇ ਦਿਉ।’
ਉਹ ਆਪਣੀਆਂ ਨਕਲਾਂ ਸੁਣ ਕੇ ਹੱਸ ਛੱਡਦੀ ਪਰ ਮਗਰੋਂ ਇਹ ਸਭ ਹੌਲੀ-ਹੌਲੀ ਬੰਦ ਹੋ ਗਿਆ। ਉਹ ਹਰ ਘਰ ਜਾਂਦੀ। ਹਰ ਔਰਤ, ਹਰ ਬੱਚੇ ਨੂੰ ਨਾਂ ਲੈ ਕੇ ਸੱਦਦੀ। ਜਾਤ-ਪਾਤ ਦਾ ਵਿਤਕਰਾ ਨਾ ਕਰਨ ਲਈ ਪ੍ਰੇਰਨਾ ਦਿੰਦੀ। ਅਜੀਬ ਕਿਸਮ ਦੀਆਂ ਕਹਾਣੀਆਂ ਸੁਣਾਉਂਦੀ। ਸਾਰੀਆਂ ਔਰਤਾਂ ਉਹਦੀ ਸੱਚੇ ਦਿਲੋਂ ਇੱਜ਼ਤ ਕਰਨ ਲੱਗ ਪਈਆਂ। ਉਹ ਔਰਤਾਂ ਨੂੰ ਆਪਣੇ ਘਰ ਸੱਦਦੀ ਅਤੇ ਪੰਜਾਬੀ ਲਿਖਣੀ-ਪੜ੍ਹਨੀ ਸਿਖਾਉਂਦੀ।
ਹੌਲੀ-ਹੌਲੀ ਮਾਸਟਰ ਅਮਰ ਸਿੰਘ ਨਾਲ ਸਕੂਲ ਨੂੰ ਪੈਦਲ ਜਾਣ ਵਾਲੇ ਮੁੰਡਿਆਂ ਦੀ ਗਿਣਤੀ ਵਧਦੀ ਚਲੀ ਗਈ। ਉਹ ਨਿੱਤ ਕੋਈ ਦਿਲਚਸਪ ਕਥਾ ਛੇੜ ਲੈਂਦਾ। ਮੁੰਡੇ ਹੁੰਗਾਰਾ ਭਰਦੇ ਜਾਂਦੇ। ਪਤਾ ਹੀ ਨਾ ਲਗਦਾ, ਅਸੀਂ ਕਦੋਂ ਸਕੂਲ ਪਹੁੰਚ ਜਾਂਦੇ ਪਰ ਕਈ ਸ਼ਰਾਰਤੀ ਮੁੰਡੇ ਸੜਕ ਉਤੇ ਚਾਕ ਨਾਲ ਉਸ ਬਾਰੇ ਊਟ-ਪਟਾਂਗ ਲਿਖ ਦਿੰਦੇ। ਫੋਟੋਆਂ ਵਾਹ ਦਿੰਦੇ। ਉਹ ਪੜ੍ਹਦਾ ਤੇ ਹੱਸ ਛੱਡਦਾ।
ਇਕ ਦਿਨ ਜਦੋਂ ਅਸੀਂ ਸਕੂਲ ਜਾ ਰਹੇ ਸੀ, ਸੜਕ ਉਤੇ ਕਿਸੇ ਡੰਗਰ ਦੀ ਲੱਤ ਦੀ ਹੱਡੀ ਪਈ ਸੀ ਤੇ ਹੇਠ ਚਾਕ ਨਾਲ ਲਿਖਿਆ ਹੋਇਆ, ‘ਇਹ ਖੋਜੇ ਦੀ ਲੱਤ ਹੈ’। ਪੜ੍ਹ ਕੇ ਉਚੀ-ਉਚੀ ਹੱਸਿਆ ਤੇ ਬੋਲਿਆ, “ਵਾਹ ਬਈ ਵਾਹ! ਕਿਆ ਖੂਬਸੂਰਤ ਲੱਤ ਏ ਮੇਰੀ। ਇਹ ਕਿਸੇ ਸਾਊ ਮੁੰਡੇ ਦਾ ਕੰਮ ਨਹੀਂ, ਕਿਸੇ ਸ਼ੈਤਾਨ ਦਾ ਹੈ। ਲਿਖਣ ਵਾਲੇ ਦੇ ਕਿਹੜਾ ਵਿਚਾਰੇ ਦੇ ਵਸ ਏ। ਉਸ ਉਤੇ ਸ਼ੈਤਾਨ ਦਾ ਪਹਿਰਾ ਏ। ਦੇਖ ਲੈਣਾ, ਸ਼ੈਤਾਨ ਨੇ ਉਸ ਨੂੰ ਪੜ੍ਹਨ-ਲਿਖਣ ਤੋਂ ਵੀ ਵਾਂਝਾ ਹੀ ਰੱਖਣਾ ਏਂ। ਮਰੋੜੀ ਜਾਵੇਗਾ ਵਿਚਾਰਾ ਬਲਦਾਂ ਦੀਆਂ ਪੂਛਾਂ ਸਾਰੀ ਉਮਰ।” ਉਸ ਦੀ ਗੱਲ ਦਾ ਅਜਿਹਾ ਅਸਰ ਹੋਇਆ ਕਿ ਮੁੰਡਿਆਂ ਨੇ ਸੜਕ ‘ਤੇ ਲਿਖਣਾ ਵੀ ਬੰਦ ਕਰ ਦਿੱਤਾ।
ਅਮਰ ਸਿੰਘ ਨੇ ਜਿਹੜਾ ਅਗਲਾ ਕੰਮ ਕੀਤਾ, ਉਹ ਸੀ ਮੁੰਡਿਆਂ ਦੀ ਪੜ੍ਹਾਈ ਵਿਚ ਲਗਨ ਪੈਦਾ ਕਰਨੀ। ਜਿਸ ਕੱਚੇ ਕੋਠੇ ਵਿਚ ਉਸ ਦੀ ਰਿਹਾਇਸ਼ ਸੀ, ਉਸ ਦੇ ਅੱਗੇ ਲੰਮਾ-ਚੌੜਾ ਵਿਹੜਾ ਸੀ ਜਿਥੇ ਤੂਤਾਂ, ਡੇਕਾਂ ਦੀ ਸੰਘਣੀ ਛਾਂ ਰਹਿੰਦੀ। ਮੁੰਡੇ ਸਕੂਲੋਂ ਆ ਕੇ ਆਪਣੇ ਬਸਤੇ ਲੈ ਕੇ ਉਸ ਕੋਲ ਚਲੇ ਜਾਂਦੇ ਤੇ ‘ਕੱਠੇ ਬੈਠ ਕੇ ਸਕੂਲ ਦਾ ਕੰਮ ਮੁਕਾਉਂਦੇ। ਉਹ ਇਕੱਲੇ-ਇਕੱਲੇ ਕੋਲ ਘੁੰਮ ਕੇ ਪੜ੍ਹਾਈ ਵਿਚ ਮਦਦ ਕਰਦਾ। ਕਿਸੇ ਤੋਂ ਕਦੀ ਕੋਈ ਪੈਸਾ ਨਾ ਲੈਂਦਾ। ਪਿੰਡ ਦੇ ਲੋਕਾਂ ਦੀ ਉਸ ਜੋੜੀ ਪ੍ਰਤੀ ਸ਼ਰਧਾ ਇੰਨੀ ਵਧ ਗਈ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਮੱਲੋ-ਮੱਲੀ ਉਸ ਦੇ ਘਰ ਸੁੱਟ ਜਾਂਦੇ। ਫਿਰ ਹੌਲੀ-ਹੌਲੀ ਉਸ ਨੇ ਮੁੰਡਿਆਂ ਨੂੰ ਕਹਾਣੀਆਂ ਤੇ ਨਾਵਲ ਪੜ੍ਹਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦਿਨਾਂ ਵਿਚ ਨਾਨਕ ਸਿੰਘ ਦੇ ਨਾਵਲਾਂ ਦੀ ਚੜ੍ਹਤ ਸੀ। ਮੈਨੂੰ ਯਾਦ ਹੈ ਕਿ ਮੈਨੂੰ ਨਾਵਲ ਅਤੇ ਕਹਾਣੀਆਂ ਪੜ੍ਹਨ ਦੀ ਇੰਨੀ ਚੇਟਕ ਲੱਗੀ ਕਿ ਦਸਵੀਂ ਤੱਕ ਮੈਂ ਨਾਨਕ ਸਿੰਘ ਦੇ ਸਾਰੇ ਨਾਵਲ ਪੜ੍ਹ ਲਏ। ਕਈ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ‘ਪ੍ਰੀਤ ਲੜੀ’ ਦਾ ਪੱਕਾ ਪਾਠਕ ਵੀ ਬਣ ਗਿਆ।
ਇਕ ਦਿਨ ਸ਼ਾਮ ਨੂੰ ਅਜੀਬ ਘਟਨਾ ਵਾਪਰ ਗਈ। ਸਾਡੀ ਗਾਂ ਮਾਲ ‘ਚੋਂ ਚਰ ਕੇ ਵਾਪਸ ਘਰ ਨਾ ਪਰਤੀ। ਮੈਂ ਕੀੜੂ ਪਾਲੀ ਨੂੰ ਪੁੱਛਿਆ ਤਾਂ ਉਹ ਸੋਟੀ ਚੁੱਕ ਗਾਂ ਲੱਭਣ ਮੇਰੇ ਨਾਲ ਤੁਰ ਪਿਆ। ਚਰਾਂਦ ਤੋਂ ਥੋੜ੍ਹਾ ਹਟ ਕੇ ਦਲਦਲ ਸੀ। ਇਹ ਮਣਾਂ-ਮੂੰਹੀਂ ਗਾਰੇ ਦੀ ਘਾਣੀ ਸੀ ਜਿਸ ਦੇ ਹੇਠ ਬਹੁਤ ਡੂੰਘਾਈ ਤਕ ਕੋਈ ਜ਼ਮੀਨ ਨਹੀਂ ਸੀ। ਉਥੇ ਪਹੁੰਚੇ ਤਾਂ ਗਾਂ ਪੇਟ ਤਕ ਉਸ ਵਿਚ ਧਸੀ ਖੜ੍ਹੀ ਸੀ। ਉਸ ਦੀਆਂ ਅੱਖਾਂ ਗਿੱਲੀਆਂ ਸਨ ਤੇ ਇਨ੍ਹਾਂ ਵਿਚੋਂ ਬੇਵਸੀ ਟਪਕ ਰਹੀ ਸੀ। ਉਸ ਦੀ ਹਾਲਤ ਦੇਖ ਕੇ ਮੇਰਾ ਰੋਣ ਨਿਕਲ ਗਿਆ। ਮੈਂ ਫੁਟਬਾਲ ਖੇਡਦੇ ਮੁੰਡਿਆਂ ਵੱਲ ਦੌੜ ਕੇ ਗਿਆ ਤੇ ਮਾਸਟਰ ਅਮਰ ਸਿੰਘ ਨੂੰ ਸਾਰੀ ਗੱਲ ਦੱਸੀ। ਉਹ ਸਾਰੇ ਦਲਦਲ ਕੋਲ ਆ ਗਏ। ਗਾਂ ਤਾਂ ਹੇਠ ਹੀ ਹੇਠ ਨਿਘਰਦੀ ਜਾ ਰਹੀ ਸੀ। ਹੁਣ ਉਸ ਦੀ ਮੌਤ ਨਿਸ਼ਚਿਤ ਸੀ।
ਮਾਸਟਰ ਅਮਰ ਸਿੰਘ ਕਹਿਣ ਲੱਗਾ, “ਦੇਖੋ ਪੁੱਤਰੋ! ਇਹ ਗਾਂ ਹੁਣ ਨਹੀਂ ਬਚ ਸਕਦੀ। ਜਿਵੇਂ ਇਹ ਗਾਂ ਦਲਦਲ ਵਿਚ ਧਸੀ ਹੋਈ ਏ, ਤੁਸੀਂ ਸਾਰੇ ਵੀ ਗਰੀਬੀ, ਅਨਪੜ੍ਹਤਾ ਅਤੇ ਜਹਾਲਤ ਦੀ ਦਲਦਲ ਵਿਚ ਧਸੇ ਪਏ ਹੋ। ਤੁਹਾਡੇ ਪੈਰ ਨੰਗੇ ਹਨ, ਪਾਉਣ ਲਈ ਫਟੇ ਪੁਰਾਣੇ ਕੱਪੜੇ ਹਨ, ਖਾਣ ਲਈ ਸੰਤੁਲਤ ਭੋਜਨ ਨਹੀਂ। ਰਹਿਣ ਲਈ ਢਾਰੇ ਹਨ। ਘਰਾਂ ਵਿਚ ਕੋਈ ਸਹੂਲਤ ਨਹੀਂ। ਤੁਸੀਂ ਸਾਰੇ ਇਕੋ ਜਿਹੇ ਹੋ, ਇਸ ਲਈ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀਆਂ ਲੋੜਾਂ ਕੀ ਹਨ? ਤੁਹਾਨੂੰ ਖਾਣ-ਪਹਿਨਣ ਲਈ ਕੀ ਮਿਲਣਾ ਚਾਹੀਦਾ ਏ? ਤੁਹਾਡੇ ਮਾਂ-ਬਾਪ ਨੂੰ ਵੀ ਖਾਣ-ਪਹਿਨਣ ਲਈ ਕੁਝ ਨਹੀਂ ਜੁੜਦਾ। ਕੀ ਇਹ ਸਭ ਕੁਝ ਦਲਦਲ ਨਹੀਂ? ਗਾਂ ਤਾਂ ਦਲਦਲ ਵਿਚੋਂ ਨਹੀਂ ਨਿਕਲ ਸਕਦੀ, ਤੁਸੀਂ ਤਾਂ ਨਿਕਲ ਸਕਦੇ ਹੋ। ਤੁਸੀਂ ਪੁੱਛੋਗੇ ਕਿਵੇਂ? ਮਿਹਨਤ ਨਾਲ ਮੇਰੇ ਪੁੱਤਰੋ। ਮਿਹਨਤ ਨਾਲ। ਕਿਤਾਬਾਂ ਚੁੱਕ ਲਵੋ। ਮਿਹਨਤ ਕਰੋ। ਚੰਗੇ ਨਾਗਰਿਕ ਬਣੋ। ਅਧਿਆਪਕ ਬਣੋ, ਡਾਕਟਰ ਬਣੋ, ਇੰਜੀਨੀਅਰ ਬਣੋ। ਮਿਹਨਤ ਕਰ ਕੇ ਆਪਣੀ ਚੰਗੀ ਜ਼ਿੰਦਗੀ ਲਈ ਦਰ ਖੋਲ੍ਹ ਲਵੋ।”
ਮੈਂ ਘਰ ਪਹੁੰਚ ਕੇ ਲੱਕੜ ਦੀ ਕੁਰਸੀ ਅਤੇ ਸਟੂਲ ਲੱਭੇ। ਲਾਲਟੈਣ ਦੀ ਚਿਮਨੀ ਸਾਫ਼ ਕੀਤੀ। ਕਿਤਾਬਾਂ ਦਾ ਗਰਦਾ ਝਾੜਿਆ ਤੇ ਅੱਧੀ ਰਾਤ ਤੀਕ ਪੜ੍ਹਦਾ ਰਿਹਾ। ਦਲਦਲ ਵਿਚ ਧਸੀ ਗਾਂ ਬਾਰੇ ਵੀ ਸੋਚਦਾ ਤੇ ਆਪਣੇ ਦਲਦਲ ਵਿਚੋਂ ਨਿਕਲਣ ਬਾਰੇ ਵੀ। ਮੈਂ ਅਗਲੇ ਦਿਨ ਸਕੂਲ ਜਾਣ ਲਈ ਸਭ ਤੋਂ ਪਹਿਲਾਂ ਮਾਸਟਰ ਅਮਰ ਸਿੰਘ ਦੇ ਘਰ ਪਹੁੰਚਿਆ ਤੇ ਉਸ ਦੇ ਚਰਨ ਛੂਹੇ। ਫਿਰ ਪੁੱਛਿਆ, “ਮਾਸਟਰ ਜੀ, ਕੀ ਮੈਂ ਵੀ ਅਧਿਆਪਕ ਬਣ ਸਕਦਾ ਹਾਂ?”
ਮੇਰੀ ਪਿੱਠ ਥਾਪੜ ਕੇ ਉਸ ਨੇ ਕਿਹਾ, “ਉਇ ਮੁੰਡਿਆ, ਜੇ ਗਰੀਬ ਲਿੰਕਨ ਸੜਕ ਦੀ ਬੱਤੀ ਹੇਠ ਬਹਿ ਕੇ, ਪੜ੍ਹਾਈ ਕਰ ਕੇ, ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਏ; ਤਾਂ ਕੀ ਤੂੰ ਮਾਸਟਰ ਵੀ ਨਹੀਂ ਬਣੇਗਾ?”
(ਚਲਦਾ)
Leave a Reply